ਬੀਬੀ ਕਿਰਪਾਲ ਕੌਰ ਦਾ ਇਹ ਲੇਖ ‘ਰੂਹ ਦੇ ਖੰਭਾਂ ਦੀ ਉਡਾਣ’ ਪਿੱਛੇ ਰਹਿ ਗਏ ਪਿੰਡ ਦਾ ਗੇੜਾ ਹੈ। ਬੀਤੇ ਦੀਆਂ ਯਾਦਾਂ ਮਨ ਵਿਚ ਉਡ-ਉਡ ਉਚੇ ਅੰਬਰੀਂ ਭਉਂਦੀਆਂ ਹਨ ਅਤੇ ਫਿਰ ਚੇਤੇ ਦੀਆਂ ਟਹਿਣੀਆਂ ਉਤੇ ਬਹਿ ਕਲੋਲਾਂ ਕਰਦੀਆਂ ਹਨ। ਇਹ ਯਾਦਾਂ ਹਰ ਵਾਰ ਕੁਝ ਨਾ ਕੁਝ ਨਵਾਂ ਕਹਿੰਦੀਆਂ ਹਨ। ਜਾਪਦਾ ਹੈ ਜਿਵੇਂ ਵਕਤ ਉਸੇ ਥਾਂ ਸਥਿਰ ਹੋ ਗਿਆ ਹੋਵੇ। ਬੀਤੇ ਬਾਰੇ ਇਸ ਤਰ੍ਹਾਂ ਦੀਆਂ ਫਿਲਮਾਂ ਮਨ ਵਿਚ ਪਤਾ ਨਹੀਂ ਕਿੰਨੀ ਵਾਰ ਚੱਲਦੀਆਂ ਹਨ, ਫਿਰ ਵੀ ਵਾਰ-ਵਾਰ ਦੇਖੀਆਂ ਇਹ ਫਿਲਮਾਂ ਕਦੀ ਵੀ ਪੁਰਾਣੀਆਂ ਨਹੀਂ ਪੈਂਦੀਆਂ। -ਸੰਪਾਦਕ
ਕਿਰਪਾਲ ਕੌਰ
ਫੋਨ: 815-356-9535
ਕਬੀਰ ਨੇ ਮਨ ਨੂੰ ਪੰਛੀ ਕਿਹਾ ਹੈ ਜੋ ਹਰ ਵੇਲੇ ਉਡਾਰੀਆਂ ਮਾਰਦਾ ਜਗ ਭੌਂਦਾ ਰਹਿੰਦਾ ਹੈ। ਇਸ ਦੀ ਉਡਾਣ ਦੀ ਰਫਤਾਰ ਦਾ ਮੁਕਾਬਲਾ ਵਿਗਿਆਨੀਆਂ ਵੱਲੋਂ ਬਣਾਇਆ ਕੋਈ ਵੀ ਜੰਤਰ ਨਹੀਂ ਕਰ ਸਕਦਾ। ਇਹ ਅੱਖ ਝਪਕਣ ਤੋਂ ਪਹਿਲਾਂ ਧਰਤ ਤੋਂ ਆਕਾਸ਼ ਤੇ ਆਕਾਸ਼ ਤੋਂ ਪਤਾਲ ਪਹੁੰਚ ਜਾਂਦਾ ਹੈ। ਦੁੱਖਾਂ ਦਾ ਕਾਰਨ ਵੀ ਮਨ ਹੈ, ਤੇ ਮੁਕਤੀ ਦਾ ਦਾਤਾ ਵੀ ਮਨ ਹੀ ਹੈ।
ਹੁਣੇ-ਹੁਣੇ ਮੈਂ ਅਖਬਾਰ ਪੜ੍ਹ ਰਹੀ ਸੀ। ਠੰਢੀ ਹਵਾ ਦਾ ਹਲਕਾ ਜਿਹਾ ਬੁੱਲਾ ਮੇਰੇ ਮੱਥੇ ਨੂੰ ਛੂਹ ਗਿਆ। ਮੈਂ ਸੋਚਿਆ, ਇਸ ਤਰ੍ਹਾਂ ਦੀ ਠੰਢੀ ਹਵਾ ਦੁਸਹਿਰੇ ਦੇ ਨੇੜੇ-ਤੇੜੇ ਸਾਡੇ ਪਿੰਡ ਵਗਦੀ ਹੁੰਦੀ ਸੀ। ਬੱਸ!æææਮਨ ਪੰਛੀ ਨੇ ਭਰੀ ਉਡਾਣ, ਤੇ ਪਹੁੰਚ ਗਈ ਮੈਂ ਆਪਣੇ ਪਿੰਡ, ਆਪਣੀ ਹਵੇਲੀ। ਧਰਤ ਦੀਆਂ ਦੂਰੀਆਂ, ਸਮੇਂ ਦੇ ਬੀਤੇ ਦਹਾਕੇ- ਕੋਈ ਵੀ ਸਾਹਮਣਾ ਨਾ ਕਰ ਸਕਿਆ। ਕਈ ਦਹਾਕਿਆਂ ਦੇ ਵਿਛੜੇ ਮਾਪੇ ਤੇ ਕਾਲਿਆਂ ਤੋਂ ਚਾਂਦੀ ਹੋਏ ਮੇਰੇ ਵਾਲ, ਬਦਲ ਗਿਆ ਸੀ ਸਭ ਕੁਝ। ਮੈਂ ਸਕੂਲ ਕਾਲਜ ਪੜ੍ਹਦੀ ਪਾਲ, ਹਵੇਲੀ ਦੇ ਵਿਹੜੇ ਵਿਚ ਖੜ੍ਹੀ ਬੇਜੀ ਨੂੰ ਆਵਾਜ਼ ਦੇ ਰਹੀ ਸੀæææ
ਪੱਕੇ ਵਿਹੜੇ ਵਿਚ ਕਪਾਹ ਚੁਗਾ ਕੇ ਆਈਆਂ ਚੋਗੀਆਂ ਆਪੋ-ਆਪਣੀ ਕਪਾਹ ਦੀਆਂ ਢੇਰੀਆਂ ਬਣਾ ਕੇ ਬੈਠੀਆਂ ਬੇਜੀ ਨੂੰ ਬੁਲਾ ਰਹੀਆਂ ਸਨ। ਬੇਜੀ ਸਾਹਮਣੇ ਠੀਕਰੇ ਵਿਚ ਕੁੱਤੇ ਲਈ ਲੱਸੀ ਪਾ ਰਹੇ ਸਨ। ਨਾਲੇ ਕਹਿ ਰਹੇ ਸਨ, “ਆਈ ਭਾਈ ਆਈ। ਇਹ ਬੇਜ਼ੁਬਾਨ ਪਿਆਸਾ ਹੋਵੇਗਾ।” ਇਕ ਚੋਗੀ ਬੋਲੀ, “ਬੇਬੇ ਜੀ, ਢੇਰੀਆਂ ‘ਤੇ ਨਜ਼ਰ ਮਾਰ ਲਵੋ, ਇਕੋ ਜਿਹੀਆਂ ਹਨ।” ਬੇਜੀ ਬੋਲੋ, “ਕੁੜੇ ਕਮਲੀਓ, ਕਦੀ ਤੁਹਾਡੇ ਨਾਲ ਰੌਲਾ ਪਿਆ। ਦੋ ਫੁੱਟੀਆਂ ਇਧਰ ਹੋਈਆਂ ਜਾਂ ਉਧਰ, ਕਿਸੇ ਦੇ ਚੁਬਾਰੇ ਨਹੀਂ ਪੈ ਜਾਣੇ। ਆਪੋ-ਆਪਣੀ ਢੇਰੀ ਚੁੱਕੋ। ਬਾਕੀ ਛੋਟੇ ਅੰਦਰ ਢੇਰੀ ਕਰ ਦੇਵੋ।” ਬੇਜੀ ਨੇ ਆ ਕੇ ਉਸ ਦੇ ਸਿਰ ‘ਤੇ ਹੱਥ ਰੱਖ ਕੇ ਪਿਆਰ ਨਾਲ ਕਿਹਾ। ਚੋਗੀਆਂ ਦੀ ਮਜ਼ਦੂਰੀ ਉਦੋਂ ਚੁਗੀ ਹੋਈ ਕਪਾਹ ਦਾ ਪੰਜਵਾਂ ਜਾਂ ਛੇਵਾਂ ਹਿੱਸਾ ਹੁੰਦੀ ਸੀ।
ਉਧਰ ਕੱਚੇ ਵਿਹੜੇ ਵਿਚ ਰੌਣਕ ਲੱਗੀ ਹੋਈ ਸੀ। ਕਾਫ਼ੀ ਆਦਮੀ ਔਰਤਾਂ ਖੁੱਲ੍ਹੇ ਗੋਲ ਦਾਇਰੇ ਵਿਚ ਬੈਠੇ ਸਨ। ਹਰ ਇਕ ਦੇ ਹੱਥ ਵਿਚ ਬਾਂਸ ਦੀ ਕਿੱਲੀ, ਮੋਹਰੇ ਤੋਂ ਸੂਏ ਵਾਂਗ ਤਿੱਖੀ। ਉਸ ਨਾਲ ਸੁੱਕੇ ਟਾਂਡ ਵਿਚੋਂ ਪੜਦੇ ਪਾੜ ਕੇ ਛੱਲੀ ਕੱਢੀ ਜਾਂਦੇ। ਛੱਲੀਆਂ ਦਾ ਜਿਵੇਂ ਮੀਂਹ ਵਰ੍ਹ ਰਿਹਾ ਹੋਵੇ। ਛੱਲੀਆਂ ਦੇ ਪੂਲੇ ਹਰ ਇਕ ਦੇ ਕੋਲ। ਮੀਂਹਾਂ ਜੋ ਘਰ ਦਾ ਪੱਕਾ ਕਾਮਾ ਸੀ, ਗਿਣ-ਗਿਣ ਕੇ ਪੂਲੇ ਰੱਖ ਰਿਹਾ ਸੀ। ਇਨ੍ਹਾਂ ਦੀ ਮਜ਼ਦੂਰੀ ਵੀ ਪੂਲਿਆਂ ਦਾ ਸੱਤਵਾਂ ਜਾਂ ਅੱਠਵਾਂ ਹਿੱਸਾ ਸੀ।
ਬੇਜੀ ਦਾ ਧਿਆਨ ਇਨ੍ਹਾਂ ਵੱਲ ਗਿਆ। ਮੀਂਹੇਂ ਨੂੰ ਬੋਲੇ, “ਮੀਂਹਾਂ ਸਿਆਂ, ਇਨ੍ਹਾਂ ਨੂੰ ਲੱਸੀ-ਪਾਣੀ ਪੁੱਛ ਲਵੀਂ।”
“ਪੁੱਛ ਲਿਆ ਬੇਬੇ ਜੀ, ਇਨ੍ਹਾਂ ਦਾ ਫਿਕਰ ਨਾ ਕਰੋ।”
ਬੇਜੀ ਨੂੰ ਵਰਾਂਡੇ ਵੱਲੋਂ ਆਵਾਜ਼ ਆਈ, “ਸਰਦਾਰਨੀ ਜੀ!”
ਬੇਜੀ ਨੇ ਮੁੜ ਕੇ ਪੁੱਛਿਆ, “ਕਿਸ ਆਵਾਜ਼ ਦਿੱਤੀ?”
“ਮੈਂ ਜੀ।” ਚਤੁਰ ਸਿੰਘ ਬੋਲਿਆ। ਮਸ਼ੀਨ ਕੋਲ ਖੱਦਰ ਦੇ ਦੋ ਥਾਨ ਪਏ ਸਨ। ਉਹ ਉਨ੍ਹਾਂ ਦਾ ਕੋਈ ਕੱਪੜਾ ਕੱਟਣ ਲੱਗਾ ਸੀ। ਕੋਲ ਜਾ ਕੇ ਬੇਜੀ ਬੋਲੇ, “ਦੱਸ ਭਰਾਵਾ ਕੀ ਹੁਕਮ?”
“ਨਾ ਜੀ, ਮੈਂ ਤੇ ਪੁੱਛਣਾ ਸੀæææਪਜਾਮੇ ਖੋੜੀਦਾਰ ਖੱਦਰ ਦੇ ਬਨੌਣੇ ਜਾਂ ਦੂਜੇ ਵਿਚੋਂ।”
“ਅਜੇ ਤਾਂ ਤੂੰ ਕੰਮ ਵੀ ਸ਼ੁਰੂ ਨਹੀਂ ਕੀਤਾæææਨਾ ਤੂੰ ਚਤੁਰ ਸਿਆਂæææਅਣਜਾਣ ਐਂ। ਖੋੜੀ ਵਾਲੇ ਕੱਪੜੇ ਦੇ ਕੁੜਤੇ ਬਨੌਣੇ ਹਨ।” ਬੇਜੀ ਨੇ ਉਸ ਨੂੰ ਹਲਕੀ ਜਿਹੀ ਝਾੜ ਪਾਈ।
“ਇਸ ਸਾਲ ਮੈਂ ਮੂੰਗੀ ਵੀ ਲੈਣੀæææ।” ਫਿਰ ਚਤੁਰ ਸਿੰਘ ਨੇ ਆਪਣੀ ਫਰਮਾਇਸ਼ ਕੀਤੀ।
“ਹਿੱਸੇ ਔਂਦੀ ਸਭ ਨੂੰ ਮਿਲੂ। ਅਜੇ ਤਾਂ ਮੂੰਗੀ ਕੁੱਟੀ ਨਹੀਂਉਂ।” ਬੇਜੀ ਨੇ ਕਿਹਾ, “ਅਜੇ ਤਾਂ ਤਿਲ ਖੇਤ ਵਿਚ ਖੜ੍ਹੇ, ਮੈਨੂੰ ਡਰ ਐ, ਉਥੇ ਹੀ ਨਾ ਕਿਰ ਜਾਣ।”
ਚਤੁਰ ਸਿੰਘ ਦੀ ਸਿਲਾਈ ਦਾ ਹਿਸਾਬ ਵੀ ਛੇ ਮਹੀਨੇ ਪਿਛੋਂ ਦਾਣੇ ਹੀ ਹੁੰਦੇ ਸਨ। ਹੋਰ ਛੋਟੀ ਫਸਲ ਜੋ ਘਰ ਆਉਂਦੀ, ਉਸ ਵਿਚੋਂ ਬੇਜੀ ਨੇ ਸਭ ਨੂੰ ਵੰਡ ਕੇ ਦੇਣੀ ਹੁੰਦੀ। ਹਰਾ, ਸਾਗ, ਸਬਜ਼ੀ ਤਾਂ ਸਮਝੋ ਜਿਸ ਨੂੰ ਲੋੜ ਹੈ, ਲੈ ਜਾਣੀ। ਪਿੰਡ ਵਿਚ ਹਰ ਘਰ ਮੱਝ-ਗਾਂ ਹੁੰਦੀ ਹੈ। ਜਿਹੜੇ ਲੋਕਾਂ ਕੋਲ ਜ਼ਮੀਨ ਨਹੀਂ, ਉਹ ਜ਼ਮੀਨ ਵਾਲਿਆਂ ਦੇ ਨਾਲ ਕੰਮ ਕਰਦੇ। ਜੇ ਕਿਸੇ ਦੇ ਕਿਸੇ ਵਕਤ ਲਵੇਰਾ ਨਹੀਂ, ਫਿਰ ਵੀ ਕੋਈ ਮੁਸ਼ਕਿਲ ਨਹੀਂ। ਜਿਸ ਘਰੋਂ ਚਾਹੋ, ਦੁੱਧ ਲੈ ਆਵੋ। ਦੁੱਧ ਲੋਕ ਮੁੱਲ ਨਹੀਂ ਸਨ ਵੇਚਦੇ। ਦੁੱਧ ਵੇਚਿਆ ਪੁੱਤ ਵੇਚਣ ਦੇ ਬਰਾਬਰ। ਦੁੱਧ ਵੇਚਣਾ ਗਵਾਲਿਆਂ ਦਾ ਕੰਮ ਸੀ।
ਬੇਜੀ ਅੰਦਰ ਜਾਣ ਲੱਗੇ, ਬੂਹੇ ‘ਤੇ ਖੜ੍ਹੀ ਭੂਆ ਚਿੰਤੀ ਵਾਜਾਂ ਮਾਰਦੀ, “ਭਾਈ ਕੁੱਤਾ ਬੰਨ੍ਹ ਲਵੋ।”
ਮੀਂਹਾਂ ਬੋਲਿਆ, “ਬੰਨ੍ਹਿਆ ਹੋਇਆæææਆ ਜਾਵੋ।” ਭੂਆ ਲੰਘ ਆਈ, ਤੇ ਮੇਰੇ ਸਿਰ ‘ਤੇ ਹੱਥ ਧਰ ਕੇ ਬੋਲੀ, “ਕਦੋਂ ਆਈ? ਤੇਰੀ ਦਾਦੀ ਕਿਥੇ?”
ਮੈਂ ਕਿਹਾ, “ਭੂਆ ਜੀ, ਅਹੁ ਸਾਹਮਣੇ।”
“ਤਾਈ ਸੁੱਖੇ ਦੇ ਮੁੰਡੇ ਦਾ ਢਿੱਡ ਬਹੁਤ ਦੁਖਦਾ, ਕੀ ਕਰਾਂ? ਦੱਸ ਕੋਈ ਆਪਣਾ ਨੁਸਖਾ।”
ਮਾਂ (ਦਾਦੀ) ਨੇ ਕਿਹਾ, “ਚਿੰਤੀਏ, ਜੁਐਣ ਦੇ ਦੇਵੋ। ਥੋੜ੍ਹੇ ਘਿਉ ਵਿਚ ਲੂਣ ਦੀ ਉਂਗਲੀ ਲਾ ਕੇ ਉਹਦੇ ਢਿੱਡ ਉਤੇ ਪੋਲੇ-ਪੋਲੇ ਮਲ ਦੇ। ਰਾਤ ਨੂੰ ਸੌਣ ਲੱਗੇ ਥੋੜ੍ਹਾ ਗੁਲਕੰਦ ਦੁੱਧ ਨਾਲ ਦੇ ਦੇਵੀਂ।” ਭੂਆ ਪੁੱਛ ਕੇ ਮੁੜ ਗਈ। ਮੈਂ ਬੇਜੀ ਨੂੰ ਆਵਾਜ਼ ਦਿੱਤੀ, “ਬੇਜੀ, ਕਿਧਰ ਚਲੇ ਗਏ ਤੁਸੀਂ?”
“ਆਈ ਧੀਏ।” ਬੇਜੀ ਕੁਤਰੇ ਵਾਲੀ ਮਸ਼ੀਨ ਕੋਲ ਖੜ੍ਹੇ ਬਾਜਰੇ ਦੇ ਸਿੱਟੇ ਇਕ ਪਾਸੇ ਕਰ ਰਹੇ ਸਨ। ਮੈਂ ਦੇਖਿਆæææ ਰਾਜੂ, ਸਾਡੇ ਘਰ ਦਾ ਸਭ ਤੋਂ ਲਾਡਲਾ ਤੇ ਛੋਟਾ ਬੱਚਾ, ਮੇਰੇ ਚਾਚੇ ਦਾ ਪੁੱਤਰ ਰੋ ਰਿਹਾ ਸੀ। ਮੈਂ ਉਸ ਕੋਲ ਗਈ। ਬੇਜੀ ਵੀ ਝੱਟ ਆ ਗਏ। ਕਹਿਣ ਲੱਗੇ, “ਪੁੱਤਰਾ, ਤੈਨੂੰ ਹੁਣ ਕੌਣ ਮਨਾਵੇ? ਦੱਸ ਕੀ ਗੱਲ ਐ?” ਉਹ ਝੱਟ ਬੋਲਿਆ, “ਤਾਈ, ਫੇਰੀ ਵਾਲਾ ਕੇਲਾ ਵੇਚਦਾ। ਮੈਂ ਦਾਣੇ ਲੈ ਕੇ ਲੈਣ ਚੱਲਿਆ ਸੀ, ਚਾਚੀ ਨੇ ਜਾਣ ਨਹੀਂ ਦਿੱਤਾ।” ਚਾਚੀ ਉਹ ਆਪਣੀ ਮਾਤਾ ਨੂੰ ਕਹਿੰਦਾ ਹੈ। ਬੇਜੀ ਨੇ ਉਸ ਨਾਲ ਪਿਆਰ ਕੀਤਾ, “ਤੂੰ ਫੇਰੀ ਵਾਲੇ ਨੂੰ ਪੁੱਛ ਕੇ ਆ ਕਿ ਆਲੂ ਹੈ ਉਸ ਕੋਲ। ਮੈਂ ਤੈਨੂੰ ਦੋ ਕੇਲੇ ਲੈ ਕੇ ਦੇਵਾਂਗੀ।”
“ਹਾਂ ਜੀ, ਆਲੂ ਹੈਗੇæææਉਹ ਹੋਕਾ ਦਿੰਦਾ ਸੀ ਦੋ ਤੋਲ ਕਣਕ ਤੋਂ।”
ਬੇਜੀ ਨੇ ਚਾਚੀ ਨੂੰ ਆਵਾਜ਼ ਦਿੱਤੀ ਤੇ ਆਲੂ ਲਿਆਉਣ ਲਈ ਕਿਹਾ, ਨਾਲੇ ਕਿਹਾ ਕਿ ਰਾਜੂ ਨੂੰ ਕੇਲੇ ਵੀ ਲੈ ਦੇ, ਕਣਕ ਲੈ ਜਾਵੇ ਥੈਲੇ ਵਿਚ ਪਾ ਕੇ। ਚਾਚੀ ਚਲੀ ਗਈ। ਬੇਜੀ ਮੇਰੇ ਵੱਲ ਦੇਖ ਕੇ ਬੋਲੇ, “ਕੀ ਕਰਾਂ ਧੀਏ! ਮੈਨੂੰ ਤਾਂ ਜ਼ਰਾ ਜਿੰਨਾ ਵੀ ਵਿਹਲ ਨਹੀਂ। ਤੈਨੂੰ ਜੋ ਚੀਜ਼ ਚਾਹੀਦੀ ਹੈ, ਦੱਸ ਦੇ ਕੋਈ ਬਣਾ ਕੇ ਲਿਜਾਣ ਵਾਲੀ, ਮੈਂ ਬਣਾ ਦੇਵਾਂ।”
ਮੈਂ ਕਿਹਾ, “ਨਹੀਂ, ਮੈਨੂੰ ਤਾਂ ਤੁਹਾਡੇ ਨਾਲ ਗੱਲਾਂ ਕਰਨ ਲਈ ਸਮਾਂ ਚਾਹੀਦਾ ਸੀ।”
ਬੇਜੀ ਨੇ ਮੇਰਾ ਸਿਰ ਪਲੋਸ ਕੇ ਕਿਹਾ, “ਧੀਏ, ਤੈਨੂੰ ਪਤਾ ਹੈ ਨਾæææਇਨ੍ਹਾਂ ਦਿਨਾਂ ਵਿਚ ਜ਼ਿਮੀਂਦਾਰਾਂ ਦੇ ਘਰ ਇਕ ਨਹੀਂ, ਦਸ ਫਸਲਾਂ ਹੁੰਦੀਆਂ। ਜਿਹੜੇ ਤਾਂ ਆਪ ਖੇਤੀ ਕਰਦੇ, ਉਹ ਤਾਂ ਖੇਤਾਂ ਵਿਚ ਹੀ ਕੁੱਟ-ਛੱਟ ਕੇ ਘਰ ਲੈ ਜਾਂਦੇ ਹਨ। ਆਪਣੇ ਹਰ ਫਸਲ ਵੱਢਣ ਸਾਰ ਅੱਧੀ ਘਰ ਆ ਜਾਂਦੀ। ਸਾਂਭ-ਸੰਭਾਲ ਤੇ ਮੈਂ ਹੀ ਕਰਨੀ ਹੋਈ।”
ਮੇਰੇ ਦਾਦੀ ਜੀ ਬੋਲੇ, “ਤੂੰ ਬਾਬੂਆਣੀ ਵੀ ਕਹੌਂਦੀ ਹੈਂ। ਕੋਈ ਤੈਨੂੰ ਪਾੜ੍ਹੀ ਸੱਦਦਾ, ਮੇਰਾ ਪੁੱਤ ਪੜ੍ਹਿਆ ਕਰ ਕੇ।”
ਬੇਜੀ ਹੱਸ ਪਏ, ਬੋਲੇ, “ਬੇਬੇ ਜੀ ਗੱਲ ਤਾਂ ਠੀਕ ਹੈ। ਪੜ੍ਹਨਾ ਤਾਂ ਊੜਾ ਵੀ ਨਾ ਆਇਆæææਪਾੜ੍ਹੀ ਕਹੌਣ ਲੱਗ ਪਈ।”
ਮੇਰੇ ਬਾਊ ਜੀ ਆਪਣੇ ਇਲਾਕੇ ਦੇ ਪਹਿਲੇ ਜਾਂ ਪਹਿਲਿਆਂ ਵਿਚੋਂ ਪੜ੍ਹੇ-ਲਿਖੇ ਸਨ। ਉਨ੍ਹਾਂ ਰੁੜਕੀ ਤੋਂ ਇੰਜੀਨੀਅਰਿੰਗ ਕੀਤੀ ਸੀ।
ਰਾਜੂ ਕੇਲਾ ਲੈ ਕੇ ਆ ਗਿਆ ਤੇ ਕਹਿਣ ਲੱਗਾ, “ਤਾਈ ਜੀ, ਬੀਬੀ ਕਹਿੰਦੀæææਮੀਂਹੇਂ ਨੂੰ ਕਹੋ ਦਾਣੇ ਭੁਨਾ ਲਿਆਵੇ।” æææਤੇ ਆਪ ਦੌੜ ਪਿਆ।
“ਤੂੰ ਕਿਥੇ ਚੱਲਿਆਂ।”
“ਮੈਂ ਬਾਵੇ ਦੇ ਬਾੜੇ।”
ਕੁੜੀਆਂ ਜਿਹੜੀਆਂ ਗਲੀ ਵਿਚ ਮੰਜੇ ‘ਤੇ ਬੈਠ ਕੇ ਕਸੀਦਾ ਕੱਢਦੀਆਂ ਸਨ, ਆ ਗਈਆਂ। ਦੋ ਮੇਰੀਆਂ ਭੈਣਾਂ, ਇਕ ਮੈਥੋਂ ਬੜੀ ਤੇ ਦੂਜੀ ਮੇਰੇ ਚਾਚੇ ਦੀ ਧੀ। ਦੋ ਹੋਰ ਗੁਆਂਢ ਦੀਆਂ। ਉਹ ਸਿੱਧੀਆਂ ਮਾਂ (ਦਾਦੀ) ਕੋਲ ਗਈਆਂ। ਮੇਰੀ ਭੈਣ ਕਹਿਣ ਲੱਗੀ, “ਮਾਂ ਮੈਨੂੰ ਹੁਣ ਯਾਦ ਆਇਆ, ਅੱਜ ਤੁਹਾਡਾ ਸਿਰ ਕਿਸ ਕੰਘੀ ਕੀਤਾ?”
“ਕਿਉਂ? ਤੂੰ ਕੀ ਕਰਨਾ ਪੁੱਛ ਕੇ।” ਮਾਂ ਨੇ ਕਿਹਾ।
“ਨਹੀਂ ਮਾਂ, ਮੈਂ ਤਾਂ ਭੁੱਲ ਹੀ ਗਈ। ਹੁਣ ਮੈਂ ਤੇਲ ਲਾ ਕੇ ਸੋਹਣੀ ਜਿਹੀ ਕੰਘੀ ਕਰ ਦਿੰਦੀ ਹਾਂ।”
“ਹਾਂ ਹਾਂæææਮੈਂ ਤੈਨੂੰ ਜਾਣਦੀ ਹਾਂ। ਅੱਗੇ ਰੋਜ਼ ਤੂੰ ਮੇਰੇ ਕੰਘੀ ਕਰਦੀ ਐਂ! ਮੇਰੀਆਂ ਨੂੰਹਾਂ ਮੇਰੀ ਸੇਵਾ ਕਰਦੀਆਂ। ਤੂੰ ਹੁਣ ਇਹ ਦੱਸ, ਤੈਨੂੰ ਮੇਰੇ ਤਾਈਂ ਕੀ ਮਤਲਬ ਐ?” ਦਾਦੀ ਨੇ ਪੁੱਛਿਆ।
“ਮੈਨੂੰ ਕੀ ਮਤਲਬ ਹੋਣਾ। ਸੋਚਿਆ, ਕਿਤੇ ਮੇਰੀ ਦਾਦੀ ਦੇ ਵਾਲ ਖਿੱਲਰੇ ਨਾ ਹੋਣ।” ਫਿਰ ਮਾਂ ਨੂੰ ਜੱਫੀ ਪਾ ਕੇ ਕਹਿੰਦੀ, “ਮਾਂ ਤੂੰ ਤਾਂ ਸਾਡੀ ਮਸਾਂ-ਮਸਾਂ ਦੀ ਇਕ ਦਾਦੀ ਏਂ।”
ਦਾਦੀ ਹੱਸ ਪਈ, ਨਾਲੇ ਬੋਲੀ, “ਇਹ ਚਾਪਲੂਸੀ ਬਿਨਾਂ ਕਿਸੇ ਮਨੋਰਥ ਤੋਂ ਹੋ ਨਹੀਂ ਸਕਦੀ। ਜੇ ਤੂੰ ਮੇਰੀ ਪੋਤੀ ਐਂ, ਤਾਂ ਮੈਂ ਵੀ ਤੇਰੀ ਦਾਦੀ ਹਾਂ।”
ਦੂਜੀਆਂ ਤਿੰਨੇ ਕੁੜੀਆਂ ਵੀ ਮਾਂ ਦੀ ਮੰਜੀ ‘ਤੇ ਬੈਠ ਗਈਆਂ। ਮਾਂ ਹੱਥ ਨਾਲ ਉਨ੍ਹਾਂ ਨੂੰ ਹਟਾਉਂਦੀ ਕਹਿਣ ਲੱਗੀ, “ਖੜ੍ਹ ਕੇ ਕਰੋ ਗੱਲ, ਮੇਰੀ ਮੰਜੀ ਨਾ ਭੰਨ ਛੱਡਿਓ।”
ਮੇਰੀ ਭੂਆ ਜਿਹੜੀ ਕੱਲ੍ਹ ਦੀ ਆਈ ਹੋਈ ਹੈ ਆਪਣੇ ਸਹੁਰਿਆਂ ਤੋਂ, ਵੀ ਆ ਗਈ। “ਅੱਛਾ ਹੁਣ ਸਮਝ ਆਈ, ਮਾਂ ਦੀ ਮੰਜੀ ਨੂੰ ਕਿਉਂ ਘੇਰਾ ਪਾਇਆ ਇਨ੍ਹਾਂ। ਉਹ ਜੁ ਆਈ ਹੋਈ ਆ ਇਨ੍ਹਾਂ ਦੀ ਲੀਡਰਨੀ।”
ਮਾਂ ਨੇ ਭੂਆ ਨੂੰ ਇਸ਼ਾਰੇ ਨਾਲ ਬੁਲਾ ਕੇ ਕਿਹਾ, “ਕੀ ਚੱਲ ਰਿਹਾ ਇਹ?”
“ਮੈਨੂੰ ਕੀ ਪਤਾ!” ਭੂਆ ਨੇ ਕਿਹਾ, “ਨਿਆਣੀਆਂ ਦਾ ਦਿਲ ਕਰਦਾ ਹੋਵੇਗਾ ਕਿਤੇ ਜਾਣ ਨੂੰ।”
“ਆਪਣੇ ਭਰਾ-ਭਰਜਾਈ ਕੋਲ ਭੇਜ। ਮੇਰੀ ਮੰਜੀ ਕਿਉਂ ਤੋੜਨ ਲੱਗੀਆਂ।”
“ਮਾਂ ਉਨ੍ਹਾਂ ਨੂੰ ਪਤਾ, ਜਿੰਨਾ ਚਿਰ ਤੇਰੀ ਹਾਂ ਨਾ ਹੋਵੇ, ਕੋਈ ਕਿਤੇ ਜਾ ਸਕਦਾ? ਕੱਲ੍ਹ ਨੂੰ ਮੱਸਿਆ ਨ੍ਹੌਣ ਜਾਣ ਲਈ ਕਹਿੰਦੀਆਂ। ਮੈਨੂੰ ਕਹਿੰਦੀਆਂ ਸੀ, ਭੂਆ ਪੰਜੀ ਟਾਹਲੀਆਂ ਲੈ ਜਾ।”
ਮਾਂ ਕਹਿੰਦੀ, “ਮੈਂ ਤਾਂ ਜਾਣਦੀ ਹਾਂ। ਕੁੜੀਆਂ ਦੀ ਭੂਆ ਆਈ ਹੋਵੇ, ਤੇ ਕਿਤੇ ਲੈ ਕੇ ਨਾ ਜਾਵੇ। ਆਪਣੇ ਭਰਾ ਕੋਲੋਂ ਪੁੱਛ ਲੈ।”
“ਪੁੱਛ ਲਵਾਂਗੀ। ਭਰਾ ਕਿਹੜਾ ਨਵਾਬ ਆ ਜਿਸ ਕੋਲੋਂ ਪੁੱਛਣਾ?” ਭੂਆ ਨੇ ਬੜੇ ਰੋਹਬ ਨਾਲ ਕਿਹਾ, “ਚੱਲੋ ਕੁੜੀਓ! ਰੋਟੀ-ਪਾਣੀ ਬਣਾਵੋ ਸਵੇਰੇ ਜਾਣਾ ਆਪਾਂ।”
ਬਾਊ ਜੀ ਵਿਹੜੇ ਵਿਚ ਸਨ। ਉਨ੍ਹਾਂ ਨੂੰ ਭੂਆ ਦੀ ਆਵਾਜ਼ ਸੁਣ ਗਈ। ਭੂਆ ਨੇ ਵੀ ਜਾਣ ਕੇ ਹੀ ਉਚੀ ਸਾਰੀ ਕਿਹਾ ਸੀ।
“ਕਿਥੇ ਜਾਣਾ ਬੀਬੀ ਕੱਲ੍ਹ ਨੂੰ?”
“ਮਾਂ ਕਹਿੰਦੀæææ ਤੂੰ ਆਈ ਹੋਈ ਏਂ, ਕੁੜੀਆਂ ਨੂੰ ਪੰਜੀ ਟਾਹਲੀ ਮੱਥਾ ਟਿਕਾਅ ਲਿਆ।”
ਮਾਂ ਨੇ ਮੱਥੇ ‘ਤੇ ਹੱਥ ਮਾਰਿਆ, “ਕੁੜੇ ਤੂੰ ਮੇਰੇ ਸਾਹਮਣੇ ਹੀ ਝੂਠ ਬੋਲੀ ਜਾਂਦੀ ਏਂ।”
ਬਾਊ ਜੀ ਬੋਲੇ, “ਚੱਲ ਬੀਬੀ ਲੈ ਜਾਈਂ ਤੂੰ ਹੁਣ ਆਈ ਹੋਈ ਏਂ।”
“ਚਲ ਅੱਛਾ, ਜਾ ਆਵਾਂਗੀ। ਸੋਚ ਕੇ ਤਾਂ ਮੈਂ ਮੁੜਨਾ ਆਈ ਸੀ।” ਭੂਆ ਦੀ ਇਸ ਗੱਲ ‘ਤੇ ਮਾਂ ਵੀ ਹੱਸ ਪਈ ਤੇ ਮੇਰੇ ਬਾਊ ਜੀ ਵੀ। ਭੂਆ ਕਦੀ ਵੀ ਆਵੇ, ਕੁੜੀਆਂ ਨੂੰ ਲੈ ਕੇ ਕਿਤੇ ਨਾ ਕਿਤੇ ਜਾਣਾ ਹੀ ਹੁੰਦਾ ਸੀ। ਮਾਂ ਨੂੰ ਵੀ ਭੂਆ ‘ਤੇ ਭਰੋਸਾ ਸੀ। ਭੂਆ ਤੇ ਕੁੜੀਆਂ ਨੂੰ ਪਤਾ ਸੀ ਕਿ ਜੇ ਮਾਂ ਵੱਲੋਂ ‘ਹਾਂ’ ਹੋ ਗਈ, ਘਰ ਵਿਚ ਕੋਈ ਨਾਂਹ ਨਹੀਂ ਕਰ ਸਕਦਾ।
ਅੰਦਰੋਂ ਬੇਜੀ ਨੇ ਭੂਆ ਨੂੰ ਆਵਾਜ਼ ਦਿੱਤੀ, “ਬੀਬੀ, ਮੇਰਾ ਵੀ ਇਕ ਕੰਮ ਕਰਦੇ।”
“ਤੂੰ ਵੀ ਬੋਲ ਕੀ ਚਾਹੀਦਾ?” ਭੂਆ ਨੇ ਪੁੱਛਿਆ।
“ਬੀਬੀ, ਮਧਾਣੀ ਦਾ ਗੁੱਟ ਬਹੁਤ ਹਿਲਦਾ। ਜੇ ਜਾ ਕੇ ਤਰਖਾਣਾਂ ਦਿਉਂ ਠੁਕਵਾ ਲਿਆਵੇਂ? ਨਾਲੇ ਹੁਕਮੀ ਘੁਮਿਆਰੀ ਨੂੰ ਕਹਿਣਾ, ਕੱਲ੍ਹ ਨੂੰ ਭਾਂਡੇ ਲੈ ਕੇ ਆਵੇ।”
ਭੂਆ ਮਧਾਣੀ ਲੈ ਕੇ ਚਲੀ ਗਈ। ਮਾਂ ਕਹਿਣ ਲੱਗੀ, “ਹੁਣ ਪੂਰੇ ਪਿੰਡ ਦੀ ਖਬਰਸਾਰ ਲੈ ਕੇ ਮੁੜੇਗੀ। ਨਾਲੇ ਦਸ ਕੁੜੀਆਂ ਹੋਰ ਤਿਆਰ ਕਰ ਕੇ ਆਵੇਗੀ ਮੱਸਿਆ ‘ਤੇ ਜਾਣ ਲਈ।”
ਬਾਬੇ ਦੇ ਵਾੜੇ ਵੱਲੋਂ ਉਚੀ ਆਵਾਜ਼ਾਂ ਆ ਰਹੀਆਂ ਸਨ। ਪਿੰਡ ਦੇ ਸਾਰੇ ਮੁੰਡੇ ਇਕੱਠੇ ਹੋ ਕੇ ਰੋਜ਼ ਖੇਡਦੇ, ਕਸਰਤ ਕਰਦੇ। ਕਹੀ ਨਾਲ ਜ਼ਮੀਨ ਪੋਲੀ ਕਰ ਕੇ ਕੁਸ਼ਤੀਆਂ ਕਰਦੇ, ਉਚੀ-ਲੰਮੀ ਛਾਲ ਮਾਰਦੇ। ਗੱਲ ਕੀ, ਇਹ ਬਾਬੇ ਦਾ ਬਾੜਾ ਉਸ ਸਮੇਂ ਦਾ ਸਾਡੇ ਪਿੰਡ ਦਾ ਮਲਟੀਪਰਪਜ਼ ਸਟੇਡੀਅਮ ਸੀ। ਥੋੜ੍ਹਾ ਹਨ੍ਹੇਰਾ ਹੁੰਦਾ, ਤਾਂ ਕਿਸੇ ਨਾ ਕਿਸੇ ਦੇ ਘਰੋਂ ਆਵਾਜ਼ ਪੈ ਜਾਂਦੀ। ਸਾਰੇ ਮੁੰਡੇ ਆਪੋ-ਆਪਣੇ ਕੁੜਤੇ ਚੁੱਕ ਕੇ ਹਲਟ ਵਾਲੇ ਖੂਹ ਨੂੰ ਤੁਰ ਪੈਂਦੇ। ਵਾਰੀ-ਵਾਰੀ ਹਲਟ ਗੇੜਦੇ, ਨਹਾ-ਧੋ ਕੇ ਘਰੋ-ਘਰੀ ਚਲੇ ਜਾਂਦੇ। ਖੁੱਲ੍ਹੇ ਸਾਂਝੇ ਵਿਹੜਿਆਂ ਵਿਚ ਘਰ ਜਾ ਕੇ ਰੋਟੀ ਖਾਣੀ। ਘਰ ਵਾਲਿਆਂ ਨਾਲ ਵਿਹੜੇ ਵਾਲਿਆਂ ਨਾਲ ਗੱਲਾਂ ਕਰਨੀਆਂ। ਨੂੰਹਾਂ-ਧੀਆਂ ਨੇ ਚੌਂਕਾ-ਚੁੱਲ੍ਹਾ ਸੰਭਾਲਣਾ। ਸਿਆਣੀਆਂ ਨੇ ਦੁੱਧ ਨੂੰ ਜਾਗ ਲਾ, ਪੀੜ੍ਹੀ ‘ਤੇ ਚਾਟੀ ਰੱਖ ਕੇ ਛਿੱਕਲੀ ਕੱਸ ਕੇ ਸਰਹਾਣੇ ਕੋਲ ਰੱਖ ਲੈਣੀ। ਸੌਣ ਤੋਂ ਪਹਿਲਾਂ ਗੱਲਾਂ-ਬਾਤਾਂ, ਕਹਾਣੀਆਂ, ਬੁਝਾਰਤਾਂ ਚੱਲਣੀਆਂ।
ਪਿੰਡ ਦਾ ਸਵੇਰਾ ਤਾਂ ਆਪਣੇ ਆਪ ਵਿਚ ਵੱਖਰਾ ਤੇ ਵਿਲੱਖਣ ਵੇਲਾ ਹੁੰਦਾ ਸੀ। ਸੂਰਜ ਚੜ੍ਹਨ ਤੋਂ ਬਹੁਤ ਪਹਿਲਾਂ ਘਰ-ਘਰ ਮਧਾਣੀਆਂ, ਚਾਟੀਆਂ ਵਿਚ ਲੱਸੀ-ਮੱਖਣ ਵਿਚ ਮੇਲ੍ਹਦੀਆਂ। ਕਿਤੇ ਚੱਕੀ ਦੀ ਆਵਾਜ਼ ਆਉਣੀ, ਕਿਤੇ ਚਰਖੇ ਵੀ ਚੱਲ ਪੈਂਦੇ। ਬਾਹਰ ਰੁੱਖਾਂ ਉਤੇ ਪੰਛੀਆਂ ਦਾ ਸਵੇਰ ਦਾ ਸੰਗੀਤ ਛਿੜਨਾ। ਕੋਈ ਬੈਲਾਂ ਦੀ ਜੋੜੀ ਨਾਲ ਹਲ ਵਾਹੁਣ ਤੁਰਦਾ, ਕੋਈ ਖੂਹ ਚਲਾਉਣ ਲਈ। ਉਸ ਵੇਲੇ ਹਲਟ ਤਾਂ ਵਿਰਲੇ-ਟਾਂਵੇਂ ਖੂਹ ‘ਤੇ ਹੀ ਹੁੰਦਾ ਸੀ। ਪਾਣੀ ਚਰਸ ਨਾਲ ਕੱਢਿਆ ਜਾਂਦਾ ਸੀ। ਚਰਸ ਫੜਨ ਵਾਲਾ ਉਚੀ ਆਵਾਜ਼ ਵਿਚ ਬੋਲਦਾ, “ਕੀਲੀ ਛੱਡ ਕੇ ਜਵਾਨ।” ਇਸ ਤਰ੍ਹਾਂ ਲਗਦਾæææਰੱਬ ਦਾ ਕੋਈ ਭਗਤ, ਰੱਬ ਨੂੰ ਆਵਾਜ਼ ਦੇ ਰਿਹਾ ਹੈ! ‘ਜਵਾਨ’ ਸ਼ਬਦ ਭਗਵਾਨ ਬਣ ਕੇ ਕੰਨਾਂ ਵਿਚ ਪੈਂਦਾ।æææ
ਹੁਣ ਇਸ ਮਾਹੌਲ ਦੀ ਕੋਈ ਨਿਸ਼ਾਨੀ ਨਹੀਂ ਬਚੀ। ਪੂਰੇ ਦਾ ਪੂਰਾ ਪਿੰਡ ਬਦਲ ਗਿਆ ਹੈ। ਸਮੇਂ ਨਾਲ ਪੁਰਾਣੇ ਜਾ ਚੁੱਕੇ ਹਨ ਅਤੇ ਨਵੀਆਂ ਪੀੜ੍ਹੀਆਂ ਆ ਗਈਆਂ ਹਨ। ਨਾ ਉਹ ਖੁੱਲ੍ਹੇ ਘਰ, ਨਾ ਵਿਹੜੇ। ਹਰ ਵਿਹੜੇ ਦੇ ਗਿਰਦ ਛੇ ਫੁੱਟ ਉਚੀ ਦੀਵਾਰ ਅਤੇ ਲੋਹੇ ਦਾ ਗੇਟ। ਜੇ ਕਿਸੇ ਦਾ ਵਿਹੜਾ ਨਹੀਂ, ਉਸ ਵੀ ਗੇਟ ਜ਼ਰੂਰ ਲਾਇਆ ਹੋਇਆ ਹੈ। ਖੂਹਾਂ ‘ਤੇ ਬੈਲ ਨਜ਼ਰ ਨਹੀਂ ਆਉਂਦੇ। ਹੁਣ ਟਰੈਕਟਰ ਜਾਂ ਪੂਰਬੀਏ ਹੀ ਖੂਹਾਂ-ਖੇਤਾਂ ਵਿਚ ਦਿਸਦੇ ਹਨ। ਸਰਦਾਰਨੀਆਂ ਮੋਟਰ ਸਾਈਕਲ ਦੀ ਪਿਛਲੀ ਸੀਟ ਜਾਂ ਕਾਰ ਦੀ ਅਗਲੀ ਸੀਟ ਉਤੇ ਬੈਠ ਕੇ ਸ਼ਹਿਰ ਜਾਂਦੀਆਂ ਹਨ। ਹੁਣ ਪੱਲੇ ਵਿਚ ਦਾਣੇ ਪਾ ਕੇ ਸੌਦਾ ਨਹੀਂ ਖਰੀਦਿਆ ਜਾਂਦਾ; ਹੁਣ ਤਾਂ ਉਹ ਸ਼ਹਿਰ ਸ਼ੌਪਿੰਗ ਕਰਨ ਜਾਂਦੀਆਂ। ਘਰਾਂ ਦੇ ਕੰਮ ਲਈ ਖੇਤਾਂ ਦੇ ਕਾਮਿਆਂ ਦੀਆਂ ਔਰਤਾਂ ਹਨ। ਖੁਸ਼ੀ ਹੈ ਕਿ ਪਿੰਡ ਤਰੱਕੀ ਕਰ ਰਹੇ ਹਨ। ਦੁੱਖ ਹੈ ਕਿ ਭਰਾ ਦਾ ਮੁੰਡਾ ਦੋ ਦਿਨ ਦਾ ਹਸਪਤਾਲ ਵਿਚ ਦਾਖ਼ਲ ਹੁੰਦਾ ਹੈ, ਤੇ ਦੂਜੇ ਭਰਾ ਨੂੰ ਪਤਾ ਤੱਕ ਨਹੀਂ ਹੁੰਦਾ। ਜਿਸ ਪਿੰਡ ਦੀ ਮੈਂ ਕਹਾਣੀ ਸੁਣਾਈ ਹੈ, ਉਸ ਪਿੰਡ ਵਿਚ ਕਦੀ ਸੁੱਖ-ਦੁੱਖ ਸਾਂਝਾ ਹੁੰਦਾ ਸੀ; ਹੁਣ ਉਹ ਪਿੰਡ ਨਹੀਂ ਰਹੇ। ਅਕਸਰ ਦੁਖੀ ਹੁੰਦੀ ਹਾਂ ਕਿ ਮੇਰੇ ਮਨ ਵਿਚੋਂ ਉਸ ਪੁਰਾਣੇ ਪਿੰਡ ਦੀ ਯਾਦ ਕਿਉਂ ਪੁਰਾਣੀ ਨਹੀਂ ਪੈਂਦੀ? ਮੈਂ ਆਪ ਐਨੀ ਪੁਰਾਣੀ ਹੋ ਗਈ ਹਾਂ! ਹੁਣ ਕਿਉਂ ਨਹੀਂ ਉਹ ਪੁਰਾਣੀਆਂ ਯਾਦਾਂ ਵਿਸਾਰਦੀਆਂ? ਕੀ ਕਰੇ ਕੋਈ? ਮੋਹ ਹੀ ਨਹੀਂ ਟੁੱਟ ਰਿਹਾ! ਬੜੀ ਦੁਨੀਆਂ ਦੇਖ ਲਈ, ਦੁਨੀਆਂ ਦੇ ਵੱਡੇ ਤੋਂ ਵੱਡੇ ਸ਼ਹਿਰ ਦੇਖ ਲਏ। ਸਾਡੇ ਪਿੰਡ ਤਾਂ ਸਰੋਂ ਦੇ ਤੇਲ ਵਾਲੇ ਦੀਵੇ ਦੀ ਲੋਅ ਹੁੰਦੀ ਸੀ, ਹੁਣ ਐਸੇ ਸ਼ਹਿਰ ਵੀ ਹਨ ਜਿਥੇ ਕਦੀ ਰਾਤ ਹੀ ਨਹੀਂ ਹੁੰਦੀ। ਉਂਜ, ਕੱਚੇ-ਪੱਕੇ ਘਰਾਂ ਵਾਲਾ ਉਹ ਛੋਟਾ ਜਿਹਾ ਪਿੰਡ ਦੀਵੇ ਦੀ ਲਾਟ ਵਿਚ ਦਗ-ਦਗ ਕਰਦਾ ਮੇਰੀ ਰੂਹ ਵਿਚ ਵੱਸਦਾ ਹੈ। ਇਹ ਮੇਰੀ ਯਾਦ, ਰੂਹ ਦੇ ਖੰਭਾਂ ਨਾਲ ਮੇਰੀ ਆਖਰੀ ਉਡਾਣ ਤੱਕ ਉਡੇਗੀ!
Leave a Reply