ਖਾਲਿਸਤਾਨੀਆਂ ਖਿਲਾਫ ਨਵੀਂ ਰਣਨੀਤੀ?

ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਖੁਫੀਆ ਏਜੰਸੀਆਂ ਵੱਲੋਂ ਵਾਰ-ਵਾਰ ਚੌਕਸ ਕਰਨ ‘ਤੇ ਭਾਰਤ ਸਰਕਾਰ ਨੇ ਵਿਦੇਸ਼ਾਂ ਵਿਚ ਖਾਲਿਸਤਾਨ ਪੱਖੀ ਸਰਗਰਮੀਆਂ ‘ਤੇ ਸ਼ਿਕੰਜਾ ਕੱਸਣ ਦੀ ਰਣਨੀਤੀ ਉਲੀਕੀ ਹੈ। ਇਸ ਨੀਤੀ ਤਹਿਤ ਭਾਰਤ ਵੱਲੋਂ ਜਿੱਥੇ ਕੂਟਨੀਤਕ ਸਬੰਧਾਂ ਦੇ ਜ਼ਰੀਏ ਵਿਦੇਸ਼ੀ ਸਰਕਾਰ ‘ਤੇ ਗਰਮ ਖਿਆਲੀ ਕਾਰਕੁਨਾਂ ਨੂੰ ਜ਼ਿਆਦਾ ਤਵੱਜੋ ਨਾ ਦੇਣ ਦੀ ਸਲਾਹ ਦਿੱਤੀ ਜਾ ਰਹੀ ਹੈ, ਉਥੇ ਭਾਰਤ ਵਿਚ ਮਕੱਦਮਿਆਂ ਦਾ ਸਾਹਮਣਾ ਕਰ ਰਹੇ ਖਾੜਕੂਆਂ ਨੂੰ ਵਾਪਸ ਲਿਆਉਣ ਲਈ ਚਾਰਾਜੋਈ ਕੀਤੀ ਜਾ ਰਹੀ ਹੈ। ਭਾਰਤ ਸਰਕਾਰ ਅਮਰੀਕਾ ਤੇ ਕੈਨੇਡਾ ਸਣੇ ਹੋਰ ਕਈ ਮੁਲਕਾਂ ਨਾਲ ਇਸ ਬਾਰੇ ਗੱਲ ਕਰ ਚੁੱਕੀ ਹੈ।
ਭਰੋਸੇਯੋਗ ਸੂਤਰਾਂ ਅਨੁਸਾਰ ਭਾਰਤ ਨੇ ਹੁਣ ਅਮਰੀਕਾ ਕੋਲ ਬੱਬਰ ਖਾਲਸਾ ਦੇ ਤਿੰਨ ਖਾੜਕੂ ਸੌਂਪਣ ਦਾ ਮੁੱਦਾ ਉਠਾਇਆ ਹੈ। ਖੁਫੀਆ ਏਜੰਸੀਆਂ ਦਾ ਦਾਅਵਾ ਹੈ ਕਿ ਇਹ ਤਿੰਨੇ ਖਾੜਕੂ ਜਲੰਧਰ ਬੱਸ ਅੱਡੇ ‘ਤੇ ਹੋਏ ਦੋ ਬੰਬ ਧਮਾਕਿਆਂ ਵਿਚ ਸ਼ਾਮਲ ਸਨ। ਸਰਕਾਰ ਨੇ ਕੈਲੀਫੋਰਨੀਆ ਵਿਚ ਰਹਿ ਰਹੇ ਗੁਰਨਾਮ ਸਿੰਘ, ਬਲਵਿੰਦਰ ਸਿੰਘ ਤੇ ਗੁਰਸ਼ਰਨ ਸਿੰਘ ਚੀਮਾ ਨੂੰ ਭਾਰਤ ਦੇ ਹਵਾਲੇ ਕਰਨ ਦਾ ਮਾਮਲਾ ਉਠਾਇਆ ਹੈ। ਪੁਲਿਸ ਅਨੁਸਾਰ ਇਨ੍ਹਾਂ ਤਿੰਨਾਂ ਖਾੜਕੂਆਂ ਦੀ ਭਾਰਤੀ ਖੁਫੀਆ ਏਜੰਸੀਆਂ ਨੂੰ ਕਾਫੀ ਸਮੇਂ ਤੋਂ ਤਲਾਸ਼ ਹੈ ਜੋ ਪਿਛਲੇ ਕਈ ਸਾਲਾਂ ਤੋਂ ਅਮਰੀਕਾ ਵਿਚ ਵਸੇ ਹੋਏ ਹਨ।
ਇਨ੍ਹਾਂ ਵਿਚੋਂ ਗੁਰਨਾਮ ਸਿੰਘ ਤੇ ਗੁਰਸ਼ਰਨ ਸਿੰਘ ਜਲੰਧਰ ਜ਼ਿਲ੍ਹੇ ਨਾਲ ਸੰਬਧ ਰੱਖਦੇ ਹਨ ਜਦਕਿ ਤੀਜਾ ਖਾੜਕੂ ਬਲਵਿੰਦਰ ਸਿੰਘ ‘ਖਾਲਿਸਤਾਨ ਜ਼ਿੰਦਾਬਾਦ ਫੋਰਸ’ ਦੇ ਮੁਖੀ ਰਣਜੀਤ ਸਿੰਘ ਨੀਟਾ ਦਾ ਕਰੀਬੀ  ਮੰਨਿਆ ਜਾ ਰਿਹਾ ਹੈ। ਉਸ ‘ਤੇ ਵਿਸਫੋਟਕ ਪਦਾਰਥ ਭਾਰਤ ਵਿਚ ਲਿਆਉਣ ਦੇ ਦੋਸ਼ ਹਨ। ਬਲਵਿੰਦਰ ਸਿੰਘ ਅਮਰੀਕਾ ਵਿਚ ਪਿਛਲੇ ਇਕ ਦਹਾਕੇ ਤੋਂ ਰਹਿ ਰਿਹਾ ਹੈ। ਵਿਦੇਸ਼ ਮੰਤਰਾਲਾ ਦੇ ਸੂਤਰਾਂ ਅਨੁਸਾਰ ਕੈਲੀਫੋਰਨੀਆ ਦੀ ਸੰਬਧਤ ਅਦਾਲਤ ਵਿਚ ਜਲਦੀ ਹੀ ਇਨ੍ਹਾਂ ਖਾੜਕੂਆਂ ਨੂੰ ਵਾਪਸ ਲਿਆਉਣ ਬਾਰੇ ਪੇਪਰ ਪੇਸ਼ ਕੀਤੇ ਜਾ ਰਹੇ ਹਨ।
ਅਮਰੀਕੀ ਅਧਿਕਾਰੀਆਂ ਨੇ ਕੇਂਦਰੀ ਗ੍ਰਹਿ ਮੰਤਰਾਲਾ ਨੂੰ ਭਰੋਸਾ ਦਿੱਤਾ ਹੈ ਕਿ ਉਹ ਇਨ੍ਹਾਂ ਤਿੰਨ ਖਾੜਕੂਆਂ ਨੂੰ ਭਾਰਤ ਦੇ ਹਵਾਲੇ ਕਰ ਦੇਣਗੇ। ਭਾਰਤ-ਅਮਰੀਕਾ  ਵਿਚਾਲੇ ਖਾੜਕੂ ਦੇ ਮੁੱਦੇ ‘ਤੇ ਹੋਈ ਚਰਚਾ ਵਿਚ ਵੀ ਭਾਰਤ ਨੇ ਇਨ੍ਹਾਂ ਤਿੰਨਾਂ ਖਾੜਕੂਆਂ ਦਾ ਮਾਮਲਾ ਉਠਾਇਆ ਸੀ। ਜ਼ਿਕਰਯੋਗ ਹੈ ਕਿ ਜਲੰਧਰ ਵਿਚ 24 ਅਪਰੈਲ, 2006 ਨੂੰ ਪੰਜਾਬ ਰੋਡਵੇਜ਼ ਦੀ ਬੱਸ ਵਿਚ ਧਮਾਕਾ ਹੋਇਆ ਸੀ ਜਿਸ ਵਿਚ ਤਿੰਨ ਬੰਦੇ ਮਾਰੇ ਗਏ ਸਨ ਜਦਕਿ ਇਕ ਹੋਰ ਬੰਬ ਧਮਾਕਾ 28 ਅਪਰੈਲ, 2006 ਨੂੰ ਅੰਤਰਰਾਜੀ ਬੱਸ ਅੱਡੇ ‘ਤੇ ਹੋਇਆ ਸੀ। ਇਨ੍ਹਾਂ ਪਿੱਛੇ ਇਨ੍ਹਾਂ ਤਿੰਨਾਂ ਖਾੜਕੂਆਂ ਦਾ ਹੱਥ ਮੰਨਿਆ ਜਾ ਰਿਹਾ ਹੈ।
ਪੰਜਾਬ ਵਿਚ ਇਸ ਵੇਲੇ ਬੇਸ਼ੱਕ ਮਾਹੌਲ ਪੂਰੀ ਤਰ੍ਹਾਂ ਸ਼ਾਂਤ ਹੈ ਤੇ ਪੁਲਿਸ ਦੀ ਸਖ਼ਤੀ ਕਾਰਨ ਗਰਮ ਖਿਆਲੀਆਂ ਦੀਆਂ ਸਰਗਰਮੀਆਂ ਪੂਰੀ ਤਰ੍ਹਾਂ ਠੱਪ ਹਨ ਪਰ ਫਿਰ ਵੀ ਭਾਰਤ ਸਰਕਾਰ ਨੂੰ ਇਸ ਸੂਬੇ ਵਿਚ ਕੋਈ ‘ਵੱਡੀ ਤੂਫਾਨ’ ਆਉਣ ਦਾ ਡਰ ਸਤਾ ਰਿਹਾ ਹੈ। ਇਸੇ ਕਰ ਕੇ ਭਾਰਤੀ ਖੁਫੀਆ ਏਜੰਸੀਆਂ ਵਾਰ-ਵਾਰ ਸਰਕਾਰ ਨੂੰ ਚੌਕਸ ਕਰ ਰਹੀਆਂ ਹਨ। ਇਸ ਬਾਰੇ ਕੇਂਦਰੀ ਗ੍ਰਹਿ ਰਾਜ ਮੰਤਰੀ ਆਰæਪੀæਐਨæ ਸਿੰਘ ਨੇ ਲੋਕ ਸਭਾ ਵਿਚ ਕਿਹਾ ਸੀ ਕਿ ਸਿੱਖ ਜਥੇਬੰਦੀਆਂ ਖਾਸ ਕਰ ਕੇ ਵਿਦੇਸ਼ਾਂ ਵਿਚ ਸਰਗਰਮ ਜਥੇਬੰਦੀਆਂ ਪੰਜਾਬ ਵਿਚ ਅਤਿਵਾਦ ਨੂੰ ਸੁਰਜੀਤ ਕਰਨ ਲਈ ਯਤਨ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਅਤਿਵਾਦ ਨੂੰ ਮੁੜ ਹਵਾ ਦੇਣ ਦੀ ਕੋਸ਼ਿਸ਼ ਵਿਚ ਲੱਗੀਆਂ ਇਨ੍ਹਾਂ ਜਥੇਬੰਦੀਆਂ ‘ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਖਾਲਿਸਤਾਨ ਪੱਖੀ ਜਥੇਬੰਦੀਆਂ ਬੱਬਰ ਖਾਲਸਾ ਇੰਟਰਨੈਸ਼ਨਲ, ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ, ਖਾਲਿਸਤਾਨ ਕਮਾਂਡੋ ਫੋਰਸ ਤੇ ਖਾਲਿਸਤਾਨ ਜ਼ਿੰਦਾਬਾਦ ਫੋਰਸ ਨੂੰ ਗੈਰਕਾਨੂੰਨੀ ਸਰਗਰਮੀਆਂ ਰੋਕ ਸੋਧ ਕਾਨੂੰਨ 2004 ਤਹਿਤ ਖਾੜਕੂ ਜਥੇਬੰਦੀਆਂ ਦੀ ਸੂਚੀ ਵਿਚ ਹੀ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪਿਛਲੇ ਮਹੀਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਦੀ ਭਾਰਤ ਫੇਰੀ ਦੌਰਾਨ ਖਾੜਕੂਵਾਦ ਦਾ ਮੁੱਦਾ ਵਿਚਾਰਿਆ ਗਿਆ ਤੇ ਉਨ੍ਹਾਂ ਭਾਰਤ ਸਰਕਾਰ ਨੂੰ ਹਰ ਤਰ੍ਹਾਂ ਦੀ ਸਹਾਇਤਾ ਦੇਣ ਦਾ ਭਰੋਸਾ ਦਵਾਇਆ।

Be the first to comment

Leave a Reply

Your email address will not be published.