ਗੁਲਜ਼ਾਰ ਸਿੰਘ ਸੰਧੂ
ਇਸ ਮਹੀਨੇ ਹੈਦਰਾਬਾਦ ਵਿਖੇ ਫਿਲਮੀ ਅਭਿਨੇਤਾ ਸਲਮਾਨ ਖਾਨ ਦੀ ਭੈਣ ਅਰਪਿਤਾ ਖਾਨ ਦੇ, ਕਾਂਗਰਸੀ ਨੇਤਾ ਸੁਖ ਰਾਮ ਦੇ ਪੋਤਰੇ ਅਯੂਸ਼ ਸ਼ਰਮਾ ਨਾਲ ਵਿਆਹੇ ਜਾਣ ਦੀਆਂ ਖ਼ਬਰਾਂ ਨੇ ਮੈਨੂੰ ਅਪਣੇ ਸੰਪਰਕ ਵਿਚ ਆਏ ਅਜਿਹੇ ਪਿਆਰ ਸਬੰਧ ਚੇਤੇ ਕਰਵਾ ਦਿੱਤੇ ਹਨ। ਇਸ ਲੜੀ ਵਿਚ ਪੰਜਾਬੀ ਲੇਖਕ ਕਰਤਾਰ ਸਿੰਘ ਦੁੱਗਲ ਦਾ ਮੁਸਲਮਾਨ ਡਾਕਟਰ ਆਇਸ਼ਾ ਤੇ ਮੇਰੇ ਖੱਬੇ ਪੱਖੀ ਅਜ਼ੀਜ਼ ਦਿਲਦਾਰ ਸਿੰਘ ਦਾ ਮੁਸਲਮ ਪਰਿਵਾਰ ਦੀ ਸੁਲਤਾਨਾ ਨਾਲ ਵਿਆਹ ਦੇ ਬੰਧਨ ਵਿਚ ਬੰਨ੍ਹੇ ਜਾਣਾ ਤਾਂ ਆਉਂਦਾ ਹੀ ਹੈ ਪਰ ਰਾਹੁਲ ਸਿੰਘ (ਸਪੁੱਤਰ ਖੁਸ਼ਵੰਤ ਸਿੰਘ) ਦਾ ਆਪਣੀ ਪਾਰਸੀ ਦੋਸਤ ਨੀਲੋਫਰ ਬਿਲੀਮੋਰਾ ਨਾਲ ਵਿਆਹ ਤੋਂ ਬਿਨਾ ਜੀਵਨ ਸਾਥ ਦੇਣਾ ਵੀ ਕਮਾਲ ਹੈ। ਇਨ੍ਹਾਂ ਤਿੰਨਾਂ ਦੇ ਸਾਥ ਵਿਚ ਕਦੀ ਕੋਈ ਤ੍ਰੇੜ ਨਹੀਂ ਆਈ। ਇਥੋਂ ਤੱਕ ਕਿ ਸੰਨ ਸੰਤਾਲੀ ਦੀ ਦੇਸ਼ ਵੰਡ ਕਾਰਨ ਦੁੱਗਲ ਤੇ ਆਇਸ਼ਾ ਦੀ ਸਿੱਖ-ਮੁਸਲਿਮ ਸਾਂਝ ਨੂੰ ਦੇਸ਼ ਧਰੋਹੀ ਅੱਖਾਂ ਨਾਲ ਦੇਖੇ ਜਾਣ ਕਰਕੇ ਗੰਭੀਰ ਔਕੜਾਂ ਪੇਸ਼ ਆਉਣ ਦੇ ਬਾਵਜੂਦ ਕੱਲ੍ਹ ਤੱਕ ਇਸ ਜੋੜੀ ਦੇ ਵਧੀਆ ਨਿਭਣ ਬਾਰੇ ਦੋ ਰਾਵਾਂ ਨਹੀਂ। ਇਹ ਤਿੰਨੋ ਰਿਸ਼ਤੇ ਇੱਕਠੇ ਪੜ੍ਹਨ, ਇੱਕਠੇ ਕੰਮ ਕਰਨ ਜਾਂ ਮਾਪਿਆਂ ਦੇ ਇਕ ਹੀ ਦਫਤਰ ਵਿਚ ਕੰਮ ਕਰਨ ਸਦਕਾ ਹੋਂਦ ਵਿਚ ਆਏ ਤੇ ਸਫ਼ਲ ਰਹੇ।
ਹੁਣ ਮੇਰੇ ਭਾਣਜੇ ਅਮਰਪ੍ਰੀਤ ਮੰਟੂ ਲਾਲੀ ਨੇ ਕੋਟ ਫਤੂਹੀ ਰਹਿੰਦਿਆਂ ਇੱਕ ਦਹਾਕਾ ਪਹਿਲਾਂ ਬੰਗਾ ਸ਼ਹਿਰ ਦੇ ਕੰਪਿਉਟਰ ਸਿਖਲਾਈ ਕੇਂਦਰ ਵਿਚ ਸਿਖਲਾਈ ਲੈਂਦੇ ਸਮੇਂ ਮਠਵਾਲੀ ਪੱਦੀ ਦੇ ਕੁੰਦਰਾ ਪਰਿਵਾਰ ਦੀ ਜੰਮਪਲ ਜੀਵਨ ਜਿਉਤੀ ਨਾਲ ਵਿਆਹ ਰਚਾ ਕੇ ਅਜਿਹਾ ਸਬੰਧ ਸਾਡੇ ਵਿਹੜੇ ਵੀ ਲੈ ਆਂਦਾ ਹੈ। ਮੰਟੂ ਲਾਲੀ ਹੁਸ਼ਿਆਰਪੁਰ ਯੂਥ ਕਾਂਗਰਸ ਦਾ ਪ੍ਰਧਾਨ ਰਿਹਾ ਹੈ।
ਖਬਰਾਂ ਅਨੁਸਾਰ ਅਰਪਿਤਾ ਖਾਨ ਤੇ ਅਯੂਸ਼ ਸ਼ਰਮਾ ਦੀ ਸ਼ਾਦੀ 18-19 ਨਵੰਬਰ ਨੂੰ ਹੈਦਰਾਬਾਦ ਵਿਖੇ ਹੋਣੀ ਹੈ ਜਿਸ ਵਿਚ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ ਦੀ ਸਾਰੀ ਕੈਬਨਿਟ ਹੀ ਨਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਾਂ ਵੀ ਸ਼ਿਰਕਤ ਕਰਨ ਵਾਲਿਆਂ ਵਿਚ ਲਿਆ ਜਾਂਦਾ ਹੈ। ਅਰਪਿਤਾ ਅਯੂਸ਼ ਦੀ ਸ਼ਾਦੀ ਵਿਚ ਏਨੇ ਨੇਤਾਵਾਂ ਦੀ ਸ਼ਿਰਕਤ ਹੋਵੇ ਨਾ ਹੋਵੇ ਮੰਟੂ-ਜਿਉਤੀ ਦੀ ਗ੍ਰੀਨ ਫੀਲਡ ਰਿਜ਼ਾਰਟ, ਹੁਸ਼ਿਆਰਪੁਰ ਵਾਲੀ ਪਾਰਟੀ ਵਿਚ ਕਿੰਨੇ ਤੇ ਕਿੱਥੋਂ ਦੇ ਨੇਤਾ ਪਹੁੰਚੇ ਇਸ ਦਾ ਅਨੁਮਾਨ ਤਾਂ ਅਸੀਂ ਵੀ ਨਹੀਂ ਸੀ ਲਾਇਆ।
ਇਥੇ ਖੰਨਾ, ਹੁਸ਼ਿਆਰਪੁਰ ਤੋਂ ਟਾਂਡਾ ਤੇ ਵਿਧਾਨ ਸਭਾ ਹਲਕਿਆਂ ਤੋਂ ਕ੍ਰਮਵਾਰ ਚੁਣੇ ਗਏ ਗੁਰਕੀਰਤ ਕੋਟਲੀ, ਸੁੰਦਰ ਸ਼ਿਆਮ ਅਰੋੜਾ ਤੇ ਸੰਗਤ ਸਿੰਘ ਗਿਲਜੀਆਂ ਤੋਂ ਬਿਨਾਂ ਪੰਜਾਬ ਯੂਥ ਕਾਂਗਰਸ ਦਾ ਬੁਲਾਰਾ ਸੁਖਪਾਲ ਸਿੰਘ ਖਹਿਰਾ ਤੇ ਹਰਿਆਣਾ ਯੂਥ ਕਾਂਗਰਸ ਦਾ ਇੰਚਾਰਜ ਅਨੰਤ ਦਾਹੀਆ ਹੀ ਨਹੀਂ ਕਸ਼ਮੀਰ ਤੋਂ ਕਰਨਾਟਕ ਦੇ ਨੌਜਵਾਨ ਨੇਤਾ ਸ਼ਾਕਿਰ ਸੁਨੱਦੀ ਸਮੇਤ ਅਧੀ ਦਰਜਨ ਨੇਤਾ ਵੱਖ-ਵੱਖ ਰਾਜਾਂ ਤੋਂ ਪਹੁੰਚੇ ਹੋਏ ਸਨ। ਪੰਜਾਬ ਯੂਥ ਕਾਂਗਰਸ ਵਾਲੇ ਬਿਕਰਮਜੀਤ ਚੌਧਰੀ ਤੇ ਉਸ ਦੇ ਪਿਤਾ ਚੌਧਰੀ ਸੰਤੋਖ ਸਿੰਘ ਤਾਂ ਮੰਟੂ ਦੇ ਆਪਣੇ ਹੀ ਸਨ ਪਰ ਇਸ ਪਾਰਟੀ ਵਿਚ ਹਿਮਾਚਲ ਤੋਂ ਚਿੰਤਪੁਰਨੀ ਹਲਕੇ ਦਾ ਵਿਧਾਨ ਸਭਾ ਪ੍ਰਤੀਨਿਧ ਕੁਲਦੀਪ ਕੁਮਾਰ ਵੀ ਪਹੁੰਚਿਆ ਹੋਇਆ ਸੀ। ਉਂਜ ਸਭ ਤੋਂ ਪਹਿਲਾਂ ਪਹੁੰਚਣ ਵਾਲਿਆਂ ਵਿਚ ਮੰਟੂ ਦੇ ਦੋਸਤ ਰਵਨੀਤ ਸਿੰਘ ਬਿੱਟੂ (ਐਮ ਪੀ), ਰਾਹੁਲ ਗਾਂਧੀ ਦੇ ਖਾਸ ਉਲ ਖਾਸ ਵਿਜੇ ਇੰਦਰ ਸਿੰਗਲਾ (ਸਾਬਕਾ ਐਮ ਪੀ) ਪੁੱਡੂਚੇਰੀ ਦੇ ਸਾਬਕਾ ਰਾਜਪਾਲ ਇਕਬਾਲ ਸਿੰਘ ਅਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਵਿਸ਼ਵਾਸ ਪਾਤਰ ਅੰਬੀਕਾ ਸੋਨੀ ਦੀ ਹਾਜ਼ਰੀ ਨੇ ਸਮੁੱਚੀ ਪਾਰਟੀ ਨੂੰ ਪਰਿਵਾਰਕ ਤੇ ਰਾਜਨੀਤਕ ਮਾਹੌਲ ਪ੍ਰਦਾਨ ਕੀਤਾ ਹੋਇਆ ਸੀ। ਇਸ ਸਾਰੇ ਮਾਹੌਲ ਵਿਚ ਜੇ ਕਿਧਰੇ ਮੈਂ ਵੀ ਆਪਣਾ ਪੱਤਰਕਾਰ ਤੇ ਲੇਖਕ ਭਾਈਚਾਰਾ ਸੱਦ ਲੈਂਦਾ ਤਾਂ ਇਥੇ ਪਤਾ ਨਹੀਂ ਕਿੰਨੀਆਂ ਪ੍ਰੈਸ ਕਾਨਫਰੰਸਾਂ ਜੁੜ ਜਾਂਦੀਆਂ। ਜੀਵਨ ਜਿਉਤੀ ਦੇ ਕੁੰਦਰਾ ਮਾਪਿਆਂ ਦੀ ਗੈਰ ਹਾਜ਼ਰੀ ਤੋਂ ਜਾਪਦਾ ਸੀ ਉਨ੍ਹਾਂ ਨੇ ਹਾਲੀ ਤੱਕ ਇਹ ਰਿਸ਼ਤਾ ਪ੍ਰਵਾਨ ਨਹੀਂ ਕੀਤਾ ਪਰ ਉਨ੍ਹਾਂ ਵਲੋਂ ਕਿਸੇ ਤਰ੍ਹਾਂ ਦਾ ਦਖਲ ਨਾ ਦੇਣਾ ਦਸਦਾ ਹੈ ਕਿ ਸਮਾਂ ਪਾ ਕੇ ਉਹ ਵੀ ਆਪਣੀ ਧੀ ਵਲੋਂ ਲਏ ਗਏ ਫੈਸਲੇ ਨੂੰ ਮੰਨ ਲੈਣਗੇ। ਉਹ ਜੀਵਨ ਜਿਉਤੀ ਨੂੰ ਕਿੰਨਾ ਪਿਆਰ ਕਰਦੇ ਹਨ ਇਸ ਦਾ ਸਬੂਤ ਬੇਟੀ ਨੂੰ ਦਿਲਵਾਈ ਐਮ ਏ, ਐਮ ਐਡ ਤੱਕ ਦੀ ਵਿਦਿਆ ਹੈ। ਅਸੀਂ ਅਰਪਿਤਾ-ਅਯੂਸ਼ ਤੇ ਜਿਉਤੀ-ਮੰਟੂ ਦੇ ਸਬੰਧਾਂ ਨੂੰ ਵਧਾਈ ਦਿੰਦੇ ਹੋਏ ਆਸ ਕਰਦੇ ਹਾਂ ਕਿ ਇਹ ਰਿਸ਼ਤੇ ਵੀ ਦੁੱਗਲ-ਆਇਸ਼ਾ ਤੇ ਦੂਜੇ ਸਬੰਧਾਂ ਵਾਂਗ ਉਮਰ ਭਰ ਸਫਲ ਰਹਿਣਗੇ।
ਚੰਡੀਗੜ੍ਹ ਵਿਚ ਅਪੰਗਾਂ ਦੀ ਓਲੰਪਿਕਸ: ਕੁਝ ਦਿਨ ਪਹਿਲਾਂ ਚੰਡੀਗੜ੍ਹ ਵਿਖੇ ਅਪੰਗ ਹੋਏ ਵਿਅਕਤੀਆਂ ਦੇ ਕਾਰਨਾਮੇ ਵੇਖਣ ਨੂੰ ਮਿਲੇ। ਇਥੇ ਨੈਸ਼ਨਲ ਇੰਸਟੀਚਿਊਟ ਆਫ ਟੀਚਰਜ਼ ਟਰੇਨਿੰਗ ਵਿਖੇ ਭਾਰਤ ਦੀਆਂ 150 ਸਿਰਕੱਢ ਸੰਸਥਾਵਾਂ ਦੇ 410 ਅਪੰਗ ਵਿਅਕਤੀ ਰਾਸ਼ਟਰੀ ਪੱਧਰ ਦੇ ਮੁਕਾਬਲੇ ਵਿਚ ਹਿੱਸਾ ਲੈਣ ਆਏ। ਉਨ੍ਹਾਂ ਵਿਚ ਕਾਨਪੁਰ ਤੋਂ ਆਈ ਸਰਿਤਾ ਦੂਬੇ ਇੱਕ ਦੁਰਘਟਨਾ ਵਿਚ ਦੋਵੇਂ ਬਾਹਾਂ ਤੇ ਇੱਕ ਲੱਤ ਗਵਾ ਚੁੱਕੀ ਹੈ। ਉਹ ਇੱਕ ਪੈਰ ਤੇ ਮੂੰਹ ਦੀ ਜੀਭ ਵਰਤ ਕੇ ਦਸਤਕਾਰੀ ਨਾਲ ਸਬੰਧਤ ਵਸਤਾਂ ਹੀ ਨਹੀਂ ਬਣਾਉਂਦੀ, ਪੈਰ ਦੀਆਂ ਉਂਗਲਾਂ ਨਾਲ ਮੋਬਾਈਲ ਫੜ ਕੇ ਜੀਭ ਨਾਲ ਨੰਬਰ ਮਿਲਾ ਕੇ ਟੈਲੀਫੋਨ ਉਤੇ ਗੱਲਾਂ ਵੀ ਕਰ ਲੈਂਦੀ ਹੈ। ਪੋਲੀਓ ਮਾਰਿਆ ਰਮਨ ਸੋਲੰਕੀ ਅਹਿਮਦਾਬਾਦ ਦੀ ਬਣਾਉਟੀ ਅੰਗ ਬਣਾਉਣ ਵਾਲੀ ਕੰਪਨੀ ਵਿਚ ਅਪੰਗ ਵਿਅਕਤੀਆਂ ਦੀ ਲੋੜ ਅਨੁਸਾਰ ਅੰਗਾਂ ਨੂੰ ਸੋਧਣ ਵਿਚ ਆਪਣੇ ਮਾਲਕਾਂ ਦੀ ਸਹਾਇਤਾ ਕਰਦਾ ਹੈ।
ਇਸ ਓਲੰਪਿਕਸ ਵਿਚ ਪੋਸਟਰ ਡਿਜ਼ਾਈਨ ਕਰਨ, ਕਪੜੇ ਸਿਊਣ, ਟੋਕਰੀਆਂ ਬਣਾਉਣ, ਬਣਾਉਟੀ ਅੰਗ ਤਿਆਰ ਕਰਨ, ਗਹਿਣੇ, ਵਸਤਰ ਤੇ ਹੋਰ ਸਾਜ਼ ਸਮਾਨ ਬਣਾਉਣਾ ਹੀ ਨਹੀਂ ਬੁਣਾਈ ਕਢਾਈ ਤੇ ਫੁੱਲਾਂ ਨੂੰ ਤਰਤੀਬ ਦੇਣ ਵਰਗੇ ਤੇਤੀ ਕੰਮਾਂ ਵਿਚ ਹਿੱਸਾ ਲੈਣ ਵਾਸਤੇ ਅਪੰਗ ਵਿਅਕਤੀ ਪਹੁੰਚੇ ਹੋਏ ਸਨ। ਚੰਡੀਗੜ੍ਹ ਵਾਲੇ ਮੇਲੇ ਤੋਂ ਪਹਿਲਾਂ ਜਬੱਲਪੁਰ ਤੇ ਦਿੱਲੀ ਵਿਚ ਵੀ ਅਜਿਹੇ ਮੇਲੇ ਲਗ ਚੁੱਕੇ ਹਨ। ਚੰਡੀਗੜ੍ਹ ਦੇ ਜੇਤੂਆਂ ਨੂੰ 2016 ਵਿਚ ਫਰਾਂਸ ਵਾਲੇ ਅੰਤਰਰਾਸ਼ਟਰੀ ਮੁਕਾਬਲੇ ਵਿਚ ਸ਼ਿਕਰਤ ਕਰਨ ਦਾ ਮਾਣ ਮਿਲੇਗਾ। ਤਿੰਨ ਦਿਨ ਚੱਲੇ ਇਸ ਮੁਕਾਬਲੇ ਵਿਚ ਗਿਆਰਾਂ ਅਖਾੜੇ ਵੇਖਣ ਵਾਲੇ ਸਨ। ਚੰਡੀਗੜ੍ਹ ਵਾਲਾ ਇਹ ਸਮਾਗਮ ਦਿੱਲੀ ਦੇ ਅਮਰ ਜਿਓਤੀ ਚੈਰੀਟੇਬਲ ਟਰੱਸਟ ਦੇ ਉਦਮ ਨਾਲ ਰਚਾਇਆ ਗਿਆ। ਫਰਾਂਸ ਵਾਲੇ ਸਮਾਗਮ ਵਿਚ ਭਾਰਤ ਦੇ ਕਿੰਨੇ ਤੇ ਕਿਹੋ ਜਿਹੇ ਅਪੰਗ ਵਿਅਕਤੀ ਜਿਤਦੇ ਹਨ, 2016 ਵਿਚ ਪਤਾ ਲਗੇਗਾ।
ਅੰਤਿਕਾ: (ਹਫੀਜ਼ ਜਲੰਧਰੀ)
ਜਿਸ ਨੇ ਇਸ ਦੌਰ ਕੇ ਇਨਸਾਂ ਕੀਏ ਹੈਂ ਪੈਦਾ,
ਵਹੀ ਮੇਰਾ ਭੀ ਖੁਦਾ ਹੋ ਮੁਝੇ ਮੰਜ਼ੂਰ ਨਹੀਂ।
Leave a Reply