ਭਾਜਪਾ ਵੱਲੋਂ 2017 ਦੀਆਂ ਚੋਣਾਂ ਬਾਰੇ ਹੁਣੇ ਵਿਚਾਰਾਂ

ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਪੰਜਾਬ ਭਾਜਪਾ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਆਪਣੇ ਬਲਬੂਤੇ ‘ਤੇ ਲੜਨ ਦਾ ਇਸ਼ਾਰਾ ਕਰ ਦਿੱਤਾ ਹੈ। ਭਾਜਪਾ ਕੋਰ ਕਮੇਟੀ ਦੀ ਮੀਟਿੰਗ ਵਿਚ ਬਹੁਤੇ ਮੈਂਬਰਾਂ ਨੇ ਗੱਠਜੋੜ ਸਰਕਾਰ ਦੀ ਕਾਰਗੁਜ਼ਾਰੀ ਉੱਤੇ ਗੈਰ-ਤਸੱਲੀ ਦਾ ਪ੍ਰਗਟਾਵਾ ਕਰਦਿਆਂ ਮੋਦੀ ਲਹਿਰ ਦਾ ਲਾਹਾ ਪੰਜਾਬ ਵਿਚ ਵੀ ਲੈਣ ਦੀ ਗੱਲ ਆਖੀ ਹੈ। ਪਾਰਟੀ ਆਗੂਆਂ ਨੇ ਸੂਬੇ ਵਿਚ ਅਗਲੇ ਮਹੀਨੇ ਹੋ ਰਹੀਆਂ 120 ਨਗਰ ਕੌਂਸਲਾਂ ਦੀਆਂ ਚੋਣਾਂ ਨੂੰ ਆਪਣੀ ਤਾਕਤ ਦਾ ਵਿਖਾਵਾ ਕਰਨ ਲਈ ਢੁਕਵੇਂ ਮੌਕੇ ਵਜੋਂ ਵਰਤਣ ਲਈ ਆਮ ਸਹਿਮਤੀ ਦਾ ਪ੍ਰਗਟਾਵਾ ਕੀਤਾ।
ਭਾਜਪਾ ਵੱਲੋਂ ਦਿਹਾਤੀ ਖੇਤਰਾਂ ਵਿਚ ਅਕਾਲੀ ਦਲ ਦੀ ਰਵਾਇਤੀ ਵੋਟ ਤੋੜਨ ਬਾਰੇ ਖਾਸ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ। ਪਾਰਟੀ ਦੇ ਮੰਤਰੀਆਂ, ਵਿਧਾਇਕਾਂ ਤੇ ਆਗੂਆਂ ਨੂੰ ਲੋਕਾਂ ਨਾਲ ਵਧੇਰੇ ਰਾਬਤਾ ਕਾਇਮ ਕਰਨ ਦਾ ਸੱਦਾ ਦਿੰਦਿਆਂ ਮੈਂਬਰਸ਼ਿਪ ਵਧਾਉਣ ਉੱਤੇ ਜ਼ੋਰ ਦਿੱਤਾ ਹੈ।
ਉਧਰ ਅਕਾਲੀ ਦਲ ਵੀ ਭਾਜਪਾ ਦੀ ਇਸ ਰਣਨੀਤੀ ਤੋਂ ਜਾਣੂ ਨਜ਼ਰ ਆ ਰਿਹਾ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪਹਿਲੀ ਵਾਰ ਕੇਂਦਰ ਦੀ ਐਨæਡੀæਏæ ਸਰਕਾਰ ਪ੍ਰਤੀ ਸਖ਼ਤ ਤੇਵਰ ਦਿਖਾਏ। ਉਨ੍ਹਾਂ ਆਪਣੇ ਭਾਸ਼ਣਾਂ ਵਿਚੋਂ ਮੋਦੀ ਸ਼ਬਦ ਨੂੰ ਗਾਇਬ ਕਰਕੇ ਗਠਜੋੜ ਵਿਚ ‘ਸਭ ਅੱਛਾ’ ਨਾ ਹੋਣ ਦੇ ਸੰਕੇਤ ਦੇ ਦਿੱਤੇ ਹਨ। ਗੱਲ-ਗੱਲ ‘ਤੇ ਮੋਦੀ ਸਰਕਾਰ ਦੀ ਚਰਚਾ ਕਰਨ ਵਾਲੇ ਮੁੱਖ ਮੰਤਰੀ ਨੇ ਜਨਤਕ ਸਮਾਗਮਾਂ ਵਿਚ ਮੋਦੀ ਸਰਕਾਰ ਪ੍ਰਤੀ ਇਕ ਲਫਜ਼ ਵੀ ਨਹੀਂ ਆਖਿਆ।
__________________________________
ਕੈਪਟਨ ਵੱਲੋ ਪਿੰਡਾਂ ‘ਚ ਆਰæਐਸ਼ਐਸ਼ ਸ਼ਾਖਾਵਾਂ ਖੋਲ੍ਹਣ ਦਾ ਵਿਰੋਧ
ਅੰਮ੍ਰਿਤਸਰ: ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਰæਐਸ਼ਐਸ਼ ਵੱਲੋਂ ਪੰਜਾਬ ਦੇ ਪੇਂਡੂ ਖੇਤਰਾਂ ਵਿਚ ਸ਼ਾਖਾਵਾਂ ਖੋਲ੍ਹੇ ਜਾਣ ਵਿਰੁੱਧ ਚਿਤਾਵਨੀ ਦਿੰਦਿਆਂ ਕਿਹਾ ਕਿ ਆਰæਐਸ਼ਐਸ਼ ਦਾ ਇਹ ਕਦਮ ਫ਼ਿਰਕੂ ਆਧਾਰ ‘ਤੇ ਲੋਕਾਂ ਵਿਚ ਵੰਡ ਪਾ ਸਕਦਾ ਹੈ ਜੋ ਸੂਬੇ ਦੀ ਸ਼ਾਂਤੀ ਲਈ ਖਤਰਾ ਬਣ ਸਕਦੇ ਹਨ। ਉਨ੍ਹਾਂ ਕਿਹਾ ਕਿ ਆਰæਐਸ਼ਐਸ਼ ਦਾ ਇਹ ਕਦਮ ਪੰਜਾਬ ਦੀ ਸ਼ਾਂਤੀ ਲਈ ਖ਼ਤਰਾ ਬਣ ਸਕਦਾ ਹੈ ਤੇ ਸੂਬੇ ਵਿਚ ਫ਼ਿਰਕੂ ਵੰਡ ਦਾ ਕਾਰਨ ਬਣ ਸਕਦਾ ਹੈ। ਉਨ੍ਹਾਂ ਕਿਹਾ ਕਿ ਲੋਕ ਭਾਜਪਾ ਤੋਂ ਵੀ ਅਕਾਲੀਆਂ ਦੀ ਤਰ੍ਹਾਂ ਤੰਗ ਆ ਚੁੱਕੇ ਹਨ ਜਿਨ੍ਹਾਂ ਨੇ ਸਰਕਾਰ ਤੋਂ ਪੂਰਾ ਫ਼ਾਇਦਾ ਲਿਆ ਤੇ ਇਨ੍ਹਾਂ ਦੇ ਆਗੂਆਂ ‘ਤੇ ਵੀ ਭ੍ਰਿਸ਼ਟਾਚਾਰ ਦੇ ਦੋਸ਼ ਲੱਗ ਚੁੱਕੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਚੰਡੀਗੜ੍ਹ ਪੰਜਾਬ ਨੂੰ ਦੇਣ ਬਾਰੇ ਉਨ੍ਹਾਂ ਦੀ ਪਾਰਟੀ ਦਾ ਸਟੈਂਡ ਸਪਸ਼ਟ ਹੈ ਤੇ ਇਸ ਬਾਰੇ ਕੋਈ ਦੋ ਰਾਵਾਂ ਨਹੀਂ ਹਨ।

Be the first to comment

Leave a Reply

Your email address will not be published.