ਐਸ਼ ਅਸ਼ੋਕ ਭੌਰਾ
ਯਮਲੇ ਜੱਟ ਦੇ ਸ਼ਾਗਿਰਦ ਤੂੰਬੀ ‘ਤੇ ਮਾਲ੍ਹ ਕੋਂਸ, ਸਾਰੰਗ ਤੇ ਭੈਰਵੀ ਰਾਗਾਂ ਦੀ ਸਿਰਜਣਾ ਕਰਕੇ ਕਮਾਲ ਕਰ ਦਿੰਦੇ ਨੇ, ਅਸਲ ‘ਚ ਤੂੰਬੀ ਇੱਕ ਮੁਕੰਮਲ ਸਾਜ਼ ਹੈ, ਇੱਕ ਯੂਨੀਵਰਸਿਟੀ ਦੇ ਪ੍ਰਕਾਸ਼ਨ ਵਿਭਾਗ ਦੀ ਪ੍ਰਕਿਰਿਆ ‘ਚ ਮੇਰੀ ਪੁਸਤਕ Ḕਪੰਜਾਬ ਦੇ ਲੋਕ ਸਾਜ਼Ḕ ਵਿਚੋਂ ਭਗਤੀ ਤੋਂ ਲੋਕ ਸੰਗੀਤ ਤੱਕ ਸਫਰ ਤੈਅ ਕਰਨ ਵਾਲੇ ਇਸ ਸਾਜ਼ ਬਾਰੇ ਦਿਲਚਸਪ ਜਾਣਕਾਰੀ।
ਪੰਜਾਬੀ ਲੋਕ ਗਾਇਕੀ ਵਿਚ ਤੂੰਬੀ (ਇਕ-ਤਾਰਾ) ਸਭ ਤੋਂ ਪਿਆਰਾ ਸਾਜ਼ ਹੈ। ਭਾਵੇਂ ਕਿ ਪਿਛਲੇ ਦਹਾਕੇ ਵਿਚ ਜਪਾਨੀ ਸਾਜ਼ਾਂ ਦੀ ਆਮਦ ਨਾਲ ਤੂੰਬੀ ਦਾ ਆਮ ਵਾਦਨ ਕਾਫੀ ਘੱਟ ਗਿਆ ਹੈ। ਤੂੰਬੀ ਦੀ ਹੋਂਦ ਜਾਂ ਬਣਤਰ ਦੇ ਸਿਧਾਂਤ ਪ੍ਰਤੀ ਵੱਖ ਵੱਖ ਵਿਚਾਰਧਾਰਾਵਾਂ ਹਨ। ਤਾਰ ਵਾਦਯ ਸਿਧਾਂਤਕ ਪਰੰਪਰਾ ਨੂੰ ਹੀ ਅੱਗੇ ਤੋਰ ਕੇ ਤੂੰਬੀ ਦਾ ਇਕ ਨਵਾਂ ਰੂਪ ਨਿਖਾਰਿਆ ਹੈ। ਜਿਵੇਂ ਨਾਂ ਤੋਂ ਹੀ ਸਪੱਸ਼ਟ ਹੈ ਕਿ ḔਤੂੰਬੀḔ ਇਕ ਪੈਦਾਇਸ਼ੀ ਵਸਤੂ ਹੈ, ਜਿਸ ਨੂੰ ਸਬਜ਼ੀ ਦੇ ਤੌਰ ‘ਤੇ ਅਜੇ ਵੀ ਖਾਧਾ ਜਾਂਦਾ ਹੈ। ਤੂੰਬੇ ਨੂੰ ਸੁਕਾ ਕੇ ਵਿਚਕਾਰੋਂ ਖਾਲੀ ਕਰਕੇ ਪਹਿਲਾਂ ਇਹ ਸਾਜ਼ ਬਣਾਉਣ ਲਈ ਵਰਤਿਆ ਗਿਆ। ਚਕਾਰਾ (ਚਾਰ ਤਾਰਾਂ ਵਾਲਾ ਵਾਦਯ) ਤੇ ਫਿਰ ਦੋ ਤਾਰਾ, ਜਿਸ ਨੂੰ ਦੋ ਉਂਗਲਾਂ ਨਾਲ ਵਜਾਇਆ ਜਾਂਦਾ ਸੀ, ਹੋਂਦ ਵਿਚ ਆਏ। ਇਤਿਹਾਸਕ ਤੱਥਾਂ ਮੁਤਾਬਿਕ ਇਹ ਵੀ ਕਿਹਾ ਜਾਂਦਾ ਹੈ ਕਿ ਇਹ ਸਾਜ਼ ਵੱਖ ਵੱਖ ਰੂਪਾਂ ਵਿਚ ਭਗਤ ਨਾਮਦੇਵ ਨੇ, ਮਹਾਂ ਕਵੀ ਭਗਤ ਸੂਰਦਾਸ ਨੇ ਤੇ ਮੀਰਾ ਬਾਈ ਨੇ ਵੀ ਭਗਤੀ ਪਰੰਪਰਾ ਨਾਲ ਜੋੜ ਕੇ ਵਜਾਇਆ। Ḕਦੋ ਤਾਰਾḔ ਪੂਰਬੀ ਤੇ ਪੱਛਮੀ ਪੰਜਾਬ ਵਿਚ ਆਮ ਵੱਜਦਾ ਰਿਹਾ ਹੈ, ਪਰ ਪਾਕਿਸਤਾਨ ਵਿਚ ਸਿਰਫ ਆਸ਼ਕ ਜੱਟ ਨੇ ਹੀ ਇਕ-ਤਾਰਾ ਨਾਲ ਗਾਇਆ ਹੈ।
ਪੰਜਾਬੀ ਗਾਇਕੀ ਦੇ ਬਾਬਾ ਬੋਹੜ ਲਾਲ ਚੰਦ ਯਮਲਾ ਯੱਟ ਨੂੰ ਤੂੰਬੀ ਅਰਥਾਤ ਇਕ-ਤਾਰਾ ਸਾਜ਼ ਦਾ ਨਿਰਮਾਤਾ ਮੰਨਿਆ ਜਾਂਦਾ ਹੈ। ਇਕ ਹੋਰ ਧਾਰਨਾ ਇਹ ਵੀ ਮੰਨੀ ਜਾਂਦੀ ਹੈ ਕਿ ਪੰਡਿਤ ਸਾਹਿਬ ਦਿਆਲ ਬਟਾਲੇ ਵਾਲਿਆਂ ਨੇ ਉਸਤਾਦ ਯਮਲਾ ਜੱਟ ਨੂੰ ਇਕ-ਤਾਰਾ ਦੀ ਬਣਤਰ ਦਾ ਖਿਆਲ ਦਿੱਤਾ ਤੇ ਯਮਲਾ ਜੱਟ ਨੇ ਇਸ ਸਾਜ਼ ਨੂੰ ਨਵਾਂ ਰੂਪ ਦੇ ਕੇ ਆਮ ਲੋਕਾਂ ਤੱਕ ਅਤੇ ਆਪਣੇ ਰਿਕਾਰਡ ਗੀਤਾਂ ਤੱਕ ਪਹੁੰਚਾਇਆ। ਦੂਜੇ ਅਰਥਾਂ ਵਿਚ ਇਹ ਵੀ ਕਿਹਾ ਜਾ ਸਕਦਾ ਹੈ ਕਿ ਤੂੰਬੀ ਨੂੰ ਯਮਲਾ ਜੱਟ ਨੇ ਸਟੇਜ ‘ਤੇ ਲਿਆਂਦਾ ਜਦਕਿ ਇਸ ਤੋਂ ਪਹਿਲਾਂ ਪਾਕਿਸਤਾਨੀ ਜਾਂਗਲੀ (ਮੁਸੱਲੀ) ਲੋਕ ਤੂੰਬੀ ਤੇ ਖੜਤਾਲਾਂ ਨਾਲ ਦਹੂਦ ਆਮ ਗਾਉਂਦੇ ਹੁੰਦੇ ਸਨ। ਭਾਵੇਂ ਤੂੰਬੀ ਪੰਜਾਬ ਦਾ ਸਭ ਤੋਂ ਪਿਆਰਾ ਲੋਕ-ਸਾਜ਼ ਹੈ ਪਰ ਜਾਪਾਨ ਵਿਚ ਤਿਆਰ ਕੀਤਾ ਗਿਆ ਆਰਗਨ ਨਾਂ ਦਾ ਸਾਜ਼ ਕੰਪਿਊਟਰ ਜ਼ਰੀਏ ਤੂੰਬੀ ਦੀ ਇੰਨ-ਬਿੰਨ ਆਵਾਜ਼ ਈਜਾਦ ਕਰ ਦਿੰਦਾ ਹੈ।
ਤੂੰਬੀ ਦਾ ਭਾਵੇਂ ਕੋਈ ਨਿਸ਼ਚਿਤ ਸਾਈਜ਼ ਨਹੀਂ ਹੈ, ਪਰ ਫੇਰ ਵੀ ਡੇਢ ਫੁੱਟ ਤੋਂ ਲੈ ਕੇ ਦੋ ਜਾਂ ਸਵਾ ਦੋ ਫੁੱਟ ਦੀ ਤੂੰਬੀ ਹੁਣ ਆਮ ਪ੍ਰਚਲਿਤ ਹੈ। ਤੂੰਬੇ ਦੀ ਥਾਂ ਹੁਣ ਨਾਰੀਅਲ, ਲੱਕੜ ਵਰਤਿਆ ਜਾ ਰਿਹਾ ਹੈ। ਪਿੱਤਲ ਦੀਆਂ ਤੂੰਬੀਆਂ ਵੀ ਹੋਂਦ ਵਿਚ ਆ ਗਈਆਂ ਹਨ। ਬੱਕਰੀ ਦੇ ਚਮੜੇ ਨੂੰ ਸਭ ਤੋਂ ਚੰਗਾ ਮੰਨਿਆ ਜਾਂਦਾ ਹੈ, ਤੂੰਬੀ ਦੀ ਤਿਆਰੀ ਲਈ। ਚਮੜਾ ਮੜ੍ਹੇ ਤੂੰਬੇ ਵਿਚ ਲੋੜੀਂਦੇ ਸਾਈਜ਼ ਵਾਲੇ ਆਰ-ਪਾਰ ਕਰਕੇ ਲਗਾਏ ਡੰਡੇ ਦੇ ਇਕ ਸਿਰੇ ‘ਤੇ ਕਿੱਲੀ ਫਿੱਟ ਕੀਤੀ ਜਾਂਦੀ ਹੈ। ਸਟੀਲ ਦੀ ਜ਼ੀਰੋ ਨੰਬਰ ਦੀ ਬਰੀਕ ਤਾਰ ਨੂੰ ਚਮੜੇ ਦੇ ਉਪਰੋਂ ਦੀ ਲੰਘਾ ਕੇ ਇਕ ਪਾਸਿਓਂ ਕਿੱਲੀ ਨਾਲ ਬੰਨ੍ਹਿਆ ਜਾਂਦਾ ਹੈ। ਖੋਲ ਉਪਰ ਕੋਕਿਆਂ ਨਾਲ ਮੜ੍ਹੇ ਚਮੜੇ ਦੇ ਉਪਰ ਤਾਰ ਵਿਚਕਾਰ ਲੋੜ ਮੁਤਾਬਿਕ ਲੱਕੜੀ ਦਾ ਛੋਟਾ ਜਿਹਾ ਟੁਕੜਾ, ਜਿਸ ਨੂੰ ḔਘੋੜੀḔ ਕਿਹਾ ਜਾਂਦਾ ਹੈ, ਫਿੱਟ ਹੁੰਦਾ ਹੈ। ਹਾਰਮੋਨੀਅਮ ਨਾਲ ਤੂੰਬੀ ਨੂੰ ਸੁਰ ਵਿਚ ਕੀਤਾ ਜਾਂਦਾ ਹੈ। ਸੁਰ ਕਰਨ ਲਈ ਕਿੱਲੀ ਤੋਂ ਤਾਰ ਨੂੰ ਕੱਸ ਕੇ ਜਾਂ ਢਿੱਲ੍ਹਾ ਕਰਕੇ ਸਿਧਾਂਤ ਅਖਤਿਆਰ ਹੁੰਦਾ ਹੈ। ਹੁਣ ਉਚਾ-ਨੀਵਾਂ ਸੁਰ ਕਰਨ ਲਈ ਤੂੰਬੀ ਦੇ ਪੋਟੇ ਲਗਾਉਣ ਵਾਲੇ ਸਿਰੇ ‘ਤੇ ਵਿਸ਼ੇਸ਼ ਤਰ੍ਹਾਂ ਦੀ ਮੋਟੀ ਤਾਰ ਨਾਲ ਕੱਸਿਆ ਜਾਂ ਢਿੱਲ੍ਹਾ ਕੀਤਾ ਜਾ ਸਕਦਾ ਹੈ ਪਰ ਇਹ ਤਰੀਕਾ ਆਮ ਪ੍ਰਚਲਿਤ ਨਹੀਂ ਹੈ। ਇਲੈਕਟ੍ਰਾਨਿਕ ਤੂੰਬੀ ਦੀ ਬਣਤਰ ਕੋਈ ਵੱਖਰੀ ਨਹੀਂ ਹੈ ਸਗੋਂ ਇਕ ਮਾਈਕ ਹੀ ਫਿੱਟ ਹੁੰਦਾ ਹੈ, ਜਿਸ ਨੂੰ ਆਵਾਜ਼ ਉਚੀ ਰੱਖਣ ਲਈ ਹੀ ਲਗਾਇਆ ਗਿਆ ਕਹਿ ਸਕਦੇ ਹਾਂ।
ਆਮ ਤੌਰ ‘ਤੇ ਤਿੰਨ ਪੋਟੇ ਲਗਾਏ ਜਾਂਦੇ ਹਨ ਪਰ ਕਦੇ-ਕਦੇ ਵਾਰ ਵਾਰ ਗਾਉਣ ਲਈ ਚੀਚੀ ਵਾਲਾ ਪੋਟਾ ਵੀ ਲਗਾਇਆ ਜਾਂਦਾ ਹੈ। ਤੂੰਬੀ ਨਾਲ ਗਾਉਣ ਦੀ ਇਕ ਟਿਊਨ, ਜਿਹਦੇ ਵਿਚ ਯਮਲਾ ਜੱਟ ਨੇ ਗਾਇਆ ਹੈ, Ḕਸਾਡੇ ਪਿਆਰ ਦਾ ਤੈਂ ਕੀ ਮੁੱਲ ਪਾਇਆ, ਤਰਸ ਨਹੀਂ ਖਾਇਆ ਨੀ ਮਾਂ ਦੀਏ ਚੋਚਲੀਏæææ।Ḕ ਇਸ ਟਿਊਨ ਵਿਚ ਜਾਂ ਤਾਂ ਯਮਲਾ ਜੱਟ ਦੇ ਸ਼ਾਗਿਰਦ ਹੀ ਗਾਉਂਦੇ ਨੇ ਜਾਂ ਫਿਰ ਅਮਰਜੀਤ ਗੁਰਦਾਸਪੁਰੀ ਨੇ ਗਾਇਆ ਹੈ। ਤੂੰਬੀ ਤੇ ਦੋ-ਗਾਣੇ ਗਾਉਣ ਦਾ ਸਭ ਤੋਂ ਪਹਿਲਾਂ ਰਿਵਾਜ ਚਾਂਦੀ ਰਾਮ ਨੇ ਪੈਦਾ ਕੀਤਾ ਤੇ ਬਾਅਦ ਵਿਚ ਮੁਹੰਮਦ ਸਦੀਕ ਨੇ ਤੂੰਬੀ ਨੂੰ ਬਹੁਤ ਵਡਿਆਈ ਦਿੱਤੀ। ਮੁਹੰਮਦ ਸਦੀਕ ਬਾਰੇ ਆਮ ਕਿਹਾ ਜਾਂਦਾ ਹੈ ਕਿ ਉਸ ਨੇ ਤੂੰਬੀ ਦੀਆਂ ਬੁੱਚੀਆ ਪੁਆਈਆਂ ਹਨ। ਉਸ ਨੇ ਕਈ ਵਾਰ ਆਜਿਹੇ ਪੋਟੇ ਵੀ ਲਗਾਏ ਹਨ ਕਿ ਹਾਰਮੋਨੀਅਮ ਵਾਲੇ ਨੂੰ ਹਦਾਇਤ ਹੋ ਜਾਂਦੀ ਸੀ। ਕਰਤਾਰ ਰਮਲੇ ਤੇ ਤੁਰੀਏ ਨੂੰ ਵੀ ਤੂੰਬੀ ਵਜਾਉਣ ਵਿਚ ਮੁਹਾਰਤ ਹੈ।
ਫਗਵਾੜੇ ਦੇ ਨੰਦ ਲਾਲ ਨੂੰ ਤੂੰਬੀਆਂ ਬਣਾਉਣ ਵਿਚ ਸਭ ਤੋਂ ਵੱਧ ਕਾਰੀਗਰ ਮੰਨਿਆ ਜਾਂਦਾ ਸੀ। ਯਮਲਾ ਜੱਟ ਨੇ ਕਈ ਵਾਰ ਨੰਦ ਲਾਲ ਤੋਂ ਤੂੰਬੀ ਬਣਵਾਈ। ਉਂਜ ਪ੍ਰੇਮ ਰੋਪੜੀ ਤੋਂ ਸਿਵਾ ਇਸ ਵੇਲੇ ਹੁਸ਼ਿਆਰਪੁਰ ਤੇ ਮਲੇਰਕੋਟਲੇ ਤੋਂ ਵਧੀਆ ਤੂੰਬੀਆਂ ਮਿਲਦੀਆਂ ਹਨ। ਚਾਰ ਆਨੇ ਤੋਂ ਸ਼ੁਰੂ ਹੋ ਕੇ ਇਸ ਵੇਲੇ ਤੂੰਬੀ ਘੱਟੋ-ਘੱਟ ਦੋ ਸੌ ਅਤੇ ਵੱਧ ਤੋਂ ਵੱਧ ਛੇ, ਸਾਢੇ ਛੇ ਸੌ ਰੁਪਏ ਵਿਚ ਮਿਲਦੀ ਹੈ। ਤੂੰਬੀ ਦੀ ਲੋਕਪ੍ਰਿਅਤਾ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਗਾਇਆ ਜਾਂਦਾ ਹੈ ਕਿ ਛਪਾਰ ਜਾਂ ਜਰਗ ਦੇ ਮੇਲਿਆਂ ਵਿਚ ਹੀ ਨਹੀਂ, ਸਗੋਂ ਫੁੱਲਾਂ-ਬੂਟਿਆਂ ਨਾਲ ਸ਼ਿੰਗਾਰੀ ਸਾਧਾਰਣ ਤੂੰਬੀ ਹੁਣ ਪੰਜਾਬ ਦੇ ਮੇਲਿਆਂ-ਮੁਸਾਬਿਆਂ ‘ਤੇ ਆਮ ਵਿਕਦੀ ਹੈ, ਜਿਸ ਨੂੰ ਗਾਉਣ ਵਾਲੇ ਘੱਟ, ਸ਼ੌਕੀਨ ਵੱਧ ਖਰੀਦਦੇ ਹਨ।
Leave a Reply