ਕਵਿਤਾ ਬਣ ਤਲਵਾਰ ਗਈ

ਲੋਕ ਕਾਵਿ ਦਾ ਮਘਦਾ ਸੂਰਜ ਸੰਤ ਰਾਮ ਉਦਾਸੀ-2

ਸੰਤ ਰਾਮ ਉਦਾਸੀ (20 ਅਪਰੈਲ 1939 ਤੋਂ 6 ਨਵੰਬਰ 1986) ਨੂੰ ਸਾਥੋਂ ਵਿਛੜਿਆਂ 28 ਸਾਲ ਬੀਤ ਗਏ ਹਨ, ਪਰ ਉਹ ਆਪਣੀਆਂ ਕਵਿਤਾਵਾਂ ਅਤੇ ਆਪਣੀ ਸੰਘਰਸ਼ਪੂਰਨ ਜੀਵਨ-ਕਹਾਣੀ ਨਾਲ ਸਦਾ ਸਾਡੇ ਅੰਗ-ਸੰਗ ਹੈ। ਉਹ ਪੰਜਾਬੀ ਕਾਵਿ-ਜਗਤ ਦਾ ਬੜਾ ਅਹਿਮ ਤੇ ਵਿਲੱਖਣ ਜਿਉੜਾ ਹੈ। ਉਹਦੀਆਂ ਕਵਿਤਾਵਾਂ ਵਿਚੋਂ ਲੋਹੜੇ ਦਾ ਸੇਕ ਮਹਿਸੂਸ ਹੁੰਦਾ ਹੈ ਅਤੇ ਦਰਦ ਦੀਆਂ ਨਦੀਆਂ ਵਗਦੀਆਂ ਜਾਪਦੀਆਂ ਹਨ। ਦੱਬੇ-ਕੁਚਲੇ ਲੋਕਾਂ ਲਈ ਉਹਦੀਆਂ ਕਵਿਤਾਵਾਂ ਮਘਦੇ ਸੂਰਜ ਤੋਂ ਘੱਟ ਨਹੀਂ। ਆਪਣੀ ਹਯਾਤੀ ਦੌਰਾਨ ਉਹਨੇ ਸਦਾ ਸੰਘਰਸ਼ ਵਾਲੇ ਰਾਹ ਨੂੰ ਤਰਜੀਹ ਦਿੱਤੀ। ਅੰਤਾਂ ਦਾ ਤਸ਼ੱਦਦ ਅਤੇ ਬੇਅੰਤ ਔਖਿਆਈਆਂ ਵੀ ਉਸ ਦੇ ਸਿਰੜ ਨੂੰ ਹਰਾ ਨਹੀਂ ਸਕੀਆਂ। ਪ੍ਰਿੰਸੀਪਲ ਸਰਵਣ ਸਿੰਘ ਨੇ ਇਸ ਜਿਉੜੇ ਬਾਰੇ ਲੰਮਾ ਲੇਖ ‘ਪੰਜਾਬ ਟਾਈਮਜ਼’ ਦੇ ਪਾਠਕਾਂ ਲਈ ਭੇਜਿਆ ਹੈ ਜਿਸ ਦੀ ਦੂਜੀ ਕਿਸ਼ਤ ਛਾਪੀ ਜਾ ਰਹੀ ਹੈ। -ਸੰਪਾਦਕ

ਪਿੰ੍ਰæ ਸਰਵਣ ਸਿੰਘ ਕੈਨੇਡਾ
ਫੋਨ: 905-799-1661

ਸੰਤ ਰਾਮ ਉਦਾਸੀ ਦਾ ਜੁੱਸਾ ਇਕਹਿਰਾ ਤੇ ਕੱਦ ਪੌਣੇ ਛੇ ਫੁੱਟ ਸੀ। ਉਹ ਨੰਗੇ ਪੈਰੀਂ ਤੁਰ ਕੇ ਪੜ੍ਹਨ ਜਾਂਦਾ ਰਿਹਾ ਤੇ ਸਾਈਕਲ ਉਤੇ ਚੜ੍ਹ ਕੇ ਮਾਸਟਰੀ ਕਰਦਾ ਰਿਹਾ। ਤੀਹ-ਚਾਲੀ ਮੀਲ ਸਾਈਕਲ ਚਲਾਉਣਾ ਉਹਦੇ ਲਈ ਮਾਮੂਲੀ ਗੱਲ ਸੀ। ਸਾਈਕਲ ਉਹਨੇ ਚਲਾਇਆ ਵੀ ਬਹੁਤ ਤੇ ਸਾਈਕਲ ਚਲਾਉਂਦਿਆਂ ਗੀਤ ਵੀ ਬਹੁਤ ਸਿਰਜੇ। ਉਹ ਆਪਣੇ ਗੀਤ ਕਾਗਜ਼ ਕਾਪੀ ਉਤੇ ਲਿਖਣ ਦੀ ਥਾਂ ਮੂੰਹ ਜ਼ਬਾਨੀ ਰਚ ਕੇ ਯਾਦ ਰੱਖਿਆ ਕਰਦਾ ਸੀ। ਸਾਈਕਲ ਚਲਾਉਂਦਾ ਜਾਂ ਤੁਰਿਆ ਜਾਂਦਾ ਤੁਕਾਂ ਜੋੜਦਾ ਜਾਂਦਾ ਜਿਨ੍ਹਾਂ ਦਾ ਗੀਤ ਬਣਦਾ ਜਾਂਦਾ। ਉਹੀ ਗੀਤ ਬਾਅਦ ਵਿਚ ਕਾਪੀ ‘ਤੇ ਨੋਟ ਕਰ ਲੈਂਦਾ। ਬਹੁਤੇ ਗੀਤ ਉਹਦੇ ਅੰਦਰੋਂ ਉਦੋਂ ਨਿਕਲੇ ਜਦੋਂ ਉਹ ਘੁੱਟ ਪੀ ਕੇ ਸਰੂਰ ਵਿਚ ਸਾਈਕਲ ਚਲਾਉਂਦਾ ਹੁੰਦਾ ਸੀ। ਕਈ ਵਾਰ ਉਹ ਆਪਣੀ ਪਤਨੀ ਤੋਂ ਇਹ ਕਹਿ ਕੇ ਵੀ ਪਊਆ ਪੀਣ ਲਈ ਪੈਸੇ ਲੈਂਦਾ ਕਿ ਉਸ ਦੇ ਗੋਡੇ ਦੁਖਦੇ ਹਨ, ਨਾਲੇ ਉਸ ਨੇ ਗੀਤ ਪੂਰਾ ਕਰਨੈਂ! ਉਦੋਂ ਉਹ ਨਸੀਬ ਕੌਰ ਨੂੰ ਕਾਮਰੇਡਣੀਏਂ ਕਹਿ ਕੇ ਸੰਬੋਧਨ ਕਰਦਾ ਸੀ।
ਉਹਦੀਆਂ ਅੱਖਾਂ ਤਾਂ ਚੁੰਨ੍ਹੀਆਂ ਸਨ ਹੀ, ਦਾੜ੍ਹੀ ਵੀ ਖੋਦੀ ਸੀ ਜੋ ਠੋਡੀ ਉਤੇ ਵੱਧ ਤੇ ਜਾਭਾਂ ਉਤੇ ਘੱਟ ਸੀ। ਜੂੜਾ ਜ਼ਰੂਰ ਵੱਡਾ ਸੀ। ਨੱਕ ਤਿੱਖਾ ਸੀ, ਮੁੱਛਾਂ ਪਤਲੀਆਂ ਤੇ ਰੰਗ ਸਾਂਵਲਾ। ਉਹ ਬਣਦੀ ਸਰਦੀ ਸ਼ੁਕੀਨੀ ਵੀ ਲਾਉਂਦਾ ਸੀ ਪਰ ਫੈਸ਼ਨਾਂ ਨੇ ਨਹੀਂ ਸੀ ਪੱਟਿਆ। ਉਹਦੀ ਖੱਬੀ ਅੱਖ ਵਿਚ ਟੀਰ ਸੀ ਤੇ ਪੁਲਿਸ ਦੇ ਤਸ਼ੱਦਦ ਨਾਲ ਅੱਖਾਂ ਦੀ ਜੋਤ ਹੋਰ ਵੀ ਘਟ ਗਈ ਸੀ। ਉਹ ਅਕਸਰ ਕਾਲੀ ਐਨਕ ਲਾਉਂਦਾ ਸੀ। ਨਕਸਲਬਾੜੀ ਦੌਰ ਵਿਚ ਉਸ ਉਤੇ ਬੇਰਹਿਮੀ ਨਾਲ ਤਸ਼ੱਦਦ ਢਾਹਿਆ ਗਿਆ ਸੀ।
ਉਹ 1960 ਤੋਂ 64 ਤਕ ਸੀæਪੀæਆਈæ ਦਾ ਹਮਦਰਦ ਸੀ, 64 ਤੋਂ 69 ਤਕ ਸੀæਪੀæਐਮæ ਨਾਲ ਰਿਹਾ ਤੇ ਫਿਰ ਨਕਸਲੀ ਲਹਿਰ ਦੀ ਧਿਰ ਬਣ ਗਿਆ। ਨਕਸਲੀ ਖੱਖੜੀਆਂ-ਕਰੇਲੇ ਹੋਏ ਤਾਂ ਗਰੁਪਾਂ ਦੀ ਦੂਸ਼ਣਬਾਜ਼ੀ ਵਿਚ ਉਹ ਵੀ ਬਚ ਨਾ ਸਕਿਆ। ਜਿਵੇਂ ਕਿਰਤੀਆਂ ਦੀ ਕਿਰਤ ਲੁੱਟੀ ਜਾਂਦੀ ਹੈ, ਉਵੇਂ ਨਕਸਲੀਆਂ ਦੇ ਕੁਝ ਗਰੁਪਾਂ ਨੇ ਉਸ ਦੀ ਗੀਤਕਾਰੀ ਤੇ ਗਾਇਕੀ ਲੁੱਟਣ ਦੀ ਵੀ ਕਸਰ ਨਹੀਂ ਛੱਡੀ। ਜਿਨ੍ਹਾਂ ਨੇ ਹਮਦਰਦੀ ਜਿਤਾਉਣੀ ਸੀ, ਉਨ੍ਹਾਂ ‘ਚੋਂ ਕਈ ਉਸ ਨੂੰ ਬੇਦਰਦ ਬਣ ਕੇ ਟੱਕਰੇ। ਉਸ ਦੀ ਇਨਕਲਾਬੀ ਸੁਰ ਨੂੰ ਸਲਾਹੁਣ ਵਾਲਿਆਂ ਨੇ ਹੀ ਉਸ ਨੂੰ ਰੱਜ ਕੇ ਨਾ ਜਿਉਣ ਦਿੱਤਾ। ਉਹਦੇ 47 ਸਾਲ ਦੀ ਅੱਧਖੜ ਉਮਰੇ ਗੁਜ਼ਰ ਜਾਣ ਦੇ ਕਾਰਨਾਂ ਵਿਚ ਕੁਝ ਉਹ ਸਾਥੀ ਵੀ ਸ਼ਾਮਲ ਸਨ ਜਿਨ੍ਹਾਂ ਕਰ ਕੇ ਉਹ ਵਾਰ-ਵਾਰ ਗ੍ਰਿਫਤਾਰ ਹੋਇਆ ਸੀ। ਨਾ ਉਸ ਨੂੰ ਉਹ ਰੋਟੀ ਖਾਂਦਾ ਵੇਖਦਿਆਂ ਜਰਦੇ ਸਨ ਤੇ ਨਾ ਲਾਲ ਕਿਲ੍ਹੇ ਦੇ ਵੱਡੇ ਮੰਚ ਤੋਂ ਲੋਕ ਹਿਤੈਸ਼ੀ ਨਜ਼ਮਾਂ ਪੜ੍ਹਦਿਆਂ ਤੇ ਸੱਤਾ ਵਿਰੋਧੀ ਗੀਤ ਗਾਉਂਦਿਆਂ ਵੇਖ ਕੇ। ਉਸ ਨੂੰ ਮਾਨ-ਸਨਮਾਨ ਮਿਲਦੇ ਤਾਂ ਉਹ ਉਸ ਨੂੰ ਵਿਕ ਜਾਣ ਦੇ ਮਿਹਣੇ ਮਾਰਦੇ। ਉਦਾਸੀ ਇੰਟੈਰੋਗੇਸ਼ਨਾਂ ਦੇ ਤਸ਼ੱਦਦ ‘ਚ ਨਹੀਂ ਸੀ ਡੋਲਿਆ, ਪਰ ਸਾਥੀਆਂ ਦੀ ਬੇਰੁਖੀ ਉਸ ਨੂੰ ਲੈ ਬੈਠੀ ਸੀ। ਇਕ ਇੰਟਰਵਿਊ ਵਿਚ ਉਸ ਤੋਂ ਪੁੱਛਿਆ ਗਿਆ ਕਿ ਇੰਟੈਰੋਗੇਸ਼ਨ ਸੈਂਟਰ ਵਿਚ ਕਿਹੋ ਜਿਹਾ ਟਾਰਚਰ ਹੋਇਆ?
ਉਦਾਸੀ ਦਾ ਉਤਰ ਸੀ, “ਖ਼ਾਸ ਤੌਰ ‘ਤੇ ਮੇਰੇ ਸਿਰ ਨੂੰ ਤੇ ਗੁਪਤ ਅੰਗਾਂ ਨੂੰ ਵੱਧ ਟਾਰਚਰ ਕੀਤਾ ਗਿਆ। ਭੁੱਲੜ ਵੀਰਾਂ ਨੇ ਮੇਰੇ ਸਿਰ ਨੂੰ ਡੰਡਿਆਂ ਨਾਲ ਕੁੱਟ ਕੇ ਲੋਹੜੀ ਮਨਾਈ। ਘੋਟਣਾ ਫੇਰਨਾ, ਕੁਰਸੀ ਲਾਉਣੀ, ਹੱਥਕੜੀਆਂ ਦੀ ਮਾਰ, ਜੋੜ ਕੁੱਟਣੇ ਤਾਂ ਆਮ ਜਿਹੀ ਗੱਲ ਹੈ। ਮੇਰੇ ਸਿਰ ਨੂੰ ਏਨਾ ਕੁੱਟਿਆ ਜਿਸ ਦਾ ਇਲਾਜ ਆਲ ਇੰਡੀਆ ਮੈਡੀਕਲ ਇੰਸਟੀਚਿਊਟ ਵੀ ਨਾ ਕਰ ਸਕਿਆ। ਜਦੋਂ ਪੁਰੇ ਦੀ ਹਵਾ ਵਗਦੀ ਹੈ ਤਾਂ ਇੰਟੈਰੋਗੇਸ਼ਨ ਦੀਆਂ ਲਾਸਾਂ ਉਭਰ ਆਉਂਦੀਆਂ ਹਨ। ਦੂਜੀ ਵੇਰ ਵੀ ਮੇਰੇ ਸਿਰ ਨੂੰ ਨਿਸ਼ਾਨਾ ਬਣਾਇਆ ਗਿਆ। ਤੀਸਰੀ ਵੇਰ ਮਾਨਸਿਕ ਤੌਰ ‘ਤੇ ਭੁਚਲਾਉਣ ਦੀ ਕੋਸ਼ਿਸ਼ ਕੀਤੀ ਗਈ। ਚੌਥੀ ਵਾਰ ਹਸਪਤਾਲ ਵਿਚ ਹੋਣ ਕਰ ਕੇ ਬਚ ਗਿਆ।”
ਜਦੋਂ ਪੁੱਛਿਆ ਕਿ ਪੁਲਿਸ ਕਰਮੀਆਂ ਨੂੰ ਤੁਸੀਂ ਕੁਝ ਤਾਂ ਕਿਹਾ ਹੋਵੇਗਾ। ਉਦਾਸੀ ਦਾ ਜਵਾਬ ਸੀ, “ਪੁਲਿਸ ਵਾਲਿਆਂ ਨੂੰ ਮੈਂ ਕਿਹਾ, ਮੇਰੇ ਗੀਤ ਤੁਹਾਡੇ ਵੀ ਗੀਤ ਹਨ। ਤੁਸੀਂ ਇਨ੍ਹਾਂ ਨੂੰ ਸੁਣ ਲਵੋ ਪਰ ਪੁਲਿਸ ਅਫਸਰ ਕਹਿੰਦਾ ਸੀ, ਅਸੀਂ ਕਿਹੜਾ ਸਟੇਜ ਲਾਈ ਐ। ਅਸੀਂ ਤਾਂ ਤੇਰੇ ਦਿਮਾਗ ‘ਚੋਂ ਮਾਓ-ਜੇ-ਤੁੰਗ ਕੱਢਣਾ ਹੈ।”
ਪੰਜਾਬੀ ਦੇ ਇਸ ਅਜ਼ੀਮ ਸ਼ਾਇਰ ਨਾਲ ਜੱਗੋਂ-ਤੇਰ੍ਹਵੀਆਂ ਹੋਈਆਂ। ਲੋਕ ਹਿਤਾਂ ਨੂੰ ਪ੍ਰਨਾਈਆਂ ਨਜ਼ਮਾਂ ਲਿਖਣ ਤੇ ਉਚੀ ਆਵਾਜ਼ ਵਿਚ ਗਾਉਣ ਬਦਲੇ ਸਮੇਂ ਦੇ ਹਾਕਮਾਂ ਦੀ ਵਹਿਸ਼ੀ ਪੁਲਿਸ ਨੇ 11 ਜਨਵਰੀ 1971 ਨੂੰ ਪੋਹ ਦੀ ਠਰੀ ਰਾਤੇ ਉਸ ਨੂੰ ਚੁੱਕ ਲਿਆ ਤੇ ਲੱਡਾ ਕੋਠੀ ਦੇ ਕਸਾਈਖਾਨੇ ਵਿਚ ਲਿਆ ਸੁੱਟਿਆ। ਬੁੱਢੀ ਮਾਤਾ ਤੇ ਬਿਮਾਰ ਵੱਡਾ ਭਰਾ ਜਿਵੇਂ ਕਿਵੇਂ ਲੱਡਾ ਕੋਠੀ ਪਹੁੰਚੇ। ਡਰ ਸੀ ਕਿ ਉਦਾਸੀ ਨੂੰ ਕਿਤੇ ਝੂਠੇ ਪੁਲਿਸ ਮੁਕਾਬਲੇ ਵਿਚ ਮਾਰ ਖਪਾ ਨਾ ਦਿੱਤਾ ਹੋਵੇ। ਹੰਝੂ ਕੇਰਦੀ ਮਾਤਾ ਨੇ ਡੀæਐਸ਼ਪੀæ ਅੱਗੇ ਅਰਜ਼ ਗੁਜ਼ਾਰੀ, “ਵੇ ਵੀਰਾ! ਮੈਂ ਸੰਤ ਰਾਮ ਉਦਾਸੀ ਦੀ ਮਾਂ ਹਾਂ। ਮੈਂ ਉਹਦੇ ਨਾਲ ਮੁਲਾਕਾਤ ਕਰਨੀ ਐਂ। ਵੇ ਮੈਂ ਆਪਣੇ ਪੁੱਤ ਨੂੰ ਮਿਲਣ ਆਈ ਆਂ। ਮਿਲਾ ਦਿਓ, ਰੱਬ ਥੋਡਾ ਭਲਾ ਕਰੇ।”
ਉਸ ਵੇਲੇ ਉਦਾਸੀ ਬੈਰਕ ਅੰਦਰ ਮੂੰਹ ਭਾਰ ਬੇਸੁਰਤ ਪਿਆ ਸੀ। ਉਸ ਨੂੰ ਏਨਾ ਕੁੱਟਿਆ ਮਾਰਿਆ ਗਿਆ ਸੀ ਕਿ ਉਠ ਨਹੀਂ ਸੀ ਸਕਦਾ। ਉਹਨੂੰ ਰੱਸਿਆਂ ਨਾਲ ਪੁੱਠਾ ਟੰਗ ਕੇ ਸਿਰ ਡੰਡਿਆਂ ਨਾਲ ਕੁੱਟਿਆ ਗਿਆ ਸੀ। ਸਿਰ ਹੇਠਾਂ ਵੱਡੀ ਮੋਮਬੱਤੀ ਬਾਲ ਕੇ ਸੇਕ ਦਿੱਤਾ ਗਿਆ ਸੀ ਤਾਂ ਕਿ ਦਿਮਾਗ ਦੀ ਮਿੱਝ ਢਾਲ ਕੇ ਉਦਾਸੀ ਨੂੰ ਕਮਲਾ ਕਰ ਦਿੱਤਾ ਜਾਵੇ। ਮੁੜ ਕੇ ਨਾ ਕਦੇ ਉਹ ਲਿਖ ਸਕੇ ਤੇ ਨਾ ਬੋਲ ਸਕੇ। ਹੱਥਾਂ ਦੇ ਪੋਟਿਆਂ ਨੂੰ ਸੂਈਆਂ ਮਾਰ-ਮਾਰ ਕੇ ਛਾਣਨੀ ਕੀਤਾ ਹੋਇਆ ਸੀ। ਸਿਰ ਦੇ ਵਾਲ ਪੁੱਟ-ਪੁੱਟ ਕੇ ਖੋਪੜੀ ਰੋਡੀ ਕੀਤੀ ਹੋਈ ਸੀ। ਵਾਲ ਪੁੱਟਣ ਨਾਲ ਥਾਂ ਪੁਰ ਥਾਂ ਸੋਜ਼ਿਸ਼ ਹੋਈ ਪਈ ਸੀ। ਉਤੋਂ ਪੋਹ ਦੀ ਕੱਕਰ ਮਾਰੀ ਠਾਰੀ। ਉਦਾਸੀ ਦੇ ਪੈਰਾਂ ਦੀਆਂ ਤਲੀਆਂ ਵਿਚ ਖੂਨ ਜੰਮਿਆ ਹੋਇਆ ਸੀ। ਸਾਰੇ ਸਰੀਰ ਦੇ ਜੋੜ ਡੰਡੇ ਮਾਰ-ਮਾਰ ਸੁਜਾਏ ਹੋਏ ਸਨ।
ਡੀæਐਸ਼ਪੀæ ਨੇ ਬੁੱਢੀ ਮਾਈ ਨੂੰ ਪੁੱਛਿਆ, “ਜੇ ਅਸੀਂ ਉਦਾਸੀ ਨੂੰ ਦੂਰੋਂ ਦਿਖਾ ਦੇਈਏ ਤਾਂ ਠੀਕ ਐ? ਕੋਈ ਇਤਰਾਜ਼ ਤਾਂ ਨਹੀਂ?”
ਮਮਤਾ ਮਾਰੀ ਮਾਂ ਨੇ ਕਿਹਾ, “ਵੇ ਵੀਰਾ, ਮੈਂ ਗਰੀਬਣੀ ਨੇ ਕਾਹਦਾ ਇਤਰਾਜ਼ ਕਰਨੈਂ? ਥੋਡੇ ਰਹਿਮ ਨਾਲ ਮੇਰਾ ਪੁੱਤਰ ਮੈਨੂੰ ਦਿਸ ਜੇ। ਮੈਂ ਸਮਝ ਲੂੰ ਮੇਰਾ ਪੁੱਤ ਜਿਉਂਦੈ! ਪੁਲਿਸ ਨੇ ਮਾਰਿਆ ਨੀ। ਮੈਂ ਤਾਂ ਉਹਨੂੰ ਦੇਖਣਾ ਈ ਚਾਹੁੰਨੀ ਆਂ। ਜੇ ਮੇਰੇ ਨੇੜੇ ਨੀ ਲੈ ਕੇ ਆਉਣਾ, ਬੇਸ਼ਕ ਨਾ ਲਿਆਓ। ਮੈਨੂੰ ਦੂਰੋਂ ਈ ਖੜ੍ਹਾ ਦਿਖਾ ਦਿਓ। ਸੰਤ ਰਾਮ ਦੂਰੋਂ ਖੜ੍ਹਾ ਈ ਆਖ ਦੇਵੇ, ਬੇਬੇ ਮੈਂ ਜਿਔਨਾਂ। ਤੂੰ ਜਾਹ ਘਰ ਨੂੰ।”
ਹਵਾਲਦਾਰ ਬੈਰਕ ਵਿਚ ਜਾ ਕੇ ਉਦਾਸੀ ਨੂੰ ਹਲੂਣਨ ਲੱਗਾ, “ਓਏ ਉਦਾਸੀ, ਓਏ ਉਦਾਸੀ। ਉਠ ਓਏ, ਤੇਰੀ ਮਾਂ ਤੈਨੂੰ ਸਰਸੇ ਤੋਂ ਮਿਲਣ ਆਈ ਐ। ਬਾਹਰ ਖੜ੍ਹੀ ਐ ਤੇਰੀ ਮਾਂ। ਉਠ ਨਹੀਂ ਤਾਂ ਮਰਜੂ ਓਹ ਵੀ।”
ਮਾਂ ਸ਼ਬਦ ਨੇ ਉਦਾਸੀ ਦੀ ਸੁਰਤ ਮੋੜੀ। ਕਿਤੇ ਉਹ ਸੱਚੀਂ ਨਾ ਸਾਹ ਖਿੱਚ’ਜੇ। ਉਹ ਔਖਾ-ਸੌਖਾ ਮਾਂ ਤਕ ਪੁੱਜਾ, ਤੇ ਦੂਰ ਦੀ ਸੋਚ ਕੇ ਬੋਲਿਆ, “ਮਾਂ, ਮੈਂ ਠੀਕ-ਠਾਕ ਆਂ। ਤੂੰ ਕਿਤੇ ਮਮਤਾ ਦੇ ਪਿਆਰ ਵਿਚ ਆ ਕੇ ਸਾਹ ਨਾ ਚੜ੍ਹਾ ਲਈਂ। ਏਥੇ ਫੇਰ ਤੈਨੂੰ ਕੌਣ ਸਾਂਭੂਗਾ?”
ਮਾਂ ਨੇ ਘਾਇਲ ਪੁੱਤਰ ਨੂੰ ਬੁਕਲ ‘ਚ ਲੈ ਕੇ ਪਿਆਰ ਦਿੱਤਾ ਤੇ ਕਿਹਾ, “ਪੁੱਤ ਤੇਰਾ ਰੱਬ ਰਾਖਾ। ਪੁੱਤ ਹੁਣ ਮੇਰਾ ਸਾਹ ਨੀ ਚੜ੍ਹਦਾ। ਤੂੰ ਮੇਰਾ ਫਿਕਰ ਨਾ ਕਰੀਂ।”
ਬੱਸ ਏਨੀ ਹੀ ਹੋ ਸਕੀ ਮੁਲਾਕਾਤ। ਉਧਰ ਗੁਰਦਾਸ ਸਿੰਘ ਘਾਰੂ ਹੋਰੀਂ ਸੱਜੇ ਖੱਬੇ ਦੇ ਕਾਮਰੇਡਾਂ ਨੂੰ ਨਾਲ ਲੈ ਕੇ ਐਮæਪੀæ ਤੇਜਾ ਸਿੰਘ ਸੁਤੰਤਰ ਰਾਹੀਂ ਉਦਾਸੀ ਨੂੰ ਜ਼ਮਾਨਤ ਉਤੇ ਛੁਡਾਉਣ ਵਿਚ ਕਾਮਯਾਬ ਹੋ ਗਏ। ਫਿਰ ਉਸ ਨੂੰ ਮੋਗਾ ਗੋਲੀ ਕਾਂਡ ਵੇਲੇ ਗ੍ਰਿਫਤਾਰ ਕਰ ਲਿਆ ਗਿਆ। ਉਧਰੋਂ ਬੰਦ ਖਲਾਸੀ ਹੋਈ ਤਾਂ ਐਮਰਜੈਂਸੀ ‘ਚ ਅੰਦਰ ਕਰ ਲਿਆ। ਚੌਥੀ ਵਾਰ ਡੀæਆਈæਆਰæ ਤਹਿਤ ਫਿਰ ਪੁਲਿਸ ਲੈ ਗਈ। ਉਹਦੀ ਨੌਕਰੀ ਵੀ ਖਤਰੇ ਵਿਚ ਪਈ ਰਹੀ, ਪਰ ਉਹ ਦੁੱਖ ਤਕਲੀਫਾਂ ਸਹਿੰਦਾ ਗਾਉਂਦਾ ਰਿਹਾ:
ਅਸੀਂ ਜੜ੍ਹ ਨਾ ਜ਼ੁਲਮ ਦੀ ਛੱਡਣੀ, ਸਾਡੀ ਭਾਵੇਂ ਜੜ੍ਹ ਨਾ ਰਹੇ,
ਲੋਕ ਵੇ! ਅੱਗ ਵਿਚ ਜਿੰਦੜੀ ਨੂੰ ਦੇਣਾ ਝੋਕ ਵੇ।
ਜਿਹੜੀ ਖੂਨ ਹੈ ਕਿਰਤ ਦਾ ਪੀਂਦੀ, ਤੋੜ ਦੇਣੀ ਤਨ ਦੇ ਉਤੋਂ,
ਜੋਕ ਵੇ! ਲੋਕੀਂ ਹੁਣ ਨਿਕਲ ਪਏ ਹਿੱਕਾਂ ਠੋਕ ਵੇ।
ਉਦਾਸੀ ਨੇ ਆਪਣੇ ਗੀਤਾਂ ਨੂੰ ਲੋਕਾਂ ਦੇ ਮੂੰਹ ਚੜ੍ਹਾਉਣ ਲਈ ਲੋਕ ਗੀਤਾਂ ਤੇ ਕਿੱਸਾਕਾਰੀ ਦੇ ਛੰਦਾਂ ਦੀ ਭਰਪੂਰ ਵਰਤੋਂ ਕੀਤੀ। ਕਿਤੇ ਕੋਰੜਾ ਛੰਦ ਵਰਤਿਆ, ਕਿਤੇ ਕਬਿੱਤ ਤੇ ਕਿਤੇ ਕਲੀ:
ਤੇਰਾ ਭੋਲੂ ਤਾਂ ਨਿੱਤ ਰੀਂ-ਰੀਂ ਕਰਦਾ ਰਹਿੰਦਾ ਹੈ,
ਧੀ ਹੈ ਤੇਰੀ ਜਾਂਦੀ ਬੰਗਲੀਂ ਬਾਲ ਖਿਡਾਉਣ ਨੂੰ।
ਤੇਰੇ ਮਿੱਠੂ ਦੀ ਨਿੱਤ ਜਾਏ ਤੜਾਗੀ ਢਿਲਕਦੀ,
ਭੁੱਖੀ ਪਤਨੀ ਨੂੰ ਨਾ ਉਤਰੇ ਦੁੱਧ ਚੁੰਘਾਉਣ ਨੂੰ।
ਤੈਨੂੰ ਪਿਆ ਭੁਲੇਖਾ ਭਗਤੀ ਦੇ ਵਿਚ ਭੰਗਣਾ ਦਾ,
ਤਾਹੀਓਂ ਸਾਧਾਂ ਤੋਂ ਨਿੱਤ ਫਿਰਦਾ ਉਨ ਲਹਾਉਣ ਨੂੰ।
ਤੇਰੀ ਕਿਰਤ ਤਾਂ ਭਾਵੇਂ ਜੱਸ ਖੱਟ ਲੈਂਦੀ ਰਾਠਾਂ ਦਾ,
ਐਪਰ ਜਾਤ ਤਾਂ ਤੇਰੀ, ਗਿੱਟਲ ਢੇਡ ਕਹਾਉਣ ਨੂੰ।
ਕਦੋਂ ਕੁ ਪਿੰਡੇ ਉਤੋਂ ਉਤਰੂਗੀ ਪੰਡ ਜੂੰਆਂ ਦੀ,
ਕਦੋਂ ਕੁ ਤੁਰਨਾ ਹੈ ਤੂੰ ਚਾਨਣ ਵਿਚ ਨਹਾਉਣ ਨੂੰæææ।

ਜਦੋਂ ਉਹਦੀ ਪਹਿਲੀ ਗ੍ਰਿਫਤਾਰੀ ਹੋਈ ਸੀ, ਉਦੋਂ ਉਹਦੀ ਪਤਨੀ ਨੂੰ ਬਾਲ ਬੱਚੇ ਚੁੱਕ ਕੇ ਪੇਕੀਂ ਰਹਿਣਾ ਪਿਆ ਸੀ। ਉਥੇ ਹੀ ਉਹਦੀ ਤੀਜੀ ਧੀ ਦਾ ਜਨਮ ਹੋਇਆ ਸੀ। ਨਾਨਕੇ ਦਾਦਕੇ ਧੀਆਂ ਦੇ ਉਪਰੋਥਲੀ ਜਨਮ ਤੋਂ ਦੁਖੀ ਸਨ। ਉਦਾਸੀ ਦੀ ਮਾਂ ਤਾਂ ਇਹੋ ਕਹਿੰਦੀ ਰਹਿੰਦੀ, “ਮੇਰੇ ਸਾਧ ਪੁੱਤ ਨੂੰ ਕਿਥੋਂ ਪੱਥਰਾਂ ਦੀ ਮਾਰ ਪੈ ਗਈ? ਇਹ ਤਾਂ ਏਨੀ ਜੋਗਾ ਹੈ ਨੀ ਸੀ, ਇਹਨੇ ਤਾਂ ਕਦੇ ਕਿਸੇ ਦਾ ਮਾੜਾ ਨੀ ਸੀ ਚਿਤਵਿਆ।”
ਜਦੋਂ ਉਹ ਰਿਹਾਅ ਹੋ ਕੇ ਆਪਣੇ ਸਹੁਰੀਂ ਆਇਆ ਤਾਂ ਉਸ ਨੇ ਤੀਜੀ ਧੀ ਦੇ ਜੰਮਣ ਨੂੰ ਸ਼ੁਭ ਸ਼ਗਨ ਕਿਹਾ। ਉਹਦੀ ਪਤਨੀ ਬੇਸ਼ਕ ਰੋਈ ਜਾਂਦੀ ਸੀ ਪਰ ਉਦਾਸੀ ਲਈ ਧੀ ਪੁੱਤ ‘ਚ ਕੋਈ ਫਰਕ ਨਹੀਂ ਸੀ। ਉਹਨੂੰ ਮਿਲਣ-ਗਿਲਣ ਆਏ ਵਾਰ-ਵਾਰ ਸਮਝਾਉਂਦੇ, “ਤੂੰ ਸੋਹਣੇ ਰੁਜ਼ਗਾਰ ‘ਤੇ ਲੱਗਿਐਂ, ਆਰਾਮ ਨਾਲ ਬੱਚੇ ਪਾਲ, ਚਲ ਹੋਰ ਨੀ ਤਾਂ ਤਿੰਨਾਂ ਕੁੜੀਆਂ ਦੇ ਮੂੰਹ ਵੱਲ ਈ ਦੇਖ। ਸਰਕਾਰ ਨਾਲ ਪੰਗੇ ਲੈ ਕੇ ਕੀ ਕਰ ਲਏਂਗਾ ਤੂੰ? ਐਮੇ ਪੁਲਿਸ ਤੋਂ ਕੁੱਟ ਖਾਂਦਾ ਫਿਰਦੈਂ!” ਉਦਾਸੀ ਇਹੋ ਜਵਾਬ ਦਿੰਦਾ, “ਮੈਂ ਕੋਈ ਚੋਰ ਡਾਕੂ ਨੀ। ਆਪਣੇ ਲਈ ਤਾਂ ਸਾਰੇ ਮਰਦੇ ਐ, ਪਰ ਲੋਕਾਂ ਲਈ ਕੋਈ-ਕੋਈ ਈ ਮਰਦੈ।”
ਪੁਲਿਸ ਉਹਦੇ ਮਗਰ ਪਈ ਰਹੀ ਤੇ ਉਹ ਰਾਤ-ਬਰਾਤੇ ਘਰ ਆਉਂਦਾ ਰਿਹਾ। ਘਰ ਵਾਲੇ ਕੋਈ ਉਘ-ਸੁੱਘ ਨਾ ਦਿੰਦੇ, ਪਰ ਇਕ ਵਾਰ ਪੁਲਿਸ ਨੇ ਅਜਿਹਾ ਛਾਪਾ ਮਾਰਿਆ ਕਿ ਉਸ ਨੂੰ ਚੁੱਕਿਆ, ਧੁਹਿਆ-ਘਸੀਟਿਆ ਤੇ ਲੱਡਾ ਕੋਠੀ ਦੇ ਇੰਟੈਰੋਗੇਸ਼ਨ ਸੈਂਟਰ ਵਿਚ ਲੈ ਗਈ। ਕਈ ਦਿਨਾਂ ਦੀ ਕੁੱਟ ਮਾਰ ਪਿੱਛੋਂ ਛੱਡਿਆ ਤਾਂ ਨਾ ਉਹਤੋਂ ਖੜ੍ਹਾ ਹੋਇਆ ਜਾਂਦਾ ਸੀ ਤੇ ਨਾ ਤੁਰਿਆ ਜਾਂਦਾ ਸੀ। ਪੈਰਾਂ ਦੀਆਂ ਤਲੀਆਂ ਸੁੱਜੀਆਂ ਪਈਆਂ ਸਨ।
ਘਰ ਆ ਕੇ ਵੀ ਉਹਨੂੰ ਕੋਈ ਅਮਨ ਚੈਨ ਨਹੀਂ ਸੀ। ਉਹਦਾ ਬਿਸਤਰਾ ਨੀਰੇ ਵਾਲੇ ਅੰਦਰ ਤੂੜੀ ਉਤੇ ਹੀ ਹੁੰਦਾ ਜਿਸ ਦੇ ਬਾਰ ਨੂੰ ਬਾਹਰੋਂ ਜਿੰਦਾ ਲੱਗਾ ਰਹਿੰਦਾ। ਰਾਤ ਬਰਾਤੇ ਨਕਸਲੀ ਕਾਮਰੇਡਾਂ ਦੀਆਂ ਮਿਲਣੀਆਂ ਤੇ ਮੀਟਿੰਗਾਂ ਹੁੰਦੀਆਂ। ਸ਼ਹਿਣੇ ਠਾਣੇ ਦੀ ਪੁਲਿਸ ਦੇ ਛਾਪੇ ਤਾਂ ਪੈਂਦੇ ਹੀ ਰਹਿੰਦੇ ਸਨ, ਇਕੇਰਾਂ ਪਟਿਆਲੇ ਦੀ ਪੁਲਿਸ ਵੀ ਆ ਪਈ। ਉਨ੍ਹਾਂ ਘਰ ਵਾਲੀ ਤੇ ਜੁਆਕਾਂ ਦੀ ਵੀ ਧੁਹ-ਘੜੀਸ ਕੀਤੀ। ਘਰ ਦਾ ਸਾਮਾਨ ਭੰਨ ਤੋੜ ਦਿੱਤਾ। ਉਦਾਸੀ ਦੇ ਨਾਲ ਉਹਦੇ ਪਰਿਵਾਰ ਨੇ ਵੀ ਅਤਿਅੰਤ ਦੁੱਖ ਦੇ ਦਿਨ ਦੇਖੇ।
ਫਿਰ ਐਮਰਜੈਂਸੀ ਲੱਗ ਗਈ। ਪੁਲਿਸ ਦਾ ਆਉਣਾ, ਫੜਨਾ, ਤਸ਼ੱਦਦ ਕਰਨਾ ਤੇ ਛੱਡ ਦੇਣਾ ਆਮ ਗੱਲ ਸੀ। ਤਸ਼ੱਦਦ ਨਾਲ ਉਦਾਸੀ ਦੀ ਕਮਜ਼ੋਰ ਨਿਗ੍ਹਾ ਹੋਰ ਕਮਜ਼ੋਰ ਹੋ ਗਈ, ਹੱਡਾਂ ਦੇ ਜੋੜ ਦਰਦ ਕਰਨ ਲੱਗੇ ਤੇ ਯਾਦਦਾਸ਼ਤ ਘਟ ਗਈ। ਉਹ ਆਪਣੀ ਪਤਨੀ ਨੂੰ ਅਕਸਰ ਕਹਿੰਦਾ, “ਮੇਰਾ ਕੀ ਪਤੈ, ਮੈਨੂੰ ਕਦੋਂ ਪੁਲਿਸ ਮਾਰ ਦੇਵੇ। ਤੂੰ ਜੁਆਕਾਂ ਦਾ ਧਿਆਨ ਰੱਖੀਂ।” ਅੱਗਿਉਂ ਉਹਦੀ ਪਤਨੀ ਕਹਿੰਦੀ, “ਕੋਈ ਮਾਰ ਕੇ ਤਾਂ ਦਿਖਾਵੇ, ਜੇ ਢਿੱਡ ਨਾ ਪਾੜ ਦਿਆਂ ਅਗਲੇ ਦਾ।”
ਜਦ ਉਹਦਾ ਕੋਈ ਸਾਥੀ ਪੁਲਿਸ ਮੁਕਾਬਲੇ ਵਿਚ ਮਾਰਿਆ ਜਾਂਦਾ ਤਾਂ ਉਹ ਕਈ-ਕਈ ਦਿਨ ਮਸੋਸਿਆ ਰਹਿੰਦਾ। ਰਾਤਾਂ ਨੂੰ ਉਭੜਵਾਹੇ ਉਠਦਾ ਤੇ ਹੰਝੂ ਵਹਾਉਣ ਲੱਗਦਾ। ਮੋਏ ਸਾਥੀਆਂ ਦੀ ਯਾਦ ਵਿਚ ਗੀਤ ਜੋੜਦਾ ਤੇ ‘ਕੱਠਾਂ ਵਿਚ ਰੋਹ ਨਾਲ ਗਾਉਂਦਾ:
ਜਿਥੇ ਗਏ ਹੋ ਅਸੀਂ ਵੀ ਆਏ ਜਾਣੋ,
ਬਲਦੀ ਚਿਖਾ ਹੁਣ ਠੰਢੀ ਨੀ ਹੋਣ ਦੇਣੀ।
ਗਰਮ ਰੱਖਾਂਗੇ ਦੌਰ ਕੁਰਬਾਨੀਆਂ ਦਾ,
ਲਹਿਰ ਹੱਕਾਂ ਦੀ ਰੰਡੀ ਨੀ ਹੋਣ ਦੇਣੀæææ।
ਉਸ ਦੀ ਧੀ ਇਕਬਾਲ ਕੌਰ ਦੱਸਦੀ ਹੈ ਕਿ ਜਿੱਦਣ ਮੋਗਾ ਗੋਲੀ ਕਾਂਡ ਹੋਇਆ, ਉਹਦੇ ਪਾਪਾ ਕਿਤੇ ਪ੍ਰੋਗਰਾਮ ਕਰ ਕੇ ਆ ਰਹੇ ਸਨ। ਖਬਰ ਸੁਣਨ ਸਾਰ ਬੜੇ ਦੁਖੀ ਹੋਏ ਤੇ ਤਵਾਜ਼ਨ ਖੋ ਬੈਠੇ। ਕਿਤੋਂ ਬੇਹੱਦ ਸ਼ਰਾਬ ਪੀ ਕੇ ਘਰ ਪਹੁੰਚੇ। ਘਰ ਦੇ ਉਹਦੀ ਹਾਲਤ ਵੇਖ ਕੇ ਘਬਰਾ ਗਏ। ਪ੍ਰੋਗਰਾਮ ਵਿਚ ਜਿੰਨੇ ਨੋਟ ਮਿਲੇ ਸਨ, ਉਹ ਸਾਰੇ ਪਾੜ ਦਿੱਤੇ ਤੇ ਟੋਟੇ-ਟੋਟੇ ਕਰ ਕੇ ਖਿਲਾਰ ਦਿੱਤੇ। ਫਿਰ ਭੁੱਬਾਂ ਮਾਰ ਕੇ ਰੋਣ ਲੱਗੇ।
ਨਵੰਬਰ 84 ਵਿਚ ਦਿੱਲੀ ਦੇ ਘੱਲੂਘਾਰੇ ਤੋਂ ਬਾਅਦ ਉਸ ਨੂੰ ਲਾਲ ਕਿਲ੍ਹੇ ਦੇ ਕਵੀ ਦਰਬਾਰ ਵਿਚ ਬੁਲਾਇਆ ਗਿਆ। ਉਥੇ ਉਹਨੇ ਢੱਠੇ ਗੁਰਦੁਆਰੇ ਤੇ ਸਿੱਖਾਂ ਦੇ ਸੜੇ ਮਕਾਨ ਵੇਖੇ ਤੇ ਉਜੜੇ ਪਰਿਵਾਰਾਂ ਦੀ ਬਰਬਾਦੀ ਅਤੇ ਦਰਦਨਾਕ ਕਤਲਾਂ ਦੇ ਕਿੱਸੇ ਸੁਣੇ ਤਾਂ ਉਹ ਫਿਰ ਮਾਨਸਿਕ ਤੌਰ ‘ਤੇ ਹਿੱਲ ਗਿਆ। ਉਸ ਉਤੇ ਏਨਾ ਜ਼ਿਆਦਾ ਅਸਰ ਹੋਇਆ ਕਿ ਉਹ ਸੱਚਮੁੱਚ ਹੀ ਪਾਗਲਾਂ ਵਰਗਾ ਵਰਤਾਉ ਕਰਨ ਲੱਗਾ। ਵਾਪਸ ਆਉਂਦਾ ਪਿੰਡ ਭੋਤਨੇ ‘ਚ ਵੜਦਾ ਕਹੀ ਜਾਵੇ, “ਸਾਡਾ ਘਰ-ਬਾਰ ਸੜ ਗਿਆ, ਉਥੇ ਪੁਲਿਸ ਬੈਠੀ ਐ, ਮੈਨੂੰ ਮਾਰ ਦੇਣਗੇæææ।” ਦਿੱਲੀ ਦੇ ਕਤਲੇਆਮ ਦਾ ਉਹਦੇ ਅਚੇਤ ਮਨ ‘ਤੇ ਏਨਾ ਡੂੰਘਾ ਅਸਰ ਪਿਆ ਕਿ ਉਹ ਰਾਤਾਂ ਨੂੰ ਉਠ ਕੇ ਭੱਜ ਪੈਂਦਾ ਤੇ ਅਚਾਨਕ ਰੋਣ ਲੱਗ ਜਾਂਦਾ। ਲਗਭਗ ਇਕ ਸਾਲ ਉਹਦਾ ਏਹੀ ਹਾਲ ਰਿਹਾ ਜਿਸ ਨਾਲ ਪਰਿਵਾਰ ਵੀ ਪ੍ਰੇਸ਼ਾਨ ਰਿਹਾ।

ਜਿਥੇ ਉਦਾਸੀ ਦੇ ਕਾਵਿ ਵਿਚ ਲੋਹੜੇ ਦਾ ਵੇਗ ਤੇ ਗਾਉਣ ਦੀ ਬੁਲੰਦੀ ਸੀ, ਉਥੇ ਉਸ ਦੀ ਸ਼ਖਸੀਅਤ ਦੇ ਕੁਝ ਉਲਾਰ ਪੱਖ ਵੀ ਸਨ। ਉਹ ਪਲ ‘ਚ ਤੋਲਾ ਤੇ ਪਲ ‘ਚ ਮਾਸਾ ਹੋ ਜਾਂਦਾ ਸੀ। ਉਹਦੇ ਸੁਭਾਅ ਨੂੰ ਹੋਰ ਤਾਂ ਕੀ, ਉਹਦੇ ਘਰ ਵਾਲੇ ਵੀ ਨਹੀਂ ਸਨ ਸਮਝ ਸਕੇ। ਉਹ ਹੱਸਦਾ-ਹੱਸਦਾ ਰੋ ਪੈਂਦਾ ਸੀ, ਰੋਂਦਾ-ਰੋਂਦਾ ਹੱਸ ਪੈਂਦਾ ਸੀ। ਕਦੇ ਕੂਕਾਂ ਮਾਰਦਾ ਤੇ ਕਦੇ ਚੁੱਪ ਗੜੁੱਪ। ਲੰਘ ਜਾਣ ਤਾਂ ਹਾਥੀ ਲੰਘ ਜਾਣ, ਨਹੀਂ ਤਾਂ ਕੀੜੀ ਵੀ ਨਹੀਂ ਸੀ ਲੰਘ ਸਕਦੀ। ਅਜੀਬ ਸ਼ਖਸੀਅਤ ਦਾ ਮਾਲਕ ਸੀ ਸੰਤ ਰਾਮ ਉਦਾਸੀ। ਕਦੇ ਸੋਫੀ ਤੇ ਸਾਊ, ਕਦੇ ਐਬੀ ਤੇ ਸ਼ਰਾਬੀ!
ਕੁਝ ਐਬ ਉਹਦੇ ਦੋਸਤਾਂ ਨੇ ਆਪਣੇ ਕੋਲੋਂ ਵੀ ਉਹਦੇ ਨਾਂ ਜੋੜ ਰੱਖੇ ਸਨ। ਮਸਲਨ ਉਹ ਇੰਟੈਰੋਗੇਸ਼ਨ ਸੈਂਟਰ ਦਾ ਤਸ਼ੱਦਦ ਝੱਲ ਕੇ ਬਾਹਰ ਆਉਂਦਾ ਹੈ। ਕਿਸੇ ਸਭਾ ਦੇ ਸਮਾਗਮ ਵਿਚ ਹੱਡ-ਬੀਤੀ ਬਿਆਨ ਕਰਦਾ ਹੈ। ਦੱਸਦਾ ਹੈ ਕਿ ਇੰਟੈਰੋਗੇਸ਼ਨ ਸੈਂਟਰ ਵਿਚ ਉਹਦੇ ਉਤੇ ਤਸ਼ੱਦਦ ਢਾਹਿਆ ਗਿਆ ਜਿਸ ਨਾਲ ਉਹਦੀ ਨਿਗ੍ਹਾ ਘਟ ਗਈ ਤੇ ਹੁਣ ਬੜਾ ਘੱਟ ਦਿਸਦੈ। ਸਾਹਮਣੇ ਬੈਠੇ ਸਰੋਤਿਆਂ ਦਾ ਵੀ ਬੱਸ ਝੌਲਾ ਜਿਹਾ ਈ ਪੈਂਦੈ। ਸਿਰ ਸ਼ਿਕੰਜੇ ‘ਚ ਪੀੜਿਆ ਗਿਐ ਜਿਸ ਨਾਲ ਯਾਦਦਾਸ਼ਤ ਘਟ ਗਈ ਐæææ।
ਸਭਾ ਸਮਾਪਤ ਹੋਣ ਉਤੇ ਯਾਰਾਂ ਬੇਲੀਆਂ ਦੀਆਂ ਢਾਣੀਆਂ ਬਣ ਜਾਂਦੀਆਂ ਹਨ। ਉਦਾਸੀ ਦੀ ਢਾਣੀ ਚਾਰ ਜਣਿਆਂ ਦੀ ਹੈ। ਸਭ ਨੇ ਸਾਈਕਲਾਂ ਉਤੇ ਆਪੋ-ਆਪਣੇ ਪਿੰਡੀਂ ਜਾਣਾ ਹੈ ਜੋ ਕਈ-ਕਈ ਮੀਲ ਦੂਰ ਹਨ। ਪ੍ਰੋਗਰਾਮ ਬਣਦਾ ਹੈ ਕਿ ਠੇਕੇ ਤੋਂ ਪਊਆ-ਪਊਆ ਪੀ ਕੇ ਸਾਈਕਲਾਂ ‘ਤੇ ਲੱਤ ਦਿੱਤੀ ਜਾਵੇ। ਉਦਾਸੀ ਨੂੰ ਇਹ ਪ੍ਰੋਗਰਾਮ ਪਸੰਦ ਹੈ, ਕਿਉਂਕਿ ਸਾਈਕਲ ਉਤੇ ਜਾਂਦਿਆਂ ਉਸ ਨੇ ਕੋਈ ਗੀਤ ਜੋੜ ਲੈਣਾ ਹੈ। ਐਨ ਉਵੇਂ ਜਿਵੇਂ ਬਾਬੂ ਰਜਬ ਅਲੀ ਨੇ ਕਾਫੀ ਸਾਰੀ ਕਵੀਸ਼ਰੀ ਨਹਿਰੀ ਬਾਬੂ ਬਣ ਕੇ ਘੋੜੇ ਦੀ ਸਵਾਰੀ ਕਰਦਿਆਂ ਜੋੜੀ ਸੀ। ਉਹ ਘੋੜੇ ਦੀ ਚਾਲ ਨਾਲ ਛੰਦ ਜੋੜਦਾ ਜਾਂਦਾ ਸੀ। ਉਦਾਸੀ ਪੈਡਲ ਮਾਰਦਾ ਤੁਕਾਂ ਜੋੜ ਲੈਂਦਾ।
ਉਨ੍ਹਾਂ ਦੀ ਢਾਣੀ ਠੇਕੇ ਨੇੜੇ ਜਾ ਖੜ੍ਹਦੀ ਹੈ। ਸਲਾਹਾਂ ਕਰਦੀ ਹੈ ਕਿ ਰਸਭਰੀ ਪੀਤੀ ਜਾਵੇ ਜਾਂ ਸੰਤਰਾ ਮਾਲਟਾ? ਕੋਈ ਸੌਂਫੀਏ ਦਾ ਨਾਂ ਲੈਂਦਾ ਹੈ। ਉਨ੍ਹੀਂ ਦਿਨੀਂ ਸਭ ਤੋਂ ਸਸਤੀ ਬੋਤਲ ਅੱਠ ਰੁਪਿਆਂ ਦੀ ਮਿਲਦੀ ਸੀ ਤੇ ਸਭ ਤੋਂ ਸਸਤਾ ਪਊਆ ਤਿੰਨਾਂ ਰੁਪਿਆਂ ਦਾ। ਜੇ ਚਾਰੇ ਜਣੇ ਆਪੋ-ਆਪਣੇ ਪਊਏ ਖਰੀਦਦੇ ਹਨ ਤਾਂ ਮਹਿੰਗੇ ਪੈਂਦੇ ਹਨ। ਸਰਫੇ-ਹੱਥੇ ਚਾਰੇ ਜਣੇ ਦੋ-ਦੋ ਰੁਪਏ ਪਾਉਂਦੇ ਹਨ ਤੇ ਸਾਂਝੀ ਬੋਤਲ ਲੈ ਲੈਂਦੇ ਹਨ। ਚਾਰ ਗਲਾਸਾਂ ਦਾ ਪ੍ਰਬੰਧ ਵੀ ਹੋ ਜਾਂਦੈ। ਉਤੋਂ ਦਿਨ ਛਿਪ ਰਿਹਾ ਹੁੰਦੈ। ਉਦਾਸੀ ਦੇ ਕਾਲੀਆਂ ਐਨਕਾਂ ਲਾਈਆਂ ਹੁੰਦੀਐਂ। ਗਲਾਸਾਂ ‘ਚ ਪਊਆ-ਪਊਆ ਪਾਉਣ ਵਾਲਾ ਸੋਚਦੈ, “ਉਦਾਸੀ ਨੂੰ ਕਿਹੜਾ ਦਿਸਦੈ?” ਉਹ ਉਹਦੇ ਗਲਾਸ ਵਿਚ ਘੱਟ ਪਾਉਂਦੈ ਤੇ ਬਾਕੀ ਤਿੰਨਾਂ ‘ਚ ਵੱਧ। ਉਦਾਸੀ ਕਾਲੀਆਂ ਐਨਕਾਂ ਲਾਹ ਕੇ ਆਖਦੈ, “ਪਤੰਦਰੋ, ਮੈਨੂੰ ਏਨਾ ਘੱਟ ਵੀ ਨe੍ਹੀਂ ਦੀਂਹਦਾ, ਬਈ ਪਤਾ ਨਾ ਲੱਗੇ ਕਿ ਤੁਸੀਂ ਮੇਰੇ ਗਲਾਸ ‘ਚ ਪੂਰਾ ਹਿੱਸਾ ਨੀ ਪਾਇਆ!”
ਬਣਦਾ ਹਿੱਸਾ ਲੈਣ ਬਾਰੇ ਤਾਂ ਉਸ ਨੇ ਕਵਿਤਾ ਵੀ ਲਿਖੀ ਸੀ:
ਉਚੀ ਕਰ ਕੇ ਆਵਾਜ਼ ਮਜ਼ਦੂਰ ਨੇ ਹੈ ਕਹਿਣਾ,
ਹਿੱਸਾ ਦੇਸ਼ ਦੀ ਆਜ਼ਾਦੀ ਵਿਚੋਂ ਅਸੀਂ ਵੀ ਹੈ ਲੈਣਾ।

ਉਦਾਸੀ ਦਾ ਪਰਿਵਾਰ ਜਿਵੇਂ-ਜਿਵੇਂ ਵਧ ਰਿਹਾ ਸੀ, ਉਸ ਦੇ ਖਰਚੇ ਵੀ ਵਧ ਰਹੇ ਸਨ ਜੋ ਇਕੱਲੇ ਜਣੇ ਦੀ ਤਨਖਾਹ ਨਾਲ ਪੂਰੇ ਨਹੀਂ ਸਨ ਹੋ ਰਹੇ। ਬਿਰਧ ਮਾਂ ਸਣੇ ਸੁੱਖ ਨਾਲ ਅੱਠਾਂ ਜੀਆਂ ਦਾ ਟੱਬਰ ਸੀ। ਤਿੰਨ ਧੀਆਂ ਸਨ ਤੇ ਦੋ ਪੁੱਤ ਜੋ ਪੜ੍ਹਾਈ ਕਰ ਰਹੇ ਸਨ। ਉਨ੍ਹਾਂ ਦੀਆਂ ਕਾਪੀਆਂ ਕਿਤਾਬਾਂ, ਲੀੜੇ ਕੱਪੜੇ ਤੇ ਹੋਰ ਵੀਹ ਖਰਚੇ ਸਨ। ਪਹਿਲਾਂ ਤਾਂ ਉਹ ਦਿਨ-ਦਿਹਾਰ ‘ਤੇ ਹੀ ਪੀਂਦਾ ਤੇ ਮੀਟ ਖਾਂਦਾ ਸੀ। ਫਿਰ ਦਿਨ-ਦਿਹਾਰ ਤੋਂ ਮਹੀਨੇਵਾਰ ਤੇ ਹਫਤੇਵਾਰ ‘ਤੇ ਉਤਰ ਆਇਆ। ਜਦੋਂ ਉਹ ਸ਼ਹਿਰੋਂ ਤਨਖਾਹ ਲੈਣ ਜਾਂਦਾ ਤਾਂ ਰਸੋਈ ਦੇ ਹੋਰ ਸਮਾਨ ਨਾਲ ਮੀਟ ਵੀ ਲੈ ਆਉਂਦਾ। ਨਾਲ ਨਿਆਣਿਆਂ ਨੂੰ ਵੀ ਮੀਟ ਖੁਆਉਂਦਾ। ਵੱਡੀ ਬੇਬੇ ਘਰ ‘ਚ ਮੁਰਗਾ ਨਹੀਂ ਸੀ ਵੱਢਣ ਦਿੰਦੀ। ਉਹ ਨਾਮ ਬਾਣੀ ਦੀ ਭਗਤਣੀ ਸੀ ਤੇ ਮੀਟ ਸ਼ਰਾਬ ਤੋਂ ਖਿਝਦੀ ਸੀ। ਬਹੁਤੀ ਵਾਰ ਉਦਾਸੀ ਬਾਹਰੇ ਬਾਹਰ ਹੀ ਪੀ-ਖਾ ਆਉਂਦਾ।
ਉਹ ਸਾਹਿਤ ਸਭਾ ਬਰਨਾਲੇ ਤੇ ਹੋਰਨਾਂ ਮੀਟਿੰਗਾਂ ਵਿਚ ਵੀ ਜਾਂਦਾ ਰਹਿੰਦਾ। ਉਦਣ ਤਾਂ ਯਾਰਾਂ-ਬੇਲੀਆਂ ਸੰਗ ਘੁੱਟ ਲਾ ਕੇ ਹੀ ਘਰ ਮੁੜਦਾ। ਕੁਝ ਨਾ ਕੁਝ ਨਿਆਣਿਆਂ ਦੇ ਖਾਣ ਲਈ ਵੀ ਲਿਆਉਂਦਾ। ਰਸੋਈ ਦਾ ਸਮਾਨ ਵੀ ਉਹਦੇ ਸਾਈਕਲ ਉਤੇ ਲੱਦਿਆ ਹੁੰਦਾ। ਘਰ ਆ ਕੇ ਧੀਆਂ ਪੁੱਤਾਂ ਨਾਲ ਲਾਡ ਕਰਦਾ ਤੇ ਉਨ੍ਹਾਂ ਦੇ ਮੂੰਹ ਚੁੰਮਦਾ। ਬੇਬੇ, ਧੀਆਂ ਨਾਲ ਅਜਿਹੇ ਲਾਡ ਕਰਨੋਂ ਰੋਕਦੀ ਪਰ ਨਿਆਣੇ ਖੁਸ਼ੀ ਵਿਚ ਚਾਂਭਲਦੇ। ਉਹ ਕਦੇ ਲੱਤਾਂ ਨੂੰ ਚੰਬੜਦੇ, ਕਦੇ ਮੋਢਿਆਂ ‘ਤੇ ਚੜ੍ਹਦੇ। ਉਦਣ ਉਦਾਸੀ ਦੇ ਵਿਹੜੇ ਸੂਰਜ ਚੜ੍ਹਿਆ ਲੱਗਦਾ। ਨਿਆਣੇ ਉਡੀਕਦੇ ਰਹਿੰਦੇ ਕਿ ਪਾਪਾ ਕਦ ਸ਼ਹਿਰ ਜਾਵੇ ਤੇ ਲਾਡ-ਬਾਡੀਆਂ ਕਰੇ। ਮਹੀਨੇ ਮਗਰੋਂ ਤਨਖਾਹ ਲੈਣ ਲਈ ਤਾਂ ਉਹ ਸ਼ਹਿਰ ਜਾਂਦਾ ਹੀ ਸੀ। ਉਦਾਸੀ ਆਪਣੇ ਬੱਚਿਆਂ ਨਾਲ ਨਰਮ ਵੀ ਸੀ ਤੇ ਪੜ੍ਹਾਈ ਕਰਾਉਣ ਲਈ ਸਖਤ ਵੀ ਸੀ। ਉਨ੍ਹਾਂ ਨੇ ਦੋ ਮੱਝਾਂ ਰੱਖੀਆਂ ਹੋਈਆਂ ਸਨ ਜਿਨ੍ਹਾਂ ਨੂੰ ਬੰਨ੍ਹਣ-ਖੋਲ੍ਹਣ, ਚਾਰਨ, ਪਾਣੀ ਪਿਆਉਣ, ਨਹਾਉਣ, ਪੱਠੇ ਪਾਉਣ ਤੇ ਗੋਹਾ ਕੂੜਾ ਕਰਨ ਵਿਚ ਸਾਰਾ ਟੱਬਰ ਰੁਝਿਆ ਰਹਿੰਦਾ।
ਜਦੋਂ ਉਦਾਸੀ ਸਹੁਰੀਂ ਜਾਂਦਾ ਤਾਂ ਮੱਛਰ ਵੀ ਜਾਂਦਾ। ਉਹ ਜਣੇ-ਖਣੇ ਨੂੰ ਸਾਲਾ ਬਣਾ ਧਰਦਾ। ਉਹਦਾ ਸਹੁਰਾ ਪਿੰਡ ਨੱਥੋਕੇ ਜ਼ਿਲ੍ਹਾ ਫਰੀਦਕੋਟ ਵਿਚ ਹੋਣ ਕਰ ਕੇ ਲਾਚੜਿਆ ਹੋਇਆ ਉਹ ਫਰੀਦਕੋਟ ਦੇ ਕਾਮਰੇਡਾਂ ਨੂੰ ਵੀ ਸਾਲੇ ਆਖਣੋਂ ਨਾ ਟਲਦਾ। ਆਪਣੇ ਜੁਆਕਾਂ ਨੂੰ ਕਹਿੰਦਾ ਕਿ ਇਹ ਥੋਡੇ ਮਾਮੇ ਨੇ! ਸਹੁਰੀਂ ਗਿਆ ਵਿਹੜੇ ਦੇ ਮੁਰਗੇ ਨਾ ਛੱਡਦਾ। ਜੀਹਦਾ ਕੁੱਕੜ ਕੋਲ ਦੀ ਲੰਘਦਾ, ਫੜ ਕੇ ਧੌਣ ਮਰੋੜ ਦਿੰਦਾ। ਅਗਲੇ ਜੁਆਈ ਭਾਈ ਸਮਝ ਕੇ ਚੁੱਪ ਰਹਿੰਦੇ। ਲੁਕ ਛਿਪ ਕੇ ਰਾਤ ਕੱਟਣ ਵਾਲੇ ਉਹਦੇ ਨਕਸਲਬਾੜੀਏ ਸਾਥੀ ਕਹਿੰਦੇ ਕਿ ਉਦਾਸੀ ਦੇ ਸਹੁਰੇ ਆਏ-ਗਏ ਦੀ ਬੜੀ ਖਾਤਰ ਕਰਦੇ ਨੇ। ਜਦੋਂ ਉਹ ਰਾਏਸਰ ਜਾ ਕੇ ਉਦਾਸੀ ਦੇ ਸਹੁਰਿਆਂ ਦੀ ਵਡਿਆਈ ਕਰਦੇ ਤਾਂ ਉਦਾਸੀ ਘਰ ਵਾਲੀ ਨੂੰ ਲਾ ਕੇ ਕਹਿੰਦਾ, “ਆਹੀ ਸੀਂਢਲ ਜੀ ਖਾਤਰ ਨੀ ਕਰਦੀ, ਉਹ ਤਾਂ ਬਥੇਰੀ ਖਾਤਰ ਕਰਦੇ ਆ ਭਾਈ।”
ਉਹਦਾ ਹੱਥ ਹਮੇਸ਼ਾਂ ਤੰਗ ਰਹਿੰਦਾ ਸੀ। ਯਾਰ ਬੇਲੀ ਵੀ ਮਦਦ ਕਰਨ ਦੀ ਹੈਸੀਅਤ ਵਿਚ ਨਹੀਂ ਸਨ। ਹੱਥ ਸੁਖਾਲਾ ਕਰਨ ਲਈ ਉਹ ਵਿਆਹਾਂ ਦੇ ਅਨੰਦ ਕਾਰਜਾਂ ਉਤੇ ਕਵਿਤਾਵਾਂ ਤੇ ਗੀਤ ਗਾਉਣ ਲੱਗ ਪਿਆ ਸੀ। ਜਿਹੜੇ ਪੈਸੇ ਸਿਹਰੇ ਤੇ ਸਿੱਖਿਆ ਪੜ੍ਹਨ ਵਾਲਿਆਂ ਨੂੰ ਮਿਲਣੇ ਹੁੰਦੇ ਉਹ ਉਦਾਸੀ ਨੂੰ ਮਿਲ ਜਾਂਦੇ, ਬਲਕਿ ਉਹਦੇ ਪ੍ਰਸ਼ੰਸਕ ਕੁਝ ਵੱਧ ਹੀ ਦੇ ਦਿੰਦੇ। ਇੰਜ ਪੈਸੇ ਕਮਾਉਣ ਨੂੰ ਉਹਦੇ ਕੁਝ ਸਾਥੀ ਚੰਗਾ ਨਾ ਸਮਝਦੇ ‘ਤੇ ਪਿੱਠ ਪਿੱਛੇ ਉਹਦੀ ਨਿੰਦਿਆ ਕਰਦੇ ਕਹਿੰਦੇ, “ਇਹਨੇ ਭਾਈਆਂ ਵਾਲਾ ਕੰਮ ਕਿਉਂ ਫੜ ਲਿਆ?” ਪਰ ਉਦਾਸੀ ਨੂੰ ਪੈਸਿਆਂ ਦੀ ਲੋੜ ਸੀ ਤੇ ਉਹ ਅਨੰਦ ਕਾਰਜਾਂ ਤੋਂ ਅਗਾਂਹ ਗੁਰਦੁਆਰਿਆਂ ਵਿਚ ਦੀਵਾਨਾਂ ਮੌਕੇ ਵੀ ਗੀਤ-ਕਵਿਤਾਵਾਂ ਗਾਉਣ ਲੱਗ ਪਿਆ ਤੇ ਰਾਗੀਆਂ ਢਾਡੀਆਂ ਵਾਂਗ ਹੀ ਦਮੜੇ ਲੈਣ ਲੱਗ ਪਿਆ।
ਉਹ ਬੇਸ਼ੱਕ ਗੁਰਦੁਆਰੇ ਦੀ ਸਟੇਜ ‘ਤੇ ਗਾਉਂਦਾ, ਸਰਕਾਰੀ ਕਵੀ ਦਰਬਾਰਾਂ ਵਿਚ, ਤੇ ਜਾਂ ਅਨੰਦ ਕਾਰਜਾਂ ਸਮੇਂ; ਉਹਦੇ ਗੀਤ ਹਮੇਸ਼ਾ ਇਨਕਲਾਬੀ ਤੇ ਉਸਾਰੂ ਹੁੰਦੇ। ਕੋਈ ਉਸ ਦੇ ਗੀਤਾਂ ‘ਚ ਨੁਕਸ ਨਹੀਂ ਸੀ ਕੱਢ ਸਕਦਾ। ਉਹਦੇ ਇਨਕਲਾਬੀ ਸਾਥੀ ਉਦਾਸੀ ਦੇ ਇਸ ਤਰ੍ਹਾਂ ਪੈਸੇ ਕਮਾਉਣ ਦੀ ਨੁਕਤਾਚੀਨੀ ਤਾਂ ਕਰਦੇ, ਪਰ ਇਹਦਾ ਕੋਈ ਹੋਰ ਇਲਾਜ ਨਾ ਸੋਚਦੇ। ਕੋਈ ਅਦਾਰਾ ਉਹਦੀ ਆਰਥਿਕ ਮਦਦ ਲਈ ਅੱਗੇ ਨਾ ਆਇਆ। ਉਦਾਸੀ ਨੂੰ ਘਰ ਦੇ ਗੁਜ਼ਾਰੇ ਲਈ ਪੈਸਿਆਂ ਦੀ ਲੋੜ ਸੀ ਜੋ ਹੋਰ ਕਿਸੇ ਤਰ੍ਹਾਂ ਪੂਰੀ ਨਾ ਹੁੰਦੀ। ਇਸ ਸਥਿਤੀ ਵਿਚ ਜੋ ਉਦਾਸੀ ਦੇ ਦਿਲ ‘ਤੇ ਬੀਤਦੀ, ਉਹਦਾ ਦੁੱਖ ਉਹੀ ਜਾਣਦਾ ਸੀ। ਇਕੇਰਾਂ ਉਸ ਨੇ ਆਪਣੀ ਧੀ ਨੂੰ ਉਚੇਰੀ ਪੜ੍ਹਾਈ ਕਰਾਉਣ ਦੇ ਖਰਚੇ ਦੀ ਗੱਲ ਮੇਰੇ ਕੋਲ ਵੀ ਕੀਤੀ ਸੀ। ਹੋਰਨਾਂ ਕੋਲ ਵੀ ਕਰਦਾ ਹੋਵੇਗਾ। ਇਹ ਸਾਡੇ ਬਹੁਤ ਸਾਰੇ ਕਲਾਕਾਰਾਂ ਦਾ ਦੁਖਾਂਤ ਹੀ ਰਿਹਾ ਕਿ ਗਰੀਬੀ ਨੇ ਪੱਟੀ ਨਹੀਂ ਬੱਝਣ ਦਿੱਤੀ। ਵਿਚਾਰਾ ਉਦਾਸੀ ਕੀ ਕਰਦਾ? ਵੱਡੇ ਪਰਿਵਾਰ ਦੀ ਪਾਲਣਾ ਪ੍ਰਾਇਮਰੀ ਮਾਸਟਰ ਦੀ ਤਨਖਾਹ ਨਾਲ ਨਹੀਂ ਸੀ ਹੋ ਸਕਦੀ।
ਨਕਸਲਬਾੜੀ ਲਹਿਰ ਨੂੰ ਪ੍ਰਨਾਇਆ ਹੋਣ ਕਾਰਨ ਉਹ ਗੁਰਦੁਆਰਿਆਂ ਦੀਆਂ ਸਟੇਜਾਂ ਉਤੇ ਇਨਕਲਾਬੀ ਸਿੱਖ ਵਿਰਸੇ ਦੀਆਂ ਬਾਤਾਂ ਹੀ ਪਾਉਂਦਾ। ਸਰਕਾਰੀ ਕਵੀ ਦਰਬਾਰਾਂ ਵਿਚ ਵੀ ਸਰਕਾਰ ਵਿਰੋਧੀ ਕਵਿਤਾਵਾਂ ਪੜ੍ਹਦਾ। ਸਰਕਾਰੀ ਅਫਸਰਾਂ ਦੀ ਉਹਨੇ ਕਦੇ ਖੁਸ਼ਾਮਦ ਨਹੀਂ ਸੀ ਕੀਤੀ ਤੇ ਨਾ ਹੀ ਸਰਕਾਰਾਂ ਦੇ ਸੋਹਲੇ ਗਾਏ। ਉਹ ਸਥਾਪਤੀ ਦੇ ਮੰਚ ਉਤੇ ਸਥਾਪਤੀ ਵਿਰੁਧ ਬੋਲਦਾ ਰਿਹਾ। ‘ਦਿੱਲੀਏ ਦਿਆਲਾ ਦੇਖ’ ਕਵਿਤਾ ਉਸ ਨੇ ਲਾਲ ਕਿਲ੍ਹੇ ਦੇ ਸਰਕਾਰੀ ਕਵੀ ਦਰਬਾਰ ਵਿਚ ਪੜ੍ਹੀ ਸੀ। ਉਹ ਅਕਸਰ ਕਹਿੰਦਾ ਸੀ, “ਲਾਲ ਕਿਲ੍ਹੇ ‘ਤੇ ਕਵਿਤਾ ਹੀ ਨਹੀਂ ਪੜ੍ਹਨੀ, ਲਾਲ ਕਿਲ੍ਹੇ ‘ਤੇ ਲਾਲ ਝੰਡਾ ਵੀ ਗੱਡਣੈਂ।”
ਅਨੰਦ ਕਾਰਜਾਂ ਉਤੇ ਉਹ ਅਕਸਰ ‘ਡੋਲੀ’ ਨਾਂ ਦੀ ਕਵਿਤਾ ਸੁਣਾਉਂਦਾ:
ਹੱਸ-ਹੱਸ ਤੋਰ ਦੇ ਤੂੰ ਡੋਲੀ ਮੇਰੀ ਬਾਬਲਾ ਵੇ, ਕਿਹੜੀ ਗੱਲੋਂ ਰਿਹਾ ਏਂ ਤੂੰ ਝੂਰ
ਧਰਤੀ ਤਿਹਾਈ ਜਿਉਂ ਪਸੀਨਾ ਮੰਗੇ ਕਾਮਿਆਂ ਦਾ, ਮਾਂਗ ਮੇਰੀ ਮੰਗਦੀ ਸੰਧੂਰæææ
ਇਕ ਤਲਵਾਰ ਮੇਰੀ ਡੋਲੀ ਵਿਚ ਰੱਖ ਦਿਓ, ਹੋਰ ਵੀਰੋ ਦਿਓ ਨਾ ਵੇ ਦਾਜ
ਸਾਡੇ ਵੱਲ ਕੈਰੀ ਅੱਖ ਝਾਕ ਨਾ ਵੇ ਸਕੇ, ਸਾਡਾ ਰਸਮੀ ਤੇ ਵਹਿਮੀ ਇਹ ਸਮਾਜ
ਰਾਹਾਂ ਵਿਚ ਪਿੰਡ ਦਿਆਂ ਲੰਬੜਾਂ ਨੇ ਘਾਤ ਲਾਈ, ਜੁਰਮਾਂ ਦਾ ਜਿਨ੍ਹਾਂ ਨੂੰ ਗਰੂਰ
ਜਿਵੇਂ ਸਾਡਾ ਸਾਰਿਆਂ ਦਾ ਢਿੱਡ ਰੋਟੀ ਮੰਗਦਾ ਹੈ, ਮਾਂਗ ਮੇਰੀ ਮੰਗਦੀ ਸੰਧੂਰ।
ਉਹ ਅਨੰਦ ਕਾਰਜਾਂ ‘ਤੇ ਜਾਂਦਾ ਤਾਂ ਵਿਆਹਾਂ ਵਾਲਾ ਖਾਣ-ਪੀਣ ਵੀ ਕਰ ਲੈਂਦਾ। ਉਹਦੇ ਪ੍ਰਸ਼ੰਸਕ ਉਹਨੂੰ ਦਾਰੂ ਪਿਆ ਕੇ ਗੀਤ ਸੁਣਦੇ ਤੇ ਪਿੱਛੋਂ ਉਹਦੀ ਪੀਤੀ ਦੀਆਂ ਗੱਲਾਂ ਕਰਦੇ। ਕਦੇ-ਕਦੇ ਸ਼ਰਾਬ ਉਹਦੇ ਉਤੋਂ ਦੀ ਵੀ ਹੋ ਜਾਂਦੀ ਤੇ ਉਹ ਜਿਥੇ ਹੁੰਦਾ, ਉਥੇ ਹੀ ਡਿੱਗ-ਢਹਿ ਪੈਂਦਾ। ਦਿਨ-ਦਿਹਾਰ ਤੋਂ ਹਫਤੇਵਾਰ ‘ਤੇ ਆਇਆ ਉਹ ਨਿੱਤ ਦਾ ਪਿਆਕੜ ਬਣ ਗਿਆ ਸੀ। ਪਊਆ ਪੀਤੇ ਬਿਨਾਂ ਉਹਨੂੰ ਟੇਕ ਨਾ ਆਉਂਦੀ। ਕਈ ਵਾਰ ਅਧੀਆ ਤੇ ਵੱਧ ਵੀ ਖਿੱਚ ਜਾਂਦਾ। ਰੂੜੀ ਮਾਰਕਾ ਤੋਂ ਸੰਤਰਾ ਤੇ ਵਿਸਕੀ ਤਕ ਜਿਹੋ ਜਿਹੀ ਮਿਲਦੀ, ਉਹੋ ਜਿਹੀ ਪੀਈ ਜਾਂਦਾ। ਪੀਣ ਉਤੇ ਉਹਦਾ ਕੰਟਰੋਲ ਨਾ ਰਹਿੰਦਾ। ਉਹ ਪੂਰਾ ਨਹੀਂ ਤਾਂ ਅਰਧ-ਅਲਕੋਹਲਿਕ ਜ਼ਰੂਰ ਹੋ ਗਿਆ ਸੀ।
ਸ਼ਰਾਬ ਸਾਡੇ ਕਈ ਕਵੀਆਂ ਤੇ ਲੇਖਕਾਂ ਦੀ ਕਮਜ਼ੋਰੀ ਬਣੀ ਹੈ। ਸ਼ਿਵ ਕੁਮਾਰ ਬਟਾਲਵੀ ਕਮਾਲ ਦਾ ਕਵੀ ਸੀ, ਉਸ ਨੂੰ ਇਸ਼ਕ-ਮੁਸ਼ਕ ਨਾਲ ਸ਼ਰਾਬ ਵੀ ਲੈ ਬੈਠੀ। ਕਰਮਜੀਤ ਕੁੱਸਾ ਬੜਾ ਹੋਣਹਾਰ ਨਾਵਲਕਾਰ ਸੀ, ਪਰ ਸ਼ਰਾਬ ਨੇ ਉਹ ਛੋਟੀ ਉਮਰ ਵਿਚ ਹੀ ਨਿਗਲ ਲਿਆ। ਮੀਸ਼ੇ ਦੀ ਮੌਤ ਵੀ ਸ਼ਰਾਬ ਨਾਲ ਜੋੜੀ ਜਾਂਦੀ ਹੈ। ਸਵਿਤੋਜ ਨੂੰ ਵੀ ਸ਼ਰਾਬ ਦਾ ਸੰਤਾਪ ਲੱਗਾ। ਨੰਦ ਲਾਲ ਨੂਰਪੁਰੀ ਸ਼ਰਾਬ ਦੇ ਦੁੱਖੋਂ ਖੁਦਕਸ਼ੀ ਕਰ ਗਿਆ। ਸ਼ਰਾਬ ਨੇ ਹੋਰ ਵੀ ਕਈਆਂ ਦਾ ਖਾਨਾ ਖਰਾਬ ਕੀਤਾ। ਕੀ ਪਤਾ ਉਦਾਸੀ ਦੇ ਅਧਖੜ ਉਮਰ ਵਿਚ ਹੀ ਗੁਜ਼ਰ ਜਾਣ ਦਾ ਇਕ ਕਾਰਨ ਸ਼ਰਾਬ ਵੀ ਹੋਵੇ। ਉਹਦੀ ਮੌਤ ਅਜੇ ਵੀ ਬੁਝਾਰਤ ਹੈ।
ਮੈਂ ਉਦਾਸੀ ਨਾਲ ਆਪ ਤਾਂ ਘੱਟ ਹੀ ਪੀਤੀ, ਪਰ ਉਹਨੂੰ ਰੱਜ ਕੇ ਪੀਂਦੇ ਜ਼ਰੂਰ ਵੇਖਿਆ। ਇਕ ਵਾਰ ਅਸੀਂ ਪਿੰਡ ਕੁੱਸੇ ‘ਕੱਠੇ ਹੋਏ। ਕਰਮਜੀਤ ਕੁੱਸੇ ਦੀ ਭੈਣ ਦਾ ਵਿਆਹ ਸੀ। ਕੁਝ ਅਧਿਆਪਕ ਦੋਸਤ-ਮਿੱਤਰ ਬਾਹਰਲੇ ਘਰ ਜਾ ਬੈਠੇ ਜਿਥੇ ਦਾਰੂ ਦੀ ਮਹਿਫਿਲ ਜੰਮ ਗਈ। ਦਾਰੂ ਦੀ ਲੋਰ ਵਿਚ ਉਦਾਸੀ ਚੜ੍ਹਦੇ ਤੋਂ ਚੜ੍ਹਦਾ ਗੀਤ ਗਾਉਂਦਾ ਗਿਆ। ਲੋਹੜਿਆਂ ਦਾ ਤਰੰਨੁਮ ਸੀ ਉਹਦੇ ਗਾਉਣ ਵਿਚ। ਮੰਝੇ ਹੋਏ ਗਾਇਕਾਂ ਵਾਲਾ। ਗਰਾਰੀਆਂ ਵਾਲੀ ਦਿਲ ਧੂਹਵੀਂ ਆਵਾਜ਼। ਕਈ ਤਰਜ਼ਾਂ ਉਹਨੇ ਕਮਾਲ ਦੀਆਂ ਕੱਢੀਆਂ। ਡੋਲੀ ਤੋਰਨ ਦਾ ਵਕਤ ਹੋਇਆ ਤਾਂ ਮਹਿਫਿਲ ਉਠ ਖੜ੍ਹੀ ਹੋਈ, ਪਰ ਉਦਾਸੀ ਤੋਂ ਉਠਿਆ ਨਾ ਗਿਆ। ਉਹ ਘਰੋੜੇ ਮੰਜੇ ਉਤੇ ਹੀ ਲਮਲੇਟ ਹੋ ਗਿਆ ਤੇ ਉਹਦੇ ਸਾਥੀ ਉਹਨੂੰ ਉਥੇ ਹੀ ਛੱਡ ਗਏ। ਛੱਡ ਹੀ ਨਹੀਂ ਗਏ ਬਲਕਿ ਉਹਦੀ ਵੱਧ ਪੀਤੀ ਉਤੇ ਆਪਣੀ ਘੱਟ ਪੀਤੀ ਖੇੜਦੇ ਗਏ!
1982 ‘ਚ ਉਹ ਮੇਰੇ ਸਨਮਾਨ ਲਈ ਕੀਤੇ ਜਾ ਰਹੇ ਢੁੱਡੀਕੇ ਸਾਹਿਤ ਸਭਾ ਦੇ ਸਮਾਗਮ ਵਿਚ ਸਾਡੇ ਪਿੰਡ ਚਕਰ ਆਇਆ। ਜਸਵੰਤ ਸਿੰਘ ਕੰਵਲ ਵੀ ਹਾਜ਼ਰ ਸੀ ਤੇ ਹਾਕੀ ਵਾਲਾ ਪ੍ਰਿਥੀਪਾਲ ਸਿੰਘ ਵੀ। ਜਥੇਦਾਰ ਤੋਤਾ ਸਿੰਘ ਵੀ ਤੇ ਗੁਰਭਜਨ ਸਿੰਘ ਗਿੱਲ ਵੀ। ਸਮਾਗਮ ਉਹਦੇ ਗੀਤਾਂ ਨਾਲ ਸਰਸ਼ਾਰਿਆ ਗਿਆ। ਸਰੋਤੇ ਬੜੇ ਖੁਸ਼ ਹੋਏ ਤੇ ਉਹਦਾ ਗੀਝਾ ਨੋਟਾਂ ਨਾਲ ਭਰ ਗਿਆ। ਮੈਨੂੰ ਡਰ ਕਿ ਖਾਣ-ਪੀਣ ਵੇਲੇ ਉਦਾਸੀ ਕਿਤੇ ਕੁੱਸੇ ਵਾਲੀ ਨਾ ਕਰ ਬਹੇ। ਪੈਸੇ ਨਾ ਡੇਗ ਬੈਠੇ। ਇਸ ਲਈ ਮੈਂ ਪੀਣ ਪਿਆਉਣ ਦੀ ਸੁਲ੍ਹਾ ਨਾ ਮਾਰੀ ਤੇ ਉਦਾਸੀ ਬਿਨ ਪੀਤਿਆਂ ਉਦਾਸ ਜਿਹਾ ਰਾਏਸਰ ਚਲਾ ਗਿਆ। ਫਿਰ ਉਹ ਮੇਰੇ ਭਰਾ ਦੇ ਵਿਆਹ ਤੇ ਅਮਰੀਕਾ ਜਾਣ ਦੀ ਖੁਸ਼ੀ ਵਿਚ ਰੱਖੇ ਅਖੰਡ ਪਾਠ ਦੇ ਭੋਗ ਮੌਕੇ ਆਇਆ। ਉਸ ਨੇ ਕਵਿਤਾਵਾਂ ਸੁਣਾਈਆਂ ਜੋ ਸੰਗਤ ਵੱਲੋਂ ਸਲਾਹੀਆਂ ਗਈਆਂ। ਮਾਣ-ਤਾਣ ਤਾਂ ਹੋਣਾ ਹੀ ਸੀ। ਭੋਗ ਪੈ ਚੁੱਕਾ ਤਾਂ ਢੁੱਡੀਕੇ ਦੇ ਪ੍ਰੋਫੈਸਰ ਕਹਿਣ ਲੱਗੇ, “ਉਦਾਸੀ ਆਇਆ ਹੋਇਐ। ਏਥੋਂ ਉਠੀਏ ਤੇ ਕਿਤੇ ਹੋਰ ਬਹਿ ਕੇ ਉਦਾਸੀ ਦੇ ਗੀਤ ਸੁਣਨ ਦੀ ਮਹਿਫਿਲ ਲਾਈਏ।”
ਉਦਣ ਸਾਹਿਤ ਸਭਾ ਦੇ ਸਮਾਗਮ ਥਾਂ ਭਰਾ ਦੇ ਵਿਆਹ ਦੀ ਖੁਸ਼ੀ ਮਨਾਉਣ ਦਾ ਮੌਕਾ ਸੀ। ਇਸ ਖੁਸ਼ੀ ‘ਚ ਦਾਰੂ ਪੀਣ ਪਿਆਉਣ ਤੋਂ ਸੰਕੋਚ ਕਰਨਾ ਵਾਜਬ ਨਹੀਂ ਸੀ। ਮਾਸਟਰ ਗੁਰਪ੍ਰੀਤ ਦੇ ਚੁਬਾਰੇ ਵਿਚ ਖਾਣ-ਪੀਣ ਦਾ ਪ੍ਰਬੰਧ ਕਰ ਦਿੱਤਾ ਗਿਆ। ਬਾਅਦ ਦੁਪਹਿਰ ਲੱਗੀ ਮਹਿਫਿਲ ਡੂੰਘੀ ਸ਼ਾਮ ਤਕ ਲੱਗੀ ਰਹੀ। ਚੁਬਾਰੇ ਦੀਆਂ ਕੰਧਾਂ ਉਦਾਸੀ ਦੇ ਗੀਤਾਂ ਨਾਲ ਲਰਜ਼ਦੀਆਂ ਰਹੀਆਂ। ਮੇਰੀ ਤੇ ਗੁਰਪ੍ਰੀਤ ਦੀ ਕੋਸ਼ਿਸ਼ ਸੀ ਕਿ ਉਦਾਸੀ ਠੀਕ-ਠਾਕ ਰਹੇ, ਪਰ ਕਿਸੇ ਪ੍ਰੋਫੈਸਰ ਨੇ ਪਤਾ ਨਹੀਂ ਕਦੋਂ ਉਹਨੂੰ ਭਰਵਾਂ ਹਾੜਾ ਲੁਆ ਕੇ ਤਾਲੋਂ-ਬੇਤਾਲ ਕਰ ਦਿੱਤਾ। ਫਿਰ ਉਹੀ ਗੱਲ ਹੋਈ ਜੀਹਦਾ ਡਰ ਸੀ। ਉਦਾਸੀ ਗੀਤ ਗਾਉਣ ਦੀ ਥਾਂ ਘਿਆਕੋ ਬਿੱਲੀਆਂ ਬੁਲਾਉਣ ਲੱਗਾ। ਉਸ ਨੇ ਪੱਗ ਲਾਹ ਧਰੀ ਤੇ ਜਟਾਂ ਖਿਲਾਰ ਲਈਆਂ। ਬਾਕੀ ਤਾਂ ਸਾਰੇ ਆਪੋ-ਆਪਣੇ ਰਾਹ ਪੈ ਗਏ, ਪਰ ਉਦਾਸੀ ਚੁਬਾਰੇ ‘ਚੋਂ ਉਤਰਨ ਜੋਗਾ ਵੀ ਨਾ ਰਿਹਾ। ਅਗਲੇ ਦਿਨ ਪਤਾ ਲੱਗਾ ਕਿ ਗੁਰਪ੍ਰੀਤ ਹੋਰੀਂ ਸਾਰੀ ਰਾਤ ਜਾਗਦੇ ਰਹੇ ਕਿ ਹਾਏ-ਹਾਏ ਕਰਦੇ ਉਦਾਸੀ ਨੂੰ ਕੁਝ ਹੋ ਹੀ ਨਾ ਜਾਵੇ। ਸਵੇਰੇ ਉਹ ਸ਼ਰਮ ਦਾ ਮਾਰਿਆ ਮੈਨੂੰ ਮਿਲੇ ਬਿਨਾਂ ਹੀ ਚਲਾ ਗਿਆ। ਉਹਦੀ ਭਾਜੀ ਵੀ ਬੰਨ੍ਹੀ ਰਹਿ ਗਈ। ਇਹ 1984 ਦੀ ਗੱਲ ਸੀ।
ਇਕ ਵਾਰ ਜਗਰਾਓਂ ਦੇ ਲਾਲਾ ਲਾਜਪਤ ਰਾਏ ਕਾਲਜ ਵਿਚ ਗੁਰਭਜਨ ਗਿੱਲ ਹੋਰਾਂ ਨੇ ਕਵੀ ਦਰਬਾਰ ਕਰਵਾਇਆ। ਹੋਰਨਾਂ ਕਵੀਆਂ ਤੋਂ ਬਿਨਾਂ ਸੂਬਾ ਸਿੰਘ ਨੂੰ ਵੀ ਸੱਦਿਆ ਗਿਆ ਤੇ ਸੰਤ ਰਾਮ ਉਦਾਸੀ ਨੂੰ ਵੀ। ਸੂਬਾ ਸਿੰਘ ਦੀਆਂ ਹਾਸਰਸੀ ਕਵਿਤਾਵਾਂ ਰੰਗ ਬੰਨ੍ਹ ਦਿੰਦੀਆਂ ਸਨ ਪਰ ਉਥੇ ਇਸ ਕਰ ਕੇ ਰੰਗ ਨਾ ਬੱਝਾ ਕਿ ਵਿਦਿਆਰਥੀ ਵਾਰ-ਵਾਰ ਉਦਾਸੀ ਦੀ ਮੰਗ ਕਰਦੇ ਰਹੇ। ਅੱਕ ਕੇ ਗੁਰਭਜਨ ਨੇ ਕਿਹਾ, “ਓਏ ਚੁੱਪ ਵੀ ਕਰੋ। ਪਹਿਲਾਂ ਸੂਬਾ ਸਿੰਘ ਦੀ ਹਾਸੀ ਤਾਂ ਸੁਣ ਲਓ, ਫੇਰ ਸੰਤ ਰਾਮ ਦੀ ਉਦਾਸੀ ਵੀ ਵਰਤਾ ਦਿਆਂਗੇ! ਉਦਾਸੀ ਏਥੇ ਈ ਐ, ਕਿਤੇ ਭੱਜ ਨਹੀਂ ਚੱਲਿਆ।”
ਸਾਹਿਤ ਟਰੱਸਟ ਢੁੱਡੀਕੇ ਵੱਲੋਂ ਪਹਿਲਾ ਬਾਵਾ ਬਲਵੰਤ ਯਾਦਗਾਰੀ ਪੁਰਸਕਾਰ 1978 ਵਿਚ ਸੰਤ ਰਾਮ ਉਦਾਸੀ ਨੂੰ ਦਿੱਤਾ ਗਿਆ ਸੀ। ਜਸਵੰਤ ਸਿੰਘ ਕੰਵਲ ਨਾਲ ਅਸੀਂ ਢੁੱਡੀਕੇ ਤੋਂ ਲੁਧਿਆਣੇ ਦੀ ਜ਼ਰਾਇਤੀ ਯੂਨੀਵਰਸਿਟੀ ਗਏ ਸਾਂ। ਸਮਾਗਮ ਪਾਲ ਆਡੀਟੋਰੀਅਮ ਵਿਚ ਸੀ ਜਿਸ ਦਾ ਇੰਤਜ਼ਾਮ ਡਾæ ਐਸ਼ ਐਸ਼ ਦੁਸਾਂਝ ਨੇ ਕੀਤਾ ਸੀ। ਉਥੇ ਸੰਤ ਸਿੰਘ ਸੇਖੋਂ ਤੇ ਹੋਰ ਕਈ ਸਾਹਿਤਕਾਰ ਵੀ ਹਾਜ਼ਰ ਸਨ। ਵਿਦਿਆਰਥੀਆਂ ਨਾਲ ਹਾਲ ਖਚਾਖਚ ਭਰਿਆ ਹੋਇਆ ਸੀ। ਉਦਾਸੀ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਆਇਆ ਸੀ। ਉਦੋਂ ਤਕ ਉਹ ਸਟਾਰ ਸ਼ਾਇਰ ਬਣ ਚੁੱਕਾ ਸੀ ਜਿਸ ਦੇ ਆਟੋਗਰਾਫ ਯੂਨੀਵਰਸਿਟੀ ਦੀਆਂ ਕੁੜੀਆਂ ਵੀ ਲੈ ਰਹੀਆਂ ਸਨ। ਉਥੇ ਉਸ ਨੂੰ ਕੰਬਲੀ ਨਾਲ 11 ਸੌ ਰੁਪਏ ਦੀ ਥੈਲੀ ਭੇਟ ਕੀਤੀ ਗਈ ਜਿਸ ਨਾਲ ਉਸ ਨੇ ਖਰਚਿਆਂ ਦੀਆਂ ਕਈ ਖੁੱਡਾਂ ਬੰਦ ਕੀਤੀਆਂ। ਸਮਾਗਮ ਵਿਚ ਉਸ ਨੇ ਕੰਮੀਆਂ ਦੇ ਵਿਹੜੇ ਦਾ ਗੀਤ ਆਪਣੀ ਬੁਲੰਦ ਆਵਾਜ਼ ਵਿਚ ਗਾਇਆ ਸੀ:
ਮਾਂ ਧਰਤੀਏ! ਤੇਰੀ ਗੋਦ ਨੂੰ ਚੰਨ ਹੋਰ ਬਥੇਰੇ,
ਤੂੰ ਮਘਦਾ ਰe੍ਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ।
ਜਿਥੇ ਜੰਮਦਾ ਬੰਦਾ ਸੀਰੀ ਹੈ, ਟਕਿਆਂ ਦੀ ਮੀਰੀ ਪੀਰੀ ਹੈ,
ਜਿਥੇ ਕਰਜ਼ੇ ਹੇਠ ਪੰਜੀਰੀ ਹੈæææ
ਜਿਥੇ ਹਾਰ ਮੰਨ ਲਈ ਚਾਵਾਂ ਨੇ, ਜਿਥੇ ਕੂੰਜ ਘੇਰ ਲਈ ਕਾਂਵਾਂ ਨੇ,
ਜਿਥੇ ਅਣਵਿਆਹੀਆਂ ਹੀ ਮਾਂਵਾਂ ਨੇ, ਜਿਥੇ ਧੀਆਂ ਹੌਕੇ ਲੈਂਦੀਆਂ ਅਸਮਾਨ ਜਡੇਰੇ,
ਤੂੰ ਮਘਦਾ ਰe੍ਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇæææ।
ਇਸ ਗੀਤ ਨੂੰ ਏਨਾ ਪਸੰਦ ਕੀਤਾ ਗਿਆ ਕਿ ਹਾਲ ਦੇਰ ਤਕ ਤਾੜੀਆਂ ਨਾਲ ਗੂੰਜਦਾ ਰਿਹਾ।
ਫਿਰ ਜਗਦੇਵ ਸਿੰਘ ਜੱਸੋਵਾਲ ਨੇ ਐਲਾਨ ਕਰ ਦਿੱਤਾ ਕਿ ਉਦਾਸੀ ਦਾ ਸਨਮਾਨ ਸਿੱਕਿਆਂ ਨਾਲ ਤੋਲ ਕੇ ਕੀਤਾ ਜਾਵੇਗਾ। ਉਦਾਸੀ ਕਈ ਦਿਨ ਫੈਸਲਾ ਨਾ ਕਰ ਸਕਿਆ ਕਿ ਅਜਿਹਾ ਸਨਮਾਨ ਲਵੇ ਜਾਂ ਨਾ? ਆਖਰ ਉਸ ਨੇ ਇਹ ਸਨਮਾਨ ਲੈ ਲਿਆ ਤੇ ਆਪਣਾ ਭਾਰ ਸਿੱਕਿਆਂ ਨਾਲ ਤੁਲਵਾ ਲਿਆ। ਇਹਦੇ ਨਾਲ ਵੀ ਕਈ ਖਰਚਿਆਂ ਦੀਆਂ ਖੁੱਡਾਂ ਮੁੰਦੀਆਂ ਗਈਆਂ, ਪਰ ਉਹਦੇ ਕਈ ਕਾਮਰੇਡ ਯਾਰਾਂ ਦੋਸਤਾਂ ਨੇ ਇਸ ਦਾ ਬੁਰਾ ਮਨਾਇਆ ਤੇ ਮਤੇ ਪਾਸ ਕਰ ਦਿੱਤੇ ਕਿ ਉਦਾਸੀ ਨੂੰ ਹੁਣ ਨਕਸਲੀਆਂ ਦੀਆਂ ਸਟੇਜਾਂ ‘ਤੇ ਨਹੀਂ ਬੋਲਣ ਦੇਣਾ। ਉਨ੍ਹਾਂ ਨੇ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਕਿ ਸੰਤ ਰਾਮ ਉਦਾਸੀ ਹੁਣ ਪਹਿਲਾਂ ਵਾਲਾ ਉਦਾਸੀ ਨੀ ਰਿਹਾ। ਉਹ ਪਰੋਲੇਤਾਰੀ ਬਣੇ ਰਹਿਣ ਦੀ ਥਾਂ ਪੈਸੇ ਦਾ ਪੁੱਤ ਬਣ ਗਿਐ! ਪੈਸਿਆਂ ਬਦਲੇ ਵਿਕ ਗਿਐ!!
ਪਰ ਉਨ੍ਹਾਂ ਦਾ ਇਹ ਫਤਵਾ ਆਰਜ਼ੀ ਸਾਬਤ ਹੋਇਆ। ਉਦਾਸੀ ਦੀ ਮੌਤ ਤੋਂ ਪਿੱਛੋਂ ਉਹੀ ਕਾਮਰੇਡ ਉਸ ਨੂੰ ਇਨਕਲਾਬੀ ਸ਼ਾਇਰ ਮੰਨ ਰਹੇ ਨੇ ਤੇ ਉਹਦੀ ਯਾਦ ਵਿਚ ਸਮਾਗਮ ਰਚਾ ਰਹੇ ਨੇ!
(ਚਲਦਾ)

Be the first to comment

Leave a Reply

Your email address will not be published.