ਆਪਣੇ ਚੇਤੇ ਦੀ ਚੰਗੇਰ ਵਿਚੋਂ ਐਤਕੀਂ ਕਾਨਾ ਸਿੰਘ ਨੇ ਗੁੱਜਰਖਾਨ ਨਾਲ ਜੁੜੀ ਉਹ ਕਥਾ ਛੋਹੀ ਹੈ ਜਿਹੜੀ ਉਹਨੂੰ ਵੀ ਹੈਰਾਨ ਕਰ ਗਈ ਸੀ। ਵਿਸ਼ਵਾਸ ਤੋਂ ਅੰਧ-ਵਿਸ਼ਵਾਸ ਤੱਕ ਦਾ ਇਹ ਸਫਰ ਬਹੁਤ ਸਹਿਜ ਰੂਪ ਵਿਚ ਬਿਆਨ ਹੋਇਆ ਹੈ। ਬਹੁਤ ਵਾਰ ਵਕਤ ਵਿਹਾ ਕੇ ਗੱਲਾਂ ਨਾਲ ਗੱਲਾਂ ਇੰਜ ਕਰੁੰਗੜੀ ਪਾ ਕੇ ਖੜ੍ਹ ਜਾਂਦੀਆਂ ਹਨ ਕਿ ਸੱਚ ਦਾ ਹੀ ਝਉਲਾ ਪੈਣ ਲੱਗ ਪੈਂਦਾ ਹੈ।-ਸੰਪਾਦਕ
ਕਾਨਾ ਸਿੰਘ
ਫੋਨ: 91-95019-44944
ਫੋਨ ਆਇਆ ਪਾਕਿਸਤਾਨ ਦੇ ਜ਼ਿਲ੍ਹਾ ਜਿਹਲਮ ਦੇ ਕਸਬੇ ਦੀਨਾ ਤੋਂ।æææਇਹ ਸਨ ਸਿਦੀਕ ਸੂਰਜ ਜਿਨ੍ਹਾਂ ਨੇ ਲਾਹੌਰ ਦੇ ‘ਸੁਚੇਤ ਕਿਤਾਬ ਘਰ’ ਤੋਂ ਮੇਰੀ ਕਿਤਾਬ ‘ਰੂਹ ਦਾ ਅਨੁਵਾਦ’ ਪ੍ਰਾਪਤ ਕਰ ਕੇ ਪੜ੍ਹੀ ਸੀ। ਕਿਤਾਬ ਵਿਚਲੇ ਯਾਦ-ਚਿੱਤਰ ‘ਵਿਹੜੇ ਦਾ ਬਿਰਛ’ ਦਾ ਉਨ੍ਹਾਂ ਨੇ ਉਰਦੂ ਵਿਚ ਕਹਾਣੀ ਵਜੋਂ ਅਨੁਵਾਦ ਕੀਤਾ ਸੀ, ਤੇ ਹੁਣ ਉਸ ਨੂੰ ਪ੍ਰਕਾਸ਼ਿਤ ਕਰਨ ਲਈ ਮੇਰੀ ਇਜਾਜ਼ਤ ਮੰਗਦੇ ਸਨ। ਉਸ ਤੋਂ ਬਾਅਦ ਫੋਨਾਂ ਅਤੇ ਇੰਟਰਨੈਟ ਰਾਹੀਂ ਸਾਡਾ ਰਾਬਤਾ ਕਾਇਮ ਹੋ ਗਿਆ।
ਵਕਤ ਪਾ ਕੇ ਮੇਰੀਆਂ ਸਾਰੀਆਂ ਹੀ ਕਿਤਾਬਾਂ ਸਿਦੀਕ ਸੂਰਜ ਤੱਕ ਪੁੱਜ ਗਈਆਂ ਅਤੇ ਗਾਹੇ-ਬਗਾਹੇ ‘ਪੰਜਾਬੀ ਟ੍ਰਿਬਿਊਨ’ ਵਿਚ ਛਪਦੇ ਆਪਣੇ ਆਰਟੀਕਲ ਵੀ ਮੈਂ ਉਨ੍ਹਾਂ ਨੂੰ ਮੇਲ ਕਰਨ ਲੱਗੀ। ਉਹ ਮੇਰੀਆਂ ਲਿਖਤਾਂ ਨੂੰ ਸ਼ਾਹਮੁਖੀ ਵਿਚ ਲਿਪੀਅੰਤਰ ਕਰ ਕੇ ਜਾਂ ਉਰਦੂ ਵਿਚ ਤਰਜਮਾ ਕਰ ਕੇ ਉਧਰ ਦੇ ਅਖਬਾਰਾਂ ਅਤੇ ਰਿਸਾਲਿਆਂ ਵਿਚ ਭੇਜਣ ਲੱਗੇ।
ਗੱਲਾਂ-ਗੱਲਾਂ ਵਿਚ ਮੈਂ ਸੂਰਜ ਨੂੰ ਦੱਸਿਆ ਕਿ ਮਾਰਚ 2004 ਵਿਚ ਪਾਕਿਸਤਾਨ ਫੇਰੀ ਦੌਰਾਨ, ਮੈਂ ਗੁੱਜਰਖਾਨ ਜਾ ਕੇ ਵੀ ਆਪਣਾ ਜੱਦੀ ਘਰ ਨਹੀਂ ਸਾਂ ਲੱਭ ਸਕੀ। ਉਨ੍ਹਾਂ ਮੇਰੇ ਘਰ-ਮੁਹੱਲੇ ਦੀਆਂ ਨਿਸ਼ਾਨੀ ਵਿਚਲੇ ਉਚੇ ਥੜ੍ਹੇ ਵਾਲੇ ਸਾਡੇ ਪੁਰਾਣੇ ਘਰ ਦੀਆਂ ਤਸਵੀਰਾਂ ਖਿੱਚ ਕੇ ਉਨ੍ਹਾਂ ਮੈਨੂੰ ਮੇਲ ਕਰ ਦਿੱਤੀਆਂ।
ਦੀਨੇ ਤੋਂ ਇਕ ਘੰਟੇ ਦੇ ਸਫਰ ਦੀ ਦੂਰੀ ‘ਤੇ ਹੀ ਹੈ ਗੁੱਜਰਖਾਨ। ਸਿਦੀਕ ਸੂਰਜ ਦਾ ਅਕਸਰ ਹੀ ਗੇੜਾ ਲਗਦਾ ਰਹਿੰਦਾ ਹੈ ਉਥੇ। ਉਨ੍ਹਾਂ ਵਲੋਂ ਈ-ਮੇਲ ਰਾਹੀਂ ਭੇਜੀਆਂ ਤਸਵੀਰਾਂ ਰਾਹੀਂ ਹੁਣ ਗੁੱਜਰਖਾਨ ਦੇ ਕਟੜੇ ਅਤੇ ਗਲੀਆਂ-ਬਜ਼ਾਰਾਂ ਦੇ ਦੀਦਾਰ ਮੈਨੂੰ ਅਕਸਰ ਹੀ ਹੋਣ ਲੱਗੇ।
ਵਕਤ ਪਾ ਕੇ ਸਿਦੀਕ ਸੂਰਜ ਨੇ ਨਵੇਂ ਮੁਹੱਲੇ ਵਿਚੋਂ ਪੁਰਾਣੇ ਮੁਹੱਲੇ ਵਲ ਜਾਂਦੀ ਗਲੀ ਦੇ ਵਿਚਕਾਰਲੇ ਮੋੜ ਦੇ ਸਾਹਵੇਂ ਕਸ਼ਮੀਰੀਆਂ ਦੀ ਹਵੇਲੀ ਦੀ ਤਸਵੀਰ ਭੇਜੀ। ਇਸ ਹਵੇਲੀ ਨਾਲ ਮੇਰੇ ਬਚਪਨ ਦੀ ਬੜੀ ਪਿਆਰੀ ਯਾਦ ਜੁੜੀ ਹੋਈ ਹੈ ਜਿਸ ਦਾ ਜ਼ਿਕਰ ਮੈਂ ਆਪਣੇ ਕਿਸੇ ਚੇਤੇ ਦੀ ਲਿਖਤ ਵਿਚ ਕਰ ਚੁੱਕੀ ਸਾਂ। ਉਹ ਇਸ ਪ੍ਰਕਾਰ ਹੈ:
ਉਮਰ ਚਾਰ ਸਾਲ। ਸਾਲ, ਡੇਢ ਸਾਲ ਪਹਿਲਾਂ ਮੇਰੀਆਂ ਦੋ ਵੱਡੀਆਂ ਭੈਣਾਂ ਦੇ ਵਿਆਹ ਹੋਏ ਸਨ। ਦੋ ਜੰਝਾਂ, ਇਕੋ ਵੇਲੇ। ਨਾਲੋ-ਨਾਲ। ਘੋੜੀਆਂ ‘ਤੇ ਚੜ੍ਹ ਕੇ ਆਏ ਸਨ ਦੋਵੇਂ ਮਰਾਜ੍ਹ (ਲਾੜੇ)। ਮਰਾਜ੍ਹ ਘੋੜੀ ‘ਤੇ ਚੜ੍ਹ ਕੇ ਆਉਂਦਾ ਹੈ, ਵਹੁਟੀ ਨੂੰ ਲਿਜਾਣ ਲਈ। ਬਸ ਇੰਨੀ ਕੁ ਹੀ ਸਮਝ ਸੀ ਉਸ ਉਮਰ ਦੀ ਮੇਰੀ; ਤੇ ਮੈਂ ਬੈਠੀ ਰਹਿੰਦੀ ਕਸ਼ਮੀਰੀਆਂ ਦੀ ਹਵੇਲੀ ਸਾਹਮਣੇ ਬੁੱਤ ਬਣ ਕੇ, ਘੰਟਿਆਂਬੱਧੀ। ਕਿਉਂ ਭਲਾ?æææਕਿਉਂਕਿ ਉਚਾ ਲੰਮਾ, ਸੁਰਖ ਗੁਲਾਬ ਚਿਹਰਾ ਤੇ ਯਾਕੂਤੀ ਹੋਠਾਂ ਵਾਲਾ ਨੱਢਾ, ਸਿਰ ‘ਤੇ ਤਿੱਲੇਦਾਰ ਕੁੱਲਾ, ਪਿੱਛੇ ਲੰਮਾ ਕਾਲਾ ਸ਼ਮਲਾ ਲਮਕਦਾ, ਜਿਸ ਦਾ ਨੂਰ ਅੱਜ ਵੀ ਉਂਜ ਦਾ ਉਂਜ ਹੀ ਟਿਕਿਆ ਹੋਇਆ ਹੈ ਚੇਤੇ ਵਿਚ, ਦਗੜ-ਦਗੜ ਘੋੜੀ ‘ਤੇ ਸਵਾਰ ਹਵੇਲੀ ਵਿਚੋਂ ਨਿਕਲਦਾ।
ਮੈਂ ਵੇਖਦੀ ਤੇ ਬਹਿ ਜਾਂਦੀ ਉਥੇ ਦੀ ਉਥੇ ਜੰਮ ਕੇ, ਉਸ ਦੇ ਪਰਤਣ ਦੀ ਉਡੀਕ ਵਿਚ।
“ਕਾਨਾ ਕਿਉਂ ਬੈਠੀ ਏਂ?” ਜੇ ਕੋਈ ਪੁੱਛਦਾ ਤਾਂ ਆਖਦੀ: “ਮੇਰਾ ਮਰਾਜ੍ਹ ਆਣ ਵਾਲਾ ਹੈ। ਉਹ ਆਸੀ ਤੈ ਮੈੱਨ ਘੋੜੀ ਤੈ ਚੜ੍ਹਾਕੈ ਲੈ ਜਾਸੀ।”
ਇਸ ਬਾਲ-ਬੁੱਧ ਦਾ ਜ਼ਿਕਰ ਮੈਂ ਸਿਦੀਕ ਸੂਰਜ ਅੱਗੇ ਕਰ ਚੁੱਕੀ ਸਾਂ। ਉਹ ਉਸ ਮੁਹੱਲੇ ਵਿਚ ਅਕਸਰ ਜਾਣ ਅਤੇ ਉਥੋਂ ਦੀਆਂ ਖਬਰਾਂ ਮੈਨੂੰ ਦੇਣ ਲੱਗੇ। ਸਰਦਾਰੀ ਟੁੰਡਾ, ਫਿਰੋਜ਼ਾ ਮੁੰਡਾ ਜੋ ਬੱਚਿਆਂ ਨੂੰ ਡਰਾ ਕੇ ਅਨੰਦ ਲੈਂਦੇ ਸਨ, ਨਹੀਂ ਸਨ ਰਹੇ।æææਇਮਾਰਤਕਾਰ ਇਬਰਾਹਿਮ ਚਾਚਾ ਜੀ ਵੀ ਫੌਤ ਹੋ ਗਏ ਸਨ।æææਮਾਈ ਕਾਕੀ ਦਾ ਗੁਰਦੁਆਰਾ ਬਸ ਹੁਣ ਇਕ ਢਠਵਾਣ ਹੀ ਸੀ।æææਕਸ਼ਮੀਰੀਆਂ ਦੀ ਗਲੀ ਦਾ ਰਾਹ ਮਹੱਲੇ ਵਲੋਂ ਬੰਦ ਕਰਕੇ ਪਿਛਲੇ ਪਾਸਿਓਂ ਕੱਢ ਲਿਆ ਗਿਆ ਹੈ, ਆਦਿ ਆਦਿ।
ਕਸ਼ਮੀਰੀਆਂ ਦੀ ਹਵੇਲੀ ਵਾਲੀ ਗਲੀ ਦੇ ਬੰਦ ਕੀਤੇ ਰਾਹ ਦੇ ਐਨ ਸਾਹਮਣੇ ਵਾਲੇ ਚੌੜੇ ਥੜ੍ਹੇ ਵਾਲੇ ਦੋ ਮੰਜ਼ਲੇ ਘਰ ਦੀ ਤਸਵੀਰ ਨੂੰ ਭੇਜਦਿਆਂ ਸਿਦੀਕ ਸੂਰਜ ਨੇ ਜੋ ਖਬਰ ਦਿੱਤੀ ਉਸ ਨੇ ਤਾਂ ਮੈਨੂੰ ਹੈਰਾਨ ਹੀ ਕਰ ਦਿੱਤਾ।
ਸੂਰਜ ਨੇ ਦੱਸਿਆ ਕਿ ਗੁੱਜਰਖਾਨ ਵਿਚ ਰਹਿੰਦੇ ਉਨ੍ਹਾਂ ਦੇ ਸੱਜਣਾਂ-ਮਿੱਤਰਾਂ ਦੇ ਦੱਸਣ ਮੁਤਾਬਕ ਇਸ ਘਰ ਵਿਚ ਰਹਿੰਦੇ ਸਿੱਖ ਪਰਿਵਾਰ ਦਾ ਬਾਰਾਂ-ਤੇਰ੍ਹਾਂ ਵਰ੍ਹਿਆਂ ਦਾ ਕਿਸ਼ੋਰ ਬਾਲਕ ਹੁੰਦਾ ਸੀ ਜੋ ਸਦਾ ਅੱਲ੍ਹਾ ਹੂ ਅੱਲ੍ਹਾ ਹੂ ਉਚਰਦਾ ਰਹਿੰਦਾ ਸੀ। ਇਸੇ ਕਰ ਕੇ ਉਸ ਦੇ ਮਾਪੇ ਉਸ ਨੂੰ ਲੋਹੇ ਦੀ ਸੰਗਲੀ ਨਾਲ ਬੰਨ੍ਹ ਕੇ ਡਿਓੜੀ ਦੀ ਬਾਰੀ ਦੀਆਂ ਸੀਖਾਂ ਨਾਲ ਨੂੜੀ ਰੱਖਦੇ ਸਨ। ਸੰਨ 1947 ਵਿਚ ਉਹ ਖੱਤਰੀ ਪਰਿਵਾਰ ਹਿੰਦੁਸਤਾਨ ਜਾਣ ਲਈ ਤਿਆਰ ਹੋ ਗਿਆ, ਪਰ ਉਸ ‘ਅੱਲ੍ਹਾ ਦੀ ਪਾਕ ਰੂਹ’ ਨੂੰ ਇਹ ਪਰਵਾਨ ਨਹੀਂ ਸੀ। ਉਸ ਅੰਨ-ਪਾਣੀ ਲੈਣਾ ਛੱਡ ਦਿੱਤਾ ਤੇ ਫੌਤ ਹੋ ਗਿਆ। ਜੇਠ ਦੀ ਭੱਠ ਗਰਮੀ ਸੀ। ਕਰਫਿਊ ਲੱਗੇ ਹੋਏ ਸਨ। ਕਿੰਨੇ ਦਿਨ ਉਸ ਪਾਕ ਰੂਹ ਦੀ ਲਾਸ਼ ਘਰ ਵਿਚ ਪਈ ਰਹੀ ਤੇ ਉਸ ਵਿਚੋਂ ਖੁਸ਼ਬੂ ਦੀਆਂ ਲਪਟਾਂ ਆਉਂਦੀਆਂ ਰਹੀਆਂ; ਬਦਬੂ ਨਹੀਂ।
ਸਿਦੀਕ ਸੂਰਜ ਨੇ ਉਸ ਘਰ ਦੀ ਅਤੇ ਉਸ ਦੇ ਮੂਹਰੇ ਬਣੀ ਹੋਈ ਥੜ੍ਹੀ ਦੀ ਮੈਨੂੰ ਤਸਵੀਰ ਭੇਜੀ। ਉਨ੍ਹਾਂ ਦੱਸਿਆ ਕਿ ਇਹ ਮੜ੍ਹੀ ਏ ਉਸ ਪਾਕ ਰੂਹ ਦੀ ਜਿਸ ‘ਤੇ ਲੋਕੀਂ ਫੁੱਲ ਚੜ੍ਹਾਂਦੇ ਹਨ, ਸਜਦੇ ਕਰਦੇ ਹਨ। ਮੜ੍ਹੀ ‘ਤੇ ਮੰਨਤਾਂ ਮੰਨੀਆਂ ਤੇ ਪੁਗਾਈਆਂ ਜਾਂਦੀਆਂ ਹਨ।
ਤਸਵੀਰ ਵੇਖਦਿਆਂ ਹੀ ਮੈਂ ਪਛਾਣ ਗਈ ਕਿ ਇਹ ਤਾਂ ਸਾਡੀ ਗਲੀ ਵਿਚ ਰਹਿੰਦੇ ਸਾਡੇ ਰਿਸ਼ਤੇਦਾਰ, ਚਾਚਾ ਮਹਿੰਦਰ ਸਿੰਘ ਸੇਠੀ ਦਾ ਘਰ ਸੀ। ਮੰਧਰੇ ਦੇ ਬੱਸ ਅੱਡੇ ਉਤੇ ਸਥਿਤ ਮੇਰੇ ਪਿਤਾ ਜੀ ਦੇ ਬਰਮਾ ਸ਼ੈਲ, ਪੈਟਰੋਲ ਪੰਪ ਦੇ ਉਹ ਭਾਈਵਾਲ ਵੀ ਸਨ। ਇਸ ਥੜ੍ਹੇ ਵਾਲੇ ਘਰ ਵਿਚ ਇਕ ਵੇਰਾਂ ਮਾਂ ਨੇ ਮੈਨੂੰ ਖੋੜਾਂ (ਕੱਚੇ ਅਖ਼ਰੋਟਾਂ) ਦੀ ਪੱਛੀ ਦੇ ਕੇ ਭੇਜਿਆ ਸੀ। ਕੋਹਮਰੀ ਤੋਂ ਆਏ ਅਖ਼ਰੋਟ।
ਡਿਓੜੀ ਵਿਚ ਵੜਦਿਆਂ ਹੀ ਮੈਂ ਉਸ ਨੂੰ ਵੇਖਿਆ ਸੀ, ਬਾਰੀ ਦੀ ਸੰਗਲੀ ਨਾਲ ਬੰਨ੍ਹਿਆ ਹੋਇਆ ਦਸ-ਬਾਰਾਂ ਕੁ ਵਰ੍ਹਿਆਂ ਦਾ ਗੋਰਾ ਕਿਸ਼ੋਰ। ਚਿੱਟੀ ਕਮੀਜ਼, ਖਾਕੀ ਨਿੱਕਰ ਵਿਚ ਤੇ ਪਿੱਛੇ ਲਟਕਦੀ ਲੰਮੀ ਸਾਰੀ ਗੁੱਤ।
‘ਹੂ ਹੂ’ ਕਰਦਾ ਉਹ ਮੇਰੇ ਵੱਲ ਪਲੰਮਿਆ ਸੀ, ਤੇ ਮੈਂ ਚੀਕਾਂ ਮਾਰਦੀ ਬਾਹਰ ਪਰਤ ਆਈ ਸਾਂ, ਸ਼ੂਟ ਵੱਟ ਕੇ ਮੁੜ ਆਪਣੇ ਘਰ। ਘਰ ਆ ਕੇ ਪਤਾ ਲੱਗਾ ਸੀ ਕਿ ਉਹ ਤਾਂ ਧੀਰਾ ਸੀ, ਸੇਠੀ ਖਾਨਦਾਨ ਦਾ ਸਭ ਤੋਂ ਨਿੱਕਾ, ਪੰਜਵਾਂ ਪੁੱਤਰ। ਜਮਾਂਦਰੂ ਪਾਗਲ।
ਸਿਦੀਕ ਸੂਰਜ ਤੋਂ ਇਹ ਜਾਣਕਾਰੀ ਮਿਲਦਿਆਂ ਹੀ ਮੈਂ ਦਿੱਲੀ ਫੋਨ ਕੀਤਾ, ਮਹਿੰਦਰ ਸਿੰਘ ਸੇਠੀ ਦੇ ਘਰ।
ਦੱਖਣ ਦਿੱਲੀ ਦੇ ਭੋਗਲ ਅਤੇ ਜੰਗਪੁਰੇ ਇਲਾਕੇ ਵਿਚ ਸਥਿਤ ਇਥੇ ਵੀ ਅਸਾਂ ਦੋਵਾਂ ਪਰਿਵਾਰਾਂ ਦੇ ਘਰ ਤੇ ਪੈਟਰੋਲ ਪੰਪ ਨੇੜੇ ਨੇੜੇ ਹੀ ਹਨ। ਇਕੋ ਬਿਰਾਦਰੀ ਦੇ ਹੋਣ ਕਾਰਨ ਰਿਸ਼ਤੇਦਾਰੀ ਵੀ ਦੂਹਰੀ, ਤ੍ਰੇਹੜੀ ਹੈ।
ਚਾਚਾ ਜੀ ਨੇ ਦੱਸਿਆ ਕਿ ਧੀਰਾ ਤਾਂ ਵੰਡ ਤੋਂ ਇਕ ਸਾਲ ਪਹਿਲਾਂ ਹੀ ਗੁਜ਼ਰ ਗਿਆ ਸੀ। ਉਨ੍ਹਾਂ ਦਾ ਪਰਿਵਾਰ ਅਪਰੈਲ 1947 ਵਿਚ ਹੀ ਸੋਲਨ ਆ ਟਿਕਿਆ ਸੀ ਤੇ ਫੇਰ ਸਾਲ ਖੰਡ ਮਗਰੋਂ ਉਹ ਦਿੱਲੀ ਜਾ ਟਿਕੇ।
ਜ਼ਾਹਿਰ ਹੈ ਕਿ ਧੀਰੇ ਦੀ ਮੌਤ ਅਤੇ ਉਸ ਦੀ ਲਾਸ਼ ਵਿਚੋਂ ਨਿਕਲਦੀਆਂ ਖੁਸ਼ਬੂ ਦੀਆਂ ਲਪਟਾਂ ਵਾਲੀ ਗੱਲ ਝੂਠ ਸੀ। ਮਿੱਥ!
ਜੇ ਅਸੀਂ ਸਾਰੇ ਹਿੰਦੂ-ਸਿੱਖ ਪਰਿਵਾਰ ਗੁੱਜਰਖ਼ਾਨ ਤੋਂ ਕੂਚ ਹੀ ਕਰ ਗਏ ਸਾਂ ਸਦਾ-ਸਦਾ ਲਈ, ਤਾਂ ਝੂਠ-ਸੱਚ ਦਾ ਨਿਤਾਰਾ ਵੀ ਕੀ ਤੇ ਕਿਸ ਨੇ ਕਰਨਾ ਸੀ?
ਅੱਜ ਉਥੇ ਧੀਰੇ ਦੀ ਯਾਦ ਵਿਚ ਥੜ੍ਹੀ ਬਣੀ ਹੋਈ ਹੈ। ਲੋਕੀਂ ਸਿਰ ਝੁਕਾਂਦੇ, ਸੁੱਖਣਾ ਸੁੱਖਦੇ ਹਨ। ਸ਼ਰਧਾਲੂ ਮੰਨਤਾਂ ਮੰਨਦੇ ਤੇ ਪੁਗਾਂਦੇ ਹਨ। ਹੁੰਦੀਆਂ ਹੋਣਗੀਆਂ ਮੰਨਤਾਂ ਪੂਰੀਆਂ। ਜ਼ਰੂਰ।
ਇਹ ਧੀਰੇ ਦੀ ਕਰਾਮਾਤ ਹੈ, ਜਾਂ ਸ਼ਰਧਾਲੂਆਂ ਦੇ ਅਕੀਦੇ ਦੀ ਸ਼ਿੱਦਤ?æææਜੇ ਵਿਸ਼ਵਾਸ ਪੱਥਰ ਵਿਚ ਜਾਨ ਪਾ ਦਿੰਦਾ ਹੈ, ਤਾਂ ਕੀ ਲੋਕ ਸਮੂਹ ਦਾ ਵਿਸ਼ਵਾਸ ਕ੍ਰਿਸ਼ਮਾ ਨਹੀਂ?
Leave a Reply