-ਚੰਨ
ਫੋਨ: 908-788-8427
ਜਗਤ ਪਿਤਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸੰਸਾਰ ਦੇ ਇਕ ਅਜਿਹੇ ਮਹਾਨ ਅਨੁਭਵੀ, ਸਿਧਾਂਤਕਾਰ, ਦਾਰਸ਼ਨਿਕ, ਰੁਹਾਨੀਅਤ ਦੇ ਅਲੌਕਿਕ ਸਰਬ ਸਮਰਥ ਪੁੰਜ, ਮਹਾਂ ਪੁਰਖ ਹੋਏ ਹਨ ਜਿਨ੍ਹਾਂ ਦੀ ਬਾਣੀ ਵਿਚੋਂ ਮਨੁਖ ਨੂੰ ਜ਼ਿੰਦਗੀ ਦੇ ਹਰ ਪਹਿਲੂ ਮਸਲਨ ਧਾਰਮਿਕ, ਰੁਹਾਨੀਅਤ, ਸਮਾਜਿਕ, ਆਰਥਿਕ, ਇਤਿਹਾਸਕ, ਰਾਜਨੀਤਕ, ਪਰਿਵਾਰਕ ਅਤੇ ਵਿਗਿਆਨਕ ਪਹਿਲੂ ਦੀ ਭਰਪੂਰ ਅਗਵਾਈ ਹਾਸਲ ਹੈ।
ਗੁਰੂ ਸਾਹਿਬ ਵਿਗਿਆਨਕ ਸੂਝ-ਬੂਝ ਅਤੇ ਵਿਚਾਰਧਾਰਾ ਦੇ ਮੁੱਦਈ ਸਨ। ਉਨ੍ਹਾਂ ਨੇ ਕਾਦਰ ਦੀ ਕੁਦਰਤ ਵਿਚ ਲੀਨ ਹੋ ਕੇ ਆਪਣੀ ਤੀਖਣ ਬੁੱਧੀ, ਦਿੱਬ ਦ੍ਰਿਸ਼ਟੀ, ਬਿਬੇਕ, ਇਖਲਾਕੀ ਜੁਅਰਤ, ਆਤਮ ਸੂਝ, ਉਮਰ ਭਰ ਦੇ ਲੰਮੇਰੇ ਸਿਧਾਂਤਕ ਅਨੁਭਵ ਅਤੇ ਤਜਰਬੇ ਰਾਹੀਂ ਕਾਦਰ ਦੀ ਕੁਦਰਤ ਨਾਲ ਇਕਸੁਰਤਾ, ਇਕਸਾਰਤਾ, ਇਕਮਿਕਤਾ ਪ੍ਰਾਪਤ ਕਰਕੇ ਆਪਣੇ ਆਲੇ-ਦੁਆਲੇ ਅਤੇ ਬ੍ਰਹਿਮੰਡ ਵਿਚ ਵਾਪਰ ਰਹੇ ਰਹੱਸਾਤਮਕ ਵਰਤਾਰੇ ਦੀ ਆਪਣੇ ਅੰਤਰੀਵੀ ਗਿਆਨ, ਬਿਬੇਕ ਬੁਧ, ਦੂਰ-ਅੰਦੇਸ਼ੀ ਅਤੇ ਵਿਗਿਆਨਿਕ ਸੋਚ ਦੇ ਆਧਾਰ ‘ਤੇ ਸੰਸਾਰ ਨੂੰ ਕਾਇਨਾਤ ਰਚਨਾ, ਇਸ ਦੇ ਅਸੀਮ ਅਕਾਰ, ਵਿਸਥਾਰ ਅਤੇ ਇਸ ਵਿਚ ਵਾਪਰ, ਵਰਤ ਰਹੇ, ਦਿੱਖ-ਅਦਿੱਖ ਵਰਤਾਰੇ ਬਾਰੇ ਜੋ ਅਣਮੁਲਾ ਗਿਆਨ ਸੰਸਾਰ ਨੂੰ ਦਿੱਤਾ ਹੈ, ਉਹ ਗੁਰੂ ਸਹਿਬ ਨੂੰ ਵਿਗਿਆਨੀਆਂ ਦੇ ਸਿਰਮੌਰ ਵਿਗਿਆਨੀ ਸਾਬਤ ਕਰਦਾ ਹੈ। ਉਨ੍ਹਾਂ ਵਲੋਂ ਦਰਸਾਏ ਗਏ ਟੀਚਿਆਂ ਦੀ ਪ੍ਰਾਪਤੀ ਲਈ ਵਿਗਿਆਨੀਆਂ ਦੀਆਂ ਪੀੜ੍ਹੀ ਦਰ ਪੀੜ੍ਹੀਆਂ ਕੋਸ਼ਿਸ਼ਾਂ ਰਹਿਣਗੀਆਂ। ਉਨ੍ਹਾਂ ਵਲੋਂ ਰਚੀ ਗਈ ਬਾਣੀ ਨੂੰ ਬਿਬੇਕ ਨਾਲ ਧਿਆਨ ਸਹਿਤ ਵਿਗਿਆਨਿਕ ਦ੍ਰਿਸ਼ਟੀ ਕੋਣ ਤੋਂ ਪੜ੍ਹਿਆਂ, ਵਿਚਾਰਿਆਂ ਅਤੇ ਗੁੜ੍ਹਿਆਂ ਇਹ ਤੱਥ ਸਹਿਜੇ ਹੀ ਦ੍ਰਿਸ਼ਟੀ ਗੋਚਰ ਹੁੰਦੇ ਹਨ ਕਿ ਜੋ ਅਣਦਿਸਹੱਦੇ ਸਾਇੰਸ ਅੱਜ ਲੱਭਣ ਅਤੇ ਫਰੋਲਣ ਦੇ ਦਾਅਵੇ ਕਰ ਰਹੀ ਹੈ, ਉਨ੍ਹਾਂ ਤੱਥਾਂ ਦਾ ਸੰਕੇਤ ਅਤੇ ਨਿਤਾਰਾ ਗੁਰੂ ਸਹਿਬ ਨੇ ਅੱਜ ਤੋਂ ਤਕਰੀਬਨ ਪੰਜ ਸੌ ਸਾਲ ਪਹਿਲਾਂ ਹੀ ਆਪਣੀ ਇਲਾਹੀ ਬਾਣੀ ਵਿਚ ਕਰ ਦਿਤਾ ਸੀ।
ਵੀਹਵੀਂ ਸਦੀ ਦੇ ਪਿਛਲੇਰੇ ਅੱਧ ਤੋਂ ਲੈ ਕੇ ਅੱਜ ਤੱਕ ਬ੍ਰਹਿਮੰਡ ਰਚਨਾ ਇਸ ਦੇ ਅਸੀਮ ਅਨੰਤ ਅਕਾਰ ਅਤੇ ਵਿਚਥਾਰ ਬਾਬਤ ਤਜਰਬਿਆਂ ਦੇ ਵੱਖ ਵੱਖ ਪੜਾਵਾਂ ‘ਚੋਂ ਲੰਘਦੀ ਹੋਈ ਸਾਇੰਸ ਇਹ ਵਿਗਿਆਨਕ ਪ੍ਰੋੜਤਾ ਕਰਨ ਵਿਚ ਸਮਰਥ ਹੋ ਗਈ ਹੈ ਕਿ ਇਹ ਜਗਤ ਰਚਨਾ ਇਕ ਅਚਨਚੇਤ ਵੱਡੇ ਧਮਾਕੇ ਯਾਨਿ ਬਿਗ ਬੈਂਗ ਨਾਲ ਹੋਈ ਸੀ। ਇਹ ਵੱਡਾ ਧਮਾਕਾ ਵਿਗਿਆਨੀਆਂ ਮੁਤਾਬਕ ਅੱਜ ਤੋਂ ਕੋਈ 13æ8 ਖਰਬ ਸਾਲ ਪਹਿਲਾਂ ਵਾਪਰਿਆ ਸੀ; ਅਤੇ ਇਸ ਬ੍ਰਹਿਮੰਡ ਦਾ ਅਸੀਮ ਪਸਾਰਾ ਇਕ ਸਕਿੰਟ ਦੇ ਅਤਿ ਹੀ ਸੂਖਮ ਭਾਗ ਵਿਚ ਹੋ ਗਿਆ ਸੀ। ਵਿਗਿਆਨ ਮੰਨਦਾ ਹੈ ਕਿ ਕਾਇਨਾਤ ਦਾ ਇਹ ਅਨੰਤ ਪਾਸਾਰਾ ਵਧਦੀ ਰਫਤਾਰ ਨਾਲ ਅੱਜ ਵੀ ਜਾਰੀ ਹੈ। ਵਿਗਿਆਨੀ ਇਸ ਅਸੀਮ ਅਨੰਤ ਪਸਾਰੇ ਵਿਚ 42 ਲਾਈਟ ਯੀਅਰ ਦੀ ਦੂਰੀ ਤੱਕ ਹੀ ਵੇਖ ਸਕੇ ਹਨ। ਇਕ ਲਾਈਟ ਯੀਅਰ ਵਿਚ ਰੌਸ਼ਨੀ 5æ9 ਟ੍ਰਿਲੀਅਨ ਮੀਲ ਦਾ ਫਾਸਲਾ ਤੈਅ ਕਰ ਜਾਂਦੀ ਹੈ। ਇਹ ਕੋਈ ਬ੍ਰਹਿਮੰਡ ਦੀ ਹੱਦ ਨਹੀਂ ਹੈ। ਇਹ ਇਸ ਤੋਂ ਪਰਾਂ ਅਨੰਤਤਾ ਤੱਕ ਫੈਲਿਆ ਹੋ ਸਕਦਾ ਹੈ।
ਅੱਜ ਅਸੀਂ ਧਰਤੀ ‘ਤੇ ਆਪਣੇ ਆਲੇ-ਦੁਆਲੇ ਅਨੇਕਾਂ ਕਿਸਮਾਂ ਦੇ ਪਸ਼ੂ-ਪੰਛੀ, ਜੀਵ-ਜੰਤੂ, ਨਦੀਆਂ-ਨਾਲੇ, ਪਹਾੜ, ਸਮੁੰਦਰ, ਦਰਖਤ, ਪੌਦੇ ਅਤੇ ਉਪਰ ਅਕਾਸ਼ ਵਿਚ ਚੰਨ, ਸੂਰਜ, ਗ੍ਰਹਿ, ਤਾਰੇ, ਤਾਰਿਆਂ ਦੀਆਂ ਖਿਤੀਆਂ ਭਾਵ ਅਕਾਸ਼ ਗੰਗਾਵਾਂ ਜੋ ਵੀ ਅਸੀਂ ਵੇਖਦੇ ਹਾਂ, ਉਸ ਦਾ ਬੀਜ ਇਸ ਵੱਡੇ ਧਮਾਕੇ ਨਾਲ ਹੀ ਬੀਜਿਆ ਗਿਆ ਸੀ। ਜੋ ਬਾਅਦ ਵਿਚ ਵੱਖ ਵੱਖ ਸਮਿਆਂ ‘ਤੇ ਕੁਦਰਤ ਦਾ ਅਜੂਬਾ ਬਣ ਕੇ ਇਹ ਪਸਾਰਾ ਹੋਂਦ ਵਿਚ ਆਉਂਦਾ ਗਿਆ ਅਤੇ ਅੱਜ ਤੱਕ ਹੋ ਰਿਹਾ ਹੈ। ਬੇਸ਼ਕ ਇਸ ਵਿਚ ਕੋਈ ਸ਼ੱਕ ਨਹੀਂ ਕਿ ਸਾਇੰਸ ਦੀ ਇਹ ਇਕ ਵੱਡੀ ਅਹਿਮ ਪ੍ਰਾਪਤੀ ਹੈ। ਸਾਨੂੰ ਇਸ ‘ਤੇ ਮਾਣ ਹੈ ਅਤੇ ਹੋਣਾ ਵੀ ਚਾਹੀਦਾ ਹੈ। ਪਰ ਸਾਨੂੰ ਸਿੱਖਾਂ ਨੂੰ ਇਹ ਯਾਦ ਨਹੀਂ ਕਿ ਸਾਡੇ ਆਪਣੇ ਰਹਿਬਰ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਨੇ ਅੱਜ ਤੋਂ ਪੰਜ ਸੌ ਸਾਲ ਪਹਿਲਾਂ ਹੀ ਆਪਣੀ ਬਾਣੀ ਵਿਚ ਇਸ ਜਗਤ ਰਚਨਾ, ਇਸ ਦੇ ਅਨੰਤ ਅਕਾਰ ਅਤੇ ਵਿਸਥਾਰ ਬਾਰੇ ਸੰਕੇਤ ਦੇ ਦਿਤਾ ਸੀ। ਗੁਰੂ ਜੀ ਫੁਮਾਉਂਦੇ ਹਨ,
ਕੀਤਾ ਪਸਾਉ ਏਕੋ ਕੁਵਾਉ॥
ਤਿਸ ਤੇ ਹੋਏ ਲਖ ਦਰੀਆਉ॥
(ਜਪੁ ਜੀ ਪਉੜੀ-16)
ਭਾਵ ਉਸ ਅਕਾਲ ਪੁਰਖ ਵਹਿਗੁਰੂ ਦੇ ਇਕ ਹੁਕਮ ਨਾਲ ਹੀ ਅੱਖ ਦੇ ਫੋਰ ਤੋਂ ਵੀ ਪਹਿਲਾਂ ਕਾਇਨਾਤ ਦਾ ਇਹ ਸਾਰਾ ਦਿਸਦਾ ਅਨ-ਦਿਸਦਾ ਅਨੰਤ ਪਸਾਰਾ ਪੱਸਰ ਗਿਆ ਸੀ। ਅੱਜ ਵਿਗਿਆਨ ਵੀ ਇਹੋ ਕਹਿ ਰਹੀ ਹੈ। ਵਿਗਿਆਨੀਆਂ ਨੇ ਸਮੇਂ ਵਿਚ ਪਿਛੇ ਜਾ ਕੇ ਇਹ ਜਾਣਨ ਦੀ ਬਹੁਤ ਕੋਸ਼ਿਸ਼ ਕੀਤੀ ਹੈ ਅਤੇ ਲਗਾਤਾਰ ਕਰ ਰਹੇ ਹਨ ਕਿ ਇਹ ਵੱਡਾ ਚਮਕਾਰਾ ਜਾਂ ਬਿਗ ਬੈਂਗ ਕਿਸ ਪਲ, ਕਿਸ ਘੜੀ ਹੋਇਆ ਸੀ। ਚਮਕਾਰਾ ਹੋਣ ਵਿਚ ਕਿੰਨਾ ਵਕਤ ਲੱਗਾ ਸੀ। ਚਮਕਾਰਾ ਹੋਣ ਤੋਂ ਪਹਿਲਾਂ ਕੀ ਕੁਝ ਮੌਜੂਦ ਸੀ। ਉਸ ਸਮੇਂ ਹਾਲਾਤ ਕਿਹੋ ਜਿਹੇ ਸਨ। ਵਿਗਿਆਨੀਆਂ ਨੂੰ ਇਹ ਸਾਰਾ ਕੁਝ ਜਾਣਨ ਵਿਚ ਹਾਲੇ ਤੱਕ ਕਾਮਯਾਬੀ ਨਸੀਬ ਨਹੀਂ ਹੋ ਰਹੀ। ਹੁਣ ਤੱਕ ਉਹ ਚਮਕਾਰੇ ਯਾਨਿ ਬਿਗ ਬੈਂਗ ਤੋਂ ਤਿੰਨ ਲੱਖ ਅੱਸੀ ਹਜ਼ਾਰ ਸਾਲ ਤੱਕ ਹੀ ਸਮੇਂ ਵਿਚ ਪਿਛੇ ਪਹੁੰਚ ਸਕੇ ਹਨ। ਇਸ ਤੋਂ ਅੱਗੇ ਚਮਕਾਰੇ ਦੇ ਸਹੀ ਵਕਤ ਤੱਕ ਪਹੁੰਚਣ ਦਾ ਕੋਈ ਰਸਤਾ ਨਹੀਂ ਮਿਲ ਰਿਹਾ। ਹੋ ਸਕਦਾ ਏ ਕਦੀ ਮਿਲੇ ਵੀ ਨਾ; ਕਿਉਂਕਿ ਉਸ ਸਹੀ ਵਕਤ ਦੇ ਕਈ ਨਿਸ਼ਾਨ ਮਿਟ ਚੁੱਕੇ ਹਨ ਅਤੇ ਬਾਕੀ ਰਹਿੰਦੇ ਮਿਟਦੇ ਜਾ ਰਹੇ ਹਨ। ਜਿਉਂ ਜਿਉਂ ਇਸ ਬ੍ਰਹਿਮੰਡੀ ਪਸਾਰੇ ਦਾ ਆਕਾਰ ਤੇਜੀ ਨਾਲ ਅਨੰਤ ਸੀਮਾ ਵੱਲ ਫੈਲਦਾ ਜਾ ਰਿਹਾ ਹੈ, ਤਿਉਂ ਤਿਉਂ ਇਸ ਕਾਇਨਾਤ ਵਿਚ ਦਿਸਦੇ ਅਤੇ ਅਣ-ਦਿਸਦੇ ਸਿਤਾਰੇ ਤੇ ਅਕਾਸ਼ ਗੰਗਾਵਾਂ ਤੇ ਹੋਰ ਗ੍ਰਹਿਆਂ ਦਾ ਆਪਸੀ ਫਾਸਲਾ ਵਧ ਰਿਹਾ ਹੈ। ਉਹ ਹੌਲੀ ਹੌਲੀ ਮਨੁਖੀ ਸੋਚ ਤੇ ਪਹੁੰਚ ਤੋਂ ਪਰਾਂ ਜਾ ਰਹੀਆਂ ਹਨ। ਕੋਈ ਸਮਾਂ ਐਸਾ ਵੀ ਆਵੇਗਾ ਜਦੋਂ ਇਹ ਸਾਨੂੰ ਬਿਲਕੁਲ ਨਜ਼ਰ ਨਹੀਂ ਆਉਣਗੀਆਂ। ਇਸ ਤੋਂ ਇਲਾਵਾ ਜਿਵੇਂ ਜਿਵੇਂ ਸਾਡਾ ਇਹ ਬ੍ਰਹਿਮੰਡ ਫੈਲ ਰਿਹਾ ਹੈ, ਉਸੇ ਅਨੁਪਾਤ ਨਾਲ ਇਸ ਵਿਚਲੇ ਮਾਦੇ ਦੀ ਘਨਤਾ ਵੀ ਘਟਦੀ ਜਾ ਰਹੀ ਹੈ। ਵਰਤਮਾਨ ਸਮੇਂ ਵਿਚ ਬ੍ਰਹਿਮੰਡ ਵਿਚ ਆਮ ਮਾਦਾ ਕੁਲ ਊਰਜਾ ਘਨਤਾ ਦਾ 4æ5% ਪ੍ਰਤੀਸ਼ਤ ਹੈ। ਇਸ 4æ5% ਮਾਦੇ ਵਿਚ 4% ਗੈਸ ਹੈ। ਅਤੇ æ5% ਵਿਚ ਸਾਡੀ ਧਰਤੀ, ਸਿਤਾਰੇ, ਅਕਾਸ਼-ਗੰਗਾਵਾਂ ਤੇ ਸਾਰੇ ਗ੍ਰਹਿ ਬਣੇ ਹੋਏ ਹਨ ਜਦਕਿ ਬਾਕੀ ਦੇ ਹਿਸੇ ਵਿਚ 71æ5% ਕਾਲੀ ਊਰਜਾ ਅਤੇ 24% ਕਾਲਾ ਮਾਦਾ ਹੈ। ਇਹ ਕਾਲੀ ਊਰਜਾ ਅਤੇ ਕਾਲੇ ਮਾਦੇ ਦੀ ਪਹਿਚਾਣ ਸਾਇੰਸ ਅਜੇ ਨਹੀਂ ਕਰ ਸਕੀ ਹੈ। ਸਾਇੰਸਦਾਨ ਲਗਾਤਾਰ ਇਨ੍ਹਾਂ ਨੂੰ ਲੱਭਣ ਦੇ ਸਿਰ-ਤੋੜ ਯਤਨ ਕਰ ਰਹੇ ਹਨ। ਇਹ ਵੱਡਾ ਧਮਾਕਾ ਯਾਨਿ ਬਿਗ ਬੈਂਗ, ਜਿਸ ਤੋਂ ਸੰਸਾਰ ਦੀ ਉਤਪਤੀ ਮੰਨੀ ਜਾਂਦੀ ਹੈ, ਦੇ ਬਾਰੇ ਵੀ ਸਾਰੇ ਵਿਗਿਆਨਕ ਇਕ ਮੱਤ ਨਹੀਂ ਹਨ।
ਇਕ ਗਰੁਪ ਦਾ ਵਿਚਾਰ ਹੈ ਕਿ ਜਦੋਂ ਖਰਬਾਂ ਗੁਣਾਂ ਸੂਰਜੀ ਭਾਰ ਵਾਲੇ ਕਿਸੇ ਸਿਤਾਰੇ ਦੇ ਆਪਣੇ ਭਾਰ ਅਤੇ ਵਧਦੀ ਅੰਦਰਮੁਖੀ ਗਰੂਤਾ ਦੇ ਕਾਰਨ ਉਸ ਦੀ ਘਨਤਾ ਇੰਨੀ ਵਧ ਗਈ ਕਿ ਉਹ ਸੰਗੜ ਕੇ ਔਟਮ ਤੋਂ ਵੀ ਖਰਬਾਂ ਗੁਣਾਂ ਛੋਟੇ ਬਿੰਦੂ ਵਿਚ ਬਦਲ ਗਿਆ ਤਾਂ ਅਨੰਤ ਸੀਮਾਂ ਤੱਕ ਪਹੁੰਚੀ ਘਨਤਾ ਦੇ ਪ੍ਰਭਾਵ ਥੱਲੇ ਤਾਪਮਾਨ ਬਹੁਤ ਹੀ ਉਚਾ ਹੋ ਗਿਆ; ਅਤੇ ਅੰਦਰਮੁਖੀ ਗਰੂਤਾ ਬਾਹਰਮੁਖੀ ਹੋ ਗਈ। ਜਿਸ ਨਾਲ ਇਕ ਵੱਡਾ ਧਮਾਕਾ ਹੋਇਆ। ਇਸ ਵੱਡੇ ਧਮਾਕੇ ਦੇ ਹੁੰਦਿਆਂ ਸਾਰ ਹੀ ਨਾਲ ਬ੍ਰਹਿਮੰਡ ਦੀ ਰਚਨਾ ਤੇ ਫੈਲਾਉ ਦਾ ਕਾਰਜ ਸ਼ੁਰੂ ਹੋ ਗਿਆ ਜੋ ਇਕ ਸਕਿੰਟ ਤੋਂ ਵੀ ਘੱਟ ਸਮੇਂ ਅਨੰਤ ਅਕਾਰ ਵਿਚ ਪਸਰ ਗਿਆ ਸੀ।
ਦੂਜੇ ਗਰੁਪ ਦਾ ਵਿਚਾਰ ਹੈ ਕਿ ਜਦੋਂ ਅੰਦਰੂਨੀ ਗਰੂਤਾ ਬੇ-ਅਥਾਹ ਅਨੰਤ ਸੀਮਾਂ ਤੱਕ ਵਧ ਗਈ ਤਾਂ ਪਹਿਲਾਂ ਤੋਂ ਹੀ ਵਿਚਰ ਰਿਹਾ ਬ੍ਰਹਿਮੰਡ ਵਧੀ ਹੋਈ ਅੰਦਰੂਨੀ ਖਿਚ ਕਾਰਨ ਸੁੰਗੜ ਕੇ ਇਕ ਔਟਮ ਦੇ ਕੁਆਡਟਰਿਲ਼ੀਅੰਥ ਅਕਾਰ ਦੇ ਬਿੰਦੂ ਜਿੰਨਾ ਹੋ ਗਿਆ ਤਾਂ ਅਨੰਤ ਸੀਮਾਂ ਤੱਕ ਵਧੀ ਹੋਈ ਘਨਤਾ ਦੇ ਕਾਰਨ ਅੰਦਰਮੁਖੀ ਗਰੂਤਾ ਬਾਹਰ ਮੁਖੀ ਹੋ ਗਈ। ਇਸ ਤਰ੍ਹਾਂ ਪਹਿਲਾਂ ਵਾਲਾ ਸੁੰਗੜਿਆ ਬ੍ਰਹਿਮੰਡ ਫੈਲਣਾ ਸ਼ੁਰੂ ਹੋ ਗਿਆ। ਇਸ ਤਰ੍ਹਾਂ ਇਹ ਇਕ ਪਹਿਲੀ ਹਾਲਤ ਦਾ ਹੀ ਹੂ-ਬ-ਹੂ ਰੂਪ, ਦੂਜੀ ਹਾਲਤ ਵਿਚ ਬਦਲਣਾ ਹੀ ਸੀ। ਭਾਵ ਜਿਵੇਂ ਭੁਕਾਨੇ ਨੂੰ ਪੁਠਾ ਕਰਕੇ ਫੁਲਾ ਦਿਤਾ ਜਾਏ।
ਤੀਜੇ ਗਰੁਪ ਦਾ ਵਿਚਾਰ ਹੈ ਕਿ ਜਗਤ ਰਚਨਾ ਇਸ ਖਿਲਾਅ ਵਿਚ ਪਹਿਲਾਂ ਤੋਂ ਹੀ ਵਿਚਰ ਰਹੇ ਦੋ ਬ੍ਰਹਿਮੰਡਾਂ ਦੀ ਆਪਸ ਵਿਚ ਕਿਸੇ ਨਾ ਟਾਲੇ ਜਾ ਸਕਨ ਵਾਲੇ ਪ੍ਰਭਾਵ ਕਾਰਨ ਹੋਈ ਟੱਕਰ ਦਾ ਹੀ ਨਤੀਜਾ ਸੀ।
ਖੈਰ, ਕੁਝ ਵੀ ਹੋਵੇ ਸਾਇੰਸ ਬ੍ਰਹਿਮੰਡ ਰਚਨਾ ਦੇ ਮੁਢਲੇ ਤੇ ਅਸਲੀ ਕਾਰਨ ਤੱਕ ਪਹੁੰਣ ਵਿਚ ਅਜੇ ਤੱਕ ਅਸਮਰਥ ਸਾਬਤ ਹੋਈ ਹੈ। ਇਹ ਉਪਰਲੇ ਵਿਚਾਰ ਹਾਲੇ ਤੱਕ ਵਿਗਿਆਨੀਆਂ ਦੀਆਂ ਕਿਆਸ-ਅਰਾਈਆਂ ਹੀ ਹਨ। ਮਨੁਖ ਨੂੰ ਇਹ ਮੰਨਣਾ ਪਵੇਗਾ ਕਿ ਕਾਦਰ ਦੀ ਇਹ ਅਸੀਮ, ਅਨੰਤ ਅਕਾਰ ਤੇ ਵਿਸਥਾਰ ਵਾਲੇ ਪਸਾਰੇ ਦੀ ਰਚਨਾ ਦੇ ਵੇਲੇ-ਵਕਤ, ਦਿਨ-ਮਹੀਨੇ, ਰੁੱਤ-ਮਹੂਰਤ ਦੀ ਥਾਹ ਮਨੁਖੀ ਮਨ ਦੀ ਸੋਚ, ਪਹੁੰਚ ਅਤੇ ਲੇਖੇ-ਜੋਖੇ ਤੋਂ ਬਾਹਰ ਹੈ। ਇਹ ਸੱਚਾਈ ਇਸ ਅਨੰਤ ਕਾਇਨਾਤ ਦਾ ਰਚਨਹਾਰ ਅਕਾਲ-ਪੁਰਖ, ਵਾਹਿਗੁਰੂ ਆਪ ਹੀ ਜਾਣਦਾ ਹੈ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਬਾਣੀ ਵਿਚ ਬੜਾ ਸੋਹਣਾ ਅਟੱਲ ਸੱਚਾਈ ਵਾਲਾ ਕਥਨ ਫੁਰਮਾਉਂਦੇ ਹਨ,
ਕਵਣੁ ਸੁ ਵੇਲਾ ਵਖਤੁ ਕਵਣੁ ਕਵਣ ਥਿਤਿ ਕਵਣੁ ਵਾਰ॥
ਕਵਣਿ ਸਿ ਰੁਤੀ ਮਾਹ ਕਵਣੁ ਜਿਤੁ ਹੋਆ ਆਕਾਰ॥æææ
ਥਿਤਿ ਵਾਰ ਨ ਜੋਗੀ ਜਾਣੈ ਰੁਤਿ ਮਾਹੁ ਨਾ ਕੋਈ॥
ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ॥ (ਜਪੁ ਜੀ ਪਉੜੀ-21)
ਇਸ ਤੋਂ ਅਗੇ ਵਿਗਿਆਨੀਆਂ ਨੇ ਇਹ ਵੀ ਸਾਬਤ ਕਰ ਲਿਆ ਹੈ ਕਿ ਵੱਡੇ ਧਮਾਕੇ ਸਮੇਂ ਬੜੀ ਗਰਮੀ ਅਤੇ ਤੇਜ ਰੋਸ਼ਨੀ ਪੈਦਾ ਹੋਈ ਸੀ ਜਿਸ ਦੇ ਫਲਸਰੂਪ ਸਾਰਾ ਬ੍ਰਹਿਮੰਡ ਅਣਪਛਾਤੇ ਤੇਜ ਰੋਸ਼ਨੀ ਦੇ ਕਣਾਂ (ਕੁਆਰਕਸ) ਦੀ ਧੁੰਧ ਨਾਲ ਭਰ ਗਿਆ ਸੀ। ਅੱਗੇ ਇਨ੍ਹਾਂ ਅਣਪਛਾਤੇ ਕਣਾਂ ਤੋਂ ਹੀ ਇਕ ਖਾਸ ਕਿਸਮ ਦੇ ਕਾਲੇ-ਮਾਦੇ, ਐਕਸੀਆਨ (ਅਣਿਨਸ) ਦੀ ਰਚਨਾ ਹੋਈ। ਫੇਰ ਅੱਗੇ ਦੂਜੀ ਕਿਸਮ ਦੇ ਕਾਲੇ-ਮਾਦੇ ਨਿਉਟਰਾਲੀਓਨੋਸ (ਂeੁਟਰਅਲਨੋਸ) ਬਣਿਆ। ਇਸ ਤੋਂ ਅੱਗੇ ਪਰੋਟੋਨ, ਨਿਊਟਰੋਨ, ਹੀਲੀਅਮ, ਲਿਥੀਅਮ ਅਤੇ ਭਾਰੇ ਹਾਈਡਰੋਜ਼ਨ ਨਿਊਕਲਾਈ ਬਣੇ ਇਹ ਸਾਰੀ ਕਿਰਿਆ ਇਕ ਸਕਿੰਟ ਦੇ ਅਤਿ ਸੂਖਮ ਸਮੇਂ ਵਿਚ ਵਾਪਰ ਗਈ ਸੀ। ਇਸ ਤੋਂ ਪਿਛੋਂ ਇਲੈਕਟਰੋਨ ਅਤੇ ਔਟਮ ਆਦਿ ਹੋਂਦ ਵਿਚ ਆਏ। ਇਹ ਕਣ ਹੀ ਸਾਰੀ ਦਿਸਦੀ-ਅਣਦਿਸਦੀ ਕਾਇਨਾਤ ਦੀ ਰਚਨਾ ਦਾ ਮੁਢਲਾ ਬੀਜ ਸਨ। ਇਨ੍ਹਾਂ ਤੋਂ ਹੀ ਅੱਜ ਇਸ ਦਿਸਦੀ-ਅਣਦਿਸਦੀ ਸਾਰੀ ਕਾਇਨਾਤ ਦੀ ਰਚਨਾ ਹੋਈ ਹੈ।
ਨਾਲ ਹੀ ਸਾਇੰਸ ਇਸ ਗੱਲ ਨਾਲ ਵੀ ਸਹਿਮਤ ਹੈ ਕਿ ਅਨੰਤਤਾ ਵੱਲ ਵਧਦਾ ਇਹ ਪਸਾਰਾ ਆਪਣੇ ਅੰਤ ਵੱਲ ਵੀ ਵਧ ਰਿਹਾ ਹੈ। ਕੋਈ ਸਮਾਂ ਆਵੇਗਾ ਜਦੋਂ ਇਹ ਸਾਰਾ ਪਸਾਰਾ ਖਤਮ ਹੋ ਜਾਏਗਾ। ਇਹ ਕਿਸੇ ਵੇਲੇ ਕਿਸੇ ਘੜੀ ਵੀ ਵਾਪਰ ਸਕਦਾ ਹੈ।
ਗੁਰੂ ਨਾਨਕ ਦੇਵ ਜੀ ਆਪਣੀ ਬਾਣੀ ਵਿਚ ਫੁਰਮਾਉਂਦੇ ਹਨ ਕਿ ਜਗਤ ਰਚਨਾ ਤੋਂ ਪਹਿਲਾਂ ਚਾਰ-ਚੁਫੇਰੇ ਪੂਰੀ ਤਰ੍ਹਾਂ ਧੁੰਧੂਕਾਰਾ ਅਤੇ ਸੁੰਨ-ਸਮਾਧ ਫੈਲੀ ਹੋਈ ਸੀ। ਉਹ ਪਰਮ ਸਤਿ ਪਰਮਾਤਮਾ ਆਪ ਹੀ ਕਣ ਕਣ ਵਿਚ ਰਮ ਰਿਹਾ ਸੀ। ਇਸ ਅਫੁਰ ਅਵਸਥਾ ਵਿਚ ਜਲ, ਥਲ, ਧਰਤੀ, ਅਗਨੀ, ਅਕਾਸ਼, ਜ਼ਿੰਦਗੀ ਦਾ ਕਿਤੇ ਨਾਮੋ-ਨਿਸ਼ਾਨ ਨਹੀਂ ਸੀ। ਇਹ ਪਰਮ ਸਤਿ ਪਰਮਾਤਮਾ ਵਾਹਿਗੁਰੂ ਦੀ ਨਿਰਗੁਣ ਸਰੂਪ ਅਵਸਥਾ ਸੀ। ਹਰ ਪਾਸੇ ਪਰਮ ਸਤਿ ਪਰਮਾਤਮਾ ਦੀ ਪਰਮ ਸਤਾ ਦਾ ਪਸਾਰਾ ਹੀ ਫੈਲਿਆ ਹੋਇਆ ਸੀ। ਇਹ ਹੀ ਸੁੰਨ-ਸਮਾਧ ਦੀ ਅਫੁਰ ਅਵਸਥਾ ਸੀ। ਉਥੇ ਨਾ ਮਾਇਆ ਦੀ ਮਗਨਤਾ ਸੀ ਤੇ ਨਾ ਹੀ ਅਗਿਆਨ ਦਾ ਹਨੇਰਾ ਸੀ। ਸਿਰਫ ਉਹਦਾ ਹੀ ਹੁਕਮ ਵਰਤ ਰਿਹਾ ਸੀ। ਫੇਰ ਅਚਨਚੇਤ ਪਰਮ ਸਤਿ ਪਰਮਾਤਮਾ ਨੂੰ ਫੁਰਨਾ ਫੁਰਿਆ ਤੇ ਉਹਦੇ ਹੁਕਮ ਨਾਲ ਪਵਨਾ, ਅਗਨੀ ਤੇ ਜਲ ਉਤਪੰਨ ਹੋਏ। ਅਤੇ ਫੇਰ ਇਨ੍ਹਾਂ ਦੇ ਸੰਯੋਗ ਨਾਲ ਜਗਤ ਰਚਨਾ ਸ਼ੁਰੂ ਹੋ ਗਈ। ਗੁਰੂ ਜੀ ਨੇ ਆਪਣੀ ਬਾਣੀ ਇਸ ਦਾ ਉਲੇਖ ਇਸ ਤਰ੍ਹਾਂ ਕੀਤਾ ਹੈ,
ਅਰਬਦ ਨਰਬਦ ਧੁੰਧੂਕਾਰਾ॥
ਧਰਨਿ ਨ ਗਗਨਾ ਹੁਕਮ ਅਪਾਰਾ॥
ਨਾ ਦਿਨ ਰੈਨ ਨ ਚੰਨ ਨ ਸੂਰਜ ਸਮਾਧਿ ਲਗਾਇਦਾ॥ (ਮਾਰੂ ਸੋਹਲੇ ਪੰਨਾ 1035)
—
ਜਾ ਤਿਸੁ ਭਾਣਾ ਤਾ ਜਗਤੁ ਉਪਾਇਆ॥
ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲ ਹੋਇ॥
ਜਲ ਤੇ ਤ੍ਰਿਭਵਣੁ ਸਾਜਿਆ ਘਟਿ ਘਟਿ ਜੋਤਿ ਸਮੋਇ॥ (ਸ੍ਰੀ ਰਾਗੁ ਪਦੇ ਪੰਨਾ 19)
—
ਜਲੁ ਤਰੰਗ ਅਗਨੀ ਪਵਨੈ ਫੁਨਿ ਤ੍ਰੈ ਮਿਲਿ ਜਗਤੁ ਉਪਾਇਆ॥ (ਰਾਗੁ ਪਰਭਾਤੀ ਅਸ਼ਟਪਦੀ 7)
ਅੱਗੇ ਗੁਰੂ ਜੀ ਫੁਰਮਾਉਂਦੇ ਹਨ ਕਿ ਇਹ ਜਗਤ ਰਚਨਾ ਇਕ ਸੱਚਾਈ ਹੈ, ਅਸਲੀਅਤ ਹੈ, ਹਕੀਕਤ ਹੈ, ਕੋਈ ਮ੍ਰਿਗ ਤ੍ਰਿਸ਼ਨਾ ਜਾਂ ਛਲਾਵਾ ਨਹੀਂ। ਵਿਗਿਆਨ ਵੀ ਇਸ ਸਾਰੇ ਬ੍ਰਹਿਮੰਡ ਦੀ ਰਚਨਾ ਨੂੰ ਇਕ ਠੋਸ ਹਕੀਕਤ ਤੇ ਅਸਲੀਅਤ ਮੰਨਦੀ ਹੈ। ਗੁਰੂ ਜੀ ਬਾਣੀ ਵਿਚ ਸਾਫ ਫੁਰਮਾਉਂਦੇ ਹਨ,
ਸਚੇ ਤੇਰੇ ਖੰਡ ਸਚੇ ਬ੍ਰਹਿਮੰਡ॥
ਸਚੇ ਤੇਰੇ ਲੋਅ ਸਚੇ ਅਕਾਰ॥æææ
ਸਚਾ ਤੇਰਾ ਹੁਕਮੁ ਸਚਾ ਫੁਰਮਾਣੁ॥ (ਵਾਰ ਆਸਾ ਸਲੋਕ ਪੰਨਾ 463)
ਪਰ ਨਾਲ ਹੀ ਗੁਰੂ ਜੀ ਇਹ ਸੱਚਾਈ ਵੀ ਆਪਣੀ ਇਲਾਹੀ ਬਾਣੀ ਵਿਚ ਫੁਰਮਾ ਰਹੇ ਕਿ ਇਹ ਸਾਰਾ ਦਿਸਦਾ ਪਸਾਰਾ ਸਦਾ ਰਹਿਣ ਵਾਲਾ ਨਹੀਂ ਹੈ। ਇਹ ਪ੍ਰਭੂ, ਅਕਾਲ-ਪੁਰਖ ਵਾਹਿਗੁਰੂ ਦੀ ਲੀਲਾ ਹੈ, ਉਹਦੀ ਖੇਡ ਹੈ। ਜਦੋਂ ਉਹਦਾ ਹੁਕਮ ਹੋਇਆ ਇਹ ਸਾਰਾ ਅਨੰਤ ਪਸਾਰਾ ਇਕ ਪਲ ਤੋਂ ਵੀ ਪਹਿਲਾਂ ਬਿਨਸ ਜਾਏਗਾ। ਗੁਰੂ ਜੀ ਨੇ ਬੜੇ ਸਾਫ ਲਫਜ਼ਾਂ ਵਿਚ ਇਹ ਹਕੀਕਤ ਸੰਸਾਰ ਨੂੰ ਅੱਜ ਤੋਂ ਪੰਜ ਸੌ ਸਾਲ ਪਹਿਲਾਂ ਹੀ ਦੱਸ ਦਿਤੀ ਸੀ। ਵਾਹਿਗੁਰੂ ਦੀ ਰਚੀ ਇਹ ਸ੍ਰਿਸਟੀ ਭਾਵੇਂ ਸੱਚ ਹੈ ਪਰ ਇਹ ਸਾਰਾ ਕਾਇਨਾਤੀ ਪਸਾਰਾ ਬਿਨਸਨਹਾਰ ਹੈ। ਅੱਜ ਸਾਇੰਸ ਵੀ ਇਹ ਕਹਿ ਰਹੀ ਹੈ ਕਿ ਇਹ ਸਾਰਾ ਪਸਾਰਾ ਕਦੀ ਵੀ ਖਤਮ ਹੋ ਸਕਦਾ ਹੈ। ਗੁਰੂ ਸਾਹਿਬ ਆਪਣੀ ਬਾਣੀ ਵਿਚ ਫੁਰਮਾ ਰਹੇ ਹਨ,
ਜਿਸ ਤੇ ਉਪਜੈ ਤਿਸ ਤੇ ਬਿਨੁਸੈ॥ (ਸ੍ਰੀ ਰਾਗੁ ਪਦੇ ਪੰਨਾ 20)
ਢਢੈ ਢਾਹਿ ਉਸਾਰੈ ਆਪੇ ਜਿਉ ਤਿਸ ਭਾਵੈ ਤਿਵੈ ਕਰੇ॥ (ਆਸਾ ਪਟੀ ਪੰਨਾ 433)
ਵਿਗਿਆਨ ਇਸ ਠੋਸ ਤੱਥ ਨਾਲ ਵੀ ਸਹਿਮਤ ਹੈ ਕਿ ਬ੍ਰਹਿਮੰਡ ਦੇ ਇਸ ਅਨੰਤ, ਅਸੀਮ ਪਸਾਰੇ ਤੇ ਵਿਸਥਾਰ ਵਿਚ ਵਾਪਰਨ ਵਾਲੀਆਂ ਘਟਨਾਵਾਂ ਮਸਲਨ ਰੁੱਤਾਂ-ਮੌਸਮਾਂ ਦਾ ਬਦਲਣਾ, ਦਿਨ-ਰਾਤ, ਮੀਂਹ ਹਨੇਰੀ, ਤੂਫਾਨ, ਭੁਚਾਲ ਦਾ ਆਉਣਾ, ਧਰਤੀ, ਸੂਰਜ, ਚੰਦ੍ਰਮਾ ਅਤੇ ਹੋਰ ਦੂਜੇ ਗ੍ਰਹਿਆਂ ਦਾ ਆਪੋ-ਆਪਣੀ ਗਤੀ, ਚਾਲ ਨਾਲ ਆਪੋ-ਆਪਣੇ ਗ੍ਰਹਿ ਪੱਥ ‘ਤੇ ਚਲਣਾ ਖਾਸ ਨਿਯਮਾਂ ਤਹਿਤ ਵਾਪਰ ਰਿਹਾ ਹੈ। ਨਹੀਂ ਤਾਂ ਇਕ ਸਕਿੰਟ ਤੋਂ ਪਹਿਲਾਂ ਬ੍ਰਹਿਮੰਡ ਵਿਚ ਪਰਲੋ ਆ ਜਾਂਦੀ ਤੇ ਇਹ ਸਾਰਾ ਪਸਾਰਾ ਇਕ ਛਿਣ ਵਿਚ ਤਹਿਸ-ਨਹਿਸ ਹੋ ਜਾਏ। ਗੁਰੂ ਜੀ ਨੇ ਸ੍ਰਿਸ਼ਟੀ ਦੇ ਰਚਨਹਾਰੇ ਦੇ ਇਸ ਹੁਕਮ ਬਾਰੇ ਆਪਣੀ ਬਾਣੀ ਵਿਚ ਬੜਾ ਸੁੰਦਰ ਫੁਰਮਾਇਆ ਹੈ,
ਭੈ ਵਿਚ ਪਵਣ ਵਹੈ ਸਦ ਵਾਉ॥æææ
ਭੈ ਵਿਚ ਧਰਤੀ ਦੱਬੀ ਭਾਰ॥æææ
ਭੈ ਵਿਚਿ ਸੂਰਜ ਭੈ ਵਿਚਿ ਚੰਦ॥æææ
ਹੁਕਮੈ ਅੰਦਰਿ ਸਭੁ ਕੋ ਬਾਹਰ ਹੁਕਮ ਨ ਕੋਇ॥ (ਵਾਰ ਆਸਾ ਸਲੋਕ ਪੰਨਾ 464)
ਵਿਗਿਆਨ ਇਸ ਠੋਸ ਹਕੀਕਤ ਨਾਲ ਵੀ ਮੁਤਫਿਕ ਹੈ ਕਿ ਕੁਦਰਤ ਦਾ ਇਹ ਦਿਸਦਾ-ਅਣਦਿਸਦਾ ਅਨੰਤ ਅਸੀਮ ਪਸਾਰਾ ਏਨਾ ਵੱਡਾ, ਏਨਾ ਅਥਾਹ ਹੈ ਕਿ ਇਸ ਦੀ ਗਿਣਤੀ-ਮਿਣਤੀ ਨਹੀਂ ਕੀਤੀ ਜਾ ਸਕਦੀ। ਵਿਗਿਆਨੀਆਂ ਦਾ ਵਿਚਾਰ ਹੈ ਕਿ ਸਾਡਾ ਇਹ ਬ੍ਰਹਿਮੰਡ ਇਸ ਵੱਡੇ ਖਲਾਅ ਵਿਚ ਇਕ ਬੁਲਬੁਲੇ (ਭੁਕਾਨੇ) ਵਾਂਗੂ ਲਮਕ ਰਿਹਾ ਹੈ। ਨਾਲ ਹੀ ਵਿਗਿਆਨੀਆਂ ਵਿਚ ਇਕ ਨਵਾਂ ਵਿਚਾਰ ਉਤਪਨ ਹੋ ਰਿਹਾ ਹੈ ਕਿ ਸਾਡੇ ਇਸ ਬ੍ਰਹਿਮੰਡ ਬੁਲਬੁਲੇ ਵਰਗੇ ਹੋਰ ਵੀ ਖਰਬਾਂ ਬ੍ਰਹਿਮੰਡ ਹਨ ਜੋ ਸਾਡੇ ਇਸੇ ਪਸਾਰੇ ਵਿਚ ਹੋ ਸਕਦੇ ਹਨ ਜਾਂ ਇਸ ਵੱਡੇ ਖਲਾਅ ਵਿਚ ਸੁਤੰਤਰ ਤੌਰ ‘ਤੇ ਵਖ ਵਖ ਲਟਕ ਰਹੇ ਹੋ ਸਕਦੇ ਹਨ। ਵਿਗਿਆਨੀਆਂ ਨੇ ਇਸ ਨੂੰ ਮਲਟੀਵਰਸ ਦਾ ਨਾਮ ਦਿਤਾ ਹੈ। ਸਾਰੇ ਵਿਗਿਆਨੀ ਇਸ ਤੱਥ ਨਾਲ ਇਕ ਮੱਤ ਹਨ ਕਿ ਜੇ ਇਹ ਹਨ ਤਾਂ ਇਹ ਸਾਡੇ ਤੋਂ ਏਨੀ ਦੂਰ ਹੋ ਸਕਦੇ ਹਨ ਕਿ ਉਨ੍ਹਾਂ ਨਾਲ ਰਾਬਤਾ ਕਰਨਾ ਸਾਡੇ ਵੱਸ ਦੀ ਗੱਲ ਨਹੀਂ ਹੋ ਸਕਦੀ। ਸਾਡੀ ਇਸ ਧਰਤੀ ਤੋਂ ਇਲਾਵਾ ਇਹੋ ਜਿਹੀਆਂ ਹੋਰ ਵੀ ਕਈ ਧਰਤੀਆਂ ਹੋ ਸਕਦੀਆਂ ਹਨ ਜਿਨ੍ਹਾਂ ‘ਤੇ ਜ਼ਿੰਦਗੀ ਵਿਚਰ ਰਹੀ ਹੋ ਸਕਦੀ ਹੈ। ਇਹ ਪਸਾਰਾ ਮਨੁਖੀ ਸਮਝ ਤੋਂ ਪਰ੍ਹਾਂ ਦੀ ਗੱਲ ਹੈ। ਇਸ ਦਾ ਲੇਖਾ-ਜੋਖਾ ਕਰਨਾ ਮਨੁੱਖ ਦੇ ਵੱਸ ਦੀ ਗੱਲ ਨਹੀਂ ਹੈ। ਇਥੇ ਆ ਕੇ ਸਾਰੇ ਹਿਸਾਬ-ਕਿਤਾਬ ਮੁੱਕ ਜਾਂਦੇ ਹਨ। ਠੀਕ ਇਹ ਹੀ ਗੁਰੂ ਜੀ ਨੇ ਆਪਣੀ ਬਾਣੀ ਵਿਚ ਬਖਸ਼ਿਸ਼ ਕੀਤੀ ਹੈ। ਗੁਰੂ ਜੀ ਫੁਰਮਾਉਂਦੇ ਹਨ,
ਪਾਤਾਲਾ ਪਾਤਾਲ ਲਖ ਆਗਾਸਾ ਆਗਾਸ॥
ਓੜਕ ਓੜਕ ਭਾਲਿ ਥਕੇ ਵੇਦ ਕਹਨਿ ਇਕ ਵਾਤ॥
ਸਹਸ ਅਠਾਰਹ ਕਹਨਿ ਕਤੇਬਾ ਅਸੁਲੂ ਇਕ ਧਾਤੁ॥
ਲੇਖਾ ਹੋਇ ਤ ਲਿਖੀਐ ਲੇਖੈ ਹੋਇ ਵਿਣਾਸੁ॥
ਨਾਨਕ ਵਡਾ ਆਖੀਐ ਆਪੇ ਜਾਣੈ ਆਪੁ॥ (ਜਪੁ ਜੀ ਪਉੜੀ-22, ਪੰਨਾ 5)
ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ॥
ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ॥æææ (ਜਪੁ ਜੀ ਪਉੜੀ-38 ਪੰਨਾ 7)
ਪਰ ਅਸੀਂ ਸਿੱਖ ਏਨੇ ਨਾ-ਅਹਿਲ ਅਤੇ ਗਾਫਲ ਹਾਂ ਕਿ ਗੁਰੂ-ਬਾਣੀ ਬਾਬਤ ਸਾਡਾ ਗਿਆਨ ਸਿਵਾਏ ਸਤਿਨਾਮ-ਵਾਹਿਗੁਰੂ ਅਤੇ ਗੁਰਦੁਆਰਿਆਂ ਵਿਚ ਵਾਜੇ ਅਤੇ ਤਬਲੇ ਦੀ ਟੂੰ ਟੂੰ, ਠੱਕ ਠੱਕ ‘ਤੇ ਸਿਰ ਹਿਲਾਉਣ ਅਤੇ ਚਾਹ-ਲੰਗਰ ਛਕਣ ਤੋਂ ਵੱਧ ਕੁਝ ਨਹੀਂ ਹੈ। ਹਾਂ, ਇਕ ਗੱਲ ਜਿਹੜੀ ਅਸੀਂ ਸਿੱਖੀ ਹੈ, ਅਸੀਂ ਗੁਰੂ ਘਰਾਂ ਵਿਚ ਚੌਧਰਪੁਣਾ ਤੇ ਲੜਾਈ ਫਸਾਦ ਕਰਨਾ ਜ਼ਰੂਰ ਸਿੱਖ ਲਿਆ ਹੈ। ਗੁਰੂ ਜੀ ਦੀ ਬਾਣੀ ਨੂੰ ਪੜ੍ਹਨ-ਵਿਚਾਰਨ ਵੱਲ ਸਾਡਾ ਧਿਆਨ ਤੇ ਰੁਝਾਣ ਹੀ ਨਹੀਂ ਹੈ। ਉਨ੍ਹਾਂ ਦੀ ਬਾਣੀ ਦੇ ਵਿਗਿਆਨਕ ਪੱਖ ਦੀ ਮਹੱਤਤਾ ਨੂੰ ਸਮਝਣਾ ਅਤੇ ਕਥਨਾਂ ਨੂੰ ਚੇਤੰਨਤਾ ਵਿਚ ਵਸਾਉਣਾ ਤਾਂ ਦੂਰ ਦੀ ਗੱਲ ਹੈ। ਅਸੀਂ ਗੁਰੂ ਵਲੋਂ ਬੇ-ਮੁੱਖ ਵਿਖਾਵੇ ਦੇ ਸਿੱਖ ਹੀ ਰਹਿ ਗਏ ਹਾਂ। ਸਾਡੇ ਕੋਲ ਸਾਡੇ ਗੁਰੂ ਸਾਹਿਬਾਨ ਵਲੋਂ ਰਚੀ ਅਤੇ ਸੰਪਾਦਿਤ ਕੀਤੀ ਬਾਣੀ ਦਾ ਜੁਗੋ ਜੁਗ ਅੱਟਲ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਣਮੁਲਾ ਖਜ਼ਾਨਾ ਹੈ। ਜਿਸ ਵਿਚੋਂ ਸਾਨੂੰ ਪਰਿਵਾਰਕ, ਆਰਥਿਕ, ਸਮਾਜਿਕ, ਰਾਜਨੀਤਕ, ਸਾਹਿਤਕ ਅਤੇ ਵਿਗਿਆਨਕ- ਗੱਲ ਕੀ ਜਿੰæਦਗੀ ਦੇ ਹਰ ਪੱਖ ਦੀ ਭਰਪੂਰ ਅਗਵਾਈ ਉਪਲਬਧ ਹੈ। ਅਸੀਂ ਦੁਨੀਆਂ ਨੂੰ ਤਾਂ ਕੀ ਸਿਖਾਉਣਾ ਏਂ, ਆਪ ਵੀ ਨਹੀਂ ਕੁਝ ਸਿਖਿਆ ਅਤੇ ਨਾ ਹੀ ਸਿੱਖਣ ਦਾ ਕੋਈ ਯਤਨ ਹੀ ਕਰ ਰਹੇ ਹਾਂ। ਬਣਦਾ ਤਾਂ ਇਹ ਸੀ ਕਿ ਸਾਇੰਸ ਦੀ ਇਸ ਮਹਾਨ ਅਤੇ ਮਹੱਤਵਪੂਰਨ ਖੋਜ ‘ਤੇ ਅਸੀਂ ਇਸ ਖੁਸ਼ੀ ਦਾ ਰੱਜ ਕੇ ਆਪ ਅਨੰਦ ਮਾਣਦੇ ਗੁਰੂ ਜੀ ਦਾ ਇਹ ਵਿਗਿਆਨਿਕ ਸੁਨੇਹਾ ਸਾਰੀ ਦੁਨੀਆਂ ਨਾਲ ਸਾਂਝਾ ਕਰਦੇ ਅਤੇ ਦੁਨੀਆਂ ਨੂੰ ਦਸਦੇ ਕਿ ਜਿਹੜੀਆਂ ਲੱਭਤਾਂ ਸਾਇੰਸ ਅੱਜ ਲੱਭ ਰਹੀ ਹੈ, ਉਹ ਸਾਡੇ ਗੁਰੂ ਜੀ ਨੇ ਅੱਜ ਤੋਂ ਪੰਜ ਸੌ ਸਾਲ ਪਹਿਲਾਂ ਹੀ ਦੁਨੀਆਂ ਦੀ ਝੋਲੀ ਵਿਚ ਪਾ ਗਏ ਸਨ, ਦੱਸ ਗਏ ਸਨ। ਪਰ ਅਸੀਂ ਆਪਣੀ ਨਾ-ਅਹਿਲੀਅਤ, ਅਣਗਹਿਲੀ ਅਤੇ ਗਾਫਲੀਅਤ ਕਰਕੇ ਸੰਸਾਰ ਨਾਲ ਇਹ ਖੁਸ਼ੀ ਸਾਂਝੀ ਕਰਨ ਤੋਂ ਵਾਂਝੇ ਰਹੇ ਗਏ ਹਾਂ।
ਇਸ ਤੋਂ ਵੀ ਵੱਡਾ ਦੁੱਖ ਅਤੇ ਅਫਸੋਸ ਇਸ ਗੱਲ ਦਾ ਹੈ ਸਿੱਖ ਕੌਮ ਦੇ ਕਿਸੇ ਵਿਦਵਾਨ, ਸਾਇੰਸਦਾਨ, ਇਤਿਹਾਸਕਾਰ, ਕਾਲਮ-ਨਵੀਸ ਲਿਖਾਰੀ ਦੀ ਕਲਮ ਵਲੋਂ ਇਸ ਸਬੰਧ ਵਿਚ ਉਨ੍ਹਾਂ ਮਹਾਨ ਵਿਗਿਆਨੀਆਂ ਬਾਰੇ ਦੋ ਅਖਰ ਤੱਕ ਲਿਖ ਕੇ ਉਨ੍ਹਾਂ ਦੀ ਮਹਾਨ ਘਾਲਣਾ ਦਾ ਜ਼ਿਕਰ ਤੱਕ ਨਹੀਂ ਕੀਤਾ ਗਿਆ। ਤੇ ਨਾ ਹੀ ਕਿਸੇ ਰਹਿਬਰ, ਲੀਡਰ ਵਲੋਂ ਕੌਮ ਨਾਲ, ਦੁਨੀਆਂ ਨਾਲ ਇਹ ਖੁਸ਼ੀ ਸਾਂਝੀ ਕਰਨ ਦਾ ਯਤਨ ਹੀ ਕੀਤਾ ਗਿਆ ਹੈ। ਨਾ ਹੀ ਅਸੀਂ ਆਪਣੇ ਗੁਰੂ-ਘਰਾਂ ਵਿਚ ਹੀ ਉਨ੍ਹਾਂ ਵਿਗਿਆਨੀਆਂ ਦੀ ਮੁਸ਼ੱਕਤਾਂ ਭਰੀ ਘਾਲਣਾ ਦੇ ਸਬੰਧ ਵਿਚ ਉਨ੍ਹਾਂ ਲਈ ਅਰਦਾਸ ਜਾਂ ਕੋਈ ਜਾਚਨਾ ਹੀ ਕਰ ਸਕੇ ਹਾਂ। ਗੱਲ ਕੀ, ਇਸ ਮਹਾਨ ਖੁਸ਼ੀ ਦੇ ਮੌਕੇ ਦਾ ਅਨੰਦ ਨਾ ਅਸੀਂ ਆਪ ਹੀ ਮਾਣਿਆ ਹੈ, ਨਾ ਹੀ ਸੰਸਾਰ ਨਾਲ ਹੀ ਸਾਂਝਾ ਕਰ ਸਕੇ ਹਾਂ। ਸਭ ਕੁਝ ਹੁੰਦਿਆਂ-ਸੁੰਦਿਆਂ ਵੀ ਅਸੀਂ ਗੁਰੂ ਜੀ ਦੇ ਇਸ ਮਹਾਨ ਅਤੇ ਅਟੱਲ ਸੱਚਾਈਆ ਭਰੇ ਸੁਨੇਹੇ ਨੂੰ ਸੰਸਾਰ ਦੇ ਲੋਕਾਂ ਤੱਕ ਪਹੁੰਚਉਣ, ਅਤੇ ਉਨ੍ਹਾਂ ਨਾਲ ਸਾਂਝਾ ਕਰਨ ਵਿਚ ਅਸਫਲ ਰਹੇ ਹਾਂ।
Leave a Reply