ਲੋਕ ਕਾਵਿ ਦਾ ਮਘਦਾ ਸੂਰਜ-ਸੰਤ ਰਾਮ ਉਦਾਸੀ

ਸੰਤ ਰਾਮ ਉਦਾਸੀ (20 ਅਪਰੈਲ 1939 ਤੋਂ 6 ਨਵੰਬਰ 1986) ਨੂੰ ਸਾਥੋਂ ਵਿਛੜਿਆਂ 28 ਸਾਲ ਬੀਤ ਗਏ ਹਨ, ਪਰ ਉਹ ਆਪਣੀਆਂ ਕਵਿਤਾਵਾਂ ਅਤੇ ਆਪਣੀ ਸੰਘਰਸ਼ਪੂਰਨ ਜੀਵਨ-ਕਹਾਣੀ ਨਾਲ ਸਦਾ ਸਾਡੇ ਅੰਗ-ਸੰਗ ਹੈ। ਉਹ ਪੰਜਾਬੀ ਕਾਵਿ-ਜਗਤ ਦਾ ਬੜਾ ਅਹਿਮ ਤੇ ਵਿਲੱਖਣ ਜਿਉੜਾ ਹੈ। ਉਹਦੀਆਂ ਕਵਿਤਾਵਾਂ ਵਿਚੋਂ ਲੋਹੜੇ ਦਾ ਸੇਕ ਮਹਿਸੂਸ ਹੁੰਦਾ ਹੈ ਅਤੇ ਦਰਦ ਦੀਆਂ ਨਦੀਆਂ ਵਗਦੀਆਂ ਜਾਪਦੀਆਂ ਹਨ। ਦੱਬੇ-ਕੁਚਲੇ ਲੋਕਾਂ ਲਈ ਉਹਦੀਆਂ ਕਵਿਤਾਵਾਂ ਮਘਦੇ ਸੂਰਜ ਤੋਂ ਘੱਟ ਨਹੀਂ। ਆਪਣੀ ਹਯਾਤੀ ਦੌਰਾਨ ਉਹਨੇ ਸਦਾ ਸੰਘਰਸ਼ ਵਾਲੇ ਰਾਹ ਨੂੰ ਤਰਜੀਹ ਦਿੱਤੀ। ਅੰਤਾਂ ਦਾ ਤਸ਼ੱਦਦ ਅਤੇ ਬੇਅੰਤ ਔਖਿਆਈਆਂ ਵੀ ਉਸ ਦੇ ਸਿਰੜ ਨੂੰ ਹਰਾ ਨਹੀਂ ਸਕੀਆਂ। ਪ੍ਰਿੰਸੀਪਲ ਸਰਵਣ ਸਿੰਘ ਨੇ ਇਸ ਜਿਉੜੇ ਬਾਰੇ ਲੰਮਾ ਲੇਖ ‘ਪੰਜਾਬ ਟਾਈਮਜ਼’ ਦੇ ਪਾਠਕਾਂ ਲਈ ਭੇਜਿਆ ਹੈ ਜਿਸ ਦੀ ਪਹਿਲੀ ਕਿਸ਼ਤ ਛਾਪੀ ਜਾ ਰਹੀ ਹੈ। -ਸੰਪਾਦਕ

ਪਿੰ੍ਰਸੀਪਲ ਸਰਵਣ ਸਿੰਘ

ਮਾਂ ਧਰਤੀਏ ਤੇਰੀ ਗੋਦ ਨੂੰ ਚੰਦ ਹੋਰ ਬਥੇਰੇ
ਮਘਦਾ ਰe੍ਹੀਂ ਤੂੰ ਸੂਰਜਾ ਕੰਮੀਆਂ ਦੇ ਵਿਹੜੇ।
ਸੰਤ ਰਾਮ ਉਦਾਸੀ ਪੰਜਾਬੀ ਲੋਕ ਕਾਵਿ ਦਾ ਮਘਦਾ ਸੂਰਜ ਸੀ ਜੋ ਅਚਾਨਕ ਛਿਪ ਗਿਆ। ਉਹ ਆਪ ਭਾਵੇਂ ਛਿਪ ਗਿਆ ਪਰ ਉਹਦੇ ਕਾਵਿ ਦਾ ਤਪ-ਤੇਜ ਸਦਾ ਤਪਦਾ ਰਹੇਗਾ ਤੇ ਕਿਰਤੀ ਕਾਮਿਆਂ ਅੰਦਰ ਰੋਹ ਦੀਆਂ ਚਿਣਗਾਂ ਬਾਲ਼ਦਾ ਰਹੇਗਾ। ਉਦਾਸੀ ਨੇ ਆਪਣੇ ਗੀਤਾਂ ਤੇ ਨਜ਼ਮਾਂ ਨਾਲ ਜਮਾਤੀ ਦੁਸ਼ਮਣਾਂ ਦੇ ਸਫਾਏ ਦੀ ਐਸੀ ਅੱਗ ਬਾਲ਼ੀ ਜੋ ਹਾਕਮਾਂ ਤੇ ਲੋਟੂਆਂ ਦੇ ਬੁਝਾਉਣ ਦੇ ਬਾਵਜੂਦ ਬੁਝਣ ਵਾਲੀ ਨਹੀਂ। ਜਦੋਂ ਉਹ ਗਾਉਂਦਾ ਤਾਂ ਉਹਦੇ ਗੀਤਾਂ ਵਿਚਲੀ ਰੋਹੀਲੀ ਲਲਕਾਰ ਹੋਰ ਵੀ ਪ੍ਰਚੰਡ ਹੋ ਜਾਂਦੀ। ਉਹ ਖੱਬਾ ਹੱਥ ਕੰਨ ‘ਤੇ ਧਰ ਕੇ ਸੱਜੀ ਬਾਂਹ ਆਕਾਸ਼ ਵੱਲ ਉਗਾਸਦਾ ਤਾਂ ਉਹਦੇ ਹਾਕ ਮਾਰਵੇਂ ਬੋਲ ਦੂਰ ਤਕ ਗੂੰਜਦੇ। ਮਲਵਈ ਪੁੱਠ ਵਾਲੀ ਲਰਜ਼ਦੀ ਹੂਕ ਦੀਆਂ ਤਰੰਗਾਂ ਨਾਲ ਚਾਰ-ਚੁਫੇਰਾ ਲਰਜ਼ ਉਠਦਾ। ਉਹ ਸੰਖ ਵਰਗੀ ਗੂੰਜਵੀਂ ਆਵਾਜ਼ ਨਾਲ ਹਜ਼ਾਰਾਂ ਸਰੋਤਿਆਂ ਦੇ ‘ਕੱਠਾਂ ਨੂੰ ਕੀਲ ਲੈਂਦਾ। ਲੋਕ ਪੱਬਾਂ ਭਾਰ ਹੋ ਕੇ ਉਦਾਸੀ ਨੂੰ ਸੁਣਦੇ ਤੇ ਉਹਦੇ ਗੀਤਾਂ ਦੇ ਰੰਗ ਵਿਚ ਰੰਗੇ ਜਾਂਦੇ। ਜਿੰਨੇ ਜਾਨਦਾਰ ਉਹਦੇ ਗੀਤ ਸਨ, ਉਨੀ ਹੀ ਧੜੱਲੇਦਾਰ ਉਹਦੀ ਆਵਾਜ਼ ਸੀ। ਗੀਤਾਂ ਤੇ ਕਵਿਤਾਵਾਂ ਨੂੰ ਪੇਸ਼ ਕਰਨ ਦਾ ਉਹਦਾ ਅੰਦਾਜ਼ ਵੀ ਅਦੁੱਤੀ ਸੀ। ਉਹ ਹਿੱਕ ਦੇ ਤਾਣ ਨਾਲ ਗਾਉਂਦਾ,
ਦੇਸ਼ ਹੈ ਪਿਆਰਾ ਸਾਨੂੰ ਜ਼ਿੰਦਗੀ ਪਿਆਰੀ ਨਾਲੋਂ
ਦੇਸ਼ ਤੋਂ ਪਿਆਰੇ ਇਹਦੇ ਲੋਕ ਹਾਣੀਆਂ
ਅਸਾਂ ਤੋੜ ਦੇਣੀ, ਅਸਾਂ ਤੋੜ ਦੇਣੀ ਲਹੂ ਪੀਣੀ ਜੋਕ ਹਾਣੀਆਂæææ।
ਰੁੱਸੀਆਂ ਬਹਾਰਾਂ ਅਸੀਂ ਮੋੜ ਕੇ ਲਿਆਉਣੀਆਂ ਨੇ
ਆਖਦੇ ਨੇ ਲੋਕੀਂ ਹਿੱਕਾਂ ਠੋਕ ਹਾਣੀਆਂ
ਹੜ੍ਹ ਲੋਕਤਾ ਦਾ, ਹੜ੍ਹ ਲੋਕਤਾ ਦਾ ਕਿਹੜਾ ਸਕੂ ਰੋਕ ਹਾਣੀਆਂæææ।
ਗੱਜਣਗੇ ਸ਼ੇਰ ਜਦੋਂ, ਭੱਜਣਗੇ ਕਾਇਰ ਸੱਭੇ, ਰੱਜਣਗੇ ਕਿਰਤੀ ਕਿਸਾਨ ਮੁੜ ਕੇ
ਜ਼ਰਾ ਹੱਲਾ ਮਾਰੋ, ਜ਼ਰਾ ਹੱਲਾ ਮਾਰੋ, ਕਿਰਤੀ ਕਿਸਾਨ ਜੁੜ ਕੇæææ।

ਉਦਾਸੀ ਮੈਥੋਂ ਇਕ ਸਾਲ ਵੱਡਾ ਸੀ ਤੇ ਅਸੀਂ ਕੁਝ ਸਾਲ ਨੇੜੇ-ਤੇੜੇ ਵਿਚਰੇ। ਉਹ 20 ਅਪਰੈਲ 1939 ਨੂੰ ਜ਼ਿਲ੍ਹਾ ਬਰਨਾਲਾ ਦੇ ਪਿੰਡ ਰਾਏਸਰ ਵਿਚ ਕੰਮੀਆਂ ਦੇ ਵਿਹੜੇ ਜੰਮਿਆ। ਕੰਮੀ ਵੀ ਉਹ ਜਿਨ੍ਹਾਂ ਨੂੰ ਮਜ਼੍ਹਬੀ ਸਿੱਖ ਕਿਹਾ ਜਾਂਦਾ ਹੈ। ਉਸ ਦੇ ਪਿਤਾ ਦਾ ਨਾਂ ਮਿਹਰ ਸਿੰਘ ਤੇ ਮਾਤਾ ਦਾ ਧੰਨ ਕੌਰ ਸੀ। ਉਸ ਦਾ ਪੜਦਾਦਾ ਭਾਈ ਕਾਹਲਾ ਸਿੰਘ ਆਪਣੇ ਸਮੇਂ ਦਾ ਚੰਗਾ ਗਵੰਤਰੀ ਸੀ। ਉਦਾਸੀ ਨੂੰ ਹੇਕਮਈ ਸੁਰੀਲੀ ਆਵਾਜ਼ ਪੜਦਾਦੇ ਤੋਂ ਵਿਰਸੇ ਵਿਚ ਮਿਲੀ। ਉਨ੍ਹਾਂ ਦੇ ਵਡੇਰੇ ਦਿਆਲਪੁਰਾ ਭਾਈਕਾ ਤੋਂ ਉਠ ਕੇ ਰਾਏਸਰ ਆਏ ਸਨ। ਇਨ੍ਹਾਂ ਦੋਹਾਂ ਪਿੰਡਾਂ ਵਿਚਕਾਰ ਵੀਹ-ਪੱਚੀ ਮੀਲਾਂ ਦਾ ਫਾਸਲਾ ਹੈ। ਉਦਾਸੀ ਦੇ ਚਾਰ ਭਰਾ ਸਨ ਤੇ ਤਿੰਨ ਭੈਣਾਂ। ਸਭ ਤੋਂ ਵੱਡਾ ਭਰਾ ਗੁਰਦਾਸ ਸਿੰਘ ਘਾਰੂ ਸੀ ਜਿਸ ਨੇ ‘ਪਗਡੰਡੀਆਂ ਤੋਂ ਜੀਵਨ ਮਾਰਗ ਤੱਕ’ ਸਵੈ-ਜੀਵਨੀ ਲਿਖੀ। ਉਹ ਆਪਣੇ ਵੱਡ-ਵਡੇਰਿਆਂ ਦਾ ਵੇਰਵਾ ਦਿੰਦਿਆਂ ਦੱਸਦਾ ਹੈ ਕਿ ਉਨ੍ਹਾਂ ਦਾ ਪੜਦਾਦਾ ਪੂਰਨ ਗੁਰਸਿੱਖ ਸੀ। ਲੋਕ ਉਸ ਨੂੰ ਬਾਬਾ ਕਾਹਲਾ ਸਿੰਘ ਕਹਿੰਦੇ ਸਨ। ਉਹ ਗੁਰਬਾਣੀ ਦਾ ਗਿਆਤਾ ਸੀ ਤੇ ਰਸਭਿੰਨਾ ਕੀਰਤਨੀਆ ਸੀ। ਉਸ ਦੇ ਬਾਬੇ ਜੋਤਾ ਸਿੰਘ ਤੇ ਜੇਠਾ ਸਿੰਘ ਗੁਰੂ ਗੋਬਿੰਦ ਸਿੰਘ ਜੀ ਦੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਸਮੇਂ ਸਰਸਾ ਨਦੀ ‘ਤੇ ਹੋਏ ਯੁੱਧ ਵਿਚ ਸ਼ਹੀਦੀਆਂ ਪਾ ਗਏ ਸਨ।
ਬਾਬਾ ਕਾਹਲਾ ਸਿੰਘ ਦੇ ਵੱਡੇ ਭਾਈ ਬਾਬਾ ਚੇਤ ਸਿੰਘ ਭੰਗੀ ਮਿਸਲ ਦੇ 1400 ਘੋੜ ਸਵਾਰਾਂ ਦੀ ਖਾਲਸਾ ਫੌਜ ਦੇ ਆਗੂ ਸਨ। 1798 ਵਿਚ ਰੰਗਰੇਟਾ ਭੰਗੀ ਮਿਸਲ ਦਾ ਇਹ ਜਰਨੈਲ ਮਿਸਲਾਂ ਦੀ ਲੜਾਈ ਵਿਚ ਸ਼ਹੀਦੀ ਪਾ ਗਿਆ ਸੀ। ਸਿੱਖ ਸਿਧਾਂਤ ਤੋਂ ਥਿੜਕੀ ਲਹਿਰ ਤੋਂ ਉਪਰਾਮ ਹੋ ਕੇ ਬਾਬਾ ਕਾਹਲਾ ਸਿੰਘ ਨੇ ਦਿਆਲਪੁਰੇ ਭਾਈਕੇ ਮਿਲੀ ਸੱਤ ਹਲਾਂ ਦੀ ਜ਼ਮੀਨ ਛੱਡ ਕੇ ਪਿੰਡ ਰਾਇਸਰ ਆ ਵਸੇਬਾ ਕੀਤਾ। ਬਾਬਾ ਕਾਹਲਾ ਸਿੰਘ ਪੰਜਾਬੀ, ਉਰਦੂ, ਫਾਰਸੀ ਤੇ ਬ੍ਰਿਜ ਭਾਸ਼ਾ ਲਿਖਣੀ ਜਾਣਦੇ ਸਨ। ਉਨ੍ਹਾਂ ਨੇ ਉਦਾਸੀ ਤੇ ਨਿਰਮਲੇ ਸਾਧੂਆਂ ਨੂੰ ਬੇਨਤੀ ਕੀਤੀ, ਮਹਾਰਾਜ ਜੀਓ! ਆਪਣੇ ਭੰਡਾਰਿਆਂ ਵਿਚੋਂ ਬੱਚਿਆਂ ਨੂੰ ਵਿਦਿਆ ਦਾ ਦਾਨ ਵਰਤਾਓ। ਇਹ ਪੁੰਨ ਧੂਣੀਆਂ ਤਾਪਣ ਤੇ ਜਲ ਧਾਰੇ ਕਰਨ ਨਾਲੋਂ ਵਧੇਰੇ ਫਲਦਾ ਹੈ। ਉਨ੍ਹਾਂ ਦੀ ਪ੍ਰੇਰਨਾ ਨਾਲ ਕਈ ਸਾਲ ਬਾਅਦ ਨੌਜੁਆਨ ਸੰਤ ਨਿਰਮੋਹ ਦਾਸ ਨੇ 1882 ਵਿਚ ਪਿੰਡ ਮੂੰਮਾਂ ਵਿਖੇ ‘ਨਿਰਮਾਣ ਸਰ ਵਿਦਿਆਲਾ’ ਸ਼ੁਰੂ ਕੀਤਾ।
ਬਾਬਾ ਕਾਹਲਾ ਸਿੰਘ ਗਦਰ ਦੇ ਸਾਲ 1857 ਵਿਚ ਪਰਲੋਕ ਸਿਧਾਰ ਗਏ। ਉਦੋਂ ਉਨ੍ਹਾਂ ਦਾ ਵੱਡਾ ਪੁੱਤਰ, ਯਾਨਿ ਉਦਾਸੀ ਹੋਰਾਂ ਦਾ ਵੱਡਾ ਬਾਬਾ ਸਰਮੁੱਖ ਸਿੰਘ ਦਸ ਕੁ ਸਾਲ ਦਾ ਸੀ। ਉਦਾਸੀ ਹੋਰਾਂ ਦਾ ਬਾਬਾ ਭਗਤ ਸਿੰਘ ਛੋਟਾ ਸੀ ਜੋ ਬਾਅਦ ਵਿਚ ਕੂਕਾ ਕਰ ਕੇ ਜਾਣਿਆ ਜਾਂਦਾ ਰਿਹਾ ਤੇ ਉਸ ਦੇ ਪਰਿਵਾਰ ਨੂੰ ਕੂਕਿਆਂ ਦਾ ਟੱਬਰ ਕਿਹਾ ਜਾਣ ਲੱਗਾ। ਉਦਾਸੀ ਦੇ ਵੱਡੇ ਬਾਬੇ ਸਰਮੁੱਖ ਸਿੰਘ ਦਾ ਪੁੱਤਰ, ਯਾਨਿ ਉਦਾਸੀ ਹੋਰਾਂ ਦਾ ਤਾਇਆ ਕਿਹਰ ਸਿੰਘ 16 ਸਾਲ ਨਿਰਮਾਣ ਸਰ ਵਿਦਿਆਲੇ ਵਿਚ ਪੜ੍ਹਿਆ ਜਿਥੇ ਪੰਜਾਬੀ, ਉਰਦੂ ਤੇ ਫਾਰਸੀ ਦੇ ਨਾਲ ਅੰਗਰੇਜ਼ੀ ਵੀ ਪੜ੍ਹਾਈ ਜਾਂਦੀ ਸੀ ਪਰ ਡਿਗਰੀ ਕੋਈ ਨਹੀਂ ਸੀ ਦਿੱਤੀ ਜਾਂਦੀ। ਪਿੰਡ ਪੂਹਲੀ ਤੋਂ ਈਸ਼ਰ ਸਿੰਘ ਤੇ ਹਰਦਿੱਤ ਸਿੰਘ ਪੂਹਲੀ (ਜੋ ਪੰਜਾਬੀ ਸੂਬਾ ਬਣ ਜਾਣ ਪਿੱਛੋਂ ਐਮæਐਲ਼ਏæ ਬਣਿਆ) ਆਪਣੀ ਭੈਣ ਧੰਨ ਕੌਰ ਦਾ ਰਿਸ਼ਤਾ ਕਿਹਰ ਸਿੰਘ ਨੂੰ ਕਰ ਗਏ। ਧੰਨ ਕੌਰ ਦੀ ਮਾਂ ਵਿਧਵਾ ਸੀ।
ਕਿਹਰ ਸਿੰਘ ਤੇ ਧੰਨ ਕੌਰ ਦਾ ਵਿਆਹ ਹੋ ਗਿਆ ਪਰ ਤਿੰਨ ਮਹੀਨਿਆਂ ਬਾਅਦ ਪਲੇਗ ਦੀ ਬਿਮਾਰੀ ਨਾਲ ਕਿਹਰ ਸਿੰਘ ਗੁਜ਼ਰ ਗਿਆ। ਮੁਕਾਣਾਂ ਆਈਆਂ ਤਾਂ ਕਿਹਰ ਸਿੰਘ ਦੀ ਸੱਸ ਆਸ ਕੌਰ ਨੇ ਨਗਰ ਨੂੰ ਬੇਨਤੀ ਕੀਤੀ ਕਿ ਮੈਂ ਆਪਣੀ ਧੀ ਨੂੰ ਰਾਏਸਰ ਦੀ ਨੂੰਹ ਬਣਾ ਚੁੱਕੀ ਹਾਂ। ਹੁਣ ਵਾਪਸ ਪੂਹਲੀ ਕਿਵੇਂ ਲਿਜਾਵਾਂ? ਮੈਂ ਤਾਂ ਆਪ ਵਿਧਵਾ ਹੋਣ ਦਾ ਦੁੱਖ ਭੋਗ ਰਹੀ ਆਂ। ਉਹ ਚਾਹੁੰਦੀ ਸੀ ਕਿ ਵਿਧਵਾ ਧੰਨ ਕੌਰ ਕਿਸੇ ਸਕੇ ਸੋਧਰੇ ਦੇ ਸਿਰ ਧਰ ਦਿੱਤੀ ਜਾਵੇ। ਕਿਹਰ ਸਿੰਘ ਦਾ ਕੋਈ ਸਕਾ ਭਰਾ ਨਹੀਂ ਸੀ, ਇਸ ਲਈ ਧੰਨ ਕੌਰ ਨੂੰ ਭਗਤ ਸਿੰਘ ਦੇ ਤੇਰਾਂ ਸਾਲਾਂ ਦੇ ਕੁਆਰੇ ਪੁੱਤਰ ਮਿਹਰ ਸਿੰਘ ਦੇ ਸਿਰ ਧਰ ਦਿੱਤਾ ਗਿਆ।
ਜਵਾਨ-ਜਹਾਨ ਧੰਨ ਕੌਰ ਨੇ ਆਪਣੇ ਸਿਰ ਦੇ ਨਿਆਣੇ ਸਾਈਂ ਭਗਤ ਸਿੰਘ ਨੂੰ ਸੰਤ ਨਿਰਮੋਹ ਦਾਸ ਦੇ ਨਿਰਮਾਣ ਸਰ ਵਿਦਿਆਲੇ ਮੂੰਮਾਂ ਵਿਚ ਪੜ੍ਹਨੇ ਪਾਇਆ ਜਿਥੇ ਰਹਿ ਕੇ ਉਸ ਨੇ ਸਿੱਖਿਆ ਹਾਸਲ ਕੀਤੀ ਤੇ ਮੁਕਲਾਵੇ ਲਈ ਭਰ ਜੁਆਨ ਹੋ ਕੇ ਪਿੰਡ ਪਰਤਿਆ। ਫਿਰ ਉਹ ਮਿਹਨਤ ਮਜ਼ਦੂਰੀ ਕਰ ਕੇ ਪਰਿਵਾਰ ਪਾਲਣ ਲੱਗਾ। ਉਸ ਨੂੰ ਸਬਜ਼ੀਆਂ-ਭਾਜੀਆਂ ਲਾਉਣ ਦਾ ਵੀ ਸ਼ੌਕ ਸੀ। ਇੰਜ ਘਰ ਦੇ ਸਾਰੇ ਜੀਅ ਕੰਮੀਂ-ਕਾਰੀਂ ਲੱਗੇ ਰਹਿੰਦੇ। ਮਿਹਰ ਸਿੰਘ ਦੀਆਂ ਤਿੰਨ ਭੂਆਂ ਤੇ ਚਾਚਿਆਂ-ਤਾਇਆਂ ਦਾ ਵੱਡਾ ਪਰਿਵਾਰ ਸੀ। ਅੱਗਿਉਂ ਮਿਹਰ ਸਿੰਘ ਤੇ ਧੰਨ ਕੌਰ ਦੇ ਘਰ ਪੰਜ ਪੁੱਤਰਾਂ ਤੇ ਤਿੰਨ ਭੈਣਾਂ ਨੇ ਜਨਮ ਲਿਆ। ਬਾਅਦ ਵਿਚ ਸੰਤਾਨ ਸੰਜਮ ਦੇ ਸਮੇਂ ਸੰਤ ਰਾਮ ਉਦਾਸੀ ਦੇ ਘਰ ਵੀ ਤਿੰਨ ਧੀਆਂ ਤੇ ਦੋ ਪੁੱਤਰ ਪੈਦਾ ਹੋਏ। ਕੰਮੀਆਂ-ਕਾਰੀਆਂ ਦੀ ਉਲਾਦ ਬਾਰੇ ਇਹ ਗੱਲ ਆਮ ਕਹੀ ਜਾਂਦੀ ਹੈ ਕਿ ਉਨ੍ਹਾਂ ਨੇ ਕਿਹੜਾ ਜਾਇਦਾਦਾਂ ਵੰਡਣੀਆਂ ਹੁੰਦੀਆਂ ਨੇ?
ਉਦਾਸੀ ਦੇ ਵੱਡੇ ਭਰਾ ਗੁਰਦਾਸ ਸਿੰਘ ਘਾਰੂ ਦਾ ਜਨਮ 1923 ਵਿਚ ਹੋਇਆ ਸੀ। ਹਰਦਾਸ ਸਿੰਘ 1927 ‘ਚ ਪੈਦਾ ਹੋਇਆ। ਉਹ ਵਿਆਹਿਆ ਗਿਆ ਸੀ ਪਰ ਅਫ਼ੀਮ ਦਾ ਅਮਲੀ ਹੋਣ ਕਰ ਕੇ 1964-65 ਵਿਚ ਗੁਜ਼ਰ ਗਿਆ। ਉਹਦੀ ਘਰ ਵਾਲੀ ਪੇਕੀਂ ਜਾ ਬੈਠੀ ਸੀ। ਤੀਜਾ ਭਰਾ ਪ੍ਰਕਾਸ਼ ਸਿੰਘ 1933 ‘ਚ ਜੰਮਿਆ। ਫਿਰ ਤਿੰਨ ਭੈਣਾਂ ਕਾਕੀ, ਘੁੱਕੋ ਤੇ ਨਿੱਕੀ ਜੰਮੀਆਂ। ਗੁਰਦੇਵ ਸਿੰਘ ਕੋਇਲ 1948 ‘ਚ ਪੈਦਾ ਹੋਇਆ ਤੇ ਸੰਤ ਰਾਮ 1939 ਵਿਚ। ਗੁਰਦਾਸ ਸਿੰਘ ਤੇ ਉਦਾਸੀ ਦੇ ਜੰਮਣ ਵਿਚਕਾਰ 26 ਸਾਲਾਂ ਦਾ ਅੰਤਰ ਹੈ। ਸਾਰੇ ਭਰਾ ਕਿਸੇ ਨਾ ਕਿਸੇ ਖੇਤਰ ਦੇ ਕਲਾਕਾਰ ਨਿਕਲੇ। ਇਹਦਾ ਇਕ ਕਾਰਨ ਸ਼ਾਇਦ ਉਨ੍ਹਾਂ ਦੇ ਵਿਰਸੇ ਦੇ ਜੀਨਜ਼ ਹੋਣ।
ਉਦਾਸੀ ਦੇ ਪਿੰਡ ਰਾਏਸਰ ਤੋਂ ਮੇਰਾ ਪਿੰਡ ਚਕਰ ਪੱਚੀ ਤੀਹ ਕਿਲੋਮੀਟਰ ਦੂਰ ਹੈ ਜਿਥੇ ਉਹ ਕਈ ਵਾਰ ਆਇਆ। ਸਾਡੇ ਗੁਆਂਢੀ ਮਾਸਟਰ ਗੁਰਪ੍ਰੀਤ ਸਿੰਘ ਧੰਜਲ ਦਾ ਉਹ ਦੋਸਤ ਸੀ ਜੋ ਉਦਾਸੀ ਦੇ ਗੀਤ ਵੀ ਗਾਉਂਦਾ ਸੀ। ਗੁਰਪ੍ਰੀਤ ਦੀ ਉਹਦੇ ਨਾਲ ਦੋਸਤੀ ਅਧਿਆਪਕ ਯੂਨੀਅਨ ਤੇ ‘ਕੱਠਿਆਂ ਖਾਣ-ਪੀਣ ਤੋਂ ਹੋਈ ਸੀ। ਜਦੋਂ ਉਹ ਚਕਰ ਆਇਆ ਹੁੰਦਾ ਤਾਂ ਉਹਦੇ ਗੀਤ ਸੁਣਨ ਦਾ ਮੈਨੂੰ ਵੀ ਮੌਕਾ ਮਿਲ ਜਾਂਦਾ। ਉਹ ਕਦੇ-ਕਦੇ ਢੁੱਡੀਕੇ ਕਾਲਜ ਵਿਚ ਵੀ ਫੇਰਾ ਪਾਉਂਦਾ ਜਿਥੇ ਮੈਂ ਤੀਹ ਸਾਲ ਦੇ ਕਰੀਬ ਪੜ੍ਹਾਇਆ। ਉਹਦੀਆਂ ਕਵਿਤਾਵਾਂ ਤੇ ਗੀਤ ਕਾਲਜ ਦੇ ਵਿਦਿਆਰਥੀ ਹੁੱਬ ਕੇ ਸੁਣਦੇ ਤੇ ਗਾਉਂਦੇ। ਉਥੇ ਗੁਰਚਰਨ ਸਿੰਘ ਸੰਘਾ ਪੜ੍ਹਦਾ ਹੁੰਦਾ ਸੀ ਜੋ ਉਦਾਸੀ ਦਾ ਸੰਗੀ ਸਾਥੀ ਬਣਿਆ।
1967 ਵਿਚ ਜਦੋਂ ਢੁੱਡੀਕੇ ਕਾਲਜ ਚਾਲੂ ਹੋਇਆ ਤੇ ਮੈਂ ਦਿੱਲੀ ਦੇ ਖਾਲਸਾ ਕਾਲਜ ਦੀ ਨੌਕਰੀ ਛੱਡ ਕੇ ਢੁੱਡੀਕੇ ਆਇਆ, ਉਦੋਂ ਉਦਾਸੀ ਦੇ ਗੀਤਾਂ ਦੀ ਗੁੱਡੀ ਚੜ੍ਹ ਰਹੀ ਸੀ। ਅਗਲੇ ਦੋ ਕੁ ਸਾਲਾਂ ਵਿਚ ਮੋਗੇ-ਜਗਰਾਵਾਂ ਤੇ ਬਠਿੰਡੇ-ਬਰਨਾਲੇ ਦੇ ਇਲਾਕੇ ਵਿਚ ਉਦਾਸੀ-ਉਦਾਸੀ ਹੋ ਗਈ ਸੀ। ਉਦੋਂ ਪੰਜਾਬ ਵਿਚ ਵੀ ਨਕਸਲਬਾੜੀ ਲਹਿਰ ਪਹੁੰਚ ਚੁੱਕੀ ਸੀ। ਉਹ ਨਕਸਲਬਾੜੀ ਲਹਿਰ ਵਿਚ ਕੁੱਦ ਪਿਆ ਸੀ ਤੇ ਜਮਾਤੀ ਦੁਸ਼ਮਣਾਂ ਦੇ ਸਫਾਏ ਦੀਆਂ ਗੱਲਾਂ ਕਰਦਾ ਇਨਕਲਾਬੀ ਗੀਤ ਗਾਉਂਦਾ ਸੀ। ਉਹਦੇ ਬੋਲ ਵੱਡੇ-ਵੱਡੇ ‘ਕੱਠਾਂ ਨੂੰ ਬੰਨ੍ਹ ਬਿਠਾਉਂਦੇ ਸਨ। ਟੋਲੀਆਂ ਦੀਆਂ ਟੋਲੀਆਂ ਉਹਨੂੰ ਇਉਂ ਸੁਣਨ ਜਾਂਦੀਆਂ ਜਿਵੇਂ ਕਦੇ ਅਮਰ ਸਿੰਘ ਸ਼ੌਂਕੀ, ਸੋਹਣ ਸਿੰਘ ਸੀਤਲ ਤੇ ਕਰਨੈਲ ਸਿੰਘ ਪਾਰਸ ਦੇ ਜਥੇ ਨੂੰ ਸੁਣਨ ਜਾਂਦੀਆਂ ਸਨ। ਉਨ੍ਹੀਂ ਦਿਨੀਂ ਸ਼ਿਵ ਕੁਮਾਰ ਦੀ ਆਪਣੀ ਥਾਂ ਸੀ ਤੇ ਉਦਾਸੀ ਨੇ ਆਪਣੀ ਥਾਂ ਬਣਾ ਲਈ ਸੀ। ਸ਼ਿਵ ਕੁਮਾਰ ਪਿਆਰ ਮੁਹੱਬਤ, ਬਿਰਹਾ-ਵਿਜੋਗ ਤੇ ਮੌਤ ਦੇ ਨਗਮੇ ਗਾਉਂਦਾ ਸੀ। ਉਦਾਸੀ ਇਨਕਲਾਬ ਦੀਆਂ ਹੇਕਾਂ ਲਾਉਂਦਾ ਸੀ। ਦੋਵੇਂ ਆਵਾਜ਼ ਦੇ ਧਨੀ ਸਨ ਤੇ ਬਿਨਾਂ ਸਾਜ਼ਾਂ ਤੋਂ ਤਰੰਨੁਮ ਵਿਚ ਗਾਉਂਦੇ ਸਨ। ਸ਼ਿਵ ਦਰਦੀਲਾ ਸੀ, ਉਦਾਸੀ ਰੋਹੀਲਾ। ਦੋਹਾਂ ਨੂੰ ਜੀਂਦੇ ਜੀਅ ਸਰੋਤਿਆਂ ਦੀ ਕਦੇ ਤੋਟ ਨਹੀਂ ਆਈ।
ਸੰਤ ਰਾਮ ਉਦਾਸੀ ਦਾ ਬਚਪਨ ਆਮ ਕੰਮੀਆਂ ਦੇ ਨਿਆਣਿਆਂ ਵਾਂਗ ਤੰਗੀ ਤੁਰਸ਼ੀ ਵਿਚ ਬੀਤਿਆ ਪਰ ਇਸ ਗੱਲੋਂ ਉਹ ਖੁਸ਼ਕਿਸਮਤ ਰਿਹਾ ਕਿ ਪਛੜੇ ਇਲਾਕੇ ਦੇ ਪਛੜੇ ਪਿੰਡ ਵਿਚ ਵੀ ਦਸਵੀਂ ਤਕ ਪੜ੍ਹ ਗਿਆ। ਰਾਏਸਰ ਅੱਧਾ ਪੰਜਾਬ ਦਾ ਪਿੰਡ ਸੀ ਤੇ ਅੱਧਾ ਰਿਆਸਤ ਪਟਿਆਲੇ ਦਾ। ਪਿੰਡ ਵਿਚ ਜੱਟਾਂ ਦੀ ਪਾਰਟੀਬਾਜ਼ੀ ਮਰਨ-ਮਾਰਨ ਤਕ ਸੀ ਜਿਸ ਕਰ ਕੇ ਕਤਲ ਹੁੰਦੇ ਰਹਿੰਦੇ। ਵੀਹ ਤੋਂ ਵੱਧ ਕਤਲ ਹੋਏ। ਕੰਮੀਆਂ-ਕਾਰੀਆਂ ਖਾਸ ਕਰ ਕੇ ਮਜ਼੍ਹਬੀਆਂ ਨੂੰ ਪਾਰਟੀਬਾਜ਼ ਭਾੜੇ ‘ਤੇ ਵਰਤਦੇ ਸਨ। ਇਨਕਾਰ ਕਰਨ ‘ਤੇ ਦਾਬੇ ਦਿੰਦੇ ਸਨ। ਜੇ ਉਹ ਕਿਸੇ ਪਾਰਟੀ ਦੇ ਢਹੇ ਚੜ੍ਹਦੇ ਤਾਂ ਵੀ ਮਰਦੇ, ਨਾ ਚੜ੍ਹਦੇ ਤਾਂ ਵੀ ਮਰਦੇ। ਕੰਮੀਆਂ ਨੂੰ ਦੂਹਰੀ ਦਬੇਲ ਝੱਲਣੀ ਪੈਂਦੀ ਸੀ। ਉਦਾਸੀ ਨੂੰ ਇਸ ਪ੍ਰਸੰਗ ਵਿਚ ਹੀ ਸਮਝਿਆ ਜਾ ਸਕਦਾ ਹੈ।
ਭਗਤ ਸਿੰਘ ਦਾ ਪਰਿਵਾਰ ਨਾਮਧਾਰੀ ਬਣ ਗਿਆ ਸੀ ਜਿਨ੍ਹਾਂ ਨੂੰ ਕੂਕੇ ਕਿਹਾ ਜਾਂਦਾ ਸੀ। ਨਾਮਧਾਰੀ ਮਾਹੌਲ ਵਿਚ ਸੰਤ ਰਾਮ ਪੜ੍ਹਾਈ ਵੱਲ ਪ੍ਰੇਰਿਆ ਗਿਆ। ਅੱਖਰਾਂ ਦੀ ਜਾਣਕਾਰੀ ਨੇ ਉਸ ਲਈ ਗਿਆਨ ਦੇ ਬੂਹੇ ਖੋਲ੍ਹ ਦਿੱਤੇ, ਪਰ ਪੜ੍ਹਾਈ ਲਈ ਉਹਦਾ ਰਾਹ ਸਿੱਧਾ ਪੱਧਰਾ ਨਹੀਂ ਸੀ। 1952-53 ਦੇ ਆਸ ਪਾਸ ਮਿਹਰ ਸਿੰਘ ਦਾ ਪਰਿਵਾਰ ਖੱਖੜੀਆਂ ਕਰੇਲੇ ਹੋ ਗਿਆ ਸੀ। ਉਸ ਦੇ ਪੁੱਤਰ ਅੱਡ-ਵਿੱਢ ਹੋ ਗਏ ਸਨ। ਮਿਹਰ ਸਿੰਘ ਰਾਏਸਰ ਤੋਂ ਸਰਸੇ ਦੇ ਪਿੰਡ ਜਗਮਲੇਰੇ ਚਲਾ ਗਿਆ। ਗੁਰਦਾਸ ਸਿੰਘ ਤੇ ਪ੍ਰਕਾਸ਼ ਸਿੰਘ ਵੀ ਜਗਮਲੇਰੇ ਚਲੇ ਗਏ ਜਿਸ ਨੂੰ ਜੀਵਨ ਨਗਰ ਕਿਹਾ ਜਾਣ ਲੱਗਾ। ਉਥੇ ਮਿਹਰ ਸਿੰਘ ਦੀ ਨਵੰਬਰ 1957 ਵਿਚ ਮ੍ਰਿਤੂ ਹੋ ਗਈ। ਉਦੋਂ ਬਖਤਗੜ੍ਹ ਦੇ ਸਕੂਲ ਵਿਚ ਪੜ੍ਹ ਰਹੇ ਉਦਾਸੀ ਨੇ ਦਸਵੀਂ ਦਾ ਇਮਤਿਹਾਨ ਦੇਣਾ ਸੀ। ਪਿਤਾ ਦੀ ਮੌਤ ਦੇ ਸਦਮੇ ਵਿਚ ਉਹ ਇਮਤਿਹਾਨ ਦੀ ਤਿਆਰੀ ਨਾ ਕਰ ਸਕਿਆ ਤੇ ਦਸਵੀਂ ‘ਚੋਂ ਫੇਲ੍ਹ ਹੋ ਗਿਆ।
ਫਿਰ ਅਗਲੇ ਸਾਲ ਪ੍ਰਾਈਵੇਟ ਦਾਖਲਾ ਭੇਜਿਆ ਤੇ ਮੈਟ੍ਰਿਕ ਦਾ ਇਮਤਿਹਾਨ ਪਾਸ ਕਰ ਲਿਆ। ਦਾਖਲੇ ਦੇ ਪੈਸੇ ਉਦਾਸੀ ਤੇ ਉਹਦੇ ਵੱਡੇ ਭਰਾ ਗੁਰਦਾਸ ਸਿੰਘ ਨੇ ਦਿਹਾੜੀਆਂ ਕਰ ਕੇ ‘ਕੱਠੇ ਕੀਤੇ ਸਨ। ਦਸਵੀਂ ਕਰ ਕੇ ਉਹ ਭੈਣੀ ਸਾਹਿਬ ਚਲਾ ਗਿਆ ਤੇ ਕੁਝ ਸਮਾਂ ਪੌਂਗ ਡੈਮ ‘ਤੇ ਮੁਣਸ਼ੀ ਦੀ ਨੌਕਰੀ ਕੀਤੀ। ਫਿਰ ਉਹ ਬਖਤਗੜ੍ਹ ਤੋਂ ਜੇæਬੀæਟੀæ ਦਾ ਕੋਰਸ ਕਰ ਕੇ ਪ੍ਰਾਇਮਰੀ ਸਕੂਲ ਬੀਹਲੇ ਵਿਚ ਅਧਿਆਪਕ ਲੱਗ ਗਿਆ ਜਿਸ ਨਾਲ ਉਹ ਪੈਰਾਂ ਸਿਰ ਹੋ ਗਿਆ ਤੇ ਪਜਾਮੇ ਦੀ ਥਾਂ ਪੈਂਟ ਪਾਉਣ ਲੱਗਾ। ਉਦੋਂ ਪਿੰਡ ਦੇ ਜੱਟ ਉਸ ਨੂੰ ਛੇੜਦੇ, “ਲੈ ਢੇਡ ਪੈਂਟਾਂ ਪਾ-ਪਾ ਦਿਖਾਉਂਦੈ!”
ਮਾਸਟਰ ਲੱਗ ਕੇ ਉਹਦੇ ਗਿਆਨ ਤੇ ਤਜਰਬੇ ਵਿਚ ਵਾਧਾ ਹੋਣਾ ਸ਼ੁਰੂ ਹੋਇਆ ਅਤੇ ਅਧਿਆਪਕਾਂ ਵਿਚ ਉਹਦਾ ਦਾਇਰਾ ਖੁੱਲ੍ਹ ਗਿਆ। ਬਚਪਨ ਵਿਚ ਉਹਦੀਆਂ ਅੱਖਾਂ ‘ਚ ਕੁੱਕਰੇ ਪੈ ਜਾਣ ਕਾਰਨ ਸਾਰੀ ਉਮਰ ਉਹ ਚੁੰਨ੍ਹੀਆਂ ਅੱਖਾਂ ਵਾਲਾ ਅਖਵਾਉਂਦਾ ਰਿਹਾ। ਉਹਤੋਂ ਕੁੱਟ ਖਾਣ ਵਾਲੇ ਨਾਲਾਇਕ ਵਿਦਿਆਰਥੀ ਉਹਨੂੰ ਚੁੰਨ੍ਹੀਆਂ ਅੱਖਾਂ ਵਾਲਾ ਮਾਸਟਰ ਕਹਿੰਦੇ। ਦਾੜ੍ਹੀ ਉਹਦੀ ਠੋਡੀ ਉਤੇ ਹੀ ਸੀ ਜਿਸ ਕਰ ਕੇ ਕਈ ਮਨਚਲੇ ਉਹਨੂੰ ਬੋਕ ਦਾਹੜੀਆ ਵੀ ਕਹਿ ਦਿੰਦੇ। ਵਧੇਰੇ ਮਖੌਲ ਉਹਦਾ ਨੀਵੀਂ ਜਾਤ ਦਾ ਹੋਣ ਕਾਰਨ ਉਡਦਾ ਸੀ। ਉਸ ਦਾ ਇਹ ਕਾਵਿ-ਬੰਦ ਉਹਦੀ ਤੇ ਉਹਦੇ ਵਿਹੜੇ ਦੇ ਜੁਆਕਾਂ ਦੀ ਹਾਲਤ ਹੀ ਬਿਆਨਦਾ ਹੈ,
ਜਿਥੇ ਤੰਗ ਨਾ ਸਮਝਣ ਤੰਗੀਆਂ ਨੂੰ
ਜਿਥੇ ਮਿਲਣ ਅੰਗੂਠੇ ਸੰਘੀਆਂ ਨੂੰ
ਜਿਥੇ ਵਾਲ ਤਰਸਦੇ ਕੰਘੀਆਂ ਨੂੰ
ਨੱਕ ਵਗਦੇ, ਅੱਖਾਂ ਚੁੰਨ੍ਹੀਆਂ ਤੇ ਦੰਦ ਕਰੇੜੇ
ਤੂੰ ਮਘਦਾ ਰe੍ਹੀਂ ਵੇ ਸੂਰਜਾæææ
ਸੰਤ ਰਾਮ ਦੇ ਕੁੱਕਰਿਆਂ ਦਾ ਇਲਾਜ ਕਰਾਉਣ ਲਈ ਉਹਦੀ ਮਾਂ ਉਹਨੂੰ ਸਾਧੂ ਈਸ਼ਰ ਦਾਸ ਉਦਾਸੀ ਦੇ ਡੇਰੇ ਪਿੰਡ ਮੂੰਮ ਲੈ ਗਈ ਸੀ। ਇਲਾਜ ਨਾਲ ਅੱਖਾਂ ਕੁਝ ਠੀਕ ਹੋਈਆਂ ਤਾਂ ਸੰਤ ਰਾਮ ਦਾ ਉਸ ਡੇਰੇ ਵਿਚ ਆਉਣ-ਜਾਣ ਹੋ ਗਿਆ। ਉਹਦੇ ਦਾਦੇ ਨੇ ਉਹਨੂੰ ‘ਉਦਾਸੀ’ ਕਹਿਣਾ ਸ਼ੁਰੂ ਕਰ ਦਿੱਤਾ ਜੋ ਸੰਤ ਰਾਮ ਦੇ ਨਾਂ ਨਾਲ ਤਖੱਲਸ ਵਾਂਗ ਹਮੇਸ਼ਾ ਲਈ ਜੁੜ ਗਿਆ। ਬਚਪਨ ਵਿਚ ਉਹ ਧਾਰਮਕ ਕਵਿਤਾਵਾਂ ਕੰਠ ਕਰਦਾ ਤੇ ਧਾਰਮਕ ਸਮਾਗਮਾਂ ‘ਤੇ ਸੁਣਾਇਆ ਕਰਦਾ ਸੀ। ਉਹਦੇ ਮਾਪੇ ਨਾਮਧਾਰੀਏ ਹੋਣ ਕਾਰਨ ਉਸ ਨੂੰ ਧਰਮ ਦੀ ਗੁੜ੍ਹਤੀ ਬਚਪਨ ਵਿਚ ਹੀ ਮਿਲ ਗਈ ਸੀ। ਸਿੱਖ ਧਰਮ ਦਾ ਵਿਰਸਾ ਉਹਦੇ ਹੱਡਾਂ ‘ਚ ਰਚ ਗਿਆ ਸੀ ਜੋ ਉਹਦੀਆਂ ਰਚਨਾਵਾਂ ਵਿਚ ਨਮੂਦਾਰ ਹੁੰਦਾ ਰਿਹਾ। ਉਹ ਬਾਹਰੋਂ ਖੁੱਗ ਕੇ ਲਿਆਂਦੀ ਕੋਰੀ ਮਾਰਕਸਵਾਦੀ ਵਿਚਾਰਧਾਰਾ ਦਾ ਧਾਰਨੀ ਨਹੀਂ, ਸਗੋਂ ਪੰਜਾਬ ਦੀ ਧਰਤੀ ‘ਚੋਂ ਉਗੀ ਇਨਕਲਾਬੀ ਸਿੱਖ ਵਿਚਾਰਧਾਰਾ ਦੇ ਅਨੁਕੂਲ ਮਾਰਕਸੀ ਵਿਚਾਰਧਾਰਾ ਦਾ ਧਾਰਨੀ ਸੀ। ਉਸ ਉਤੇ ਪ੍ਰੋæ ਸੰਤ ਸਿੰਘ ਸੇਖੋਂ ਨਾਲੋਂ ਪ੍ਰੋæ ਕਿਸ਼ਨ ਸਿੰਘ ਦੇ ਵਿਚਾਰਾਂ ਦਾ ਵਧੇਰੇ ਅਸਰ ਸੀ। ਉਸ ਨੇ ਆਪਣੇ ਗੀਤਾਂ ਤੇ ਨਜ਼ਮਾਂ ਵਿਚ ਇਨਕਲਾਬੀ ਸਿੱਖ ਵਿਰਸੇ ਤੇ ਸਿੱਖ ਬਿੰਬਾਂ ਦੀ ਰੂਹ ਨਾਲ ਵਰਤੋਂ ਕੀਤੀ। ਉਹ ਗੁਰੂ ਗੋਬਿੰਦ ਸਿੰਘ ਦੇ ਗੁਰਪੁਰਬਾਂ ‘ਤੇ ਗਾਉਂਦਾ,
ਮੈਂ ਏਸੇ ਲਈ ਮੰਨਿਆ ਸੀ ਆਪਣੇ ਆਪ ਨੂੰ ਗੁਰੂ-ਚੇਲਾ,
ਕਿ ਰਿਸ਼ਤਾ ਜੱਗ ਤੋਂ ਮਾਲਕ ਤੇ ਸੇਵਾਦਾਰ ਦਾ ਮੁੱਕ ਜਾਵੇ।
ਮੈਂ ਏਸੇ ਲਈ ਗੜ੍ਹੀ ਚਮਕੌਰ ਦੀ ਵਿਚ ਜੰਗ ਲੜਿਆ ਸੀ,
ਕਿ ਕੱਚੇ ਕੋਠੜੇ ਮੂਹਰੇ ਮਹਿਲ ਮਿਨਾਰ ਝੁਕ ਜਾਵੇ।
ਜੇਕਰ ਤੁਸੀਂ ਮੈਨੂੰ ਆਪਣਾ ਸਰਦਾਰ ਮੰਨਿਆ ਹੈ,
ਤਾਂ ਮੈਂ ਮੁੱਲ ਵੀ ਸਰਦਾਰੀਆਂ ਦਾ ਤਾਰ ਚੱਲਿਆ ਹਾਂ।
ਮੈਂ ਦੇਵਣ ਲਈ ਉਦਾਹਰਣ ਜੱਗ ਦੇ ਕੌਮੀ ਨੇਤਾਵਾਂ ਨੂੰ,
ਵਾਰ ਲੋਕਾਂ ਤੋਂ ਪਹਿਲਾਂ ਆਪਣਾ ਪਰਿਵਾਰ ਚੱਲਿਆ ਹਾਂ।
ਰੰਘਰੇਟੇ ਆਖ ਕੇ ਕਿਰਤੀ ਦਾ ਮੈਂ ਸਤਿਕਾਰ ਕਰਦਾ ਹਾਂ,
ਇਨ੍ਹਾਂ ਨੇ ਦਰਸ਼ ਅੰਤਮ ਬਾਪ ਦਾ ਮੈਨੂੰ ਕਰਾਇਆ ਸੀ।
ਮੈਂ ਨਾਈਆਂ, ਛੀਂਬਿਆਂ, ਝਿਊਰਾਂ ਤੋਂ ਜ਼ੁਲਮੀ ਛੱਟ ਲਾਹੁਣੀ ਸੀ,
ਮੈਂ ਸਾਂਝਾ ਪੰਥ ਸਾਜਣ ਦਾ ਤਾਹੀਓਂ ਕੌਤਕ ਰਚਾਇਆ ਸੀ।

ਤੇ ਗੁਰੂ ਨਾਨਕ ਦੇ ਗੁਰਪੁਰਬਾਂ ‘ਤੇ ਗੁਰੂ ਨੂੰ ਸਿਜਦਾ ਕਰਦਾ ਕਹਿੰਦਾ,
ਕਿਰਤ ਕਰੋ ਤੇ ਆਪੋ ‘ਚ ਵੰਡ ਖਾਓ, ਸਾਰੀ ਧਰਤ ਦੇ ਉਤੇ ਪਰਚਾਰਿਆ ਸੀ।
ਭੱਜਾ ਆਇਓਂ ਮਰਦਾਨੇ ਦੀ ਰੱਖਿਆ ਨੂੰ, ਸੱਚੇ ਇਸ਼ਕ ਦਾ ਸਿਲਾ ਤੂੰ ਤਾਰਿਆ ਸੀ।
ਜਿਹੜਾ ਕਰੇ ਸੇਵਾ ਉਹੀ ਖਾਵੇ ਮੇਵਾ, ਦੈਵੀ ਹੱਕਾਂ ਨੂੰ ਤੂੰ ਲਲਕਾਰਿਆ ਸੀ।
ਰਾਜੇ ਅਫਸਰਾਂ ਤੋਂ ਕਦੇ ਭਲਾ ਨਾਹੀਂ, ਫਿਰਕੂ ਧਰਮ ਦਾ ਨਸ਼ਾ ਉਤਾਰਿਆ ਸੀ।

ਸੰਤ ਰਾਮ ਉਦਾਸੀ ਦੇ ਗੀਤਾਂ ਤੇ ਕਵਿਤਾਵਾਂ ਉਤੇ ਕੁਝ ਕੱਟੜ ਮਾਰਕਸਵਾਦੀ ਆਲੋਚਕਾਂ ਦਾ ਕਿੰਤੂ ਹੈ ਕਿ ਉਸ ਵਿਚ ਸਿੱਖ ਧਾਰਮਕਤਾ ਦਾ ਅੰਸ਼ ਹੱਦੋਂ ਵੱਧ ਹੈ। ਇਸ ਦਾ ਕਾਰਨ ਇਹ ਹੈ ਕਿ ਉਦਾਸੀ ਪੰਜਾਬ ਦੇ ਇਤਿਹਾਸ ਤੇ ਮਿਥਿਹਾਸ ਵਿਚ ਦਿਲ ਦੀਆਂ ਡੂੰਘਾਣਾਂ ਤਕ ਖੁੱਭਿਆ ਤੇ ਭਿੱਜਿਆ ਹੋਇਆ ਸੀ। ਉਸ ਨੇ ਪੰਜਾਬ ਦੇ, ਤੇ ਖਾਸ ਕਰ ਕੇ ਸਿੱਖ ਧਰਮ ਦੇ ਇਨਕਲਾਬੀ ਵਿਰਸੇ ਨੂੰ ਸਮਾਜਵਾਦੀ ਇਨਕਲਾਬ ਲਿਆਉਣ ਲਈ ਰੱਜ ਕੇ ਵਰਤਿਆ। ਉਸ ਨੇ ਲਿਖਿਆ ਤੇ ਉਚੀ ਸੁਰ ਵਿਚ ਗਾਇਆ,
ਏਸ ਕੱਚੀ ਚਮਕੌਰ ਦੀ ਗੜ੍ਹੀ ਮੂਹਰੇ, ਕਿਲ੍ਹਾ ਦਿੱਲੀ ਦਾ ਅਸੀਂ ਝੁਕਾ ਦਿਆਂਗੇ।
ਝੋਰਾ ਕਰੀਂ ਨਾ ਕਿਲ੍ਹੇ ਆਨੰਦਪੁਰ ਦਾ, ਕੁੱਲੀ-ਕੁੱਲੀ ਨੂੰ ਕਿਲ੍ਹਾ ਬਣਾ ਦਿਆਂਗੇ।
ਮਾਛੀਵਾੜੇ ਦੇ ਸੱਥਰ ਦੇ ਗੀਤ ਵਿਚੋਂ, ਅਸੀਂ ਉਠਾਂਗੇ ਚੰਡੀ ਦੀ ਵਾਰ ਬਣ ਕੇ।
ਜਿਨ੍ਹਾਂ ਸੂਲਾਂ ਨੇ ਦਿੱਤਾ ਨਾ ਸੌਣ ਤੈਨੂੰ, ਛਾਂਗ ਦਿਆਂਗੇ ਖੰਡੇ ਦੀ ਧਾਰ ਬਣ ਕੇ।

ਉਸ ਦੀ ਕਵਿਤਾ ‘ਦਿੱਲੀਏ ਦਿਆਲਾ ਦੇਖ’ ਨੀਝ ਨਾਲ ਪੜ੍ਹਨ ਤੇ ਸੁਣਨ ਵਾਲੀ ਹੈ,
ਦਿੱਲੀਏ ਦਿਆਲਾ ਦੇਖ ਦੇਗ ‘ਚ ਉਬਲਦਾ ਨੀ, ਅਜੇ ਤੇਰਾ ਦਿਲ ਨਾ ਠਰੇ।
ਮਤੀ ਦਾਸ ਤਾਈਂ ਚੀਰ ਆਰੇ ਵਾਂਗੂੰ ਜੀਭ ਤੇਰੀ, ਅਜੇ ਮਨ ਮੱਤੀਆਂ ਕਰੇ।
ਲਾਲ ਕਿਲ੍ਹੇ ਵਿਚ ਲਹੂ ਲੋਕਾਂ ਦਾ ਜੋ ਕੈਦ ਹੈ, ਬੜੀ ਛੇਤੀ ਇਹਦੇ ਬਰੀ ਹੋਣ ਦੀ ਉਮੈਦ ਹੈ।
ਪਿੰਡਾਂ ਵਿਚੋਂ ਤੁਰੇ ਹੋਏ ਪੁੱਤ ਨੀ ਬਹਾਦਰਾਂ ਦੇ, ਤੇਰੇ ਮਹਿਲੀਂ ਵੜੇ ਕਿ ਵੜੇ।
ਸਿਰਾਂ ਵਾਲੇ ਲੋਕੀਂ ਬੀਜ ਚੱਲੇ ਆਂ ਬੇਓੜ ਨੀ, ਇਕ ਦਾ ਤੂੰ ਮੁੱਲ ਭਾਵੇਂ ਰੱਖਦੀਂ ਕਰੋੜ ਨੀ।
ਲੋਕ ਐਨੇ ਸੰਘਣੇ ਨੇ ਲੱਖੀ ਦੇ ਜੰਗਲ ਵਾਂਗੂੰ, ਸਿੰਘ ਤੈਥੋਂ ਜਾਣੇ ਨਾ ਫੜੇæææ।
ਉਹ ਨਕਸਲਬਾੜੀਆਂ ਨੂੰ ਵੀ ਗੁਰੂ ਦੇ ਸਿੰਘ ਕਹਿੰਦਾ ਸੀ। ਉਹ ਧਰਮ ਦੇ ਨਾਂ ‘ਤੇ ਇਕ-ਦੂਜੇ ਦਾ ਵਿਰੋਧ ਕਰਨ ਨੂੰ ਬੇਹੱਦ ਮਾੜਾ ਸਮਝਦਾ ਸੀ। 1984 ਵਿਚ ਜੋ ਕੁਛ ਵਾਪਰਿਆ, ਉਹਦੇ ਬਾਰੇ ਉਹਨੇ ਇਥੋਂ ਤਕ ਲਿਖਿਆ,
ਭੰਨ ਸੁੱਟੀਆਂ ਨਾਨਕ ਦੀਆਂ ਬਾਹਵਾਂ
ਪੁੱਟ ਸੁੱਟੀਆਂ ਸ਼ਿਵ ਦੀਆਂ ਜਟਾਵਾਂ
ਕਿਸ ਨੂੰ ਕਿਸ ਦਾ ਦਮਨ ਕਹੂੰਗਾ
ਮੈਂ ਹੁਣ ਕਿਸ ਨੂੰ ਵਤਨ ਕਹੂੰਗਾæææ

ਉਦਾਸੀ ਕਿਤਾਬਾਂ ਦੇ ਵਿਦਵਾਨ ਪਾਠਕਾਂ ਦੀ ਥਾਂ ਆਮ ਲੋਕਾਂ ਦਾ ਕਵੀ ਸੀ। ਉਹਦੀ ਸ਼ਬਦਾਵਲੀ, ਬਿੰਬਾਵਲੀ, ਛੰਦਾਬੰਦੀ, ਗੀਤਾਂ ਦੀ ਹੇਕ ਤੇ ਰੋਹੀਲੀ ਆਵਾਜ਼ ਸਿੱਧੀ ਲੋਕਾਂ ਦੇ ਦਿਲਾਂ ਵਿਚ ਲਹਿ ਜਾਂਦੀ। ਉਸ ਦੇ ਗੀਤਾਂ ਤੇ ਨਜ਼ਮਾਂ ਦੇ ਵਿਸ਼ੇ ਵੀ ਵੰਨਗੀ ਭਰਪੂਰ ਹਨ। ਕਦੇ ਉਹ ਕੰਮੀਆਂ ਦੇ ਵਿਹੜੇ ਦਾ ਗੀਤ ਲਿਖਦਾ, ਕਦੇ ਦੇਸ਼ ਪਿਆਰ ਦਾ, ਕਦੇ ਡੋਲੀ ਦਾ ਤੇ ਕਦੇ ਜਨਤਾ ਦੀ ਅਰਦਾਸ ਦਾ। ਕਦੇ ਪੂੰਜੀਪਤੀਆਂ ਨੂੰ ਰਾਕਸ਼ਾਂ ਦੀ ਧਾੜ ਕਹਿੰਦਾ, ਕਦੇ ਮਜ਼ਦੂਰਾਂ ਦੀ ਆਰਤੀ ਉਤਾਰਦਾ, ਕਦੇ ਮਲੰਗ ਲੱਖੇ ਦੇ ਨਾਂ ਗੀਤ ਲਿਖਦਾ ਤੇ ਕਦੇ ਕਿਰਤੀ ਨੂੰ ਉਠਣ ਦਾ ਸੱਦਾ ਦਿੰਦਾ,
ਉਠ ਕਿਰਤੀਆ ਉਠ ਵੇ ਉਠਣ ਦਾ ਵੇਲਾ
ਜੜ੍ਹ ਵੈਰੀ ਪੁੱਟ ਵੇ, ਪੁੱਟਣ ਦਾ ਵੇਲਾæææ।
ਉਸ ਨੇ ਚੂੜੀਆਂ ਦਾ ਹੋਕਾ ਵੀ ਦਿੱਤਾ ਤੇ ਮਾਰੇ ਗਏ ਮਿੱਤਰਾਂ ਦੇ ਵੈਣ ਵੀ ਪਾਏ,
ਮਾਰੇ ਗਏ ਮਿੱਤਰਾਂ ਦੇ ਪਿੰਡ ਦੀਏ ਵਾਏ, ਖ਼ੈਰ-ਸੁੱਖ ਦਾ ਸੁਨੇਹੜਾ ਲਿਆ।
ਓਸ ਮਾਂ ਦਾ ਬਣਿਆ ਕੀ, ‘ਆਂਦਰਾਂ ਦੀ ਅੱਗ’ ਜੀਹਦੀ, ਗਈ ਕਸਤੂਰੀਆਂ ਖਿੰਡਾæææ।
ਉਹ ਇਨਕਲਾਬੀ ਜੁਝਾਰੂਆਂ ਵੱਲੋਂ ਵਾਰਸਾਂ ਦੇ ਨਾਂ ਲਿਖਦਾ ਹੈ,
ਐਵੇਂ ਭਰਮ ਹੈ ਸਾਡਿਆਂ ਕਾਤਲਾਂ ਨੂੰ, ਅਸੀਂ ਹੋਵਾਂਗੇ ਦੋ ਜਾਂ ਚਾਰ ਬਾਪੂ।
ਬਦਲਾ ਲਏ ਤੋਂ ਵੀ ਜਿਹੜੀ ਟੁੱਟਣੀ ਨਾ, ਏਡੀ ਲੰਮੀ ਹੈ ਸਾਡੀ ਕਤਾਰ ਬਾਪੂ।
ਇਹ ਸਤਰਾਂ ਉਹਨੇ ਉਦੋਂ ਲਿਖੀਆਂ ਸਨ ਜਦੋਂ ਨਕਸਲਬਾੜੀਆਂ ਨੂੰ ਫੜ-ਫੜ ਕੇ ਪੁਲਿਸ ਝੂਠੇ ਮੁਕਾਬਲਿਆਂ ਵਿਚ ਬੇਦਰਦੀ ਨਾਲ ਮਾਰ ਰਹੀ ਸੀ। ਇਨ੍ਹਾਂ ਹੀ ਸਤਰਾਂ ਨੂੰ ਬਾਅਦ ਵਿਚ ਸੰਤ ਭਿੰਡਰਾਂਵਾਲੇ ਦੇ ਖਾੜਕੂ ਆਪਣੇ ਇਸ਼ਤਿਹਾਰਾਂ ਵਿਚ ਵਰਤਦੇ ਰਹੇ। ਉਹ ਵੀ ਇਹੋ ਕਹਿੰਦੇ ਰਹੇ- ਐਵੇਂ ਭਰਮ ਹੈ ਸਾਡਿਆਂ ਕਾਤਲਾਂ ਨੂੰæææ।
ਉਹਦੇ ਲੋਕ ਕਾਵਿ ਦੇ ਬਿੰਬ, ਤੁਲਨਾਵਾਂ ਤੇ ਅਲੰਕਾਰ ਮੌਲਿਕ ਸਨ ਜੋ ਕਿਰਤੀ ਕਾਮਿਆਂ ਦੇ ਕਿੱਤੇ ਤੇ ਖੇਤਾਂ ਵਿਚੋਂ ਲਏ ਗਏ ਸਨ,
ਸਾਡੇ ਹੱਕਾਂ ਦੀ ਮੱਕੀ ਹੈ ਹੋਈ ਚਾਬੂ, ਵਿਹਲੜ ਵੱਗ ਨਾ ਖੇਤਾਂ ਵਿਚ ਵੜਨ ਦੇਣਾ।
ਨਰਮ ਦੋਧਿਆਂ ਦੇ ਸੂਹੇ ਪਿੰਡਿਆਂ ‘ਤੇ, ਅਸੀਂ ਲੁੱਟ ਦਾ ਤਾਪ ਨਾ ਚੜ੍ਹਨ ਦੇਣਾ।
ਅਸੀਂ ਗੱਭਰੂ ਤੂਤ ਦੀ ਛਿਟੀ ਵਰਗੇ ਜਿੰਨਾ ਛਾਂਗੋਗੇ ਓਨਾ ਹੀ ਫੈਲਰਾਂਗੇæææ।
ਗਲ ਲੱਗ ਕੇ ਸੀਰੀ ਦੇ ਜੱਟ ਰੋਵੇ, ਬੋਹਲਾਂ ਵਿਚੋਂ ਨੀਰ ਵਗਿਆ।
ਲਿਆ ਤੰਗਲੀ ਨਸੀਬਾਂ ਨੂੰ ਫਰੋਲੀਏ, ਤੂੜੀ ਵਿਚੋਂ ਪੁੱਤ ‘ਜੱਗਿਆ।’
ਸਾਡਾ ਘੁੱਟੀਂ-ਘੁੱਟੀਂ ਖੂਨ ਤੇਲ ਪੀ ਗਿਆ, ਤੇ ਖਾਦ ਖਾ’ਗੀ ਹੱਡ ਖਾਰ ਕੇ।
ਬੋਲੇ ਬੈਂਕ ਦੀ ਤਕਾਵੀ ਬਹੀ ਅੰਦਰੋਂ, ਬੋਹਲ ਨੂੰ ਖੰਘੂਰਾ ਮਾਰ ਕੇ।
ਸਾਨੂੰ ਬਿਜਲੀ ਝੰਜੋੜਾ ਏਨਾ ਮਾਰਿਆ, ਕਿ ਸਧਰਾਂ ਨੂੰ ਲਾਂਬੂ ਲੱਗਿਆ।
ਗਲ ਲੱਗ ਕੇæææ।
ਇਕ ਵਾਰ ਸਾਥੀਆਂ ਦੇ ਸੱਦੇ ਉਤੇ ਜਦੋਂ ਉਹ ਵਿਦੇਸ਼ਾਂ ਵਿਚ ਗਿਆ ਤਾਂ ਉਸ ਨੂੰ ਪਰਵਾਸੀਆਂ ਦੇ ਦੁੱਖਾਂ ਦਾ ਨੇੜਿਓਂ ਅਹਿਸਾਸ ਹੋਇਆ। ਇਸੇ ਅਹਿਸਾਸ ਵਿਚੋਂ ਉਸ ਨੇ ਗੀਤ ਗਾਇਆ,
ਮੈਨੂੰ ਲੈ ਜਾ ਨੀ ਹਵਾਏ ਮੇਰੇ ਦੇਸ਼, ਕਰੇ ਜੋਦੜੀ ਨੀ ਇਕ ਦਰਵੇਸ਼।
ਮੈਨੂੰ ਮੇਰੀ ਮਾਂ ਦੇ ਵਰਗਾ ਪਿਆਰ ਨੀ, ਮਿਲੂ ਕਿਹੜੀਆਂ ਵਲੈਤਾਂ ‘ਚੋਂ ਉਧਾਰ ਨੀ,
ਮੈਨੂੰ ਖਿੜਿਆ ਕਪਾਹ ਦੇ ਵਾਂਗ ਰਹਿਣ ਦੇ, ਘੱਟ ਮੰਡੀ ਵਿਚ ਮੁੱਲ ਪੈਂਦਾ ਪੈਣ ਦੇ,
ਮੈਨੂੰ ਰਹਿਣ ਦੇ ਹਵਾਏ ਮੇਰੇ ਦੇਸ਼, ਕਰੇ ਜੋਦੜੀ ਨੀ ਇਕ ਦਰਵੇਸ਼æææ।
ਉਹਦੇ ਵਿਦੇਸ਼ ਜਾਣ ਦੀ ਵੱਡੀ ਪ੍ਰਾਪਤੀ ਇਹ ਹੋਈ ਕਿ ਉਥੇ ਉਹਦੇ ਗੀਤਾਂ ਦੀ ਉਹਦੀ ਆਵਾਜ਼ ਵਿਚ ਹੀ ਕੈਸਿਟ ਰਿਕਾਰਡ ਕਰ ਲਈ ਗਈ। ਨਹੀਂ ਤਾਂ ਸੰਭਵ ਸੀ ਕਿ ਉਹਦੀ ਰੋਹੀਲੀ ਆਵਾਜ਼ ਅਗਲੀਆਂ ਪੀੜ੍ਹੀਆਂ ਤਕ ਪੁੱਜਦੀ ਹੀ ਨਾ।
ਕੈਨੇਡਾ ਰਹਿੰਦੇ ਹਰਿੰਦਰ ਮਾਹਲ ਤੇ ਸੁਰਿੰਦਰ ਧੰਜਲ ਨਾਲ ਉਹਦਾ ਚਿੱਠੀ-ਪੱਤਰ ਹੁੰਦਾ ਰਹਿੰਦਾ। ਕਲਕੱਤੇ ਹਰਦੇਵ ਸਿੰਘ ਗਰੇਵਾਲ ਨਾਲ ਵੀ ਚਿੱਠੀ-ਪੱਤਰ ਚਲਦਾ ਸੀ। ਇਪਾਨਾ ਦੇ ਸੱਦੇ ‘ਤੇ ਉਸ ਨੂੰ ਕੈਨੇਡਾ ਦਾ ਵੀਜ਼ਾ ਮਿਲ ਗਿਆ। ਉਸ ਨੇ ਤਿਆਰੀ ਕਰ ਲਈ। ਉਹਦੀ ਮਾਤਾ ਉਦੋਂ ਆਪਣੇ ਤੀਜੇ ਪੁੱਤ ਗੁਰਦੇਵ ਸਿੰਘ ਕੋਇਲ ਕੋਲ ਜਲੰਧਰ ਗਈ ਹੋਈ ਸੀ। ਉਹ ਮਾਤਾ ਨੂੰ ਮਿਲੇ ਬਿਨਾਂ ਹੀ ਜਹਾਜ਼ ਚੜ੍ਹ ਗਿਆ। ਮਾਤਾ ਪਿੰਡ ਆਈ ਤਾਂ ਨੂੰਹ ਨਸੀਬ ਕੌਰ ਨਾਲ ਖਫਾ ਹੋਈ, “ਤੂੰ ਮੇਰਾ ਸਾਧ ਪੁੱਤ ਕਿਉਂ ਪਰਦੇਸ ਤੋਰਿਆ?”
ਪਰ ਪਰਦੇਸ ਉਹ ਬਹੁਤਾ ਸਮਾਂ ਨਹੀਂ ਰਿਹਾ। ਵਤਨ ਲਈ ਵੈਰਾਗਿਆ ਉਹ ਲੰਮੀਆਂ ਚਿੱਠੀਆਂ ਲਿਖਦਾ ਤੇ ਅਚਾਨਕ ਵਾਪਸ ਆ ਗਿਆ। ਆਉਂਦੇ ਨੇ ਬੇਬੇ ਨੂੰ ਗੋਦੀ ਚੁੱਕ ਲਿਆ ਤੇ ਨਿਆਣਿਆਂ ਦੇ ਮੂੰਹ ਮੱਥੇ ਚੁੰਮੇ। ਕੰਧਾਂ ਕੰਧੋਲੀਆਂ ਤੇ ਮੱਝਾਂ ਨੂੰ ਪਿਆਰ ਕੀਤਾ ਅਤੇ ਉਨ੍ਹਾਂ ਦੇ ਪਿੰਡਿਆਂ ‘ਤੇ ਹੱਥ ਫੇਰਦਾ ਰਿਹਾ। ਦੱਸੀ ਗਿਆ ਕਿ ਦੋਸਤਾਂ ਨੇ ਕਿੰਨੀ ਸੇਵਾ ਕੀਤੀ ਤੇ ਕਿਥੇ-ਕਿਥੇ ਪ੍ਰੋਗਰਾਮ ਕੀਤੇ। ਕਿਵੇਂ ਉਹਨੂੰ ਕੈਨੇਡੀਅਨ/ਅਮਰੀਕਨ ਬਣਨ ਲਈ ਚੋਗਾ ਪਾਇਆ ਗਿਆ ਤੇ ਕਿਵੇਂ ਉਹਨੇ ਇਨਕਾਰ ਕੀਤਾ। ਕਾਹਦੀ ਖਿੱਚ ਸੀ ਉਸ ਨੂੰ ਆਪਣੇ ਵਤਨ ਦੀ? ਉਸ ਵਤਨ ਦੀ ਜਿਸ ਵਿਚ ਉਹ ਕੁੱਤੇ-ਜੂਨ ਜਿਉਂ ਰਿਹਾ ਸੀ! ਉਹ ਜੁਗਾੜੀ ਕਿਉਂ ਨਾ ਬਣਿਆ?
ਦੁਨੀਆਂਦਾਰ ਹੈਰਾਨ ਸਨ ਕਿ ਉਹ ਕੈਨੇਡਾ/ਅਮਰੀਕਾ ਵਰਗੇ ਮੁਲਕਾਂ ਵਿਚੋਂ ਮੁੜਿਆ ਕਿਉਂ? ਇੰਡੀਆ ਵਿਚ ਉਹਦੇ ਕਿਹੜੇ ਕਿੱਲੇ ਗੱਡੇ ਸਨ? ਬਥੇਰੇ ਨਕਸਲਬਾੜੀਏ ਸਨ ਜੋ ਕਿਸੇ ਨਾ ਕਿਸੇ ਢੰਗ ਨਾਲ ਕੈਨੇਡਾ/ਅਮਰੀਕਾ ਗਏ ਤੇ ਮੁੜ ਕੇ ਨਹੀਂ ਪਰਤੇ। ਉਹ ਉਥੇ ਰੰਗੀਂ ਵਸਦੇ ਹੋਏ ਇੰਡੀਆ ਵਿਚ ਇਨਕਲਾਬ ਲਿਆਈ ਜਾਂਦੇ ਸਨ। ਇਨਕਲਾਬੀ ਹੋਣ ਦਾ ਵਧੇਰੇ ਨਾਮਣਾ ਖੱਟੀ ਜਾਂਦੇ ਸਨ। ਦੇਸ਼ ਵਿਚ ਜਿਹੜਾ ਸਾਥੀ ਇਨਕਲਾਬੀ ਪੈਂਤੜੇ ਤੋਂ ਰਤਾ ਵੀ ਪਿੱਛੇ ਹਟਦਾ ਸੀ, ਉਹਨੂੰ ਗੱਦਾਰ ਕਹੀ ਜਾਂਦੇ ਸਨ। ‘ਲੋਕ ਕਵੀ’ ਨੂੰ ‘ਨੋਟ ਕਵੀ’ ਤੇ ‘ਲਹੂ ਭਿੱਜੇ ਬੋਲਾਂ’ ਵਾਲੇ ਨੂੰ ‘ਸ਼ਰਾਬ ਭਿੱਜੇ ਬੋਲਾਂ’ ਬੋਲਾਂ ਵਾਲਾ ਕਹਿ ਕੇ ਮਖੌਲ ਉਡਾਉਂਦੇ ਸਨ; ਪਰ ਉਦਾਸੀ ਵਿਦੇਸ਼ਾਂ ‘ਚ ਟਿਕ ਜਾਣ ਵਾਲੇ ਇਨਕਲਾਬੀਆਂ ਵਿਚ ਨਾ ਰਲਿਆ। ਉਹ ਉਥੇ ਹੀ ਪਰਤ ਆਇਆ ਜਿਥੇ ਉਸ ਦੀ ਵਧੇਰੇ ਲੋੜ ਸੀ।
1972 ਵਿਚ ਇਕ ਇੰਟਰਵਿਊ ਵਿਚ ਉਸ ਨੇ ਦੱਸਿਆ ਸੀ, “ਮੈਂ 1961 ਵਿਚ ਲਿਖਣਾ ਸ਼ੁਰੂ ਕੀਤਾ। ਸਭ ਤੋਂ ਪਹਿਲਾਂ ਮੈਂ ਆਪਣੀਆਂ ਕਵਿਤਾਵਾਂ ਵਿਚ ਅਧਿਆਤਮਵਾਦ ਲਿਆਂਦਾ। ਅਧਿਆਤਮਕ ਕੁਰੀਤੀਆਂ ਨੂੰ ਵੇਖ ਕੇ ਮੈਂ ਮਾਰਕਸੀ ਸੋਚ ਦੀਆਂ ਕਵਿਤਾਵਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ। ਮੈਂ ਵਾਂਦਾ ਵਾਸਲਿਊਸਕਾ, ਗੋਰਕੀ, ਸ਼ੋਲੋਖ਼ੋਵ, ਆਸਤ੍ਰੋਵਸਕੀ, ਪਰਲ ਐਸ਼ ਬੱਕ ਤੇ ਜੂਲੀਅਸ ਫਿਊਚਿਕ ਨੂੰ ਪੜ੍ਹਿਆ। ਪੰਜਾਬੀ ਵਿਚ ਮੈਂ ਬਹੁਤਾ ਕੰਵਲ, ਧੀਰ ਤੇ ਮੋਹਨ ਸਿੰਘ ਤੋਂ ਪ੍ਰਭਾਵਤ ਹੋ ਕੇ ਸਾਧਾਰਨ ਲੋਕ ਪੱਧਰ ਦੇ ਗੀਤ ਲਿਖਣੇ ਸ਼ੁਰੂ ਕਰ ਦਿੱਤੇ ਤੇ ਹੁਣ ਮੈਂ ਬੁੱਧੀਜੀਵੀਆਂ ਨੂੰ ਵੀ ਸੰਤੁਸ਼ਟ ਕਰ ਸਕਦਾ ਹਾਂ। ਕੂਕਾ ਲਹਿਰ ਤੇ ਕਿਸਾਨ ਲਹਿਰ ਨੇ ਮੇਰੇ ਗੀਤਾਂ ਨੂੰ ਅਧਿਆਤਮਕ ਅਗਾਂਹ-ਵਧੂ ਰਾਹ ਦੱਸਿਆ। ਅਧਿਆਤਮਵਾਦ ਤੋਂ ਮਗਰੋਂ ਮੈਂ ਮਾਰਕਸਇਜ਼ਮ ਨੂੰ ਘੋਖਿਆ ਤੇ ਉਸ ਤੋਂ ਮਗਰੋਂ ਦੁਬਾਰਾ ਅਧਿਆਤਮਵਾਦ ਨੂੰ ਮਾਰਕਸੀ ਫਲਸਫੇ ‘ਤੇ ਪਰਖਿਆ ਤੇ ਮੈਨੂੰ ਲੱਗਿਆ ਕਿ ਅਧਿਆਤਮਵਾਦ ਬਾਰੇ ਲਿਖੇ ਗੀਤ ਕਿਰਤੀ ਲੁੱਟ-ਖਸੁੱਟ ਨੂੰ ਖਤਮ ਕਰਨ ਲਈ ਸਹਾਈ ਨਹੀਂ ਹੋ ਸਕਦੇ।æææਮੈਂ ਆਪਣੇ ਆਪ ਨੂੰ ਲੋਕ ਪੱਧਰ ਦਾ ਗੀਤਕਾਰ ਸਮਝਦਾ ਹਾਂ। ਸਾਡੇ ਸਾਧਾਰਨ ਲੋਕ ਅਜੇ ਵੀ ਬਹੁਤ ਸਾਰੇ ਵਿਸ਼ਵਾਸਾਂ ਵਿਚ ਫਸੇ ਹੋਏ ਹਨ। ਮੈਂ ਜਿਹੜੇ ਗੀਤ ਅਧਿਆਤਮਵਾਦ ਦੇ ਵੀ ਲਿਖੇ ਹਨ, ਉਨ੍ਹਾਂ ਵਿਚ ਵੀ ਉਸਾਰੂ ਪੱਖ ਨੂੰ ਵਿਖਾਇਆ ਹੈ ਜਿਵੇਂ ਬਾਬਾ ਰਾਮ ਸਿੰਘ, ਗੁਰੂ ਗੋਬਿੰਦ ਸਿੰਘ ਜੀ ਦਾ ਅੰਤਿਮ ਸੁਨੇਹਾ, ਜ਼ਫਰਨਾਮਾ, ਬੂਬਨੇ ਸਾਧ ਆਦਿ। ਅੱਜ ਵੀ ਜਦੋਂ ਮੈਂ ਲੋਕਾਂ ਸਾਹਮਣੇ ਇਨ੍ਹਾਂ ਗੀਤਾਂ ਨੂੰ ਗਾਉਂਦਾ ਹਾਂ ਤਾਂ ਇਨ੍ਹਾਂ ਵਿਚਲਾ ਉਸਾਰੂ ਭਾਵ ਮੈਨੂੰ ਚਿਰਜੀਵੀ ਲੱਗਦਾ ਹੈ।”
ਉਸ ਦਾ ਕਥਨ ਹੈ, “ਰੇਡੀਓ ਤੇ ਸਪੀਕਰਾਂ ਦੇ ਰਿਕਾਰਡ ਲੋਕਾਂ ਦੀ ਸੋਚ ਨੂੰ ਖੱਸੀ ਕਰਨ ਲਈ ਮਾਰਫੀਏ ਦਾ ਟੀਕਾ ਹਨ। ਸੌੜੇ ਕੌਮਵਾਦ ਦੀ ਭਾਵਨਾ ਲੋਕਾਂ ਵਿਚ ਜਗਾ ਕੇ ਲੋਕਾਂ ਨੂੰ ਆਪਣੇ ਉਜਲੇ ਭਵਿੱਖ ਤੋਂ ਪਰ੍ਹੇ ਰੱਖਿਆ ਜਾਂਦਾ ਹੈ, ਪਰ ਹੁਣ ਲੋਕਾਂ ਦੇ ਕੰਨਾਂ ਵਿਚ ਚੇਤਨਾ ਘਰ ਕਰ ਗਈ ਹੈ। ਉਹ ਸਮਝਦੇ ਹਨ ਕਿ ਕੱਲ੍ਹ ਪਾਕਿਸਤਾਨ ਦੇ ਉਲਟ ਬੋਲਿਆ ਗਿਆ ਰਿਕਾਰਡ ਕਿਵੇਂ ਅੱਜ ਪਾਕਿਸਤਾਨ ਦੇ ਹੱਕ ਵਿਚ ਵੱਜ ਰਿਹਾ ਹੈ। ਇਹ ਪਾਕਿਸਤਾਨ ਦਾ ਮਜ਼ਦੂਰ ਵੀ ਜਾਣਦਾ ਹੈ।”
(ਚਲਦਾ)

Be the first to comment

Leave a Reply

Your email address will not be published.