ਕਬੱਡੀ ਕੱਪ ਨਾਲ ਸਿਆਸੀ ਮਾਹੌਲ ਭਖਿਆ

ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਤੀਜੇ ਵਿਸ਼ਵ ਕਬੱਡੀ ਕੱਪ ਦੇ ਆਗਾਜ਼ ਨਾਲ ਪੰਜਾਬ ਦਾ ਸਿਆਸੀ ਮਾਹੌਲ ਵੀ ਭਖ ਗਿਆ ਹੈ। ਹੁਣ ਤਾਂ ਵਿਰੋਧੀ ਧਿਰਾਂ ਦੇ ਨਾਲ-ਨਾਲ ਖੇਡਾਂ ਦੇ ਖੇਤਰ ਨਾਲ ਜੁੜੀਆਂ ਸ਼ਖ਼ਸੀਅਤਾਂ ਵੀ ਕਹਿਣ ਲੱਗੀਆਂ ਹਨ ਕਿ ਵਿਸ਼ਵ ਕਬੱਡੀ ਕੱਪ ਵਿਚ ਖੇਡ ਭਾਵਨਾ ਨਾਲੋਂ ਸਿਆਸੀ ਲਾਲਸਾ ਵਧੇਰੇ ਨਜ਼ਰ ਆਉਂਦੀ ਹੈ ਤੇ ਇਸ ਵਿਸ਼ਵ ਪੱਧਰੀ ਈਵੈਂਟ ਨਾਲ ਮਾਂ ਖੇਡ ਕਬੱਡੀ ਨੂੰ ਘੱਟ ਤੇ ਉਪ ਮੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਵੱਧ ਪ੍ਰਚਾਰਿਆ ਜਾ ਰਿਹਾ ਹੈ।
ਯਾਦ ਰਹੇ ਕਿ ਖਿਡਾਰੀਆਂ ਲਈ ਇਨਾਮਾਂ ਦੀ ਰਾਸ਼ੀ ਤਾਂ ਸਾਢੇ ਛੇ ਕਰੋੜ ਰੁਪਏ ਰੱਖੀ ਗਈ ਪਰ ਲੋਕਾਂ ਦਾ ਇਕੱਠ ਕਰਨ ਲਈ ਮੁੰਬਈ ਤੋਂ ਕੁਝ ਘੰਟਿਆਂ ਲਈ ਸੱਦੇ ਬਾਲੀਵੁੱਡ ਦੇ ਸਿਤਾਰਿਆਂ ‘ਤੇ ਚਾਰ ਕਰੋੜ ਰੁਪਏ ਉਡਾ ਦਿੱਤੇ ਗਏ। ਉਦਘਾਟਨੀ ਸਮਾਰੋਹਾਂ ਵਿਚ ਅਕਸ਼ੈ ਕੁਮਾਰ ਨੂੰ 12 ਮਿੰਟ ਦੇ ਪ੍ਰੋਗਰਾਮ ਲਈ ਸਵਾ ਕਰੋੜ ਰੁਪਏ ਦਿੱਤੇ ਗਏ ਜਿਸ ਦਾ ਕਬੱਡੀ ਨਾਲ ਕੋਈ ਲੈਣ-ਦੇਣ ਨਹੀਂ ਸੀ। ਉਂਜ, ਉਦਘਾਟਨੀ ਤੇ ਸਮਾਪਤੀ ਸਮਾਰੋਹਾਂ ‘ਤੇ ਸਵਾ ਛੇ ਕਰੋੜ ਰੁਪਏ ਖਰਚੇ ਜਾ ਰਹੇ ਹਨ।
ਬਠਿੰਡਾ ਵਿਚ ਵਿਸ਼ਵ ਕਬੱਡੀ ਕੱਪ ਦੇ ਉਦਘਾਟਨੀ ਸਮਾਰੋਹ ਮੌਕੇ ਉਲੰਪਿਕ ਚਾਰਟ ਅਤੇ ਰਵਾਇਤਾਂ ਦੀ ਕੀਤੀ ਅਣਦੇਖੀ ਕਾਰਨ ਵੀ ਖੇਡਾਂ ਦੇ ਗੰਭੀਰ ਚਿੰਤਕ ਹੱਕੇ-ਬੱਕੇ ਰਹਿ ਗਏ। ਇਸ ਮੌਕੇ ਸਹੁੰ ਚੁੱਕਣ ਲਈ ਕਿਸੇ ਵਿਸ਼ੇਸ਼ ਪ੍ਰਾਪਤੀਆਂ ਵਾਲੇ ਖਿਡਾਰੀ ਨੂੰ ਅੱਗੇ ਕਰਨ ਦੀ ਥਾਂ ਟੀæਵੀæ ਕੁਮੈਂਟੇਟਰ ਨੇ ਹੀ ਇਹ ਰਸਮ ਨਿਭਾਅ ਦਿੱਤੀ। ਇਸ ਮੌਕੇ ਸ਼ਾਮਲ ਖਿਡਾਰੀਆਂ ਤੇ ਦੇਸ਼ਾਂ ਦੇ ਕੌਮੀ ਝੰਡੇ ਕਿਤੇ ਨਜ਼ਰ ਨਾ ਆਏ। ਇਸ ਸਮਾਰੋਹ ਵਿਚ ਕਬੱਡੀ ਨਾਲੋਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਵਧੇਰੇ ਉਭਾਰਿਆ ਗਿਆ। ਬੇਸ਼ੱਕ ਇਹ ਕਬੱਡੀ ਕੱਪ ਪੰਜਾਬ ਸਰਕਾਰ ਵੱਲੋਂ ਕਰਵਾਇਆ ਜਾ ਰਿਹਾ ਹੈ ਪਰ ਮੀਡੀਆ ਵਿਚ ਇਸ ਨੂੰ ਸੁਖਬੀਰ ਬਾਦਲ ਦੇ ਨਿੱਜੀ ਉਪਰਾਲੇ ਵਜੋਂ ਪ੍ਰਚਾਰਿਆ ਗਿਆ। ਅਖਬਾਰਾਂ ਨੂੰ ਦਿੱਤੇ ਇਸ਼ਤਿਹਾਰਾਂ ਵਿਚ ਵੀ ਸੁਖਬੀਰ ਬਾਦਲ ਦੀ ਫੋਟੋ ਉਨ੍ਹਾਂ ਦੇ ਪਿਤਾ ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸਿਰ ‘ਤੇ ਹੀ ਛਾਪੀ ਗਈ ਹੈ।
ਇਸ ਤੋਂ ਵੀ ਵੱਡੀ ਹੈਰਾਨੀ ਇਸ ਗੱਲ ਦੀ ਹੈ ਕਿ ਸੁਖਬੀਰ ਬਾਦਲ ਵੱਲੋਂ ਕਬੱਡੀ ਨੂੰ ਉਲੰਪਿਕ ਵਿਚ ਸ਼ਾਮਲ ਕਰਵਾਏ ਜਾਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਪਿਛਲੇ ਛੇ ਸਾਲਾਂ ਦੌਰਾਨ ਪੰਜਾਬ ਵਿਚ ਕਬੱਡੀ ਨੂੰ ਉਤਸ਼ਾਹਤ ਕਰਨ ਦਾ ਇਕ ਵੀ ਉਪਰਾਲਾ ਨਹੀਂ ਕੀਤਾ ਗਿਆ। ਵਿਸ਼ਵ ਕਬੱਡੀ ਕੱਪ ਖਤਮ ਹੁੰਦਿਆਂ ਹੀ ਇਸ ਮਾਮਲੇ ਨੂੰ ਠੰਢੇ ਬਸਤੇ ਵਿਚ ਪਾ ਦਿੱਤਾ ਜਾਂਦਾ ਹੈ। ਹੋਰ ਤਾਂ ਹੋਰ ਵਿਸ਼ਵ ਕਬੱਡੀ ਕੱਪ ਦੇ ਮੈਚ ਕਰਵਾਉਣ ਲਈ ਸਟੇਡੀਅਮਾਂ ਦੀ ਮੁਰੰਮਤ ਵੀ ਐਨ ਮੌਕੇ ‘ਤੇ ਹੀ ਕਰਵਾਈ ਜਾਂਦੀ ਹੈ। ਜਿਹੜੇ ਨਵੇਂ ਸਟੇਡੀਅਮ ਬਣਵਾਏ ਗਏ ਹਨ, ਉਨ੍ਹਾਂ ਲਈ ਵੀ ਅਜੇ ਤੱਕ ਰਾਸ਼ੀ ਜਾਰੀ ਨਹੀਂ ਕੀਤੀ ਤੇ ਠੇਕੇਦਾਰ ਸਰਕਾਰ ਦੀ ਜਾਨ ਨੂੰ ਰੋ ਰਹੇ ਹਨ।
ਇਸ ਬਾਰੇ ਅਕਾਲੀ ਦਲ 1920 ਦੇ ਪ੍ਰਧਾਨ ਤੇ ਸਾਬਕਾ ਸਪੀਕਰ ਪੰਜਾਬ ਵਿਧਾਨ ਸਭਾ ਰਵੀਇੰਦਰ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਦੇ ਖਜ਼ਾਨੇ ਦੀ ਹਾਲਤ ਨਾਜ਼ੁਕ ਹੋ ਚੁੱਕੀ ਹੈ। ਤਕਰੀਬਨ ਚਾਰ ਹਜ਼ਾਰ ਕਰੋੜ ਰੁਪਏ ਦੇ ਬਿੱਲ ਭੁਗਤਾਨ ਲਈ ਬਕਾਇਆ ਪਏ ਹਨ ਤੇ ਪੰਜਾਬ ਦੀ ਮੌਜੂਦਾ ਅਕਾਲੀ-ਭਾਜਪਾ ਸਰਕਾਰ ਲੋਕਾਂ ਦਾ ਧਿਆਨ ਅਸਲ ਆਰਥਿਕ ਮੁੱਦਿਆਂ ਤੋਂ ਹਟਾਉਣ ਲਈ ਕਬੱਡੀ ਕੱਪ ਵਰਗੇ ਡਰਾਮੇ ਕਰ ਰਹੀ ਹੈ। ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਕਹਿਣਾ ਹੈ ਕਿ ਕਾਂਗਰਸ ਖੇਡਾਂ ਦੇ ਖਿਲਾਫ ਨਹੀਂ ਪਰ ਅਕਾਲੀਆਂ ਵੱਲੋਂ ਫ਼ਿਲਮੀ ਸਿਤਾਰਿਆਂ ਨੂੰ ਨਚਾਉਣਾ ਜਾਇਜ਼ ਨਹੀਂ। ਉਨ੍ਹਾਂ ਕਿਹਾ ਕਿ ਕਬੱਡੀ ਕੱਪ ਹੁਣ ਸਿਆਸੀ ਰੋਟੀਆਂ ਸੇਕਣ ਦਾ ਜਰੀਆ ਬਣ ਗਿਆ ਹੈ।
ਇਹ ਤੱਥ ਵੀ ਸਾਹਮਣੇ ਆਏ ਹਨ ਕਿ ਸਰਕਾਰ ਕਬੱਡੀ ਕੱਪ ਲਈ ਪੱਲਿਓਂ ਬਾਹਲਾ ਕੁਝ ਖਰਚ ਨਹੀਂ ਕਰਦੀ ਸਗੋਂ ਵਗਾਰਾਂ ਨਾਲ ਹੀ ਕੰਮ ਸਾਰ ਲੈਂਦੀ ਹੈ। ਐਤਕੀਂ ਵਿਸ਼ਵ ਕਬੱਡੀ ਕੱਪ ਦਾ ਬਜਟ 20 ਕਰੋੜ ਰੁਪਏ ਰੱਖਿਆ ਗਿਆ ਪਰ ਸਰਕਾਰ ਵੱਲੋਂ ਪੰਜ ਕਰੋੜ ਰੁਪਏ ਜਾਰੀ ਕੀਤੇ ਗਏ ਹਨ ਤੇ ਬਾਕੀ 15 ਕਰੋੜ ਰੁਪਏ ਸਪਾਂਸਰਾਂ ਤੋਂ ਇਕੱਠੇ ਕੀਤੇ ਗਏ ਹਨ। ਰੀਅਲ ਅਸਟੇਟ ਦੇ ਕਾਰੋਬਾਰੀ ਵੀ ਇਨ੍ਹਾਂ ਸਪਾਂਸਰਾਂ ਵਿਚ ਸ਼ਾਮਲ ਹਨ। ਇਸ ਤਰ੍ਹਾਂ ਸਰਕਾਰ ਬਿਨ੍ਹਾਂ ਧੇਲੀ ਖਰਚਿਆਂ ਹੀ ਆਪਣੀ ਬੱਲੇ-ਬੱਲੇ ਕਰਵਾ ਰਹੀ ਹੈ।
ਇਥੇ ਇਕ ਹੋਰ ਵੀ ਧਿਆਨ ਦੇਣ ਵਾਲੀ ਹੈ ਕਿ ਦੂਜੇ ਵਿਸ਼ਵ ਕੱਪ ਦਾ ਬਜਟ 17 ਕਰੋੜ ਰੁਪਏ ਸੀ ਤੇ ਪਹਿਲਾ ਵਿਸ਼ਵ ਕੱਪ ਸਿਰਫ਼ 5 ਕਰੋੜ, 66 ਲੱਖ ਰੁਪਏ ਵਿਚ ਹੀ ਹੋ ਗਿਆ ਸੀ। ਪੰਜਾਬ ਸਰਕਾਰ ਨੇ ਪਹਿਲੇ ਵਿਸ਼ਵ ਕਬੱਡੀ ਕੱਪ ‘ਤੇ ਸਰਕਾਰੀ ਖ਼ਜ਼ਾਨੇ ਵਿਚੋਂ 2 ਕਰੋੜ, 33 ਲੱਖ ਰੁਪਏ ਖਰਚੇ ਸਨ ਜਦੋਂਕਿ 3 ਕਰੋੜ, 32 ਲੱਖ ਰੁਪਏ ਸਪਾਂਸਰਾਂ ਨੇ ਖਰਚੇ ਸਨ। ਦੂਜੇ ਵਿਸ਼ਵ ਕਬੱਡੀ ਕੱਪ ਦੌਰਾਨ ਸਰਕਾਰੀ ਖ਼ਜ਼ਾਨੇ ਵਿਚੋਂ ਸਵਾ ਪੰਜ ਕਰੋੜ ਰੁਪਏ ਖਰਚੇ ਗਏ ਤੇ ਬਾਕੀ ਰਾਸ਼ੀ ਸਪਾਂਸਰਾਂ ਨੇ ਖਰਚੀ ਸੀ।
ਉਧਰ, ਵਿਸ਼ਵ ਕਬੱਡੀ ਕੱਪ ਨੂੰ ਡੋਪਿੰਗ ਮੁਕਤ ਕਰਵਾਏ ਜਾਣ ਬਾਰੇ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੇ ਗਏ ਦਾਅਵੇ ਵੀ ਕਾਫ਼ੂਰ ਹੁੰਦੇ ਨਜ਼ਰ ਆਏ ਕਿਉਂਕਿ ਨਾਡਾ (ਨੈਸ਼ਨਲ ਐਂਟੀ ਡੋਪਿੰਗ ਏਜੰਸੀ) ਦੀ ਕੋਈ ਵੀ ਟੀਮ ਕਿਤੇ ਵੀ ਖਿਡਾਰੀਆਂ ਦੇ ਸੈਂਪਲ ਲੈਣ ਨਹੀਂ ਪੁੱਜੀ। ਸੂਤਰਾਂ ਅਨੁਸਾਰ ਵਿਸ਼ਵ ਕਬੱਡੀ ਕੱਪ ਦੀ ਸ਼ੁਰੂਆਤ ਤੋਂ ਬਿਲਕੁਲ ਪਹਿਲਾਂ ਭਾਰਤੀ ਖਿਡਾਰੀਆਂ ਦੇ ਟੈਸਟ ਲਈ ਨਾਡਾ ਦੀ ਟੀਮ ਨੂੰ ਸੁਨੇਹਾ ਦਿੱਤਾ ਗਿਆ। ਉਧਰ, ਡੋਪ ਦੇ ਡੰਗ ਤੋਂ ਡਰਦਿਆਂ ਭਾਰਤੀ ਕਬੱਡੀ ਟੀਮ ਵਿਚ ਕੁਝ ਵਾਧੂ ਖਿਡਾਰੀ ਸ਼ਾਮਲ ਕੀਤੇ ਗਏ ਹਨ।
ਵਿਸ਼ਵ ਕਬੱਡੀ ਕੱਪ ਦੇ ਪ੍ਰਬੰਧਕਾਂ ਨੂੰ ਇਹ ਲੋੜ ਤੋਂ ਵੱਧ ਭਰੋਸਾ ਸੀ ਕਿ ਨਾਡਾ ਦੀਆਂ ਟੀਮਾਂ ਸੁਨੇਹਾ ਮਿਲਦਿਆਂ ਸਾਰ ਤੁਰੰਤ ਹੀ ਆ ਜਾਣਗੀਆਂ। ਇਹ ਸਮਝਿਆ ਜਾ ਰਿਹਾ ਹੈ ਕਿ ਨਾਡਾ ਦੇ ਚੇਅਰਮੈਨ ਵਿਸ਼ਵ ਕੱਪ ਦੇ ਪ੍ਰਬੰਧਕਾਂ ਨੂੰ ਪੱਤਰ ਲਿਖ ਕੇ ਸਪਸ਼ਟੀਕਰਨ ਮੰਗ ਸਕਦੇ ਹਨ। ਹੁਣ ਡੋਪਿੰਗ ਟੈਸਟ ਨਾਕਆਊਟ ਗੇੜ ਜਾਂ ਸੈਮੀ ਫਾਈਨਲ ਤੱਕ ਹੀ ਹੋ ਸਕਣਗੇ ਤੇ ਇਸ ਤਰ੍ਹਾਂ ਨਤੀਜੇ ਵੀ ਦੇਰ ਨਾਲ ਨਿਕਲਣਗੇ।
ਜ਼ਿਕਰਯੋਗ ਹੈ ਕਿ ਪਿਛਲੇ ਵਿਸ਼ਵ ਕਬੱਡੀ ਕੱਪ ਵਿਚ ਡੋਪਿੰਗ ਦੇ ਟੈਸਟ ਵੱਡੀ ਗਿਣਤੀ ਵਿਚ ਫੇਲ੍ਹ ਹੋ ਗਏ ਸਨ ਤੇ ਵਿਸ਼ਵ ਕਬੱਡੀ ਕੱਪ ਸ਼ੁਹਰਤ ਦੀ ਥਾਂ ਖੁਨਾਮੀ ਵਧੇਰੇ ਖੱਟ ਗਿਆ ਸੀ। ਇਸ ਤੋਂ ਇਲਾਵਾ ਵਿਸ਼ਵ ਕੱਪ ਦੇ ਪ੍ਰਬੰਧਕਾਂ ਕੋਲ ਅਜਿਹਾ ਕੋਈ ਪ੍ਰਬੰਧ ਨਹੀਂ ਹੈ ਕਿ ਉਹ ਡੋਪ ਟੈਸਟ ਵਿਚੋਂ ਫੇਲ੍ਹ ਹੋਏ ਕਬੱਡੀ ਖਿਡਾਰੀਆਂ ਉਤੇ ਦੋ ਜਾਂ ਤਿੰਨ ਸਾਲ ਲਈ ਖੇਡਣ ‘ਤੇ ਰੋਕ ਲਾਉਣ।
ਸੁਖਬੀਰ ਬਾਦਲ ਦੇ ਕਬੱਡੀ ਨੂੰ ਉਲੰਪਿਕ ਖੇਡਾਂ ਵਿਚ ਸ਼ਾਮਲ ਕਰਵਾਉਣ ਦੇ ਦਾਅਵੇ ਦੀ ਖੋਖਲੇ ਹਨ ਕਿਉਂਕਿ ਇਸ ਬਾਰੇ ਅਜੇ ਪਹਿਲਾ ਕਦਮ ਵੀ ਨਹੀਂ ਪੁੱਟਿਆ ਗਿਆ। ਇਸ ਬਾਰੇ ਲੋਕਾਂ ਨੂੰ ਸਿਰਫ ਗੁਮਰਾਹ ਹੀ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਉਲੰਪਿਕ ਪ੍ਰੋਗਰਾਮ ਵਿਚ ਸਪੋਰਟਸ 28 ਤੋਂ ਵੱਧ ਨਹੀਂ ਹੋ ਸਕਦੀਆਂ ਪਰ ਕਿਸੇ ਖੇਡ ਦੇ Ḕਡਿਸਿਪਲਿਨ’ ਤੇ Ḕਈਵੈਂਟ’ ਵੱਧ-ਘੱਟ ਹੋ ਸਕਦੇ ਹਨ। ਕਬੱਡੀ ਨੂੰ ਸਪੋਰਟਸ ਦੇ ਤੌਰ ‘ਤੇ ਲਿਆ ਜਾਵੇ ਤਾਂ ਇਸ ਦੇ ਤਿੰਨ ਡਿਸਿਪਲਿਨ ਹਨ। ਪਹਿਲਾ ਕਬੱਡੀ ਨੈਸ਼ਨਲ ਸਟਾਈਲ, ਦੂਜਾ ਕਬੱਡੀ ਸਰਕਲ ਸਟਾਈਲ ਤੇ ਤੀਜਾ ਬੀਚ ਕਬੱਡੀ। ਹਾਲੇ ਤੱਕ ਕਬੱਡੀ ਦਾ ਇਕੋ ਡਿਸਿਪਲਿਨ ਕਬੱਡੀ ਨੈਸ਼ਨਲ ਸਟਾਈਲ ਹੀ ਏਸ਼ੀਆਈ ਖੇਡਾਂ ਵਿਚ ਸ਼ਾਮਲ ਹੋਇਆ ਹੈ। ਅਜੇ ਤੱਕ ਇਹ ਵੀ ਕਾਮਨਵੈਲਥ ਖੇਡਾਂ ਵਿਚ ਸ਼ਾਮਲ ਨਹੀਂ ਕੀਤਾ ਗਿਆ। ਉਲੰਪਿਕ ਖੇਡਾਂ ਤਾਂ ਕਾਫੀ ਦੂਰ ਦੀ ਗੱਲ ਹੈ।

Be the first to comment

Leave a Reply

Your email address will not be published.