ਯੂਬਾ ਸਿਟੀ ਵਿਚ ਸਿੱਖ ਮਿਸ਼ਨ ਕੇਂਦਰ ਦਾ ਨੀਂਹ ਪੱਥਰ ਰੱਖਿਆ

ਯੂਬਾ ਸਿਟੀ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਮਰੀਕਾ ਦੇ ਸ਼ਹਿਰ ਯੂਬਾ ਸਿਟੀ ਵਿਚ ਸਿੱਖ ਮਿਸ਼ਨ ਕੇਂਦਰ ਸਥਾਪਤ ਕਰਨ ਲਈ ਇਮਾਰਤ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਇਹ ਕੌਮਾਂਤਰੀ ਸਿੱਖ ਕੇਂਦਰ ਅਮਰੀਕਾ ਤੇ ਕੈਨੇਡਾ ਵਿਚ ਵੱਸਦੇ ਸਿੱਖ ਭਾਈਚਾਰੇ ‘ਤੇ ਹੁੰਦੇ ਨਸਲੀ ਹਮਲਿਆਂ ਨੂੰ ਰੋਕਣ ਲਈ ਸਿੱਖ ਪਛਾਣ ਦਾ ਘੇਰਾ ਵਧਾਉਣ ਵਿਚ ਲਾਹੇਵੰਦ ਸਾਬਤ ਹੋਵੇਗਾ। ਇਸ ਦਾ ਨੀਂਹ ਪੱਥਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਵੱਲੋਂ ਰੱਖਿਆ ਗਿਆ।
ਸ਼੍ਰੋਮਣੀ ਕਮੇਟੀ ਦੇ ਸਮੂਹ ਬੁਲਾਰੇ ਤੇ ਵਧੀਕ ਸਕੱਤਰ ਦਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਇਸ ਕੇਂਦਰ ਦੀ ਸਥਾਪਤੀ ਨਾਲ ਵਿਦੇਸ਼ ਵਿਚ ਪਹਿਲਾਂ ਸਿੱਖ ਮਿਸ਼ਨ ਕੇਂਦਰ ਸਥਾਪਤ ਹੋਵੇਗਾ, ਜਿਸ ਰਾਹੀਂ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਵਿਚ ਵਾਧਾ ਹੋਵੇਗਾ। ਇਸ ਕੇਂਦਰ ਵਿਚ ਗੁਰੂ ਗ੍ਰੰਥ ਸਾਹਿਬ ਭਵਨ ਵੀ ਸਥਾਪਤ ਹੋਵੇਗਾ, ਜਿਥੋਂ ਅਮਰੀਕਾ ਤੇ ਕੈਨੇਡਾ ਦੋਵਾਂ ਮੁਲਕਾਂ ਦੇ ਗੁਰੂ ਘਰਾਂ ਤੇ ਸਿੱਖ ਸੰਗਤ ਨੂੰ ਸੜਕ ਮਾਰਗ ਰਾਹੀਂ ਅਦਬ ਸਤਿਕਾਰ ਨਾਲ ਪਾਵਨ ਸਰੂਪ ਤੇ ਹੋਰ ਗੁਰਮਤਿ ਸਾਹਿਤ ਭੇਟ ਕੀਤਾ ਜਾਵੇਗਾ। ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਭਾਰਤ ਵਾਂਗ ਹੁਣ ਵਿਦੇਸ਼ ਵਿਚ ਵੀ ਸਿੱਖ ਸੰਗਤ ਦੇ ਘਰਾਂ ਤੱਕ ਪਾਵਨ ਸਰੂਪ ਅਦਬ ਤੇ ਸਤਿਕਾਰ ਨਾਲ ਪਹੁੰਚਾਏ ਜਾਣਗੇ। ਇਸ ਕੇਂਦਰ ਵਿਚ ਗੁਰਮਤਿ ਗਿਆਨ ਮੁਹੱਈਆ ਕਰਨ ਲਈ ਪਾਠ ਬੋਧ ਸਮਾਗਮ ਤੇ ਸੈਮੀਨਾਰ ਵੀ ਕਰਵਾਏ ਜਾਣਗੇ।
ਵਿਦੇਸ਼ ਰਹਿੰਦੇ ਪੰਜਾਬੀਆਂ ਦੇ ਬੱਚਿਆਂ, ਜੋ ਪੰਜਾਬੀ ਪੜ੍ਹਣ ਲਿਖਣ ਤੋਂ ਅਸਮਰਥ ਹਨ, ਨੂੰ ਪੰਜਾਬੀ ਪੜ੍ਹਾਉਣ ਤੇ ਗੁਰਮੁਖੀ ਦਾ ਗਿਆਨ ਦੇਣ ਲਈ ਐਤਵਾਰ ਨੂੰ ਕਲਾਸਾਂ ਦਾ ਪ੍ਰਬੰਧ ਕੀਤਾ ਜਾਵੇਗਾ। ਜਿਨ੍ਹਾਂ ਥਾਵਾਂ ‘ਤੇ ਇਹ ਕਲਾਸਾਂ ਚੱਲ ਰਹੀਆਂ ਹਨ, ਉਨ੍ਹਾਂ ਨੂੰ ਸਮਰਥਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਗਲੇਰੀ ਪੀੜ੍ਹੀ ਨੂੰ ਸਿੱਖ ਧਰਮ ਨਾਲ ਜੋੜਣ ਲਈ ਗੁਰਮੁਖੀ ਦਾ ਗਿਆਨ ਜ਼ਰੂਰੀ ਹੈ। ਅਜਿਹੇ ਬੱਚਿਆਂ ਨੂੰ ਪੰਜਾਬੀ ਸਿਖਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣਗੇ। ਇਸ ਤੋਂ ਇਲਾਵਾ ਆਨਲਾਈਨ ਗੁਰਮਤਿ ਕੋਰਸ ਚਲਾਏ ਜਾਣਗੇ, ਜਿਸ ਦਾ ਸਿਲੇਬਸ ਸ਼੍ਰੋਮਣੀ ਕਮੇਟੀ ਵੱਲੋਂ ਤੈਅ ਕੀਤਾ ਜਾਵੇਗਾ। ਇਸੇ ਤਰ੍ਹਾਂ ਗ੍ਰੰਥੀਆਂ, ਰਾਗੀ ਸਿੰਘਾਂ, ਕਥਾਵਾਚਕਾਂ ਤੇ ਪ੍ਰਚਾਰਕਾਂ ਲਈ ਗੁਰਮਤਿ ਵਿਦਿਆਲਿਆ ਵੀ ਸਥਾਪਤ ਕੀਤਾ ਜਾਵੇਗਾ। ਇਥੋਂ ਸਿੱਖਿਆ ਪ੍ਰਾਪਤ ਕਰਨ ਵਾਲਿਆਂ ਨੂੰ ਸ਼੍ਰੋਮਣੀ ਕਮੇਟੀ ਪ੍ਰਮਾਣ ਪੱਤਰ ਜਾਰੀ ਕਰੇਗੀ। ਉਨ੍ਹਾਂ ਆਖਿਆ ਕਿ ਵਿਦੇਸ਼ਾਂ ਵਿਚ ਵਸਦੇ ਪੰਜਾਬੀ ਪਰਿਵਾਰਾਂ ਦੇ ਬੱਚਿਆਂ ਨਾਲ ਸਬੰਧਤ ਸਮੱਸਿਆਵਾਂ ਚਿੰਤਾ ਦਾ ਮੁੱਦਾ ਹਨ ਤੇ ਸਮਾਂ ਮੰਗ ਕਰਦਾ ਹੈ ਕਿ ਇਨ੍ਹਾਂ ਬੱਚਿਆਂ ਨੂੰ ਵਿਰਸੇ ਨਾਲ ਜੋੜਣ ਲਈ ਉਪਰਾਲੇ ਲਾਜ਼ਮੀ ਹਨ।
____________________________________
ਸ਼੍ਰੋਮਣੀ ਕਮੇਟੀ ਅਮਰੀਕਾ ਵਿਚ ਉਸਾਰੇਗੀ ਗੁਰੂ ਗ੍ਰੰਥ ਸਾਹਿਬ ਭਵਨ
ਅੰਮ੍ਰਿਤਸਰ: ਸ਼੍ਰੋਮਣੀ ਕਮੇਟੀ ਵੱਲੋਂ ਅਮਰੀਕਾ ਵਿਚ ਸਥਾਪਤ ਕੀਤੇ ਜਾ ਰਹੇ ਸਿੱਖ ਮਿਸ਼ਨ ਕੇਂਦਰ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਸਥਾਪਤ ਕੀਤਾ ਜਾਵੇਗਾ, ਜਿਥੋਂ ਅਮਰੀਕਾ ਤੇ ਕੈਨੇਡਾ ਵਿਚ ਸੜਕ ਮਾਰਗ ਰਾਹੀਂ ਸਿੱਖ ਸੰਗਤ ਤੇ ਗੁਰੂ ਘਰਾਂ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਅਦਬ ਸਤਿਕਾਰ ਨਾਲ ਭੇਜੇ ਜਾਣਗੇ। ਅਮਰੀਕਾ ਤੇ ਕੈਨੇਡਾ ਦੀ ਸਿੱਖ ਸੰਗਤ ਦੀ ਮੰਗ ਅਨੁਸਾਰ ਉਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵੀ ਬਣਾਇਆ ਜਾਵੇਗਾ, ਜਿਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ, ਗੁਰਮਤਿ ਸਾਹਿਤ, ਗੁਟਕੇ, ਪੋਥੀਆਂ, ਸੈਂਚੀਆਂ ਆਦਿ ਰੱਖੇ ਜਾਣਗੇ। ਦੱਸਣਯੋਗ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਅਮਰੀਕਾ ਵਿਚ ਪਾਵਨ ਸਰੂਪਾਂ ਦੀ ਪ੍ਰਕਾਸ਼ਨਾ ਲਈ ਪ੍ਰਿੰਟਿੰਗ ਮਸ਼ੀਨ ਸਥਾਪਤ ਕਰਨ ਦੀ ਵੀ ਯੋਜਨਾ ਹੈ ਪਰ ਫਿਲਹਾਲ ਇਸ ਯੋਜਨਾ ਨੂੰ ਅੱਗੇ ਪਾ ਦਿੱਤਾ ਗਿਆ ਹੈ ਤੇ ਹਾਲ ਦੀ ਘੜੀ ਪਾਵਨ ਸਰੂਪ ਤੇ ਹੋਰ ਸਭ ਕੁਝ ਭਾਰਤ ਤੋਂ ਹੀ ਭੇਜਣ ਦੀ ਯੋਜਨਾ ਹੈ।

Be the first to comment

Leave a Reply

Your email address will not be published.