ਬਲਜੀਤ ਬਾਸੀ
ਪਿਛਲੇ ਦਿਨੀਂ ਮੈਂ ਕਿਸੇ ਦਾ ਲੇਖ ਪੜ੍ਹ ਰਿਹਾ ਸਾਂ ਜਿਸ ਵਿਚ ਸਿੱਖਾਂ ਦੇ ਉਚੇ ਚਰਿੱਤਰ ਦੀ ਸਿਫਤ ਕਰਦੇ ਹੋਏ ਕੁਝ ਇਸ ਤਰ੍ਹਾਂ ਦੱਸਿਆ ਗਿਆ ਸੀ ਕਿ ਸਿੱਖ ਮਰਦ ਇਸਤਰੀਆਂ ਦੇ ਪਿਛੇ ਨਹੀਂ ਪੈਂਦੇ। ਇਸ ਦਾ ਸਬੂਤ ਹੈ ਕਿ ਉਹ ਤਾਂ ਨੌਜਵਾਨ ਇਸਤਰੀਆਂ ਨੂੰ ਵੀ ਬੁੜ੍ਹੀਆਂ ਆਖਦੇ ਹਨ। ਮਤਲਬ ਕਿ ਬੁੜ੍ਹੀਆਂ ਵਿਚ ਲਿੰਗਕ ਖਿਚ ਘਟ ਹੋਣ ਕਾਰਨ ਉਨ੍ਹਾਂ ਲਈ ਜਵਾਨ ਇਸਤਰੀਆਂ ਵੀ ਬੁੜ੍ਹੀਆਂ ਦੀ ਨਿਆਈ ਹੀ ਹਨ। ਪੰਜਾਬ ਵਿਚ ਔਰਤਾਂ ਨੂੰ ਬੁੜ੍ਹੀਆਂ ਵੀ ਕਿਹਾ ਜਾਂਦਾ ਹੈ ਪਰ ਕੀ ਸਿਰਫ ਸਿੱਖ ਹੀ ਅਜਿਹਾ ਕਹਿੰਦੇ ਹਨ, ਹਿੰਦੂ, ਮੁਸਲਮਾਨ, ਈਸਾਈ ਨਹੀਂ? ਕਿੱਡਾ ਹਾਸੋਹੀਣਾ ਦਾਅਵਾ ਹੈ। ਪ੍ਰਸੰਗਵਸ ਇਕ ਹੋਰ ਦਿਲਚਸਪ ਟੂਕ ਪੇਸ਼ ਕਰ ਰਿਹਾ ਹਾਂ। ਉਦਾਰਵਾਦੀ ਵਿਚਾਰਾਂ ਵਾਲੇ ਗਿਆਨੀ ਸੰਤੋਖ ਸਿੰਘ ਆਸਟਰੇਲੀਆ ਵਧੀਆ ਵਾਰਤਾਕਾਰ ਹਨ। ਗਾਹੇ-ਬਗਾਹੇ ਉਨ੍ਹਾਂ ਦੀਆਂ ਸਵੈਜੀਵਨੀਨੁਮਾਂ ਲਿਖਤਾਂ ਪੜ੍ਹਨ ਨੂੰ ਮਿਲਦੀਆ ਰਹਿੰਦੀਆਂ ਹਨ। “ਬੁਢੀਆਂ ਤਖਤ ਓਹਲੇ ਹੱਸਣ” ਨਾਮੀਂ ਲੇਖ ਵਿਚ ਲਿਖਦੇ ਹਨ, “ਅੱਗੇ ਦੀ ਗੱਲ ਕਰਨ ਤੋਂ ਪਹਿਲਾਂ ਮੈਂ ਸ਼ਬਦ ḔਬੁਢੀḔ ਬਾਰੇ ਦੱਸ ਲਵਾਂ। ਵੈਸੇ ਤਾਂ ਬੁੱਢੀ, ਬੁੱਢਾ ਸ਼ਬਦ ਦਾ ਇਸਤਰੀ ਲਿੰਗ ਹੈ ਜਿਸ ਦਾ ਮਤਲਬ ਹੈ ਸਿਆਣੀ ਉਮਰ ਦਾ ਬਜ਼ੁਰਗ ਵਿਅਕਤੀ। ਮਾਝੇ ਵਿਚ ਅਧੀ ਕੁ ਸਦੀ ਪਹਿਲਾਂ ਤੇ ਸ਼ਾਇਦ ਅਜੇ ਵੀ, ਨਿੱਕੇ ਪਿੰਡਾਂ ਵਿਚ, ਇਸਤਰੀ, ਭਾਵੇਂ ਉਹ ਜਵਾਨ ਹੀ ਹੋਵੇ ਜੇਕਰ ਉਹ ਵਿਆਹੀ ਹੈ ਤਾਂ ਉਸ ਨੂੰ ਪੁਰਾਣੇ ਲੋਕ ਬੁੱਢੀ ਹੀ ਆਖਦੇ ਸਨ; ਜਿਸ ਦਾ ਮਤਲਬ ਹੁੰਦਾ ਹੈ ਕਿ ਇਹ ਕਿਸੇ ਦੀ ਵਹੁਟੀ ਹੈ। ਬਚਪਨ ਦੌਰਾਨ ਪਿੰਡ ਵਿਚ ਸਿਆਣਿਆਂ ਦੇ ਮੂੰਹੋਂ, ਕਿਸੇ ਘੁੰਡ ਕੱਢ ਕੇ ਜਾ ਰਹੀ ਬੀਬੀ ਨੂੰ ਵੇਖ ਕੇ ਪਤਾ ਕਰਨ ਲਈ ਪੁੱਛ ਲੈਣਾ ਕਿ ਇਹ ਕੀਹਦੀ ਬੁੱਢੀ ਹੈ! ਵੈਸੇ ਮਾਝੇ ਤੋਂ ਬਾਹਰ ਦੁਆਬੇ ਮਾਲਵੇ ਵਿਚ, ਬੱਢੀ ਮਾਂ ਨੂੰ ਵੀ ਕਿਹਾ ਜਾਂਦਾ ਹੈ ਪਰ ਆਮ ਤੌਰ ‘ਤੇ ਇਸ ਦਾ ਉਚਾਰਨ Ḕਬੁੜ੍ਹੀḔ ਹੀ ਕੀਤਾ ਜਾਂਦਾ ਹੈ। ਅਹਿਮਦ ਸ਼ਾਹ ਅਬਦਾਲੀ ਦੇ ਨਾਲ ਸਿੰਘਾਂ ਨਾਲ ਲੜਨ ਆਏ, ਕਾਜੀ ਨੂਰ ਮੁਹੰਮਦ ਨੇ ਬਾਅਦ ਵਿਚ ਲਿਖੇ ਆਪਣੇ ਜੰਗਨਾਮੇ ਵਿਚ ਸਿੰਘਾਂ ਦੇ ਸਦਾਚਾਰਕ ਆਚਰਣ, ਬਹਾਦਰੀ, ਦਾਨਵੀਰਤਾ ਆਦਿ ਦੀਆਂ ਤਾਰੀਫਾਂ ਲਿਖੀਆਂ ਹਨ। ਸਿੰਘਾਂ ਦੇ ਉਚ ਆਚਰਣ ਦੀ ਮਿਸਾਲ ਦਿੰਦਿਆਂ ਉਸ ਨੇ ਇਸ ਸ਼ਬਦ ਦਾ ਉਚੇਚਾ ਜ਼ਿਕਰ ਕੀਤਾ ਹੈ ਕਿ ਇਹ ਔਰਤ ਨੂੰ ਬੁੱਢੀ ਹੀ ਆਖਦੇ ਹਨ ਚਾਹੇ ਉਹ ਸੋਲ਼ਾਂ ਸਾਲ ਦੀ ਹੀ ਹੋਵੇ। ਸੋ, ਇਥੇ ਬੁੱਢੀ ਦਾ ਮਤਲਬ ਬਜ਼ੁਰਗ ਨਹੀਂ ਬਲਕਿ ਇਸਤਰੀ ਹੈ।”
ਸਾਰਾ ਬਿਆਨ ਜਾਣਕਾਰੀ ਭਰਿਆ ਹੋਣ ਦੇ ਬਾਵਜੂਦ ਥਹੁ ਨਹੀਂ ਲਗਦਾ ਕਿ ਜਿਸ ਸ਼ਬਦ ਦਾ ਅਰਥ ਬਜ਼ੁਰਗ ਹੈ, ਉਹ ਸੋਲਾਂ ਸਾਲ ਦੀ ਵਿਆਹੀ ਕੰਨਿਆ ਲਈ ਵੀ ਕਿਉਂ ਵਰਤਿਆ ਜਾਂਦਾ ਹੈ? ਹੋਰ ਗੱਲ, ਵਿਆਹੀ ਔਰਤ ਲਈ ਬੁੱਢੀ ਜਾਂ ਬੁੜ੍ਹੀ ਸ਼ਬਦ ਸਿਰਫ ਮਾਝੇ ਵਿਚ ਹੀ ਨਹੀਂ ਪੰਜਾਬੀ ਦੀਆਂ ਕਈ ਉਪਭਾਸ਼ਾਵਾਂ ਵਿਚ ਚਲਦਾ ਹੈ। ਹਾਂ, ਦੁਆਬੇ ਵਿਚ, ਇਸ ਬਭਾਵ ਲਈ ਮੈਂ ਸਿਰਫ ਬੁੜ੍ਹੀ ਸ਼ਬਦ ਸੁਣਿਆ ਹੈ। ਤਾਅਜੁੱਬ ਹੈ ਕਿ ਬੁੱਢਾ ਜਾਂ ਬੁੜ੍ਹਾ ਸ਼ਬਦ ਸਿਰਫ ਸਿਆਣੀ ਉਮਰ ਦੇ ਬੰਦਿਆਂ ਲਈ ਹੀ ਵਰਤੇ ਜਾਂਦੇ ਹਨ, ਜਵਾਨ ਮਰਦ ਲਈ ਨਹੀਂ। ਇਸ ਭੰਬਲਭੂਸੇ ਤੋਂ ਇਹ ਸਿੱਟਾ ਕੱਢਿਆ ਜਾ ਸਕਦਾ ਹੈ ਕਿ ਦੋ ਵੱਖੋ ਵੱਖਰੇ ਅਰਥਾਂ ਵਿਚ ਵਰਤੇ ਜਾਂਦੇ ਬੁੱਢੀ/ਬੁੜ੍ਹੀ ਸ਼ਬਦ ਦੇ ਦੋ ਵੱਖਰੇ ਪਿਛੋਕੜ ਹੋ ਸਕਦੇ ਹਨ। ਬੱਸ ਇਹੀ ਭੇਤ ਹੈ। ਐਪਰ ਬਹੁਤ ਸਾਰੇ ਲੋਕਾਂ ਵਿਚ ਇਹ ਭੁਲੇਖਾ ਬਣਿਆ ਹੋਇਆ ਹੈ ਕਿ ਦੋਵੇਂ ਅਰਥਾਂ ਵਿਚ ਮੌਲਿਕ ਸ਼ਬਦ ਇਕ ਹੀ ਹੈ। ‘ਮਹਾਨ ਕੋਸ਼’ ਦੇ ਕਰਤਾ ਨੇ “ਬੁੱਢੀ” ਸ਼ਬਦ ਦੇ ਦੋਨਾਂ ਅਰਥਾਂ ਨੂੰ ਇਕੋ ਇੰਦਰਾਜ ਵਿਚ ਭੁਗਤਾਇਆ ਹੈ ਜਿਸ ਤੋਂ ਜ਼ਾਹਿਰ ਹੈ ਕਿ ਭਾਈ ਸਾਹਿਬ ਵੀ ਵਿਚਲੀ ਗੱਲ ਨਹੀਂ ਸਨ ਸਮਝਦੇ।
ਬਜ਼ੁਰਗ ਦੇ ਅਰਥਾਂ ਵਿਚ ਬੁੱਢੀ/ਬੁੜ੍ਹੀ ਵਿਆਹੀ ਹੋਈ ਔਰਤ ਦੇ ਅਰਥਾਂ ਵਿਚ ਬੁੱਢੀ/ਬੁੜ੍ਹੀ ਨਾਲੋਂ ਮੂਲੋਂ ਮੁਢੋਂ ਵੱਖਰੀ ਹੈ। ਪਹਿਲਾਂ ਬਜ਼ੁਰਗੀ ਵਾਲੀ ਨੂੰ ਨਿਪਟਾਈਏ। ਇਸ ਬੁੱਢੀ ਦਾ ਸੰਸਕ੍ਰਿਤ ਪਿਛੋਕੜ ਵਾਲਾ ਸ਼ਬਦ ਹੈ- Ḕਵਿੱ੍ਰਧਾ।Ḕ ਖੁਸ਼ਕਿਸਮਤੀ ਨੁੰ ਪੰਜਾਬੀ ਵਿਚ ਇਸ ਤੋਂ ਵਿਉਤਪਤ ਅਤੇ ਲਗਭਗ ਇਸੇ ਧੁਨੀ ਵਾਲਾ ḔਬਿਰਧḔ ਸ਼ਬਦ ਮਿਲਦਾ ਹੈ, “ਬਿਰਧ ਭਇਆ ਤਨ ਛੀਜੈ ਦੇਹੀ॥” -ਗੁਰੂ ਨਾਨਕ ਦੇਵ। “ਬਾਲ ਜੁਆਨੀ ਅਰੁ ਬਿਰਧਿ ਫੁਨਿ ਤੀਨ ਅਵਸਥਾ ਜਾਨਿ॥” -ਗੁਰੂ ਤੇਗ ਬਹਾਦਰ। ਪੁਰਾਣੀਆਂ ਖਸਤਾਂ ਬੀੜਾਂ ਨੂੰ ਸ਼ਰਧਾ ਵਜੋਂ ਬਿਰਧ ਬੀੜਾਂ ਆਖਿਆ ਜਾਂਦਾ ਹੈ। ਵਿੱ੍ਰਧਾ ਵਿਚ ਵਧਣ ਦੇ ਭਾਵ ਹਨ ਤੇ ਇਥੇ ਮੁਰਾਦ ਉਮਰ ਦੇ ਵਧਣ ਤੋਂ ਹੈ। ḔਵḔ ਧੁਨੀ ḔਬḔ ਵਿਚ ਵਟ ਗਈ ਹੈ ਅਤੇ ḔਧḔ ਪਹਿਲਾਂ ḔਢḔ ਵਿਚ ਵਟ ਕੇ ਬੁੱਢਾ ਸ਼ਬਦ ਬਣਿਆ ਤੇ ਫਿਰ ḔੜḔ ਵਿਚ ਪਲਟ ਕੇ ਬੁੜ੍ਹਾ ਸ਼ਬਦ ਬਣਿਆ: ਵ੍ਰਿਧਾ>ਬਿਰਧ>ਬੁੱਢਾ>ਬੁੜ੍ਹਾ ਜਿਹਾ ਵਿਕਾਸ ਰਿਹਾ ਹੋਵੇਗਾ। ਦੋਨਾਂ ਦੇ ਇਸਤਰੀ ਲਿੰਗ ਕ੍ਰਮਵਾਰ ਬੁੱਢੀ ਅਤੇ ਬੁੜ੍ਹੀ ਬਣੇ। ਗੁਰਬਾਣੀ ਵਿਚ ਬੁੱਢਾ ਸ਼ਬਦ ਆਇਆ ਹੈ, “ਬੁਢਾ ਹੋਆ ਸੇਖ ਫਰੀਦੁ ਕੰਬਣਿ ਲਗੀ ਦੇਹ॥” ਸੰਸਕ੍ਰਿਤ ਵਿਚ ਵ੍ਰਿੱਧਾ ਸ਼ਬਦ ਦੇ ਅਰਥ ਸਿਆਣਾ, ਬੁੱਧੀਮਾਨ, ਪੰਡਿਤ, ਸੰਤ, ਬੜਾ, ਵਿਸ਼ਾਲ ਆਦਿ ਵੀ ਹਨ। ਚਿਨਾਬ ਦਰਿਆ ਦੇ ਇਕ ਪੁਰਾਣੇ ਛੱਰੇ ਨੂੰ ਬੁੱਢੀ ਕਿਹਾ ਜਾਂਦਾ ਹੈ। ਸੰਜੋਗਵਸ ਸਤਲੁਜ ਵਿਚ ਡਿਗਦੇ ਇਕ ਨਾਲੇ ਦਾ ਨਾਂ ਬੁਢਾ ਨਾਲਾ ਹੈ। ਵ੍ਰਿੱਧਾ ਸ਼ਬਦ ਅੱਗੋਂ Ḕਵ੍ਰਿਧḔ ਧਾਤੂ ਤੋਂ ਬਣਿਆ ਹੈ ਜਿਸ ਵਿਚ ਕਾਸੇ ਦੀ ਮਿਕਦਾਰ ਦੀ ਅਧਿਕਤਾ ਦੇ ਭਾਵ ਹਨ। ਇਸੇ ਤੋਂ ਪੰਜਾਬੀ ਵਿਚ ਬੇਸ਼ੁਮਾਰ ਸ਼ਬਦ ਬਣੇ ਹਨ ਜਿਵੇਂ ਵਧ, ਵਾਧਾ, ਵਧੀਆ, ਵਧੇਰੇ, ਵਾਧੂ, ਵਧੇਤਰ, ਵਧਾਈ, ਵੱਡਾ, ਵਡੇਰਾ, ਵਡੱਪਣ, ਵਡਿਆਈ, ਵੱਡਾ ਵੇਲਾ, ਬੜਾ, ਬੜਤ, ਬੜੌਤਰੀ ਆਦਿ। ਵਡ ਅਗੇਤਰ ਲੱਗ ਕੇ ਵੀ ਕਈ ਸ਼ਬਦ ਬਣੇ ਹਨ ਜਿਵੇਂ ਵਡਮੁੱਲਾ, ਵਡਦਰਸ਼ੀ ਸ਼ੀਸ਼ਾ, ਵਡਭਾਗ ਆਦਿ। ਵ੍ਰਿਧ ਸ਼ਬਦ ਤੋਂ ਤੀਜੀ ਡਿਗਰੀ ਦਾ ਸ਼ਬਦ ਬਣਿਆ ਹੈ ਵਰਿਸ਼ਟ ਜਿਸ ਦਾ ਅਰਥ ਹੁੰਦਾ ਹੈ ਬਜ਼ੁਰਗ ਜਾਂ ਸੀਨੀਅਰ। ਬੁੱਢਾ, ਬੁੱਢ ਜਾਂ ਬੁੜ੍ਹਾ ਅਗੇਤਰ ਲਗ ਕੇ ਵੀ ਕਈ ਸ਼ਬਦ ਬਣੇ ਹਨ ਜਿਵੇਂ ਬੁੱਢ-ਸੁਹਾਗਣ, ਬੁੱਢ ਵਰੇਸ, ਬੁੱਢਾ ਖੋਸਟ, ਬੁਢਾ-ਠੇਰਾ, ਬੁੜਖਾਨਾ, ਆਦਿ। ਇਸ ਵਿਚ ਠੇਰਾ ਸ਼ਬਦ ਸੰਸਕ੍ਰਿਤ ਦੇ ਸਥਾਵਿਰ ਤੋਂ ਬਣਿਆ ਹੈ ਜਿਸ ਦਾ ਅਰਥ ਵੀ ਬੁੱਢਾ ਹੀ ਹੁੰਦਾ ਹੈ। ਬੁੱਢਾ ਖਾਸ ਨਾਂ ਵੀ ਹੁੰਦਾ ਹੈ ਜਿਵੇਂ ਬਾਬਾ ਬੁੱਢਾ। ਅੱਕ ਕਕੜੀ ਦੇ ਫੰਬੇ ਨੂੰ ਬੁੱਢੀ ਮਾਈ ਆਖਦੇ ਹਨ ਕਿਉਂਕਿ ਇਸ ਦੇ ਚਿੱਟੇ ਰੇਸ਼ੇ ਬੁੱਢੀ ਔਰਤ ਦੇ ਧੌਲਿਆਂ ਦਾ ਝੌਲਾ ਦਿੰਦੇ ਹਨ। ਤ੍ਰਿਸਕਾਰ ਭਾਵ ਨਾਲ ਬੁੱਢੇ ਬੁੱਢੀ ਨੂੰ ਬੁੱਢੜਾ ਜਾਂ ਬੁਢੱੜੀ ਕਹਿ ਦਿੱਤਾ ਜਾਂਦਾ ਹੈ। ਕਈ ਬੱਚੇ ਆਪਣੇ ਮਾਂ ਬਾਪ ਨੂੰ ਬੁੜ੍ਹਾ ਜਾਂ ਬੁੜ੍ਹੀ ਕਹਿ ਕੇ ਖੁਸ਼ ਹੁੰਦੇ ਹਨ। “ਬੁੜ੍ਹਾ ਟਿਕਣ ਹੀ ਨਹੀ ਦਿੰਦਾ”, “ਬੁੜ੍ਹੀ ਮੰਜਾ ਹੀ ਨਹੀਂ ਛੱਡਦੀ।”
ਹੁਣ ਅਸੀਂ ਆਉਂਦੇ ਹਾਂ ਜਵਾਨ ਔਰਤ ਦੇ ਅਰਥਾਂ ਵਿਚ ਵਰਤੇ ਜਾਂਦੇ ਬੁੱਢੀ ਜਾਂ ਬੁੜ੍ਹੀ ਸ਼ਬਦ ਵੱਲ। ਇਥੇ ਬੁੱਢੀ ਜਾਂ ਬੁੜ੍ਹੀ ਦਾ ਅਸਲੀ ਅਰਥ ਹੈ ਵਿਆਹੀ ਹੋਈ ਇਸਤਰੀ, ਹੋਰ ਨਿਸਚੇਪੂਰਬਕ ਕਹੀਏ ਤਾਂ “ਵਿਆਹ ਕੇ ਲਿਆਂਦੀ।” ਇਕ ਧਾਤੂ ਹੈ ḔਵਹਿḔ ਜਿਸ ਤੋਂ ਵਹਿਣਾ ਸ਼ਬਦ ਬਣਿਆ। ਇਸ ਦਾ ਅਰਥ ਖਿੱਚਣਾ, ਚੁੱਕ ਲਿਆਉਣਾ, ਢੋਣਾ, ਵਹਾਉਣਾ ਆਦਿ ਹੁੰਦਾ ਹੈ। ਇਸ ਵਹਿ ਦਾ ਭੂਤਕਾਲੀ ਰੂਪ ਹੋਇਆ ਵੋਢਾ ਜਿਸ ਦਾ ਅਰਥ ਬਣਿਆ ਵਹਾਇਆ, ਖਿਚਿਆ, ਚੁੱਕ ਲਿਆਂਦਾ, ਢੋਇਆ ਆਦਿ। ਵੋਢਾ ਸ਼ਬਦ ਹੋਰ ਵਿਕਾਸ ਕਰ ਕੇ ਬੁੱਢੀ ਦੇ ਰੂਪ ਵਿਚ ਪ੍ਰਗਟ ਹੋeਆ। ਸੋ, ਵੋਢਾ ਜਾਂ ਬੁੱਢੀ ਦਾ ਸ਼ਾਬਦਿਕ ਅਰਥ ਬਣਿਆ ‘ਜੋ ਲਿਆਂਦਾ ਗਿਆ, ਢੋਇਆ ਗਿਆ’ ਤੇ ਵਿਸਤ੍ਰਿਤ ਅਰਥ ਬਣਿਆ ਵਿਆਹ ਕੇ ਘਰ ਲਿਆਂਦੀ ਤੀਵੀਂ, ਪਤਨੀ, ਦੁਲਹਨ ਜਾਂ ਠੇਠ ਪੰਜਾਬੀ ਵਹੁਟੀ। ਸੋ, ਵਿਆਹ ਕੇ ਲਿਆਂਦੀ ਔਰਤ ਹੌਲੀ ਹੌਲੀ ਵਿਆਹੀ-ਵਰੀ ਔਰਤ ਜਾਂ ਕੋਈ ਵੀ ਔਰਤ ਬਣ ਗਈ। ਬੁੱਢੀ ਤੋਂ ਹੀ ਬੁੜ੍ਹੀ ਨੇ ਅਵਤਾਰ ਧਾਰ ਲਿਆ। ਇਸੇ ਨਾਲ ਇਕ ਹੋਰ ਮਿਲਦਾ-ਜੁਲਦਾ ਸ਼ਬਦ ਹੈ ḔਨੱਢੀḔ ਜਿਸ ਦੀ ਵਿਆਖਿਆ ਤੋਂ ਇਹ ਨੁਕਤਾ ਹੋਰ ਸਾਫ ਹੋ ਜਾਵੇਗਾ। ਖਾਸ ਤੌਰ ‘ਤੇ ਲਹਿੰਦਾ ਵਿਚ ਮੁਟਿਆਰ ਨੂੰ ਨੱਢੀ ਜਾਂ ਨਢੜੀ ਆਖਦੇ ਹਨ। ਕੁਝ ਮਿਸਾਲਾਂ ਦਿੰਦੇ ਹਾਂ, “ਨੰਢੀ ਕੰਤੁ ਨਾ ਰਾਵਿਓ ਵਡੀ ਥੀ ਮੁਈਆਸੁ॥” ਬਾਬਾ ਸ਼ੇਖ ਫਰੀਦ। ਨੱਢੀ ਦਾ ਹੀ ਪੁਲਿੰਗ ਹੈ ਨੱਢਾ ਜਾਂ ਨੱਢੜਾ, “ਜੇ ਜਾਣਾ ਸਾਹੁ ਨੰਢੜਾ ਤਾਂ ਥੋੜਾ ਮਾਣ ਕਰੀ॥” ਵਾਰਿਸ ਸ਼ਾਹ ਨੇ ਹੀਰ ਨੂੰ ਸਿਆਲਾਂ ਦੀ ਨੱਢੀ ਕਿਹਾ ਹੈ। ਨਾਲੇ, “ਇਸ਼ਕ ਬੋਲਦਾ ਨੱਢੀ ਦੇ ਥਾਉਂ ਥਾਈਂ, ਰਾਗ ਨਿਕਲੇ ਜ਼ੀਲ ਦੀ ਤਾਰ ਵਿਚੋਂ।” ਨੱਢੀ ਸ਼ਬਦ ਨਿਰ+ਉਢਾ ਤੋਂ ਬਣਿਆ ਹੈ ਅਰਥਾਤ ਜਿਸ ਨੂੰ ਢੋਇਆ ਨਹੀਂ ਗਿਆ, ਜਿਸ ਨੂੰ ਵਿਆਹਿਆ ਨਹੀਂ ਗਿਆ, ਅਣਵਿਆਹੀ, ਮੁਟਿਆਰ ਆਦਿ। ਇਕ ਨਿਵੋਢਾ ਸ਼ਬਦ ਵੀ ਹੁੰਦਾ ਹੈ ਜਿਸ ਦਾ ਅਰਥ ਨਵੀਂ ਨਵੀਂ ਵਿਆਹੀ ਹੁੰਦਾ ਹੈ: ਨਵ+ਉਢਾ। ਇਸ ਤੋਂ ਹਿੰਦੀ ਦਾ ਸ਼ਬਦ ਨਉੜਾ ਬਣਿਆ ਹੈ ਜਿਸ ਦਾ ਅਰਥ ਵੀ ਨਵ-ਵਿਆਹੀ ਹੁੰਦਾ ਹੈ।
ਵਿਆਹ ਸ਼ਬਦ ਦੀ ਚਰਚਾ ਚੱਲੀ ਹੈ ਤਾਂ ਅੱਗੇ ਇਸ ਰਹੱਸ ਦਾ ਉਦਘਾਟਨ ਵੀ ਕਰ ਦੇਈਏ ਕਿ ਆਪਣੇ ਆਪ ਵਿਚ ਵਿਆਹ/ਬਿਆਹ ਸ਼ਬਦ ਵੀ ਵਹਿ ਧਾਤੂ ਤੋਂ ਬਣਿਆ ਹੈ, ਤੇ ਇਸ ਦਾ ਸੰਸਕ੍ਰਿਤ ਰੂਪ ਹੈ ਵਿਵਾਹ:ਵਿ+ਵਾਹ। ਵਿਆਹ ਵਾਲੇ ਲੇਖ ਵਿਚ ਇਸ ਦੀ ਵਿਆਖਿਆ ਹੋ ਚੁੱਕੀ ਹੈ। ਹਿੰਦੀ, ਕਈ ਹੋਰ ਭਾਰਤੀ ਭਾਸ਼ਾਵਾਂ ਤੇ ਕਈ ਹਾਲਤਾਂ ਵਿਚ ਪੰਜਾਬੀ ਵਿਚ ਵੀ ਵਿਵਾਹ ਉਚਾਰਿਆ ਜਾਂਦਾ ਹੈ। ਸੰਸਕ੍ਰਿਤ ਵਿਚ ‘ਵੀਵਾਹ’ ਸ਼ਬਦ-ਜੋੜ ਵਾਲਾ ਸ਼ਬਦ ਵੀ ਮਿਲਦਾ ਹੈ ਤੇ ਇਹੀ ਰੂਪ ਗੁਰੂ ਗ੍ਰੰਥ ਸਾਹਿਬ ਵਿਚ ਵੀ ਮੌਜੂਦ ਹੈ, “ਜਾ ਕੁਆਰੀ ਤਾ ਚਾਉ ਵੀਵਾਹੀ ਤਾ ਮਾਮਲੇ॥ -ਬਾਬ ਸ਼ੇਖ ਫਰੀਦ।
ਪਰ ਗ੍ਰੰਥ ਗੁਰੂ ਸਾਹਿਬ ਵਿਚ ਆਮ ਤੌਰ ‘ਤੇ ਵੀਆਹ ਸ਼ਬਦ ਹੀ ਆਇਆ ਹੈ। ਵਿਵਾਹ ਦੇ ਕਿਰਿਆ ਰੂਪੀ ਸ਼ਬਦ ‘ਵਿਵਹ’ ਦੇ ਮੁਢਲੇ ਅਰਥ ਹਨ, ਚੁੱਕਣਾ, ਚੁੱਕ ਲਿਜਾਣਾ, ਢੋਣਾ। ਅੱਗੇ ਵਿਕਸਤ ਅਰਥ ਹੋਏ (ਦੁਲਹਨ ਨੂੰ ਪਿਤਾ ਦੇ ਘਰੋਂ) ਚੁੱਕ ਲਿਜਾਣਾ, ਲੈ ਜਾਣਾ, ਵਿਆਹੁਣਾ। ਇਥੇ ਇਸਤਰੀ ਦੀ ਅਧੀਨ ਸਥਿਤੀ ਤੇ ਮਰਦ ਦਾ ਸਰਗਰਮ ਰੋਲ ਸਪਸ਼ਟ ਹੁੰਦਾ ਹੈ। ਚੁੱਕ ਲਿਜਾਣਾ ਵਿਚ ਕੱਢ ਲਿਜਾਣਾ ਜਿਹੇ ਭਾਵ ਦੀ ਪ੍ਰਤੀਤੀ ਹੁੰਦੀ ਹੈ। ਨਾਲ ਹੀ ਲਗਦਾ ਇਕ ਹੋਰ ਸ਼ਬਦ ਹੈ, ਵਧੂ ਜਿਸ ਦਾ ਅਰਥ ਵਹੁਟੀ ਹੁੰਦਾ ਹੈ। ਇਸੇ ਦਾ ਪੰਜਾਬੀ ਤੇ ਕੁਝ ਹੋਰ ਭਾਸ਼ਾਵਾਂ ਵਿਚ ਰੁਪਾਂਤਰ ਹੈ- ਬਹੂ। ਇਸ ਪਿਛੇ ਵੀ ਵਹਿ ਧਾਤੂ ਕੰਮ ਕਰ ਰਿਹਾ ਹੈ ਤੇ ਢੋਏ ਜਾਣ ਦਾ ਭਾਵ ਹੈ। ਪੰਜਾਬੀ ਦਾ ਠੇਠ ਸ਼ਬਦ ਹੈ ਵਹੁਟੀ ਜਿਸ ਦਾ ਸੰਸਕ੍ਰਿਤ ਰੂਪ ਹੈ ਵਧੁਤੀ। ਇਥੇ ਵੀ ਲਿਆਂਦੇ ਜਾਣ ਵਾਲਾ ਮਾਜਰਾ ਹੀ ਹੈ। ਹਿੰਦੀ ਵਿਚ ਵਹੁਟੀ ਦੇ ਅਰਥਾਂ ਵਿਚ ਬਹੁਰਿਆ ਸ਼ਬਦ ਹੈ ਜਿਸ ਦੀ ਵਰਤੋਂ ਭਗਤ ਕਬੀਰ ਅਤੇ ਗੁਰੂ ਅਰਜਨ ਦੇਵ ਨੇ ਵੀ ਕੀਤੀ ਹੈ, “ਰਹੁ ਰਹੁ ਰੀ ਬਹੁਰੀਆ ਘੂੰਘਟੁ ਜਿਨਿ ਕਾਢੈ॥”
ਇਥੇ ਆ ਕੇ ਅਸੀਂ ਬੁੜ੍ਹਖਾਨੇ ਦੇ ਭਾਰੋਪੀ ਪਸਾਰੇ ਵੱਲ ਵਧਦੇ ਹਾਂ। ਇਕ ਭਾਰੋਪੀ ਮੂਲ ਹੈ ‘ੱeਗਹ’ ਜਿਸ ਦਾ ਅਰਥ ਲਿਜਾਣਾ, ਢੋਣਾ, ਗਤੀ ਕਰਨਾ ਹੈ। ‘ਵਹ’ ਧਾਤੂ ਰਾਹੀਂ ਅਸੀਂ ਪੰਜਾਬੀ ਦੇ ਕੁਝ ਸ਼ਬਦ ਦੇਖ ਚੁਕੇ ਹਾਂ। ਬਹੁਤ ਸਾਰੀਆਂ ਹਿੰਦ ਆਰਿਆਈ ਭਾਸ਼ਾਵਾਂ ਜਿਵੇਂ ਗਰੀਕ, ਲਾਤੀਨੀ, ਸਲਾਵਿਕ, ਲਿਥੂਐਨੀਅਨ, ਗਾਥਿਕ, ਜਰਮਨ ਅੰਗਰੇਜ਼ੀ ਆਦਿ ਵਿਚ ਇਸ ਮੂਲ ਤੋਂ ਸੈਂਕੜੇ ਸ਼ਬਦਾਂ ਦੀ ਉਤਪਤੀ ਹੋਈ ਹੈ। ਅੰਗਰੇਜ਼ੀ ਵਿਚ ਸਿਧੇ ਵੀ ਤੇ ਗਰੀਕ, ਲਾਤੀਨੀ ਅਤੇ ਜਰਮਨ ਆਦਿ ਰਾਹੀਂ ਵੀ ਕਈ ਸ਼ਬਦ ਵਿਕਸਿਤ ਹੋਏ ਹਨ। ਪਹਿਲਾਂ ਵਿਆਹ ਵਾਲੇ ਲੇਖ ਵਿਚ ਕੁਝ ਇਕ ਸ਼ਬਦਾਂ ਦੀ ਵਿਆਖਿਆ ਹੋ ਚੁੱਕੀ ਹੈ, ਇਥੇ ਸਿਰਫ ਗਿਣਾਏ ਹੀ ਜਾ ਰਹੇ ਹਨ: ਵeਹਚਿਲe, ੱਅਗੋਨ, ੱeਗਿਹਟ, ਆਦਿ। ਵਿਆਹ ਵਾਲੇ ਲੇਖ ਵਿਚ ਹੀ ਪੰਜਾਬੀ ਦੇ ਇਨ੍ਹਾਂ ਸ਼ਬਦਾਂ ਦਾ ਵੀ ਚਰਚਿਤ ਧਾਤੂ ਨਾਲ ਸਬੰਧ ਦਰਸਾਇਆ ਗਿਆ ਹੈ- ਵਾਹ, ਵਾਹਣ, ਵਹਿਣ, ਵਾਹੀ, ਵਾਹਕ, ਪ੍ਰਵਾਹ, ਰਜਬਾਹਾ, ਗਿੱਦੜਬਾਹਾ, ਵਹਿੜਕਾ, ਵਹਿੰਗੀ, ਬੋਹਿਥਾ ਆਦਿ।
Leave a Reply