ਤੀਜਾ ਪਹਿਰ

ਕਹਾਣੀਕਾਰ ਮੁਖਤਿਆਰ ਸਿੰਘ ਪੰਜਾਬੀ ਦੇ ਉਨ੍ਹਾਂ ਕਹਾਣੀਕਾਰਾਂ ਵਿਚੋਂ ਹੈ ਜਿਨ੍ਹਾਂ ਨੇ ਲਿਖਿਆ ਤਾਂ ਭਾਵੇਂ ਘੱਟ ਹੈ, ਪਰ ਲਿਖਿਆ ਜੀਅ-ਜਾਨ ਲਾ ਕੇ ਹੈ। ਇਸੇ ਕਰ ਕੇ ਉਹਦੀ ਹਰ ਰਚਨਾ ਧਿਆਨ ਖਿੱਚਦੀ ਹੈ। ਉਹਦੀ ਕਹਾਣੀ ‘ਤੀਜਾ ਪਹਿਰ’ ਵੀ ਇਸੇ ਤਰ੍ਹਾਂ ਦੀ ਕਹਾਣੀ ਹੈ ਜਿਸ ਵਿਚ ਕਾਮਿਆਂ ਦੀ ਬੇਵਸੀ ਫੈਲ ਕੇ ਪਹਾੜ ਬਣ ਗਈ ਜਾਪਦੀ ਹੈ। ਕਈ ਦਹਾਕੇ ਪਹਿਲਾਂ ਵਾਲੇ ਪੰਜਾਬ ਦਾ ਰੰਗ ਪੇਸ਼ ਕਰਦੀ ਇਸ ਕਹਾਣੀ ਵਿਚ ਦਰਅਸਲ, ਟੁੱਟ-ਟੁੱਟ ਬਿਖਰ ਰਹੀ ਕਿਸਾਨੀ ਦਾ ਚਿੱਤਰ ਖਿੱਚਿਆ ਗਿਆ ਹੈ। ਕਹਾਣੀ ਇੰਨੀ ਸਹਿਜ ਨਾਲ ਅੱਗੇ ਵਧਦੀ ਹੈ ਕਿ ਮੁੱਕਣ ਲੱਗੀ ਦਾ ਵੀ ਪਤਾ ਨਹੀਂ ਲਗਦਾ। -ਸੰਪਾਦਕ

ਮੁਖ਼ਤਿਆਰ ਸਿੰਘ
ਫੋਨ: 91-98728-23511
ਹਵਾ ਦਾ ਬੁੱਲਾ ਮਰ ਗਿਆ। ਨੇਤਰ ਅਤੇ ਇੰਦਰ ਬਲਦਾਂ ਨਾਲ ਗਾਹੀ ਕਣਕ ਦੀ ਧੜ ਉਤੇ, ਕੱਛ ਹੇਠ ਤੰਗਲੀਆਂ ਦੀ ਆੜ ਲਾ ਕੇ, ਇਕ ਲੱਤ ਭਾਰ ਖੜ੍ਹ ਗਏ। ਜਿੰਦਰੋ ਅਜੇ ਰੋਟੀ ਲੈ ਕੇ ਨਹੀਂ ਆਈ ਸੀ।
“ਰੋਟੀ ਕਿਤੇ ਔਂਦੀ ਦਿਸਦੀ ਨੀ।” ਨੇਤਰ ਨੇ ਪਿੰਡ ਵੱਲ ਦੂਰ ਤੱਕ ਨਿਗ੍ਹਾ ਮਾਰੀ।
“ਅਜੇ ਸਿਰ ਦਾ ਛਾਵਾਂ ਸਿੱਧਾ ਪੈਰਾਂ ‘ਚ ਐ।” ਇੰਦਰ ਨੇ ਹੇਠਾਂ ਨੂੰ ਤੱਕ ਕੇ ਆਪਣੇ ਪਰਛਾਵੇਂ ਦਾ ਅਨੁਮਾਨ ਲਾਇਆ।
“ਜਿੰਨਾ ਚਿਰ ਹਵਾ ਦਾ ਬੁੱਲਾ ਮਰਿਆ ਹੋਇਐ, ਰੋਟੀ ਈ ਚੱਬ ਲੈਂਦੇ।”
ਨੇਤਰ ਵਿਆਹਿਆ ਹੋਇਆ, ਉਸ ਤੋਂ ਛੋਟਾ ਇੰਦਰ ਕੁਆਰਾ ਹੀ ਰਹਿ ਗਿਆ ਸੀ। ਕਬੀਲਦਾਰੀ ‘ਚ ਦੋ ਕੁੜੀਆਂ ਤਾਂ ਵਿਆਹੁਣ ਵਾਲੀਆਂ, ਇਕ ਅਜੇ ਛੋਟੀ ਅਤੇ ਇਕੋ ਮੁੰਡਾ ਅੱਠਵੀਂ ‘ਚ ਪੜ੍ਹਦਾ ਸੀ। ਜੇਠ ਦਾ ਮਹੀਨਾ, ਧੁੱਪ ਕੜਾਕੇਦਾਰ, ਪਰ ਕਹਿੰਦੇ ਐ, “ਜੱਟ ਦਾ ਹੱਡ ਤਾਂ ਜੇਠ ਹਾੜ੍ਹ ਦੇ ਮਹੀਨੇ ਹੀ ਪੰਘਰਦੈ।”
“ਆਉਣ ਲੱਗ ਪਿਐ ਕੋਈ-ਕੋਈ ਸਾਹ।” ਨੇਤਰ ਨੂੰ ਥੋੜ੍ਹੀ-ਥੋੜ੍ਹੀ ਹਵਾ ਲੱਗੀ।
“ਏਕਣੇ ਆਵੇ ਤਾਂ ਧੜ ਮਿੰਟਾਂ ‘ਚ ਨਿਕਲ ਜਾਊ।” ਇੰਦਰ ਨੇ ਕੱਛ ਹੇਠਾਂ ਤੋਂ ਤੰਗਲੀ ਕੱਢੀ।
“ਆਹੋ ਰੋਟੀ ਤਾਂ ਮਗਰੋਂ ਖਾਧੀ ਜਾਊ।” ਉਹ ਆਪਣੇ ਹੀ ਧਿਆਨ ‘ਚ ਤੂੜੀ ਅੱਡ ਅਤੇ ਦਾਣੇ ਘੁੰਡੀਆਂ ਅੱਡ ਕਰਦੇ ਰਹੇ। ਉਨ੍ਹਾਂ ਨੂੰ ਪਤਾ ਹੀ ਨਾ ਲੱਗਾ, ਕਦੋਂ ਜਿੰਦਰੋ ਰੋਟੀ ਲੈ ਕੇ ਆ ਗਈ। ਜਿੰਦਰੋ ਨੇ ਰੋਟੀਆਂ ਧੜ ਤੋਂ ਕੁਝ ਕਦਮ ਦੂਰ ਰੱਖ ਲਈਆਂ ਅਤੇ ਬੈਠਦੀ ਹੋਈ ਬੋਲੀ, “ਬਾਪੂ ਰੋਟੀ ਖਾ ਲੋ।”
“ਹਾਲੇ ਨੀ ਕੁੜੀਏ ਰੋਟੀ-ਰੂਟੀ ਖਾਣੀ।” ਨੇਤਰ ਨੇ ਬਿਨਾਂ ਉਸ ਵੱਲ ਦੇਖੇ ਹੀ ਕਿਹਾ।
“ਕਦ ਖਾਣੀ ਐæææਬਾਪੂ?”
“ਧੜ ਉਡਾ ਕੇ।”
“ਧੜ ਤਾਂ ਅਜੇ ਅੱਧੀ ਨੀ ਨਿਕਲੀ, ਰੋਟੀ ਠੰਢੀ ਹੋ ਜਾਣੀ ਐæææ।”
“ਕੋਈ ਨੀ ਠੰਢੀæææਤੂੰ ਉਰਲੀ ਕਿੱਕਰ ਹੇਠ ਜਾ ਬੈਠ ਛਾਂਵੇਂ।”
ਜਿੰਦਰੋ ਰੋਟੀ ਚੁੱਕ ਕੇ ਕਿੱਕਰ ਹੇਠ ਜਾ ਬੈਠੀ ਜੋ ਥੋੜ੍ਹੀ ਹੀ ਦੂਰ ਸੀ। ਕਿੱਕਰ ਦੀ ਸੂਲ ਚੁੱਕ ਕੇ ਕਦੇ ਦੰਦਾਂ ਹੇਠ ਹੌਲੀ-ਹੌਲੀ ਚੱਬਣ ਲੱਗ ਜਾਂਦੀ, ਕਦੇ ਧਰਤੀ ਉਤੇ ਲੀਕਾਂ ਖਿੱਚਣ ਲੱਗ ਪੈਂਦੀ। ਕਦੇ ਮੂੰਹ ਵਿਚ ਹੀ ਗੁਣ-ਗੁਣਾਉਂਦੀ, “ਉਹ ਘਰ ਟੋਲ੍ਹੀਂ ਬਾਬਲਾæææਜਿਥੇ ਢੋਹਣੀਆਂ ਨਾ ਪੈਣ ਨਿਤ ਰੋਟੀਆਂ।” ਉਸ ਨੇ ਫਿਰ ਜ਼ੋਰ ਨਾਲ ਆਵਾਜ਼ ਮਾਰੀ, “ਬਾਪੂ ਆ ਜਾਓ ਹੁਣæææ।”
ਪਰ ਉਹ ਆਪਣੇ ਹੀ ਕੰਮ ਵਿਚ ਲਟਾ-ਪੀਂਘ ਹੋਏ ਹੋਏ ਸਨ। ਉਨ੍ਹਾਂ ਨੇ ਕੋਈ ਜੁਆਬ ਨਾ ਦਿੱਤਾ। ਥੋੜ੍ਹਾ ਚਿਰ ਪਿਛੋਂ ਤੂੜੀ ਦਾਣਿਆਂ ਨਾਲੋਂ ਅੱਡ ਨਹੀਂ ਸੀ ਹੋ ਰਹੀ। ਉਨ੍ਹਾਂ ਨੇ ਜ਼ੋਰ ਨਾਲ ਤੰਗਲੀਆਂ ਉਪਰ ਨੂੰ ਮਾਰ ਕੇ, ਨਾਲ ਹੀ ਉਪਰ ਨੂੰ ਦੇਖਿਆ, ਪਰ ਤੂੜੀ ਫਿਰ ਵੀ ਅੱਡ ਨਾ ਹੋਈ। ਇੰਦਰ ਧੜ ਤੋਂ ਹੇਠਾਂ ਉਤਰਦਾ ਹੋਇਆ ਕਹਿਣ ਲੱਗਾ, “ਬੜੇ ਭਾਈ ਆਪਾਂ ਰੋਟੀ ਖਾ ਲੀਏ।”
“ਇਨ੍ਹੀਂ ਦਿਨੀਂ ਬੁੱਲੇ ਹੀ ਆਉਂਦੇ ਹੁੰਦੇ ਐ। ਕਦੇ ਮਰ’ਗੇ ਕਦੇ ਚੱਲ’ਪੇ।” ਨੇਤਰ ਨੇ ਤੰਗਲੀ ਧੜ ਵਿਚ ਗੱਡ ਦਿੱਤੀ।
“ਚੱਲ ਕੁੜੀ ਵੀ ਕਦੋਂ ਦੀ ਆਈ ਬੈਠੀ ਐ।”
ਜਿੰਦਰੋ ਨੇ ਉਨ੍ਹਾਂ ਨੂੰ ਆਉਂਦੇ ਦੇਖ ਕੇ ਪੋਣੇ ਦੀ ਗੰਢ ਪਹਿਲਾਂ ਹੀ ਖੋਲ੍ਹ ਲਈ ਸੀ। ਦੋਵੇਂ ਆਹਮੋ-ਸਾਹਮਣੇ ਦੋ ਕੁ ਕਦਮ ਦੇ ਫਰਕ ਨਾਲ ਪਤਲੀ ਜਿਹੀ ਵੱਟ ‘ਤੇ ਬੈਠ ਗਏ। ਜਿੰਦਰੋ ਨੇ ਦੋ ਕੌਲੀਆਂ ਵਿਚ ਮਾਂਹ ਦੀ ਦਾਲ ਪਾ ਕੇ ਚਾਰ-ਚਾਰ ਰੋਟੀਆਂ ਉਨ੍ਹਾਂ ਦੇ ਹੱਥਾਂ ‘ਤੇ ਧਰ ਕੇ ਕਿਹਾ, “ਬਾਪੂ ਆਟਾ ਪਿਹਾ ਕੇ ਕਦ ਲਿਆਉਣੈ? ਬੇਬੇ ਔਖੀ ਹੁੰਦੀ ਐ, ਸਾਤੋਂ ਨੀ ਰੋਜ਼ ਦਰ-ਦਰ ਤੋਂ ਮੰਗ ਹੁੰਦਾ।”
“ਪਿਹਾ ਲਮਾਂਗੇæææਇਕ-ਅੱਧਾ ਡੰਗ ਹੋਰ ਕਿਸੇ ਤੋਂ ‘ਧਾਰਾ ਲੈ ਲਿਓæææ।” ਨੇਤਰ ਨੇ ਦਾਲ ਵਿਚ ਬੁਰਕੀ ਲਬੇੜਦੇ ਹੋਏ ਨੇ ਕਿਹਾ।
“ਨਾਲੇ ਗੁਲਰਾ ਤੇ ਛਿਟੀਆਂ ਲੈ ਕੇ ਆਇਓ ਆਥਣ ਨੂੰ। ਘਰ ਬਾਲਣ ਦਾ ਡੱਕਾ ਨੀ।”
“ਲੈ ਆਵਾਂਗੇ ਭਾਈæææਇੰਦਰਾ ਯਾਦ ਰੱਖੀਂ।”
“ਜੇ ਧੜ ਨਿਕਲਗੀ ਤਾਂ ਈ ਯਾਦ ਰਹੂ।” ਇੰਦਰ ਮੂੰਹ ਵਿਚ ਬੁਰਕੀ ਪਾਉਣ ਲੱਗਿਆ ਬੋਲਿਆ। ਨੇਤਰ ਦੀ ਨਿਗ੍ਹਾ ਦੂਰ ਕਿਸੇ ਖੇਤ ‘ਚ ਚੱਲ ਰਹੇ ਥਰੈਸ਼ਰ ਵੱਲ ਗਈ। ਧੂੜ ‘ਚ ਰਲੀ-ਮਿਲੀ ਤੂੜੀ ਦੀ ਲੰਮੀ ਜਿਹੀ ਪੂਛ ਦਾ ਰੁਖ ਉਨ੍ਹਾਂ ਵੱਲ ਬਦਲ ਰਿਹਾ ਸੀ। ਉਸ ਤੋਂ ਲਾਗੇ ਦੇ ਖੇਤ ‘ਚ ਧੜ ਉਤੇ ਕਿਸੇ ਦੀਆਂ ਤੰਗਲੀਆਂ ਹਵਾ ਵਿਚ ਉਲਰੀਆਂ ਦਿਸੀਆਂ।
“ਛੋਟੇ ਭਾਈ ਉਠੀਂ ਕੇਰਾਂ, ਹਵਾ ਦਾ ਸਾਹ ਆਉਂਦੈ ਕੋਈ-ਕੋਈ।” ਉਸ ਨੇ ਕੌਲੀ ਉਤੇ ਰੋਟੀਆਂ ਰੱਖ ਕੇ ਇਕ ਦਮ ਉਠਦੇ ਹੋਏ ਨੇ ਕਿਹਾ। ਇੰਦਰ ਵੀ ਕੌਲੀਆਂ ਉਤੇ ਹੀ ਰੋਟੀਆਂ ਰੱਖ ਕੇ ਧੜ ਉਤੇ ਜਾ ਚੜ੍ਹਿਆ। ਦੋਵੇਂ ਜਣੇ ਤੰਗਲੀਆਂ ਫੜ ਕੇ ਛੇਤੀ-ਛੇਤੀ ਧੜ ਉਡਾਉਣ ਲੱਗ ਪਏ। ਹਵਾ ਥੋੜ੍ਹੀ ਤਿੱਖੀ ਹੋ ਗਈ।
ਜਿੰਦਰੋ ਨੇ ਬੈਠੀ ਨੇ ਹੀ ਲੰਮੀ ਬਾਂਹ ਕਰ ਕੇ ਰੋਟੀਆਂ ਅਤੇ ਕੌਲੀਆਂ ਨੇੜੇ ਕਰ ਲਈਆਂ। ਉਪਰ ਚੁੰਨੀ ਦਾ ਲੜ ਦੇ ਦਿੱਤਾ। ਇਕ ਹੱਥ ਵਿਚ ਦੂਜਾ ਹੱਥ ਫੜ ਕੇ ਗੋਡਿਆਂ ਨੂੰ ਬਾਹਾਂ ਨਾਲ ਘੁੱਟ ਲਿਆ। ਫੇਰ ਆਲੇ-ਦੁਆਲੇ ਖਾਲੀ ਖੇਤਾਂ ਵੱਲ ਦੂਰ-ਦੂਰ ਤਕ ਦੇਖਦੀ ਰਹੀ। ਕਿਸੇ ਖੇਤ ਵਿਚ ਥਰੈਸ਼ਰ ਚੱਲ ਰਿਹਾ ਸੀ, ਕਿਸੇ ‘ਚ ਤੂੜੀ ਦਾ ਵੱਡਾ ਸਾਰਾ ਢੇਰ ਦਿਸਦਾ। ਕਈ ਲਾਣੇ ਗੱਡਿਆਂ ਅਤੇ ਟਰੈਕਟਰਾਂ ਨਾਲ ਪਿੰਡ ਵੱਲ ਕਣਕ ਅਤੇ ਤੂੜੀ ਢੋ ਰਹੇ ਸਨ।
ਧੜ ਅਜੇ ਥੋੜ੍ਹੀ ਹੀ ਨਿਕਲੀ ਸੀ ਕਿ ਹਵਾ ਫੇਰ ਮਰ ਗਈ। ਉਨ੍ਹਾਂ ਨੇ ਤੰਗਲੀਆਂ ਧੜ ਵਿਚ ਗੱਡ ਦਿੱਤੀਆਂ ਅਤੇ ਤੰਗਲੀਆਂ ਦੇ ਉਤਲੇ ਸਿਰੇ ਉਤੇ ਠੋਡੀ ਰੱਖ ਕੇ ਖੜ੍ਹ ਗਏ। ਜਿੰਦਰੋ ਨੇ ਦੇਖ ਕੇ ਆਵਾਜ਼ ਮਾਰੀ, “ਬਾਪੂ ਆ ਜੋ ਹਵਾ ਤਾਂ ਹੈ ਨੀ।” ਉਨ੍ਹਾਂ ਨੇ ਜਿੰਦਰੋ ਵੱਲ ਦੇਖਿਆ। ਚੁੱਪ-ਚਾਪ ਉਸੇ ਤਰ੍ਹਾਂ ਖੜ੍ਹੀਆਂ ਤੰਗਲੀਆਂ ਛੱਡ ਕੇ ਰੋਟੀ ਖਾਣ ਆ ਬੈਠੇ।
“ਸੁੱਕ ਵੀ ਗਈਆਂ।” ਜਿੰਦਰੋ ਨੇ ਓਹੀ ਰੋਟੀਆਂ ਫੜਾਉਂਦੀ ਹੋਈ ਨੇ ਕਿਹਾ।
“ਲੈæææਜੱਟਾਂ ਨੂੰ ਕੀ ਤੱਤੀਆਂ ਠੰਢੀਆਂ ਨਾਲ। ਕੁਰਸੀਆਂ ਆਲੇ ਈ ਸੱਜਰੀਆਂ ਖਾਂਦੇ ਐ, ਸਾਡੇ ਕਰਮਾਂ ‘ਚ ਕਿਥੇæææ।” ਨੇਤਰ ਨੇ ਰੋਟੀ ਫੜਦੇ ਹੋਏ ਨੇ ਕਿਹਾ।
ਫਿਰ ਉਹ ਚੁੱਪ-ਚਾਪ ਇਕ-ਇਕ ਰੋਟੀ ਖਾ ਗਏ। ਕਿੱਕਰ ਉਤੋਂ ਬੀਂਡੇ ਦੀ ਟੀਂ-ਟੀਂ, ਉਨ੍ਹਾਂ ਨੂੰ ਸੰਗੀਤ ਦੀ ਧੁਨ ਵਾਂਗ ਸੁਣ ਰਹੀ ਸੀ। ਜਿੰਦਰੋ ਚੁੱਪ ਦੇਖ ਕੇ ਕਹਿਣਾ ਤਾਂ ਨਹੀਂ ਸੀ ਚਾਹੁੰਦੀ, ਪਰ ਝਕਦੀ-ਝਕਦੀ ਨੇ ਕਹਿ ਹੀ ਦਿੱਤਾ, “ਬਾਪੂ ਵੀਰੇ ਨੇ ਕਿਐ, ਮਾਸਟਰਾਂ ਨੇ ਇਕ ਰੰਗ ਦੀ ਵਰਦੀ ਲੁਆਈ ਐ। ਖੰਨੇ ਤੋਂ ਕੱਪੜਾ ਲੈ ਆਇਓ।”
ਨੇਤਰ ਨੇ ਜਿੰਦਰੋ ਵੱਲ ਝਾਕ ਕੇ ਰੋਟੀ ਨਾਲੋਂ ਬੁਰਕੀ ਤੋੜ ਕੇ ਮੂੰਹ ਵਿਚ ਪਾ ਲਈ, ਪਰ ਬੋਲਿਆ ਕੁਝ ਨਾ। ਇੰਦਰ ਨੇ ਪਾਣੀ ਦਾ ਗਲਾਸ ਮੂੰਹ ਨੂੰ ਲਾ ਕੇ ਇਕੋ ਸਾਹ ਪੀ ਲਿਆ ਅਤੇ ਧਰਤੀ ‘ਤੇ ਰੱਖ ਕੇ ਕਿਹਾ, “ਲਿਆ ਭਾਈ ਪਾ ਦੇ ਹੋਰ ਪਾਣੀ।”
ਜਿੰਦਰੋ ਨੇ ਪਾਣੀ ਪਾ ਦਿੱਤਾ ਅਤੇ ਰਸਤੇ ਵੱਲ ਦੇਖਿਆ ਤਾਂ ਇਕ ਦਮ ਬੋਲ ਪਈ, “ਬਾਪੂ ਬੋਦੀ ਆਲਾ ਵਾਵਰੋਲਾ?”
ਉਨ੍ਹਾਂ ਦੇ ਸਿਰ ਰਸਤੇ ਵੱਲ ਘੁੰਮੇ ਤੇ ਉਠ ਕੇ ਨੱਠ ਪਏ। ਵਾਵਰੋਲਾ ਘੁੰਮਦਾ-ਘੁੰਮਦਾ ਸਿੱਧਾ ਧੜ ਵੱਲ ਆ ਰਿਹਾ ਸੀ। ਉਨ੍ਹਾਂ ਨੇ ਛੇਤੀ-ਛੇਤੀ ਦੋਲ੍ਹੇ, ਪੱਲੀਆ-ਬੋਰੀਆਂ (ਜਿਹੜੇ ਦੋ-ਦੋ ਚਾਰ-ਚਾਰ ਸਨ) ਧੜ ਉਤੇ ਦੇ ਦਿੱਤੇ। ਖੂਹ ਦੇ ਔਲੂ ‘ਚੋਂ ਪੀਪਿਆਂ ਵਿਚ ਪਾਣੀ ਲੈਣ ਗਏ, ਪਰ ਵਾਵਰੋਲਾ ਚੱਕਰ ਕੱਟਦਾ, ਧੜ ਦੇ ਲਾਗੋਂ ਦੀ ਲੰਘ ਗਿਆ। ਵਾਵਰੋਲੇ ‘ਚ ਮਿੱਟੀ ਗੋਲ ਚੱਕਰ ਵਾਂਗ ਘੁੰਮਦੀ ਸੀ। ਜਿੰਦਰੋ ਨੇ ਪਹਿਲਾਂ ਹੀ ਦਿਸਦੇ ਸਾਰ ਜ਼ੋਰ-ਜ਼ੋਰ ਨਾਲ ਕਹਿਣਾ ਸ਼ੁਰੂ ਕਰ ਦਿੱਤਾ ਸੀ- “ਕਾਰ-ਕਾਰ ਬਾਬੇ ਨਾਨਕ ਦੀ, ਕਾਰ-ਕਾਰ ਬਾਬੇ ਨਾਨਕ ਦੀ।”
ਵਾਵਰੋਲਾ ਮਿੰਟਾਂ ਵਿਚ ਹੀ ਅੱਗੇ ਲੰਘ ਗਿਆ। ਧੜ ਦੇ ਲਾਗੋਂ ਥੋੜ੍ਹੀ-ਬਹੁਤੀ ਤੂੜੀ ਉਡ ਕੇ ਖੇਤ ਵਿਚ ਖਿਲਰ ਗਈ।
“ਇੰਦਰਾ ਰੜਕਾ ਲੈ ਕੇ ਪਿੜ ‘ਚੋਂ ਤੂੜੀ ਕੱਠੀ ਕਰ ਲੈ ਜੇੜ੍ਹੀ ਖਿੰਡਰੀ ਐ।”
“ਕਰ ਲੈਨਾ ਤੂੰ ਧੜ ‘ਤੇ ਚੜ੍ਹ ਕੇ ਦੇਖ, ਬੁੱਲਾ ਆਉਦੈ ਵਰੋਲੇ ਦੀ ਹਵਾ ਦਾ।” ਇੰਦਰ ਨੇ ਰੜਕਾ ਚੁੱਕ ਕੇ ਬੈਠਦੇ ਹੋਏ ਨੇ ਕਿਹਾ।
“ਧੜ ਦਾ ਤਾਂ ਵਰੋਲੇ ਨੇ ਕੱਖ ਨੀ ਛੱਡਣਾ ਤੀ ਜੇ ਕਿਤੇ ਉਪਰੋਂ ਲੰਘਦਾ।” ਨੇਤਰ ਧੜ ‘ਤੇ ਚੜ੍ਹ ਗਿਆ।
“ਥਰੈਸ਼ਰ ਆਲਿਆਂ ਦੇ ਢੇਰਾਂ ਵਿਚੋਂ ਲੰਘ ਕੇ ਗਿਐæææਉਹ ਤਾਂ ਓਨੇ ਈ ਦਿਸਦੇ ਨੇ।” ਇੰਦਰ ਨੇ ਆਲੇ-ਦੁਆਲੇ ਖੇਤਾਂ ‘ਚ ਚੱਲ ਰਹੇ ਥਰੈਸ਼ਰਾਂ ਵੱਲ ਨਿਗ੍ਹਾ ਮਾਰੀ।
“ਐਡੇ ਬੜੇ ਢੇਰਾਂ ‘ਚ ਨੀ ਕੁਸ ਮੁੱਕਦਾ।”
ਜਿੰਦਰੋ ਨੇ ਉਨ੍ਹਾਂ ਦਾ ਧਿਆਨ ਰੋਟੀ ਵੱਲ ਦੁਆਇਆ, “ਬਾਪੂ ਰੋਟੀæææ!”
ਉਹ ਹੱਥਲਾ ਕੰਮ ਛੱਡ ਕੇ ਛੇਤੀ-ਛੇਤੀ ਰੋਟੀ ਖਾ ਕੇ ਆਪਣੇ ਕੰਮ ਜਾ ਲੱਗੇ।
ਜਿੰਦਰੋ ਉਥੇ ਹੀ ਬੈਠ ਕੇ ਭਾਂਡੇ ਮਾਂਜਣ ਲੱਗ ਪਈ। ਉਹ ਕਦੇ ਨੀਵੀਂ ਪਾ ਲੈਂਦੀ, ਕਦੇ ਉਨ੍ਹਾਂ ਵੱਲ ਵੇਖ ਲੈਂਦੀ। ਆਲੇ-ਦੁਆਲਿਉਂ ਥਰੈਸ਼ਰਾਂ ਦੀ ਘੂੰ-ਘੂੰ ਦੀਆਂ ਆਵਾਜ਼ਾਂ ਉਸ ਨੂੰ ਸੁਣਾਈ ਦੇ ਰਹੀਆਂ ਸਨ।
“ਹਵਾ ਤਾਂ ਫੇਰ ਮਰ’ਗੀ।” ਇੰਦਰ ਨੇ ਤੂੜੀ ਇਕੱਠੀ ਕਰਦੇ ਹੋਏ ਨੇ ਕਿਹਾ।
“ਕੋਈ-ਕੋਈ ਮਰਿਆ ਹੋਇਆ ਸਾਹ ਹੀ ਰਹਿ ਗਿਐ।” ਨੇਤਰ ਵੀ ਧੜ ਤੋਂ ਉਤਰ ਆਇਆ।
“ਚੱਲ ਤੂੰ ਬਲਦਾਂ ਨੂੰ ਪਾਣੀ ਪਿਲਾ ਦੇ, ਘੁੰਮਦੇ ਨੇ ਕਿੱਲਿਆਂ ‘ਤੇ। ਮੈਂ ਤੂੜੀ ਲੈ ਕੇ ਆਉਨਾ।”
“ਝੋਟੀ ਤੇ ਗਾਂ ਵਾਸਤੇ ਥੱਬਾ ਕੁ ਬਰਸੀਮ ਵੀ ਵੱਢ ਲਿਆਈਂ।”
“ਚੰਗਾ।”
ਉਹ ਡੰਗਰਾਂ ਨੂੰ ਪਾਣੀ-ਧਾਣੀ, ਕੱਖ-ਕੰਡਾ ਪਾ ਕੇ, ਧੜ ‘ਤੇ ਆ ਗਏ।
“ਕਿਤੇ ਮੀਂਹ-ਮੂੰਹ ਨਾ ਆ ਜਾਵੇ?” ਇੰਦਰ ਨੇ ਦੂਰ, ਧਰਤੀ ਅਤੇ ਆਸਮਾਨ ਦੇ ਦੋਮੇਲ ‘ਚੋਂ ਛੋਟਾ ਜਿਹਾ, ਚਿੱਟੇ ਬੱਦਲ ਦਾ ਟੁਕੜਾ ਨਿਕਲਿਆ ਦੇਖਿਆ।
“ਮੌਸਮ ਵੀ ਸਹੁਰਾ ਜ਼ਮਾਨੇ ਨਾਲ ਈ ਬਦਲ ਗਿਐ, ਅਗੇ ਤਾਂ ਵਸਾਖ ਜੇਠ ਦੇ ਅੱਧ ਤਕ ਕਦੇ ਮੀਂਹ ਨ੍ਹੇਰੀ ਨੀ ਤੀ ਆਉਂਦੀ ਹੁੰਦੀ।”
“ਸਾਰੀ ਵਾਢੀ ਤੇ ਗਹਾਈ ਕੜਾਕੇ ਆਲੀ ਧੁੱਪ ‘ਚ ਕਰਦੇ ਤੀ। ਫੇਰ ਕਿਤੇ ਚੜ੍ਹਦੇ ਹਾੜ੍ਹ ਜੱਗ-ਜੁਗ ਕਰੇ ਤੋਂ ਮੀਂਹ ਪੈਂਦਾ।” ਇੰਦਰ ਨੇ ਕਿੱਕਰ ਦੀਆਂ ਟਾਹਣੀਆਂ ਨਾਲ ਪੁੱਠੇ ਲਟਕਦੇ ਬੀਜੜਿਆ ਦੇ ਆਲ੍ਹਣਿਆਂ ਵੱਲ ਦੇਖਦਿਆਂ ਕਿਹਾ।
“ਪਿੰਡ ਆਲੀ ਸ਼ਾਮਲਾਟ ‘ਚ ਗਰੀਬ ਗੁਰਬਿਆਂ ਨੇ ਲਾਵੀ ਆਲੀ ਕਣਕ ਦੀਆਂ ਭਰੀਆ, ਮੱਝਾਂ, ਕੱਟੀਆਂ-ਬੱਛੀਆਂ ਨਾਲ ਗਾਹ ਕੇ ਚੱਕ ਵੀ ਲਈਆਂ।”
“ਉਹ ਤਾਂ ਸਣੇ ਨਿਆਣੇ-ਨਿੱਕੇ ਸਾਰਾ ਟੱਬਰ ਲਾ ਲੈਂਦੇ ਐ।” ਨੇਤਰ ਬੋਲਿਆ।
“ਅਗਲੀਆਂ ਵਾਢੀਆਂ ‘ਚ ਲਾਵੀ ਕਿਹੜੇ ਪਿਓ ਆਲੇ ਖੇਤ ‘ਚੋਂ ਕਰਨਗੇ। ਥਰੈਸ਼ਰ ਆਲਿਆਂ ਨੇ ਮੀਂਹ ਕਣੀ ਤੋਂ ਡਰਦੇ ਕੰਬੈਨਾਂ ਨਾਲ ਕਣਕ ਵਢਾ ਲੈਣੀ ਐ। ਐਤਕੀਂ ਤਾਂ ਅੱਧੀ-ਪਚੱਧੀ ਈ ਵਢਾਈ ਤੀ।” ਇੰਦਰ ਨੇ ਦੂਰ ਸਫੈਦਿਆਂ ਵਾਲੀ ਪਹੀ ਵੱਲ ਦੇਖਿਆ।
ਆਸਮਾਨ ਲਾਲ ਜਿਹਾ ਹੋਣ ਲੱਗ ਪਿਆ। ਜਿੰਦਰੋ ਭਾਂਡੇ ਇਕੱਠੇ ਕਰ ਕੇ ਧੜ ਦੇ ਲਾਗੇ ਆ ਗਈ ਸੀ। ਉਸ ਨੇ ਉਨ੍ਹਾਂ ਦੀਆਂ ਗੱਲਾਂ ਵਿਚ ਦਖਲ ਨਹੀਂ ਸੀ ਦਿੱਤਾ, ਪਰ ਦੂਰ ਚੜ੍ਹੀ ਆ ਰਹੀ ਗਹਿਰ ਨੂੰ ਦੇਖ ਕੇ ਕਿਹਾ, “ਬਾਪੂ ਨੇਰ੍ਹੀ ਆਉਂਦੀ ਐ।”
“ਹਾਂ ਲੱਗਦੀ ਤਾਂ ਐ।” ਨੇਤਰ ਨੇ ਵੀ ਆਲੇ-ਦੁਆਲੇ ਦੂਰ ਤਕ ਨਿਗ੍ਹਾ ਘੁੰਮਾਈ।
ਥੋੜ੍ਹੇ ਚਿਰ ‘ਚ ਹੀ ਨੇਰ੍ਹੀ ਚੜ੍ਹੀ ਆ ਰਹੀ ਸੀ। ਦੋਵੇਂ ਭਰਾ ਉਠ ਕੇ ਧੜ ਨੂੰ ਸਾਂਭਣ ਲੱਗ ਪਏ। ਫੇਰ ਦੇਖਦੇ-ਦੇਖਦੇ ਹੀ ਨੇਰ੍ਹੀ ਆ ਗਈ। ਨੇਤਰ ਨੇ ਪੀਪੇ ‘ਚ ਲਿਆਂਦਾ ਪਾਣੀ ਧੜ ਉਤੇ ਛਿੜਕਿਆ। ਇਕ ਦਮ ਹਨੇਰਾ ਹੋ ਗਿਆ। ਹੱਥ ਨਾਲ ਹੱਥ ਮਾਰਿਆਂ ਕੁਝ ਵੀ ਨਹੀਂ ਸੀ ਦਿਸਦਾ। ਹਵਾ ਦੇ ਫਰਾਟਿਆਂ ਨਾਲ ਧੜ ਉਡ ਕੇ ਮਿੱਟੀ ਘੱਟੇ ਵਿਚ ਰਲਦੀ ਜਾ ਰਹੀ ਸੀ। ਹਵਾ ਦੀ ਆਵਾਜ਼ ਸੁਊਂæææਸੂੰæææਛੀਂ-ਛੀਂ ਈਂ-ਈਂ। ਲਾਲ ਭੂਰੀ ਕਾਲੀ ਮਿੱਟੀ ਹੀ ਮਿੱਟੀ।
ਉਹ ਧੜ ਨੂੰ ਸਾਂਭਣ ‘ਚ ਲੱਗੇ ਹੋਏ ਸਨ, ਪਰ ਹਵਾ ਕੋਈ ਪੇਸ਼ ਨਹੀਂ ਸੀ ਜਾਣ ਦਿੰਦੀ। ਜੇ ਜ਼ਰਾ ਕੁ ਵੀ ਅੱਖ ਜਾਂ ਮੂੰਹ ਖੋਲ੍ਹਦੇ ਤਾਂ ਮਿੱਟੀ ਦੇ ਕਿਣਕੇ ਅਤੇ ਫੂਸਪੱਲਾ ਆ ਕੇ ਵਜਦਾ। ਇਕ-ਦੂਜੇ ਨੂੰ ਕੁਝ ਵੀ ਨਹੀਂ ਸੀ ਦਿਸਦਾ।
ਜਿੰਦਰੋ ਦੇ ਕੰਡਿਆਂ ਵਾਲੀ ਝਾੜੀ ਆ ਵੱਜੀ। ਉਸ ਨੇ ਜ਼ੋਰ ਨਾਲ ਚੀਕ ਮਾਰੀ, “ਬਾæææਪੂæææਊæææ।”
ਹਵਾ ਐਨੀ ਗੂੰਜਣ ਲੱਗ ਪਈ, ਕਿਸੇ ਨੂੰ ਕੁਝ ਨਾ ਸੁਣਿਆ। ਤੇ ਫਿਰ ਝਾੜੀ ਆਪੇ ਹੀ ਹਵਾ ਨਾਲ ਜਿੰਦਰੋ ਦੇ ਕੱਪੜਿਆਂ ‘ਚ ਮੋਰੀਆਂ ਕਰ ਕੇ ਅਤੇ ਸਰੀਰ ‘ਤੇ ਝਰੀਟਾਂ ਮਾਰ ਕੇ ਉਡ ਗਈ।
ਨੇਰ੍ਹੀ ਕੁਝ ਘੱਟ ਹੋਈ। ਫਿਰ ਚਾਨਣ ਜਿਹਾ ਹੋਇਆ। ਜਿੰਦਰੋ ਨੇ ਅੱਖਾਂ ਮਲੀਆਂ ਤੇ ਝਾਕਣ ਦੀ ਕੋਸ਼ਿਸ਼ ਕੀਤੀ, ਪਰ ਮਿੱਟੀ ਐਨੀ ਰੜਕਣ ਲੱਗ ਪਈ ਕਿ ਅੱਖਾਂ ਫਿਰ ਬੰਦ ਹੋ ਗਈਆਂ। ਉਸ ਨੇ ਅੱਖਾਂ ਮਲ-ਮਲ ਪਾਣੀ ਕੱਢ ਲਿਆ। ਕਦੇ ਮੀਚਦੀ ਕਦੇ ਖੋਲ੍ਹਦੀ ਹੋਈ ਬੋਲੀ, “ਬਾਲਣ ਨਾ ਭੁੱਲਿਓæææਬਾਪੂ!”
“ਨਈਂ ਕੁੜੀਏæææਜਾ ਤੂੰ, ਕਿਤੇ ਮੀਂਹ ਨਾ ਆ ਜਾਵੇ।” ਨੇਤਰ ਨੇ ਵੀ ਅੱਖਾਂ ਮਲੀਆਂ ਤੇ ਨੱਕ ਸਿਣਕ ਕੇ ਮਿੱਟੀ ਕੱਢੀ।
ਜਿੰਦਰੋ ਬੁੜ-ਬੁੜ ਕਰਦੀ, ਅੱਖਾਂ ਖੋਲ੍ਹਦੀ ਮੀਚਦੀ, ਭਾਂਡੇ ਚੁੱਕ ਕੇ ਘਰ ਨੂੰ ਤੁਰ ਪਈ।æææਧੜ ਦਾ ਤਾਂ ਕੱਖ ਨੀ ਰਿਆ, ਬਾਲਣ ਦਾ ਕੀ ਚੇਤਾ ਰਹਿਣੈæææਘਰ ਬੇਬੇ ਆਖੂ- ‘ਤੀਆ ਪਹਿਰ ਹੋ ਗਿਐ?’ ਉਸ ਨੂੰ ਜਾਪਿਆ ਸਿਖਰ ਦੁਪਹਿਰ ਤਾਂ ਉਸ ਉਤੋਂ ਹਾਲੀ ਵੀ ਕੜਕ ਰਹੀ ਹੋਵੇ, ਭਾਵੇਂ ਪਰਛਾਵਾਂ ਢਲ ਗਿਆ ਹੈ। ਫਿਰ ਉਸ ਨੇ ਆਪਣੇ ਸਰੀਰ ਦਾ ਆਲਾ-ਦੁਆਲਾ ਦੇਖਿਆ ਤਾਂ ਉਸ ਨੂੰ ਢਿੱਲਾ-ਢਿੱਲਾ ਜਿਹਾ ਲੱਗਾ।
ਨੇਰ੍ਹੀ ਹੌਲੀ-ਹੌਲੀ ਘੱਟ ਰਹੀ ਸੀ। ਧੜ ਥੋੜ੍ਹੀ ਜਿਹੀ ਰਹਿ ਗਈ। ਉਹ ਅੱਖਾਂ ‘ਚ ਪਈ ਮਿੱਟੀ, ਹਥੇਲੀਆਂ ਨਾਲ ਮਲ-ਮਲ ਕੱਢਦੇ ਹੋਏ ਤੰਗਲੀਆਂ ਲੱਭਣ ਲੱਗ ਪਏ। ਉਨ੍ਹਾਂ ਦੇ ਕੰਨਾਂ ‘ਚ ਥਰੈਸ਼ਰਾਂ ਦੀ ਆਵਾਜ਼, ਨੇਰ੍ਹੀ ਵਾਂਗ ਗੂੰਜਣ ਲੱਗ ਪਈ।

Be the first to comment

Leave a Reply

Your email address will not be published.