ਪ੍ਰਤਾਪ ਬਾਜਵਾ ਦੀ ਕੁਰਸੀ ਨੂੰ ਚੁਫੇਰਿਓਂ ਘੇਰਾ

ਚੰਡੀਗੜ੍ਹ: ਪੰਜਾਬ ਪ੍ਰਦੇਸ਼ ਕਾਂਗਰਸ ਅਜੇ ਵੀ ਆਪਣੇ ਅੰਦਰੂਨੀ ਕਲੇਸ਼ ਤੋਂ ਬਾਹਰ ਆਉਂਦੀ ਨਜ਼ਰ ਨਹੀਂ ਆ ਰਹੀ। ਵੱਡੀ ਗਿਣਤੀ ਕਾਂਗਰਸ ਵਰਕਰਾਂ ਨੇ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੂੰ ਅਹੁਦੇ ਤੋਂ ਲਾਂਭੇ ਕਰਨ ਲਈ ਮੁਹਿੰਮ ਛੇੜ ਦਿੱਤੀ ਹੈ। ਸ਼ ਬਾਜਵਾ ਨੂੰ ਹਾਲ ਵਿਚ ਲੁਧਿਆਣਾ ਵਿਚ ਆਪਣੇ ਹੀ ਪਾਰਟੀ ਵਰਕਰਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ।
ਫ਼ਿਰੋਜ਼ਪੁਰ ਜ਼ਿਲ੍ਹਾ ਕਾਂਗਰਸ ਤਹਿਤ ਪੈਂਦੇ ਜ਼ੀਰਾ, ਮੁਦਕੀ ਤੇ ਮਖੂ ਨਾਲ ਸਬੰਧਤ ਕਾਂਗਰਸ ਆਗੂਆਂ ਨੇ ਆਲ ਇੰਡੀਆ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਨੂੰ ਸ਼ ਬਾਜਵਾ ਖ਼ਿਲਾਫ਼ ਇਕ ਸਖ਼ਤ ਲਿਖਤੀ ਪੱਤਰ ਭੇਜ ਕੇ ਅਗਾਹ ਕੀਤਾ ਕਿ ਜੇਕਰ ਕਾਂਗਰਸ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਆਪਣੇ ਬਲਬੂਤੇ ‘ਤੇ ਜਿੱਤਣਾ ਚਾਹੁੰਦੀ ਹੈ ਤਾਂ ਪ੍ਰਤਾਪ ਸਿੰਘ ਬਾਜਵਾ ਨੂੰ ਅਹੁਦੇ ਤੋਂ ਲਾਂਭੇ ਕੀਤਾ ਜਾਵੇ। ਕਈ ਕਾਂਗਰਸੀ ਆਗੂਆਂ ਨੇ ਆਪਣੇ ਦਸਖ਼ਤਾਂ ਹੇਠ ਸੋਨੀਆ ਗਾਂਧੀ ਨੂੰ ਲਿਖੇ ਪੱਤਰ ਵਿਚ ਦੋਸ਼ ਲਾਇਆ ਕਿ ਪ੍ਰਤਾਪ ਸਿੰਘ ਬਾਜਵਾ ਵੱਲੋਂ ਨਾਦਰਸ਼ਾਹੀ ਤਰੀਕੇ ਨਾਲ ਵਰਕਰਾਂ ਨੂੰ ਅਹੁਦਿਆਂ ਤੋਂ ਹਟਾਇਆ ਜਾ ਰਿਹਾ ਹੈ। ਪਾਰਟੀ ਦੇ ਨਿਯਮਾਂ ਦੇ ਉਲਟ ਚੱਲ ਕੇ ਚੋਣ ਪ੍ਰਕ੍ਰਿਆ ਰਾਹੀਂ ਚੁਣੇ ਆਗੂਆਂ ‘ਤੇ ਸੂਬੇ ਅੰਦਰ ਕਾਰਜਕਾਰੀ ਪ੍ਰਧਾਨ ਥਾਪੇ ਜਾ ਰਹੇ ਹਨ। ਉਕਤ ਆਗੂਆਂ ਨੇ ਹਾਈਕਮਾਨ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਪੰਜਾਬ ਵਿਚ ਕਾਂਗਰਸ ਨੂੰ ਲੀਹਾਂ ‘ਤੇ ਲਿਆਉਣ ਲਈ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨਗੀ ਅਹੁਦੇ ‘ਤੇ ਕਿਸੇ ਯੋਗ ਆਗੂ ਨੂੰ ਲਗਾਇਆ ਜਾਵੇ, ਜੋ ਸਮੂਹ ਪਾਰਟੀ ਵਰਕਰਾਂ ਨੂੰ ਇਕਜੁਟ ਕਰ ਸਕੇ।
ਦੱਸਣਯੋਗ ਹੈ ਕਿ ਕੈਪਟਨ ਪਹਿਲਾਂ ਹੀ ਚੁਣੌਤੀ ਦਿੰਦੇ ਆ ਰਹੇ ਹਨ ਕਿ ਸ਼ ਬਾਜਵਾ ਨੂੰ ਕਿਸੇ ਵੀ ਬਲਾਕ ਪ੍ਰਧਾਨ ਨੂੰ ਹਟਾਉਣ ਜਾਂ ਨਿਯੁਕਤ ਕਰਨ ਦਾ ਕੋਈ ਸੰਵਿਧਾਨਕ ਅਧਿਕਾਰ ਨਹੀਂ ਹੈ। ਉਧਰ ਬਾਜਵਾ ਨੇ ਸਪੱਸ਼ਟ ਕੀਤਾ ਕਿ ਉਹ ਪੰਜਾਬ ਕਾਂਗਰਸ ਦੀਆਂ ਸਰਗਰਮੀਆਂ ਵਿਚ ਰੋੜਾ ਬਣ ਰਹੇ ਪਾਰਟੀ ਦੇ ਕੁਝ ਆਗੂਆਂ ਦੀਆਂ ਸਰਗਰਮੀਆਂ ਬਾਰੇ ਰੋਜ਼ਾਨਾ ਹਾਈਕਮਾਨ ਨੂੰ ਸੂਚਿਤ ਕਰਦੇ ਆ ਰਹੇ ਹਨ।
ਉਨ੍ਹਾਂ ਕਿਹਾ ਕਿ ਲੁਧਿਆਣਾ ਵਿਚ ਸਿਰਫ ਇਕ ਦਰਜਨ ਵਿਅਕਤੀਆਂ ਵੱਲੋਂ ਕਿਸੇ ਦੇ ਇਸ਼ਾਰੇ ਉਤੇ ਉਨ੍ਹਾਂ ਵਿਰੁੱਧ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ ਜਦੋਂਕਿ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿਚ ਸਮੁੱਚੀ ਲੀਡਰਸ਼ਿਪ ਪੂਰੀ ਤਰ੍ਹਾਂ ਇਕਜੁੱਟ ਹੈ। ਉਹ ਉਨ੍ਹਾਂ ਦੀਆਂ ਸਗਰਰਮੀਆਂ ਵਿਚ ਅੜਿੱਕੇ ਪਾਉਣ ਵਾਲੇ ਲੋਕਾਂ ਤੋਂ ਬੇਪ੍ਰਵਾਹ ਹੁੰਦੇ ਹੋਏ ਨਿਰੰਤਰ ਬਲਾਕ ਪੱਧਰ ਦੇ ਦੌਰੇ ਜਾਰੀ ਰੱਖਣਗੇ ਤੇ ਹਰੇਕ ਬੂਥ ਉੱਤੇ 11 ਮੈਂਬਰੀ ਕਾਂਗਰਸੀ ਵਰਕਰਾਂ ਦੀ ਟੀਮ ਕਾਇਮ ਕਰਨਗੇ। ਉਹ 15 ਦਸੰਬਰ ਤੱਕ ਪਾਰਟੀ ਦੇ ਢਾਈ ਲੱਖ ਵਲੰਟੀਅਰ ਕਾਇਮ ਕਰਕੇ ਅਕਾਲੀ ਦਲ-ਭਾਜਪਾ ਸਰਕਾਰ ਵਿਰੁੱਧ ਇਕਜੁੱਟਤਾ ਨਾਲ ਲੜਾਈ ਸ਼ੁਰੂ ਕਰ ਦੇਣਗੇ।
________________________________________________________
ਹਾਈਕਮਾਨ ਢਾਹ ਲਾਉਣ ਵਾਲਿਆਂ ਤੋਂ ਜਾਣੂ: ਬਾਜਵਾ
ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਕਾਂਗਰਸ ਨੂੰ ਨੁਕਸਾਨ ਪਹੁੰਚਾਉਣ ਲਈ ਵੱਖ-ਵੱਖ ਤਰ੍ਹਾਂ ਦੇ ਹੀਲੇ ਵਰਤ ਰਹੇ ਨੇਤਾਵਾਂ ਦੀਆਂ ਸਰਗਰਮੀਆਂ ਦੀ ਪਲ-ਪਲ ਦੀ ਰਿਪੋਰਟ ਆਲ ਇੰਡੀਆ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਕੋਲ ਪੁੱਜ ਰਹੀ ਹੈ। ਹਾਈਕਮਾਨ ਪੰਜਾਬ ਕਾਂਗਰਸ ਦੀਆਂ ਸਰਗਰਮੀਆਂ ਅੱਗੇ ਵਾਰ-ਵਾਰ ਦੀਵਾਰ ਖੜ੍ਹੀ ਕਰਨ ਵਾਲਿਆਂ ਤੋਂ ਚੰਗੀ ਤਰ੍ਹਾਂ ਜਾਣੂ ਹੈ ਤੇ ਸਮਾਂ ਆਉਣ ‘ਤੇ ਸਾਰਾ ਕੁਝ ਸਾਫ ਹੋ ਜਾਵੇਗਾ। ਪਿਛਲੇ ਕੁਝ ਦਿਨਾਂ ਤੋਂ ਉਨ੍ਹਾਂ ਵਿਰੁੱਧ ਕੂੜ ਪ੍ਰਚਾਰ ਕਰਦੇ ਆ ਰਹੇ ਲੁਧਿਆਣਾ ਜ਼ਿਲ੍ਹੇ ਦੇ ਚਾਰ ਬਲਾਕ ਪ੍ਰਧਾਨਾਂ ਪਲਵਿੰਦਰ ਸਿੰਘ ਤੱਗੜ, ਬਲਜਿੰਦਰ ਸਿੰਘ ਬੰਟੀ, ਸਤਵਿੰਦਰ ਸਿੰਘ ਜਵੱਦੀ ਤੇ ਵਿਨੋਦ ਨੂੰ ਦੋ-ਦੋ ਨੋਟਿਸ ਭੇਜਣ ਦੇ ਬਾਵਜੂਦ ਉਨ੍ਹਾਂ ਪਾਸੋਂ ਕੋਈ ਜਵਾਬ ਨਾ ਮਿਲਣ ਤੋਂ ਬਾਅਦ ਜਿਥੇ ਉਨ੍ਹਾਂ ਦੀ ਥਾਂ ਹੋਰ ਬਲਾਕ ਪ੍ਰਧਾਨ ਨਿਯੁਕਤ ਕਰ ਦਿੱਤੇ ਗਏ ਹਨ, ਉਥੇ ਹੀ ਇਨ੍ਹਾਂ ਚਾਰਾਂ ਨੂੰ ਪਾਰਟੀ ਵਿਚੋਂ ਮੁਅੱਤਲ ਵੀ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਿਹੜੇ ਪਾਰਟੀ ਆਗੂ ਬਿਨ੍ਹਾਂ ਵਜ੍ਹਾ ਪਾਰਟੀ ਨੂੰ ਨੁਕਸਾਨ ਪਹੁੰਚਾ ਰਹੇ ਹਨ, ਹਾਈ ਕਮਾਨ ਉਨ੍ਹਾਂ ਦੀ ਖਬਰ ਜ਼ਰੂਰ ਲਵੇਗੀ। ਲੀਡਰਸ਼ਿਪ ਦਾ ਫੈਸਲਾ ਜਦੋਂ ਹਾਈ ਕਮਾਨ ਕਰਦੀ ਹੈ ਤਾਂ ਅਜਿਹੇ ਵਿਦਰੋਹ ਨਾਲ ਵੀ ਉਹ ਚੰਗੀ ਤਰ੍ਹਾਂ ਨਜਿੱਠੇਗੀ।
_______________________________________________________
ਕੈਪਟਨ ਵੱਲੋਂ ਬਾਜਵਾ ਵਿਰੋਧੀਆਂ ਨੂੰ ਹੱਲਾਸ਼ੇਰੀ
ਕੈਪਟਨ ਅਮਰਿੰਦਰ ਸਿੰਘ ਨੇ ਸ਼ ਬਾਜਵਾ ਦੇ ਕੱਟੜ ਵਿਰੋਧੀ ਕਾਂਗਰਸੀ ਆਗੂ ਗੁਰਸਿਮਰਨ ਸਿੰਘ ਮੰਡ ਨੂੰ ਆਲ ਇੰਡੀਆ ਜੱਟ ਮਹਾਂਸਭਾ ਦੀ ਪੰਜਾਬ ਇਕਾਈ ਦਾ ਸਕੱਤਰ ਨਿਯੁਕਤ ਕੀਤਾ ਹੈ। ਸ਼ ਮੰਡ ਵੱਲੋਂ ਸਾਥੀਆਂ ਸਮੇਤ ਸ਼ ਬਾਜਵਾ ਦੀ ਲੁਧਿਆਣਾ ਫੇਰੀ ਦਾ ਤਕੜਾ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਸ਼ ਬਾਜਵਾ ਦੇ ਪੁਤਲੇ ਫੂਕਣ ਤੇ ਉਨ੍ਹਾਂ ਦੀ ਕਾਰ ਘੇਰ ਕੇ ਕਾਲੇ ਝੰਡੇ ਦਿਖਾਉਣ ਦੇ ਪ੍ਰੋਗਰਾਮ ਵਿਚ ਅਹਿਮ ਰੋਲ ਅਦਾ ਕੀਤਾ ਸੀ। ਕੈਪਟਨ ਦੀ ਸ਼ਰਨ ਵਿਚ ਪੁੱਜੇ ਬਾਜਵਾ ਵਿਰੋਧੀਆਂ ਨੇ ਦੱਸਿਆ ਕਿ ਸ਼ ਬਾਜਵਾ ਨੇ ਪਾਰਟੀ ਦੀ ਮਜਬੂਤੀ ਤੇ ਪਾਰਟੀ ਵਰਕਰਾਂ ਦੇ ਗਿਲਾ ਸ਼ਿਕਵੇ ਸੁਣਨ ਲਈ ਤਿੰਨ ਰੋਜ਼ਾ ਲੁਧਿਆਣਾ ਦੌਰਾ ਰੱਖਿਆ ਸੀ ਪਰ ਦੌਰੇ ਦੌਰਾਨ ਉਹ ਪਾਰਟੀ ਨੂੰ ਮਜਬੂਤ ਕਰਨ ਦੀ ਥਾਂ ਪਾਰਟੀ ਵਿਚ ਹੋਰ ਗੁੱਟਬਾਜ਼ੀ ਪੈਦਾ ਕਰ ਗਏ ਹਨ। ਕੈਪਟਨ ਅਮਰਿੰਦਰ ਸਿੰਘ ਨੇ ਆਗੂਆਂ ਦੀ ਗੱਲ ਹਾਈਕਮਾਨ ਤੱਕ ਪਹੁੰਚਾਉਣ ਦਾ ਭਰੋਸਾ ਦਿੱਤਾ।

Be the first to comment

Leave a Reply

Your email address will not be published.