ਬਠਿੰਡਾ: ਪੰਜਾਬ ਦੇ ਅਮਲੀਆਂ ਨੂੰ ਮੁੜ ਪੋਸਤ ਦੀ ਸਪਲਾਈ ਮਿਲਣ ਲੱਗ ਪਈ ਹੈ। ਰਾਜਸਥਾਨ ਵਿਚ ਫਿਰ ਭੁੱਕੀ ਦੇ ਠੇਕੇ ਖੁੱਲ੍ਹ ਗਏ ਹਨ ਅਤੇ ਪੰਜਾਬ ਪੁਲੀਸ ਨੇ ਸੀਮਾ ਤੋਂ ਆਪਣੇ ਨਾਕੇ ਹਟਾ ਲਏ ਹਨ। ਪੰਜਾਬ ਸਰਕਾਰ ਵੱਲੋਂ ਜੂਨ ਤੋਂ ਵਿਖਾਈ ਸਖ਼ਤੀ ਵੀ ਹੁਣ ਨਰਮ ਪੈ ਗਈ ਹੈ। ਰਾਜਸਥਾਨ ਦੇ ਪੰਜਾਬ ਸੀਮਾ ਨਾਲ ਲੱਗਦੇ ਭੁੱਕੀ ਦੇ ਠੇਕੇ ਹੁਣ 24 ਘੰਟੇ ਖੁੱਲ੍ਹੇ ਰਹਿੰਦੇ ਹਨ। ਰਾਜਸਥਾਨ ਸਰਕਾਰ ਨੇ ਇੱਕ ਵਾਰ ਬਿਨਾਂ ਪਰਮਿਟ ਤੋਂ ਠੇਕਿਆਂ ਤੋਂ ਅਮਲੀਆਂ ਨੂੰ ਪੋਸਤ ਦੇਣਾ ਬੰਦ ਕਰ ਦਿੱਤਾ ਸੀ ਪਰ ਹੁਣ ਫਿਰ ਦੋ ਨੰਬਰ ਦੀ ਪੋਸਤ ਵਿਕਣ ਲੱਗੀ ਹੈ।
ਹਨੂੰਮਾਨਗੜ੍ਹ ਅਤੇ ਗੰਗਾਨਗਰ ਜ਼ਿਲ੍ਹਿਆਂ ਦੇ ਭੁੱਕੀ ਦੇ ਠੇਕਿਆਂ ਤੋਂ ਦੋ ਨੰਬਰ ਵਿਚ ਭੁੱਕੀ ਦੋ ਹਜ਼ਾਰ ਰੁਪਏ ਪ੍ਰਤੀ ਕਿਲੋ ਨਾਲ ਮਿਲ ਰਹੀ ਹੈ। ਜਦੋਂ ਕਿੱਲਤ ਸੀ ਤਾਂ ਇਹ ਭਾਅ ਚਾਰ ਹਜ਼ਾਰ ਰੁਪਏ ਤਕ ਚਲਾ ਗਿਆ ਸੀ ਤੇ ਭੁੱਕੀ ਦੇ ਠੇਕੇ ਸਿਰਫ਼ ਇੱਕ ਘੰਟੇ ਲਈ ਖੁੱਲ੍ਹਦੇ ਸਨ। ਅਬੋਹਰ-ਸੰਘਰੀਆਂ ਰੋਡ ‘ਤੇ ਪਿੰਡ ਮਾਹਲਾ ਰਾਮਪੁਰਾ ਦਾ ਰਾਜਸਥਾਨੀ ਠੇਕਾ ਪੈਂਦਾ ਹੈ ਜਿੱਥੋਂ ਹੁਣ 24 ਘੰਟੇ ਪੋਸਤ ਦੀ ਸਪਲਾਈ ਹੈ। ਇਸ ਸੜਕ ‘ਤੇ ਪੰਜਾਬ ਪੁਲੀਸ ਦੀ ਚੌਕੀ ਤਾਂ ਹੈ ਪਰ ਸਖ਼ਤੀ ਸਮੇਂ ਸੜਕ ‘ਤੇ ਲਗਾਇਆ ਨਾਕਾ ਹਟਾ ਦਿੱਤਾ ਗਿਆ ਹੈ। ਬੱਸਾਂ ਦੀ ਤਲਾਸ਼ੀ ਵੀ ਹੋਣੋਂ ਹਟ ਗਈ ਹੈ।
ਰਾਜਸਥਾਨ ਦੇ ਪਿੰਡ ਰਾਤੂਵਾਲਾ ਦਾ ਭੁੱਕੀ ਦਾ ਠੇਕਾ ਪੰਜਾਬ ਦੀ ਸੀਮਾ ਦੇ ਨਾਲ ਹੈ। ਕਰੀਬ ਇੱਕ ਮਹੀਨੇ ਤੋਂ ਇਹ ਠੇਕਾ ਮੁੜ ਖੁੱਲ੍ਹ ਗਿਆ ਹੈ। ਲੋਕ ਸਭਾ ਚੋਣਾਂ ਤੋਂ ਪਹਿਲਾਂ ਇਸ ਠੇਕੇ ਤੋਂ ਭੁੱਕੀ 800 ਰੁਪਏ ਪ੍ਰਤੀ ਕਿਲੋ ਮਿਲਦੀ ਸੀ ਤੇ ਕਿੱਲਤ ਦੇ ਦਿਨਾਂ ਵਿਚ ਭਾਅ ਚਾਰ ਹਜ਼ਾਰ ਰੁਪਏ ਨੂੰ ਟੱਪ ਗਿਆ ਸੀ। ਹੁਣ ਦੋ ਕਿਸਮਾਂ ਦੀ ਪੋਸਤ ਮੁੜ ਮਿਲਣ ਲੱਗੀ ਹੈ ਜਿਸਦਾ ਭਾਅ 2000 ਤੋਂ 2100 ਰੁਪਏ ਹੈ। ਹੁਣ ਰਾਜਸਥਾਨੀ ਠੇਕੇਦਾਰ ਠੇਕਿਆਂ ‘ਤੇ ਭੀੜ ਨਹੀਂ ਲੱਗਣ ਦਿੰਦੇ ਅਤੇ ਠੇਕੇ ਦਿਨ-ਰਾਤ ਖੁੱਲ੍ਹੇ ਰੱਖਦੇ ਹਨ। ਸੰਘਰੀਆਂ ਮੰਡੀ ਅਤੇ ਪਿੰਡ ਢਾਬਾ ਦੇ ਪੋਸਤ ਦੇ ਠੇਕੇ ਵੀ ਮੁੜ ਚੱਲ ਪਏ ਹਨ।
ਬਠਿੰਡਾ ਪੁਲੀਸ ਵੱਲੋਂ ਪਹਿਲਾਂ ਡੱਬਵਾਲੀ-ਬਠਿੰਡਾ ਰੋਡ ‘ਤੇ ਚੱਲਣ ਵਾਲੀ ਹਰ ਬੱਸ ਦੀ ਤਲਾਸ਼ੀ ਲਈ ਜਾਂਦੀ ਸੀ ਪਰ ਹੁਣ ਪੁਲੀਸ ਵੀ ਢਿੱਲੀ ਪੈ ਗਈ ਹੈ। ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਕੰਦੂਖੇੜਾ ਨੇੜੇ ਰਾਜਸਥਾਨੀ ਪਿੰਡ ਹਰੀਪੁਰਾ ਦਾ ਪੋਸਤ ਦਾ ਠੇਕਾ ਹੈ ਜਿੱਥੋਂ ਗੁਪਤ ਰਸਤਿਆਂ ਰਾਹੀਂ ਅਮਲੀ ਪੰਜਾਬ ਵਿਚ ਪੋਸਤ ਲਿਆ ਰਹੇ ਹਨ। ਲੋਕਾਂ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਵੱਲੋਂ ਪਹਿਲਾਂ ਜਦੋਂ ਸਖ਼ਤੀ ਕੀਤੀ ਗਈ ਸੀ, ਉਦੋਂ ਇਲਾਕੇ ਦੇ ਨਵੇਂ ਮੁੰਡੇ ਨਸ਼ਾ ਛੱਡ ਗਏ ਸਨ। ਹੁਣ ਹਰੀਪੁਰਾ ਠੇਕਾ ਮੁੜ ਖੁੱਲ੍ਹ ਗਿਆ ਹੈ ਜਿਸ ਕਰ ਕੇ ਪੰਜਾਬ ਤੋਂ ਅਮਲੀਆਂ ਦਾ ਆਉਣ-ਜਾਣ ਕਾਫ਼ੀ ਵਧ ਗਿਆ ਹੈ।
ਮੁਕਤਸਰ ਪੁਲੀਸ ਵੱਲੋਂ ਕੰਦੂਖੇੜਾ ਨੇੜੇ ਰਾਜਸਥਾਨ ਵੱਲੋਂ ਆਉਂਦੀ ਸੜਕ ‘ਤੇ ਪੁਲੀਸ ਚੌਕੀ ਬਿਠਾਈ ਗਈ ਹੈ। ਅਮਲੀ ਮੁੱਖ ਸੜਕ ਦੀ ਥਾਂ ਗੁਪਤ ਰਾਹ ਚੁਣ ਲੈਂਦੇ ਹਨ। ਕਈ ਬੱਸਾਂ ਵੀ ਹਰੀਪੁਰਾ ਠੇਕੇ ਤੱਕ ਜਾਂਦੀਆਂ ਹਨ ਜਿਨ੍ਹਾਂ ਵਿਚ ਜ਼ਿਆਦਾ ਗਿਣਤੀ ਪੰਜਾਬ ਦੇ ਅਮਲੀਆਂ ਦੀ ਹੈ। ਰਾਜਸਥਾਨ ਸਰਕਾਰ ਵੱਲੋਂ ਪੋਸਤ ਦੀ ਕਾਸ਼ਤ ਘਟਾਈ ਜਾ ਰਹੀ ਹੈ ਅਤੇ ਕਿਸਾਨਾਂ ਨੂੰ ਪੋਸਤ ਦੀ ਬਿਜਾਂਦ ਕਰਨ ਦੇ ਲਾਇਸੈਂਸ ਦੇਣੇ ਵੀ ਘੱਟ ਕਰ ਦਿੱਤੇ ਗਏ ਹਨ।
ਰਾਜਸਥਾਨ ਸਰਕਾਰ ਆਪਣੇ ਸੂਬੇ ਨੂੰ ਨਸ਼ਾਮੁਕਤ ਬਣਾਉਣਾ ਚਾਹੁੰਦੀ ਹੈ ਪਰ ਪੋਸਤ ਦੇ ਠੇਕੇਦਾਰ ਬਿਨਾਂ ਕਿਸੇ ਡਰ ਤੋਂ ਸ਼ਰ੍ਹੇਆਮ ਠੇਕਿਆਂ ਤੋਂ ਦੋ ਨੰਬਰ ਵਿਚ ਪੋਸਤ ਵੇਚ ਰਹੇ ਹਨ। ਦੋ ਨੰਬਰ ਦਾ ਸਾਰਾ ਪੋਸਤ ਪੰਜਾਬ ਆਉਂਦਾ ਹੈ। ਬਠਿੰਡਾ-ਮੁਕਤਸਰ ਦੇ ਥਾਣਿਆਂ ਵਿਚ ਨਸ਼ਿਆਂ ਦੇ ਇੱਕਾ-ਦੁੱਕਾ ਕੇਸ ਤਾਂ ਦਰਜ ਹੋ ਰਹੇ ਹਨ ਪਰ ਹੁਣ ਪਹਿਲਾਂ ਵਾਲੀ ਸਖ਼ਤੀ ਨਹੀਂ ਰਹੀ ਹੈ।
Leave a Reply