ਮੇਜਰ ਕੁਲਾਰ ਬੋਪਾਰਾਏ ਕਲਾਂ
ਫੋਨ: 916-273-2856
ਮੇਰੀ ਬੇਬੇ ਅਮਰੀਕਾ ਪਹੁੰਚ ਗਈ ਸੀ। ਦੋਵੇਂ ਪਾਸਿਉਂ ਪਿਆਰ ਦੀਆਂ ਘੁੱਟ ਕੇ ਗਲਫੜੀਆਂ ਪੈ ਗਈਆਂ ਸਨ। ਵੱਡੇ ਘਰ ਦਾ ਬੂਹਾ ਲੰਘਦਿਆਂ ਬੇਬੇ ਦੇ ਮੱਥੇ ਕੰਧ ‘ਤੇ ਲਟਕਦੀ ਦਸਾਂ ਗੁਰੂਆਂ ਵਾਲੀ ਵੱਡੀ ਤਸਵੀਰ ਲੱਗੀ। ਦੂਜੇ ਪਾਸੇ ਥੋੜ੍ਹਾ ਥੱਲੇ ਜਿਹੇ ਮੇਰੇ ਬਾਪੂ ਦੀ ਜਵਾਨੀ ਵਾਲੀ ਫੋਟੋ ਲਟਕਦੀ ਸੀ। ਬੇਬੇ ਨੇ ਬਾਪੂ ਦੀ ਫੋਟੋ ਤੱਕਦਿਆਂ ਹੰਝੂ ਵਹਾਉਣੇ ਸ਼ੁਰੂ ਕਰ ਦਿੱਤੇ। ਅਸੀਂ ਵੀ ਬੇਬੇ ਦੇ ਨਾਲ ਹੀ ਮਨ ਹਲਕਾ ਕਰ ਲਿਆ। ਬੇਬੇ ਨੂੰ ਚੁੱਪ ਕਰਵਾਉਂਦਿਆਂ ਅਗਾਂਹ ਸੋਫੇ ‘ਤੇ ਬਿਠਾ ਲਿਆ। ਬੇਬੇ ਨੇ ਹੱਥ ਜੋੜਦਿਆਂ ਮੁੱਖ ਤੋਂ ਬਚਨ ਬੋਲੇ, “ਸੱਚੇ ਪਾਤਸ਼ਾਹ! ਤੇਰੇ ਘਰ ਦੇਰ ਹੈ, ਅੰਧੇਰ ਨਹੀਂ। ਜਿਵੇਂ ਮੇਰੀ ਗਰੀਬਣੀ ਦੀ ਸੁਣੀ ਹੈ, ਇਸੇ ਤਰ੍ਹਾਂ ਸਭ ਦੀ ਸੁਣੀਂ। ਮੈਂ ਇੰਨੇ ਜੋਗੀ ਨਹੀਂ ਸੀ ਜਿੰਨੀਆਂ ਦਾਤਾਂ ਤੁਸੀਂ ਮੈਨੂੰ ਦੇ ਦਿੱਤੀਆਂ ਹਨ।” ਬੇਬੇ ਦੀਆਂ ਬਿਰਧ ਅੱਖਾਂ ਘਰ ਵਿਚ ਕੁਝ ਲੱਭਣ ਲੱਗੀਆਂ। ਫਿਰ ਉਸ ਦੀ ਨਿਗ੍ਹਾ ਸਾਹਮਣੇ ਪਈ ਉਸ ਫੋਟੋ ‘ਤੇ ਪਈ ਜਿਸ ਵਿਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਕਿਸੇ ਸਿੰਘ ਨੂੰ ਸਿਰੋਪਾਓ ਦੇ ਰਹੇ ਹਨ, ਤੇ ਮੇਰਾ ਬਾਪੂ ਨਾਲ ਖੜ੍ਹਾ ਹੈ। ਬੇਬੇ ਨੇ ਫੋਟੋ ਚੁੱਕ ਕੇ ਆਪਣੀ ਚਿੱਟੀ ਚੁੰਨੀ ਨਾਲ ਸਾਫ ਕਰ ਕੇ ਮੱਥੇ ਨੂੰ ਲਾਈ, ਤੇ ਫਿਰ ਰੋਣ ਲੱਗ ਪਈ। ਸ਼ਾਇਦ ਬੇਬੇ ਅੱਜ ਹੰਝੂਆਂ ਦੀ ਬਰਸਾਤ ਨਾਲ ਉਨ੍ਹਾਂ ਕਾਲੇ ਦਿਨਾਂ ‘ਚ ਡੁੱਲ੍ਹਿਆ ਖੂਨ ਸਾਫ ਕਰਨਾ ਚਾਹੁੰਦੀ ਸੀ। ਮੇਰੇ ਬੱਚੇ ਉਸ ਵੱਲ ਦੇਖ ਰਹੇ ਸਨ।
ਦੋ-ਚਾਰ ਦਿਨਾਂ ਵਿਚ ਬੇਬੇ ਦਾ ਜੀਅ ਲੱਗਣ ਲੱਗ ਪਿਆ। ਉਹਦੇ ਆਉਣ ਨਾਲ ਘਰ ਭਰਿਆ-ਭਰਿਆ ਲੱਗਣ ਲੱਗਾ। ਬੱਚਿਆਂ ਨੇ ਵੀ ‘ਦਾਦੀ ਮਾਂ’ ਦਾ ਪੂਰਾ ਸਤਿਕਾਰ ਕੀਤਾ। ਫਿਰ ਇਕ ਦਿਨ ਮੈਂ ਤੇ ਬੇਬੇ ਨੇ ਉਸ ਕਹਾਣੀ ਦੇ ਪੱਤਰੇ ਫਰੋਲੇ ਜਿਸ ਨਾਲ ਸਾਡੇ ‘ਤੇ ਕਾਲੀ ਹਨ੍ਹੇਰੀ ਝੁੱਲੀ ਸੀ।
ਮੇਰਾ ਬਾਪੂ ਜਵਾਨੀ ਵੇਲੇ ਪੂਰਾ ਸ਼ੁਕੀਨ ਸੀ। ਮੇਲਿਆਂ ‘ਚ ਬੋਲੀਆਂ ਪਾਉਂਦਾ, ਤਾਂ ਉਸ ਦੇ ਬਰਾਬਰ ਕੋਈ ਨਾ ਖੜ੍ਹਦਾ। ਘਰ ਦੀ ਦਾਰੂ ਪਾਉਂਦਾ, ਦਿਨ-ਦਿਹਾੜੇ ਮੁਰਗੇ ਦਾ ਗਲ ਵੀ ਮਰੋੜ ਲੈਂਦਾ। ਇਨ੍ਹਾਂ ਐਬਾਂ ਦੇ ਨਾਲ-ਨਾਲ ਉਹ ਕਿਸਾਨ ਵੀ ਚੋਟੀ ਦਾ ਸੀ। ਜ਼ਮੀਨ ਸਾਡੀ ਗੁਜ਼ਾਰੇ ਜੋਗੀ ਸੀ। ਦਾਦਾ ਸਤਯੁੱਗੀ ਬੰਦਾ ਸੀ। ਬਾਪੂ ਮਾਪਿਆਂ ਦਾ ਲਾਡਲਾ ਪੁੱਤ ਸੀ, ਤਿੰਨ ਭੈਣਾਂ ਦਾ ਇਕੱਲਾ ਭਰਾ। ਲਾਡਾਂ ਨਾਲ ਪਲਿਆ ਹੋਣ ਕਰ ਕੇ ਕੋਈ ਬਾਪੂ ਨੂੰ ਕੁਝ ਨਹੀਂ ਸੀ ਕਹਿੰਦਾ। ਉਹਨੇ ਪੰਜ-ਸੱਤ ਜਮਾਤਾਂ ਪੜ੍ਹ ਕੇ ਹੀ ਹਲ ਦੀ ਹੱਥੀ ਫੜ ਲਈ ਸੀ। ਸਾਰਾ ਪਰਿਵਾਰ ਰਲ-ਮਿਲ ਕੇ ਕੰਮ-ਕਾਜ ਕਰ ਲੈਂਦਾ। ਫਿਰ ਦਾਦਾ ਜੀ ਤੇ ਬਾਪੂ ਨੇ ਮੇਰੀਆਂ ਦੋਵੇਂ ਭੂਆ ਗੁਰਸਿੱਖ ਪਰਿਵਾਰ ਵਿਚ ਵਿਆਹ ਦਿੱਤੀਆਂ। ਫਿਰ ਬਾਪੂ ਦਾ ਵਿਆਹ ਹੋ ਗਿਆ। ਮੇਰੀ ਬੇਬੇ ਵੀ ਲੰਮੀ ਸੋਹਣੀ ਸਨੁੱਖੀ ਤੇ ਬਾਪੂ ਦੇ ਬਰਾਬਰ ਦਾ ਕੱਦ ਸੀ। ਸਾਡੇ ਦਾਦਾ-ਦਾਦੀ ਤੋਂ ਚਾਅ ਨਹੀਂ ਸੀ ਚੁੱਕਿਆ ਜਾਂਦਾ। ਦਿਨ ਵਿਆਹ ਤੋਂ ਬਾਅਦ ਵੀ ਵਿਆਹ ਵਰਗੇ ਲੰਘ ਰਹੇ ਸਨ। ਬਾਪੂ ਖੇਤ ਕੰਮ ਕਰਦਾ, ਤਾਂ ਬੇਬੇ ਮੇਰੀ ਦਾਦੀ ਨਾਲ ਖੇਤ ਰੋਟੀ ਲੈ ਕੇ ਜਾਂਦੀ। ਬਾਪੂ ਬੇਬੇ ਨੂੰ ਦੇਖ ਕੇ ਕੋਈ ਬੋਲੀ ਚੁੱਕ ਲੈਂਦਾ। ਮੇਰੀ ਦਾਦੀ ਹੱਸ ਕੇ ਘੂਰ ਦਿੰਦੀ।
ਮੇਰੀ ਤੀਜੀ ਭੂਆ ਵਾਸਤੇ ਇੰਗਲੈਂਡ ਤੋਂ ਰਿਸ਼ਤਾ ਆਇਆ। ਦਾਦੇ ਨੇ ਕਿਹਾ, “ਜਿਹੜੇ ਗੋਰਿਆਂ ਨੂੰ ਭਾਰਤ ‘ਚੋਂ ਕੱਢਣ ਲਈ ਸਾਡੇ ਜਵਾਨਾਂ ਨੇ ਛਾਤੀਆਂ ‘ਚ ਗੋਲੀਆਂ ਖਾਧੀਆਂ, ਚੜ੍ਹਦੀ ਜਵਾਨੀ ਵਿਚ ਫਾਂਸੀ ਦੇ ਰੱਸੇ ਗਲ ਪੁਆਏ, ਉਨ੍ਹਾਂ ਦੇ ਮੁਲਕ ਵਿਚ ਮੈਂ ਆਪਣੀ ਧੀ ਨਹੀਂ ਤੋਰਨੀ। ਮੇਰੇ ਆਜ਼ਾਦ ਦੇਸ਼ ਵਿਚ ਕੀ ਮੁੰਡੇ ਮੁੱਕ ਗਏ? ਜੇ ਇਹ ਚਾਰ ਜਮਾਤਾਂ ਪੜ੍ਹ ਗਈ, ਤਾਂ ਇਸ ਦਾ ਮਤਲਬ ਇਹ ਨਹੀਂ ਕਿ ਮੈਂ ਇਸ ਨੂੰ ਗੋਰੀਆਂ ਤੇ ਗੋਰਿਆਂ ਦੀ ਨੌਕਰਾਣੀ ਬਣਾ ਕੇ ਭੇਜ ਦੇਵਾਂ।” ਦਾਦਾ ਜੀ ਦਾ ਫੈਸਲਾ ਅਟੱਲ ਸੀ। ਫਿਰ ਸਾਡੀ ਇਹ ਭੂਆ ਪਿੰਡ ਰੋਡੇ ਵਿਆਹ ਦਿੱਤੀ। ਫੁੱਫੜ ਸਾਡਾ ਫੌਜ ‘ਚ ਅਫਸਰ ਸੀ। ਸਮਾਂ ਲੰਘਿਆ। ਮੇਰਾ ਤੇ ਮੇਰੇ ਭਰਾ ਦਾ ਜਨਮ ਹੋਇਆ। ਇਕ ਦਿਨ ਦਾਦਾ ਮੇਰੇ ਬਾਪੂ ਨੂੰ ਕਹਿੰਦਾ, “ਪਾਲਿਆ ਪੁੱਤਰਾ! ਪਰਮਾਤਮਾ ਨੇ ਆਪਾਂ ਨੂੰ ਕਿਸੇ ਚੀਜ਼ ਦੀ ਘਾਟ ਨਹੀਂ ਦਿੱਤੀ। ਹੁਣ ਤੂੰ ਅੰਮ੍ਰਿਤਸਰ ਜਾ ਕੇ ਅੰਮ੍ਰਿਤ ਛਕ ਆ।” ਬਾਪੂ ਨੇ ਹਾਂ-ਨਾਂਹ ਦਾ ਰਲਵਾਂ ਜਿਹਾ ਜਵਾਬ ਦੇ ਦਿੱਤਾ। ਦੂਜੇ ਦਿਨ ਦਾਦਾ ਜੀ ਸੁਰਗਵਾਸ ਹੋ ਗਏ। ਦੋ ਸਾਲ ਨਹੀਂ ਲੰਘੇ, ਦਾਦੀ ਵੀ ਤੁਰ ਗਈ। ਬਾਪੂ ਭੂਆ ਕੋਲ ਰੋਡੇ ਪਿੰਡ ਗਿਆ ਤਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਬਾਰੇ ਪਤਾ ਲੱਗਾ। ਦੂਜੇ ਦਿਨ ਹੀ ਬਾਪੂ ਬੇਬੇ ਨੂੰ ਲੈ ਕੇ ਅੰਮ੍ਰਿਤਸਰ ਪਹੁੰਚ ਗਿਆ। ਸੰਤਾਂ ਦੇ ਦਰਸ਼ਨ ਕਰ ਕੇ ਉਨ੍ਹਾਂ ਦੇ ਬਚਨ ਸੁਣੇ ਅਤੇ ਅੰਮ੍ਰਿਤ ਛਕਣ ਵਾਸਤੇ ਕਿਹਾ। ਸੰਤਾਂ ਨੇ ਬਾਪੂ ਨੂੰ ਸ੍ਰੀ ਸਾਹਿਬ, ਕੜਾ, ਦੋ ਕਛਹਿਰੇ ਤੇ ਇਕ ਕੰਘਾ ਦਿੰਦਿਆਂ ਕਿਹਾ, “ਅਗਲੇ ਸਾਲ ਇਸੇ ਦਿਨ ਆ ਜਾਈਂ, ਤੈਨੂੰ ਅੰਮ੍ਰਿਤ ਛਕਾ ਦੇਵਾਂਗੇ। ਪਹਿਲਾਂ ਦਿੱਤੀਆਂ ਹੋਈਆਂ ਰਹਿਤ ਮਰਿਆਦਾ ਦੀਆਂ ਇਨ੍ਹਾਂ ਅਮੁੱਲੀਆਂ ਵਸਤਾਂ ਨੂੰ ਹਿੱਕ ਨਾਲ ਲਾਉਣ ਦਾ ਆਦੀ ਬਣ।” ਬਾਪੂ ਅਗਲੇ ਸਾਲ ਅੰਮ੍ਰਿਤਸਰ ਪਹੁੰਚ ਗਿਆ। ਬੇਬੇ-ਬਾਪੂ ਕਈ ਦਿਨ ਉਥੇ ਰਹੇ, ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣ ਗਏ। ਬਾਪੂ ਦਾ ਜੀਵਨ ਹੀ ਬਦਲ ਗਿਆ। ਹੁਣ ਮੁੱਖ ਤੋਂ ਬੋਲੀਆਂ ਨਹੀਂ, ਗੁਰਬਾਣੀ ਨਿਕਲਦੀ। ਕਿਸੇ ਨੂੰ ਮਖੌਲ ਨਾ ਕਰਦਾ, ਸਗੋਂ ਗੁਰੂ ਵਾਲੇ ਬਣਨ ਲਈ ਪ੍ਰੇਰਦਾ। ਪਿੰਡ ਵਿਚ ਬਾਪੂ ਨੂੰ ਸਤਿਕਾਰਿਆ ਜਾਣ ਲੱਗਾ। ਦਿਨ-ਦਿਹਾੜੇ ਮੁਰਗਾ ਨਹੀਂ, ਦੇਗਾਂ ਦੇ ਕੜਾਹੇ ਚੜ੍ਹਦੇ। ਬਾਪੂ ਕਈ-ਕਈ ਦਿਨ ਸੰਤਾਂ ਕੋਲ ਰਹਿ ਕੇ ਆਉਂਦਾ।
ਪਿੰਡ ਵਿਚ ਕਿਸੇ ਧੀ-ਭੈਣ ਦਾ ਸਹੁਰਿਆਂ ਨਾਲ ਰੌਲਾ ਹੁੰਦਾ, ਲੋਕ ਬਾਪੂ ਨੂੰ ਲਿਜਾਂਦੇ। ਬਾਪੂ ਦੀ ਗੱਲ ਕੋਈ ਨਾ ਮੋੜਦਾ ਤੇ ਰੌਲਾ ਨਜਿੱਠਿਆ ਜਾਂਦਾ। ਪਿੰਡ ਪੁਲਿਸ ਆਉਂਦੀ, ਬਾਪੂ ਨੂੰ ਸਤਿਕਾਰ ਨਾਲ ਬੁਲਾਉਂਦੀ, ਤੇ ਫੈਸਲਾ ਪਿੰਡ ਦੀ ਸੱਥ ਵਿਚ ਹੀ ਹੋ ਜਾਂਦਾ। ਪਿੰਡ ਵਾਲਿਆਂ ਕਈ ਵਾਰ ਬਾਪੂ ਨੂੰ ਸਰਬਸੰਮਤੀ ਨਾਲ ਪਿੰਡ ਦਾ ਸਰਪੰਚ ਬਣਾਉਣ ਲਈ ਕਿਹਾ ਪਰ ਬਾਪੂ ਨਾ ਮੰਨਿਆ। ਸਮਾਂ ਬੀਤਿਆ, ਭਾਰਤ ਸਰਕਾਰ ਨੇ ਦਰਬਾਰ ਸਾਹਿਬ ‘ਤੇ ਟੈਂਕਾਂ ਅਤੇ ਤੋਪਾਂ ਨਾਲ ਹਮਲਾ ਕਰ ਦਿੱਤਾ ਜਿਸ ਵਿਚ ਹਜ਼ਾਰਾਂ ਦੀ ਗਿਣਤੀ ‘ਚ ਨਿਹੱਥੇ ਤੇ ਬੇਕਸੂਰ ਸ਼ਰਧਾਲੂ ਮੌਤ ਦੇ ਮੂੰਹ ਚਲੇ ਗਏ। ਅਕਾਲ ਤਖਤ ਢਹਿ-ਢੇਰੀ ਕਰ ਦਿੱਤਾ ਗਿਆ। ਇਨ੍ਹੀਂ ਦਿਨੀਂ ਸਾਡੀ ਮਾਨਸਾ ਵਾਲੀ ਭੂਆ ਚਲਾਣਾ ਕਰ ਗਈ। ਸਾਡਾ ਬਾਪੂ ਉਸ ਦੇ ਕਿਰਿਆ-ਕਰਮ ਵਿਚ ਲੱਗਿਆ ਹੋਣ ਕਰ ਕੇ ਅੰਮ੍ਰਿਤਸਰ ਨਹੀਂ ਸੀ ਗਿਆ। ਅਜੇ ਪੰਜ-ਸੱਤ ਦਿਨ ਪਹਿਲਾਂ ਹੀ ਅੰਮ੍ਰਿਤਸਰੋਂ ਸੰਤਾਂ ਨੂੰ ਮਿਲ ਕੇ ਆਇਆ ਸੀ। ਬਾਪੂ ਘਰ ਹੀ ਕਦੇ ਰੋਂਦਾ, ਕਦੇ ਜੈਕਾਰੇ ਲਾਉਂਦਾ। ਚਾਰੇ ਪਾਸੇ ਕਰਫਿਊ ਲੱਗਿਆ ਹੋਣ ਕਰ ਕੇ ਤੜਫਦਾ ਰਿਹਾ।
ਸਿੱਖ ਕੌਮ ‘ਤੇ ਝੁੱਲਿਆ ਝੱਖੜ ਰੁਕਣ ਦਾ ਨਾਂ ਨਹੀਂ ਸੀ ਲੈ ਰਿਹਾ। ਜਦੋਂ ਕਰਫਿਊ ਦੀ ਸਮਾਪਤੀ ਹੋਈ ਤਾਂ ਬਾਪੂ ਅੰਮ੍ਰਿਤਸਰ ਪਹੁੰਚ ਗਿਆ। ਸਭ ਕੁਝ ਅੱਖੀਂ ਦੇਖ ਕੇ ਪਾਗਲਾਂ ਵਰਗੀ ਹਾਲਤ ਹੋ ਗਈ। ਉਸ ਨੂੰ ਕੁਝ ਸੁਝ ਨਹੀਂ ਰਿਹਾ ਸੀ ਕਿ ਕੀ ਕਰੇ। ਹੌਲੀ-ਹੌਲੀ ਵਕਤ ਦੇ ਦਿੱਤੇ ਜ਼ਖਮ ਉਪਰੋਂ ਤਾਂ ਵਕਤ ਨੇ ਹੀ ਠੀਕ ਕਰ ਦਿੱਤੇ, ਪਰ ਅੰਦਰ ਜ਼ਖਮ ਸੱਜਰਾ ਹੀ ਰਿਹਾ। ਸੰਨ ਚੁਰਾਸੀ ਦਾ ਸਾਰਾ ਸਾਲ ਹੀ ਸਿੱਖਾਂ ਲਈ ਕਦੇ ਵੀ ਨਾ ਭੁੱਲਣ ਵਾਲਾ ਬਣ ਕੇ ਬੀਤਿਆ। ਫਿਰ ਪੰਜਾਬ ‘ਤੇ ਉਨ੍ਹਾਂ ਕਾਲਿਆਂ ਦਿਨਾਂ ਦੀ ਸ਼ੁਰੂਆਤ ਹੋ ਗਈ, ਜਦੋਂ ਦਿਨ-ਦਿਹਾੜੇ ਪੁਲਿਸ ਦਾ ਰਾਜ ਹੁੰਦਾ ਤੇ ਕਾਲੀਆਂ ਰਾਤਾਂ ਵਿਚ ਖਾੜਕੂਆਂ ਦੇ ਪਹਿਰੇ ਹੁੰਦੇ। ਪੁਲਿਸ ਦੇ ਮੁਖਬਰਾਂ ਨੂੰ ਸੋਧਿਆ ਜਾਂਦਾ ਤੇ ਪੁਲਿਸ ਵੱਲੋਂ ਬੇਕਸੂਰ ਨੌਜਵਾਨਾਂ ਨੂੰ ਚੁੱਕ ਕੇ ਝੂਠੇ ਮੁਕਾਬਲੇ ਵਿਚ ਮਾਰਿਆ ਜਾਂਦਾ। ਬੇਬੇ-ਬਾਪੂ ਵੀ ਇਕ ਵਾਰ ਅੰਮ੍ਰਿਤਸਰੋਂ ਸੇਵਾ ਕਰ ਕੇ ਪਰਤ ਰਹੇ ਸਨ ਜਦੋਂ ਉਨ੍ਹਾਂ ਦੀ ਬੱਸ ਨੂੰ ਚਾਰ-ਪੰਜ ਖਾੜਕੂਆਂ ਨੇ ਘੇਰ ਲਿਆ, ਤੇ ਇਕ ਪਿੰਡ ਦੇ ਰਾਹ ਪਾ ਕੇ ਸੁੰਨੀ ਜਗ੍ਹਾ ‘ਤੇ ਰੋਕ ਕੇ ਕਿਹਾ ਕਿ ਹਿੰਦੂ ਇਕ ਪਾਸੇ ਹੋ ਜਾਣ, ਸਿੱਖ ਇਕ ਪਾਸੇ। ਇਹ ਸੁਣ ਕੇ ਬਾਪੂ ਆਪਣੀ ਸੀਟ ਤੋਂ ਉਠ ਖਲੋਤਾ, “ਆਹ ਕੀ ਕਹਿ ਰਹੇ ਹੋ, ਇਨ੍ਹਾਂ ਦਾ ਕੀ ਕਸੂਰ ਐ? ਇਹ ਤਾਂ ਮਾਤ੍ਹੜ ਸਾਥੀ ਨੇ, ਦਿਹਾੜੀਦਾਰ ਬੰਦੇ।” ਅੱਗਿਉਂ ਇਕ ਜਣਾ ਬੋਲਿਆ, “ਤੂੰ ਵੱਡਾ ਜਥੇਦਾਰ ਨਾ ਬਣ, ਇਨ੍ਹਾਂ ਨੇ ਸਾਡਾ ਅਕਾਲ ਤਖਤ ਢਾਹਿਆ। ਇਨ੍ਹਾਂ ਨੇ ਦਿੱਲੀ ਵਿਚ ਕਤਲੇਆਮ ਕੀਤਾ। ਅਸੀਂ ਇਨ੍ਹਾਂ ਤੋਂ ਬਦਲਾ ਲੈਣਾ।”
“ਭਾਈ ਸਿੰਘਾ! ਬਦਲਾ ਬਰਾਬਰ ਵਾਲੇ ਤੋਂ ਲਿਆ ਜਾਂਦੈ, ਨਿਹੱਥੇ ਤੇ ਬੇਕਸੂਰੇ ਤੋਂ ਨਹੀਂ। ਇਨ੍ਹਾਂ ਨੂੰ ਜਾਣ ਦਿਓ। ਜੇ ਤੁਸੀਂ ਸੱਚ ਦੇ ਮਾਰਗ ਦੇ ਪਾਂਧੀ ਹੋ ਤਾਂ ਇਨ੍ਹਾਂ ਨੂੰ ਬਖਸ਼ ਦੇਵੋ।” ਬਾਪੂ ਬੋਲਿਆ।
“ਪਹਿਲਾਂ ਇਸ ਨੂੰ ਹੀ ਸੋਧ ਦੇਵੋ।” ਪਿਛਲਾ ਬੰਦਾ ਬੋਲਿਆ।
“ਆæææਮਾਰ ਮੇਰੇ ਗੋਲੀ, ਮੈਂ ਨਹੀਂ ਡਰਦਾ, ਤੇ ਤੂੰ ਨਾ ਭੁੱਲੀਂ ਕਿ ਗੁਰੂ ਤੇਗ ਬਹਾਦਰ ਨੇ ਇਨ੍ਹਾਂ ਹਿੰਦੂਆਂ ਖਾਤਰ ਹੀ ਆਪਣਾ ਸੀਸ ਦਿੱਤਾ ਸੀ, ਤੇ ਤੁਸੀਂ ਇਨ੍ਹਾਂ ਨੂੰ ਮੌਤ ਦੇ ਘਾਟ ਉਤਾਰਨਾ ਚਾਹੁੰਦੇ ਹੋ।” ਬਾਪੂ ਹਿੱਕ ਤਾਣ ਕੇ ਖਲੋ ਗਿਆ।
ਬੇਬੇ ਉਨ੍ਹਾਂ ਦੀਆਂ ਮਿੰਨਤਾਂ ਕਰਨ ਲੱਗੀ। ਬਾਪੂ ਨੇ ਕਿਹਾ, “ਮੈਂ ਉਸ ਨੂੰ ਸੂਰਮਾ ਨਹੀਂ ਮੰਨਦਾ ਜੋ ਨਿਹੱਥੇ ਅਤੇ ਮਜ਼ਲੂਮਾਂ ਉਤੇ ਵਾਰ ਕਰੇ। ਕਲਗੀਧਰ ਦਾ ਜੋਧਾ ਹਾਂ। ਸੰਤਾਂ ਦੀ ਸੰਗਤ ਮਾਣੀ ਹੈ। ਮੈਂ ਨਹੀਂ ਡਰਦਾ।” ਬਾਪੂ ਨੇ ‘ਬੋਲੇ ਸੋ ਨਿਹਾਲ’ ਦਾ ਜੈਕਾਰਾ ਲਾ ਦਿੱਤਾ। ਉਨ੍ਹਾਂ ਸਿੰਘਾਂ ਦੇ ਮਨ ਵਿਚ ਪਤਾ ਨਹੀਂ ਕੀ ਮਿਹਰ ਪਈ, ਉਹ ਸਭ ਨੂੰ ਛੱਡ ਕੇ ਤੁਰ ਗਏ। ਸਾਰੇ ਹਿੰਦੂ ਭਰਾਵਾਂ ਨੇ ਬਾਪੂ ਦੇ ਪੈਰ ਫੜ ਲਏ। ਵੱਡਾ ਕਤਲੇਆਮ ਹੋਣੋਂ ਬਚ ਗਿਆ ਸੀ। ਬੇਬੇ-ਬਾਪੂ ਸਹੀ ਸਲਾਮਤ ਘਰ ਆ ਗਏ। ਚੌਥੇ ਦਿਨ ਤੜਕੇ ਬਾਪੂ ਨੂੰ ਪੁਲਿਸ ਘਰੋਂ ਚੁੱਕ ਕੇ ਲੈ ਗਈ ਤੇ ਤੀਜੇ ਦਿਨ ਮੁਕਾਬਲੇ ਵਿਚ ਖਤਮ ਕਰ ਦਿੱਤਾ ਗਿਆ। ਬੇਬੇ ਅੱਜ ਤੱਕ ਇਹੀ ਕਹਿੰਦੀ ਹੈ ਕਿ ਬੱਸ ‘ਚ ਖਾੜਕੂ ਨਹੀਂ ਸਨ ਚੜ੍ਹੇ, ਪੁਲਿਸ ਦੀਆਂ ਕਾਲੀਆਂ ਬਿੱਲੀਆਂ ਸਨ ਜੋ ਤੇਰੇ ਬਾਪੂ ਦਾ ਪਿੱਛਾ ਕਰ ਰਹੀਆਂ ਸਨ। ਉਨ੍ਹਾਂ ਨੂੰ ਪੱਕ ਹੋ ਗਿਆ ਸੀ ਕਿ ਉਹ ਵੀ ਭਿੰਡਰਾਂਵਾਲੇ ਜਥੇ ‘ਚੋਂ ਹੈ।
ਪੁਲਿਸ ਫਿਰ ਸਾਡੇ ਘਰ ਆਉਂਦੀ ਰਹੀ, ਡਰਾ-ਧਮਕਾ ਕੇ ਚਲੀ ਜਾਂਦੀ। ਇਕ ਵਾਰ ਪੁਲਿਸ ਆਈ, ਤੇ ਮੇਰੇ ਛੋਟੇ ਭਰਾ ਨੂੰ ਲੈ ਗਈ। ਉਸ ਉਪਰ ਪੁਲਿਸ ਨੇ ਤਸ਼ੱਦਦ ਕੀਤਾ ਤੇ ਜ਼ਿੰਦਗੀ ਤੋਂ ਨਕਾਰਾ ਕਰ ਦਿੱਤਾ। ਅਸੀਂ ਉਸ ਦਾ ਇਲਾਜ ਕਰਵਾਇਆ। ਜਦੋਂ ਉਹ ਠੀਕ ਹੋ ਗਿਆ ਤਾਂ ਘਰ ਛੱਡ ਗਿਆ। ਪਤਾ ਲੱਗਾ ਕਿ ਉਹ ਖਾੜਕੂਆਂ ਨਾਲ ਜਾ ਰਲਿਆ ਹੈ ਆਪਣੇ ਬਾਪੂ ਦੇ ਕਾਤਲਾਂ ਤੋਂ ਬਦਲਾ ਲੈਣ ਲਈ। ਬੇਬੇ ਦੇ ਜ਼ੋਰ ਦੇਣ ‘ਤੇ ਮੈਨੂੰ ਰੋਡਿਆਂ ਵਾਲੇ ਫੁੱਫੜ ਦੀ ਬਦੌਲਤ ਅਮਰੀਕਾ ਭੇਜ ਦਿੱਤਾ ਗਿਆ। ਮੇਰੇ ਆਉਣ ਤੋਂ ਬਾਅਦ ਮੇਰਾ ਛੋਟਾ ਭਰਾ ਬਾਪੂ ਦਾ ਬਦਲਾ ਲੈ ਕੇ ਖੁਦ ਖਤਮ ਹੋ ਗਿਆ। ਹੱਸਦੇ-ਵੱਸਦੇ ਘਰ ਨੂੰ ਜਿਵੇਂ ਨਜ਼ਰ ਲੱਗ ਗਈ ਹੋਵੇ। ਭਰੇ ਹੋਏ ਘਰ ਵਿਚ ਇਕੱਲੀ ਬੇਬੇ ਰਹਿ ਗਈ। ਮੈਂ ਇੱਥੇ ਆਇਆ, ਨਾ ਬੋਲੀ ਆਵੇ, ਨਾ ਕੋਲ ਕੋਈ ਪੇਪਰ। ਬੱਸ ਜਾਨ ਬਚ ਗਈ ਸੀ ਤੇ ਬਾਪੂ ਦੀ ਇੱਕ ਨਿਸ਼ਾਨੀ ਮੈਂ ਹੀ ਸਾਂ। ਮੈਂ ਕੰਮ ਲਈ ਇੱਧਰ-ਉਧਰ ਧੱਕੇ ਖਾਂਦਾ ਰਿਹਾ। ਕਦੇ ਕੰਮ ਮਿਲ ਜਾਂਦਾ, ਕਦੇ ਨਾ। ਆਪਣੇ ਅਤੀਤ ਦੇ ਦਿਨਾਂ ਵੱਲ ਝਾਤੀ ਮਾਰਦਾæææਕੁਝ ਖੱਟਿਆ ਨਾ, ਸਭ ਗੁਆਇਆ ਹੀ ਦਿਸਦਾ। ਬੇਬੇ ਕਿਸੇ ਤੋਂ ਚਿੱਠੀ ਲਿਖਵਾਉਂਦੀ ਤਾਂ ਕਹਿੰਦੀ, ‘ਮੈਂ ਠੀਕ ਹਾਂ ਪੁੱਤ। ਤੂੰ ਸਿਰ ਤੋਂ ਜੂੜਾ ਤੇ ਪੱਗ ਨਾ ਉਤਾਰੀਂ। ਭੁੱਖਾ ਰਹਿ ਕੇ ਦਿਨ ਕੱਟ ਲਵੀਂ, ਪਰ ਸਿੱਖੀ ਨਾ ਵਿਸਾਰ ਦੇਈਂ।’ ਮੈਨੂੰ ਬੇਬੇ ਦੀ ਚਿੱਠੀ ਡੋਲਦੇ ਨੂੰ ਸਹਾਰਾ ਦੇ ਜਾਂਦੀ। ਮੈਂ ਸਭ ਕੁਝ ਪਰਮਾਤਮਾ ‘ਤੇ ਛੱਡ ਕੇ ਬੇਫਿਰਕ ਹੋ ਜਾਂਦਾ। ਫਿਰ ਮੈਨੂੰ ਕਿਸੇ ਗੁਰਸਿੱਖ ਨੇ ਇਥੇ ਆਪਣੀ ਧੀ ਦਾ ਰਿਸ਼ਤਾ ਦੇ ਦਿੱਤਾ ਜਿਸ ਦੀ ਬਦੌਲਤ ਮੈਂ ਪੱਕਾ ਹੋ ਗਿਆ। ਪਿੰਡ ਜਾਣ ਦਾ ਜੀਅ ਕਰਦਾ, ਤਾਂ ਬੇਬੇ ਰੋਕ ਦਿੰਦੀ। ਅਸੀਂ ਦੋਵਾਂ ਜਣਿਆਂ ਮਿਹਨਤ ਕੀਤੀ ਤੇ ਘਰ ਲੈ ਲਿਆ। ਆਪਣਾ ਟਰੱਕ ਹੈ। ਰੋਟੀ ਵਧੀਆ ਮਿਲਦੀ ਹੈ। ਸਿਟੀਜ਼ਨ ਹੋ ਕੇ ਬੇਬੇ ਦੇ ਪੇਪਰ ਭਰ ਦਿੱਤੇ। ਬੇਬੇ ਆ ਗਈ। ਅਸੀਂ ਮਾਂ-ਪੁੱਤ ਨੇ ਆਪਣੇ ਅਤੀਤ ਦੇ ਵਰਕੇ ਦੁਬਾਰਾ ਪੜ੍ਹ ਕੇ ਮਨ ਹੌਲਾ ਕਰ ਲਿਆ।
ਬੇਬੇ ਨੂੰ ਸਭ ਤੋਂ ਵੱਧ ਖੁਸ਼ੀ ਮੇਰੀ ਦਸਤਾਰ ਤੇ ਖੁੱਲ੍ਹਾ ਦਾੜ੍ਹਾ ਦੇਖ ਕੇ ਹੋਈ। ਦੋਵੇਂ ਬੱਚਿਆਂ ਦੇ ਜੂੜੇ ਦੇਖ ਕੇ ਬੇਬੇ ਨੇ ਕਿਹਾ, “ਕਲਗੀ ਵਾਲਿਆ! ਤੈਂ ਮੈਥੋਂ ਕੁਝ ਨਹੀਂ ਖੋਹਿਆ। ਪਾਤਸ਼ਾਹ ਜੀਉ! ਕ੍ਰਿਪਾ ਕਰਨੀ, ਮੇਰੇ ਆਹ ਮਾਸੂਮ ਪੋਤੇ ਵੀ ਸਿੱਖੀ ਸਿਦਕ ਨਿਭਾਅ ਜਾਣ, ਤਾਂ ਤੁਰ ਗਿਆਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।” ਬੇਬੇ ਦੁੱਖਾਂ ਭਰੇ ਦਿਨ ਹੰਢਾਅ ਕੇ ਅੱਜ ਖੁਸ਼ੀਆਂ ਦੇ ਨਾਲ ਦਿਨ ਲੰਘਾ ਰਹੀ ਹੈ। ਬੁਰਾ ਵਕਤ ਆਉਂਦਾ ਹੈ, ਪਰ ਆਪ ਗੁਰੂ ਵਾਲੇ ਬਣੋ, ਸਭ ਕੁਝ ਲੰਘ ਜਾਂਦਾ ਹੈ।
æææਬਾਈ ਨੇ ਆਪਣੀ ਹੱਡ-ਬੀਤੀ ਸੁਣਾਉਂਦਿਆਂ ਫਤਹਿ ਬੁਲਾ ਦਿੱਤੀ।
Leave a Reply