ਕਰੋੜਾਂ ਦਾ ਖਜ਼ਾਨਾ

ਮਰਹੂਮ ਦਲਬੀਰ ਸਿੰਘ (20 ਅਗਸਤ 1949-28 ਜੁਲਾਈ 2007) ਦੀ ਸਵੈ-ਜੀਵਨੀ ‘ਤੇਰੀਆਂ ਗਲੀਆਂ’ ਅਸਲ ਵਿਚ ਉਹਦੇ ਆਪਣੇ ਪਿੰਡ ਨੰਗਲ ਸ਼ਾਮਾ ਦੀਆਂ ਯਾਦਾਂ ਹਨ। ਇਸ ਰਚਨਾ ਦੀ ਖੂਬਸੂਰਤੀ ਇਹ ਹੈ ਕਿ ਇਹ ਯਾਦਾਂ ਫੈਲ ਕੇ ਪੂਰੇ ਪੰਜਾਬ ਦੇ ਪਿੰਡਾਂ ਦੀਆਂ ਯਾਦਾਂ ਨਾਲ ਜੁੜ ਗਈਆਂ ਹਨ। ਦਲਬੀਰ ਪਿੰਡ ਦੀ ਨਬਜ਼ ਉਤੇ ਆਪਣੀਆਂ ਉਂਗਲਾਂ ਦੇ ਪੋਟੇ ਰੱਖ ਕੇ ਇਹਦਾ ਹਾਲ-ਚਾਲ ਪੁੱਛਦਾ ਅਤੇ ਪਾਠਕਾਂ ਨੂੰ ਸੁਣਾ ਰਿਹਾ ਪ੍ਰਤੀਤ ਹੁੰਦਾ ਹੈ। ਇਸੇ ਕਰਕੇ ਇਹ ਯਾਦਾਂ, ਦਿਲਚਸਪ ਬਾਤਾਂ ਬਣ ਗਈਆਂ ਹਨ। ਇਸ ਸਵੈ-ਜੀਵਨੀ ਵਿਚ ਉਹਨੇ ਆਪਣੀ ਧੀ ਸੁਪਨੀਤ ਕੌਰ ਨੂੰ ਆਪਣਾ ਪਿੰਡ ਦਿਖਾਉਣ ਦੇ ਬਹਾਨੇ ਪੰਜਾਬ ਦੇ ਪਿੰਡਾਂ ਦੀ ਕਹਾਣੀ ਜੋੜੀ ਹੈ ਜੋ ਪਿਛਲੇ ਕਈ ਦਹਾਕਿਆਂ ਤੋਂ ਬਹੁਤ ਤੇਜ਼ੀ ਨਾਲ ਬਦਲੇ ਹਨ। ਇਸ ਲੇਖ ਵਿਚ ਉਹਨੇ ਆਪਣੇ ਪਿੰਡ ਦੇ ਗੁਰਦਿਆਲ ਲਾਲੀ ਦੀ ਕਥਾ ਛੋਹੀ ਹੈ ਜਿਹੜਾ ਅਨਮੋਲ ਵਸਤਾਂ ਇਕੱਠੀਆਂ ਕਰਦਾ ਹੁੰਦਾ ਸੀ। -ਸੰਪਾਦਕ

ਦਲਬੀਰ ਸਿੰਘ
ਜਦੋਂ ਪਹਿਲੀ ਵਾਰੀ ਮੈਂ ਆਪਣੀ ਬੇਟੀ ਨੂੰ ਆਪਣਾ ਪਿੰਡ ਦਿਖਾਉਣ ਗਿਆ ਸਾਂ ਤਾਂ ਲੰਬੜਾਂ ਦੀ ਇਸ ਗਲੀ ਦੇ ਆਖ਼ਰੀ ਘਰ ਵਿਚ ਰਹਿਣ ਵਾਲਾ ਗੁਰਦਿਆਲ ਲਾਲੀ ਹਾਲੇ ਜਿਉਂਦਾ ਸੀ। ਉਹ ਪੰਜਾਬ ਸਰਕਾਰ ਦੇ ਟਾਊਨ ਪਲਾਨਿੰਗ ਮਹਿਕਮੇ ਵਿਚੋਂ ਸੀਨੀਅਰ ਟਾਊਨ ਪਲਾਨਰ ਦੇ ਅਹੁਦੇ ਤੋਂ ਰਿਟਾਇਰ ਹੋਇਆ ਸੀ ਤੇ ਪਿੰਡ ਹੀ ਰਹਿ ਰਿਹਾ ਸੀ। ਇਸੇ ਘਰ ਵਿਚ ਹੀ ਉਸ ਦਾ ਦਾਦਾ ਬੂਟਾ ਸਿੰਘ ਲੰਬੜਦਾਰ ਰਹਿੰਦਾ ਸੀ ਜਿਸ ਨੂੰ ਬੱਬਰ ਅਕਾਲੀਆਂ ਨੇ ਮਾਰ ਦਿੱਤਾ ਸੀ।
ਬੱਬਰ ਅਕਾਲੀਆਂ ਦੀ ਲਹਿਰ ਦੁਆਬੇ ਵਿਚ ਬਹੁਤ ਸਰਗਰਮ ਸੀ। 20ਵੀਂ ਸਦੀ ਦੇ ਦੂਜੇ ਦਹਾਕੇ ਵਿਚ ਉਠੀ ਇਸ ਲਹਿਰ ਵਿਚ ਬੱਬਰਾਂ ਨੇ ਨਾ ਸਿਰਫ ਕਈ ਅੰਰਗੇਜ਼ਾਂ, ਸਗੋਂ ਅੰਗਰੇਜ਼ਾਂ ਦੇ ਕਈ ਝੋਲੀ ਚੁੱਕਾਂ ਨੂੰ ਵੀ ਮਾਰਿਆ ਸੀ। ਬੱਬਰ ਲਲਕਾਰ ਕੇ ਵਾਰ ਕਰਦੇ ਸਨ, ਕਿਸੇ ਔਰਤ ਜਾਂ ਬੱਚੇ ਉਤੇ ਵਾਰ ਨਹੀਂ ਸਨ ਕਰਦੇ, ਪਰ ਬੂਟਾ ਸਿੰਘ ਉਤੇ ਵਾਰ ਕਰਨ ਸਮੇਂ ਉਨ੍ਹਾਂ ਬੱਚਿਆਂ ਉਤੇ ਵਾਰ ਨਾ ਕਰਨ ਦੇ ਸੰਕਲਪ ਦਾ ਤਿਆਗ ਕਰ ਦਿੱਤਾ ਸੀ। ਉਨ੍ਹਾਂ ਹਮਲੇ ਵੇਲੇ ਬੂਟਾ ਸਿੰਘ ਦੇ ਪੁੱਤਰ ਦੀ ਇਕ ਬਾਂਹ ਵੱਢ ਦਿੱਤੀ ਸੀ ਅਤੇ ਔਰਤਾਂ ਦੇ ਗਹਿਣੇ ਵੀ ਖੋਹ ਲਏ ਸਨ।
ਇਹ ਗੱਲ ਬੱਬਰ ਲਹਿਰ ਦੇ ਖੋਜੀ ਇਤਿਹਾਸਕਾਰਾਂ ਨੇ ਵੀ ਮੰਨੀ ਹੈ ਕਿ ਭਾਵੇਂ ਬੂਟਾ ਸਿੰਘ ਨੂੰ ਮਾਰਨਾ ਦਰੁਸਤ ਸੀ ਪਰ ਉਸ ਦੇ ਪੁੱਤਰਾਂ ਉਤੇ ਵਾਰ ਕਰਨਾ ਠੀਕ ਨਹੀਂ ਸੀ। ਇਸ ਕਾਂਡ ਵਿਚ ਬੂਟਾ ਸਿੰਘ ਮੁੱਖ ਖਲਨਾਇਕ ਸੀ, ਪਰ ਉਸ ਉਤੇ ਕੀਤੇ ਗਏ ਹਮਲੇ ਦੌਰਾਨ ਬੱਚੇ ਦੀ ਬਾਂਹ ਵੱਢਣ ਕਾਰਨ ਬੱਬਰ ਦਾਗੀ ਹੋ ਗਏ ਸਨ।
ਬੂਟਾ ਸਿੰਘ ਦੇ ਚਾਰ ਪੁੱਤਰ ਸਨ- ਕਾਲਾ ਸਿੰਘ, ਗੁਰਦਿੱਤ ਸਿੰਘ, ਬੀਰ ਸਿੰਘ ਅਤੇ ਮੇਜਰ ਮਿਹਰ ਸਿੰਘ। ਇਥੇ ਬੂਟਾ ਸਿੰਘ ਦੇ ਸਭ ਤੋਂ ਛੋਟੇ ਪੁੱਤਰ ਮੇਜਰ ਮਿਹਰ ਸਿੰਘ, ਉਸ ਦੇ ਤਿੰਨ ਪੁੱਤਰਾਂ ਚੰਨਣ ਸਿੰਘ, ਗੁਰਦਿਆਲ ਸਿੰਘ ਲਾਲੀ ਤੇ ਗੁਰਬਖਸ਼ ਸਿੰਘ ਉਰਫ ਬੱਤਾ ਦਾ ਹੀ ਜ਼ਿਕਰ ਕਰਾਂਗਾ। ਮੇਜਰ ਮਿਹਰ ਸਿੰਘ ਦੀ ਪਤਨੀ ਨੂੰ ਸਾਰੇ ਭਾਬੀ ਕਹਿੰਦੇ ਸਨ ਤੇ ਉਹ ਆਪਣੇ ਪਤੀ ਵਾਂਗ ਹੀ ਜਬ੍ਹੇ ਵਾਲੀ ਔਰਤ ਸੀ। ਇਕ ਤਾਂ ਉਹ ਫੌਜੀ ਅਫਸਰ ਦੀ ਪਤਨੀ ਸੀ, ਲੰਬੜਦਾਰਾਂ ਦੇ ਟੱਬਰ ਵਿਚੋਂ ਸੀ, ਸਰਪੰਚ ਦੀ ਪਤਨੀ ਸੀ, ਤੇ ਪਿੰਡ ਦੇ ਸਭ ਤੋਂ ਵੱਧ ਜ਼ਮੀਨ ਦੇ ਮਾਲਕ ਪਰਿਵਾਰ ਵਿਚੋਂ ਸੀ, ਇਸ ਕਰ ਕੇ ਉਸ ਦਾ ਰੋਅਬ ਬਹੁਤ ਸੀ। ਪਿੰਡ ਦੀਆਂ ਸੁਆਣੀਆਂ ਤਾਂ ਕੀ, ਬੱਚੇ ਵੀ ਉਸ ਨੂੰ ਭਾਬੀ ਕਹਿੰਦੇ। ਉਹ ਨੱਬੇ ਕੁ ਸਾਲ ਦੀ ਉਮਰ ਵਿਚ 1997 ਵਿਚ ਮਰੀ। ਮਰਨ ਤੱਕ ਉਸ ਦੀ ਸਿਹਤ ਠੀਕ-ਠਾਕ ਸੀ। ਮੇਜਰ ਮਿਹਰ ਸਿੰਘ ਦੀ ਮੌਤ ਬਹੁਤ ਪਹਿਲਾਂ ਹੋ ਗਈ ਸੀ।
ਮੇਜਰ ਮਿਹਰ ਸਿੰਘ ਨੇ ਫੌਜ ਵਿਚੋਂ ਆ ਕੇ ਸਾਲਾਂ ਤੱਕ ਪਿੰਡ ਦੀ ਸਰਪੰਚੀ ਕੀਤੀ ਸੀ। ਜਿੰਨੀ ਦੇਰ ਤੱਕ ਉਹ ਸਰਪੰਚ ਰਹੇ, ਪਿੰਡ ਵਿਚ ਆਮ ਝਗੜੇ ਪੰਚਾਇਤ ਵਿਚ ਹੀ ਨਿਬੇੜੇ ਜਾਂਦੇ ਸਨ। ਸਿਰਫ ਚੋਰੀਆਂ, ਡਾਕਿਆਂ, ਕਤਲਾਂ ਦੇ ਕੇਸ ਹੀ ਠਾਣੇ ਜਾਂਦੇ। ਮੇਰੇ ਚੇਤੇ ਵਿਚ ਉਨ੍ਹਾਂ ਨਾਲ ਸਬੰਧਤ ਦੋ ਗੱਲਾਂ ਘਰ ਕੀਤੀਆਂ ਹੋਈਆਂ ਹਨ। ਪਹਿਲੀ, ਕਿਸੇ ਕੁੜੀ ਨਾਲ ਛੇੜਖਾਨੀ ਕਰਨ ਬਦਲੇ ਉਨ੍ਹਾਂ ਨੇ ਬਸਤਾ ਬੇਅ ਵਿਚ ਸ਼ਾਮਲ ਝਿਊਰਾਂ ਦੇ ਦਾਰੇ ਦਾ ਮੂੰਹ ਕਾਲਾ ਕਰ ਕੇ ਗਧੇ ਉਤੇ ਬਿਠਾ ਕੇ ਪਿੰਡ ਵਿਚ ਜਲੂਸ ਕੱਢਿਆ ਸੀ। ਉਦੋਂ ਮੈਂ ਦਸਾਂ ਕੁ ਸਾਲਾਂ ਦਾ ਹੋਵਾਂਗਾ। ਦੂਜੀ ਘਟਨਾ ਕਿਸੇ ਚੋਰ ਨਾਲ ਸਬੰਧਤ ਸਾਡੇ ਗੁਆਂਢੀ ਮਿਲਖਾ ਸਿੰਘ ਉਰਫ ਮਿਲਖੀ ਦੀ ਪੁਲਿਸ ਵੱਲੋਂ ਕੀਤੀ ਗਈ ਕੁੱਟਮਾਰ ਦੀ ਸੀ। ਇਸ ਵਿਚ ਮੇਜਰ ਮਿਹਰ ਸਿੰਘ ਨੇ ਬਹੁਤ ਰੋਅਬ ਨਾਲ ਥਾਣੇਦਾਰ ਨੂੰ ਮਿਲਖੀ ਦੀ ਕੁੱਟਮਾਰ ਕਰਨੋਂ ਵਰਜਿਆ ਸੀ ਤੇ ਥਾਣੇਦਾਰ ਨੇ ਉਨ੍ਹਾਂ ਦੀ ਗੱਲ ਮੰਨ ਲਈ ਸੀ। ਉਹ ਦਾੜ੍ਹੀ ਨੂੰ ਪੁੱਠੀ ਚੜ੍ਹਾ ਕੇ ਬੰਨ੍ਹਿਆ ਕਰਦੇ ਸਨ ਤੇ ਉਤੋਂ ਜਾਲੀ ਵੀ ਪਾਉਂਦੇ ਸਨ। ਇਸ ਲਈ ਕੱਦ ਛੋਟਾ ਹੋਣ ਦੇ ਬਾਵਜੂਦ ਸ਼ਖਸੀਅਤ ਬਹੁਤ ਰੋਅਬਦਾਰ ਹੋ ਜਾਂਦੀ ਸੀ।
ਉਨ੍ਹਾਂ ਦੇ ਤਿੰਨ ਪੁੱਤਰਾਂ ਵਿਚੋਂ ਚੰਨਣ ਸਿੰਘ ਬਾਰੇ ਮੈਨੂੰ ਬਹੁਤਾ ਇਲਮ ਨਹੀਂ, ਛੋਟੇ ਪੁੱਤਰ ਗੁਰਬਖਸ਼ ਸਿੰਘ ਬੱਤਾ ਬਾਰੇ ਵੀ ਬਹੁਤ ਨਹੀਂ ਪਤਾ, ਸਿਵਾਏ ਇਸ ਗੱਲ ਦੇ ਕਿ ਉਹ ਕਈ ਸਾਲ ਵਿਦੇਸ਼ਾਂ ਵਿਚ ਰਿਹਾ ਹੈ ਅਤੇ ਉਸ ਦਾ ਫਾਰਮ ਆਦਮਪੁਰ ਨੇੜੇ ਪਿੰਡ ਚੂਹੜਵਾਲੀ ਵਿਚ ਹੈ। ਉਸ ਨੇ ਖੇਤਾਂ ਵਿਚ ਹੀ ਮਕਾਨ ਬਣਾ ਲਿਆ ਹੈ ਜਿਥੇ ਉਸ ਨੇ ਕੁੱਤੇ ਪਾਲਣ ਦਾ ਸ਼ੌਕ ਪਾਲਿਆ ਹੋਇਆ ਹੈ। ਇਥੇ ਗੁਰਬਖਸ਼ ਸਿੰਘ ਨੇ ਮੇਰੇ ਬਚਪਨ ਵਿਚ ਥੜ੍ਹੇ ਉਤੇ ਕੀਤੇ ਉਸ ਨਾਟਕ ਵਿਚ ਹਿੱਸਾ ਲਿਆ ਸੀ ਜਿਸ ਵਿਚ ਫੌਜ ਵਿਚ ਭਰਤੀ ਹੋਣ ਗਏ ਜਵਾਨ ਨੇ ਢੇਰ ਸਾਰੇ ਕੱਪੜੇ ਪਾਏ ਹੋਏ ਸਨ। ਮੇਰੇ ਚੇਤੇ ਦੀ ਹਲਕੀ ਜਿਹੀ ਪਰਤ ਦੱਸਦੀ ਹੈ ਕਿ ਬੱਤਾ ਅਫਸਰ ਬਣਿਆ ਸੀ ਅਤੇ ਗੁਰਦਿਆਲ ਲਾਲੀ ਉਹ ਜਵਾਨ ਜਿਹੜਾ ਭਰਤੀ ਹੋਣ ਗਿਆ ਸੀ।
ਗੁਰਦਿਆਲ ਲਾਲੀ ਉਤੇ ਅਫਸਰੀ ਦਾ ਰੰਗ ਕਦੇ ਨਹੀਂ ਸੀ ਚੜ੍ਹਿਆ, ਬੱਸ ਸਦਾ ਹੀ ਮਲੰਗੀ ਦਾ ਆਲਮ ਰਿਹਾ। ਉਸ ਦੀ ਹਾਜ਼ਰੀ ਵਿਚ ਕੋਈ ਵੀ ਪਲ ਨੀਰਸ ਨਹੀਂ ਸੀ ਹੁੰਦਾ। ਉਹ ਹਰ ਵੇਲੇ ਰੌਣਕ ਲਾਈ ਰੱਖਦਾ। ਉਸ ਨੂੰ ਨਿਵੇਕਲੀਆਂ ਵਸਤਾਂ ਇਕੱਠੀਆਂ ਕਰਨ ਦਾ ਸ਼ੌਂਕ ਸੀ। 1997 ਵਿਚ ਮੈਂ ਉਸ ਦੇ ਖ਼ਜ਼ਾਨੇ ਬਾਰੇ ਆਪਣੀ ਅਖਬਾਰ ਲਈ ਰਿਪੋਰਟ ਲਿਖਣ ਉਸ ਕੋਲ ਗਿਆ ਤਾਂ ਚਿੱਤ-ਚੇਤੇ ਵੀ ਨਹੀਂ ਸੀ ਕਿ ਉਸ ਪਾਸ ਇੰਨਾ ਅਨਮੋਲ ਖ਼ਜ਼ਾਨਾ ਹੋਵੇਗਾ। ਘਰ ਵਿਚ ਦਾਖ਼ਲ ਹੁੰਦੇ ਹੀ ਸੱਜੇ ਪਾਸੇ ਵਾਲੀ ਬੈਠਕ ਵਿਚ ਉਹ ਮੜਾਸਾ ਮਾਰੀ ਬੈਠਾ ਸੀ। ਕਮਰੇ ਵਿਚ ਚਾਰੇ ਪਾਸੇ ਤਲਵਾਰਾਂ ਟੰਗੀਆਂ ਹੋਈਆਂ ਸਨ। ਇਹ ਤਲਵਾਰਾਂ ਉਸ ਨੇ ਕਰੀਬ ਸਾਲ ਭਰ ਤੋਂ ਇਕੱਠੀਆਂ ਕਰਨੀਆਂ ਸ਼ੁਰੂ ਕੀਤੀਆਂ ਸਨ। ਜਿਥੇ ਕਿਤੇ ਵੀ ਪੁਰਾਣੀ ਤਲਵਾਰ ਦੀ ਦੱਸ ਪੈਂਦੀ ਸੀ, ਉਥੇ ਪਹੁੰਚ ਜਾਂਦਾ। ਬੈਠਕ ਵਿਚ ਇਕ ਤਲਵਾਰ ਜਾਰਜ ਅੱਠਵੇਂ ਦੀ ਜਾਂ ਉਸ ਦੇ ਜ਼ਮਾਨੇ ਦੀ ਸੀ ਜਿਸ ਦੇ ਮੁੱਠੇ ਉਤੇ ਸੋਨੇ ਦਾ ਕੰਮ ਸੀ। ਇਕ ਹੋਰ ਤਲਵਾਰ ਬਾਰੇ ਦਾਅਵਾ ਸੀ ਕਿ ਇਹ ਕਿਸੇ ਕਾਰੀਗਰ ਨੇ ਦਸਵੇਂ ਗੁਰੂ ਗੋਬਿੰਦ ਸਿੰਘ ਲਈ ਤਿਆਰ ਕੀਤੀ ਸੀ। ਇਸ ਵਿਚ ਪਏ ਦਸ ਨਾਗਵਲ ਹੀ ਦਸਵੇਂ ਪਾਤਸ਼ਾਹ ਨਾਲ ਸਬੰਧਤ ਹੋਣ ਵਲ ਇਸ਼ਾਰਾ ਕਰਦੇ ਹਨ। ਕਰੀਬ ਦਰਜਨ ਤਲਵਾਰਾਂ ਵਿਚੋਂ ਹਰ ਇਕ ਦੀ ਮਹੱਤਤਾ ਸੀ।
ਫਿਰ ਉਹਨੇ ਪੌੜੀਆਂ ਚੜ੍ਹ ਕੇ ਕਮਰਾ ਖੋਲ੍ਹਿਆ, ਜੁੱਤੀਆਂ ਬਾਹਰ ਰਖਵਾ ਦਿੱਤੀਆਂ। ਇਹ ਕਮਰਾ ਨਹੀਂ, ਅਜਾਇਬ ਘਰ ਹੀ ਸੀ। ਇਥੇ ਰੱਖੀਆਂ ਚੀਜ਼ਾਂ ਦੀ ਤਾਂ ਫਹਰਿਸਤ ਬਣਾਉਣੀ ਵੀ ਔਖੀ ਹੈ। ਉਸ ਦੇ ਸੰਗ੍ਰਹਿ ਵਿਚ ਪੱਥਰ ਦੇ ਸੈਂਕੜੇ ਨਹੀਂ, ਹਜ਼ਾਰਾਂ ਤਵੇ ਅਥਵਾ ਰਿਕਾਰਡ ਸਨ। ਇਨ੍ਹਾਂ ਵਿਚੋਂ ਇਕ ਤਵਾ ਮਲਿਕਾ-ਏ-ਤਰੰਨੁਮ ਨੂਰ ਜਹਾਂ ਦਾ ਸਭ ਤੋਂ ਪਹਿਲਾ ਰਿਕਾਰਡ ਸੀ। ਨੂਰ ਜਹਾਂ ਨੇ ਸੁਨੇਹਾ ਭੇਜਿਆ- ਭਾਵੇਂ ਲੱਖ ਰੁਪਏ ਲੈ ਲਵੇ, ਪਰ ਰਿਕਾਰਡ ਉਸ ਨੂੰ ਦੇ ਦੇਵੇ। ਲਾਲੀ ਨੇ ਜਵਾਬ ਦਿੱਤਾ- ਇਕ ਵਾਰੀ ਉਹ ਪਿੰਡ ਨੰਗਲ ਸ਼ਾਮਾ ਫੇਰਾ ਪਾ ਜਾਵੇ, ਉਹ ਮੁਫ਼ਤ ਹੀ ਇਹ ਰਿਕਾਰਡ ਉਸ ਦੇ ਹਵਾਲੇ ਕਰ ਦੇਵੇਗਾ। ਇਸੇ ਤਰ੍ਹਾਂ ਉਸਤਾਦ ਅੱਲਾ ਰੱਖਾ ਖਾਨ ਦੇ ਗੁਰੂ ਦਾ ਇਕੋ-ਇਕ ਰਿਕਾਰਡ ਉਸ ਦੇ ਸੰਗ੍ਰਹਿ ਵਿਚ ਸ਼ਾਮਲ ਸੀ।
ਜੇ ਰਿਕਾਰਡ ਹਨ ਤਾਂ ਰਿਕਾਰਡ ਵਜਾਉਣ ਵਾਲੇ ਗਰਾਮੋਫ਼ੋਨ ਵੀ ਹੋਣੇ ਚਾਹੀਦੇ ਹਨæææ ਪੌਣੀ ਦਰਜਨ ਗਰਾਮੋਫ਼ੋਨ! ਸਾਰੇ ਪੁਰਾਣੇ ਅਤੇ ਸਾਰੇ ਹੀ ਵੱਜਦੇ; ਅਰਥਾਤ ਕੋਈ ਵੀ ਖਰਾਬ ਨਹੀਂ। ਇਨ੍ਹਾਂ ਵਿਚੋਂ ਇਕ ਤਾਂ ਸਵਿਟਜ਼ਰਲੈਂਡ ਦਾ ਸੀ ਤੇ ਇਹ 1901 ਵਿਚ ਬਣਿਆ ਸੀ।
ਉਨ੍ਹੀਂ ਦਿਨੀਂ ਲਾਲੀ ਨੇ ਕਿਸੇ ਸ਼ਖਸ ਪਾਸੋਂ ਇਕ ਹੋਰ ਕੀਮਤੀ ਖਜ਼ਾਨਾ ਹਾਸਲ ਕੀਤਾ ਸੀ। ਇਹ ਸੀ ਹੱਥ ਲਿਖਤ ਖਰੜਿਆਂ ਨਾਲ ਭਰਿਆ ਟਰੰਕ। ਇਸ ਵਿਚ ਚਾਰ ਖਰੜੇ ਤਾਂ ਗੁਰੂ ਗ੍ਰੰਥ ਸਾਹਿਬ ਦੇ ਹੀ ਸਨ। ਇਨ੍ਹਾਂ ਵਿਚੋਂ ਇਕ ਬਾਰੇ ਅੰਦਾਜ਼ਾ ਸੀ ਕਿ ਇਹ ਦਸਵੇਂ ਗੁਰੂ ਦੇ ਜੀਵਨ ਕਾਲ ਦਾ ਸੀ। ਇਸ ਦਾ ਕਾਰਨ ਵੀ ਮੌਜੂਦ ਸੀ। ਖਰੜੇ ਦੇ ਮੂਹਰੇ ਪੰਨਿਆਂ ਉਤੇ ਨੌਂ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਸਨ, ਪਰ ਦਸਵੇਂ ਗੁਰੂ ਦੀ ਨਹੀਂ ਸੀ। ਆਮ ਵਿਸ਼ਵਾਸ ਮੁਤਾਬਕ ਕਿਉਂਕਿ ਜਿਉਂਦੇ ਗੁਰੂ ਦੀ ਤਸਵੀਰ ਨਹੀਂ ਬਣ ਸਕਦੀ, ਇਸ ਲਈ ਅੰਦਾਜ਼ਾ ਸੀ ਕਿ ਇਹ ਦਸਵੇਂ ਗੁਰੂ ਦੇ ਜੀਵਨ ਕਾਲ ਵਿਚ ਹੀ ਲਿਖੀ ਗਈ ਸੀ। ਇਕ ਹੋਰ ਹੱਥ ਲਿਖਤ ਬੀੜ ਦੇ ਕਰੀਬ ਸੋਲਾਂ ਸੌ ਪੰਨੇ ਸਨ। ਇਕ ਹੋਰ ਸਿਰਫ ਕਾਗਜ਼ ਦੇ ਇਕ ਪਾਸੇ ਹੀ ਲਿਖੀ ਗਈ ਸੀ। ਇਕ ਹੋਰ ਗ੍ਰੰਥ ਗੁਰੂ ਸਾਹਿਬ ਦੇ ਇਕ ਦਰਬਾਰੀ ਕਵੀ ਦੀ ਰਚਨਾ ਦਾ ਸੀ।
ਇਸੇ ਕਮਰੇ ਦੀ ਪੜਛੱਤੀ ਉਤੇ ਤਰ੍ਹਾਂ-ਤਰ੍ਹਾਂ ਦੇ ਪਿੱਤਲ ਦੇ ਕੰਗਣੀ ਵਾਲੇ ਗਲਾਸ ਤੇ ਲੋਟੇ ਸਨ। ਸੌ ਦੇ ਕਰੀਬ ਤਾਂ ਹੋਣਗੇ ਹੀ। ਇਕ ਪਾਸੇ ਅਣਗਿਣਤ ਸੁਰਮੇਦਾਨੀਆਂ ਵੀ ਪਈਆਂ ਸਨ।
ਇੰਨਾ ਵੱਡਾ ਖ਼ਜ਼ਾਨਾ? ਇਹ ਤਾਂ ਕਿਸੇ ਅਜਾਇਬ ਘਰ ਵਿਚ ਹੋਣਾ ਚਾਹੀਦਾ ਸੀ। 1998 ਵਿਚ ਗੁਰਦਿਆਲ ਲਾਲੀ ਦੀ ਮੌਤ ਹੋ ਗਈ। ਹੁਣ ਉਸ ਦੇ ਖਜ਼ਾਨੇ ਨੂੰ ਸੰਭਾਲ ਕੇ ਉਪਰਲੇ ਕਮਰੇ ਵਿਚ ਰੱਖ ਦਿੱਤਾ ਗਿਆ ਸੀ।
ਮੈਂ ਬੇਟੀ ਨੂੰ ਸਾਹਮਣੇ ਵਾਲੇ ਪਾਸੇ ਦਿਸਦੇ ਖੇਤ ਦਿਖਾਉਣ ਲਗਦਾ ਹਾਂ। ਇਸ ਗਲੀ ਵਿਚੋਂ ਨਜ਼ਰ ਮਾਰਿਆਂ ਸਾਹਮਣੇ ਨਿਧਾਨ ਸਿੰਘ ਦਾ ਖੂਹ ਹੁੰਦਾ ਸੀ। ਖੱਬੇ ਪਾਸੇ ਰੇਤੀਲਾ ਟਿੱਬਾ ਸੀ ਜਿਸ ਨੂੰ ਗੱਜਾ ਸਿੰਘ ਦਾ ਟਿੱਬਾ ਕਹਿੰਦੇ ਸਨ। ਸੱਜੇ ਪਾਸੇ ਉਨ੍ਹਾਂ ਤੋਂ ਵੱਡਾ ਰੇਤੀਲਾ ਟਿੱਬਾ ਸੀ ਜਿਸ ਨੂੰ ਬਾਬਿਆਂ ਦੀ ਵੱਟ ਕਹਿੰਦੇ ਸਨ। ਹੁਣ ਇਨ੍ਹਾਂ ਦੋਹਾਂ ਟਿੱਬਿਆਂ ਦਾ ਨਾਂ ਨਿਸ਼ਾਨ ਵੀ ਨਹੀਂ। ਗੱਜਾ ਸਿੰਘ ਦੇ ਟਿੱਬੇ ਨੂੰ ਚੁੱਕਣ ਦਾ ਕੰਮ ਤਾਂ ਉਸ ਦੇ ਡਾਕਟਰ ਪੁੱਤਰ ਕਰਮ ਸਿੰਘ ਨੇ ਸੱਠਵੇਂ ਦਹਾਕੇ ਵਿਚ ਹੀ ਸ਼ੁਰੂ ਕਰ ਦਿੱਤਾ ਸੀ, ਬਾਬਿਆਂ ਦੀ ਵੱਟ ਮੇਰੇ ਪਿੰਡ ਛੱਡਣ ਦੇ ਬਾਅਦ ਚੁੱਕੀ ਗਈ।
(ਚਲਦਾ)

Be the first to comment

Leave a Reply

Your email address will not be published.