ਮਾਈ ਮੋਹਣੋ ਨਾਲ ਸੰਗੀਤਕ ਰੰਗ-ਮੰਚ

ਐਸ਼ ਅਸ਼ੋਕ ਭੌਰਾ
ਰੱਬ ਕਰ ਕੇ ਇੱਦਾਂ ਦੇ ਹਾਲਾਤ ਨਾ ਬਣਨæææ ਜਿਨ੍ਹਾਂ ਦੇ ਇੱਦਾਂ ਦੇ ਹਾਲਾਤ ਬਣੇ ਹੋਏ ਹਨ, ਉਨ੍ਹਾਂ ਕੋਲ ਬਿੰਦ ਕੁ ਬਹਿ ਕੇ ਤਾਂ ਵੇਖੋ, ਕਹਿੰਦੇ ਕੀ ਹਨ? ਇਨ੍ਹਾਂ ਹਾਲਾਤ ਦਾ ਭੇਤ ਇਹ ਹੈ ਕਿ ਜਦੋਂ ਮੌਤ ਦਾ ਪਲੜਾ ਭਾਰੀ ਹੋ ਜਾਵੇ, ਜ਼ਿੰਦਗੀ ਤੋਂ ਡਰ ਆਉਣ ਲੱਗ ਪਵੇ, ਤਾਂ ਚੰਗਾ-ਭਲਾ ਬੰਦਾ ਵੀ ਇਹ ਕਹਿਣ ਲੱਗ ਪੈਂਦਾ ਹੈ, ‘ਡਾਢਿਆ! ਚੁੱਕ ਲੈ ਹੁਣ’, ਜਾਂ ਘਰਦੇ ਵੀ ਹੱਥ ਜੋੜਦੇ ਹਨ, ‘ਹੁਣ ਪਰਦੇ ਢਕਦੇ ਇਹਦੇ।’ ਇਸੇ ਕਰ ਕੇ ਦੁਨੀਆਂ ਦੀ ਬਹੁ-ਗਿਣਤੀ ਚਾਹੁੰਦੀ ਹੈ, ‘ਹੇ ਰੱਬਾ! ਜਾਨ ਕੱਢਣ ਤੋਂ ਤਾਂ ਤੂੰ ਹਟਣਾ ਨਹੀਂ, ਚੰਗਾ ਹੈ ਕਿ ਇਹ ਸੁੱਤਿਆਂ ਪਿਆਂ ਦੀ ਹੀ ਕੱਢ ਲੈ।’ ਪੰਜਾਬੀ ਗਾਇਨ ਵਿਚ ਜੱਗ ਮੋਹਣ ਵਾਲੀ ਜਗਮੋਹਣ ਕੌਰ ਦੀਆਂ ਆਖਰੀ ਘੜੀਆਂ ਉਨੀਆਂ ਹੀ ਔਖੀਆਂ ਲੰਘੀਆਂ, ਜਿੰਨੀ ਜ਼ਿੰਦਗੀ ਭਰ ਉਹਨੇ ਸੁਖਾਲਾ ਵਕਤ ਤੇ ਸ਼ੋਹਰਤ ਦਾ ਸਿਖ਼ਰ ਵੇਖਿਆ। ਡਾਕਟਰਾਂ ਦੀਆਂ ਦੁਹਾਈਆਂ ਸਾਰੇ ਸੁਣ ਰਹੇ ਹਨ ਕਿ ਸ਼ੂਗਰ ਦੀ ਬਿਮਾਰੀ ਸਰੀਰ ਨਿਗਲ ਲੈਂਦੀ ਹੈ ਤੇ ਜਿਹੜਾ ਅੱਜ ਦੇ ਯੁੱਗ ਵਿਚ ਇਸ ਅਲਾਮਤ ਤੋਂ ਬਚਿਆ ਹੋਇਆ, ਸਮਝੋ ਡਾਢਾ ਉਹਦੇ ‘ਤੇ ਪੂਰਾ ਦਿਆਲ ਹੈ, ਪਰ ਦੁੱਖ ਰਹੇਗਾ ਕਿ ਇਸ ਸ਼ੂਗਰ ਨੇ ਮਰਦਾਂ ਵਰਗੀ ਜਗਮੋਹਣ ਕੌਰ ਸੱਚੀਂ ਸਾਰੀ ਦੀ ਸਾਰੀ ਖਾ ਲਈ। ਇਸ ਤੋਂ ਵੱਡਾ ਉਲਾਂਭਾ, ਕਿ ਸਾਹ ਬੜਾ ਔਖਾ ਨਿਕਲਿਆ ਤੇ ਚੰਡੀਗੜ੍ਹ ਜਦੋਂ ਉਹਦੀ ਮੌਤ ਨੂੰ ਡਾਕਟਰਾਂ ਨੇ ਤਸਦੀਕ ਕੀਤਾ, ਤਾਂ ਸ਼ਬਦ ਇਹ ਸਨ- ‘ਮਾਈ ਮੋਹਣੋ ਨੋ ਮੋਰ।’
ਸਿਆਣੇ ਕਹਿੰਦੇ ਨੇ ਕਿ ਮਰਨ ਵੇਲੇ ਜਦੋਂ ਜਮਦੂਤ ਸਿਰਹਾਣੇ ਆ ਖੜ੍ਹੇ ਹੋਣ ਤਾਂ ਝੂਠ ਸ਼ਾਇਦ ਕੋਈ ਵੀ ਨਾ ਬੋਲਦਾ ਹੋਵੇ। ਜਗਮੋਹਣ ਕੌਰ ਮਰਨ ਤੋਂ ਦੋ ਕੁ ਦਿਨ ਪਹਿਲਾਂ ਚੁੱਪ ਹੋ ਗਈ ਸੀ, ਤੇ ਚੁੱਪ ਹੋਣ ਤੋਂ ਪਹਿਲਾਂ ਸ਼ਾਇਦ ਅਸਪਸ਼ਟ ਸ਼ਬਦਾਂ ਵਿਚ ਉਹ ਇਹ ਕਹਿ ਗਈ ਸੀ- ‘ਰੱਬ ਨੇ ਭੁਲੇਖੇ ਨਾਲ ਉਸ ਨੂੰ ਔਰਤ ਬਣਾ ਦਿੱਤਾ ਹੋਵੇਗਾ, ਕਿਉਂਕਿ ਉਸ ਨੇ ਸਾਰੀ ਉਮਰ ਮਰਦਾਂ ਵਾਂਗ ਕੱਟੀ ਹੈ।’ ਇਸੇ ਕਾਰਨ ਕੇæ ਦੀਪ ਕਹਿੰਦਾ ਰਿਹਾ ਕਿ ਦੁਨੀਆਂ ਲਈ ਭਾਵੇਂ ਅਸੀਂ ਮੀਆਂ-ਬੀਵੀ ਹੋਈਏ, ਪਰ ਅਸੀਂ ਇਕੋ ਘਰ ਵਿਚ ਦੋ ਮਰਦ ਉਮਰ ਭਰ ਇਕੱਠੇ ਰਹੇ ਹਾਂ, ਤੇ ਹੁੰਦਾ ਕਈ ਵਾਰ ਇਹ ਵੀ ਰਿਹਾ ਹੈ ਕਿ ਉਹ ਪਤੀ, ਮੈਂ ਪਤਨੀ ਬਣਦਾ ਰਿਹਾ। ਹਾਲੇ ਵੀ ਕਿਤੇ ਘੁੱਟ ਦੇ ਸਰੂਰ ਵਿਚ ਦੇਖਿਓæææਉਹ ਰੋਂਦਾ ਹੋਇਆ ਅੱਖਾਂ ਪੂੰਝ ਕੇ ਕਹੇਗਾ, ‘ਮੇਰੀ ਪਤਨੀ ਨਹੀਂ, ਮੇਰੀ ਮਾਈ ਮੋਹਣੋ ਚਲੇ ਗਈ ਹੈ।’ ਊਂ ਉਹ ਲੱਖ ਪਰਦੇ ਰੱਖੇ, ਪਰ ਸੱਚ ਇਹ ਹੈ ਕਿ ਹੁਣ ਕੇæ ਦੀਪ ਜੀਅ ਨਹੀਂ ਰਿਹਾ, ਦਿਨ ਕਟੀ ਕਰ ਰਿਹਾ ਹੈ, ਤੇ ਕਈ ਵਾਰ ਉਹਨੂੰ ਪੀ ਕੇ ਸਾਰੇ ਦੇ ਸਾਰੇ ਨੂੰ ਇਸ ਹੱਦ ਤੱਕ ਉਖੜਿਆ ਵੇਖਿਆ ਹੈ ਕਿ ਉਹਨੂੰ ਯਾਦ ਹੀ ਨਹੀਂ ਰਹਿੰਦਾ ਕਿ ਉਹ ਕਿੱਥੇ ਬੈਠਾ ਹੈ, ਤੇ ਉਹ ਮੂੰਹੋਂ ਗਾਲ੍ਹਾਂ ਵੀ ਉਗਲ ਦਿੰਦਾ ਹੈ।
ਮੈਂ ਆਪਣੇ ਸਮਕਾਲੀ ਸਮੇਂ ਵਿਚ ਜਿਸ ਗਾਇਕਾ ਨਾਲ ਸਭ ਤੋਂ ਘੱਟ ਵਿਚਰਿਆ ਹਾਂ, ਉਹ ਜਗਮੋਹਣ ਕੌਰ ਹੀ ਹੈ; ਪਰ ਜਿਸ ਰੰਗ ਨਾਲ ਵਿਚਰਿਆ ਹਾਂ, ਉਹ ਗਾਇਨ ਦਾ ਪੂਰਾ ਇਤਿਹਾਸ ਹੈ। ਘੱਟ ਵਿਚਰਨ ਦਾ ਬਹੁਤਾ ਕਾਰਨ ਇਹ ਵੀ ਸੀ ਕਿ ਉਹ ਉਨ੍ਹਾਂ ਗਾਇਕਾਵਾਂ ਵਿਚੋਂ ਸੀ, ਜਿਨ੍ਹਾਂ ਨੂੰ ਮੀਡੀਆ ਨਾਲ ਲਗਾਓ ਤਾਂ ਸੀ, ਪਰ ਲੋੜ ਘੱਟ ਸੀ। ਉਹ ਅਖ਼ਬਾਰਾਂ ਦੀ ਚਕਾਚੌਂਧ ਦੁਨੀਆਂ ਤੋਂ ਪਰ੍ਹੇ ਰਹਿਣਾ ਚਾਹੁੰਦੀ ਸੀ। 1988 ਦੇ ਕਰੀਬ ਜਦੋਂ ਮੈਂ ਉਹਨੂੰ ਜਸਵੰਤ ਸੰਦੀਲੇ ਨਾਲ ਪਹਿਲੀ ਵਾਰ ਮਿਲਿਆ ਤਾਂ ਮੇਲ-ਮਿਲਾਪ ਦਾ ਕੇਂਦਰ ਨਰਿੰਦਰ ਬੀਬਾ ਦਾ ਘਰ ਸੀ, ਲੁਧਿਆਣੇ ਦੇ ਬੱਸ ਅੱਡੇ ਪਿੱਛੇ ਪੈਂਦੀ ਪੀਲੀ ਕੋਠੀ; ਤੇ ਮੁਹੱਬਤ ਦਾ ਪਹਿਲਾ ਗਾਨਾ ਜਿਹੜਾ ਉਹਨੇ ਬੰਨ੍ਹਿਆ, ਉਹਦੇ ਸ਼ਬਦ ਸੁਣੋ, ‘ਲਿਖਦਾ ਗਾਇਕਾਂ ਬਾਰੇ ਤੂੰ ਵੀ ਚੰਗਾ ਏਂ ਤੇ ਸ਼ਮਸ਼ੇਰ ਸੰਧੂ ਵੀ, ਪਰ ਉਹ ਬਿੱਲਾ ਸੁਨੱਖਾ ਬੜੈ। ਮਿਲਦਾ ਤਾਂ ਜਾਨ ਕੱਢ ਲੈਂਦਾ, ਤੇ ਮੈਨੂੰ ਲਗਦੈæææਤੇਰੇ ਤਾਂ ਸਵੈਟਰ ਦੀ ਬੁਣਤੀ ਵੀ ਉਧੜੀ ਰਹਿੰਦੀ ਹੋਣੀ ਹੈ। ਤੇ ਚੱਲ ਆ, ਊਂ ਗਲੇ ਮਿਲ ਘੁੱਟ ਕੇ।’ ਤੇ ਨਾਲ ਹੀ ਨਰਿੰਦਰ ਬੀਬਾ ਹੱਸ ਪਈ ਜਦੋਂ ਉਹ ਬੋਲੀ, ‘ਤੇਰੇ ਲੱਕ ਜਿੱਡਾ ਤਾਂ ਮਾਈ ਮੋਹਣੋ ਦਾ ਪੱਟ ਹੋਊ। ਖਾਇਆ ਪੀਆ ਕਰ, ਛਲਾਰੂ ਜਿਹਾ ਲਗਦੈਂ।’ ਸੱਚੀਂæææਜੁਰਅਤ ਨਾਲ ਬੰਦਿਆਂ ਵਾਂਗ ਬੰਦਿਆਂ ਨੂੰ ਕੌੜਾ-ਫਿੱਕਾ ਸਾਹਮਣੇ ਬੋਲਣ ਦੀ ਆਦਤ ਹੋਰ ਮੈਂ ਵੀ ਤੀਹਾਂ ਸਾਲਾਂ ਵਿਚ ਕਿਸੇ ਗਾਇਕ ਅੰਦਰ ਨਹੀਂ ਦੇਖੀ, ਤੇ ਬਹੁਤੇ ਤਾਂ ਅਖਬਾਰਾਂ ਵਾਲਿਆਂ ਦੀ ਚਾਪਲੂਸੀ ਹੀ ਕਰਦੇ ਰਹੇ ਨੇ।
ਵਕਤ ਦੇ ਹਿਸਾਬ ਨਾਲ ਜਦੋਂ ਇੰਨਾ ਗਿਆਨ ਨਹੀਂ ਸੀ ਤਾਂ ‘ਪੋਸਤੀ ਲੰਡਨ ਵਿਚ’, ‘ਪੋਸਤੀ ਕੈਨੇਡਾ ਵਿਚ’, ‘ਪੋਸਤੀ ਮੇਮਾਂ ਵਿਚ’ ਵਰਗੇ ਐਲ਼ਪੀæ ਰਿਕਾਰਡ ਸੁਣ ਕੇ ਮੈਂ ਵੀ ਸੋਚਦਾ ਹੁੰਦਾ ਸਾਂ ਕਿ ਸ਼ਾਇਦ ਇਹ ਸਭ ਕੁਝ ਜਹਾਜ਼ ਵਿਚ ਜਾਂ ਗੋਰੀਆਂ ਮੇਮਾਂ ਦਰਮਿਆਨ ਰਿਕਾਰਡ ਕੀਤਾ ਹੋਵੇਗਾ, ਪਰ ਹੁੰਦਾ ਇਹ ਸਭ ਦਿੱਲੀ ਦੇ ਐਚæਐਮæਵੀæ ਸਟੂਡੀਓ ਦਾ ਸੀ। ਇਨ੍ਹਾਂ ਨੂੰ ਰਿਕਾਰਡ ਕਰਨ ਵਾਲਾ ਇੰਜੀਨੀਅਰ ਦਾਦਾ ਪੂਰਾ ਬੁੱਢਾ ਹੈ ਗਿਐ, ਪਰ ਦਿੱਲੀ ਰਹਿੰਦੈ, ਤੇ ਹਾਲੇ ਠੀਕ-ਠਾਕ ਹੈ। ਚਰਨਜੀਤ ਆਹੂਜਾ ਤੋਂ ਪਤਾ ਲੈ ਕੇ ਮਿਲ ਕੇ ਵੇਖਿਓæææਜਗਮੋਹਣ ਕੌਰ ਤੇ ਕੇæ ਦੀਪ ਦੀਆਂ ਉਹ ਕਹਾਣੀਆਂ ਸੁਣਾਏਗਾ ਕਿ ਪੰਜਾਬੀ ਗਾਇਨ ਦੇ ਇਕ ਯੁੱਗ ਦਾ ਪੂਰਾ ਸੁਆਦ ਆਊਗਾ। ਐਚæਐਮæਵੀæ ਦਾ ਧੜੱਲੇਦਾਰ ਤੇ ਕੁਰੱਖਤ ਮੈਨੇਜਰ ਜ਼ਹੀਰ ਅਹਿਮਦ ਹੁਣ ਭਾਵੇਂ ਨਹੀਂ ਰਿਹਾ, ਪਰ ਉਹਦੀ ਇਸ ਜੋੜੀ ਨਾਲ, ਜਾਂ ਮਾਈ ਮੋਹਣੋ ਨਾਲ ਇੰਨੀ ਨੇੜਤਾ ਕਿਉਂ ਸੀ, ਇਹਦੇ ਬਾਰੇ ਤਾਂ ਕੋਈ ਭੇਤ ਨਹੀਂ, ਪਰ ਹਕੀਕਤ ਇਹ ਹੈ ਕਿ ਜਗਮੋਹਣ ਦੀ ਚਲਦੀ ਬਹੁਤ ਸੀ। ਜੀਹਨੂੰ ਉਹ ਚਾਹੇ, ਰਿਕਾਰਡ ਕਰਾਵੇ; ਤੇ ਜੀਹਨੂੰ ਨਾ ਚਾਹਵੇ ਤਾਂ ਮਜਾਲ ਹੈ ਕਿ ਦਫ਼ਤਰ ਦੇ ਨੇੜੇ ਵੀ ਫਟਕੇ। ਉਹ ਆਪ ਦੱਸਦੀ ਹੁੰਦੀ ਸੀ ਕਿ ਥਰੀਕਿਆਂ ਵਾਲੇ ਦੇਵ ਦੇ ਕਹਿਣ ‘ਤੇ ਕੁਲਦੀਪ ਮਾਣਕ ਨੂੰ ‘ਨਾਲੇ ਬਾਬਾ ਲੱਸੀ ਪੀ ਗਿਆ’ ਵਾਲੇ ਗੀਤ ਨਾਲ ਉਸ ਨੇ ਰਿਕਾਰਡ ਕਰਵਾਇਆ ਸੀ, ਤੇ ਲੋਕ ਗਾਥਾਵਾਂ ਵੀ ਉਸੇ ਨੇ। ਖ਼ੈਰ! ਇਹਦੇ ਬਾਰੇ ਤਾਂ ਮੈਨੂੰ ਪਤਾ ਨਹੀਂ, ਪਰ ਇਕ ਵਾਰ ਦੋਹਾਂ ਨੇ ਜ਼ਹੀਰ ਕੋਲ ਮੇਰੇ ਪੈਰ ਨਹੀਂ ਸਨ ਲੱਗਣ ਦਿੱਤੇ, ਹਾਲਾਂ ਕਿ ਮੈਂ ਕਿਹੜਾ ਗੀਤ ਭਰਵਾਉਣੇ ਸਨ।
ਹੋਇਆ ਇੱਦਾਂ ਕਿ ਮੁਹੰਮਦ ਸਦੀਕ ਤੇ ਰਣਜੀਤ ਕੌਰ ਦਾ ਦੂਜਾ ਅਖਾੜਾ, ਵੱਡੇ ਤਵੇ ਦੇ ਰੂਪ ਵਿਚ ਆ ਗਿਆ ਜੀਹਦੇ ਵਿਚ ‘ਕਲਕੱਤਿਓਂ ਪੱਖੀ ਮੰਗਾ ਦੇ’ ਅਤੇ ‘ਨੀ ਘਰੇ ਸ਼ਰੀਕ ਜੰਮ ਪਿਆ, ਬਿੱਲੋ ਹੁਣ ਕੀ ਲਾਜ ਬਣਾਈਏ’ ਵਾਲੇ ਗੀਤ ਸਨ। ਬਾਬੂ ਸਿੰਘ ਮਾਨ ਨੂੰ ਲੋਕਾਂ ਨੇ ਪਹਿਲੀ ਵਾਰ ਬੋਲਦਿਆਂ ਸੁਣਿਆ ਸੀ। ਨਿਆਣਬੁੱਧੀ ਕਰ ਕੇ ਮੈਨੂੰ ਲਗਦਾ ਸੀ ਕਿ ਸ਼ਾਇਦ ਇਹ ਸਟੇਜ ਦੀ ਰਿਕਾਰਡਿੰਗ ਹੈ ਪਰ ਚੀਕਾਂ, ਰੌਲਾ, ਤਾਲੀਆਂ ਸਭ ਦਾਦੇ ਇੰਜੀਨੀਅਰ ਦੀਆਂ ਮਸ਼ੀਨਾਂ ਹੀ ਪਾ ਰਹੀਆਂ ਸਨ। ਮੈਨੂੰ ਕੁਲਦੀਪ ਮਾਣਕ ਤੋਂ ਪਤਾ ਲੱਗਾ ਕਿ ਉਹਦੀ ਇਕ ਰਚਨਾ ‘ਚੱਲ ਸੱਥ ਵਿਚ ਚੱਲ ਵਿਖਾਵਾਂ ਨੀ ਤੇਰਾ ਵੱਢਿਆ ਯਾਰ ਪਿਆ’, ਐਚæਐਮæਵੀæ ਨਾਈਟ ਵਿਚ ਆ ਰਹੀ ਹੈ ਤੇ ਇਸ ਨਾਈਟ ਵਾਲੇ ਐਲ਼ਪੀæ ਲਈ ਸਟੇਜ ਸੈਕਟਰੀ ਬਣਾਉਣਾ ਕਿਸੇ ਨੂੰ। ਹੁਣ ਇਹ ਭੇਤ ਵੀ ਖੋਲ੍ਹ ਦਿਆਂ ਕਿ ਅਨਜਾਣਪੁਣੇ ਵਿਚ ਜਿਵੇਂ ਮੈਂ 1984 ਵਿਚ ਭਾਜੀ ਬਰਜਿੰਦਰ ਸਿੰਘ ਤੋਂ ਬਾਅਦ ‘ਪੰਜਾਬੀ ਟ੍ਰਿਬਿਊਨ’ ਦੀ ਐਡੀਟਰੀ ਲਈ ਵੀ ਬੇਨਤੀ ਪੱਤਰ ਭੇਜ ਦਿੱਤਾ ਸੀ, ਇਵੇਂ ਨਵਾਂ ਸ਼ਹਿਰ ਤੋਂ ਦਿੱਲੀ ਦਾ ਗਿਆਰਾਂ ਰੁਪਏ ਅੱਸੀ ਪੈਸੇ ਦਾ ਕਿਰਾਇਆ ਲਾ ਕੇ ਮੈਂ ਐਚæਐਮæਵੀæ ਦੇ ਦਫ਼ਤਰ ਚਲੇ ਗਿਆ। ਜ਼ਹੀਰ ਉਦੋਂ ਮਾੜਾ-ਮੋਟਾ ਹੀ ਜਾਣਦਾ ਸੀ। ਉਹ ਪੁੱਛਣ ਲੱਗਾ, ‘ਕੈਸੇ ਆਏ ਹੋ?’ ਮੈਨੂੰ ਨਹੀਂ ਪਤਾ ਸੀ ਕਿ ਕੇæ ਦੀਪ ਤੇ ਜਗਮੋਹਣ ਕੌਰ ਵੀ ਦਫ਼ਤਰ ਹੀ ਹਨ, ਤੇ ਜਦੋਂ ਮੈਂ ਐਚæਐਮæਵੀæ ਨਾਈਟ ਸੰਚਾਲਨ ਦੀ ਗੱਲ ਆਖੀ, ਤਾਂ ਉਹ ਗੁੱਸੇ ਵਿਚ ਲਾਲ ਹੋ ਕੇ ਬੋਲਿਆ, ‘ਯਹ ਦਫ਼ਤਰ ਕਾ ਭੇਤ ਕਿਸ ਨੇ ਬਤਾਇਆ ਆਪ ਕੋ?’ ਮੈਂ ਕਿਹਾ, ‘ਜੀ ਕੁਲਦੀਪ ਮਾਣਕ ਨੇ।’ ਜਦ ਨੂੰ ਅੰਦਰੋਂ ਜਗਮੋਹਣ ਨਿਕਲ ਆਈ। ਉਹਦੇ ਹਾਸੇ ਨਾਲ ਜ਼ਹੀਰ ਵੀ ਹੱਸ ਪਿਆ, ਜਦੋਂ ਉਹ ਕਹਿਣ ਲੱਗੀ, ‘ਨਹਾ ਕੇ ਆਇਆਂ?’ ਮੇਰੇ ‘ਹਾਂ’ ਕਹਿਣ ‘ਤੇ ਟਿੱਚਰ ਵਿਚ ਜਿਹੜੀ ਕੁਪੱਤ ਹੋਈ, ਉਹਦੀ ਇਕ ਸਤਰ ਸੁਣੋ, ‘ਕਾਕਾ ਤੈਨੂੰ ਤਾਂ ਹਾਲੇ ਦਾਈ ਨੇ ਵੀ ਨਹੀਂ ਨਹਾਇਆ, ਜਿੱਦਣ ਆਪ ਨਹਾ ਕੇ ਆਇਆ, ਗੱਲ ਕਰੀਂ। ਘਰ ਦੇ ਕੋਠੇ ‘ਤੇ ਚੜ੍ਹ ਕੇ ਤਾਜ ਮਹੱਲ ਦੀ ਤਸਵੀਰ ਨਹੀਂ ਖਿੱਚ ਹੁੰਦੀ।’ ਉਦੋਂ ਇਹ ਦੋਵੇਂ ਮੈਨੂੰ ਜਾਣਦੇ ਤਾਂ ਨਹੀਂ ਸਨ, ਪਰ ਮਗਰੋਂ ਸਟੇਜਾਂ ਤੋਂ, ਦੂਰਦਰਸ਼ਨ ਤੇ ਰੇਡੀਓ ਤੋਂ ਬੋਲਣ ਦਾ ਮੌਕਾ ਮੈਨੂੰ ਜਗਮੋਹਣ ਦੇ ਇਸ ਤਾਅਨੇ ਨੇ ਲੈ ਕੇ ਦਿੱਤਾ।
ਵਿਗਿਆਨ ਜਿੰਨਾ ਮਰਜ਼ੀ ਰੌਲਾ ਪਾਈ ਜਾਵੇ, ਪਰ ਬੁੱਧੀਜੀਵੀ ਲੋਕ ਇਹ ਕਹਿੰਦੇ ਹਨ ਕਿ ਜੇ ਕਲਾ ਦਾ ਵਿਕਾਸ ਨਾ ਹੋਇਆ ਤਾਂ ਮਨੁੱਖ ਦਾ ਵਿਕਾਸ ਰੁਕ ਜਾਵੇਗਾ। ਅੱਠਾਂ ਸਾਲਾਂ ਦੇ ਵਕਫੇ ਵਿਚ ਅਜਿਹਾ ਸਮਾਂ ਆਇਆ ਕਿ ਜਗਮੋਹਣ ਨਾਲ ਮੇਰੀ ਨੇੜਤਾ ਗੂੜ੍ਹੇ ਮਿੱਤਰਾਂ ਵਾਂਗ ਹੋ ਗਈ। ਉਹ ਘਰ ਵੀ ਆ ਜਾਂਦੀ। ਜਿਸ ਸਮਾਗਮ ‘ਤੇ ਮੈਂ ਕਹਿੰਦਾ, ਚਾਈਂ-ਚਾਈਂ ਪੁੱਜਦੀ, ਪਰ ਉਹ ਆਖਦੀ ਹੁੰਦੀ ਸੀ ਕਿ ਨੱਚਣ ਤਾਂ ਸਾਰੇ ਲੱਗ ਪਏ ਹਨ, ਪਰ ਤਾਲ ਨਹੀਂ ਹੈ; ਗਾਉਣ ਬੜੇ ਲੋਕ ਲੱਗ ਪਏ ਨੇ, ਪਰ ਗਾਇਨ ਮਰ ਰਿਹਾ ਹੈ। ਭਾਵੁਕ ਹੋ ਕੇ ਉਹ ਕਈ ਵਾਰ ਆਪ ਹੀ ਮੂੰਹੋਂ ਕਹਿ ਦਿੰਦੀ ਸੀ, ‘ਜਗਮੋਹਣ ਕੌਰ ਹੁਣ ਕਦੇ ਵੀ ਹੋਰ ਪੈਦਾ ਨਹੀਂ ਹੋਵੇਗੀ।’ ਉਹ ਆਪਣੇ ਗੀਤਾਂ ‘ਘੁੰਡ ਵਿਚ ਨਹੀਂ ਲੁਕਦੇ ਸੱਜਣਾਂ ਨੈਣ ਕੁਆਰੇ’, ‘ਘੜਾ ਵੱਜਦਾ ਘੜੋਲੀ ਵੱਜਦੀ’, ‘ਸ਼ਾਹਾਂ ਦਾ ਕਰਜ਼ ਬੁਰਾ’, ‘ਨੀ ਨਣਦੇ ਪੁਆੜੇ ਹੱਥੀਏ’, ‘ਚੰਨਾਂ ‘ਚੋਂ ਚੰਨ ਗੁਜਰੀ ਦਾ ਚੰਨ’, ‘ਮੇਲੇ ਆਈਆ ਦੋ ਜੱਟੀਆਂ’ ਦੀ ਗੱਲ ਕਰਦਿਆਂ ਠੋਕ ਕੇ ਕਹਿ ਦਿੰਦੀ ਸੀ, ‘ਕਿਹੜੀ ਮਾਂ ਦੀ ਧੀ ਗਾਵੇਗੀ ਇੱਦਾਂ ਦੇ ਗੀਤ।’ ਵਕਤ ਵਿਹਾਅ ਕੇ ਹੁਣ ਚੇਤਾ ਆਉਂਦਾ ਹੈ ਕਿ ਪੰਜਾਬੀ, ਗਾਇਨ ਦੀ ਕਿਸ ਪੂਜਾ ਦੇ ਪਿੱਛੇ ਪੈ ਗਏ ਹਨ ਤੇ ਸਮਾਜ ਦੀ ‘ਔਰਤ ਨੂੰ ਜੁੱਤੀ ਸਮਝਣ ਦੀ ਧਾਰਨਾ’ ਨੂੰ ਪ੍ਰੋæ ਮੋਹਨ ਸਿੰਘ ਨੇ ‘ਮਾਂ ਵਰਗਾ ਘਣਛਾਂਵਾਂ ਬੂਟਾ’ ਕਿਹਾ ਸੀ, ਉਸ ਨੂੰ ਅੱਜ ਦੇ ਗਵੱਈਏ ਫਿਰ ਆਪਣੇ ਬੂਟਾਂ ਨਾਲ ਤੋਲਣਗੇ। ਗੱਲ ਕਹਿਣ ਦਾ ਤਰਕ ਵੇਖੋ ਕਿ ਇਕ ਵਾਰ ਜਗਮੋਹਣ ਤੇ ਕੇæ ਦੀਪ ਦੇ ਦੋਗਾਣੇ ‘ਮੇਰਾ ਬੜਾ ਕਰਾਰਾ ਪੂਦਨਾ’ ਬਾਰੇ ਪਟਿਆਲੇ ਦੇ ਕਿਸੇ ਬੁੱਧੀਜੀਵੀ ਨੇ ਤਿੱਖੀ ਟੀਕਾ-ਟਿੱਪਣੀ ਕਰ ਦਿੱਤੀ। ਕੁਝ ਦਿਨਾਂ ਬਾਅਦ ਉਹਦਾ ਨਾਭੇ ਪ੍ਰੋਗਰਾਮ ਸੀ। ਉਹੀ ਬੁੱਧੀਜੀਵੀ ਸਾਹਮਣੇ ਬੈਠਾ ਉਹਨੇ ਦੇਖ ਲਿਆ। ਉਹਨੂੰ ਭਰੇ ਇਕੱਠ ਵਿਚ ਕਹਿਣ ਲੱਗੀ, ‘ਜ਼ਰਾ ਖੜ੍ਹਾ ਹੋ ਕੇ ਦਰਸ਼ਨ ਦੇਈਂæææਲਓ ਆਹ ਭੱਦਰ ਪੁਰਸ਼æææਅਖੇ, ਜਗਮੋਹਣ ਨੇ ਕਰਾਰੇ ਪੂਦਨੇ ‘ਚ ਗਾਲ੍ਹਾਂ ਕੱਢੀਆਂæææਪਰ ਇਹਨੂੰ ਕੀ ਪਤਾ ਕਿ ਛੰਦ ਤੇ ਸਿੱਠਣੀਆਂ ਕੀ ਹੁੰਦੇ ਨੇ, ਕਿਉਂਕਿ ਇਹਦਾ ਵਿਆਹ ਤਾਂ ਹੋਇਆ ਨ੍ਹੀਂ; ਤੀਵੀਂ ਭਜਾ ਕੇ ਲਿਆਇਐ।’ ਤੇ ਉਹ ਵਿਚਾਰਾ ਬਾਕੀ ਦਾ ਪ੍ਰੋਗਰਾਮ ਬਿਨਾਂ ਸੁਣੇ ਹੀ ਉਠ ਕੇ ਚਲਾ ਗਿਆ। ਹਾਂ! ਇੰਨਾ ਜ਼ਰੂਰ ਹੈ ਕਿ ਨੂਰਪੁਰ ਬੇਦੀ ਇਕ ਪ੍ਰੋਗਰਾਮ ‘ਤੇ ਉਹ ਦੋਵੇਂ ਜਣੇ ਜਦੋਂ ਇਹੋ ਗੀਤ ਗਾਉਣ ਲੱਗੇ ਤਾਂ ਗੁੱਸੇ-ਰਾਜ਼ੀ ਹੋਣ ਕਰ ਕੇ ਕੇæ ਦੀਪ ਆਪਣਾ ਅੰਤਰਾ ਜਦੋਂ ਗਾਉਣ ਲਈ ਨਾ ਆਇਆ, ਤਾਂ ਕਾਲਰ ਤੋਂ ਫੜ ਕੇ ਬੋਲੀ, ‘ਭੈæææ ਕੰਜ਼ææ ਗਾ ਹੁਣ। ਹੁਣ ਕੱਢੂੰ ਗਾਲ੍ਹਾਂ।’
1993 ਵਿਚ ਪਤਾ ਨਹੀਂ ਜੱਸੋਵਾਲ ਨੂੰ ਕੀ ਹੋਇਆ, ਪ੍ਰੋæ ਮੋਹਨ ਸਿੰਘ ਮੇਲਾ ਉਹ ਪੰਜਾਬੀ ਭਵਨ ਤੋਂ ਕੱਢ ਕੇ ਪੱਖੋਵਾਲ ਰੋਡ ‘ਤੇ ਨਹਿਰ ਕਿਨਾਰੇ ਲੈ ਗਿਆ। ਮੇਲੇ ਦੀ ਹਾਲਤ ਪਤਲੀ ਹੋਣ ਪਿੱਛੇ ਜੱਸੋਵਾਲ ਇਸ ਗਲਤੀ ਨੂੰ ਤਾਂ ਸਵੀਕਾਰਦਾ ਹੈ, ਪਰ ਇਸ ਪਹਿਲੇ ਬਾਹਰ ਲੱਗਣ ਵਾਲੇ ਘਟਨਾਕ੍ਰਮ ਦੀ ਯਾਦ ਸ਼ਾਇਦ ਮੈਨੂੰ ਕਦੇ ਵੀ ਨਾ ਭੁੱਲੇ। ਇਸ ਸਾਲ ਉਹਦਾ ਸਨਮਾਨ ਰੱਖਿਆ ਗਿਆ ਸੀ, ਤਾਂ ਕੇæ ਦੀਪ ਨਾਲ ਕੁਝ ਖਿੱਚੋਤਾਣ ਸੀ। ਪਹਿਲੇ ਦਿਨ 19 ਅਕਤੂਬਰ ਨੂੰ ਉਹ ਮੈਨੂੰ ਹਰਭਜਨ ਮਾਨ ਨਾਲ ਸਟੇਜ ਦੇ ਪਿੱਛੇ ਮਿਲੀ। ਪੁੱਛਣ ਲੱਗੀ, ‘ਅਸ਼ੋਕ, ਸ਼ਾਮ ਦਾ ਕੀ ਪ੍ਰੋਗਰਾਮ ਹੈ?’ ਮੈਂ ਕਿਹਾ, ‘ਹਰਭਜਨ ਬਾਜਵੇ ਹੋਰਾਂ ਨਾਲ ਐਗਰੀਕਲਚਰ ਯੂਨੀਵਰਸਿਟੀ ਦੇ ਗੈਸਟ ਹਾਊਸ ‘ਚ ਠਹਿਰਾਂਗੇ।’ ਗੱਲ ਅੱਗੇ ਤੋਰਦਿਆਂ ਕਹਿਣ ਲੱਗੀ, ‘ਅੱਗ ਲਾ ਬਾਜਵੇ ਨੂੰ, ਉਹਨੇ ਕੈਮਰਾ ਚੁੱਕੀ ਫਿਰਨਾ ਫੋਟੋ ਖਿੱਚਣ ਨੂੰ। ਨਾ ਘੁੱਟ ਲਾਉਣੀ, ਨਾ ਲਗਦੀ ਦੇਖਣੀ। ਤੂੰ ਆ ਜੀਂ ਘਰ।’ ਮੈਂ ‘ਹਾਂ’ ਕਰ ਦਿੱਤੀ। ਪੱਖੋਵਾਲ ਰੋਡ ‘ਤੇ ਹੀ ਉਹ ਪੰਜਾਬ ਮਾਤਾ ਨਗਰ ‘ਚ ਰਹਿੰਦੀ ਸੀ।
ਅਸੀਂ ਦੋ ਜਣੇ ਅੱਠ ਕੁ ਵਜੇ ਉਹਦੇ ਘਰੇ ਚਲੇ ਗਏ। ਸਾਨੂੰ ਬਾਹਰ ਵਿਹੜੇ ਵਿਚ ਲੱਗੀਆਂ ਕੁਰਸੀਆਂ ‘ਤੇ ਇਕ ਕੁੜੀ ਬਿਠਾ ਗਈ। ਅਸੀਂ ਉਹਦੇ ਹੱਥ ਹੀ ਸੁਨੇਹਾ ਘੱਲ ਦਿੱਤਾ, ‘ਦੱਸ ਦਈਂ, ਬਾਹਰ ਅਸ਼ੋਕ ਹੋਰੀਂ ਦੋ ਜਣੇ ਨੇ।’
ਦੁੱਖ ਇਹ ਲੱਗਾ ਕਿ ਉਹ ਆਪ ਆਈ ਹੀ ਨਾ। ਦੋ ਵਾਰ ਦੋ ਪੈਗ ਬਣ ਕੇ ਆ ਗਏ, ਨਾਲ ਲੂਣ ਵਾਲਾ ਕੱਚਾ ਪਨੀਰ। ਮੈਨੂੰ ਖਿਝ ਆਈ ਕਿ ਜੇ ਬਾਹਰ ਬਿਠਾ ਕੇ ਹੀ ਪੈਗ ਪਿਲਾਉਣੇ ਸਨ, ਤਾਂ ਇਹਤੋਂ ਚੰਗਾ, ਜੱਸੋਵਾਲ ਦੇ ਘਰੇ ਮਹਿਫਿਲ ਲਾ ਲੈਂਦੇ। ਮੈਂ ਅੱਕ ਕੇ ਅੰਦਰ ਚਲਾ ਗਿਆ। ਚਾਰ-ਪੰਜ ਕੁੜੀਆਂ ਸੱਚੀਂ ਫਿਲਮਾਂ ਵਾਂਗ ਮੁਜਰਾ ਕਰ ਰਹੀਆਂ ਸਨ। ਉਹਨੇ ਮੈਨੂੰ ਘੁੱਟ ਕੇ ਜੱਫੀ ਪਾ ਕੇ ਮੱਥਾ ਚੁੰਮ ਲਿਆ। ਭਾਰੇ ਸਰੀਰ ਨਾਲ ਉਹ ਵੀ ਡਾਂਸ ਕਰ ਕੇ ਹਟੀ ਸੀ।
ਮੈਂ ਨਿਹੋਰੇ ਨਾਲ ਪੁੱਛਿਆ, ‘ਸਾਨੂੰ ਬਾਹਰ ਕਾਹਤੋਂ ਬਿਠਾਇਆ ਹੋਇਆ, ਵਿਆਹ ‘ਚ ਨਾਈਆ ਵਾਂਗ?’
‘ਲਗਦਿਆ ਨਾਈਆਂ ਦਿਆ, ਤੇਰੇ ਨਾਲ ਗੰਜਾ ਜਿਹਾ ਬੰਦਾ ਕੌਣ ਐ? ਤੈਨੂੰ ਤਾਂ ‘ਕੱਲੇ ਨੂੰ ਸੱਦਿਆ ਸੀ, ਤੂੰ ਹੋਰ ਨਾਲ ਲੈ ਆਇਆ। ਕੋਈ ਪਰਦਾ ਵੀ ਹੁੰਦੈæææਤੈਨੂੰ ਅੱਜ ਨਾਲ ਨਚਾਉਣਾ ਸੀ। ਗਾਇਕਾਂ ‘ਚ ਰਹਿਣ ਦਾ ਅੱਜ ਸੁਆਦ ਆਉਣਾ ਸੀ।’ ਉਹ ਕਈ ਕੁਝ ਕਹਿ ਗਈ।
‘ਗੱਲ ਕੀ ਆ ਵਿਚੋਂæææਉਹ ਸਾਂਢੂ ਆ ਮੇਰਾ। ਦਿੱਲੀਓਂ ਮੋਹਨ ਸਿੰਘ ਮੇਲਾ ਵੇਖਣ ਆਇਐ।’
ਉਹ ਖਿੜ-ਖਿੜਾ ਕੇ ਹੱਸ ਪਈ, ‘ਸਾਂਢੂæææਤੇਰਾæææਢਾਈ ਫੁੱਟæææਇਹ ਤਾਂ ਉਥੇ ਮੁੱਕ ਜਾਂਦਾ ਜਿਥੋਂ ਆਮ ਬੰਦਾ ਸ਼ੁਰੂ ਹੁੰਦਾæææ।’ ਤੇ ਫਿਰ ਉਹ ਹੱਸਦਿਆਂ ਦੋਹਾਂ ਨੂੰ ਖਿੱਚ ਕੇ ਅੰਦਰ ਲੈ ਗਈ। ਮਰਦਾਂ ਵਰਗੀ ਔਰਤ ਜਗਮੋਹਣ ਕੌਰ ਨਾਲ ਦਾਰੂ ਪੀਣ ਦਾ ਜ਼ਿੰਦਗੀ ਵਿਚ ਇਹ ਪਹਿਲਾ ਮੌਕਾ ਸੀ।
ਮੁਹੱਬਤ ਨੂੰ ਹੋਰ ਗੰਢ ਦਿੰਦਿਆਂ ਅਗਲੀ ਸਵੇਰ ਫਿਰ ਜਦੋਂ ਅਸੀਂ ਦੋਵੇਂ ਜਣੇ ਉਹਦੇ ਘਰੇ ਬ੍ਰੇਕਫਾਸਟ ਕਰਨ ਗਏ ਤਾਂ ਉਹ ਸਾਂਢੂ ਨੂੰ ਪੁੱਛਣ ਲੱਗੀ, ‘ਨਾਂ ਕੀ ਐ?’
‘ਨਰਿੰਦਰ।’
‘ਰਾਤ ਦਾ ਗੁੱਸਾ ਨਾ ਕਰੀਂ, ਹਾਸਾ-ਠੱਠਾ ਕਰਨਾ ਮਾਈ ਮੋਹਣੋ ਦਾ ਸੁਭਾਅ ਐæææ।’ ਫਿਰ ਸਿਰ ‘ਤੇ ਹੱਥ ਫੇਰਦਿਆਂ ਕਿਹਾ, ‘ਗੰਜਾ ਹੋ ਗਿਐਂ ਨਰਿੰਦਰ ਛੇਤੀ। ਖੈਰ, ਊਂ ਹੈ ਸੁਨੱਖਾ।’
ਸਾਡਾ ਗੁੱਸਾ ਮਰ ਗਿਆ।
ਇਕ ਵਜੇ ਉਹਦਾ ਮੇਲੇ ‘ਤੇ ਸਨਮਾਨ ਹੋਣਾ ਸੀ। ਗਵਰਨਰ ਸੁਰਿੰਦਰ ਨਾਥ ਮੁੱਖ ਮਹਿਮਾਨ ਸੀ। ਉਹ ਬਾਰਾਂ ਕੁ ਵਜੇ ਆ ਗਈ। ਦੋ ਸਟੇਜਾਂ ਨਾਲੋ-ਨਾਲ ਸਨ। ਇਕ ਕਲਾਕਾਰਾਂ ਦੀ, ਤੇ ਇਕ ਅਫ਼ਸਰਸ਼ਾਹੀ ਲਈ। ਕਲਾਕਾਰਾਂ ਵਾਲੀ ਸਟੇਜ ਦੇ ਅਸੀਂ ਪਿੱਛੇ ਇਕੱਠੇ ਹੋ ਗਏ। ਪੰਜਾਬ ਦੇ ਹਾਲਾਤ ਭਾਵੇਂ ਕੁਝ ਸੁਖਾਵੇਂ ਹੋ ਗਏ ਸਨ, ਪਰ ਗਵਰਨਰ ਕਰ ਕੇ ਸਕਿਓਰਿਟੀ ਪੂਰੀ ਟਾਈਟ।
ਮੈਨੂੰ ਪਤਾ, ਉਹ ਸਵੇਰੇ ਹੀ ਸਰੂਰ ਵਿਚ ਆਈ ਸੀ। ਗਵਰਨਰ ਦੋ ਘੰਟੇ ਦੇਰੀ ਨਾਲ ਆਇਆ, ਨਾਲ ਡਿਪਟੀ ਕਮਿਸ਼ਨਰ ਐਸ਼ਐਸ਼ ਚੰਨੀ ਸੀ।
ਉਹ ਮੇਰੇ ਕੰਨ ਵਿਚ ਕਹਿਣ ਲੱਗੀ, ‘ਅੱਧਾ ਕੁ ਘੰਟਾ ਮੇਰੀ ਵਾਰੀ ਆਉਣ ‘ਚ ਹੈ। ਅਸ਼ੋਕæææਜਾਹ ਬਾਹਰੋਂ ਲਿਮਕਾ ਫੜ ਕੇ ਲਿਆ।’
ਉਹ ਕਿਸ ਲਿਮਕੇ ਦੀ ਗੱਲ ਕਰ ਰਹੀ ਸੀ, ਮੈਂ ਸਮਝ ਗਿਆ, ਪਰ ਮੈਂ ਕਿਹਾ, ‘ਇੰਨੀ ਸਕਿਓਰਿਟੀ ਵਿਚ ਬਾਹਰ ਗਿਆ ਤਾਂ ਮੁੜ ਕੇ ਪੁਲਿਸ ਵਾਲਿਆਂ ਨੇ ਵੜਨ ਨਹੀਂ ਦੇਣਾ। ਨਾਲੇ ਉਸ ਲਿਮਕੇ ਨਾਲ।’ ਉਹ ਉਲਰ ਕੇ ਪੈ ਗਈ ਮੈਨੂੰ, ‘ਟੱਟੂ ਦਾ ਪੱਤਰਕਾਰ ਐਂ, ਦੁਆਨੀ ਦੇ ਸਿਪਾਹੀਆਂ ਤੋਂ ਡਰੀ ਜਾਨੈਂ।’ ਤੇ ਮੇਰੀ ਬਾਂਹ ਫੜ ਕੇ ਪਿੱਛੇ ਖੜ੍ਹੇ ਪੁਲਿਸ ਵਾਲਿਆਂ ਨੂੰ ਕਹਿਣ ਲੱਗੀ, ‘ਆਹ ਮੁੰਡਾ ਜਗਮੋਹਣ ਕੌਰ ਦਾ ਲਿਮਕਾ ਲੈਣ ਚੱਲਿਆ, ਇਹਨੂੰ ਰੋਕਿਓ ਨਾ।’ ਉਹ ਪੁਲਸੀਆ ਬੋਲਿਆ, ‘ਮੈਂ ਲਿਆ ਦਿੰਨਾਂ।’
‘ਚੁੱਪ ਕਰ ਓਏ, ਤੈਨੂੰ ਕੀ ਪਤਾ ਜਗਮੋਹਣ ਕੌਰ ਕਿਹੜਾ ਲਿਮਕਾ ਪੀਂਦੀ ਆ।’ ਉਹਦੀ ਵੀ ਉਹਨੇ ਝਾੜ-ਝੰਬ ਕਰ ਦਿੱਤੀ।
ਚਲੋ, ਮੈਂ ਲਿਮਕਾ ਤਾਂ ਲੈ ਆਇਆ ਜਿਹੜਾ ਕਹਿੰਦੀ ਸੀ, ਪਰ ਜਦੋਂ ਗਾਉਣ ਲੱਗੀ, ਤਾਂ ਤੀਰ ਸਿੱਧਾ ਸਾਹਮਣੇ ਵਾਲੀ ਸਟੇਜ ‘ਤੇ ਬੈਠੇ ਗਵਰਨਰ ਸੁਰਿੰਦਰ ਨਾਥ ਵੱਲ ਛੱਡ ਦਿੱਤਾ,
ਦਾਲ਼ææਦੱਸ ਖਾਂ ਸ਼ਹਿਰ ਲਹੌਰ ਅੰਦਰ
ਕਿੰਨੇ ਬੂਹੇ ਤੇ ਕਿੰਨੀਆਂ ਬਾਰੀਆਂ ਨੇ।
ਨਾਲੇ ਦੱਸ ਖਾਂ ਉਥੋਂ ਦੀਆਂ ਕੁੱਲ ਕੁੜੀਆਂ
ਕਿੰਨੀਆਂ ਵਿਆਹੀਆਂ ਤੇ ਕਿੰਨੀ ਕੁਆਰੀਆਂ ਨੇæææ
æææਦੱਸੋਗੇ ਗਵਰਨਰ ਸਾਹਿਬ?
æææਤੇ ਨਾਲ ਹੀ ਮਾਇਕ ਫੜ ਕੇ ਪੰਜਾਬੀ ਗਵਰਨਰ ਸੁਰਿੰਦਰ ਨਾਥ ਨੇ ਆਖ’ਤਾ, ‘ਉਦੋਂ ਕਿਉਂ ਨਾ ਆਇਆ ਮਿੱਤਰਾæææਜਦੋਂ ਰੰਗ ਸੀ ਸਰ੍ਹੋਂ ਦੇ ਫੁੱਲ ਵਰਗਾ?’ ਤੇ ਨਾਲ ਹੀ ਬੇਗੀ ‘ਤੇ ਜਗਮੋਹਣ ਕੌਰ ਦਾ ਬਾਦਸ਼ਾਹ, ‘ਆ ਜਾਓ ਕਿ ਹਮ ਤੁਮੇਂ ਪਿਆਰ ਕਰਤੇ ਹੈਂæææਯਹ ਵੋਹ ਗੁਨਾਹ ਹੈ ਜੋ ਹਮ ਵਾਰ-ਵਾਰ ਕਰਤੇ ਹੈਂ’æææਗਵਰਨਰ ਸਾਹਿਬæææਆ ਜੋ ਕੇਰਾਂæææਤੁਸੀਂ ਹਾਲੇ ਵੀ ਸਰੋਂ ਦੇ ਫੁੱਲ ਹੀ ਹੋ।’
æææਤੇ ਪ੍ਰੋæ ਮੋਹਨ ਸਿੰਘ ਮੇਲੇ ਦੀ ਇਹ ਘਟਨਾ ਇਤਿਹਾਸ ਬਣ ਗਈ ਸੀ। ਇੱਦਾਂ ਦਾ ਹੀ ਹਾਲ ਉਹਨੇ ਮੇਰੇ ਨਾਲ ਇਕ ਮੇਲੇ ‘ਤੇ ਗਈ ਨੇ ਸਾਡੇ ਪੇਂਡੂ ਮੰਤਰੀ ਦਿਲਬਾਗ ਸਿੰਘ ਨਵਾਂ ਸ਼ਹਿਰ ਦਾ ਕਰ ਦਿੱਤਾ ਸੀ।
ਹਾਲ ਹੀ ‘ਚ ਮੇਰੇ ਸਹੁਰੇ ਘਰ ਵਿਚ ਮਖਸੂਸਪੁਰ ਮੈਂ ਅਤੇ ਕੇæ ਦੀਪ ਇਕੱਠੇ ਹੋ ਗਏ। ਉਹ ਹੁਣ ਨਾ ਪੋਸਤੀ ਰਿਹਾ ਤੇ ਨਾ ਕੇæ ਦੀਪ, ਸਿਰਫ਼ ਕੁਲਦੀਪ ਹੈ। ਹੁਣ ਉਹ ਸੋਚਾਂ ਦਾ ਉਹ ਤਵਾਜ਼ਨ ਵੀ ਨਹੀਂ ਰੱਖਦਾ ਜਿਹੜਾ ਜਗਮੋਹਣ ਕੌਰ ਵੇਲੇ ਹੁੰਦਾ ਸੀ।
ਲਿਮਕੇ ਜਾਂ ਮੁਜਰੇ ਦੀ ਗੱਲ ਬਿਨਾਂ ਗੱਲ ਬਣਨੀ ਨਹੀਂ ਸੀ, ਪਰ ਇਸ ਮਹਾਨ ਗਾਇਕਾ ਅਤੇ ਔਰਤ ਦੇ ਇਸ ਭੇਤ ਲਈ ਖਿਮਾਂ ਵੀ ਚਾਹਾਂਗਾ।
ਪਰ ਮੈਂ ਮਾਣ ਕਰਦਾ ਹਾਂ ਕਿ ਮੈਂ ਉਸ ਜਗਮੋਹਣ ਕੌਰ ਦੀ ਗੱਲ ਕਰ ਕੇ ਹਟਿਆ ਹਾਂ ਜੀਹਨੂੰ ਹਰ ਪੰਜਾਬੀ ਜਾਣਦਾ ਹੈ ਤੇ ਉਹ ਅੱਠ ਸਾਲ ਮੈਨੂੰ ਛੋਟਿਆਂ ਵਾਂਗ ਪਿਆਰ ਦੇ ਕਲਾਵੇ ਵਿਚ ਘੁੱਟਦੀ ਰਹੀ।
_______________________
ਗੱਲ ਬਣੀ ਕਿ ਨਹੀਂ

ਸਿਆਲ ਵਿਚ ਸਾਗ
ਉਹੋ ਕਾਹਦਾ ਗਵੱਈਆ ਹੋ ਸਕਦਾ,
ਜਿਹੜਾ ਸਮੇਂ ਦਾ ਜਾਣੇ ਨਾ ਰਾਗ ਮੀਆਂ।
ਕੋਲ ਜ਼ਹਿਰ ਨਹੀਂ ਹੋਏ ਨੇ ਦੰਦ ਖੱਟੇ,
ਜਿਹੜਾ ਬੀਨ ‘ਤੇ ਮੇਲ੍ਹਦਾ ਨਾਗ ਮੀਆਂ।
ਪਰਦੇਸੀ ਨਹੀਂ ਪਰਦੇਸਣ ਦਾ ਬਣ ਸਕਿਆ,
ਜਿਹਨੇ ਕੋਠਿਓਂ ਉਡਾਏ ਸਨ ਕਾਗ ਮੀਆਂ।
ਮਾਲੀ ਮਨ ਦਾ ਖੋਟਾ ਫਿਰ ਜਦੋਂ ਹੋ ਜਾਏ,
ਕਿਥੇ ਫੁੱਲਾਂ ਦੇ ਮਹਿਕਦੇ ਬਾਗ ਮੀਆਂ।
ਮਰਵਾ ਕੇ ਪੁੱਤਰ ਗਰੀਬਣੀ ਰਹੀ ਰੋਂਦੀ,
ਘਰੇ ਕਾਤਲਾਂ ਦੇ ਬਲਣ ਚਿਰਾਗ ਮੀਆਂ।
ਬੰਦਾ ਓਪਰੀਆਂ ਸੇਜਾਂ ‘ਤੇ ਸੌਣ ਲੱਗ ਪਏ,
ਕਿੱਥੇ ਬਚਦੇ ਨੇ ਫੇਰ ਸੁਹਾਗ ਮੀਆਂ।
ਲੀਡਰ ਬਣ ਕੇ ਖ਼ਜ਼ਾਨੇ ਨੂੰ ਸੰਨ੍ਹ ਲਗਦੀ,
ਲੱਛੀ ਸੋਚਦੀ ਜਾਗਣਗੇ ਭਾਗ ਮੀਆਂ।
ਤੇ ਕਿਥੇ ਘਰ ਪੰਜਾਬੀ ਦਾ ਹੋਊ ‘ਭੌਰੇ’
ਜਿੱਥੇ ਸਿਆਲ ਵਿਚ ਰਿੱਝੇ ਨਾ ਸਾਗ ਮੀਆਂ।

Be the first to comment

Leave a Reply

Your email address will not be published.