ਸਿੱਖੀ ਕੀ ਸੀ ਤੇ ਕੀ ਹੈ?-4
ਸਿੱਖੀ ਦੇ ਵੱਖ-ਵੱਖ ਪੱਖਾਂ ਬਾਰੇ ਚਰਚਾ ਪਿਛਲੇ ਕੁਝ ਅੰਕਾਂ ਤੋਂ ‘ਪੰਜਾਬ ਟਾਈਮਜ਼’ ਵਿਚ ਚੱਲ ਰਹੀ ਹੈ। ਇਨ੍ਹਾਂ ਲਿਖਤਾਂ ਵਿਚ ਸਿੱਖੀ ਦੇ ਵੱਖ-ਵੱਖ ਪਹਿਲੂਆਂ ਬਾਰੇ ਵਿਚਾਰਾਂ ਕਰਦਿਆਂ ਲੇਖਕਾਂ ਨੇ ਸਿੱਖਾਂ ਦੇ ਸਿੱਖੀ ਤੋਂ ਲਾਂਭੇ ਜਾਣ ਬਾਰੇ ਆਪੋ-ਆਪਣੇ ਫਿਕਰ ਸਾਂਝੇ ਕੀਤੇ ਹਨ। ਇਸ ਵਿਚਾਰ-ਚਰਚਾ ਤਹਿਤ ਪ੍ਰੋæ ਹਰਪਾਲ ਸਿੰਘ ਦੇ ਆਪਣੇ ਲੰਮੇ ਲੇਖ ਵਿਚ ਸਮੁੱਚੇ ਧਰਮਾਂ ਦੇ ਪ੍ਰਸੰਗ ਵਿਚ ਸਿੱਖੀ ਦੇ ਦਾਰਸ਼ਨਿਕ ਪੱਖਾਂ ਬਾਰੇ ਗੱਲਾਂ ਕੀਤੀਆਂ ਸਨ। ਇਸ ਕਿਸ਼ਤ ਵਿਚ ਉਨ੍ਹਾਂ ਭਾਰਤ ਵਿਚ ਜਾਤ-ਪਾਤ ਦੇ ਪਿਛੋਕੜ ਦਾ ਮਸਲਾ ਛੋਹਿਆ ਹੈ। -ਸੰਪਾਦਕ
ਪ੍ਰੋæ ਹਰਪਾਲ ਸਿੰਘ
ਫੋਨ: 916-478-1640
ਜਾਤ-ਪਾਤੀ ਪ੍ਰਬੰਧ ਕਿਸ ਨੇ ਬਣਾਇਆ, ਕਦੋਂ ਬਣਾਇਆ ਅਤੇ ਕਿਉਂ ਬਣਾਇਆ? ਇਸ ਬਾਰੇ ਵਿਦਵਾਨਾਂ ਦੇ ਵੱਖ-ਵੱਖ ਵਿਚਾਰ ਹਨ। ਪੁਰਾਤਨ ਸਭਿਆਤਾਵਾਂ ਵਿਚ ਵੀ ਜਾਤ-ਪਾਤ ਦੇ ਕੁਝ ਚਿੰਨ੍ਹ ਨਜ਼ਰ ਆਉਂਦੇ ਹਨ, ਪਰ ਨਿਖਰਵੇਂ ਰੂਪ ਵਿਚ ਨਹੀਂ। ਮੁੱਢਲੇ ਸਮੇਂ ਤੋਂ ਹੀ ਇਹ ਏਸ਼ੀਆ ਅਤੇ ਹੋਰ ਮੁਲਕਾਂ ਵਿਚ ਮੌਜੂਦ ਸੀ। ਉਘੇ ਵਿਦਵਾਨ ਸੇਨਾਰਟ ਐਮਿਲੀ (ਕਾਸਟ ਇਨ ਇੰਡੀਆ, ਸਫਾ 152) ਅਨੁਸਾਰ, ਭਾਰਤ ਵਾਂਗ ਇਰਾਨ ਵਿਚ ਵੀ ਚਾਰ ਵਰਗਾਂ ਦੇ ਨਿਸ਼ਾਨ ਮਿਲਦੇ ਹਨ- ਇਰਾਨੀ ਵਸੋਂ ਚਾਰ ਪਿਸਤਰਾਸ ਵਿਚ ਵੰਡੀ ਹੋਈ ਸੀ। ਅਸੀਰੀਆ ਦੀ ਸਲਤਨਤ ਵਿਚ ਲੋਕ ਕਬੀਲਿਆਂ ਵਿਚ ਵੰਡੇ ਹੋਏ ਸਨ, ਉਨ੍ਹਾਂ ਦੇ ਪੇਸ਼ੇ ਜੱਦੀ ਸਨ। ਬੱਚਿਆਂ ਨੂੰ ਆਪਣੇ ਮਾਂ-ਬਾਪ ਦਾ ਹੀ ਪੇਸ਼ਾ ਅਪਨਾਉਣਾ ਪੈਂਦਾ ਸੀ। ਵੱਖ-ਵੱਖ ਪੇਸ਼ੇ ਵਾਲਿਆਂ ਨੂੰ ਸ਼ਾਦੀ ਕਰਨ ਦੀ ਮਨਾਹੀ ਸੀ। ਮਿਸਰ ਵਿਚ ਵੀ ਵੱਖ-ਵੱਖ ਪੇਸ਼ਿਆਂ ਵਾਲਿਆਂ ਨੂੰ ਸ਼ਾਦੀ ਦੀ ਮਨਾਹੀ ਸੀ। ਸੂਰ ਪਾਲਕ ਕਿਸੇ ਮੰਦਰ ਵਿਚ ਨਹੀਂ ਸੀ ਵੜ ਸਕਦੇ। ਉਨ੍ਹਾਂ ਨੂੰ ਆਪਣੇ ਭਾਈਚਾਰੇ ਅੰਦਰ ਹੀ ਸ਼ਾਦੀ ਕਰਨੀ ਪੈਂਦੀ ਸੀ (ਹੱਟਨ, ਕਾਸਟ ਇੰਨ ਇੰਡੀਆ, ਸਫਾ 140)। ਅਫਰੀਕਾ ਦੇ ਉਤਰ-ਪੂਰਬੀ ਇਲਾਕੇ ਵਿਚ ਸਮਾਲੀ ਲੋਕ ਵਸਦੇ ਸਨ। ਉਨ੍ਹਾਂ ਵਿਚ ਜੱਦੀ ਲੁਹਾਰ ਵੱਖਰੀਆਂ ਬਸਤੀਆਂ ਵਿਚ ਰਹਿੰਦੇ ਸਨ। ਲੁਹਾਰ ਜੋ ਚੀਜ਼ਾਂ ਬਣਾਉਂਦੇ ਸਨ, ਉਨ੍ਹਾਂ ਨੂੰ ਅਪਵਿੱਤਰ ਸਮਝਿਆ ਜਾਂਦਾ ਸੀ ਅਤੇ ਇਨ੍ਹਾਂ ਨੂੰ ਵਰਤਣ ਤੋਂ ਪਹਿਲਾਂ ਗਰੀਸ ਲਾ ਕੇ ਸ਼ੁੱਧ ਕੀਤਾ ਜਾਂਦਾ ਸੀ। ਰਾਤ ਸਮੇਂ ‘ਲੁਹਾਰ’ ਸ਼ਬਦ ਮੂੰਹੋਂ ਕੱਢਣਾ ਬੁਰਾ ਸਮਝਿਆ ਜਾਂਦਾ ਸੀ; ਡਰ ਸੀ ਕਿ ਸ਼ੇਰ ਬਸਤੀ ਉਤੇ ਹੱਲਾ ਕਰ ਦੇਣਗੇ।
ਅਫਰੀਕਾ ਦੇ ਦੂਜੇ ਪਾਸੇ ਇਬੂ ਸੁਸਾਇਟੀ ਵਿਚ Aਸੂ ਵਸਦੇ ਸਨ। ਉਨ੍ਹਾਂ ਨੂੰ ਵੱਖਰੀ ਬਸਤੀ ਵਿਚ ਰਹਿਣਾ ਪੈਂਦਾ ਸੀ। ਕਿਸੇ ਨੂੰ Aਸੂ ਕਹਿਣਾ, ਉਸ ਦਾ ਨਿਰਾਦਰ ਕਰਨਾ ਸੀ। ਜਾਪਾਨ ਵਿਚ ਏਟਾ ਨਾਮੀ ਫਿਰਕਾ ਅਛੂਤ ਸੀ। ਉਨ੍ਹਾਂ ਵਿਰੁਧ ਇਹ ਭਾਵਨਾ ਜਾਂ ਤੁਅੱਸਬ ਸੀ ਕਿ ਜੇ ‘ਏਟਾ’ ਸ਼ਬਦ ਵਰਤਣਾ ਵੀ ਹੋਵੇ, ਤਾਂ ਦੱਬੀ ਜ਼ੁਬਾਨ ਵਿਚ ਵਰਤਿਆ ਜਾਂਦਾ ਸੀ। ਉਹ ਪਸ਼ੂਆਂ ਸਮਾਨ ਸਮਝੇ ਜਾਂਦੇ ਸਨ ਅਤੇ ਪਿੰਡ ਤੋਂ ਬਾਹਰ ਅਲੱਗ ਬਸਤੀ ਵਿਚ ਰਹਿੰਦੇ ਸਨ। ਉਨ੍ਹਾਂ ਨੂੰ ਵੱਖਰੀ ਕਿਸਮ ਦੀ ਪੁਸ਼ਾਕ ਪਹਿਨਣੀ ਪੈਂਦੀ ਸੀ ਤਾਂ ਜੋ ਉਨ੍ਹਾਂ ਦੀ ਪਛਾਣ ਵੱਖਰੀ ਨਜ਼ਰ ਆਵੇ। ਉਹ ਆਪਣੇ ਭਾਈਚਾਰੇ ਅੰਦਰ ਹੀ ਸ਼ਾਦੀ ਕਰ ਸਕਦੇ ਸਨ ਅਤੇ ਕੇਵਲ ਰਾਤ ਸਮੇਂ ਹੀ ਆਪਣੇ ਘਰੋਂ ਬਾਹਰ ਨਿਕਲ ਸਕਦੇ ਸਨ। ਅੱਜ ਵੀ ਪੱਗੋਡਾ, ਅਰਥਾਤ ਬਰਮੀ ਮੰਦਰ ਦਾ ਗੁਲਾਮ, ਉਮਰ ਭਰ ਲਈ ਗੁਲਾਮ ਮੰਨਿਆ ਜਾਂਦਾ ਹੈ ਅਤੇ ਉਸ ਦੇ ਬੱਚੇ ਤੇ ਆਉਣ ਵਾਲੀਆਂ ਨਸਲਾਂ ਹਮੇਸ਼ਾ ਲਈ ਪੱਗੋਡਾ ਦੀ ਗੁਲਾਮ ਬਣੀਆਂ ਰਹਿੰਦੀਆਂ ਹਨ। ਰਾਜਾ ਵੀ ਉਨ੍ਹਾਂ ਨੂੰ ਰਿਹਾਅ ਨਹੀਂ ਕਰ ਸਕਦਾ। ਚੀਨ ਵਿਚ ਵੀ ਜਾਤ-ਪਾਤ ਨਾਲ ਮਿਲਦੇ-ਜੁਲਦੇ ਭਾਈਚਾਰਕ ਵਿਤਕਰਿਆਂ ਦੇ ਨਿਸ਼ਾਨ ਸਨ। ਨਾਈਆਂ ਅਤੇ ਉਨ੍ਹਾਂ ਦੀ ਔਲਾਦ ਨੂੰ ਅਛੂਤ ਸਮਝਿਆ ਜਾਂਦਾ ਸੀ। ਉਹ ਸਰਕਾਰੀ ਨੌਕਰੀ ਨਹੀਂ ਲੈ ਸਕਦੇ ਸਨ। ਨਾਚੇ, ਨਾਚੀਆਂ, ਮਲਾਹ ਤੇ ਪੁਲਸੀਏ ਨੀਵੇਂ ਸਮਝੇ ਜਾਂਦੇ ਅਤੇ ਇਨ੍ਹਾਂ ਨੂੰ ਆਪਣੇ ਭਾਈਚਾਰੇ ਵਿਚ ਹੀ ਸ਼ਾਦੀ ਕਰਨੀ ਪੈਂਦੀ ਸੀ। ਕੋਈ ਗੁਲਾਮ, ਆਜ਼ਾਦ ਇਸਤਰੀ ਨਾਲ ਵਿਆਹ ਨਹੀਂ ਸੀ ਕਰ ਸਕਦਾ।
ਭਾਰਤ ਤੋਂ ਬਿਨਾਂ ਜਾਤ-ਪਾਤ ਦਾ ਜ਼ਹਿਰ ਬਾਕੀ ਦੇਸ਼ਾਂ ਵਿਚ ਪੂਰੇ ਸਰੀਰ ਵਿਚ ਫੈਲਿਆ ਹੋਇਆ ਨਹੀਂ ਸੀ, ਭਾਵ ਇਹ ਸਮਾਜ ਦੇ ਇਕ-ਅੱਧੇ ਹਿੱਸੇ ‘ਤੇ ਹੀ ਲਾਗੂ ਹੁੰਦਾ ਸੀ, ਸਾਰੇ ਸਮਾਜ ‘ਤੇ ਨਹੀਂ। ਬਾਕੀ ਦੇਸ਼ਾਂ ਵਿਚ ਜਾਤੀ ਪ੍ਰਬੰਧ ਸਮੁੱਚੇ ਸਮਾਜ ਨੂੰ ਕਾਬੂ ਕਰਨ ਵਿਚ ਸਫਲ ਨਹੀਂ ਹੋਇਆ। ਜਿਵੇਂ ਮਿਸਰ ਵਿਚ ਜਾਤ-ਪਾਤ ਵਰਗੇ ਵਿਤਕਰਿਆਂ ਦੀ ਕੋਈ ਵੀ ਸ਼ਕਲ ਸੀ, ਪਰ ਕੋਈ ਨਿਸ਼ਾਨੀ ਨਹੀਂ ਮਿਲਦੀ ਜੋ ਜ਼ਾਹਿਰ ਕਰ ਸਕੇ ਕਿ ਉਥੇ ਭਾਰਤ ਵਾਂਗ ਜਾਤੀ ਪ੍ਰਬੰਧ ਸਖ਼ਤੀ ਨਾਲ ਲਾਗੂ ਸੀ। ਹੱਟਨ ਆਪਣੀ ਕਿਤਾਬ ‘ਕਾਸਟ ਇਨ ਇੰਡੀਆ’ ਵਿਚ ਲਿਖਦਾ ਹੈ- ਉਥੇ ਜਾਤ-ਪਾਤ ਨੇ ਸਿਰ ਚੁੱਕਿਆ, ਪਰ ਅਧੂਰੀ ਹਾਲਤ ਵਿਚ ਰੁਕ ਗਈ, ਜਾਂ ਜੇ ਵਿਗੜੀ ਵੀ ਤਾਂ ਉਸ ਨੇ ਸਮਾਜ ਦੇ ਇਕ ਛੋਟੇ ਜਿਹੇ ਹਿੱਸੇ ਉਤੇ ਹੀ ਅਸਰ ਕੀਤਾ ਅਤੇ ਸਮਾਜ ਦੇ ਵੱਡੇ ਹਿੱਸੇ ਨੂੰ ਨਹੀਂ ਛੋਹਿਆ। ਇਰਾਨ ਵਿਚ ਪੁਜਾਰੀ ਦਾ ਪੇਸ਼ਾ ਸਭ ਤੋਂ ਉਤਮ ਅਤੇ ਕਾਰੀਗਰ ਦਾ ਸਭ ਤੋਂ ਘਟੀਆ ਸਮਝਿਆ ਜਾਂਦਾ ਸੀ। ਆਪਣਾ ਪੇਸ਼ਾ ਬਦਲਣ ਦੀ ਸਿਰਫ ਉਨ੍ਹਾਂ ਨੂੰ ਆਗਿਆ ਮਿਲਦੀ ਸੀ, ਜੋ ਨਵੇਂ ਅਪਨਾਏ ਜਾਣ ਵਾਲੇ ਹੁਨਰ ਲਈ ਵਿਸ਼ੇਸ਼ ਤੌਰ ‘ਤੇ ਯੋਗ ਹੁੰਦੇ ਸਨ। ਪੁਜਾਰੀ ਆਪਣੇ ਤੋਂ ਨੀਵੀਆਂ ਜਾਤਾਂ ਦੀਆਂ ਲੜਕੀਆਂ ਨਾਲ ਸ਼ਾਦੀ ਕਰ ਸਕਦੇ ਸਨ, ਪਰ ਆਪਣੀਆਂ ਲੜਕੀਆਂ ਨੂੰ ਨੀਵੀਆਂ ਜਾਤਾਂ ਦੇ ਬੰਦਿਆਂ ਨਾਲ ਵਿਆਹ ਕਰਨ ਦੀ ਆਗਿਆ ਨਹੀਂ ਸੀ। ਐਮæਐਨæ ਢੱਲਾ (ਜ਼ੋਰੋਆਸਟਰੀਅਨ ਸਿਵਿਲਾਈਜ਼ੇਸ਼ਨ) ਅਨੁਸਾਰ, ਇਹ ਗੱਲਾਂ ਹੋਣ ਦੇ ਬਾਵਜੂਦ ਇਰਾਨ ਦੇ ਇਤਿਹਾਸ ਵਿਚ ਜਾਤੀ-ਪਾਤ ਹੋਣ ਦਾ ਕੋਈ ਸਬੂਤ ਨਹੀਂ ਮਿਲਦਾ।
ਸੰਸਾਰ ਦੇ ਬਾਕੀ ਦੇਸ਼ਾਂ ਦੇ ਮੁਕਾਬਲੇ ਭਾਰਤ ਵਿਚ ਜਾਤੀ ਪ੍ਰਬੰਧ ਕੱਟੜ ਰੂਪ ਵਿਚ ਨਜ਼ਰ ਆਉਂਦਾ ਹੈ ਜਿਸ ਨੇ ਭਾਰਤ ਦੇ ਸਮੁੱਚੇ ਸਮਾਜਕ ਢਾਂਚੇ ਨੂੰ ਕਈ ਸਦੀਆਂ ਤੱਕ ਆਪਣੀ ਗ੍ਰਿਫ਼ਤ ਵਿਚ ਰੱਖਿਆ। ਭਾਰਤ ਦੇ ਜਾਤੀ ਪ੍ਰਬੰਧ ਨੂੰ ਸਮਝਣ ਤੋਂ ਪਹਿਲਾਂ ਪੁਰਾਣੀ ਭਾਰਤੀ ਸਭਿਅਤਾ ਜਿਸ ਵਿਚ ਦ੍ਰਾਵਿੜ ਅਤੇ ਆਰੀਅਨ ਲੋਕਾਂ ਦੀ ਸ਼ਮੂਲੀਅਤ ਸੀ, ਦੇ ਜਾਤੀ ਪ੍ਰਬੰਧ ਨੂੰ ਸਮਝਣਾ ਪਵੇਗਾ।
ਆਰੀਆ ਲੋਕਾਂ ਦੇ ਭਾਰਤ ਪ੍ਰਵੇਸ਼ ਤੋਂ ਪਹਿਲਾਂ ਪੰਜਾਬ ਦੀ ਸਿੰਧ ਘਾਟੀ ਵਿਚ ਜਿਹੜੇ ਲੋਕ ਰਹਿੰਦੇ ਸਨ, ਉਨ੍ਹਾਂ ਨੂੰ ਦ੍ਰਾਵਿੜ ਜਾਂ ਦਸਯੂ ਕਿਹਾ ਜਾਂਦਾ ਸੀ। ਦਸਯੂ ਕਾਲੇ ਰੰਗ ਦੇ, ਮਧਰੇ, ਮੋਟੇ ਨੱਕ, ਮੋਟੇ ਬੁੱਲ੍ਹ ਤੇ ਮੋਟੀ ਆਵਾਜ਼ ਵਾਲੇ ਸਨ। ਇਹ ਚੰਗੇ ਅਕਲਮੰਦ, ਸਿੱਖਿਅਤ, ਸੁੱਘੜ ਤੇ ਮਿਹਨਤੀ ਲੋਕ ਸਨ। ਇਨ੍ਹਾਂ ਵਿਚ ਜਾਤੀ ਪ੍ਰਥਾ ਦਾ ਕੋਈ ਨਿਸ਼ਾਨ ਨਹੀਂ ਸੀ। ਸਾਰੇ ਲੋਕ ਇਕ ਇਕਾਈ ਸਨ, ਖਾਂਦੇ-ਪੀਂਦੇ ਵੀ ਇਕੱਠੇ ਸਨ। ਨਾ ਕੋਈ ਬ੍ਰਾਹਮਣ ਸੀ, ਨਾ ਸ਼ੂਦਰ। ਇਹ ਲੋਕ ਆਪਸ ਵਿਚ ਵਿਆਹ ਕਰਵਾਉਂਦੇ ਸਨ। ਅਮਨ ਪਸੰਦ ਸ਼ਹਿਰੀ ਸਨ। ਵਿਕਸਿਤ ਸਭਿਅਤਾ ਦੇ ਮਾਲਕ ਸਨ। ਆਰੀਅਨਾਂ ਦਾ ਯੁੱਧ ਦਸਯੂ ਲੋਕਾਂ ਨਾਲ ਹੋਇਆ ਜਿਨ੍ਹਾਂ ਨੂੰ ਪਿੱਛੋਂ ਜਾ ਕੇ ਦਾਸ ਕਿਹਾ ਜਾਣ ਲੱਗਾ। ਆਰੀਅਨ ਇਨ੍ਹਾਂ ਨੂੰ ਅਸੁਰ, ਪੈਸ਼ਾਚ ਅਤੇ ਰਾਖਸ਼ਿਸ਼ ਕਹਿੰਦੇ ਸਨ। ਰਿਗਵੇਦ ਵਿਚ ਲਿਖਿਆ ਹੈ ਕਿ ਧਰਤੀ ਇਨ੍ਹਾਂ ਦਸਯੂ ਪੈਸ਼ਾਚਾਂ ਦੇ ਦਫਨ ਕਰਨ ਲਈ ਹੀ ਬਣਾਈ ਗਈ ਹੈ। ਲਿਖਿਆ ਹੈ ਕਿ ਆਰੀਅਨਾਂ ਵੱਲੋਂ ਇੰਦਰ (ਜੋ ਸ਼ਕਤੀਸ਼ਾਲੀ ਦੇਵਤਾ ਸੀ) ਅੱਗੇ ਅਰਦਾਸ ਕੀਤੀ ਗਈ, ਅਰਦਾਸ ਦੇ ਸ਼ਬਦ ਇਹ ਹਨ,
ਚੁਫੇਰੇ ਸਾਡੇ ਦਸਯੂ ਕਬੀਲੇ ਹਨ
ਉਹ ਬਲੀਆਂ ਨਹੀਂ ਦਿੰਦੇ
ਉਹ ਕਿਸੇ ਮੰਨਤ ਨੂੰ ਨਹੀਂ ਮੰਨਦੇ
ਉਨ੍ਹਾਂ ਦੀਆਂ ਰੀਤਾਂ ਵਚਿੱਤਰ ਹਨ
ਮਨੁੱਖ ਹੀ ਨਹੀਂ ਜਾਪਦੇ ਉਹ
ਐ ਦੁਸ਼ਮਣਾਂ ਦਾ ਸੰਘਾਰ ਕਰਨ ਵਾਲੇ ਇੰਦਰ
ਉਨ੍ਹਾਂ ਦਾ ਨਾਸ਼ ਕਰ
ਦਾਸ ਜਾਤੀ ਦਾ ਬੀਜ ਨਾਸ਼ ਕਰ।
ਆਮ ਸਹਿਮਤੀ ਇਸ ਗੱਲ ਉਤੇ ਹੈ ਕਿ 4000 ਜਾਂ 5000 ਸਾਲ ਪਹਿਲਾਂ ਪੁਰਾਣੇ ਆਰੀਅਨ ਲੋਕ ਆਪਣੇ ਮੱਧ ਏਸ਼ੀਆ (ਇਰਾਨ) ਵਿਚਲੇ ਅਸਲੀ ਜੱਦੀ ਘਰ ਤੋਂ ਉਠ ਕੇ ਭਾਰਤ ਦੇ ਉਤਰੀ ਖਿੱਤੇ ਪੰਜਾਬ ਵਿਚ ਆ ਕੇ ਵਸ ਗਏ। ਉਹ ਆਪਣਾ ਦੇਸ਼ ਛੱਡ ਕੇ ਦੂਰ ਦਰੇਡੀਆਂ ਥਾਂਵਾਂ ਵੱਲ ਕਿਉਂ ਗਏ, ਇਸ ਬਾਰੇ ਕੋਈ ਠੋਸ ਪ੍ਰਮਾਣ ਨਹੀਂ ਮਿਲਦੇ। ਹੋ ਸਕਦਾ ਹੈ ਕਿ ਕੋਈ ਕੁਦਰਤੀ ਆਫਤ ਆਣ ਪਈ ਜਾਂ ਉਨ੍ਹਾਂ ਦੇ ਕਬੀਲਿਆਂ ਦਾ ਆਪਸੀ ਟਕਰਾਉ ਇਸ ਕਦਰ ਵਧ ਗਿਆ ਸੀ ਕਿ ਇਕ ਧੜੇ ਨੂੰ ਆਪਣੇ ਜੱਦੀ ਸਥਾਨ ਤੋਂ ਨਿਕਲਣਾ ਪਿਆ ਹੋਵੇ। ਇਕ ਜਾਣਕਾਰੀ ਰਿਗਵੇਦ ਤੋਂ ਮਿਲਦੀ ਹੈ ਜਿਸ ਦਾ ਵਰਣਨ ਸਵਾਮੀ ਧਰਮਾ ਤੀਰਥ ਨੇ ਆਪਣੀ ਪੁਸਤਕ ‘ਹਿਸਟਰੀ ਆਫ ਦਿ ਹਿੰਦੂ ਇੰਪੀਰੀਲਿਜ਼ਮ’ (ਸਫਾ 48) ਵਿਚ ਕੀਤਾ ਹੈ।
ਇਨ੍ਹਾਂ ਪ੍ਰਾਚੀਨ ਵਿਦੇਸ਼ੀ ਆਰੀਅਨ ਹਮਲਾਵਰਾਂ ਨੇ ਜਿਹੜੀਆਂ ਕਵਿਤਾਵਾਂ ਜੋੜੀਆਂ, ਇਕੱਠੀਆਂ ਕੀਤੀਆਂ ਤੇ ਲਿਖੀਆਂ, ਉਨ੍ਹਾਂ ਤੋਂ ਪਤਾ ਲਗਦਾ ਹੈ ਕਿ ਉਨ੍ਹਾਂ ਨੇ ਮੁਕਾਬਲੇ ਦੀ ਉਚੀ ਸਭਿਅਤਾ ਵਿਕਸਤ ਕਰ ਲਈ ਸੀ, ਪਰ ਖਾਸ ਗੱਲ ਇਹ ਸੀ ਕਿ ਇਹ ਘੁਮੱਕੜ ਹਮਲਾਵਰ ਜਿਨ੍ਹਾਂ ਨੇ ਆਪਣੀ ਮੂਲ ਜਗ੍ਹਾ ਛੱਡ ਕੇ ਦੂਰ ਦੁਰਾਡੇ ਦੇਸ਼ਾਂ ਵੱਲ ਕੂਚ ਕੀਤਾ, ਉਹ ਲੋਕ ਆਪਣੇ ਮੱਧ ਏਸ਼ੀਆਈ ਸਮਾਜ ਵਿਚ ਭਲੇ ਚੰਗੇ ਨੇਕ ਲੋਕ ਨਹੀਂ ਸਨ ਮੰਨੇ ਜਾਂਦੇ। ਇਹ ਲੋਕ ਜਿਨ੍ਹਾਂ ਨੂੰ ਮੱਧ ਏਸ਼ੀਆਈ ਸਮਾਜ ਵਿਚ ਮਾੜੇ ਤੇ ਘਟੀਆ ਸਮਝਿਆ ਜਾਂਦਾ ਸੀ, ਆਪਣੀਆਂ ਸਭਿਆਚਾਰਕ ਪ੍ਰਾਪਤੀਆਂ ਦੇ ਮੁਕਾਬਲੇ ਸਰੀਰਕ ਬਲ, ਸ਼ਹਿਣ ਸ਼ਕਤੀ ਅਤੇ ਜਾਨਵਰਾਂ ਵਰਗੇ ਹੌਸਲੇ ਕਰ ਕੇ ਨਿੱਡਰ ਤੇ ਬਹਾਦਰ ਲੋਕ ਸਨ। ਪ੍ਰਾਚੀਨ ਸਮਿਆਂ ਵਿਚ ਭਾਰਤ ਦੇ ਪੰਜਾਬ ਖਿੱਤੇ ਵਿਚ ਪਹੁੰਚੇ ਆਰੀਅਨ ਹਮਲਾਵਰਾਂ ਦਾ ਇਥੋਂ ਦੇ ਰਿਵਾਜ਼ਾਂ ਨਿਯਮਾਂ ਨਾਲ ਕੋਈ ਵੀ ਵੈਰ-ਵਿਰੋਧ ਨਹੀਂ ਸੀ। ਉਹ ਨਿੱਡਰ, ਸਖ਼ਤ ਜਾਨ, ਚਰਿੱਤਰਹੀਣ, ਬੇਈਮਾਨ, ਅੰਧ-ਵਿਸ਼ਵਾਸੀ ਅਤੇ ਜ਼ੋਖਮ ਭਰੇ ਕੰਮ ਕਰਨ ਵਾਲੇ ਲੋਕ ਸਨ ਜਿਹੜੇ ਹਰ ਸਮੇਂ ਆਪਣੀ ਤਾਕਤ ਨਾਲ ਉਨ੍ਹਾਂ ਲੋਕਾਂ ਉਪਰ ਬਲ ਦਾ ਇਸਤੇਮਾਲ ਕਰਨ ਲਈ ਹਰ ਵੇਲੇ ਤਿਆਰ ਰਹਿੰਦੇ ਸਨ ਜਿਹੜੇ ਉਨ੍ਹਾਂ ਦੇ ਰਸਤੇ ਵਿਚ ਆਉਂਦੇ ਸਨ, ਜਾਂ ਜਿਹੜੇ ਲੋਕ ਜ਼ਮੀਨ ‘ਤੇ ਪਹਿਲਾਂ ਰਹਿੰਦੇ ਸਨ ਜਿਨ੍ਹਾਂ ਉਪਰ ਧਾਵਾ ਬੋਲ ਕੇ ਕਬਜ਼ਾ ਕਰਨਾ ਹੁੰਦਾ ਸੀ। ਇਹ ਪੁਰਾਤਨ ਕਬੀਲਾ ਅਫਗਾਨਿਸਤਾਨ ਵੱਲੋਂ ਹਿੰਦੂ ਕੁਸ਼ ਰਾਹੀਂ ਫਾਰਸ ਗਿਆ ਤੇ ਉਥੋਂ ਕਾਬਲ ਰਾਹੀਂ ਸਿੰਧ ਦਰਿਆ ਦੀ ਘਾਟੀ (ਪੰਜਾਬ) ਵਿਚ ਆਬਾਦ ਹੋਇਆ। ਪੰਜਾਬ ਵਿਚ ਆਪਣੇ ਪੈਰ ਜਮਾਉਣ ਲਈ ਉਨ੍ਹਾਂ ਨੂੰ ਇੱਥੋਂ ਦੇ ਆਦਿ ਵਾਸੀਆਂ ਜਾਂ ਮੂਲ ਨਿਵਾਸੀਆਂ ਨਾਲ ਲੰਮਾ ਸੰਘਰਸ਼ ਕਰਨਾ ਪਿਆ। ਜਿਹੜੇ ਲੋਕ ਉਨ੍ਹਾਂ ਨੂੰ ਕੂਚ ਕਰਨ ਜਾਂ ਫੈਲਾਓ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਸਨ, ਜਾਂ ਉਨ੍ਹਾਂ ਦੇ ਰਾਹ ਦੇ ਰੋੜੇ ਬਣਦੇ ਸਨ, ਆਰੀਅਨ ਉਨ੍ਹਾਂ ਨੂੰ ਉਨਾ ਚਿਰ ਤਬਾਹ, ਨਸ਼ਟ ਜਾਂ ਬਰਬਾਦ ਕਰੀ ਗਏ, ਜਿੰਨਾ ਚਿਰ ਉਨ੍ਹਾਂ ਗੰਗੋਤਰੀ ਵਾਦੀ ਵਿਚ ਆਪਣੇ ਛੋਟੇ-ਛੋਟੇ ਨਵੇਂ ਰਾਜ ਬਣਾ ਕੇ ਸ਼ਾਂਤੀ ਨਾ ਕਾਇਮ ਕਰ ਲਈ। ਪੁਰਾਣਾ ਕਾਲ 1000 ਈਸਵੀ ਵਿਚ, ਯਾਨਿ ਅੱਜ ਤੋਂ 3000 ਸਾਲ ਪਹਿਲਾਂ ਹਿੰਦੁਸਤਾਨ ਲਫ਼ਜ਼ ਜਾਂ ਇਸ ਨਾਂ ਦੇ ਦੇਸ਼ ਦਾ ਕੋਈ ਵਜੂਦ ਨਹੀਂ ਸੀ। 20-25 ਛੋਟੇ-ਛੋਟੇ ਰਾਜ ਸਨ ਜੋ ਹਮੇਸ਼ਾ ਆਪਸ ਵਿਚ ਲੜਦੇ ਰਹਿੰਦੇ ਸਨ। ਪੰਜਾਬ ਦਾ ਨਾਂ ਮਦਰ ਦੇਸ਼ ਸੀ ਜਿਸ ਵਿਚ ਪੂਰਬੀ ਤੇ ਪੱਛਮੀ ਪੰਜਾਬ, ਯਾਨਿ ਸਿੰਧ ਦਰਿਆ ਤੋਂ ਸਰਸਵਤੀ/ਘੱਗਰ ਤੱਕ ਦਾ ਇਲਾਕਾ ਸ਼ਾਮਲ ਸੀ। ਸਵਾਮੀ ਧਰਮਾ ਤੀਰਥ (ਹਿਸਟਰੀ ਆਫ ਦਿ ਹਿੰਦੂ ਇੰਪੀਰੀਲਿਜ਼ਮ) ਅਨੁਸਾਰ 600 ਈਸਾ ਪੂਰਵ (ਬੀæਸੀæ) ਵਿਚ 16 ਛੋਟੇ-ਛੋਟੇ ਰਾਜ ਸਨ ਜਿਨ੍ਹਾਂ ਨੂੰ ਮਹਾਜਨਪਦਾ ਕਿਹਾ ਜਾਂਦਾ ਸੀ।
ਪ੍ਰਾਚੀਨ ਆਰੀਅਨ ਸਮਾਜ ਵਿਚ ਨਾ ਕੋਈ ਬ੍ਰਾਹਮਣ ਸੀ, ਨਾ ਕਸ਼ਤਰੀ, ਨਾ ਹੀ ਵੈਸ਼ ਤੇ ਨਾ ਹੀ ਕੋਈ ਸ਼ੂਦਰ ਸੀ। ਜਾਤ-ਪਾਤ ਦੀ ਕੋਈ ਹੋਂਦ ਨਹੀਂ ਸੀ। ਸਾਰੇ ਲੋਕ ਇਕੱਠੇ ਖਾਂਦੇ-ਪੀਂਦੇ, ਆਪਸੀ ਵਿਆਹ ਕਰਦੇ ਅਤੇ ਇਕਾਈ ਦੇ ਰੂਪ ਵਿਚ ਵਿਚਰਦੇ ਸਨ। ਔਰਤ ਆਜ਼ਾਦ ਸੀ ਅਤੇ ਆਪਣੀ ਮਰਜ਼ੀ ਨਾਲ ਆਪਣਾ ਪਤੀ ਚੁਣ ਸਕਦੀ ਸੀ। ਸਤੀ ਪ੍ਰਥਾ ਜਾਂ ਬਾਲ ਵਿਆਹ ਦੀ ਕੋਈ ਪ੍ਰਥਾ ਨਹੀਂ ਸੀ। ਔਰਤ ਨੂੰ ਦੇਵੀ ਦੇ ਰੂਪ ਵਿਚ ਪੂਜਿਆ ਜਾਂਦਾ ਸੀ। ਯਜੋਨਪਵੀਤਾ ਨਾਮਕ ਪਵਿੱਤਰ ਕੱਪੜਾ ਕੇਵਲ ਬਲੀਆਂ ਦੇਣ ਵੇਲੇ ਹੀ ਪਹਿਨਿਆ ਜਾਂਦਾ ਸੀ। ਮਹਾਂਭਾਰਤ ਵਿਚ ਯੁਧਿਸ਼ਟਰ ਆਪਣੇ ਮੂੰਹੋਂ ਸਾਫ ਆਖਦਾ ਹੈ ਕਿ ਇਹ ਵੱਖਰੇ-ਵੱਖਰੇ ਲੋਕਾਂ ਦਾ ਸੰਯੋਗ ਮਿਸ਼ਰਨ ਹੈ। ਨਹੂਸ਼ਾ ਸਪਤਰਿਸ਼ੀ ਦੰਤ-ਕਥਾ ਵਿਚ ਯੁਧਿਸ਼ਟਰ ਖੁਦ ਆਖਦਾ ਹੈ, “ਓ ਜਾਤ! ਓ ਵਿਸ਼ਵਾਸਘਾਤੀ ਨਹੂਸ਼ਾ, ਇਸ ਆਦਮਜਾਤ, ਇਸ ਨਸਲ, ਇਸ ਉਪਜਾਤੀ ਦੀ ਮੌਜੂਦਗੀ, ਇਸ ਸਮੇਂ ਕਈ ਨਸਲਾਂ ਦਾ ਧੁੰਦਲਾ, ਅਸਪਸ਼ਟ ਵੱਡੀ ਗੱਡਮੱਡ ਦਾ ਨਤੀਜਾ ਹੈ, ਫਲ ਹੈ, ਸਿੱਟਾ ਹੈ। ਸਾਰੀਆਂ ਨਸਲਾਂ ਦੇ ਆਦਮੀ ਅਤੇ ਉਨ੍ਹਾਂ ਦੀਆਂ ਔਰਤਾਂ ਰਾਹੀਂ ਪੈਦਾ ਹੋਏ ਬੱਚੇ ਬਿਨਾਂ ਕਿਸੇ ਜਾਤ ਤੋਂ ਨਿਰ-ਪਛਾਣ ਹਨ। ਸਾਰੇ ਆਦਮੀ ਬੋਲ-ਚਾਲ, ਸੰਭੋਗ, ਜਨਮ ਤੇ ਮੌਤ ਦੇ ਸਬੰਧ ਵਿਚ ਬਰਾਬਰ ਅਤੇ ਇਕੋ ਜਿਹੇ ਹਨ।” (ਸਵਾਮੀ ਧਰਮਾ ਤੀਰਥ) ਵਰਣ ਵਿਵਸਥਾ ਦਾ ਸਾਰਾ ਪ੍ਰਬੰਧ, ਸਾਰੀ ਵਿਵਸਥਾ ਇਕੋ ਜਿਹੀ ਸੀ। ਜਦ ਤਕ ਉਚਿਤ ਯੋਗ ਵਰਤਾਓ ਦੀ ਹੋਂਦ ਨਹੀਂ ਸੀ, ਜਾਤਾਂ ਵਿਅਰਥ ਸਨ ਅਤੇ ਨਸਲਾਂ ਦੀ ਆਪਸੀ ਗੱਡਮੱਡ ਸਮੇਂ ਦੀ ਜ਼ਰੂਰਤ ਸੀ।
ਪ੍ਰਾਚੀਨ ਆਰੀਅਨਾਂ ਨੇ ਸਮਾਜ ਵਿਚ ਆਤਮ-ਵਿਸ਼ਵਾਸ, ਜ਼ਿੰਮੇਵਾਰੀ ਅਤੇ ਸਮਾਜੀ ਸੁਰੱਖਿਆ ਲਈ ਨਵੇਂ ਸਮਾਜਕ ਪ੍ਰਬੰਧ ਦਾ ਨਿਕਾਸ ਕੀਤਾ ਜਿਸ ਵਿਚ ਚਾਰ ਆਸ਼ਰਮ- ਬ੍ਰਾਹਮਣ, ਕਸ਼ੱਤਰੀ ਜਾਂ ਫੌਜੀ ਵਰਗ, ਵੈਸ਼ ਜਾਂ ਵਪਾਰੀ ਵਰਗ ਅਤੇ ਸ਼ੂਦਰ ਜਾਂ ਦਸਤਕਾਰ ਤੇ ਗੁਲਾਮ ਵਰਗ ਸਨ। ਇਹੀ ਅਜਿਹਾ ਜਮਾਤੀ ਪ੍ਰਬੰਧ ਸੀ ਜਿਸ ਤਹਿਤ ਲੋਕ ਯੋਗਤਾ ਅਨੁਸਾਰ ਆਪਣੀ ਜਮਾਤ ਬਦਲ ਸਕਦੇ ਸਨ। ਇਹ ਜਮਾਤਾਂ ਕਿੱਤਿਆਂ ਦੇ ਆਧਾਰ ‘ਤੇ ਬਣੀਆਂ ਹੋਈਆਂ ਸਨ। ਕੋਈ ਬੰਦਾ ਬ੍ਰਾਹਮਣ ਇਸ ਲਈ ਹੈ, ਕਿਉਂਕਿ ਉਸ ਦਾ ਇਕ ਖਾਸ ਕਿੱਤਾ ਹੈ। ਦੂਜਾ ਬੰਦਾ ਸ਼ੂਦਰ ਇਸ ਲਈ ਹੈ ਕਿਉਂਕਿ ਉਸ ਦਾ ਕਿੱਤਾ ਹੋਰ ਹੈ। ਕਿਸੇ ਬੰਦੇ ਦੀ ਜਮਾਤ ਉਸ ਦੇ ਕਿੱਤੇ ਦੇ ਆਧਾਰ ‘ਤੇ ਬਣੀ ਹੈ। ਇਨ੍ਹਾਂ ਜਮਾਤਾਂ ਵਿਚ ਲੋਕ ਕਿਸੇ ਪਾਸੇ ਵੀ ਜਾ ਕੇ ਆਪਣੀ ਜਮਾਤ ਬਦਲ ਸਕਦੇ ਸਨ। ਸ਼ੂਦਰ ਆਪਣੀ ਜਮਾਤ ਬਦਲ ਕੇ ਬ੍ਰਾਹਮਣ ਦੀ ਜਮਾਤ ਜਾਂ ਕਿਸੇ ਹੋਰ ਜਮਾਤ ਵਿਚ ਜਾ ਸਕਦਾ ਸੀ; ਬਸ਼ਰਤੇ ਕਿ ਉਸ ਨੇ ਆਪਣੀ ਯੋਗਤਾ ਸੁਧਾਰ ਲਈ ਹੋਵੇ। ਇਸੇ ਤਰ੍ਹਾਂ ਬ੍ਰਾਹਮਣ ਜਮਾਤ ਦੇ ਬੰਦੇ ਦੀ ਯੋਗਤਾ ਵਿਚ ਕਮੀ ਆ ਗਈ ਹੋਵੇ ਤਾਂ ਉਹ ਹੇਠਲੀ ਜਮਾਤ ਦਾ ਮੈਂਬਰ ਬਣ ਜਾਂਦਾ ਸੀ। ਜੇ ਉਹ ਫਿਰ ਆਪਣੀ ਯੋਗਤਾ ਸੁਧਾਰ ਲੈਂਦਾ ਹੈ ਤਾਂ ਮੁੜ ਬ੍ਰਾਹਮਣ ਜਮਾਤ ਵਿਚ ਵਾਪਸ ਆ ਜਾਵੇਗਾ।
ਆਰੀਅਨ ਦੀ ਪ੍ਰਾਚੀਨ ਵਰਣ ਵਿਵਸਥਾ ਅਤੇ ਆਸ਼ਰਮਾਂ ਵਿਚ ਜਾਤੀ ਪ੍ਰਥਾਵਾਦੀ ਕੋਈ ਗੱਲ ਨਹੀਂ ਸੀ। ਇਸ ਦਾ ਅਰੰਭ ਨਿਯਮਬੱਧ ਤਰੀਕੇ ਨਾਲ ਕੀਤਾ ਗਿਆ, ਬਿਲਕੁਲ ਵੱਖਰੇ ਕਾਰਜ ਲਈ ਇਸ ਦੀ ਵਰਤੋਂ ਕੀਤੀ ਗਈ। ਇਸ ਸਮੇਂ ਆਰੀਅਨਾਂ ਦੇ ਇਕ ਖਾਸ ਵਸ਼ਿਸ਼ਟ ਪੁਜਾਰੀ ਵਰਗ ਨੇ ਭਾਰਤੀ ਸਮਾਜ ਵਿਚ ਆਪਣੇ ਆਪ ਨੂੰ ਜੱਦੀ-ਪੁਸ਼ਤੀ ਅਜਾਰੇਦਾਰਾਨਾ ਜਮਾਤ ਵਰਗ ਵਜੋਂ ਸਥਾਪਿਤ ਕੀਤਾ ਕਿ ਪੁੱਤਰ, ਪਿਉ ਵਾਲਾ ਹੀ ਕੰਮ ਕਰੇਗਾ ਅਤੇ ਉਨ੍ਹਾਂ ਨੇ ਹੋਰਨਾਂ ਲੋਕਾਂ ਨੂੰ ਆਪਣੇ ਬ੍ਰਾਹਮਣ ਵਰਗ ਵਿਚੋਂ ਛਾਂਟ-ਛਾਂਟ ਕੇ ਕੱਢਣਾ ਸ਼ੁਰੂ ਕਰ ਦਿੱਤਾ। ਬ੍ਰਾਹਮਣਾਂ ਨੇ ਸਮਾਜ ਨੂੰ ਜਾਤਾਂ ਵਿਚ ਵੰਡ ਕੇ ਉਨ੍ਹਾਂ ਦੇ ਸ਼ੋਸ਼ਣ ਦੀਆਂ ਯੋਜਨਾਵਾਂ ਘੜੀਆਂ।
“ਬ੍ਰਾਹਮਣ ਪੁਜਾਰੀਆਂ ਦਾ ਆਪਣੀ ਵਿਸ਼ੇਸ਼ ਅਧਿਕਾਰਾਂ ਵਾਲੀ ਵੱਖਰੀ ਜਮਾਤ ਬਣਾਉਣ ਦਾ ਮਕਸਦ ਕੋਈ ਧਾਰਮਕ, ਰੂਹਾਨੀ ਜਾਂ ਕਿਸੇ ਕੁਦਰਤੀ ਨਸਲ ਦੀ ਮਹੱਤਤਾ ਸਿੱਧ ਕਰਨ ਲਈ ਨਹੀਂ ਸੀ, ਬਲਕਿ ਸਿਰਫ ਆਪਣੇ ਧਨ ਦੇ ਲਾਲਚ, ਔਰਤਬਾਜ਼ੀ ਅਤੇ ਸ਼ਰਾਬਖੋਰੀ ਐਸ਼ੋ-ਇਸ਼ਰਤ ਲਈ ਸੀ। ਬ੍ਰਾਹਮਣ ਆਪਣੇ ਵੱਲੋਂ ਨਿਰਪੱਖ ਹੋ ਕੇ ਆਪਣੀ ਦੈਵੀ ਮਹਾਨਤਾ ਦੀ ਜਿਹੜੀ ਵਕਾਲਤ ਕਰਦੇ ਹਨ, ਉਸ ਦਾ ਕੁਝ ਬੇਤੁਕਾ ਹਾਸੋਹੀਣਾ ਵਿਸਥਾਰ ਅਸੀਂ ਬਹੁਤ ਸਮਾਂ ਬਾਅਦ 1000 ਈਸਵੀ ਵਿਚ ਮੰਨੂੰ ਸ੍ਰਿਮਤੀ ਵਿਚ ਸਪਸ਼ਟ ਵੇਖ ਸਕਦੇ ਹਾਂ। (ਸਵਾਮੀ ਧਰਮ ਤੀਰਥਾ):
1æ ਇਸ ਧਰਤੀ ‘ਤੇ ਜੋ ਕੁਝ ਵੀ ਹੈ, ਉਹ ਸਭ ਬ੍ਰਾਹਮਣ ਦੀ ਸੰਪਤੀ ਹੈ, ਉਹ ਧਰਤੀ ਦਾ ਮਾਲਕ ਹੈ। ਉਸ ਦੀ ਮਰਜ਼ੀ ਹੈ ਕਿ ਉਹ ਕਿਸੇ ਨੂੰ ਕੁਝ ਦੇਵੇ ਜਾਂ ਨਾ ਦੇਵੇ।
2æ ਬ੍ਰਾਹਮਣ ਅਨਪੜ੍ਹ ਹੋਵੇ, ਅਗਿਆਨੀ ਹੋਵੇ, ਨਾਲਾਇਕ ਹੋਵੇ ਤੇ ਭਾਵੇਂ ਪੜ੍ਹਿਆ-ਲਿਖਿਆ ਹੋਵੇ, ਉਹ ਮਹਾਨ ਦੇਵਤਾ ਹੈ, ਹਰ ਬੰਦੇ ਲਈ ਉਹ ਮਹਾਨ ਪੂਜਣਯੋਗ ਦੇਵਤਾ ਹੈ।
3æ ਰਾਜੇ ਨੂੰ ਚਾਹੀਦਾ ਹੈ ਕਿ ਉਹ ਸਵੇਰੇ ਉਠ ਕੇ ਬ੍ਰਾਹਮਣ ਨੂੰ ਪ੍ਰਣਾਮ ਕਰੇ ਅਤੇ ਉਹ ਉਸ ਦਾ ਸਭ ਤੋਂ ਉਤਮ ਸਲਾਹਕਾਰ ਹੈ।
4æ ਰਾਜੇ ਨੂੰ ਇਹ ਹੱਕ ਨਹੀਂ ਕਿ ਉਹ ਬ੍ਰਾਹਮਣ ਉਤੇ ਕਰ ਲਾਵੇ।
5æ ਬ੍ਰਾਹਮਣ ਚਾਰ ਪਤਨੀਆਂ ਰੱਖ ਸਕਦਾ ਹੈ, ਕਸ਼ੱਤਰੀ ਤਿੰਨ, ਵੈਸ਼ ਦੋ ਅਤੇ ਸ਼ੂਦਰ ਇਕ ਹੀ ਪਤਨੀ ਰੱਖ ਸਕਦਾ ਹੈ।
6æ ਬ੍ਰਾਹਮਣ ਕਿੰਨਾ ਵੀ ਸੰਗੀਨ ਜੁਰਮ ਕਰੇ, ਰਾਜੇ ਨੂੰ ਇਹ ਹੱਕ ਨਹੀਂ ਕਿ ਉਸ ਨੂੰ ਮੌਤ ਦੀ ਸਜ਼ਾ ਦੇਵੇ।
ਜ਼ਾਹਿਰ ਹੈ ਕਿ ਜਾਤ-ਪਾਤ ਪਿੱਛੇ ਕੰਮ ਕਰਦੇ ਮੰਤਵ ਦੀ ਚਾਲਕ ਸ਼ਕਤੀ ਸੀ, ਬ੍ਰਾਹਮਣ ਅਤੇ ਉਚ ਜਾਤੀਆਂ ਦੇ ਰੁਤਬੇ ਨੂੰ ਕਾਇਮ ਕਰਨਾ। ਇਸ ਨੂੰ ਲਾਗੂ ਕਰਨ ਲਈ ਇਸ ਨੂੰ ਧਾਰਮਕ ਰੰਗਣ ਦੇ ਦਿੱਤੀ ਗਈ। ਸ਼ੈਰਿੰਗ ਅਨੁਸਾਰ ਜਾਤ-ਪਾਤ ਦੇ ਬੰਧਨ ਧਾਰਮਕ ਬੰਧਨਾਂ ਨਾਲੋਂ ਮਜ਼ਬੂਤ ਹਨ। ਬਹੁਤ ਸਾਰੇ ਹਿੰਦੂ ਜਾਤ-ਪਾਤ ਦੀਆਂ ਰਸਮਾਂ ਪੂਰੀਆਂ ਕਰਨ ਨੂੰ ਧਰਮ ਦੀਆਂ ਰਸਮਾਂ ਵਿਚ ਸਭ ਤੋਂ ਉਚਾ ਸਮਝਦੇ ਹਨ। ਉਨ੍ਹਾਂ ਵਿਚੋਂ ਬਹੁਤ ਸਾਰੇ ਸਦਾਚਾਰਕ ਨੇਮਾਂ ਦੇ ਮੁਕਾਬਲੇ ਜਾਤ-ਪਾਤੀ ਜ਼ਬਤ ਦੇ ਭੰਗ ਹੋਣ ਨੂੰ ਪਾਪ ਸਮਝਦੇ ਹਨ। ਮਾਰਕੰਡੇ ਪੁਰਾਣ ਅਨੁਸਾਰ ਪੂਰਨਤਾ ਅਜਿਹਾ ਇਨਸਾਨ ਹੀ ਪ੍ਰਾਪਤ ਕਰ ਸਕਦਾ ਹੈ ਜੋ ਜਾਤ-ਪਾਤ ਦੇ ਫਰਜ਼ਾਂ ਤੋਂ ਲਾਂਭੇ ਨਾ ਜਾਏ। ਆਰਥਕ ਅਤੇ ਰਾਜਸੀ ਰੁਤਬੇ ਨਾਲੋਂ ਜਾਤ-ਪਾਤ ਨੂੰ ਜ਼ਿਆਦਾ ਤਰਜੀਹ ਦਿੱਤੀ ਗਈ ਹੈ:
1æ ਸੌ ਸਾਲ ਦਾ ਬੁੱਢਾ ਕਸ਼ੱਤਰੀ ਹੋਵੇ ਅਤੇ ਦਸ ਸਾਲ ਦਾ ਬ੍ਰਾਹਮਣ ਹੋਵੇ, ਤਾਂ ਬ੍ਰਾਹਮਣ ਨੂੰ ਬੁੱਢੇ ਕਸ਼ਤਰੀ ਦਾ ਪਿਉ ਮੰਨਿਆ ਜਾਵੇਗਾ।
2æ ਇਕ ਸੜਕ ‘ਤੇ ਜੇ ਬ੍ਰਾਹਮਣ ਤੇ ਬਾਦਸ਼ਾਹ ਇਕੱਠੇ ਗੁਜ਼ਰਦੇ ਹੋਣ ਤਾਂ ਸੜਕ ਬ੍ਰਾਹਮਣ ਦੀ ਸਮਝੀ ਜਾਵੇਗੀ।
3æ ਰਾਜਾ ਤੜਕੇ ਉਠ ਕੇ ਬ੍ਰਾਹਮਣ ਨੂੰ ਪ੍ਰਣਾਮ ਕਰੇ। ਵਿਸ਼ (ਵੈਸ਼) ਰਾਜੇ ਅੱਗੇ ਝੁਕਦੇ ਹਨ ਤੇ ਰਾਜਾ ਬ੍ਰਾਹਮਣ ਅੱਗੇ।
4æ ਜੇ ਸ਼ੂਦਰ ਇਤਫਾਕੀਆ ਜਾਂ ਗੁਪਤ ਤੌਰ ‘ਤੇ ਮੰਤਰ ਸੁਣ ਲਵੇ ਤਾਂ ਉਸ ਦੇ ਕੰਨਾਂ ਵਿਚ ਗਰਮ ਸ਼ੀਸ਼ਾ ਪਿਘਲਾ ਕੇ ਪਾ ਦਿੱਤਾ ਜਾਵੇ। ਜੇ ਉਹ ਵੇਦਾਂ ਦੇ ਮੰਤਰ ਬੋਲੇ, ਤਾਂ ਉਸ ਦੀ ਜੀਭ ਕੱਟ ਦਿੱਤੀ ਜਾਏ, ਜੇ ਉਸ ਨੂੰ ਵੇਦਾਂ ਦੇ ਸਲੋਕ ਆਦਿ ਯਾਦ ਹੋ ਗਏ ਹੋਣ, ਤਾਂ ਉਸ ਦੇ ਸਰੀਰ ਦੇ ਕਈ ਟੁਕੜੇ ਕਰ ਦਿੱਤੇ ਜਾਣ।
5æ ਜੇ ਕੋਈ ਸ਼ੂਦਰ ਹਿੰਦੂ ਦੇਵੀ, ਦੇਵਤੇ ਦੇ ਨਾਂ ਜਾਂ ਉਸ ਦੇ ਉਨ੍ਹਾਂ ਦੇ ਜਨਮ ਸਬੰਧੀ ਕੋਈ ਸੁਆਲ ਬ੍ਰਾਹਮਣ ਨੂੰ ਕਰਨ ਦੀ ਗੁਸਤਾਖੀ ਕਰੇ, ਇਕ ਲੰਮਾ ਲੋਹੇ ਦਾ ਕਿੱਲ ਉਸ ਦੇ ਮੂੰਹ ਵਿਚ ਠੋਕ ਦਿੱਤਾ ਜਾਵੇ।
6æ ਬ੍ਰਾਹਮਣ ਕਿੰਨਾ ਵੀ ਸੰਗੀਨ ਜੁਰਮ ਕਰੇ, ਰਾਜੇ ਨੂੰ ਹੱਕ ਨਹੀਂ ਕਿ ਉਸ ਨੂੰ ਮੌਤ ਦੀ ਸਜ਼ਾ ਦੇਵੇ।
7æ ਜੇ ਕੋਈ ਮੂਰਖ ਬ੍ਰਾਹਮਣ ਨੂੰ ਧਰਮ ਦੱਸਣ ਦੀ ਕੋਸ਼ਿਸ਼ ਕਰੇ, ਤਾਂ ਰਾਜਾ ਉਸ ਨੂੰ ਗ੍ਰਿਫਤਾਰ ਕਰ ਕੇ ਉਸ ਦੇ ਕੰਨਾਂ ਅਤੇ ਮੂੰਹ ਵਿਚ ਗਰਮ ਤੇਲ ਪਾ ਦੇਵੇ।
(ਚਲਦਾ)
Leave a Reply