ਕਬੱਡੀ ਕੱਪ ਉਤੇ ਡੋਪਿੰਗ ਦਾ ਸਾਇਆ

ਚੰਡੀਗੜ੍ਹ: ਵਿਸ਼ਵ ਕਬੱਡੀ ਕੱਪ ‘ਤੇ ਇਸ ਵਾਰ ਵੀ ਡੋਪਿੰਗ ਦਾ ਸਾਇਆ ਬਰਕਰਾਰ ਹੈ। ਖੇਡ ਵਿਭਾਗ, ਪੰਜਾਬ ਐਮਚਿਓਰ ਕਬੱਡੀ ਐਸੋਸੀਏਸ਼ਨ (ਪਾਕਾ) ਤੇ ਵਿਸ਼ਵ ਕੱਪ ਪ੍ਰਬੰਧਕਾਂ ਵੱਲੋਂ ਸਮੇਂ ਸਿਰ ਕਾਰਵਾਈ ਨਾ ਕਰਨ ਕਰਕੇ ਵਿਸ਼ਵ ਕਬੱਡੀ ਕੱਪ ਵਿਚ ਖੇਡ ਰਹੇ ਖਿਡਾਰੀ ਨਾਕਆਊਟ ਗੇੜ ਤਕ ਤਾਂ ਡੋਪ ਟੈਸਟਾਂ ਤੋਂ ਬਚ ਗਏ ਹਨ ਪਰ ਫਾਈਨਲ ਮੈਚਾਂ ਤੱਕ ਇਹ ਟਾਸਟ ਹੋ ਸਕਦੇ ਹਨ। ਅਜੇ ਤਕ ਨਾਡਾ (ਨੈਸ਼ਨਲ ਐਂਟੀ ਡੋਪਿੰਗ ਏਜੰਸੀ) ਦੀ ਕੋਈ ਵੀ ਟੀਮ ਕਿਤੇ ਵੀ ਖਿਡਾਰੀਆਂ ਦੇ ਸੈਂਪਲ ਲੈਣ ਨਹੀਂ ਪੁੱਜੀ ਤੇ ਵਿਸ਼ਵ ਕਬੱਡੀ ਕੱਪ ਨੂੰ ਡੋਪਿੰਗ ਮੁਕਤ ਕਰਵਾਏ ਜਾਣ ਬਾਰੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੇ ਗਏ ਦਾਅਵੇ ਕਾਫ਼ੂਰ ਹੁੰਦੇ ਨਜ਼ਰ ਆ ਰਹੇ ਹਨ।
‘ਡੋਪਿੰਗ ਕੰਟਰੋਲ’ ਦੀ ਘਾਟ ਕਾਰਨ ਕਬੱਡੀ ਨੂੰ ਓਲੰਪਿਕ ਖੇਡ ਵਜੋਂ ਵਿਕਸਤ ਕਰਨ ਦੇ ਸੁਖਬੀਰ ਸਿੰਘ ਬਾਦਲ ਦੇ ਯਤਨਾਂ ਨੂੰ ਧੱਕਾ ਲੱਗ ਸਕਦਾ ਹੈ। ਸੂਤਰਾਂ ਅਨੁਸਾਰ ਬੇਹੱਦ ਪ੍ਰਚਾਰੇ ਇਸ ਵਿਸ਼ਵ ਕਬੱਡੀ ਕੱਪ ਦੀ ਸ਼ੁਰੂਆਤ ਤੋਂ ਬਿਲਕੁਲ ਪਹਿਲਾਂ ਭਾਰਤੀ ਖਿਡਾਰੀਆਂ ਦੇ ਟੈਸਟ ਲਈ ਨਾਡਾ ਦੀ ਟੀਮ ਨੂੰ ਸੁਨੇਹਾ ਦਿੱਤਾ ਗਿਆ। ਇਨ੍ਹਾਂ ਟੈਸਟਾਂ ਦਾ ਨਤੀਜਾ ਅਜੇ ਆਉਣਾ ਹੈ। ਡੋਪ ਦੇ ਡੰਗ ਤੋਂ ਡਰਦਿਆਂ ਭਾਰਤੀ ਕਬੱਡੀ ਟੀਮ ਵਿਚ ਕੁਝ ਵਾਧੂ ਖਿਡਾਰੀ ਸ਼ਾਮਲ ਕੀਤੇ ਗਏ ਹਨ। ਵਿਸ਼ਵ ਕਬੱਡੀ ਕੱਪ ਦੇ ਪ੍ਰਬੰਧਕਾਂ ਨੂੰ ਇਹ ਲੋੜ ਤੋਂ ਵੱਧ ਭਰੋਸਾ ਸੀ ਕਿ ਨਾਡਾ ਦੀਆਂ ਟੀਮਾਂ ਸੁਨੇਹਾ ਮਿਲਦਿਆਂ ਸਾਰ ਤੁਰੰਤ ਹੀ ਆ ਜਾਣਗੀਆਂ।   ਇਹ ਸਮਝਿਆ ਜਾ ਰਿਹਾ ਹੈ ਕਿ ਨਾਡਾ ਦੇ ਚੇਅਰਮੈਨ ਵਿਸ਼ਵ ਕੱਪ ਦੇ ਪ੍ਰਬੰਧਕਾਂ ਨੂੰ ਪੱਤਰ ਲਿਖ ਕੇ ਸਪਸ਼ਟੀਕਰਨ ਮੰਗ ਸਕਦੇ ਹਨ। ਹੁਣ ਡੋਪਿੰਗ ਟੈਸਟ ਨਾਕਆਊਟ ਗੇੜ ਜਾਂ ਸੈਮੀ ਫਾਈਨਲ ਤਕ ਹੀ ਹੋ ਸਕਣਗੇ ਤੇ ਇਸ ਤਰ੍ਹਾਂ ਨਤੀਜੇ ਵੀ ਦੇਰ ਨਾਲ ਨਿਕਲਣਗੇ। ਇਸ ਤਰ੍ਹਾਂ ਜੋ ਟੀਮਾਂ ਨਾਕਆਊਟ ਗੇੜ ਤਕ ਨਹੀਂ ਪੁੱਜਣਗੀਆਂ, ਉਨ੍ਹਾਂ ਦੇ ਖਿਡਾਰੀਆਂ ਨੂੰ ਡੋਪ ਟੈਸਟ ਦਾ ਕੋਈ ਡਰ ਨਹੀਂ ਤੇ ਇਹ ਖਦਸ਼ਾ ਬਣਿਆ ਰਹੇਗਾ ਕਿ ਉਨ੍ਹਾਂ ਤਾਕਤ ਵਧਾਊ ਵਰਜਿਤ ਦਵਾਈਆਂ ਦਾ ਸੇਵਾਨ ਕੀਤਾ ਹੈ ਕਿ ਨਹੀਂ। ਜ਼ਿਕਰਯੋਗ ਹੈ ਕਿ ਪਿਛਲੇ ਵਿਸ਼ਵ ਕਬੱਡੀ ਕੱਪ ਵਿਚ ਡੋਪਿੰਗ ਦੇ ਟੈਸਟ ਵੱਡੀ ਗਿਣਤੀ ਵਿਚ ਫੇਲ੍ਹ ਹੋ ਗਏ ਸਨ ਤੇ ਵਿਸ਼ਵ ਕਬੱਡੀ ਕੱਪ ਸ਼ੋਹਰਤ ਦੀ ਥਾਂ ਖੁਨਾਮੀ ਵਧੇਰੇ ਖੱਟ ਗਿਆ ਸੀ। ਇਸ ਤੋਂ ਇਲਾਵਾ ਵਿਸ਼ਵ ਕੱਪ ਦੇ ਪ੍ਰਬੰਧਕਾਂ ਕੋਲ ਅਜਿਹਾ ਕੋਈ ਪ੍ਰਬੰਧ ਨਹੀਂ ਹੈ ਕਿ ਉਹ ਡੋਪ ਟੈਸਟ ਵਿਚੋਂ ਫੇਲ੍ਹ ਹੋਏ ਕਬੱਡੀ ਖਿਡਾਰੀਆਂ ਉਤੇ ਦੋ ਜਾਂ ਤਿੰਨ ਸਾਲ ਲਈ ਖੇਡਣ ‘ਤੇ ਰੋਕ ਲਗਾਉਣ।

Be the first to comment

Leave a Reply

Your email address will not be published.