ਕਬੱਡੀ…ਹੱਟ ਕਬੱਡੀ

ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਇਕ ਵਾਰ ਫਿਰ ਵਿਸ਼ਵ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ। ਅਜਿਹੇ ਕੱਪਾਂ ਨਾਲ ਕਬੱਡੀ ਅਤੇ ਕਬੱਡੀ ਖਿਡਾਰੀਆਂ ਨੂੰ ਬਿਨਾਂ ਸ਼ੱਕ ਤਕੜਾ ਹੁਲਾਰਾ ਮਿਲਦਾ ਹੈ ਪਰ ਇਸ ਕੱਪ ਪਿੱਛੇ ਲੁਕੀ ਸਿਆਸਤ ਵੀ ਸਭ ਅੱਗੇ ਜ਼ਾਹਿਰ ਹੋ ਗਈ ਹੈ। ਅਸਲ ਵਿਚ ਖੇਡ ਨੂੰ ਅਜੇ ਵੀ ਖੇਡ ਭਾਵਨਾ ਨਾਲ ਨਹੀਂ, ਸਿਆਸਤ ਨਾਲ ਜੋੜ ਕੇ ਦੇਖਿਆ ਰਿਹਾ ਹੈ। ਇਸੇ ਕਰ ਕੇ ਇਸ ਦਾ ਫਾਇਦਾ ਸਿਆਸਤਦਾਨਾਂ ਨੂੰ ਤਾਂ ਭਾਵੇਂ ਬਥੇਰਾ ਹੁੰਦਾ ਹੈ ਪਰ ਖੇਡ ਉਥੇ ਦੀ ਉਥੇ ਹੀ ਰਹਿ ਜਾਂਦੀ ਹੈ। ਅਸੀਂ ਆਪਣੇ ਪਾਠਕਾਂ ਨਾਲ ਇਸੇ ਨੁਕਤੇ ਤੋਂ ਇਸ ਕੱਪ ਬਾਰੇ ਜਾਣਕਾਰੀ ਸਾਂਝੀ ਕਰ ਰਹੇ ਹਾਂ।

ਤੀਜਾ ਵਿਸ਼ਵ ਕਬੱਡੀ ਕੱਪ ਧੂਮ-ਧੜੱਕੇ ਨਾਲ ਸ਼ੁਰੂ
ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਪੰਜਾਬ ਸਰਕਾਰ ਵੱਲੋਂ ਤੀਜਾ ਵਿਸ਼ਵ ਕਬੱਡੀ ਕੱਪ ਧੂਮ-ਧੜੱਕੇ ਨਾਲ ਆਰੰਭ ਹੋ ਗਿਆ। ਉਂਜ, ਇਸ ਕੱਪ ਦਾ ਵਿਵਾਦਾਂ ਦਾ ਗੂੜ੍ਹਾ ਰਿਸ਼ਤਾ ਹੈ। ਤੀਜੇ ਵਿਸ਼ਵ ਕਬੱਡੀ ਕੱਪ ਦਾ ਉਦਘਾਟਨ ਵੀ ਵਿਵਾਦਾਂ ਵਿਚ ਘਿਰ ਗਿਆ ਤੇ ਇਸ ਬਾਰੇ ਆਮ ਲੋਕਾਂ ਵਿਚ ਇਹੋ ਚਰਚਾ ਪਾਈ ਜਾ ਰਹੀ ਹੈ ਕਿ ਪੰਜਾਬ ਸਰਕਾਰ ਨੇ ਦੇਸ਼ ਦੇ ਪਹਿਲੇ ਪੰਜਾਬੀ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਦਾ ਸਿਵਾ ਠੰਢਾ ਹੋਣ ਦਾ ਵੀ ਇੰਤਜ਼ਾਰ ਨਹੀਂ ਕੀਤਾ ਤੇ ਕੌਮੀ ਤੇ ਸੂਬਾਈ ਸੋਗ ਦੇ ਬਾਵਜੂਦ ਕਬੱਡੀ ਕੱਪ ਲੋਕਾਂ ਦੇ ਹਿਰਦੇ ਵਾਲੂੰਧਰਦਾ Ḕਸ਼ਾਨੋ ਸ਼ੌਕਤ’ ਨਾਲ ਸ਼ੁਰੂ ਕਰਵਾ ਦਿੱਤਾ।
ਪਹਿਲਾ ਵਿਸ਼ਵ ਕਬੱਡੀ ਕੱਪ ਉਦੋਂ ਕਰਵਾਇਆ ਗਿਆ ਜਦੋਂ ਸਿੱਖ ਕੌਮ ਦਿੱਲੀ ਵਿਚ ਹੋਈ ਸਿੱਖ ਨਸਲਕੁਸ਼ੀ ਦੀ ਬਰਸੀ ਮਨਾ ਰਹੀ ਸੀ। ਦੂਜਾ ਵਿਸ਼ਵ ਕਬੱਡੀ ਕੱਪ ਡੋਪ ਦੇ ਢੰਗ ਦੀ ਭੇਟ ਚੜ੍ਹ ਗਿਆ। ਬਹੁਤ ਸਾਰੇ ਖਿਡਾਰੀ ਡੋਪ ਟੈਸਟ ਦੌਰਾਨ ਵਰਜਤ ਦਵਾਈਆਂ ਲੈਂਦੇ ਪਾਏ ਗਏ ਸਨ। ਨਸ਼ਿਆਂ ਵਿਰੁੱਧ ਛੇੜੀ ਗਈ ਮੁਹਿੰਮ ਦੀ ਫੂਕ ਡੋਪ ਟੈਸਟ ਨੇ ਹੀ ਕੱਢ ਕੇ ਰੱਖ ਦਿੱਤੀ ਸੀ।
ਜ਼ਿਕਰਯੋਗ ਹੈ ਕਿ ਸ੍ਰੀ ਗੁਜਰਾਲ ਦੀ ਮੌਤ ‘ਤੇ ਪੰਜਾਬ ਵਿਚ ਸੋਗ ਦਾ ਐਲਾਨ ਕਰਨ ਦੇ ਬਾਵਜੂਦ ਬਠਿੰਡਾ ਦੇ ਖੇਡ ਸਟੇਡੀਅਮ ਵਿਚ ਪਹਿਲੀ ਦਸੰਬਰ ਨੂੰ ਤੀਜੇ ਵਿਸ਼ਵ ਕਬੱਡੀ ਕੱਪ ਦਾ ਆਗ਼ਾਜ਼ ਧੂਮ-ਧੜੱਕੇ ਨਾਲ ਹੋਇਆ। ਵਿਸ਼ਵ ਇਸ ਮੌਕੇ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨੇ ਚੰਗਾ ਰੰਗ ਬੰਨ੍ਹਿਆ। ਇਸ ਕੱਪ ਵਿਚ 16 ਪੁਰਸ਼ਾਂ ਤੇ ਸੱਤ ਔਰਤਾਂ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ। ਇਸ ਵਿਚ 18 ਮੁਲਕਾਂ ਦੇ ਖਿਡਾਰੀ ਹਿੱਸਾ ਲੈ ਰਹੇ ਹਨ। ਇਸ ਮੌਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਤੀਜੇ ਵਿਸ਼ਵ ਕਬੱਡੀ ਕੱਪ ਨੂੰ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਇੰਦਰ ਕੁਮਾਰ ਗੁਜਰਾਲ ਨੂੰ ਸਮਰਪਿਤ ਕਰਦਿਆਂ ਕਿਹਾ ਕਿ  ਸਾਬਕਾ ਪ੍ਰਧਾਨ ਮੰਤਰੀ ਨਮਿਤ ਸ਼ੋਕ ਦੇ ਅਰਸੇ ਦੌਰਾਨ ਸਾਰੇ ਪ੍ਰੋਗਰਾਮ ਮੁਲਤਵੀ ਕਰ ਦਿੱਤੇ ਗਏ ਹਨ ਪਰ ਇਹ ਕਬੱਡੀ ਕੱਪ ਕੌਮਾਂਤਰੀ ਈਵੈਂਟ ਹੋਣ ਕਾਰਨ ਮੁਲਤਵੀ ਨਹੀਂ ਕੀਤਾ ਜਾ ਸਕਦਾ ਸੀ। ਵਿਸ਼ਵ ਪ੍ਰਸਿੱਧ ਡੀæਜੇ ਨਿਤਿਨ ਵੱਲੋਂ ਸੁਰਾਂ ਦੀ ਸਰਗਮ ਛੇੜੇ ਜਾਣ ਤੋਂ ਪਹਿਲਾਂ ਸ੍ਰੀ ਗੁਜਰਾਲ ਨੂੰ ਸ਼ਰਧਾਂਜਲੀ ਦੇਣ ਵਜੋਂ ਦੋ ਮਿੰਟ ਦਾ ਮੌਨ ਰੱਖਿਆ ਗਿਆ। ਉਦਘਾਟਨੀ ਸਮਾਗਮ ਬਾਲੀਵੁੱਡ ਸਿਤਾਰਿਆਂ ਅਕਸੈ ਕੁਮਾਰ, ਅਸਿਨ (ਗਜਨੀ ਫੇਮ) ਤੇ ਜਰਮਨੀ ਦੀ ਪ੍ਰਸਿੱਧ ਮਾਡਲ ਕਲਾਉਡੀਆ ਸੀਸੇਲਾ ਵੱਲੋਂ ਉਨ੍ਹਾਂ ਦੀ ਆ ਰਹੀ ਫਿਲਮ Ḕਖਿਲਾੜੀ 786’ ਦੇ ਗੀਤਾਂ ‘ਤੇ ਨ੍ਰਿਤ ਨਾਲ ਆਪਣੀ ਚਰਮ ਸੀਮਾ ‘ਤੇ ਪਹੁੰਚ ਗਿਆ।
ਇਸ ਮੌਕੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪਹਿਲੇ ਵਿਸ਼ਵ ਕਬੱਡੀ ਕੱਪ ਵਿਚ ਨੌਂ ਟੀਮਾਂ ਨੇ ਹਿੱਸਾ ਲਿਆ ਸੀ ਜਦੋਂਕਿ ਇਸ ਵਾਰ 18 ਦੇਸ਼ਾਂ ਤੋਂ 16 ਪੁਰਸ਼ਾਂ ਤੇ ਸੱਤ ਔਰਤਾਂ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ। ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਨੇ ਕਿਹਾ ਕਿ ਕਬੱਡੀ ਨਾ ਕੇਵਲ ਭਾਰਤ ਅੰਦਰ ਬਲਕਿ ਹੋਰ ਏਸ਼ਿਆਈ, ਅਫ਼ਰੀਕੀ ਤੇ ਯੂਰਪੀ ਮੁਲਕਾਂ ਵਿਚ ਵੀ ਬਹੁਤ ਮਕਬੂਲ ਹੋ ਰਹੀ ਹੈ।
________________________________
ਫਿਲਮੀ ਸਿਤਾਰਿਆਂ ਉਤੇ ਪੈਸਾ ਪਾਣੀ ਵਾਂਗ ਵਹਾਇਆ
ਚੰਡੀਗੜ੍ਹ: ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨੂੰ ਤੀਜੇ ਵਿਸ਼ਵ ਕਬੱਡੀ ਕੱਪ ਦੇ ਉਦਘਾਟਨੀ ਸਮਾਰੋਹਾਂ ਵਿਚ 12 ਮਿੰਟ ਦੇ ਪ੍ਰੋਗਰਾਮ ਲਈ ਸਵਾ ਕਰੋੜ ਰੁਪਏ ਦਿੱਤੇ ਗਏ। ਅਕਸ਼ੈ ਕੁਮਾਰ ਦੀ ਹਾਜ਼ਰੀ ਭੀੜ ਨੂੰ ਖਿੱਚਣ ਲਈ ਸੀ ਤੇ ਉਸ ਦਾ ਸਿੱਧੇ ਤੌਰ ‘ਤੇ ਕਬੱਡੀ ਕੱਪ ਨਾਲ ਕੋਈ ਸਬੰਧ ਨਹੀਂ ਸੀ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਸਰਕਾਰ ਕੋਲ ਫੰਡਾਂ ਦੀ ਘਾਟ ਹੋਣ ਕਾਰਨ ਬਹੁਤੇ ਕੰਮ ਉਧਰ ਹੀ ਕਰਵਾਏ ਜਾ ਰਹੇ ਹਨ ਪਰ ਬਾਲੀਵੁੱਡ ਦੇ ਸਿਤਾਰਿਆਂ ਨੂੰ ਪੈਸੇ ਦੇ ਖੁੱਲ੍ਹੇ ਗੱਫੇ ਦਿੱਤੇ ਹਨ।
ਪੰਜਾਬ ਸਰਕਾਰ ਵੱਲੋਂ ਕਬੱਡੀ ਕੱਪ ਦੀ ਚਮਕ ਦਮਕ ਲਈ ਬਾਲੀਵੁੱਡ ਕਲਾਕਾਰਾਂ ‘ਤੇ ਤਕਰੀਬਨ ਚਾਰ ਕਰੋੜ ਰੁਪਏ ਖਰਚੇ ਗਏ। ਰਾਜ ਸਰਕਾਰ ਐਤਕੀਂ ਉਦਘਾਟਨੀ ਤੇ ਸਮਾਪਤੀ ਸਮਾਰੋਹਾਂ ‘ਤੇ ਸਵਾ ਛੇ ਕਰੋੜ ਰੁਪਏ ਖਰਚ ਰਹੀ ਹੈ। ਬਠਿੰਡਾ ਵਿਚ ਪਹਿਲੀ ਦਸੰਬਰ ਨੂੰ ਤੀਜੇ ਵਿਸ਼ਵ ਕਬੱਡੀ ਕੱਪ ਦਾ ਉਦਘਾਟਨ ਹੋਇਆ ਜਿਸ ਵਿਚ ਬਾਲੀਵੁੱਡ ਕਲਾਕਾਰ ਅਕਸ਼ੈ ਕੁਮਾਰ ਤੋਂ ਇਲਾਵਾ ਹੀਰੋਇਨ ਅਸਿਨ ਤੇ ਹਿਮੇਸ਼ ਰੇਸ਼ਮੀਆ ਸ਼ਾਮਲ ਹੋਏ।
ਪੰਜਾਬੀ ਗਾਇਕਾ ਮਿਸ ਪੂਜਾ ਵੀ ਉਦਘਾਟਨੀ ਸਮਾਰੋਹਾਂ ਵਿਚ ਪੁੱਜੀ।
ਪੰਜਾਬ ਸਰਕਾਰ ਵੱਲੋਂ ਤੀਜੇ ਕਬੱਡੀ ਕੱਪ ਦੇ ਉਦਘਾਟਨੀ ਤੇ ਸਮਾਪਤੀ ਸਮਾਰੋਹਾਂ ਦਾ ਜ਼ਿੰਮਾ ਵਿਜ ਕਰਾਫਟ ਕੰਪਨੀ ਨੂੰ ਦਿੱਤਾ ਗਿਆ ਜਿਸ ਨੂੰ 6 ਕਰੋੜ, 15 ਲੱਖ ਰੁਪਏ ਵਿਚ ਇਹ ਕੰਮ ਦਿੱਤਾ ਗਿਆ। ਬਾਲੀਵੁੱਡ ਕਲਾਕਾਰਾਂ ਦਾ ਖਰਚ ਵੀ ਇਸ ਕੰਪਨੀ ਵੱਲੋਂ ਕੀਤਾ ਗਿਆ। ਪਹਿਲੇ ਵਿਸ਼ਵ ਕਬੱਡੀ ਕੱਪ ਦੇ ਉਦਘਾਟਨੀ ਤੇ ਸਮਾਪਤੀ ਸਮਾਰੋਹ ‘ਤੇ ਸਿਰਫ਼ 75 ਲੱਖ ਰੁਪਏ ਖਰਚ ਹੋਏ ਸਨ। ਵਿਜ ਕਰਾਫਟ ਕੰਪਨੀ ਵੱਲੋਂ ਬਾਕੀ ਕਲਾਕਾਰਾਂ ਤੋਂ ਇਲਾਵਾ ਸਟੇਜ, ਲਾਈਟਿੰਗ ਤੇ ਸਾਊਂਡ ਦਾ ਖਰਚਾ ਕੀਤਾ ਗਿਆ। ਖੇਡ ਵਿਭਾਗ ਪੰਜਾਬ ਦੇ ਡਾਇਰੈਕਟਰ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਦੱਸਿਆ ਕਿ ਵਿਜ ਕਰਾਫਟ ਕੰਪਨੀ ਨੂੰ ਉਦਘਾਟਨੀ ਤੇ ਸਮਾਪਤੀ ਸਮਾਰੋਹਾਂ ਦਾ ਕੰਮ ਸਵਾ ਛੇ ਕਰੋੜ ਵਿਚ ਦਿੱਤਾ ਗਿਆ।
ਬਾਲੀਵੁੱਡ ਕਲਾਕਾਰ ਵੀ ਇਸ ਕੰਪਨੀ ਵੱਲੋਂ ਹੀ ਬੁਲਾਏ ਗਏ। ਉਨ੍ਹਾਂ ਦੱਸਿਆ ਕਿ ਵਿਸ਼ਵ ਕਬੱਡੀ ਕੱਪ ਲਈ ਕਾਫ਼ੀ ਸਪਾਂਸਰ ਮਿਲੇ ਹਨ। ਐਤਕੀਂ ਵਿਸ਼ਵ ਕਬੱਡੀ ਕੱਪ ਦਾ ਬਜਟ 20 ਕਰੋੜ ਰੁਪਏ ਰੱਖਿਆ ਗਿਆ। ਦੂਜੇ ਵਿਸ਼ਵ ਕੱਪ ਦਾ ਬਜਟ 17 ਕਰੋੜ ਰੁਪਏ ਸੀ। ਪਹਿਲਾ ਵਿਸ਼ਵ ਕੱਪ ਸਿਰਫ਼ 5 ਕਰੋੜ, 66 ਲੱਖ ਰੁਪਏ ਵਿਚ ਹੀ ਹੋ ਗਿਆ ਸੀ। ਪੰਜਾਬ ਸਰਕਾਰ ਨੇ ਪਹਿਲੇ ਵਿਸ਼ਵ ਕਬੱਡੀ ਕੱਪ ‘ਤੇ ਸਰਕਾਰੀ ਖ਼ਜ਼ਾਨੇ ਵਿਚੋਂ 2 ਕਰੋੜ, 33 ਲੱਖ ਰੁਪਏ ਖਰਚੇ ਸਨ ਜਦੋਂਕਿ 3 ਕਰੋੜ, 32 ਲੱਖ ਰੁਪਏ ਸਪਾਂਸਰਾਂ ਨੇ ਖਰਚੇ ਸਨ। ਦੂਜੇ ਵਿਸ਼ਵ ਕਬੱਡੀ ਕੱਪ ਦੌਰਾਨ ਸਰਕਾਰੀ ਖ਼ਜ਼ਾਨੇ ਵਿਚੋਂ ਸਵਾ ਪੰਜ ਕਰੋੜ ਰੁਪਏ ਖਰਚੇ ਗਏ ਸਨ ਤੇ ਬਾਕੀ ਰਾਸ਼ੀ ਸਪਾਂਸਰਾਂ ਨੇ ਖਰਚੀ ਸੀ।
ਐਤਕੀਂ ਸਰਕਾਰ ਵੱਲੋਂ ਪੰਜ ਕਰੋੜ ਰੁਪਏ ਦਾ ਬਜਟ ਜਾਰੀ ਕੀਤਾ ਗਿਆ ਤੇ ਬਾਕੀ 15 ਕਰੋੜ ਰੁਪਏ ਸਪਾਂਸਰਾਂ ਤੋਂ ਇਕੱਠੇ ਕੀਤੇ ਗਏ। ਰੀਅਲ ਅਸਟੇਟ ਦੇ ਕਾਰੋਬਾਰੀ ਵੀ ਇਨ੍ਹਾਂ ਸਪਾਂਸਰਾਂ ਵਿਚ ਸ਼ਾਮਲ ਹਨ। ਪੰਜਾਬ ਸਰਕਾਰ ਵੱਲੋਂ ਖਿਡਾਰੀਆਂ ਨੂੰ ਦਿੱਤੇ ਜਾਣ ਵਾਲੇ ਇਨਾਮਾਂ ਦਾ ਕੁੱਲ ਬਜਟ ਸਾਢੇ ਛੇ ਕਰੋੜ ਰੁਪਏ ਰੱਖਿਆ ਗਿਆ। ਬਾਲੀਵੁੱਡ ਕਲਾਕਾਰਾਂ ਤੇ ਪਹਿਲੇ ਤਿੰਨ ਸਥਾਨਾਂ ‘ਤੇ ਰਹਿਣ ਵਾਲੀਆਂ ਟੀਮਾਂ ਦਾ ਖਰਚ ਬਰਾਬਰ ਰਹੇਗਾ।

Be the first to comment

Leave a Reply

Your email address will not be published.