‘ਪੰਜਾਬੀ ਟਾਈਮਜ਼’ ਦੇ ਅੰਕ ਨੰਬਰ 44 ਵਿਚ ਹਰਜਿੰਦਰ ਕੰਗ ਦਾ ਜਾਣਕਾਰੀ ਭਰਪੂਰ ਲੇਖ ‘ਪੰਜਾਬੀ ਭਾਸ਼ਾ ਤੇ ਪੰਜਾਬੀ ਲੋਕ’ ਪੜ੍ਹਿਆ। ਬਹੁਤ ਸਾਰੀਆਂ ਅਗਿਆਤ ਗੱਲਾਂ ਦਾ ਪਤਾ ਲੱਗਾ। ‘ਪੰਜਾਬ ਟਾਈਮਜ਼’ ਵਿਚ ਛਪਦੇ ਸਾਰੇ ਲੇਖ ਮਿਆਰੀ ਅਤੇ ਵਿਗਿਆਨਕ ਸੋਚ ਨੂੰ ਪ੍ਰਨਾਏ ਹੁੰਦੇ ਹਨ। ਪਾਰਕਾਂ ਵਿਚ ਬੈਠੇ ਬਹੁ-ਗਿਣਤੀ ਪਾਠਕਾਂ ਦੀਆਂ ਗੱਲਾਂ ਤੋਂ ਪਰਚੇ ਦੀ ਹਰਮਨ-ਪਿਆਰਤਾ ਦਾ ਪਤਾ ਲੱਗ ਜਾਂਦਾ ਹੈ।
ਜਿਵੇਂ ਸ੍ਰੀ ਕੰਗ ਨੇ ਲਿਖਿਆ ਹੈ, ਪੰਜਾਬ ਦਾ ਖੇਤਰਫ਼ਲ ਦਿੱਲੀ-ਅੰਬਾਲਾ ਤੋਂ ਅਟਕ ਅਤੇ ਬਹਾਵਲਪੁਰ ਤੋਂ ਹਜ਼ਾਰੇ ਤੱਕ ਸੀ, ਪਰ 1947 ਵਿਚ ਮਜ਼੍ਹਬ ਦੇ ਨਾਂ ‘ਤੇ ਇਸ ਦੀ ਵੰਡ ਹੋ ਗਈ। ਇਹ ਵੰਡ ਗੈਰ-ਕੁਦਰਤੀ ਸੀ। ਲੋਕ ਵੰਡ ਨਹੀਂ ਸੀ ਚਾਹੁੰਦੇ, ਇਹ ਤਾਂ ਨਿਰੋਲ ਸਾਡੇ ਲੀਡਰਾਂ ਦਾ ਬੰਦ ਕਮਰੇ ਵਿਚ ਬੈਠ ਕੇ ਕੀਤਾ ਲੋਕ-ਦੋਖੀ ਫੈਸਲਾ ਸੀ। ਮਜ਼੍ਹਬ ਵੱਖ-ਵੱਖ ਹੋ ਸਕਦੇ ਹਨ, ਪਰ ਉਸ ਧਰਤੀ ਦੀ ਮਾਂ-ਬੋਲੀ ਤੇ ਸਭਿਆਚਾਰ ਵੱਖ-ਵੱਖ ਨਹੀਂ ਹੋ ਸਕਦੇ। ਵੰਡ ਵੇਲੇ ਜੇ ਹਿੰਦੂ, ਸਿੱਖ ਤੇ ਮੁਸਲਮਾਨ ਬਣਨ ਦੀ ਥਾਂ, ਸਿਰਫ ਪੰਜਾਬੀ ਬਣੇ ਰਹਿੰਦੇ ਤਾਂ ਸ਼ਾਇਦ ਸਾਡਾ ਜਿੰਨਾ ਜਾਨੀ ਤੇ ਮਾਲੀ ਨੁਕਸਾਨ ਉਸ ਵਕਤ ਹੋਇਆ, ਨਾ ਹੁੰਦਾ। ਅੱਜ ਦੋਹਾਂ ਪੰਜਾਬਾਂ ਵਿਚ ਪੰਜਾਬੀ ਬੋਲੀ ਨੂੰ ਜੋ ਸਥਾਨ ਮਿਲਣਾ ਚਾਹੀਦਾ ਸੀ, ਨਹੀਂ ਮਿਲਿਆ। 1947 ਤੋਂ ਪਹਿਲਾਂ ਬਾਬੂ ਫਿਰੋਜ਼ਦੀਨ ਸਰਫ ਨੇ ਪੰਜਾਬੀ ਜ਼ੁਬਾਨ ਦੀ ਤਰਸਯੋਗ ਹਾਲਤ ਨੂੰ ਆਪਣੀ ਇਕ ਕਵਿਤਾ ਵਿਚ ਇਸ ਤਰ੍ਹਾਂ ਬਿਆਨ ਕੀਤਾ ਹੈ:
ਕਹਿਣ ਲੱਗੀ ਉਹ ਦੱਸਾਂ ਮੈਂ ਕੀ ਤੈਨੂੰ,
ਬੜੀ ਦੁੱਖਾਂ ਦੇ ਮੂੰਹ ਵਿਚ ਢੋਈ ਹੋਈ ਹਾਂ।
ਹੱਥੀਂ ਲੋਰੀਆਂ ਜਿਨ੍ਹਾਂ ਨੂੰ ਰਹੀ ਦੇਂਦੀ,
ਉਨ੍ਹਾਂ ਵਾਸਤੇ ਮੈਂ ਅਜ ‘ਕੋਈ’ ਹੋਈ ਹਾਂ।
ਉਂਜ ਤਾਂ ਪੰਜਾਂ ਦਰਿਆਵਾਂ ਦੀ ਹਾਂ ਰਾਣੀ,
ਅੱਜ ਮੈਂ ਪਾਣੀਓਂ ਵੀ ਪਤਲੀ ਹੋਈ ਹੋਈ ਹਾਂ।
ਮੁੱਠਾਂ ਮੀਟ ਕੇ ਨੁੱਕਰੇ ਹਾਂ ਬੈਠੀ,
ਟੁੱਟੀ ਹੋਈ ਸਿਤਾਰ ਹਾਂ ਰੱਬਾਬੀਆਂ ਦੀ,
ਪੁੱਛੀ ਬਾਤ ਨਾ ਜਿਨ੍ਹਾਂ ਨੇ ਸਰਫ ਮੇਰੀ,
ਵੇ ਮੈਂ ਬੋਲੀ ਹਾਂ ਉਨ੍ਹਾਂ ਪੰਜਾਬੀਆਂ ਦੀ।
ਆਜ਼ਾਦੀ ਤੋਂ ਪਹਿਲਾਂ ਕੌਮੀ ਲੀਡਰਾਂ ਨੇ ਵਾਅਦਾ ਕੀਤਾ ਸੀ ਕਿ ਸੂਬੇ ਬੋਲੀ ਦੇ ਆਧਾਰ ‘ਤੇ ਬਣਨਗੇ। ਬੋਲੀ ਦੇ ਆਧਾਰ ‘ਤੇ ਸੂਬੇ ਬਣਾ ਵੀ ਦਿੱਤੇ, ਪਰ ਤਾਮਿਲਨਾਡੂ ਅਤੇ ਪੰਜਾਬ ਨੂੰ ਛੱਡ ਲਿਆ। ਰੋਮੇਲੋ ਨਾਂ ਦੇ ਤਾਮਿਲ ਨੇ ਤਾਮਿਲ ਬੋਲੀ ਦੇ ਆਧਾਰ ‘ਤੇ ਸੂਬਾ ਬਣਾਉਣ ਦੇ ਖਿਲਾਫ ਰੋਸ ਪ੍ਰਗਟ ਕਰਨ ਲਈ ਆਤਮਦਾਹ ਕਰ ਲਿਆ, ਤਾਂ ਲੀਡਰਾਂ ਨੇ ਤਾਮਿਲ ਸੂਬਾ ਬਣਾ ਦਿੱਤਾ। ਮਗਰੋਂ ਪੰਜਾਬੀ ਸੂਬਾ ਵੀ ਬਣਾ ਦਿੱਤਾ, ਬੇਅੰਤ ਬੜੀਆਂ ਕੁਰਬਾਨੀਆਂ ਤੋਂ ਬਾਅਦ, ਪਰ ਲੰਗੜਾ! ਸਾਡੇ ਅਜੋਕੇ ਲੀਡਰਾਂ ਨੇ ਆਪਣੀ ਐਸ਼ੋ-ਇਸ਼ਰਤ ਅਤੇ ਲੋਕਾਂ ਦੇ ‘ਦੁੱਖਾਂ ਦਾ ਪ੍ਰਬੰਧ’ ਕਰਨ ਦਾ ਬੜਾ ਸੌਖਾ ਢੰਗ ਈਜ਼ਾਦ ਕਰ ਲਿਆ ਹੈ- ਲੋਕਾਂ ਨੂੰ ਮਜ਼੍ਹਬ, ਭਾਸ਼ਾ, ਇਲਾਕੇ ਤੇ ਜਾਤ-ਬਰਾਦਰੀ ਵਿਚ ਵੰਡ ਕੇ ਲੜਾਓ, ਤੇ ਫ਼ਿਰ ਵੋਟਾਂ ਬਟੋਰੋ। ਇਸ ਸਾਜ਼ਿਸ਼ ਦਾ ਸ਼ਿਕਾਰ ਹੋ ਕੇ ਸਾਡੇ ਕੁਝ ਪੰਜਾਬੀਆਂ ਨੇ ਪੰਜਾਬੀ ਨੂੰ ਆਪਣੀ ਮਾਂ-ਬੋਲੀ ਮੰਨਣ ਤੋਂ ਹੀ ਇਨਕਾਰ ਕਰ ਦਿੱਤਾ। ਇਸ ਇਤਿਹਾਸਕ ਗਲਤੀ ਦਾ ਖਮਿਆਜਾ ਹਰ ਫ਼ਿਰਕੇ ਦੇ ਪੰਜਾਬੀ ਨੂੰ ਭੁਗਤਣਾ ਪਿਆ। ਜਿਸ ਬਜ਼ੁਰਗ ਪੱਤਰਕਾਰ ਨੇ ਆਪਣੇ ਫ਼ਿਰਕੇ ਦੇ ਲੋਕਾਂ ਨੂੰ ਮਾਂ-ਬੋਲੀ ਬਾਰੇ ਗੁੰਮਰਾਹ ਕੀਤਾ ਸੀ, ਉਸ ਦੇ ਪੋਤਰੇ ਨੇ ਮੀਡੀਆ ਰਾਹੀਂ ਆਪਣੇ ਬਜ਼ੁਰਗ ਦੀ ਗਲਤੀ ਦੀ ਮੁਆਫ਼ੀ ਮੰਗ ਕੇ ਆਪਣੇ ਪੰਜਾਬੀ ਹੋਣ ਦਾ ਸਬੂਤ ਦਿੱਤਾ। ਉਸ ਦੀ ਇਸ ਦਲੇਰੀ ਨੂੰ ਸਲਾਮ ਹੈ।
ਇਸ ਦੇ ਨਾਲ ਹੀ ਇਕ ਮਿਸਾਲ ਦੇਣੀ ਚਾਹਵਾਂਗਾ: ਪਾਕਿਸਤਾਨ ਦੀ ਸਥਾਪਨਾ ਮੁਹੰਮਦ ਅਲੀ ਜਿਨਾਹ ਦੀ ‘ਟੂ-ਨੇਸ਼ਨ ਥਿਊਰੀ’ ਦੇ ਆਧਾਰ ‘ਤੇ ਹੋਈ; ਭਾਵ ਹਿੰਦੂ ਅਤੇ ਮੁਸਲਿਮ ਆਬਾਦੀ ‘ਤੇ ਆਧਾਰਤ। ਅੱਧਾ ਪੰਜਾਬ, ਸਿੰਧ, ਬਲੋਚਿਸਤਾਨ ਤੇ ਉਤਰ-ਪੱਛਮੀ ਸਰਹੱਦੀ ਸੂਬਾ ਪੱਛਮੀ ਪਾਕਿਤਸਾਨ ਬਣਿਆ ਅਤੇ ਪੂਰਬੀ ਬੰਗਾਲ ਤੇ ਆਸਾਮ ਦਾ ਕੁਝ ਹਿੱਸਾ ਪੂਰਬੀ ਪਾਕਿਸਤਾਨ ਬਣਿਆ। ਬੰਗਾਲੀਆਂ ਦੀ ਭਾਸ਼ਾ ਬੰਗਲਾ ਹੈ। ਇਸ ਜ਼ੁਬਾਨ ਦਾ ਮਹਾਨ ਕਵੀ ਰਾਬਿੰਦਰ ਨਾਥ ਟੈਗੋਰ ਹੋਇਆ ਹੈ। ਇਸ ਕਵੀ ਦੀ ਮਾਤ-ਭਾਸ਼ਾ ਬੰਗਲਾ ਦੇ ਗੀਤ ਢਾਕਾ ਰੇਡੀਓ ਤੋਂ ਪ੍ਰਸਾਰਤ ਹੁੰਦੇ ਸਨ। ਪੱਛਮੀ ਪਾਕਿਸਤਾਨ ਦੇ ਮਜ਼੍ਹਬੀ ਜਨੂੰਨੀਆਂ ਨੇ ਪੂਰਬੀ ਪਾਕਿਸਤਾਨ ਵਾਲਿਆਂ ਨੂੰ ਢਾਕਾ ਰੇਡੀਓ ਤੋਂ ਟੈਗੋਰ ਦੇ ਗੀਤ ਬੰਦ ਕਰ ਲਈ ਕਿਹਾ ਕਿ ਉਹ ਹਿੰਦੂ ਹੈ। ਬੰਗਾਲੀ ਆਪਣੀ ਮਾਤ-ਭਾਸ਼ਾ ਨੂੰ ਬਹੁਤ ਪਿਆਰ ਕਰਦੇ ਹਨ, ਉਨ੍ਹਾਂ ਨੇ ਸਾਫ ਇਨਕਾਰ ਕਰ ਦਿੱਤਾ, ਤੇ ਕਿਹਾ ਕਿ ਟੈਗੋਰ ਬੇਸ਼ੱਕ ਹਿੰਦੂ ਹੈ, ਪਰ ਉਹ ਸਾਡੀ ਮਾਤ-ਭਾਸ਼ਾ ਦਾ ਮਹਾਨ ਕਵੀ ਹੈ।
ਸਾਨੂੰ ਵੀ ਬੰਗਾਲੀਆਂ ਵਾਂਗ ਮਜ਼੍ਹਬਾਂ ਤੋਂ ਉਪਰ ਉਠ ਕੇ ਆਪਣੀ ਮਾਂ-ਬੋਲੀ ਪੰਜਾਬੀ ਨੂੰ ਪਿਆਰ ਕਰਨਾ ਚਾਹੀਦਾ ਹੈ। ਸਾਰੀ ਦੁਨੀਆਂ ਵਿਚ 12-13 ਕਰੋੜ ਪੰਜਾਬੀ ਵੱਸਦੇ ਹਨ। ਸਾਰੇ ਪੰਜਾਬੀਆਂ ਨੂੰ ਇਸ ਦੀ ਤਰੱਕੀ ਲਈ ਹਰ ਸੰਭਵ ਯਤਨ ਕਰਨਾ ਚਾਹੀਦਾ ਹੈ ਤਾਂ ਕਿ ਪ੍ਰੋæ ਮੋਹਨ ਸਿੰਘ, ਧਨੀ ਰਾਮ ਚਾਤ੍ਰਿਕ ਤੇ ਬਾਬੂ ਫਿਰੋਜ਼ਦੀਨ ਸਰਫ਼ ਦੀ ਮਾਤ-ਭਾਸ਼ਾ ਰਹਿੰਦੀ ਦੁਨੀਆਂ ਤੱਕ ਜ਼ਿੰਦਾ ਰਹੇ।
-ਜਸਵੰਤ ਸਿੰਘ ਸੰਧੂ (ਘਰਿੰਡਾ)
ਯੂਨੀਅਨ ਸਿਟੀ, ਕੈਲੀਫੋਰਨੀਆ।
ਫੋਨ: 510-516-5971
Leave a Reply