ਇਮਾਮ ਦਾ ਬਿਆਨ ਅਤੇ ਫਿਰਕੂ-ਸਿਆਸਤ

-ਜਤਿੰਦਰ ਪਨੂੰ
ਇੱਕ ਵਿਦੇਸ਼ੀ ਦੌਰੇ ਦੌਰਾਨ ਪਿਛਲੇ ਦਿਨੀਂ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਕਿਹਾ ਕਿ ਭਾਰਤੀ ਮੁਸਲਮਾਨ ਕੱਟੜਪੰਥੀ ਨਹੀਂ, ਉਹ ਫਿਰਕੂ ਵੀ ਨਹੀਂ ਅਤੇ ਦੁਨੀਆ ਦੇਖੇਗੀ ਕਿ ਅਲ ਕਾਇਦਾ ਨੂੰ ਭਾਰਤੀ ਮੁਸਲਮਾਨ ਠੁਕਰਾ ਦੇਵੇਗਾ, ਭਾਰਤ ਦੇ ਕਈ ਲੋਕਾਂ ਨੂੰ ਚੰਗਾ ਲੱਗਾ ਸੀ। ਪ੍ਰਧਾਨ ਮੰਤਰੀ ਦਾ ਇਹ ਬਿਆਨ ਚੰਗਾ ਸਮਝਣ ਵਾਲਿਆਂ ਵਿਚ ਕਈ ਲੋਕ ਉਹ ਵੀ ਸਨ, ਜਿਹੜੇ ਗੁਜਰਾਤ ਦੇ ਦੰਗਿਆਂ ਦੇ ਦਿਨਾਂ ਤੋਂ ਨਰਿੰਦਰ ਮੋਦੀ ਬਾਰੇ ਆਪਣੀ ਬਣ ਚੁੱਕੀ ਧਾਰਨਾ ਉਤੇ ਖੜੇ ਹੋਏ ਹਨ। ਉਨ੍ਹਾਂ ਦਾ ਖਿਆਲ ਸੀ ਕਿ ਚਲੋ ਏਸੇ ਬਹਾਨੇ ਸਹੀ, ਦੇਸ਼ ਦੀ ਕਮਾਨ ਜਿਹੜੇ ਵਿਅਕਤੀ ਦੇ ਹੱਥਾਂ ਵਿਚ ਆ ਚੁੱਕੀ ਹੈ, ਉਸ ਦੀ ਸੋਚ ਵਿਚ ਜੇ ਕੁਝ ਸੁਖਾਵਾਂ ਮੋੜ ਆਉਂਦਾ ਹੈ ਤਾਂ ਮਾੜੀ ਗੱਲ ਨਹੀਂ। ਉਂਜ ਇਹ ਗੱਲ ਪ੍ਰਧਾਨ ਮੰਤਰੀ ਦੇ ਕਹੇ ਤੋਂ ਬਗੈਰ ਵੀ ਲੋਕ ਜਾਣਦੇ ਹਨ ਕਿ ਇਸ ਦੇਸ਼ ਦੇ ਮੁਸਲਮਾਨਾਂ ਦੀ ਬਹੁ-ਗਿਣਤੀ ਆਮ ਕਰ ਕੇ ਫਿਰਕੂ ਤੇ ਕੱਟੜਪੰਥੀ ਨਹੀਂ, ਪਰ ਇਹ ਗੱਲ ਫਿਰ ਆਪਣੀ ਥਾਂ ਕਾਇਮ ਹੈ ਕਿ ਮੁਸਲਿਮ ਸਮਾਜ ਵਿਚ ਕਾਫੀ ਸਾਰੇ ਤੱਤ ਫਿਰਕੂ ਵੀ ਮੌਜੂਦ ਹਨ। ਅਸੀਂ ਬੜੀ ਵਾਰੀ ਇਹ ਗੱਲ ਕਹੀ ਜਾਂਦੀ ਸੁਣਦੇ ਹਾਂ ਕਿ ਸਿੱਖ ਭਾਈਚਾਰਾ ਫਿਰਕੂ ਨਹੀਂ ਅਤੇ ਕੱਟੜਪੰਥੀ ਵੀ ਨਹੀਂ ਅਤੇ ਹਿੰਦੂ ਵੀ ਏਦਾਂ ਦੇ ਨਹੀਂ, ਪਰ ਇਹ ਗੱਲ ਫਿਰ ਆਪਣੀ ਥਾਂ ਸੱਚੀ ਹੈ ਕਿ ਸਿੱਖਾਂ ਤੇ ਹਿੰਦੂਆਂ ਵਿਚ ਵੀ ਕਈ ਲੋਕ ਸਿਖਰਾਂ ਦੇ ਜਨੂੰਨੀ ਹਨ, ਜਿਹੜੇ ਦੂਸਰੇ ਲੋਕਾਂ ਦੇ ਖਿਲਾਫ ਕੁਝ ਵੀ ਕਹਿਣ ਅਤੇ, ਜੇ ਮੌਕਾ ਮਿਲੇ ਤਾਂ, ਕਰਨ ਨੂੰ ਤਿਆਰ ਹਨ। ਉਹ ਲੋਕ ਚੰਗੇ ਨਹੀਂ, ਪਰ ਉਨ੍ਹਾਂ ਮਾੜੇ ਤੱਤਾਂ ਦਾ ਜ਼ਿਕਰ ਕਰਨ ਵੇਲੇ ਜਿਨ੍ਹਾਂ ਦੀ ਜ਼ਬਾਨ ‘ਆਪਣੇ’ ਬੰਦਿਆਂ ਦਾ ਫਿਰਕੂਪੁਣਾ ਲੁਕਾਉਣ ਤੇ ਦੂਸਰਿਆਂ ਦਾ ਉਛਾਲਣ ਨੂੰ ਤਿਆਰ ਰਹਿੰਦੀ ਹੈ, ਭਾਰਤ ਦੇ ਭਵਿੱਖ ਲਈ ਉਹ ਵੀ ਇੱਕ ਤਰ੍ਹਾਂ ਕੰਡੇ ਬੀਜ ਕੇ ਮੁਸ਼ਕਲਾਂ ਹੀ ਪੈਦਾ ਕਰ ਰਹੇ ਹਨ।
ਭਾਰਤ ਦੀ ਰਾਜਧਾਨੀ ਦਿੱਲੀ ਵਿਚ ਰਾਜਸੀ ਸੱਤਾ ਦੇ ਪ੍ਰਤੀਕ ਲਾਲ ਕਿਲ੍ਹੇ ਦੇ ਸਾਹਮਣੇ ਦੀ ਜਾਮਾ ਮਸਜਿਦ ਦੇ ਸ਼ਾਹੀ ਇਮਾਮ ਅਬਦੁੱਲਾ ਬੁਖਾਰੀ ਨੇ ਇਸ ਹਫਤੇ ਇੱਕ ਵਿਵਾਦ ਖੜਾ ਕਰ ਲਿਆ ਹੈ। ਉਸ ਵੱਲੋਂ ਆਪਣੇ ਪੁੱਤਰ ਨੂੰ ਨਾਇਬ ਇਮਾਮ ਬਣਾਉਣ ਦੀ ਰਸਮ ਵੇਲੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਸੱਦਾ ਦਿੱਤੇ ਜਾਣਾ ਇਸ ਵਿਵਾਦ ਦਾ ਕਾਰਨ ਬਣਿਆ ਹੈ। ਮੁਗਲ ਰਾਜ ਦੌਰਾਨ ਉਸਾਰੀ ਗਈ ਜਾਮਾ ਮਸਜਿਦ ਲਈ ਸ਼ਾਹ ਜਹਾਨ ਨੇ ਬੁਖਾਰਾ ਦੇ ਸੁਲਤਾਨ ਨੂੰ ਬੇਨਤੀ ਕਰ ਕੇ ਇੱਕ ਇਮਾਮ ਉਥੋਂ ਮੰਗਵਾਇਆ ਤੇ ਲਿਖ ਦਿੱਤਾ ਸੀ ਕਿ ਇਸ ਘਰਾਣੇ ਦਾ ਵੱਡਾ ਪੁੱਤਰ ਹੀ ਪੀੜ੍ਹੀਓ-ਪੀੜ੍ਹੀ ਇਮਾਮ ਬਣੇਗਾ ਤੇ ਬਾਦਸ਼ਾਹਾਂ ਦੀ ਤਾਜਪੋਸ਼ੀ ਕਰਿਆ ਕਰੇਗਾ। ਹੁਣ ਕੁਝ ਲੋਕ ਇਹ ਕਹਿੰਦੇ ਹਨ ਕਿ ਇਮਾਮਤ ਦੇ ਅਹੁਦੇ ਨੂੰ ਪਿਤਾ-ਪੁਰਖੀ ਰੱਖਣ ਬਾਰੇ ਸ਼ਾਹ ਜਹਾਨ ਨੇ ਨਹੀਂ ਲਿਖਿਆ, ਪਰ ਇਸ ਵੇਲੇ ਇਹ ਮੁੱਦਾ ਨਹੀਂ, ਸਗੋਂ ਇਹ ਹੈ ਕਿ ਮੌਜੂਦਾ ਇਮਾਮ ਨੇ ਆਪਣੇ ਪੁੱਤਰ ਨੂੰ ਨਾਇਬ ਇਮਾਮ ਬਣਾਉਣ ਦੀ ਰਸਮ ਮੌਕੇ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਨੂੰ ਸੱਦਿਆ ਨਹੀਂ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਸੱਦ ਲਿਆ ਹੈ। ਇਹ ਸੱਦਾ ਇੱਕ ਵੱਡੇ ਵਿਵਾਦ ਦਾ ਵਿਸ਼ਾ ਬਣ ਗਿਆ ਤੇ ਹੁਣ ਇਸ ਨੂੰ ਲੈ ਕੇ ਚਾਂਦਮਾਰੀ ਕੀਤੀ ਜਾ ਰਹੀ ਹੈ।
ਸਮਾਗਮ ਇਮਾਮ ਦਾ ਹੈ ਅਤੇ ਇਹ ਉਸ ਦੀ ਮਰਜ਼ੀ ਹੈ ਕਿ ਕਿਸੇ ਨੂੰ ਵੀ ਸੱਦਾ ਭੇਜ ਦੇਵੇ। ਉਸ ਨੇ ਸੋਨੀਆ ਗਾਂਧੀ ਸਮੇਤ ਕਈ ਵੱਡੇ ਰਾਜਸੀ ਆਗੂ ਸੱਦੇ ਹੋਏ ਹਨ, ਜਿਨ੍ਹਾਂ ਵਿਚ ਭਾਜਪਾ ਦੇ ਇੱਕ ਮੁਸਲਮਾਨ ਅਤੇ ਤਿੰਨ ਹਿੰਦੂ ਆਗੂ ਵੀ ਹਨ। ਜੇ ਸਿਰਫ ਸੱਦਾ ਭੇਜਣ ਵਿਚ ਮਰਜ਼ੀ ਦੀ ਗੱਲ ਹੁੰਦੀ ਤਾਂ ਕੋਈ ਇਤਰਾਜ਼ ਨਹੀਂ ਸੀ ਕੀਤਾ ਜਾਣਾ, ਪਰ ਉਸ ਵੱਲੋਂ ਮੋਦੀ ਬਾਰੇ ਜਿਹੜੇ ਸ਼ਬਦਾਂ ਦੀ ਵਰਤੋਂ ਕੀਤੀ ਗਈ ਤੇ ਨਵਾਜ਼ ਸ਼ਰੀਫ ਨੂੰ ਜਿਵੇਂ ਆਪਣਾ ਮਿੱਤਰ ਕਿਹਾ ਗਿਆ, ਇਸ ਨਾਲ ਵਿਵਾਦ ਪੈਦਾ ਹੋਇਆ ਹੈ। ਉਂਜ ਇਮਾਮ ਨੇ ਬੀਬੀ ਨਜਮਾ ਹੈਪਤੁੱਲਾ ਨੂੰ ਸੱਦਣ ਦੀ ਲੋੜ ਵੀ ਨਹੀਂ ਸਮਝੀ, ਜਿਸ ਨੇ ਕਦੀ ਰਾਜੀਵ ਗਾਂਧੀ ਦੇ ਰਾਜ ਸਮੇਂ ਮੁਸਲਮਾਨਾਂ ਨੂੰ ਖੁਸ਼ ਕਰਨ ਤੇ ਕਾਂਗਰਸ ਨੂੰ ਵੋਟਾਂ ਪੁਆਉਣ ਲਈ ਸ਼ਾਹ ਬਾਨੋ ਕੇਸ ਵਿਚ ਸੁਪਰੀਮ ਕੋਰਟ ਦਾ ਹੁਕਮ ਪਲਟਣ ਦੀ ਸਰਗਰਮੀ ਕੀਤੀ ਸੀ। ਸ਼ਾਇਦ ਨਜਮਾ ਦਾ ਮੋਦੀ ਸਰਕਾਰ ਦੀ ਵਜ਼ੀਰ ਬਣਨਾ ਵੀ ਇਮਾਮ ਬੁਖਾਰੀ ਨੂੰ ਚੰਗਾ ਨਾ ਲੱਗਾ ਹੋਵੇਗਾ।
ਇਮਾਮ ਬੁਖਾਰੀ ਨੂੰ ਜਿਵੇਂ ਕਈ ਗੱਲਾਂ ਠੀਕ ਨਹੀਂ ਲੱਗਦੀਆਂ ਹੋਣਗੀਆਂ, ਉਵੇਂ ਹੀ ਸਾਨੂੰ ਵੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਸੱਦਾ ਦੇਣਾ ਜਚਦਾ ਨਹੀਂ। ਨਰਿੰਦਰ ਮੋਦੀ ਨਾਲ ਵਿਰੋਧ ਹੋਣ ਤਾਂ ਪ੍ਰਗਟਾਵੇ ਦੇ ਕਈ ਢੰਗ ਭਾਰਤ ਵਿਚ ਵਰਤੇ ਜਾ ਸਕਦੇ ਹਨ, ਪਰ ਇਹ ਢੰਗ ਸਾਊ ਨਹੀਂ। ਇਮਾਮ ਦੇ ਚੇਲੇ ਕਹਿ ਰਹੇ ਹਨ ਕਿ ਨਵਾਜ਼ ਸ਼ਰੀਫ ਨੂੰ ਇੱਕ ਇਸਲਾਮੀ ਦੇਸ਼ ਦਾ ਪ੍ਰਧਾਨ ਮੰਤਰੀ ਹੋਣ ਕਰ ਕੇ ਸੱਦਿਆ ਹੈ। ਜੇ ਇਹ ਗੱਲ ਹੈ ਤਾਂ ਬੰਗਲਾ ਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹੁਸੀਨਾ ਤੋਂ ਲੈ ਕੇ ਸਾਊਦੀ ਅਰਬ ਦੇ ਬਾਦਸ਼ਾਹ ਤੱਕ ਨੂੰ ਸੱਦੇ ਜਾਣੇ ਚਾਹੀਦੇ ਸਨ। ਇਥੇ ਸਿਰਫ ਨਵਾਜ਼ ਸ਼ਰੀਫ ਵਾਸਤੇ ਫਰਾਖਦਿਲੀ ਵਿਖਾਈ ਗਈ ਹੈ, ਜਿਹੜੀ ਕਈਆਂ ਨੂੰ ਚੁਭੀ ਹੈ। ਸਮਾਗਮਾਂ ਦੇ ਸੱਦੇ ਵਿਦੇਸ਼ ਨੂੰ ਭੇਜਣ ਵੇਲੇ ਮਿੱਤਰ ਤੇ ਦੋਸਤ ਦਾ ਖਿਆਲ ਸਿਰਫ ਨਿੱਜੀ ਪੱਧਰ ਉਤੇ ਨਹੀਂ, ਸਮੁੱਚੇ ਸਮਾਜ ਤੇ ਭਾਈਚਾਰੇ ਦੇ ਪੱਧਰ ਉਤੇ ਵੀ ਵਿਚਾਰਨ ਦੀ ਲੋੜ ਹੁੰਦੀ ਹੈ। ਪਾਕਿਸਤਾਨ ਸਧਾਰਨ ਇਸਲਾਮੀ ਦੇਸ਼ ਨਹੀਂ, ਸੰਸਾਰ ਭਰ ਵਿਚ ਫੈਲੀ ਹੋਈ ਦਹਿਸ਼ਤਗਰਦੀ ਦਾ ਕੇਂਦਰੀ ਧੁਰਾ ਹੈ ਤੇ ਦਹਿਸ਼ਤਗਰਦਾਂ ਦੀ ਪਨੀਰੀ ਵੀ ਉਥੋਂ ਦੀ ਫੌਜ ਤੇ ਸਰਕਾਰ ਦੀ ਸਰਪ੍ਰਸਤੀ ਹੇਠ ਤਿਆਰ ਕੀਤੀ ਜਾਂਦੀ ਹੈ। ਇਨ੍ਹਾਂ ਹਾਲਤਾਂ ਵਿਚ ਇਹ ਸੱਦਾ ਦੇਣਾ ਜਾਇਜ਼ ਨਹੀਂ ਜਾਪਦਾ।
ਏਡੇ ਵਿਵਾਦ ਦਾ ਕਾਰਨ ਬਣਨ ਵਾਲਾ ਇਹ ਸੱਦਾ ਦੇਣ ਤੋਂ ਪਹਿਲਾਂ ਇਮਾਮ ਬੁਖਾਰੀ ਸਾਹਿਬ ਨੂੰ ਆਜ਼ਾਦੀ ਦੇ ਬਾਅਦ ਉਸ ਵਕਤ ਦੇ ਸਭ ਤੋਂ ਵੱਡੇ ਮੁਸਲਿਮ ਆਗੂ ਮੌਲਾਨਾ ਅਬਦੁਲ ਕਲਾਮ ਆਜ਼ਾਦ ਦੀ ਇਸੇ ਜਾਮਾ ਮਸਜਿਦ ਵਿਚ ਕੀਤੀ ਤਕਰੀਰ ਇੱਕ ਵਾਰ ਪੜ੍ਹ ਲੈਣੀ ਚਾਹੀਦੀ ਸੀ। ਮੌਲਾਨਾ ਆਜ਼ਾਦ ਉਥੇ ਆਪ ਨਹੀਂ ਸਨ ਗਏ, ਉਨ੍ਹਾਂ ਨੂੰ ਉਚੇਚਾ ਉਥੇ ਆਉਣ ਦਾ ਸੱਦਾ ਦਿੱਤਾ ਗਿਆ ਸੀ ਤੇ ਜਦੋਂ ਉਹ ਬੋਲੇ ਸਨ ਤਾਂ ਖਰੀਆਂ-ਕੌੜੀਆਂ ਗੱਲਾਂ ਕਹੀਆਂ ਸਨ। ਉਨ੍ਹਾਂ ਨੇ ਚੇਤੇ ਕਰਵਾਇਆ ਸੀ ਕਿ ਏਸੇ ਜਾਮਾ ਮਸਜਿਦ ਵਿਚ ਜਦੋਂ ਉਹ ਇਹ ਕਹਿੰਦੇ ਸਨ ਕਿ ਇਸਲਾਮ ਦੇ ਨਾਂ ਉਪਰ ਵੱਖਰਾ ਦੇਸ਼ ਬਣਾਉਣਾ ਗਲਤ ਹੈ ਤਾਂ ਉਨ੍ਹਾਂ ਦੀ ਗੱਲ ਕਿਸੇ ਨੇ ਸੁਣੀ ਨਹੀਂ ਸੀ, ਪਰ ਆਜ਼ਾਦੀ ਦੇ ਬਾਅਦ ਹੁਣ ਉਹ ਗੱਲਾਂ ਚੇਤੇ ਆ ਰਹੀਆਂ ਹਨ। ਮੌਲਾਨਾ ਨੇ ਕਿਹਾ ਸੀ ਕਿ ਤੁਹਾਨੂੰ ਮੁਸਲਮਾਨਾਂ ਨੂੰ ਇਹ ਚੇਤਾ ਭੁੱਲ ਗਿਆ ਕਿ ਜਮਨਾ ਨਦੀ ਦੇ ਕਿਨਾਰੇ ਆ ਕੇ ਤੁਹਾਡੇ ਵਡੇਰਿਆਂ ਨੇ ਵੁਜ਼ੂ ਕੀਤਾ ਸੀ ਤੇ ਤੁਹਾਡੇ ਵੱਡਿਆਂ ਦੀਆਂ ਕਬਰਾਂ ਵੀ ਭਾਰਤ ਵਿਚ ਹਨ, ਜਿਸ ਨੂੰ ਛੱਡ ਕੇ ਜਾਣ ਦੇ ਨਾਹਰੇ ਲੱਗਦੇ ਸਨ। ਉਦੋਂ ਮੌਲਾਨਾ ਸਾਹਿਬ ਨੇ ਜਿਹੜਾ ਧਰਮ ਨਿਰਪੱਖਤਾ ਦਾ ਸੰਦੇਸ਼ ਦਿੱਤਾ ਸੀ, ਦਿੱਲੀ ਦੇ ਮੁਸਲਮਾਨਾਂ ਨੇ ਉਸ ਨੂੰ ਤਸਲੀਮ ਕੀਤਾ ਸੀ। ਮੌਜੂਦਾ ਇਮਾਮ ਨੇ ਭੁਲਾ ਦਿੱਤਾ ਹੈ। ਉਹ ਜਿਹੜੇ ਨਵਾਜ਼ ਸ਼ਰੀਫ ਸਾਹਿਬ ਨੂੰ ਸੱਦਾ ਦੇ ਰਹੇ ਹਨ, ਉਹ ਜਦੋਂ ਦਿੱਲੀ ਆਵੇਗਾ, ਫਿਰ ਕਸ਼ਮੀਰ ਦਾ ਘਰਾਟ-ਰਾਗ ਛੇੜ ਕੇ ਭਾਰਤ ਦੀ ਰਾਜਧਾਨੀ ਵਿਚ ਬੈਠਾ ਭਾਰਤ ਦੀ ਭੰਡੀ ਕਰੇਗਾ ਤੇ ਕਈ ਨਵੇਂ ਪੁਆੜੇ ਪਾ ਕੇ ਤੁਰ ਜਾਵੇਗਾ। ਇਸ ਮਗਰੋਂ ਜਿਹੜੇ ਕੁਝ ਵਿਵਾਦ ਪੈਦਾ ਹੋਣੇ ਹਨ, ਉਹ ਨਵਾਜ਼ ਸ਼ਰੀਫ ਨੂੰ ਨਹੀਂ, ਭਾਰਤ ਦੇ ਹਿੰਦੂ, ਸਿੱਖ, ਮੁਸਲਮਾਨ ਤੇ ਇਸਾਈ ਸਾਰੇ ਵਰਗਾਂ ਦੇ ਲੋਕਾਂ ਨੂੰ ਹੰਢਾਉਣੇ ਪੈਣੇ ਹਨ। ਇਮਾਮ ਬੁਖਾਰੀ ਨੇ ਇਹ ਪੱਖ ਸੋਚਿਆ ਹੀ ਨਹੀਂ।
ਤਸਵੀਰ ਦਾ ਦੂਸਰਾ ਪਾਸਾ ਇਹ ਹੈ ਕਿ ਜਿਹੜੇ ਰਾਜਸੀ ਵਿਰੋਧ ਵਾਲਿਆਂ ਨੂੰ ਇਸ ਸੱਦੇ ਤੋਂ ਦੁੱਖ ਪਹੁੰਚਿਆ ਹੈ, ਉਹ ਇਹ ਕਹਿੰਦੇ ਹਨ ਕਿ ਸਾਡੀਆਂ ਭਾਵਨਾਵਾਂ ਨੂੰ ਸੱਟ ਵੱਜੀ ਹੈ। ਅਸੀਂ ਉਨ੍ਹਾਂ ਦੀਆਂ ਭਾਵਨਾਵਾਂ ਦੀ ਗੱਲ ਕੱਟਦੇ ਨਹੀਂ, ਪੂਰਾ ਸਤਿਕਾਰ ਕਰਦੇ ਹਾਂ, ਪਰ ਜੇ ਉਨ੍ਹਾਂ ਨੂੰ ਇਮਾਮ ਦੀ ਇਹ ਹਰਕਤ ਚੁਭਦੀ ਹੈ ਤਾਂ ਜਦੋਂ ਉਹ ਆਪ ਕਈ ਕਿਸਮ ਦੇ ਬੋਲ-ਕੁਬੋਲ ਬੋਲਦੇ ਹਨ, ਉਦੋਂ ਵੀ ਕਿਸੇ ਦੀਆਂ ਭਾਵਨਾਵਾਂ ਨੂੰ ਸੱਟ ਵੱਜਣ ਦਾ ਚੇਤਾ ਰੱਖਣਾ ਚਾਹੀਦਾ ਹੈ।
ਇਮਾਮ ਬੁਖਾਰੀ ਵੱਲੋਂ ਨਵਾਜ਼ ਸ਼ਰੀਫ ਨੂੰ ਇਹੋ ਜਿਹਾ ਸੱਦਾ ਦੇਣ ਉਤੇ ਭਾਜਪਾ ਦੇ ਪਾਰਲੀਮੈਂਟ ਮੈਂਬਰ ਯੋਗੀ ਅਦਿੱਤਿਆ ਨਾਥ ਨੇ ਭੜਕ ਕੇ ਕਹਿ ਦਿੱਤਾ ਹੈ ਕਿ ਬੁਖਾਰੀ ਨੂੰ ਪਾਕਿਸਤਾਨ ਭੇਜ ਦੇਣਾ ਚਾਹੀਦਾ ਹੈ। ਕੁਝ ਲੋਕ ਹੁਣ ਇਹ ਕਹਿਣਗੇ ਕਿ ਯੋਗੀ ਨੇ ਇਮਾਮ ਦੇ ਸੱਦੇ ਤੋਂ ਖਿਝ ਕੇ ਕਹਿ ਦਿੱਤਾ ਹੋਵੇਗਾ, ਪਰ ਇਹ ਗੱਲ ਨਹੀਂ। ਪਾਰਲੀਮੈਂਟ ਵਿਚ ਉਦੋਂ ਵੀ ਯੋਗੀ ਇਹੋ ਜਿਹੀਆਂ ਭੜਕਾਊ ਗੱਲਾਂ ਕਰਦਾ ਰਿਹਾ ਹੈ, ਜਦੋਂ ਏਦਾਂ ਦਾ ਮੁੱਦਾ ਹੀ ਨਹੀਂ ਸੀ। ਲੋਕ ਸਭਾ ਚੋਣਾਂ ਵਿਚ ਇੱਕ ਭਾਜਪਾ ਉਮੀਦਵਾਰ ਨੇ ਬਿਹਾਰ ਵਿਚ ਇਹ ਕਹਿ ਦਿੱਤਾ ਕਿ ਨਰਿੰਦਰ ਮੋਦੀ ਜਦੋਂ ਜਿੱਤ ਗਿਆ ਤਾਂ ਉਸ ਦੇ ਵਿਰੋਧੀਆਂ ਨੂੰ ਪਾਕਿਸਤਾਨ ਭੇਜ ਦਿੱਤਾ ਜਾਵੇਗਾ। ਜਦੋਂ ਉਹ ਇਹੋ ਜਿਹੀ ਭੱਦੀ ਭਾਸ਼ਾ ਵਰਤਦੇ ਹਨ, ਉਦੋਂ ਵੀ ਕੁਝ ਦੂਸਰੇ ਲੋਕਾਂ ਦੀਆਂ ਭਾਵਨਾਵਾਂ ਜ਼ਖਮੀ ਹੁੰਦੀਆਂ ਹਨ। ਇਹ ਖਿਆਲ ਉਨ੍ਹਾਂ ਨੂੰ ਵੀ ਹੋਣਾ ਚਾਹੀਦਾ ਹੈ। ਭਾਰਤ ਵਿਚ ਆਪਣੀ ਪੀੜ੍ਹੀ ਹੇਠ ਸੋਟਾ ਕੋਈ ਨਹੀਂ ਮਾਰਦਾ, ਸਭ ਦੂਸਰਿਆਂ ਦੇ ਨੁਕਸ ਨੌਲਦੇ ਹਨ।
ਹਾਲਾਤ ਕਿੰਨੇ ਵੀ ਖਿਚਾਅ ਭਰੇ ਹੋਣ, ਮਾਨਸਿਕ ਤੋਲ ਕਾਇਮ ਰੱਖਣ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ। ਇਸ ਸਬੰਧ ਵਿਚ ਅਸੀਂ ਨਾ ਨਰਿੰਦਰ ਮੋਦੀ ਦੇ ਮਨ-ਪਸੰਦ ਆਗੂ ਸਰਦਾਰ ਵੱਲਭ ਭਾਈ ਪਟੇਲ ਦਾ ਚੇਤਾ ਕਰਾਉਣ ਦੀ ਲੋੜ ਸਮਝਦੇ ਹਾਂ, ਨਾ ਪੰਡਿਤ ਜਵਾਹਰ ਲਾਲ ਨਹਿਰੂ ਜਾਂ ਇੰਦਰਾ ਗਾਂਧੀ ਦਾ, ਜਿਹੜੇ ਭਾਜਪਾ ਲੀਡਰਾਂ ਨੂੰ ਪਸੰਦ ਨਹੀਂ ਆਉਣਗੇ। ਪੰਡਿਤ ਨਹਿਰੂ ਤੋਂ ਬਾਅਦ ਥੋੜ੍ਹੇ ਸਮੇਂ ਲਈ ਦੇਸ਼ ਦੀ ਵਾਗ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੇ ਸੰਭਾਲੀ ਸੀ, ਉਸ ਬਾਰੇ ਕੋਈ ਕਿੰਤੂ ਨਹੀਂ ਕਰੇਗਾ। ਪਾਕਿਸਤਾਨ ਨਾਲ ਇੱਕ ਵੱਡੀ ਜੰਗ ਉਸ ਦੇ ਵਕਤ ਲੱਗੀ ਸੀ ਤੇ ਉਸ ਜੰਗ ਤੋਂ ਪਹਿਲਾਂ ਦੇ ਹਾਲਾਤ ਦਾ ਵੇਰਵਾ ਦਿੰਦਿਆਂ ਬੀ ਬੀ ਸੀ ਲੰਡਨ ਨੇ ਇਹ ਰਿਪੋਰਟ ਪੇਸ਼ ਕਰ ਦਿੱਤੀ ਸੀ ਕਿ ‘ਹਿੰਦੂ ਮਾਨਸਿਕਤਾ ਦਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਇੱਕ ਇਸਲਾਮੀ ਦੇਸ਼ ਪਾਕਿਸਤਾਨ ਨਾਲ ਜੰਗ ਲੜਨ ਲਈ ਤਿਆਰ ਹੋ ਰਿਹਾ ਹੈ।’ ਕੁਝ ਦਿਨ ਬਾਅਦ ਦਿੱਲੀ ਵਿਚ ਇੱਕ ਵੱਡੀ ਰੈਲੀ ਕਰ ਕੇ ਉਸ ਦੇ ਮੰਚ ਤੋਂ ਲਾਲ ਬਹਾਦਰ ਸ਼ਾਸਤਰੀ ਨੇ ਕਿਹਾ ਸੀ ਕਿ ‘ਮੈਂ ਇੱਕ ਹਿੰਦੂ ਹਾਂ, ਇਸ ਰੈਲੀ ਦੀ ਪ੍ਰਧਾਨਗੀ ਕਰ ਰਹੇ ਮੀਰ ਮੁਸ਼ਤਾਕ ਇੱਕ ਮੁਸਲਮਾਨ ਹਨ ਤੇ ਹੁਣੇ ਜਿਸ ਫਰੈਂਕ ਐਨਥੋਨੀ ਨੇ ਭਾਸ਼ਣ ਕੀਤਾ ਹੈ, ਉਹ ਈਸਾਈ ਭਾਈਚਾਰੇ ਤੋਂ ਹਨ। ਸਾਡੇ ਨਾਲ ਸਿੱਖ ਤੇ ਪਾਰਸੀ ਵੀ ਬੈਠੇ ਹਨ। ਸਾਡੇ ਸਾਰਿਆਂ ਦੀ ਸਾਂਝ ਦੀ ਤੰਦ ਹੀ ਇਹ ਹੈ ਕਿ ਅਸੀਂ ਹਿੰਦੂ, ਮੁਸਲਿਮ, ਈਸਾਈ, ਸਿੱਖ, ਪਾਰਸੀ ਤੇ ਸਾਰੇ ਹੋਰ ਧਰਮਾਂ ਦੇ ਲੋਕ ਭਾਰਤੀ ਹਾਂ। ਸਾਡੇ ਕੋਲ ਮੰਦਰ ਅਤੇ ਮਸਜਿਦਾਂ ਹਨ, ਗੁਰਦੁਆਰੇ ਅਤੇ ਚਰਚ ਹਨ, ਪਰ ਅਸੀਂ ਇਨ੍ਹਾਂ ਸਭ ਨੂੰ ਰਾਜਨੀਤੀ ਵਾਸਤੇ ਵਰਤਣ ਦਾ ਕੰਮ ਨਹੀਂ ਕਰਦੇ। ਭਾਰਤ ਤੇ ਪਾਕਿਸਤਾਨ ਦਾ ਇਹੋ ਫਰਕ ਹੈ। ਪਾਕਿਸਤਾਨ ਆਪਣੇ ਇਸਲਾਮੀ ਦੇਸ਼ ਹੋਣ ਦਾ ਐਲਾਨ ਕਰਦਾ ਹੈ ਤੇ ਧਰਮ ਨੂੰ ਰਾਜਨੀਤਕ ਮੁੱਦੇ ਦੇ ਤੌਰ ਉਤੇ ਵਰਤਦਾ ਹੈ, ਸਾਨੂੰ ਭਾਰਤੀ ਲੋਕਾਂ ਨੂੰ ਇਹ ਆਜ਼ਾਦੀ ਹੈ ਕਿ ਅਸੀਂ ਆਪਣੀ ਮਰਜ਼ੀ ਦਾ ਧਰਮ ਚੁਣ ਸਕਦੇ ਹਾਂ ਤੇ ਉਸ ਦੀ ਪੂਜਾ ਕਰ ਸਕਦੇ ਹਾਂ। ਜਿੱਥੋਂ ਰਾਜਨੀਤੀ ਦੀ ਹੱਦ ਸ਼ੁਰੂ ਹੁੰਦੀ ਹੈ, ਉਥੇ ਜਾ ਕੇ ਸਾਡੇ ਵਿਚੋਂ ਹਰ ਕੋਈ ਦੂਸਰਿਆਂ ਦੇ ਨਾਲ ਭਾਰਤੀ ਹੁੰਦਾ ਹੈ, ਸਿਰਫ ਭਾਰਤੀ।’
ਆਪਣੇ ਪੁੱਤਰ ਨੂੰ ਪਿਤਾ-ਪੁਰਖੀ ਕਲਗੀ ਲਾਉਣ ਵਾਸਤੇ ਰੱਖੀ ਰਸਮ ਵਿਚ ਆਉਣ ਦਾ ਸੱਦਾ ਨਵਾਜ਼ ਸ਼ਰੀਫ ਨੂੰ ਦੇ ਕੇ ਇਮਾਮ ਅਬਦੁੱਲਾ ਬੁਖਾਰੀ ਨੇ ਚੰਗਾ ਨਹੀਂ ਕੀਤਾ, ਪਰ ਜਿਹੜੇ ਲੋਕ ਇਮਾਮ ਦੇ ਇਸ ਸੱਦੇ ਤੋਂ ਖਿਝ ਕੇ ਹੁਣ ਹੱਦਾਂ ਲੰਘ ਰਹੇ ਹਨ, ਉਹ ਵੀ ਸਾਊ ਵਿਹਾਰ ਨਹੀਂ ਕਰ ਰਹੇ। ਕੁਝ ਵਿਹਲਾ ਵਕਤ ਕੱਢ ਕੇ ਉਨ੍ਹਾਂ ਨੂੰ ਵੀ, ਹੋਰ ਕੁਝ ਨਾ ਸਹੀ, ਲਾਲ ਬਹਾਦਰ ਸ਼ਾਸਤਰੀ ਦਾ ਇਹ ਬਿਆਨ ਪੜ੍ਹ ਲੈਣਾ ਚਾਹੀਦਾ ਹੈ। ਅਕਲ ਪੱਖੋਂ ਲਾਹੇਵੰਦਾ ਰਹੇਗਾ। ਇਸ ਦੇਸ਼ ਨੂੰ ਇਕੱਠੇ ਰੱਖਣਾ ਹੈ ਤਾਂ ਇੱਕ ਕਿਲ੍ਹੇ ਅੰਦਰ ਆਪੋ ਵਿਚ ਚੁਣੌਤੀ ਦੇਣ ਵਾਲੀਆਂ ਕਿਲ੍ਹੇਬੰਦੀਆਂ ਬੰਦ ਕਰਨੀਆਂ ਹੋਣਗੀਆਂ। ਪੈਮਾਨਾ ਕੋਈ ਵੀ ਹੋਵੇ, ਲਾਗੂ ਸਾਰਿਆਂ ਉਤੇ ਬਰਾਬਰ ਹੋਣਾ ਚਾਹੀਦਾ ਹੈ।

Be the first to comment

Leave a Reply

Your email address will not be published.