ਵਰਿਆਮ ਸਿੰਘ ਸੰਧੂ ਦਾ ਹਰਭਜਨ ਹਲਵਾਰਵੀ ਬਾਰੇ ਖੂਬਸੂਰਤ ਤੇ ਭਾਵਪੂਰਤ ਲੰਮਾ ਰੇਖਾ ਚਿੱਤਰ ਪੜ੍ਹਿਆ। ਸੰਧੂ ਕੋਲ ਸ਼ਬਦਾਂ ਦਾ ਖ਼ਜ਼ਾਨਾ ਹੈ ਤੇ ਇਨ੍ਹਾਂ ਨੂੰ ਜੜਨ ਦੀ ਕਲਾ ਵੀ। ਦੋਸਤੀ ਨੇ ਇਸ ਵਿਚ ਸੋਨੇ ਉਤੇ ਸੁਹਾਗੇ ਦਾ ਕੰਮ ਕੀਤਾ ਹੈ। ਕਿਸੇ ਯਾਰ-ਦੋਸਤ ਨੂੰ ਯਾਦ ਕਰਨ ਦਾ ਇਸ ਤੋਂ ਵਧੀਆ ਤਰੀਕਾ ਹੋਰ ਹੋ ਹੀ ਨਹੀਂ ਸਕਦਾ! ਵਿਚ ਜਿਹੇ ਉਨ੍ਹਾਂ ਦੀ ਅਣ-ਬਣ ਪੜ੍ਹਦਿਆਂ ਮਨ ਡਰਨ ਲੱਗ ਪਿਆ, ਪਈ ਕਿਤੇ ਅੰਤ ਵੀ ਅਜਿਹਾ ਈ ਨਾ ਹੋ ਜਾਵੇ, ਪਰ ਭਲਾ ਹੋਵੇ ਦੋਹਾਂ ਬੀਬੀਆਂ ਦਾ ਜਿਨ੍ਹਾਂ ਨੇ ਕੁੜੱਤਣ ਨੂੰ ਸ਼ਹਿਦ ਵਿਚ ਬਦਲ ਦਿੱਤਾ ਤੇ ਦੋਵੇਂ ਦੋਸਤ ਫਿਰ ਜਿਗਰੀ ਯਾਰ ਬਣ ਗਏ।
ਇਹ ਪੜ੍ਹਦਿਆਂ ਪਿਛਲੇ ਚਾਲੀ ਸਾਲਾਂ ਦਾ ਲੰਮਾ ਸਮਾਂ ਮੇਰੇ ਜ਼ਿਹਨ ਵਿਚ ਫਿਲਮ ਵਾਂਗ ਘੁੰਮਦਾ ਰਿਹਾ। 1974 ਵਿਚ ਪਹਿਲੀ ਵਾਰ ਹਲਵਾਰਵੀ ਨੂੰ ਜਗਤਪੁਰ ਲਿਖਾਰੀ ਸਭਾ ਦੇ ਸਾਲਾਨਾ ਸਮਾਗਮ ਵਿਚ ਕਵਿਤਾ ‘ਤੇ ਪੜ੍ਹੇ ਗਏ ਪੇਪਰ ਬਾਰੇ ਬਹਿਸ ਕਰਦਿਆਂ ਸੁਣਿਆ ਤੇ ਦੇਖਿਆ ਸੀ। ਉਸ ਦੇ ਤਰਕ, ਤਲਵਾਰ ਵਾਂਗ ਤਿੱਖੇ ਸਨ। ਉਨ੍ਹੀਂ ਦਿਨੀਂ ਉਹ ਗੁਪਤਵਾਸ ਨੂੰ ਅਲਵਿਦਾ ਕਹਿ ਕੇ ਆਇਆ ਸੀ। ਨਾਗੀ ਰੈਡੀ ਗਰੁਪ ਉਸ ਤੋਂ ਡਾਢਾ ਔਖਾ ਸੀ। ਦਰਸ਼ਨ ਖਟਕੜ ਨਾਲ ਉਸ ਦੀ ਡੂੰਘੀ ਸਾਂਝ ਸੀ। ਉਹ ਵੀ ਉਨ੍ਹੀਂ ਦਿਨੀਂ ਜੇਲ੍ਹ ਤੋਂ ਰਿਹਾਅ ਹੋ ਕੇ ਆਇਆ ਸੀ। ਭਾਅ ਦਰਸ਼ਨ ਰਾਹੀਂ ਅਸੀਂ ਵੀ ਕਦੇ-ਕਦਾਈਂ ਉਸ ਨੂੰ ਮਿਲਣ-ਗਿਲਣ ਜਾਂਦੇ। ਪ੍ਰਭਾਵਿਤ ਕਰਨ ਦੀ ਉਸ ਕੋਲ ਚੁੰਬਕੀ ਸ਼ਕਤੀ ਸੀ। ਨਵੇਂ ਲਿਖਣ ਵਾਲਿਆਂ ਨੂੰ ਉਹ ਪਿਆਰ ਵੀ ਕਰਦਾ ਤੇ ਸਹੀ ਸਲਾਹ ਵੀ ਦਿੰਦਾ ਸੀ।
ਇਹ ਠੀਕ ਏ ਕਿ ਟ੍ਰਿਬਿਊਨ ਦੀ ਨੌਕਰੀ ਸਮੇਂ ਉਸ ਦੇ ਕਈ ਯਾਰ ਉਸ ਦੇ ਦੁਸ਼ਮਣ ਬਣ ਗਏ। ਉਨ੍ਹਾਂ ਵਿਚੋਂ ਕਈਆਂ ਨੇ ਟ੍ਰਿਬਿਊਨ ਵਿਚ ਨਾ ਛਪਣ ਦਾ ਮਤਾ ਵੀ ਪਾ ਲਿਆ, ਪਰ ਉਹ ਆਪਣੀ ਚਾਲੇ ਚਲਦਾ ਰਿਹਾ। ਸ਼ਾਇਦ 1990 ਦੀਆਂ ਗਰਮੀਆਂ ਸਨ, ਜਦ ਉਹ ਕੈਨੇਡਾ ਤੋਂ ਹੁੰਦਾ ਹੋਇਆ ਅਮਰੀਕਾ ਦੀ ਓਹਾਇਓ ਸਟੇਟ ਵਿਚ ਆਪਣੀ ਕਜ਼ਨ ਨੂੰ ਮਿਲਣ ਆਇਆ। ਮੈਂ ਉਦੋਂ ਬਾਲਟੀਮੋਰ (ਮੈਰੀਲੈਂਡ) ਰਹਿੰਦਾ ਸਾਂ। ਫੋਨ ਆਇਆ ਕਿ ਉਹ ਵਾਸ਼ਿੰਗਟਨ ਡੀæਸੀæ ਘੁੰਮਣਾ ਚਾਹੁੰਦਾ ਹੈ, ਪਰ ਨਾਲ ਰਿਸ਼ਤੇਦਾਰ ਵੀ ਹੋਣਗੇ। ਪੁੱਛਿਆ, ਰਹਿਣ ਦੀ ਕੋਈ ਮੁਸ਼ਕਿਲ ਤਾਂ ਨਹੀਂ? ਮੈਂ ਕਿਹਾ, ਫਿਕਰ ਨਾ ਕਰੋ, ਕੋਈ ਵੀ ਮੁਸ਼ਕਿਲ ਵਾਲੀ ਗੱਲ ਨਹੀਂ। ਬਾਅਦ ਵਿਚ ਉਸ ਨੇ ਇਸ ਦਾ ਜ਼ਿਕਰ ਆਪਣੇ ਸਫਰਨਾਮੇ ਵਿਚ ਵੀ ਕੀਤਾ। ਉਹ ਆਏ ਤੇ ਅਗਲੇ ਦਿਨ ਸਾਝਰੇ ਅਸੀਂ ਵਾਸ਼ਿੰਗਟਨ ਗਏ। ਵ੍ਹਾਈਟ ਹਾਊਸ ਮੂਹਰੇ ਖੜ੍ਹ ਕੇ ਫੋਟੋ ਖਿਚਾਉਂਦਿਆਂ ਕਹਿੰਦਾ, “ਲੈ ਬਈ ਰਵਿੰਦਰ, ਆਹ ਨਿੱਕਾ ਜਿਹਾ ਘਰ ਈ ਆ ਜਿਥੋਂ ਸਾਰੀ ਦੁਨੀਆਂ ਦੀਆਂ ਤਾਰਾਂ ਖੜਕਦੀਆਂ ਨੇ।” ਅਸੀਂ ਮਿਊਜ਼ੀਅਮ ਦੇਖੇ, ਥਾਮਸ ਜੈਫਰਸਨ ਮੈਮੋਰੀਅਲ ਤੇ ਹੋਰ ਕਿੰਨਾ ਕੁਝ। ਕੈਪੀਟਲ ਦੀ ਬਿਲਡਿੰਗ ਮੂਹਰੇ ਖੜ੍ਹਿਆਂ ਉਹ ਗੰਭੀਰ ਹੋ ਗਿਆ ਤੇ ਇਕ ਟੱਕ ਦੇਖਦਿਆਂ ਕਹਿੰਦਾ, “ਯਾਰ ਇਨ੍ਹਾਂ ਦੇ ਖਿਲਾਫ ਲੜਦਿਆਂ ਅਸੀਂ ਜੁਆਨੀ ਦੇ ਕਿੰਨੇ ਹੀ ਵਰ੍ਹੇ ਲੇਖੇ ਲਾ ਦਿੱਤੇ ਪਰ ਇਹ ਸਹੁਰੀ ਦੇæææ।”
ਸ਼ਾਮੀਂ ਘਰ ਆਏ। ਅਸੀਂ ਪੰਜਾਬੀ ਸੁਸਾਇਟੀ ਬਾਲਟੀਮੋਰ ਦੀ ਮੀਟਿੰਗ ਵੀ ਬੁਲਾ ਲਈ। ਚਾਲੀ-ਪੰਜਾਹ ਦਾ ਇਕੱਠ ਹੋ ਗਿਆ। ਉਹ ਕਾਫੀ ਖੁਸ਼ ਸੀ ਤੇ ਘੰਟਾ ਭਰ ਦਿਲ ਖੋਲ੍ਹ ਕੇ ਗੱਲਾਂ ਕੀਤੀਆਂ। ਜਾਂਦਾ ਹੋਇਆ ਮੇਰੀ ਕਿਤਾਬ ‘ਜ਼ਖ਼ਮੀ ਪਲ’ ਦਾ ਖਰੜਾ ਵੀ ਨਾਲ ਲੈ ਗਿਆ ਜੋ ਉਨ੍ਹਾਂ ਮੋਹਨ ਸਿੰਘ ਰਾਹੀ (ਅੰਮ੍ਰਿਤਸਰ ਵਾਲੇ) ਤੋਂ ਵਾਜਬ ਭਾਅ ‘ਤੇ ਛਪਵਾ ਦਿੱਤੀ। ਫਿਰ ਤਾਂ ਜਦੋਂ ਵੀ ਇੰਡੀਆ ਜਾਣਾ, ਜ਼ਰੂਰ ਮਿਲ ਕੇ ਆਉਣਾ।
ਜਿਨ੍ਹਾਂ ਦਿਨਾਂ ਵਿਚ ਉਹ ਪੀæਜੀæਆਈæ ਦਾਖਲ ਸੀ, ਮੈਂ ਵੀ ਥੋੜ੍ਹੇ ਦਿਨਾਂ ਲਈ ਪੰਜਾਬ ਗਿਆ ਹੋਇਆ ਸੀ। ਫਗਵਾੜੇ ਤੋਂ ਦਿੱਲੀ ਵਾਪਸੀ ਲਈ ਅਸੀਂ ਵਾਇਆ ਚੰਡੀਗੜ੍ਹ ਦਾ ਪ੍ਰੋਗਰਾਮ ਬਣਾ ਲਿਆ। ਸਿੱਧੇ ਪੀæਜੀæਆਈæ ਗਏ। ਨਵਤੇਜ ਤੇ ਉਸ ਦਾ ਇੰਗਲੈਂਡ ਵਾਲਾ ਭਰਾ ਅਵਤਾਰ ਵੀ ਉਥੇ ਹੀ ਸੀ। ਉਸ ਦੀ ਪਤਨੀ ਪ੍ਰਿਤਪਾਲ ਬੜੀ ਉਦਾਸੀ ਵਿਚ ਸੀ। ਮੈਂ ਤੇ ਨੀਰੂ ਅੰਦਰ ਗਏ, ਉਹਨੇ ਅੱਖ ਝਪਕੀ, ਬੋਲਿਆ ਕੁਝ ਨਾ। ਮੇਰਾ ਮਨ ਭਰ ਆਇਆ, ਕਿਸੇ ਅਣਹੋਣੀ ਦਾ ਖੌਫ ਡਰਾ ਰਿਹਾ ਸੀ। ਥੋੜ੍ਹੇ ਹੀ ਦਿਨਾਂ ਬਾਅਦ ਉਹ ਖ਼ਬਰ ਆ ਗਈ ਜਿਸ ਦਾ ਡਰ ਸੀ।
ਖ਼ੈਰ!æææ ਵਰਿਆਮ ਨੂੰ ਤੇ ਤੁਹਾਨੂੰ ਮੁਬਾਰਕਾਂ। ਇੰਨਾ ਵਧੀਆ ਲਿਖਣ ਤੇ ਛਾਪਣ ਲਈ।
-ਰਵਿੰਦਰ ਸਹਿਰਾਅ, ਪੈਨਸਿਲਵੇਨੀਆ
ਫੋਨ: 717-575-7529
Leave a Reply