ਫੱਕਰ, ਫੁਕਰੇ ਤੇ ਫੁਕਰੀਆਂ

ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268

ਲਿਖਿਆ ਹੋਇਆ ਕੋਈ ਸ਼ਬਦ ਪੜ੍ਹਨ ਵੇਲੇ ਜੇ ਨਾਲ ਲੱਗੀਆਂ ਹੋਈਆਂ ਲਗਾਂ-ਮਾਤਰਾਂ ਵੱਲ ਬੇਧਿਆਨ ਹੋ ਜਾਏ, ਤਦ ਅਰਥ ਦਾ ਅਨਰਥ ਹੋ ਜਾਣਾ ਪੱਕਾ ਹੀ ਹੁੰਦਾ ਹੈ। ਉਰਦੂ ਦਾ ਸ਼ਿਅਰ ਹੈ,
ਹਮ ਦੁਆ ਲਿਖਤੇ ਰਹੇ ਵੁਹ ਦਗਾ ਪੜ੍ਹਤੇ ਰਹੇ
ਏਕ ਨੁਕਤੇ ਨੇ ਹਮੇ ਮਹਿਰਮ ਸੇ ਮੁਜਰਿਮ ਕਰ ਦੀਆ।
ਅਣਗਹਿਲੀ ਨਾਲ ਪੜ੍ਹਨ ਵਾਲੇ ਨੇ ‘ਦੁਆ’ ਨੂੰ ‘ਦਗਾ’ ਅਤੇ ‘ਮਹਿਰਮ’ ਨੂੰ ‘ਮੁਜਰਿਮ’ ਬਣਾ ਦਿੱਤਾ; ਜਦ ਕਿ ਦੁਆ ਅਤੇ ਮਹਿਰਮ ਦੇ ਮੁਕਾਬਲੇ ਦਗਾ ਅਤੇ ਮੁਜਰਿਮ ਦੇ ਅਰਥਾਂ ਵਿਚ ਜ਼ਮੀਨ ਆਸਮਾਨ ਦਾ ਫਰਕ ਹੈ। ਇੰਜ ਹੀ ਇਸ ਲਿਖਤ ਦੇ ਸਿਰਲੇਖ ਦੇ ਪਹਿਲੇ ਦੋ ਸ਼ਬਦ ਫੱਕਰ ਅਤੇ ਫੁਕਰੇ, ਇਕੋ ਜਿਹੇ ਅੱਖਰਾਂ ਨਾਲ ਲਿਖੇ ਹੋਏ ਹਨ, ਪਰ ਦੂਜੇ ਸ਼ਬਦ ਵਿਚ ‘ਔਂਕੜ’ ਅਤੇ ਰਾਰੇ ਨੂੰ ਲੱਗੀ ‘ਲਾਂਵ’ ਨੇ ਦੋਹਾਂ ਦੇ ਅਰਥਾਂ ਵਿਚ ਫਰਕ ਪਾ ਦਿੱਤਾ। ਫੱਕਰ ਹੋਣਾ ਸ਼ਾਹੀ ਨਿਆਮਤ ਹੈ, ਪਰ ਫੁਕਰਾ ਹੋਣਾ ਕਮੀਨਗੀ ਦੀ ਨਿਸ਼ਾਨੀ। ਦੁਨਿਆਵੀ ਝਮੇਲਿਆਂ, ਚਿੰਤਾਵਾਂ ਅਤੇ ਝੋਰਿਆਂ ਤੋਂ ਬੇਪ੍ਰਵਾਹ ਹੋ ਕੇ, ਮਸਤ-ਚਾਲ ਜ਼ਿੰਦਗੀ ਗੁਜ਼ਾਰਨ ਦਾ ਨਾਮ ਹੀ ਫੱਕਰਪੁਣਾ ਹੈ। ਇਹੋ ਜਿਹੀ ਬੇਫਿਕਰੀ ਦੀ ਸੋਭਾ ਕਰਦਿਆਂ ਸ਼ਾਇਰ ਨੇ ਕਿਹਾ ਹੋਇਐ- ਹੋਸ਼ਾਂ ਨਾਲੋਂ ਮਸਤੀ ਚੰਗੀ, ਜਿਹੜੀ ਰੱਖਦੀ ਸਦਾ ਟਿਕਾਣੇ। ਇਸ ਦੇ ਉਲਟ ਫੁਕਰਿਆਂ ਕੋਲੋਂ ਹਰ ਕੋਈ ਦੂਰ-ਦੂਰ ਰਹਿਣ ਦੀ ਕੋਸ਼ਿਸ਼ ਕਰਦਾ ਹੈ। ਇਸ ਦੇ ਬਾਵਜੂਦ ਹੈਰਾਨੀ ਦੀ ਗੱਲ ਹੈ ਕਿ ਫੱਕਰਾਂ ਦੀ ਬਨਿਸਬਤ ਫੁਕਰਿਆਂ ਦੀ ਗਿਣਤੀ ਹਮੇਸ਼ਾ ਵੱਧ ਹੀ ਰਹੀ ਹੈ। ਇਹ ਤਨਾਸਬ ਦਿਨੋ-ਦਿਨ ਵਧ ਰਿਹਾ ਹੈ। ਇਲਾਹੀ ਸ਼ਾਇਰ ਗੁਰੂ ਨਾਨਕ ਨੇ ਵੀ ਸੰਸਾਰ ਵਿਚ ਫੁਕਰਿਆਂ ਦੀ ਹੀ ਬਹੁ-ਗਿਣਤੀ ਦੱਸੀ ਹੈ,
ਹੈਨਿ ਵਿਰਲੇ ਨਾਹੀ ਘਣੇ ਫੈਲ ਫਕੜੁ ਸੰਸਾਰੁ॥
ਮਨੁੱਖੀ ਸੁਭਾਅ ਵਿਚ ਪਾਈਆਂ ਜਾਂਦੀਆਂ ਇਨ੍ਹਾਂ ਦੋਹਾਂ ਫਿਤਰਤਾਂ ਦੀ ਕੋਈ ਹੋਰ ਗੱਲ ਸ਼ੁਰੂ ਕਰਨ ਤੋਂ ਪਹਿਲਾਂ, ਜ਼ਰਾ ਫੱਕਰ ਅਤੇ ਫੁਕਰੇ ਦੇ ਫਰਕ ਬਾਰੇ ਜਾਣ ਲਈਏ। ਮੇਰਾ ਖਿਆਲ ਹੈ ਕਿ ਪਹਿਲਾਂ ਆਪਾਂ ਘੱਟ-ਗਿਣਤੀ, ਭਾਵ ਫੱਕਰਾਂ ਦੇ ਵਿਹੜੇ ‘ਚ ਝਾਤੀ ਮਾਰ ਲਈਏ।
ਧੱਕਾ ਸਟਾਰਟ ਗ੍ਰਹਿਸਥ ਗੱਡੀ ਚਲਾਉਂਦਿਆਂ ਘਰੇਲੂ ਖਿੱਚੋ-ਤਾਣ ਤੋਂ ਸਤਿਆ ਕੋਈ ਬੰਦਾ ਸੜਕ ਕੰਢੇ ਖੜ੍ਹਾ ਸੀ। ਡੂੰਘੀਆਂ ਸੋਚਾਂ ਵਿਚ ਡੁੱਬੇ ਹੋਏ ਨੇ ਸਾਹਮਣੇ ਦੇਖਿਆ ਕਿ ਮੈਲੇ ਜਿਹੇ ਕੱਪੜਿਆਂ ਵਾਲਾ ਕੋਈ ਰਮਤਾ, ਮਸਤ ਚਾਲ ਤੁਰਿਆ ਜਾ ਰਿਹਾ ਸੀ। ਸਿਰ ਦੇ ਖੁੱਲ੍ਹੇ ਵਾਲ। ਬੇਪ੍ਰਵਾਹੀ ਦੇ ਆਲਮ ਵਿਚ ਤੁਰੇ ਜਾ ਰਹੇ ਉਸ ਸਾਦ-ਮੁਰਾਦੇ ਜਿਹੇ ਬੰਦੇ ਵੱਲ ਦੇਖ ਕੇ ਗ੍ਰਹਿਸਥੀ ਸੋਚਣ ਲੱਗਾ- ਵਾਹ! ਕਿਆ ਆਜ਼ਾਦ ਜ਼ਿੰਦਗੀ ਹੈæææ ਨਾ ਫਿਕਰ ਨਾ ਫਾਕਾæææ ਨਾ ਕੋਲ ਕੋਈ ਗਠੜੀ ਝੋਲਾæææ ਕੈਸੀ ਕਮਾਲ ਦੀ ਜ਼ਿੰਦਗੀ!
ਇਕ ਤਰਫ ਵਾਹੋ-ਦਾਹੀ ਤੁਰਿਆ ਜਾ ਰਿਹਾ ਉਹ ਰਮਤਾ, ਗ੍ਰਹਿਸਥੀ ਬੰਦੇ ਦੇ ਦੇਖਦਿਆਂ-ਦੇਖਦਿਆਂ, ਇਕ ਦਮ ਪਿਛਲ ਖੁਰੀਆਂ ਉਲਟ ਦਸ਼ਾ ਵੱਲ ਮੁੜ ਪਿਆ। ਪਹਿਲਾਂ ਵਾਲੀ ਰਫਤਾਰ ਉਸ ਨੇ ਪਿੱਛੇ ਵਲ ਫੜ ਲਈ। ਗ੍ਰਹਿਸਥੀ ਨੇ ਸ਼ੰਕਾ ਅਧੀਨ ਉਹਦੇ ਕੋਲ ਜਾ ਕੇ ਅਦਬ ਨਾਲ ਪੁੱਛਿਆ, “ਬਾਬਾ ਜੀ, ਆਪ ਇਕ ਪਾਸੇ ਨੂੰ ਤੁਰੇ ਜਾਂਦੇ, ਅਚਾਨਕ ਪਿੱਛੇ ਨੂੰ ਮੁੜ ਪਏ ਓ। ਤੁਹਾਡੀ ਕੋਈ ਚੀਜ਼-ਵਸਤ ਪਿੱਛੇ ਰਹਿ ਗਈ ਹੈ?”
ਗ੍ਰਹਿਸਥੀ ਦਾ ਸਵਾਲ ਸੁਣ ਕੇ ਉਚੀ-ਉਚੀ ਹੱਸਦਾ ਹੋਇਆ ਉਹ ਰਮਤਾ ਬੋਲਿਆ, “ਭਾਈ! ਇਸ ਪਾਸੇ ਤੁਰਦਿਆਂ, ਪਿਛਲੀ ਹਵਾ ਹੋਣ ਕਰ ਕੇ ਮੇਰੇ ਸਿਰ ਦੇ ਵਾਲ ਉੜ-ਉੜ ਕੇ ਅੱਖਾਂ ‘ਚ ਪੈਣ ਲੱਗ ਪਏ ਸੀæææ ਤੇ ਆਪਾਂ ਦੂਜੇ ਪਾਸੇ ਨੂੰ ਤੁਰ ਪਏ। ਉਧਰ ਕਿਹੜਾ ਮੇਰੀ ਭੂਆ ਉਡੀਕਦੀ ਐ ਮੈਨੂੰ।” ਚਾਰ-ਚੁਫੇਰਾ ਹੀ ਫੱਕਰਾਂ ਦਾ!æææ ਸਗਲੀ ਧਰਤੀ ਸਾਧ ਕੀ!!
ਇਸੇ ਤਰ੍ਹਾਂ ਦਾ ਇੱਕ ਫੱਕਰ ਸਤਾਰਵੀਂ ਸਦੀ ਦੇ ਅੱਧ ਵਿਚਕਾਰ ਇਰਾਨ ਦੇਸ਼ ਤੋਂ ਸਫ਼ਰ ਕਰਦਿਆਂ ਹਿੰਦੁਸਤਾਨ ਪਹੁੰਚਿਆ। ਸਰਮਦ ਨਾਂ ਦਾ ਇਹ ਰਮਤਾ ਫੱਕਰ ਹਮੇਸ਼ਾ ਅਲਫ ਨੰਗਾ ਰਹਿੰਦਾ ਸੀ। ਹਿੰਦੁਸਤਾਨੀ ਸ਼ਰੱਈ ਕਾਜ਼ੀਆਂ-ਮੌਲਾਣਿਆਂ ਨੇ ਸਮੇਂ ਦੇ ਹਾਕਮ ਔਰੰਗਜ਼ੇਬ ਪਾਸ ਸ਼ਿਕਾਇਤ ਕੀਤੀ ਕਿ ਸਰਮਦ ਨੰਗਾ ਰਹਿਣ ਦੇ ਨਾਲ ਕਲਮਾ ਵੀ ਅਧੂਰਾ ਪੜ੍ਹਦਾ ਹੈ ਜੋ ਇਸਲਾਮੀ ਸ਼ਰਾਅ ਦੀ ਸਿੱਧੀ ਉਲੰਘਣਾ ਹੈ। ਉਹ ‘ਲਾ-ਇਲਾ ਇਲ-ਲਿਲਾਹ’ ਹੀ ਕਹਿੰਦਾ, ਇਸ ਦੇ ਨਾਲ ‘ਮੁਹੰਮਦ ਰਸੂਲ-ਲਿਲਾਹ’ ਨਹੀਂ ਸੀ ਆਖਦਾ।
ਸਰਮਦ ਨੂੰ ਔਰੰਗਜ਼ੇਬ ਦੇ ਦਰਬਾਰ ਵਿਚ ਪੇਸ਼ ਹੋਣ ਦਾ ਹੁਕਮ ਹੋਇਆ। ਘੁੰਮਦਾ-ਘੁਮਾਉਂਦਾ ਉਹ ਨਗਨ ਹਾਲਤ ਵਿਚ ਹੀ ਬਾਦਸ਼ਾਹ ਸਾਹਮਣੇ ਜਾ ਗੱਜਿਆ। ਸ਼ਾਹੀ ਰਵਾਇਤ ਮੁਤਾਬਕ ਉਸ ਨੇ ਸ਼ਹਿਨਸ਼ਾਹ ਅੱਗੇ ਝੁਕ ਕੇ ਕੋਈ ਦੁਆ-ਸਲਾਮ ਨਾ ਕੀਤੀ। ਹੈਂਕੜਬਾਜ਼ ਬਾਦਸ਼ਾਹ ਨੇ ਅੱਗ ਬਗੂਲਾ ਹੁੰਦਿਆਂ ਸਰਮਦ ਨੂੰ ਪੁੱਛਿਆ, “ਗੁਸਤਾਖ ਫਕੀਰ, ਤੂੰ ਹਿੰਦੁਸਤਾਨ ਦੇ ਬਾਦਸ਼ਾਹ ਦੇ ਦਰਬਾਰ ਵਿਚ ਨਗਨ ਕਿਉਂ ਆਇਆਂ ਏਂ?”
“ਗੁਨਾਹਗਾਰਾਂ ਨੂੰ ਆਪਣੇ ਐਬ ਕੱਜਣ ਲਈ, ਖੁਦਾ ਨੇ ਲਿਬਾਸ ਬਖ਼ਸ਼ਿਆ ਹੈ। ਮੇਰੇ ਵਰਗੇ ‘ਬੇ-ਐਬ’ ਬੰਦੇ ਲਈ ਇਹ ਨਗਨਤਾ ਹੀ ਲਿਬਾਸ ਹੈ।æææ ਮੇਰੇ ‘ਚ ਐਬ ਈ ਕੋਈ ਨਹੀਂ ਜਿਸ ਨੂੰ ਢਕਣ ਦੀ ਮੈਨੂੰ ਲੋੜ ਪਵੇ।” ਬੇ-ਪ੍ਰਵਾਹ ਸਰਮਦ ਨੇ ਜਵਾਬ ਦਿੱਤਾ।
“ਦਰਬਾਰ ਵਿਚ ਆਉਂਦਿਆਂ ਤੂੰ ਮੈਨੂੰ ਸਲਾਮ ਕਿਉਂ ਨਹੀਂ ਕੀਤੀ?” ਬਾਦਸ਼ਾਹ ਦੇ ਦੂਜੇ ਸਵਾਲ ਦੇ ਜਵਾਬ ਵਿਚ ਬੇਬਾਕ ਸਰਮਦ ਕਹਿੰਦਾ, “ਤੈਨੂੰ ਪਤਾ ਨਹੀਂ, ਮੈਂ ਵੀ ਬਾਦਸ਼ਾਹ ਹਾਂ!”
“ਜੇ ਤੂੰ ਬਾਦਸ਼ਾਹ ਏਂ, ਤਾਂ ਤੇਰੀਆਂ ਫੌਜਾਂ ਕਿੱਥੇ ਨੇ?”
“ਮੇਰੀ ਦੁਸ਼ਮਣੀ ਹੀ ਨਹੀਂ ਕਿਸੇ ਨਾਲ, ਮੈਨੂੰ ਕੀ ਲੋੜ ਹੈ ਫੌਜਾਂ ਦੀ!”
“ਤੇਰਾ ਸ਼ਾਹੀ ਖਜ਼ਾਨਾ ਕਿੱਥੇ ਹੈ ਫਿਰ?” ਬਾਦਸ਼ਾਹ ਨੇ ਅਗਲਾ ਸਵਾਲ ਕੀਤਾ।
“ਮੈਨੂੰ ਖ਼ਜ਼ਾਨਿਆਂ ਦੀ ਲੋੜ ਹੀ ਕੋਈ ਨਹੀਂ।” ਅਜਿਹੇ ਠੋਕਵੇਂ ਜਵਾਬ ਦਿੰਦਿਆਂ, ਕਹਿੰਦੇ ਇਸ ਮੌਕੇ ਜੋ ਉਸ ਨੇ ਔਰੰਗਜ਼ੇਬ ਨੂੰ ਲਲਕਾਰ ਕੇ ਆਖਿਆ,
ਔਰੰਗਜ਼ੇਬ!
ਤੂੰ ਸ਼ਹਿਨਸ਼ਾਹ- ਮੈਂ ਦਰ ਕਾ ਗਦਾ
ਹੈ ਰੂਹ ਏਕ, ਤਕਦੀਰੇਂ ਦੋ।
ਤੂੰ ਗੁਲੇ-ਚਮਨ, ਮੈਂ ਖਾਰੇ-ਦਸ਼ਤ
ਹੈ ਨੱਕਾਸ਼ ਏਕ, ਤਸਵੀਰੇਂ ਦੋ।
ਤੂੰ ਕਲਮ-ਬੰਦ, ਮੈਂ ਜ਼ੁਬਾਂ-ਬੰਦ,
ਹੈ ਬੰਦਸ਼ ਏਕ, ਜ਼ੰਜੀਰੇ ਦੋ।
ਤੂੰ ਮੈ-ਨ-ਚੂੰ, ਮੈਂ ਖੁਦ-ਨ-ਚੂੰ
ਹੈ ਨਸ਼ਾ ਏਕ, ਤਾਸੀਰੇਂ ਦੋ।
ਤੂੰ ਹਰਮੋਂ ਮੈਂ-ਮੈਂ ਜੰਗਲੋਂ ਮੇਂ
ਹੈ ਮਕਾਂ ਏਕ, ਤਾਮੀਰੇਂ ਦੋ।
ਤੂੰ ਮਾਲ-ਮਸਤ, ਮੈਂ ਹਾਲ-ਮਸਤ
ਹੈ ਤੀਰ ਏਕ, ਲਾਕੀਰੇਂ ਦੋ।
ਤੁਝੇ ਰਾਜ ਕੀ ਚਾਹ, ਮੁਝੇ ਪਿਆਰ ਕੀ ਚਾਹ
ਹੈ ਖ੍ਵਾਹਿਸ਼ ਏਕ, ਤਦਬੀਰੇਂ ਦੋ।
ਤੂੰ ਦੁਨੀਆਂ-ਦਾਰ, ਮੈਂ ਦੀਨ-ਦਾਰ
ਹੈ ਮਸਤਿਕ ਏਕ, ਲਾਕੀਰੇਂ ਦੋ।
ਤੁਝੇ ਤਨ ਕੀ ਮੌਜ, ਮੁਝੇ ਮਨ ਕੀ ਮੌਜ,
ਹੈ ਮਿਆਨ ਏਕ, ਸ਼ਮਸ਼ੀਰੇਂ ਦੋ।
ਤੇਰੀ ਜੁਦਾ ਪਸੰਦ, ਮੇਰੀ ਜੁਦਾ ਪਸੰਦ
ਤੁਝੇ ਖੁਦੀ ਪਸੰਦ, ਮੁਝੇ ਖੁਦਾ ਪਸੰਦ!
ਸਰਮਦ ਦੇ ਕੜਾਕੇਦਾਰ ਜਵਾਬ ਸੁਣ ਕੇ, ਉਸ ਨੂੰ ਕਤਲ ਕਰ ਦੇਣ ਦਾ ਹੁਕਮ ਸੁਣਾ ਦਿੱਤਾ ਗਿਆ। ਤਵਾਰੀਖ ਅਨੁਸਾਰ ਕਤਲ ਹੋਣ ਤੋਂ ਪਹਿਲਾਂ ਇਸ ਫੱਕਰ ਨੇ ਜੱਲਾਦ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਆਖਿਆ ਸੀ, “ਦੁਨੀਆਂ ਦਾ ਰਾਜ-ਰੌਲਾ ਸੁਣ ਕੇ ਜਾਗਿਆ ਸਾਂ, ਜ਼ਿੰਦਗੀ ਦੀ ਨੀਂਦ ਹਾਲੇ ਹੋਰ ਬਾਕੀ ਹੈ। ਚਲੋ ਫਿਰ ਸੌਂ ਜਾਂਦਾ ਹਾਂ।”
ਦਿਲ ਤਾਂ ਨਹੀਂ ਕਰਦਾ ਕਿ ਇਹੋ ਜਿਹੇ ਅਣਖੀਲੇ ਫੱਕਰ ਦੀ ਦਾਸਤਾਂ ਬਿਆਨ ਕਰਨ ਤੋਂ ਬਾਅਦ, ਹੁਣ ਫੁਕਰਿਆਂ ਦੀਆਂ ਫੁਕਰੀਆਂ ਲਿਖ ਕੇ ਮਿੱਠੀਆਂ ਸੇਵੀਆਂ ਵਿਚ ਲੂਣ ਰਲਾਇਆ ਜਾਵੇ, ਪਰ ਸਿਰਲੇਖ ਦੀ ਮਜਬੂਰੀ ਕਾਰਨ ਇਹ ਰੰਗ ਦਿਖਾਉਣਾ ਵੀ ਜ਼ਰੂਰੀ ਹੈ। ਲਓæææ ਪਹਿਲਾਂ ਇਕ ਫੁਕਰੇ ਦੀ ਗਾਥਾ ਪੜ੍ਹੋæææ
ਕਿਸੇ ਪਿੰਡ ਦੀ ਖੁੰਢ ਚਰਚਾ ਵਾਲੀ ਢਾਣੀ ਵਿਚ ਬੈਠਾ ਕੋਈ ਬਾਰਾਂ ਪੱਤਣਾਂ ਦਾ ਪਾਣੀ ਪੀ ਚੁੱਕਿਆ ਫਿਰਤੂ ਬੰਦਾ ਆਪਣੀ ਹੱਡ-ਬੀਤੀ ਬੜੇ ਮਾਣ ਨਾਲ ਸੁਣਾ ਰਿਹਾ ਸੀ, “æææਲਓ ਜੀ, ‘ਕੇਰਾਂ ਮੈਂ ਦੂਰ ਗਿਆ ਹੋਇਆ ਇਕ ਪਿੰਡ ਵਿਚੀਂ ਲੰਘਿਆ। ਰੋਹੀ ਦੀ ਰੁੱਤ ਹੋਣ ਕਰ ਕੇ ਮੈਨੂੰ ਥਿਆ ਲੱਗ ਗਈæææਬਾਹਰ ਬੰਨ੍ਹੇ ਹੋਏ ਲਵੇਰੇ ਦੇਖ ਕੇ ਮੈਂ ਇਕ ਘਰੋਂ ਲੱਸੀ ਮੰਗੀ। ਅੰਦਰੋਂ ਨਿਕਲੀ ਮਾਈ ਮੈਨੂੰ ਲੱਸੀ ਦਾ ਛੰਨਾ ਭਰ ਕੇ ਫੜਾ ਗਈ।æææਛੰਨਾ ਦੇਖ ਕੇ ਮੇਰਾ ਦਿਲ ਬੇਈਮਾਨ ਹੋ ਗਿਆ। ਵਿਹੜੇ ਵਿਚ ਤੁਰੀ ਫਿਰਦੀ ਮਾਈ ਤੋਂ ਅੱਖ ਬਚਾ ਕੇ ਮੈਂ ਛੰਨਾ ਕੱਛ ‘ਚ ਲੁਕੋਇਆ ਤੇ ਗਲੀਓ ਗਲੀ ਤੁਰ ਪਿਆ। ਪਲ ਕੁ ਮਗਰੋਂ ਬੁੜ੍ਹੀ ਵੀ ਰੌਲਾ ਪਾਉਂਦੀ ਭੱਜੀ ਆਵੇ, ‘ਵੇ ਭਾਈ! ਮੇਰਾ ਛੰਨਾ ਤਾਂ ਮੋੜ ਜਾ!’æææਮੈਂ ਬੜੇ ਰੋਅਬ ਨਾਲ ਜਵਾਬ ਦਿੱਤਾ ਕਿ ਤੇਰਾ ਛੰਨਾ ਤਾਂ ਮੈਂ ਉਥੇ ਹੀ ਰੱਖ ਆਇਆ ਸਾਂ। ਰੌਲਾ-ਰੱਪਾ ਸੁਣ ਕੇ ਗਲੀ ਦੀਆਂ ਆਂਢਣਾਂ-ਗੁਆਂਢਣਾਂ ਵੀ ‘ਕੱਠੀਆਂ ਹੋ ਗਈਆਂ। ਗੁੱਸੇ ‘ਚ ਲੋਹੇ ਲਾਖੀ ਹੋਈ ਬੁਢੜੀ ਲੱਗ ਪਈ ਮੇਰੀ ਤਲਾਸ਼ੀ ਲੈਣ। ਲਓ ਜੀ, ਹਫੜਾ-ਦਫੜੀ ਵਿਚ ਛੰਨਾ ਮੇਰੀ ਕੱਛ ਵਿਚੋਂ ਥੱਲੇ ਜਾ ਡਿੱਗਾ। ਛੰਨਾ ਦੇਖਦਿਆਂ ਸਾਰ ਮਾਈ ਹੋ ਗਈ ਸ਼ਰਮਿੰਦੀ!æææਪਾਣੀਉਂ ਪਤਲੀ!!æææਛਿੱਥੀ ਪਈ ਸ਼ਰਮ ਦੀ ਮਾਰੀ ਬੁੜ-ਬੁੜ ਕਰਦੀ ਆਪਣੇ ਘਰ ਨੂੰ ਤੁਰ ਗਈ।”
ਆਪਣੀ ‘ਬਹਾਦਰੀ’ ਸੁਣਾਉਣ ਵਾਲੇ ਇਸ ‘ਸਰਟੀਫਾਈਡ ਫੁਕਰੇ’ ਤੋਂ ਬਾਅਦ ਵਾਰੀ ਆ ਗਈ ‘ਫੁਕਰੀਆਂ’ ਦੀ। ਬਹੁਤ ਸਾਰੇ ਸ਼ਬਦ ਐਸੇ ਹੁੰਦੇ ਨੇ, ਜਿਨ੍ਹਾਂ ਦੇ ਇਕ ਨਹੀਂ ਸਗੋਂ ਕਈ-ਕਈ ਅਰਥ ਬਣਦੇ ਨੇ। ਜਿਵੇਂ ਗ੍ਰੰਥਕਾਰਾਂ ਨੇ ‘ਸਾਰੰਗ’ ਸ਼ਬਦ ਦੇ ਤਕਰੀਬਨ ਸੱਠ ਅਰਥ ਦੱਸੇ ਹਨ; ਇੰਜ ‘ਫੁਕਰਾ’ ਸ਼ਬਦ ਦਾ ਇਸਤਰੀ ਲਿੰਗ ਵੀ ਫੁਕਰੀ ਬਣਦਾ ਹੈ। ਫੁਕਰੀ ਦਾ ਬਹੁ-ਵਚਨ ਫੁਕਰੀਆਂ ਕਿਹਾ ਜਾਵੇਗਾ। ਕਿਸੇ ਫੁਕਰੇ ਵੱਲੋਂ ਮਾਰੀਆਂ ਗਈਆਂ ਯੱਭਲੀਆਂ ਨੂੰ ਵੀ ਫੁਕਰੀਆਂ ਕਿਹਾ ਜਾਂਦਾ ਹੈ। ਜਿਵੇਂ ਲੇਖ ਦੇ ਮੁੱਢ ਵਿਚ ਦੱਸਿਆ ਹੀ ਜਾ ਚੁੱਕਾ ਹੈ ਕਿ ਫੱਕਰ ਟਾਵੇਂ-ਟਾਵੇਂ ਹੀ ਹੁੰਦੇ ਹਨ, ਪਰ ਫੁਕਰਿਆਂ ਅਤੇ ਫੁਕਰੀਆਂ ਦੀ ਗਿਣਤੀ ਬੇਹਿਸਾਬੀ ਹੈ। ਫੁਕਰੀਆਂ ਦੀ ਵੰਨਗੀ ਦਿਖਾਉਣੀ ਸ਼ੁਰੂ ਕੀਤੀ ਤਾਂ ਲੇਖ ਬੇਲੋੜਾ ਲੰਮਾ ਹੋ ਜਾਵੇਗਾ। ਸਾਡੇ ਸਮਿਆਂ ਦਾ ਇਹ ਵੀ ਇਕ ਦੁਖਦਾਈ ਪਹਿਲੂ ਹੈ ਕਿ ਫੱਕਰ ਹੋਣ ਦਾ ਦਾਅਵਾ ਭਾਰੀ ਗਿਣਤੀ ਵਿਚ ਫੁਕਰਿਆਂ ਵੱਲੋਂ ਹੀ ਕੀਤਾ ਜਾ ਰਿਹਾ ਹੈ।
ਇਸ਼ਤਿਹਾਰਬਾਜ਼ੀ ਦੇ ਡੌਰੂ ਰਾਹੀਂ ਲੋਹੇ ਨੂੰ ਪਿੱਤਲ ਅਤੇ ਪਿੱਤਲ ਨੂੰ ਸੋਨਾ ਬਣਾ ਦੇਣ ਦੀ ਸਮਰੱਥਾ ਵਾਲੇ ਇਸ ਡਰਾਮੇਬਾਜ਼ ਯੁੱਗ ਵਿਚ ਫੁਕਰਿਆਂ ਦੀ ਪੂਰੀ ਚੜ੍ਹਾਈ ਹੈ ਜੋ ਪੂਰੀ ਬੇ-ਹਯਾਈ ਵਾਲੀ ਉਚੀ ਸੁਰ ਵਿਚ ਫੁਕਰੀਆਂ ਮਾਰ-ਮਾਰ ਕੇ ਹਰ ਖੇਤਰ ਵਿਚ ਛਾਏ ਹੋਏ ਨੇ। ਕਿਆ ਧਾਰਮਕ, ਕਿਆ ਸਮਾਜਕ ਅਤੇ ਕਿਆ ਰਾਜਨੀਤਕ ਪਿੜ- ਸਭ ਥਾਂ ਫੁਕਰਿਆਂ ਦੀ ਬਹੁ-ਸੰਮਤੀ ਹੈ। ਕਿਸੇ ਪਿਆਸੇ ਨੂੰ ਪਾਣੀ ਦਾ ਘੁੱਟ ਵੀ ਨਾ ਪਿਆਉਣ ਵਾਲੇ ‘ਦਾਨੀ’ ਜਾਂ ‘ਸਮਾਜ ਸੇਵਕ’ ਸਦਾਉਂਦੇ ਹਨ। ਦੁਨੀਆਂ ਭਰ ਦੀ ਐਸ਼ੋ-ਇਸ਼ਰਤ ਹੰਢਾਉਂਦਿਆਂ ਰੰਗ-ਰਲੀਆਂ ਮਾਣਨ ਵਾਲੇ ਧਾਰਮਕ ਰਹਿਬਰ ਬਣੇ ਬੈਠੇ ਨੇ। ਦੇਸ਼, ਧਰਮ ਜਾਂ ਕੌਮ ਨੂੰ ਵੇਚ-ਵੱਟ ਕੇ ਖਾਣ ਵਾਲੇ ਧੋਖੇਬਾਜ਼ਾਂ ਨੂੰ ‘ਫਖਰੇ-ਕੌਮ’ ਦੇ ਸਨਮਾਨ ਮਿਲਦੇ ਨੇ।
ਉਕਤ ਤਿੰਨਾਂ ਖੇਤਰਾਂ ਵਿਚ ਉਸੇ ਦੀ ਬਾਲਾਦਸਤੀ ਕਾਇਮ ਹੋ ਸਕਦੀ ਹੈ ਜੋ ਮਹਾਂ-ਢੀਠ ਹੋ ਕੇ ਪੂਰੀ ਨਿਪੁੰਨਤਾ ਨਾਲ ਨਵੀਆਂ ਤੋਂ ਨਵੀਆਂ ਫੁਕਰੀਆਂ ਮਾਰੇ। ਸਾਰਾ ਜਹਾਨ ਉਨ੍ਹਾਂ ਨੂੰ ਭਾਵੇਂ ਫੁਕਰੇ ਕਹੇ, ਪਰ ਉਹ ਫੁਕਰੀਆਂ ਮਾਰਨੀਆਂ ਨਾ ਛੱਡਣ।

Be the first to comment

Leave a Reply

Your email address will not be published.