ਨਵੇਂ ਗਦਰ ਦਾ ਹੋਕਾ ਦੇ ਗਿਆ ਮੇਲਾ ਗਦਰੀ ਬਾਬਿਆਂ ਦਾ

ਜਲੰਧਰ: ਗਦਰੀ ਬਾਬਿਆਂ ਦਾ ਮੇਲਾ ਯਾਦਗਾਰੀ ਹੋ ਨਿੱਬੜਿਆ। ਤਿੰਨ ਦਿਨਾਂ ਮੇਲੇ ਦੌਰਾਨ ਦਿਲ ਨੂੰ ਛੂਹਣ ਵਾਲੀਆਂ ਪੇਸ਼ਕਾਰੀਆਂ ਨੇ ਹਰ ਸਰੋਤੇ ਦੀ ਅੱਖ ਨਮ ਕਰ ਦਿੱਤੀ। 150 ਤੋਂ ਵੱਧ ਕਲਾਕਾਰਾਂ ਨੇ ਜਿਥੇ 100 ਵਰ੍ਹੇ ਪਹਿਲਾਂ ਦੇ ਗ਼ਦਰੀ ਇਤਿਹਾਸ ਦੇ ਦੀਦਾਰ ਕਰਵਾਏ ਉਥੇ ਭੁੱਖਮਰੀ, ਕਰਜ਼ੇ, ਬਿਮਾਰੀਆਂ, ਜਾਤ-ਪਾਤ ਵਿਤਕਰੇਬਾਜ਼ੀ, ਬੇਰੁਜ਼ਗਾਰੀ, ਆਤਮ-ਹੱਤਿਆ ਵਰਗੀਆਂ ਸਮੱਸਿਆਵਾਂ ਨੂੰ ਕਲਾ ਰੂਪ ਰਾਹੀਂ ਪੇਸ਼ ਕੀਤਾ। ਕਰਜ਼ੇ, ਭੁੱਖਮਰੀ ਦੇ ਮਾਰੇ ਲੋਕਾਂ ਦਾ ਵਿਦੇਸ਼ ਜਾਣਾ, ਵਿਦੇਸ਼ ਵਿਚ ਧੱਕੇ, ਨਸਲੀ ਵਿਤਕਰੇ, ਕਾਮਾਗਾਟਾਮਾਰੂ ਨੂੰ ਵੈਨਕੂਵਰ ਦੇ ਪਾਣੀਆਂ ਵਿਚ ਦੋ ਮਹੀਨੇ ਰੋਕਣਾ, ਮੁਸਾਫ਼ਿਰਾਂ ਉਪਰ ਜਬਰ, ਵਾਪਸੀ ਮੌਕੇ ਬਜਬਜ ਘਾਟ ‘ਤੇ ਖੂਨੀ ਸਾਕਾ, ਮੁਸਾਫ਼ਿਰਾਂ ਦੇ ਪਰਿਵਾਰਾਂ ਦੀ ਹਾਲਤ, 100 ਵਰ੍ਹੇ ਪਿਛੋਂ ਅੱਜ ਫੇਰ ਲੋਕਾਂ ਦੀ ਉਸ ਤੋਂ ਵੀ ਵੱਧ ਮੰਦਹਾਲੀ, ਪ੍ਰਦੇਸਾਂ ਵਿਚ ਰੁਲਦੀ ਜੁਆਨੀ, ਗੰਦੇ ਸੱਭਿਆਚਾਰ ਤੇ ਰਵਾਇਤੀ ਮੇਲਿਆਂ ਬਾਰੇ ਜਾਗਰੂਕ ਕਰਦੇ ਝੰਡੇ ਦੇ ਗੀਤ ਨੇ ਪ੍ਰੇਰਨਾਮਈ ਤੇ ਜੋਸ਼ੀਲੇ ਅੰਦਾਜ਼ ਵਿਚ ਲੋਕਾਂ ਨੂੰ ਨਵੇਂ ਗ਼ਦਰ, ਨਵੀਂ ਆਜ਼ਾਦੀ, ਨਵੀਂ ਕ੍ਰਾਂਤੀ ਦਾ ਹੋਕਾ ਦਿੱਤਾ।
ਪੂਰੇ ਜਲੌਅ ਨਾਲ ਗ਼ਦਰੀ ਮੇਲੇ ਦੀਆਂ ਸਿਖਰਾਂ ਸਮੇਂ ਸਾਰੀ ਰਾਤ ਦੇਸ਼ ਭਗਤ ਹਾਲ ਵਿਚ ਗ਼ਦਰੀ ਗੂੰਜਾਂ ਦੀ ਗੂੰਜ ਪੈਂਦੀ ਰਹੀ। ਮੇਲੇ ਵਿਚ ਬੌਧਿਕ ਵਿਚਾਰ-ਚਰਚਾ ਦੀ ਇਹ ਨਿਵੇਕਲੀ ਵੰਨਗੀ ਸਮੇਂ ਗ਼ਦਰੀ ਬਾਬਾ ਜਵਾਲਾ ਸਿੰਘ ਆਡੀਟੋਰੀਅਮ ਨੱਕੋ-ਨੱਕ ਭਰਿਆ ਹੋਇਆ ਸੀ। ਡਾæ ਕਮਲ ਨੈਣ ਨੇ ਇਨ੍ਹਾਂ ਨੀਤੀਆਂ ਦੇ ਲੋਕ-ਉਜਾੜੇ ਦੇ ਅਨੇਕਾਂ ਪੱਖਾਂ ਨੂੰ ਉਘਾੜਿਆ ਤੇ ਰੁਜ਼ਗਾਰ ਖੋਹਦੀਆਂ ਇਨ੍ਹਾਂ ਨੀਤੀਆਂ ਨੂੰ ਠੱਲ੍ਹ ਪਾਉਣ ਲਈ ਬੁੱਧੀਜੀਵੀਆਂ ਨੂੰ ਆਪਣੀ ਭੂਮਿਕਾ ਅਦਾ ਕਰਨ ‘ਤੇ ਜ਼ੋਰ ਦਿੱਤਾ। ਜਾਣੇ ਪਛਾਣੇ ਨਾਟਕਕਾਰ ਡਾæ ਸਵਰਾਜਬੀਰ ਦੀ ਰਚਨਾ ਤੇ ਸਿਰਮੌਰ ਨਿਰਦੇਸ਼ਕ ਕੇਵਲ ਧਾਲੀਵਾਲ ਵੱਲੋਂ ਨਿਰਦੇਸ਼ਤ ਨਾਟਕ ‘ਪੁਲਸਿਰਾਤ, 1947 ਵਿਚ ਮੁਲਕ ਦੀ ਹਿਰਦੇਵੇਦਕ ਵੰਡ, 1984 ਦੇ ਖੂਨੀ ਸਾਕੇ, ਨਿਹੱਕੀਆਂ ਜੰਗਾਂ, ਫ਼ਿਰਕੂ ਫਾਸੀ ਹੱਲਿਆਂ ਵਿਚ ਸਾੜੀ, ਲੁੱਟੀ-ਪੁੱਟੀ ਜਾਣ ਵਾਲੀ ਔਰਤ ਦੀ ਕਾਲਜੇ ਰੁੱਗ ਭਰਦੀ ਦਾਸਤਾਨ ਦੇਖ ਕੇ ਹਰ ਦਰਸ਼ਕ ਦੀ ਅੱਖ ਵਿਚ ਅੱਗ ਦੇ ਹੰਝੂ ਸਵਾਲੀਆ ਚਿੰਨ੍ਹ ਬਣ-ਬਣ ਧਰਤੀ ‘ਤੇ ਡਿੱਗੇ। ਅਮੋਲਕ ਸਿੰਘ ਦੀ ਕਲਮ ਤੋਂ ਲਿਖਿਆ ਸੰਗੀਤ ਨਾਟ ‘ਸ਼ਹੀਦੀ ਖੂਹ ਦੀ ਆਵਾਜ਼’ ਚੇਤਨਾ ਕਲਾ ਕੇਂਦਰ ਬਰਨਾਲਾ ਦੀ ਟੀਮ ਨੇ ਹਰਵਿੰਦਰ ਦੀਵਾਨਾ ਦੀ ਨਿਰਦੇਸ਼ਨਾ ਵਿਚ ਅਜਿਹੇ ਪ੍ਰਭਾਵਸ਼ਾਲੀ ਅੰਦਾਜ਼ ਵਿਚ ਪੇਸ਼ ਕੀਤਾ ਕਿ 1857 ਦੇ ਬਾਗ਼ੀ ਫੌਜੀਆਂ ਦੀ ਕਹਾਣੀ ਪੇਸ਼ ਕਰਨ ਤੇ ਧਰਮ ਦੇ ਅਜੋਕੇ ਠੇਕੇਦਾਰਾਂ ਦੀ ਫ਼ਿਰਕੂ ਸੋਚ ਨੂੰ ਲੰਗਾਰ ਕਰਨ ਵਿਚ ਸਫ਼ਲ ਰਿਹਾ। ਇਸ ਦੌਰਾਨ ਪ੍ਰਸਿੱਧ ਨਾਟਕ ਨਾਟਕ ‘ਮਾਂ’ ਖੇਡਿਆ ਗਿਆ, ਜਿਹੜਾ ਇਕ ਮਾਂ ਦੇ ਵਿਚਾਰਾਂ ਵਿਚ ਆਈ ਕ੍ਰਾਂਤੀਕਾਰੀ ਤਬਦੀਲੀ ਦਾ ਚਿੰਨ੍ਹ ਹੈ, ਜੋ ਆਪਣੇ ਪੁੱਤ ਪਵੇਲ ਤੇ ਸਾਥੀਆਂ ਦੀ ਸੰਗਰਾਮੀ ਜੀਵਨੀ ਵਿਚੋਂ ਇਨਕਲਾਬ ਦੀ ਮਸ਼ਾਲ ਉਠਾਉਣ ਦਾ ਅਹਿਦ ਕਰਦੀ ਹੈ। ਮੰਗਤ ਰਾਮ ਪਾਸਲਾ, ਜਗਰੂਪ ਤੇ ਮੀਤ ਪ੍ਰਧਾਨ ਅਜਮੇਰ ਸਿੰਘ ਨੇ ਵਿਚਾਰ ਪੇਸ਼ ਕਰਦਿਆਂ ਜ਼ੋਰ ਦਿੱਤਾ ਕਿ ਅਜੋਕੇ ਸਮੇਂ ਦੀਆਂ ਲੋਕ-ਸਮੱਸਿਆਵਾਂ ਦੀ ਨਬਜ਼ ਫੜ ਕੇ, ਸਮਾਜ ਨੂੰ ਚਿੰਬੜੀ ਮਰਜ਼ ਦਾ ਇਲਾਜ ਕਰਨਾ ਹੀ ਕਾਮਾਗਾਟਾ ਮਾਰੂ ਦੀ 100ਵੀਂ ਵਰ੍ਹੇ ਗੰਢ ਦੀ ਸਫ਼ਲਤਾ ਦਾ ਪ੍ਰਮਾਣ ਹੈ।
ਡਾæ ਸਾਹਿਬ ਸਿੰਘ ਦੀ ਰਚਨਾ ਉਨ੍ਹਾਂ ਦੀ ਹੀ ਨਿਰਦੇਸ਼ਨਾ ਵਿਚ ‘ਆ ਗਲਵੱਕੜੀ ਪਾ ਸੱਜਣਾ’ ਨੇ ਕਿਰਤੀਆਂ, ਕਿਸਾਨਾਂ, ਬੁੱਧੀਜੀਵੀਆਂ ਤੇ ਘਰਾਂ ਦੀਆਂ ਮਜਬੂਰੀਆਂ ਮਾਰੇ ਮਜਬੂਰੀਵੱਸ ਪੁਲਿਸ ਵਿਚ ਭਰਤੀ ਹੋਏ ਮੁਲਾਜ਼ਮਾਂ ਅੰਦਰ ਉੱਠ ਰਹੀ ਆਪੋ ਵਿਚ ਗਲਵੱਕੜੀ ਪਾ ਕੇ ਨਵੀਂ ਗ਼ਦਰੀ ਕਵਿਤਾ ਲਿਖਣ ਦੀ ਤਾਂਘ ਦਾ ਬਾਖ਼ੂਬੀ ਚਿਤਰਣ ਕੀਤਾ। ਨੱਕੋ-ਨੱਕ ਭਰੇ ਸ਼ਹੀਦ ਭਗਤ ਸਿੰਘ ਸਟੇਡੀਅਮ ਨੇ ਦੋਵੇਂ ਹੱਥ ਖੜ੍ਹੇ ਕਰਕੇ ਮਤਿਆਂ ਨੂੰ ਪ੍ਰਵਾਨਗੀ ਦਿੱਤੀ। ਮਤਿਆਂ ਵਿਚ ਮੰਗ ਕੀਤੀ ਗਈ ਕਿ ਅਜਨਾਲੇ ਦੇ ਸ਼ਹੀਦੀ ਖੂਹ ‘ਤੇ ਯਾਦਗਾਰ ਬਣਾਈ ਜਾਵੇ, ਸ਼ਹੀਦਾਂ ਦੀ ਸੂਚੀ ਹਾਸਲ ਕੀਤੀ ਜਾਵੇ, ਸ਼ਹੀਦੀ ਯਾਦਗਾਰ ਨੂੰ ਜਾਂਦਾ ਰਾਹ ਚੌੜਾ ਕੀਤਾ ਜਾਵੇ, ਅਸਥੀਆਂ ਦੀ ਸਨਮਾਨਯੋਗ ਢੰਗ ਨਾਲ ਸਾਂਭ-ਸੰਭਾਲ ਕੀਤੀ ਜਾਏ। ਦੂਜੇ ਮਤੇ ਵਿਚ ਮੰਗ ਕੀਤੀ ਗਈ ਕਿ ਕਾਮਾਗਾਟਾਮਾਰੂ ਸਾਕੇ ਦੇ ਮਹਾਂ ਨਾਇਕ ਤੇ ਗ਼ਦਰ ਪਾਰਟੀ ਦੀ ਨਾਮਵਰ ਹਸਤੀ ਬਾਬਾ ਗੁਰਮੁੱਖ ਸਿੰਘ ਲਲਤੋਂ ਦੇ ਬੁੱਤ ਦੀ ਤਿੰਨ ਵਾਰ ਭੰਨ-ਤੋੜ ਕਰਕੇ ਬੇਅਦਬੀ ਕਰਨ ਵਾਲੇ ਸਮਾਜ-ਵਿਰੋਧੀ ਤੱਤਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ। ਤੀਜੇ ਮਤੇ ਵਿਚ ਕਿਹਾ ਗਿਆ ਕਿ ਸ਼ਹੀਦ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀ ਫ਼ਿਰੋਜ਼ਪੁਰ ਸ਼ਹਿਰ ਦੀ ਜਿਸ ਇਮਾਰਤ ਵਿਚ ਮੀਟਿੰਗਾਂ ਕਰਿਆ ਕਰਦੇ ਸਨ, ਦੀ ਸ਼ਨਾਖ਼ਤ ਹੋ ਗਈ ਹੈ, ਉਸ ਥਾਂ ਨੂੰ ਤੁਰੰਤ ਯਾਦਗਾਰ ਬਣਾਇਆ ਜਾਵੇ।
ਸ਼ਹੀਦ ਭਗਤ ਸਿੰਘ ਸਟੇਡੀਅਮ ਵਿਚ ਹੋਏ ਸਮਾਗਮ ਮੌਕੇ ਕਮੇਟੀ ਦੇ ਪ੍ਰਧਾਨ ਦਰਬਾਰਾ ਸਿੰਘ ਢਿੱਲੋਂ ਨੇ ਕਿਹਾ ਕਿ ਗ਼ਦਰੀ ਇਤਿਹਾਸ ਦੀਆਂ ਪੈੜਾਂ ਅਮਿੱਟ ਹਨ। ਅਜੋਕੇ ਸਮੇਂ ਅੰਦਰ ਉਨ੍ਹਾਂ ਦੀ ਕਰਨੀ ਸਾਡਾ ਰਾਹ ਦਸੇਰਾ ਹੈ। ਦਰਜਨ ਤੋਂ ਵੱਧ ਕਾਮਾਗਾਟਾਮਾਰੂ ਸਾਕੇ ਦੇ ਪਰਿਵਾਰਾਂ, ਵਾਰਸਾਂ, ਨਗਰਾਂ ਦਾ ਗ਼ਦਰੀ ਮੇਲੇ ਵਿਚ ਸਨਮਾਨ ਕੀਤਾ ਗਿਆ, ਜਿਨ੍ਹਾਂ ਵਿਚ ਬਾਬਾ ਗੁਰਦਿੱਤ ਸਿੰਘ ਸਰਹਾਲੀ, ਕੋਟ ਦਾਤਾ, ਦਦੇਹਰ ਸਾਹਿਬ, ਛੱਜਲਵੱਢੀ, ਲਲਤੋਂ, ਮੂਮ, ਅੱਚਰਵਾਲ, ਰਾਏਪੁਰ ਡੱਬਾ, ਖੁਰਦਪੁਰ, ਢੱਡਾ, ਕੋਟ ਫਤੂਹੀ ਤੇ ਰੰਧਾਵਾ ਮਸੰਦਾਂ ਦੇ ਕਾਮਾਗਾਟਾਮਾਰੂ ਦੇ ਸ਼ਹੀਦਾਂ/ਮੁਸਾਫ਼ਰਾਂ ਦੇ ਪਰਿਵਾਰਾਂ, ਉਨ੍ਹਾਂ ਦੇ ਵਾਰਸਾਂ, ਯਾਦਗਾਰ ਕਮੇਟੀਆਂ, ਸਰਪੰਚਾਂ ਦਾ ਨਿੱਘਾ ਸਨਮਾਨ ਕੀਤਾ ਗਿਆ।
_______________________________________________
ਸਾਹਿਤ ਪ੍ਰੇਮੀਆਂ ਨੇ ਵਿਖਾਇਆ ਉਤਸ਼ਾਹ
ਗ਼ਦਰੀ ਬਾਬਿਆਂ ਦੇ ਤਿੰਨ ਰੋਜ਼ਾ ਮੇਲੇ ਵਿਚ 92 ਬੁੱਕ ਸਟਾਲਾਂ ਲੱਗੀਆਂ, ਜਿਨ੍ਹਾਂ ਨੇ 12 ਲੱਖ ਦੀਆਂ ਪੁਸਤਕਾਂ ਵੇਚੀਆਂ। ਪੰਜਾਬ ਤੋਂ ਬਾਹਰੋਂ ਦਾਨਿਸ਼ ਪਬਲੀਕੇਸ਼ਨ ਦਿੱਲੀ, ਸੇਤੂ ਪ੍ਰਕਾਸ਼ਨ ਦਿੱਲੀ, ਇਕਲੱਵਿਆ ਜੰਮੂ, ਆਕਾਰ ਪ੍ਰਕਾਸ਼ਨ ਪੰਚਕੂਲਾ, ਮਾਰਕਸਿਸਟ ਪ੍ਰਕਾਸ਼ਨ ਵਿਜੈਵਾੜਾ ਤੋਂ ਇਲਾਵਾ ਦੇਸ਼ ਭਗਤ ਪ੍ਰਕਾਸ਼ਨ ਤੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਦੇਸ਼ ਭਗਤ ਪ੍ਰਕਾਸ਼ਨ ਵੱਲੋਂ ਦੋ ਨਵੀਆਂ ਪੁਸਤਕਾਂ ਗ਼ਦਰੀ ਬਾਬਾ ਜਵਾਲਾ ਸਿੰਘ ਜੀਵਨ ਤੇ ਲਿਖਤਾਂ (ਲੇਖਕ: ਚਰੰਜੀ ਲਾਲ ਕੰਗਣੀਵਾਲ), ਝੰਡੇ ਦੇ ਗੀਤ (ਲੇਖਕ: ਅਮੋਲਕ ਸਿੰਘ) ਦੀਆਂ ਪੁਸਤਕਾਂ ਦੇ ਨਵੇਂ ਟਾਈਟਲ ਵੀ ਰਿਲੀਜ਼ ਕੀਤੇ ਗਏ। 23 ਵਰ੍ਹਿਆਂ ਦੀ ਭਰ ਜਵਾਨੀ ਵਿਚ ਪੁੱਜਿਆ ਮੇਲਾ ਗ਼ਦਰੀ ਬਾਬਿਆਂ ਦਾ ਵੇਖਣ ਲਈ ਮਾਲਵਾ, ਦੁਆਬਾ ਤੇ ਮਾਝਾ ਤਿੰਨਾਂ ਖੇਤਰਾਂ ਵਿਚੋਂ ਖੱਬੇ-ਪੱਖੀ ਸੋਚ ਨਾਲ ਜੁੜੇ ਲੋਕ ਵੱਡੀ ਗਿਣਤੀ ਵਿਚ ਪੁੱਜੇ। ਵਿਲੱਖਣ ਗੱਲ ਇਹ ਸੀ ਕਿ ਮੇਲੇ ਵਿਚ ਔਰਤਾਂ ਤੇ ਬੱਚਿਆਂ ਦੀ ਸ਼ਿਰਕਤ ਵੀ ਘੱਟ ਨਹੀਂ ਸੀ। ਮਾਨਸਾ ਤੋਂ ਆਏ ਇਨਕਲਾਬੀ ਲਹਿਰ ਨਾਲ ਜੁੜੇ ਰਹੇ ਵਰਕਰਾਂ ਦਾ ਕਹਿਣਾ ਸੀ ਕਿ ਉਹ ਤਾਂ ਸਾਰਾ ਸਾਲ ਇਸ ਮੇਲੇ ਨੂੰ ਇੰਝ ਉਡੀਕਦੇ ਹਨ ਜਿਵੇਂ ਮਲਵਈ ਵਿਸਾਖੀ ਦੇ ਮੇਲੇ ਜਾਣ ਲਈ ਪੱਬਾਂ ਭਾਰ ਹੋਏ ਰਹਿੰਦੇ ਹਨ।

Be the first to comment

Leave a Reply

Your email address will not be published.