ਪੰਜਾਬੀਅਤ ਦੇ ਮੁੱਦਈ ਸਾਬਕਾ ਪ੍ਰਧਾਨ ਮੰਤਰੀ ਗੁਜਰਾਲ ਚੱਲ ਵਸੇ

ਚੰਡੀਗੜ੍ਹ: ਉੱਘੇ ਸਿਆਸਤਦਾਨ ਅਤੇ ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਦਾ 30 ਨਵੰਬਰ ਨੂੰ ਦਿੱਲੀ ਵਿਖੇ ਦੇਹਾਂਤ ਹੋ ਗਿਆ। ਉਹ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਸਨ। 1990ਵਿਆਂ ਦੇ ਅਖੀਰ ਵਿਚ ਡਾਵਾਂਡੋਲ ਹਾਲਤ ਵਾਲੀ ਗੱਠਜੋੜ ਸਰਕਾਰ ਵੇਲੇ ਪ੍ਰਧਾਨ ਮੰਤਰੀ ਬਣੇ 92 ਸਾਲਾ ਆਗੂ ਨੂੰ ਫੇਫੜਿਆਂ ਵਿਚ ਨੁਕਸ ਪੈਣ ਅਤੇ ਸਾਹ ਲੈਣ ਵਿਚ ਤਕਲੀਫ ਹੋਣ ਕਾਰਨ 19 ਨਵੰਬਰ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ।
ਸ੍ਰੀ ਗੁਜਰਾਲ ਦੀ ਸਿਹਤ ਪਿਛਲੇ ਸਮੇਂ ਤੋਂ ਖਰਾਬ ਸੀ ਅਤੇ ਇਕ ਸਾਲ ਤੋਂ ਉਹ ਡਾਇਲਸਿਸ ਉਤੇ ਸਨ। ਕੁਝ ਦਿਨ ਪਹਿਲਾਂ ਉਨ੍ਹਾਂ ਨੂੰ ਛਾਤੀ ਦੀ ਇਨਫੈਕਸ਼ਨ ਹੋ ਗਈ ਸੀ। ਉਨ੍ਹਾਂ ਦੇ ਪਰਿਵਾਰ ਵਿਚ ਦੋ ਪੁੱਤਰ ਹਨ। ਇਨ੍ਹਾਂ ਵਿਚੋਂ ਇਕ ਨਰੇਸ਼ ਗੁਜਰਾਲ ਰਾਜ ਸਭਾ ਦੇ ਮੈਂਬਰ ਤੇ ਅਕਾਲੀ ਦਲ ਦੇ ਆਗੂ ਹਨ। ਉਨ੍ਹਾਂ ਦੇ ਭਰਾ ਸਤੀਸ਼ ਗੁਜਰਾਲ ਉੱਘੇ ਚਿੱਤਰਕਾਰ ਤੇ ਆਰਕੀਟੈਕਟ ਹਨ। ਉਨ੍ਹਾਂ ਦੀ ਪਤਨੀ ਸ਼ੀਲਾ ਜੋ ਕਵਿੱਤਰੀ ਸੀ, ਦਾ 2011 ਵਿਚ ਦੇਹਾਂਤ ਹੋ ਗਿਆ ਸੀ।
ਦੇਸ਼ ਵੰਡ ਪਿੱਛੋਂ ਪਾਕਿਸਤਾਨ ਛੱਡ ਕੇ ਆਏ ਸ੍ਰੀ ਗੁਜਰਾਲ 1990ਵਿਆਂ ਦੇ ਅਖੀਰ ਵਿਚ ਸਾਂਝਾ ਮੋਰਚਾ ਦੀ ਅਗਵਾਈ ਹੇਠ ਬਣੀ ਗਠਜੋੜ ਸਰਕਾਰ ਵੇਲੇ ਪ੍ਰਧਾਨ ਮੰਤਰੀ ਬਣੇ। ਇਸ ਤੋਂ ਪਹਿਲਾਂ ਉਹ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਸਰਕਾਰ ਵੇਲੇ ਕੇਂਦਰੀ ਮੰਤਰੀ ਅਤੇ ਫਿਰ ਸੋਵੀਅਤ ਸੰਘ ਵਿਚ ਭਾਰਤ ਦੇ ਰਾਜਦੂਤ ਰਹੇ। 1980ਵਿਆਂ ਦੇ ਅਖੀਰ ਵਿਚ ਉਨ੍ਹਾਂ ਕਾਂਗਰਸ ਨਾਲੋਂ ਨਾਤਾ ਤੋੜ ਲਿਆ ਤੇ ਜਨਤਾ ਦਲ ਵਿਚ ਸ਼ਾਮਲ ਹੋ ਗਏ। 1989 ਵਿਚ ਉਸ ਵੀæਪੀæ ਸਿੰਘ ਦੀ ਅਗਵਾਈ ਵਾਲੀ ਨੈਸ਼ਨਲ ਫਰੰਟ ਦੀ ਸਰਕਾਰ ਵਿਚ ਵਿਦੇਸ਼ ਮੰਤਰੀ ਬਣੇ ਤੇ ਕੁਵੈਤ ਸੰਕਟ ਦਾ ਹੱਲ ਕੀਤਾ। ਉਦੋਂ ਇਰਾਕੀ ਹਮਲੇ ਕਾਰਨ ਹਜ਼ਾਰਾਂ ਭਾਰਤੀ ਸੰਕਟ ਵਿਚ ਘਿਰੇ ਹੋਏ ਸਨ।
ਸ੍ਰੀ ਗੁਜਰਾਲ, ਪ੍ਰਧਾਨ ਮੰਤਰੀ ਐਚæਡੀæ ਦੇਵਗੌੜਾ ਦੀ ਸਰਕਾਰ ਵੇਲੇ ਵਿਦੇਸ਼ ਮੰਤਰੀ ਬਣੇ ਅਤੇ 1997 ਦੀਆਂ ਗਰਮੀਆਂ ਵਿਚ ਕਾਂਗਰਸ ਵੱਲੋਂ ਹਮਾਇਤ ਵਾਪਸ ਲਏ ਜਾਣ ਪਿੱਛੋਂ ਸ੍ਰੀ ਦੇਵਗੌੜਾ ਭਰੋਸੇ ਦਾ ਵੋਟ ਹਾਰ ਗਏ। ਇਸ ਪਿੱਛੋਂ ਸ੍ਰੀ ਗੁਜਰਾਲ ਨੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਿਆ। ਉਦੋਂ ਸਾਂਝੇ ਮੋਰਚੇ ਦੇ ਆਗੂਆਂ ਲਾਲੂ ਪ੍ਰਸਾਦ ਯਾਦਵ, ਮੁਲਾਇਮ ਸਿੰਘ ਤੇ ਹੋਰਾਂ ਵਿਚ ਇਸ ਗੱਲ ‘ਤੇ ਤਿੱਖੇ ਮਤਭੇਦ ਸਨ ਕਿ ਪ੍ਰਧਾਨ ਮੰਤਰੀ ਕਿਸ ਨੂੰ ਬਣਾਇਆ ਜਾਵੇ ਪਰ ਅਖੀਰ ਸ੍ਰੀ ਗੁਜਰਾਲ ਦੇ ਨਾਂ ‘ਤੇ ਸਰਬਸੰਮਤੀ ਬਣ ਗਈ। ਹਾਲਾਂਕਿ ਉਨ੍ਹਾਂ ਦੀ ਅਗਵਾਈ ਵਾਲੀ ਸਰਕਾਰ ਕੁਝ ਮਹੀਨੇ ਹੀ ਚੱਲ ਸਕੀ ਕਿਉਂਕਿ ਰਾਜੀਵ ਗਾਂਧੀ ਹੱਤਿਆ ਕਾਂਡ ‘ਤੇ ਜੈਨ ਕਮਿਸ਼ਨ ਦੀ ਰਿਪੋਰਟ ਪਿੱਛੋਂ ਕਾਂਗਰਸ ਮੁੜ ਅੜ ਗਈ ਤੇ ਉਸ ਨੇ ਸਰਕਾਰ ਡੇਗ ਦਿੱਤੀ।
ਸ੍ਰੀ ਗੁਜਰਾਲ ਦਾ ਜਨਮ 4 ਦਸੰਬਰ, 1919 ਨੂੰ ਜੇਹਲਮ (ਹੁਣ ਪਾਕਿਸਤਾਨ ਵਿਚ) ਵਿਖੇ ਆਜ਼ਾਦੀ ਘੁਲਾਟੀਆਂ ਦੇ ਪਰਿਵਾਰ ਵਿਚ ਹੋਇਆ ਤੇ ਉਹ ਆਪ ਵੀ ਚੜ੍ਹਦੀ ਉਮਰ ਵਿਚ ਆਜ਼ਾਦੀ ਦੇ ਸੰਘਰਸ਼ ਵਿਚ ਸ਼ਾਮਲ ਹੋਏ। Ḕਭਾਰਤ ਛੱਡੋ’ ਅੰਦੋਲਨ ਵੇਲੇ 1942 ਵਿਚ ਉਨ੍ਹਾਂ ਨੂੰ ਜੇਲ੍ਹ ਵਿਚ ਬੰਦ ਕਰ ਦਿੱਤਾ ਗਿਆ। ਡੀæਏæਵੀæ ਕਾਲਜ, ਹੇਲੀ ਕਾਲਜ ਆਫ ਕਾਮਰਸ ਐਂਡ ਫੋਰਸੇਨ, ਕ੍ਰਿਸਚੀਅਨ ਕਾਲਜ ਲਾਹੌਰ ਵਿਖੇ ਪੜ੍ਹਦਿਆਂ ਉਹ ਵਿਦਿਆਰਥੀਆਂ ਦੀ ਸਿਆਸਤ ਵਿਚ ਸਰਗਰਮੀ ਨਾਲ ਹਿੱਸਾ ਲੈਂਦੇ ਰਹੇ। 1964 ਵਿਚ ਉਹ ਰਾਜ ਸਭਾ ਦੇ ਮੈਂਬਰ ਬਣੇ। 25 ਜੂਨ 1975 ਨੂੰ ਜਦੋਂ ਐਮਰਜੈਂਸੀ ਲਗਾਈ ਗਈ ਤਾਂ ਉਹ ਸੂਚਨਾ ਤੇ ਪ੍ਰਸਾਰਨ ਮੰਤਰੀ ਸਨ। 1964 ਤੋਂ 1976 ਦਰਮਿਆਨ ਉਹ ਦੋ ਵਾਰ ਰਾਜ ਸਭਾ ਮੈਂਬਰ ਅਤੇ 1989 ਤੋਂ 1991 ਤਕ ਲੋਕ ਸਭਾ ਮੈਂਬਰ ਰਹੇ। 1992 ਵਿਚ ਉਹ ਰਾਜ ਸਭਾ ਮੈਂਬਰ ਬਣੇ। 1998 ਵਿਚ ਉਹ ਜਲੰਧਰ ਤੋਂ ਆਜ਼ਾਦ ਉਮੀਦਵਾਰ ਵਜੋਂ ਲੋਕ ਸਭਾ ਮੈਂਬਰ ਚੁਣੇ ਗਏ ਜਿਸ ਵਿਚ ਅਕਾਲੀ ਦਲ ਨੇ ਉਨ੍ਹਾਂ ਨੂੰ ਸਹਿਯੋਗ ਦਿੱਤਾ।

Be the first to comment

Leave a Reply

Your email address will not be published.