ਚਿਰ ਪਹਿਲਾਂ ‘ਪੰਜਾਬ ਟਾਈਮਜ਼’ ਦੇ ਅੰਕ 33 (16 ਅਗਸਤ) ਵਿਚ ਕੁਲਦੀਪ ਤੱਖਰ ਦਾ ਲੇਖ ‘ਤੂੰਬੀ, ਸੁਰ ਤੇ ਸੰਗੀਤ’ ਛਾਪਿਆ ਗਿਆ ਸੀ। ਇਸ ਬਾਰੇ ਸਭ ਤੋਂ ਪਹਿਲੀ ਲਿਖਤੀ ਟਿੱਪਣੀ ਸਾਡੇ ਕਾਲਮਨਵੀਸ ਤਰਲੋਚਨ ਸਿੰਘ ਦੁਪਾਲਪੁਰ ਦੀ ਆਈ ਸੀ। ਉਨ੍ਹਾਂ ਗੁਰਮਤਿ ਦੀ ਕੁਝ ਵਿਆਖਿਆ ਕਰਦਿਆਂ ਇਸ ਲੇਖ ਦੇ ਹੱਕ ਵਿਚ ਹਾਂ ਵਿਚ ਹਾਂ ਮਿਲਾਈ ਸੀ। ਫਿਰ ਕੁਝ ਮੁਖਾਲਿਫ ਵਿਚਾਰ ਵੀ ਆਏ ਜਿਹੜੇ ਬਾਕਾਇਦਾ ਪਰਚੇ ਵਿਚ ਛਾਪੇ ਗਏ। ਆਪਣੇ ਇਸ ਲੇਖ ਵਿਚ ਕੁਲਦੀਪ ਤੱਖਰ ਨੇ ਤੂੰਬੀ ਅਤੇ ਸੁਰ ਵਿਚਕਾਰ ਕੋਈ ਸਬੰਧ ਨਾ ਹੋਣ ਬਾਰੇ ਗੱਲ ਕੀਤੀ ਸੀ ਅਤੇ ਅੱਜ ਕੱਲ੍ਹ ਦੇ ਬੇਸੁਰੇ ਗਾਇਕਾਂ ਦੀ ਚੜ੍ਹਤ ਦਾ ਤੋੜਾ ਇਸ ‘ਤੂੰਬੀ ਮਾਰਕਾ ਪਹੁੰਚ’ ਉਤੇ ਝਾੜਿਆ ਸੀ। ਉਨ੍ਹਾਂ ਦਾ ਤਰਕ ਸੀ ਕਿ ਜਿਸ ਤਰ੍ਹਾਂ ਤੂੰਬੀ ਨੂੰ ਸਿੱਖਣ-ਸਿਖਾਉਣ ਦੀ ਕਦੀ ਲੋੜ ਨਹੀਂ ਪੈਂਦੀ, ਇਸੇ ਤਰ੍ਹਾਂ ਬੇਸੁਰੇ ਗਾਇਕ ਬਿਨਾਂ ਕੁਝ ਸਿੱਖਿਆਂ ਸੰਗੀਤ ਦੀਆਂ ਸਟੇਜਾਂ ਹਿਲਾ ਰਹੇ ਹਨ। ਅਦਾਰੇ ਨੇ ਇਸ ਪ੍ਰਸੰਗ ਨੂੰ ਉਭਾਰਨ ਖਾਤਰ ਹੀ ਇਹ ਲੇਖ ਛਾਪਣ ਦਾ ਫੈਸਲਾ ਕੀਤਾ ਸੀ। ਇਸ ਲੇਖ ਵਿਚ ਲਾਲ ਚੰਦ ਯਮਲਾ ਜੱਟ ਦਾ ਵੀ ਚੋਖਾ ਜ਼ਿਕਰ ਸੀ, ਪਰ ਲੇਖ ਦਾ ਨੁਕਤਾ ਬੇਸੁਰੇ ਸੰਗੀਤ ਤੋਂ ਛੁਟਕਾਰੇ ਦਾ ਹੀ ਸੀ। ਉਂਜ, ਬਹਿਸ ਦਾ ਰੁਖ ਇਸ ਪਾਸੇ ਘੱਟ ਹੀ ਵਗਿਆ ਹੈ। ਇਸ ਸਿਲਸਿਲੇ ਵਿਚ ਹੁਣ ਸਾਨੂੰ ਦੋ ਹੋਰ ਟਿੱਪਣੀਆਂ ਹਾਸਲ ਹੋਈਆਂ ਹਨ ਜਿਹੜੀਆਂ ਕੁਝ ਕੁ ਸੰਖੇਪ ਕਰ ਕੇ ਛਾਪੀਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਇਸ ਮਸਲੇ ‘ਤੇ ਇਹ ਬਹਿਸ ਇਥੇ ਹੀ ਬੰਦ ਕੀਤੀ ਜਾ ਰਹੀ ਹੈ। -ਸੰਪਾਦਕ
-ਸੰਪੂਰਨ ਸਿੰਘ, ਹਿਊਸਟਨ
ਫੋਨ: 281-635-7466
ਮੇਰਾ ਭਰਾਵਾਂ ਵਰਗਾ ਇਕ ਰਿਸ਼ਤੇਦਾਰ ਅਕਸਰ ਆਪਣੇ ਕਿਸੇ ਜਾਣਕਾਰ ਪੰਚ ਦੀ ਗੱਲ ਕਰ ਕੇ ਹਸਾਉਂਦਾ ਹੈ ਕਿ ਜਦੋਂ ਕਦੀ ਵੀ ਪੰਚਾਇਤ ਦੀ ਮੀਟਿੰਗ ਹੁੰਦੀ, ਉਹ ਸ਼ੁਰੂ ਵਿਚ ਹੀ ਬੋਲਦਾ, “ਆਪਾਂ ਗੱਲ ਸੱਚੀ ਕਰਨੀ ਐ, ਭਾਵੇਂ ਕਿਸੇ ਨੂੰ ਚੰਗੀ ਲੱਗੇ ਜਾਂ ਮਾੜੀ।” ਪਰ ਇਸ ਤੋਂ ਬਾਅਦ ਪੰਚਾਇਤ ਦੀ ਪੂਰੀ ਮੀਟਿੰਗ ਦੌਰਾਨ ਉਹ ਕੁਝ ਵੀ ਨਾ ਬੋਲਦਾ। ਦਿਲਚਸਪ ਗੱਲ ਇਹ ਕਿ ਉਹ ਪੰਚ, ਹਰ ਵਾਰੀ ਚੋਣ ਜਿੱਤ ਜਾਂਦਾ। ਉਸ ਬੰਦੇ ਨੂੰ ਹਰ ਚੋਣ ਵਿਚ ਲੋਕਾਂ ਵੱਲੋਂ ਮਿਲੇ ਹਾਂ-ਪੱਖੀ ਫਤਵੇ ਤੋਂ ਇਕ ਗੱਲ ਤਾਂ ਸਪਸ਼ਟ ਹੋ ਜਾਂਦੀ ਹੈ ਕਿ ਮਾੜਾ ਬੋਲਣ ਵਾਲੇ ਨਾਲੋਂ ਕੁਝ ਵੀ ਨਾ ਬੋਲਣ ਵਾਲਾ ਬਿਹਤਰ ਹੈ, ਤੇ ਲੋਕਾਂ ਅੰਦਰ ਕਿਸੇ ਹੱਦ ਤੱਕ ਪ੍ਰਵਾਨਤ ਵੀ ਹੈ।
ਅਮਰੀਕਾ ਦਾ ਇਕ ਰਾਸ਼ਟਰਪਤੀ ਹੋਇਆ ਹੈ ਜੌਹਨ ਕੈਲਵਿਨ ਕੂਲਿਜ (1923-29)। ਉਸ ਬਾਰੇ ਇਕ ਗੱਲ ਬੜੀ ਮਸ਼ਹੂਰ ਸੀ ਕਿ ਉਹ ਬਹੁਤ ਘੱਟ ਬੋਲਦਾ ਹੈ। ਉਸ ਦੀ ਮੌਤ ਤੋਂ ਕੁਝ ਸਮਾਂ ਪਹਿਲਾਂ ਉਸ ਦੇ ਕਿਸੇ ਕਰੀਬੀ ਦੋਸਤ ਨੇ ਸਵਾਲ ਕੀਤਾ, “ਤੂੰ ਆਪਣੀ ਪ੍ਰਧਾਨਗੀ ਦੌਰਾਨ ਇੰਨਾ ਘੱਟ ਬੋਲਿਆ ਹੈ, ਇਸ ਦਾ ਰਾਜ਼ ਕੀ ਹੈ?” ਰਾਸ਼ਟਰਪਤੀ ਦਾ ਜਵਾਬ ਸੀ, “ਜੋ ਕੁਝ ਮੈਂ ਨਹੀਂਂ ਬੋਲਿਆ, ਉਸ ਦਾ ਮੈਨੂੰ ਕਦੀ ਪਛਤਾਵਾ ਨਹੀਂਂ ਹੋਇਆ। ਮੈਨੂੰ ਜਦ ਵੀ ਕਦੀ ਕਿਤੇ ਪਛਤਾਵੇ ਵਰਗੀ ਹਾਲਤ ਦਾ ਸਾਹਮਣਾ ਕਰਨਾ ਪਿਆ, ਉਹ ਮੇਰੇ ਕਿਸੇ ਨਾ ਕਿਸੇ ਬੋਲ ਉਪਰ ਆਧਾਰਤ ਸੀ।”
ਦਰਵੇਸ਼ ਵਿਦਵਾਨ ਸ਼ੇਖ ਸਾਅਦੀ ਦਾ ਕਥਨ ਹੈ ਕਿ ਕੋਈ ਅਭਾਗਾ ਬੰਦਾ ਜਿਸ ਦੀ ਜ਼ੁਬਾਨ ਕੱਟੀ ਹੋਈ ਹੈ, ਉਸ ਆਦਮੀ ਤੋਂ ਬਿਹਤਰ ਹੈ ਜਿਸ ਦੀ ਜ਼ੁਬਾਨ ਆਪਣੇ ਵੱਸ ਵਿਚ ਨਹੀਂ।
ਇਹ ਸਤਰਾਂ ਦਾ ਇਹ ਅਰਥ ਕਤਈ ਨਹੀਂ ਕਿ ਨਾ ਬੋਲਣਾ ਹੀ ਚੰਗਾ ਹੈ। ਬੋਲਣ ਬਿਨਾਂ ਤਾਂ ਕੋਈ ਗੱਲ ਅੱਗੇ ਤੁਰਦੀ ਹੀ ਨਹੀਂ। ਗੁਰਬਾਣੀ ਦੀ ਤੁਕ ‘ਬੋਲਿ ਸੁਧਰਮੀੜਿਆ ਮੋਨਿ ਕਤ ਧਾਰੀ ਰਾਮ’ ਇਹੀ ਪ੍ਰੇਰਨਾ ਦਿੰਦੀ ਹੈ ਕਿ ਜਿੰਨਾ ਗੁਨਾਹ ਬਿਨਾਂ ਵਜ੍ਹਾ ਦੇ ਬੋਲਣਾ ਹੈ, ਉਤਨਾ ਹੀ ਗੁਨਾਹ ਹੈ ਜਦੋਂ ਤੁਸੀਂ ਕਿਸੇ ਅਧਰਮ, ਕੁਰੀਤੀ ਜਾਂ ਕਿਸੇ ਬੁਰਾਈ ਦੇ ਪਸਾਰੇ ਦੀ ਰੋਕ ਲਈ ਵੀ ਆਪਣੀ ਆਵਾਜ਼ ਨਹੀਂ ਉਠਾਉਂਦੇ। ਇਹ ਜੋ ਵੀ ਉਦਾਹਰਣਾਂ ਮੈਂ ਬੋਲਣ ਜਾਂ ਨਾ ਬੋਲਣ ਸਬੰਧੀ ਬਣਦੀ ਜ਼ਿੰਮੇਵਾਰੀ ਨੂੰ ਨਾ ਨਿਭਾਉਣ ਉਪਰ ਕਹੀਆਂ ਹਨ, ਉਹ ਉਤਨੀਆਂ ਹੀ ਕਿਸੇ ਲੇਖਕ ਦੀ ਲਿਖਤ ਸਬੰਧੀ ਵੀ ਹਨ। ਬੋਲੇ ਗਏ ਬੋਲਾਂ ਨਾਲੋਂ ਕਿਤੇ ਵੱਧ ਪ੍ਰਮਾਣਿਕਤਾ ਲਿਖੇ ਹੋਏ ਅੱਖਰਾਂ ਦੀ ਹੁੰਦੀ ਹੈ। ਸੋ, ਲੇਖਕ ਦੀ ਆਪਣੇ ਲਿਖਣ ਧਰਮ ਪ੍ਰਤੀ ਜ਼ਿੰਮੇਵਾਰੀ, ਬੋਲਣ ਵਾਲੇ ਦੇ ਬੋਲਾਂ ਪ੍ਰਤੀ ਜ਼ਿੰਮੇਵਾਰੀ ਨਾਲੋਂ ਵੀ ਵੱਧ ਹੈ।
ਮੇਰੇ ਇਕ ਸਨੇਹੀ ਵੀਰ ਨੇ ਫੋਨ ਉਪਰ ਮੇਰੇ ਨਾ ਗੱਲ ਕਰਦਿਆਂ ‘ਪੰਜਾਬ ਟਾਈਮਜ਼’ ਵਿਚ ਕੁਝ ਸਮਾਂ ਪਹਿਲਾਂ ਛਪੇ ਲੇਖ ‘ਤੂੰਬੀ, ਸੁਰ ਤੇ ਸੰਗੀਤ’ ਬਾਰੇ ਬੜੀ ਵੇਦਨਾ ਨਾਲ ਇਕ ਗੱਲ ਕਹੀ ਕਿ ਪਤਾ ਨਹੀਂ ਕਿਉਂ, ਕਈ ਵਾਰ ਸਾਡੇ ਸਿਆਣੇ ਲੇਖਕਾਂ ਨੂੰ ਵੀ ਕੀ ਹੋ ਜਾਂਦਾ ਹੈ ਕਿ ਉਹ ਆਪਣਾ ਲਿਖਣ ਧਰਮ ਵੀ ਭੁੱਲ ਜਾਂਦੇ ਹਨ। ਯਮਲੇ ਵਰਗੇ ਦਰਵੇਸ਼ ਕਲਾਕਾਰ ਬਾਰੇ ਵੀ ਬੇਤੁਕਾ ਲਿਖਣ ਤੋਂ ਗੁਰੇਜ਼ ਨਹੀਂ ਕੀਤਾ। ਆਪਣੇ ਇਸ ਸਨੇਹੀ ਵੀਰ ਦੀ ਪ੍ਰੇਰਨਾ ਸਦਕਾ ਹੀ ਮੈਂ ਇਹ ਸਤਰਾਂ ਲਿਖ ਰਿਹਾ ਹਾਂ। ‘ਤੂੰਬੀ, ਸੁਰ ਤੇ ਸੰਗੀਤ’ ਲੇਖ ਪੜ੍ਹਨ ਉਪਰੰਤ ਮੈਨੂੰ ਦੁੱਖ ਨਾਲੋਂ ਵੱਧ ਹੈਰਾਨੀ ਹੋਈ ਕਿ ਲੇਖਕ ਦੀ ਲੇਖਣੀ ਸਿਰਫ ਤੇ ਸਿਰਫ ਬੁਰਾਈ ਕਰਨ ਦੇ ਦ੍ਰਿਸ਼ਟੀਕੋਣ ਉਪਰ ਹੀ ਆਧਾਰਤ ਹੈ, ਕਿਸੇ ਤੱਥ ਦੀ ਪ੍ਰਮਾਣਿਕਤਾ ਉਪਰ ਨਹੀਂ।
ਪੁਰਾਤਨ ਸਮੇਂ ਤੋਂ ਜੋ ਪ੍ਰਮਾਣਿਤ ਤੇ ਪ੍ਰਚਲਿਤ ਸੰਗੀਤਕ ਸਾਜ਼ ਹਨ, ਉਨ੍ਹਾਂ ਦੀ ਗਿਣਤੀ 14 ਹੈ। ਤਬਲਾ, ਢੋਲ ਤੇ ਬਾਂਸਰੀ ਉਨ੍ਹਾਂ ਸਾਜ਼ਾਂ ਦਾ ਹਿੱਸਾ ਹਨ। ਹਾਰਮੋਨੀਅਮ ਦਾ ਜ਼ਿਕਰ ਨਹੀਂ ਆਉਂਦਾ। ਇਹ ਸਾਜ਼ 1840-42 ਅੰਦਰ ਪੈਰਿਸ (ਫਰਾਂਸ) ਦੇ ਅਲੈਗਜ਼ਾਂਦਰ ਡੀਬੇਨ ਦੀ ਕਾਢ ਸੀ ਤੇ 10-15 ਸਾਲ ਬਾਅਦ ਭਾਰਤ ਅੰਦਰ ਇਸ ਦੀ ਆਮਦ ਦਾ ਜ਼ਿਕਰ ਹੈ। ਇਹ ਸਾਰੇ ਸਾਜ਼ ਜੋ ਵਿਸ਼ਵ ਭਰ ਅੰਦਰ ਥੋੜ੍ਹੇ-ਬਹੁਤੇ ਤਕਨੀਕੀ ਫਰਕਾਂ ‘ਤੇ ਆਧਾਰਤ ਵਜਾਏ ਤੇ ਸੁਣੇ ਜਾਂਦੇ ਹਨ, ਤੋਂ ਇਲਾਵਾ ਬਹੁਤ ਸਾਰੇ ਅਜਿਹੇ ਸਾਜ਼ ਵੀ ਹਨ, ਜਿਨ੍ਹਾਂ ਦਾ ਆਧਾਰ ਇਲਾਕਾਈ ਬੋਲੀਆਂ, ਖਿੱਤੇ ਜਾਂ ਕਬੀਲੇ ਹਨ; ਜਿਵੇਂ ਚਿਮਟਾ ਮੁਸਲਮਾਨ ਗਾਇਕਾਂ/ਫਕੀਰਾਂ ਜਾਂ ਸਿੱਖ ਧਾਰਮਿਕ ਸਥਾਨਾਂ ਉਪਰ ਬਹੁਤ ਪ੍ਰਚਲਿਤ ਹੈ। ਇਸੇ ਹੀ ਤਰ੍ਹਾਂ ਇਕ ਸਮਾਂ ਸੀ ਜਦੋਂ ਪੰਜਾਬ ਦੀ ਗਾਇਕੀ ਉਪਰ ਤੂੰਬੀ ਦਾ ਪੂਰਾ ਬੋਲ-ਬਾਲਾ ਸੀ। ਲੇਖਕ ਦੇ ਆਪਣੇ ਕਹਿਣ ਮੁਤਾਬਕ ਵੀ, ਕਿ ਜਦ ਉਸ ਨੇ ਜਲੰਧਰ ਰੇਡੀਓ ਸਟੇਸ਼ਨ ਅੰਦਰ ਸੰਚਾਲਕ ਲੇਖਕ ਐਸ਼ਐਸ਼ ਮੀਸ਼ਾ ਨਾਲ ਤੂੰਬੀ ਬੰਦ ਕਰਨ ਜਾਂ ਕਰਾਉਣ ਦੀ ਗੱਲ ਕਹੀ, ਤਾਂ ਉਸ ਦਾ ਵੀ ਕਹਿਣਾ ਸੀ ਕਿ ਪੰਜਾਬੀ ਸੰਗੀਤ ਵਿਚੋਂ ਤੂੰਬੀ ਨੂੰ ਮਨਫੀ ਕਰ ਕੇ ਬਾਕੀ ਬਚਦਾ ਕੀ ਹੈ?
ਮੈਂ ਸਮਝਦਾ ਹਾਂ ਕਿ ਗੱਲ ਤੂੰਬੀ ਸਾਜ਼ ਦੇ ਮਾੜੇ ਚੰਗੇ ਹੋਣ ਦੀ ਇੰਨੀ ਨਹੀਂ, ਜਿੰਨੀ ਕਿਸੇ ਅੰਦਰੂਨੀ ਈਰਖਾ ਦੇ ਬਾਹਰ ਕੱਢਣ ਦੇ ਵਸੀਲੇ ਉਪਰ ਹੈ। ਤੱਖਰ ਸਾਹਿਬ ਦੀ ਲੇਖਣੀ ਤਾਂ ਇਉਂ ਜਾਪਦਾ ਹੈ ਜਿਵੇਂ ਕਿਸੇ ਪੁਰਾਣੀ ਦੱਬੀ ਮਾਨਸਿਕ ਪੀੜਾ ਦਾ ਪ੍ਰਗਟਾਵਾ ਹੈ। ਕੁਝ ਲੋਕਾਂ ਵੱਲੋਂ ਇਸ ਲੇਖ ਦੇ ਵਿਰੋਧ ਵਿਚ ਪ੍ਰਗਟਾਏ ਵਿਚਾਰਾਂ ਦੇ ਜਵਾਬ ਵਿਚ 4 ਅਕਤੂਬਰ ਦੇ ਅੰਕ ਵਿਚ ਜਿਵੇਂ ਲੇਖਕ ਅੰਦਰਲੇ ਵੇਗ ਨੇ ਉਬਾਲਾ ਖਾਧਾ, ਉਹ ਲੇਖਕ ਦੀ ਮਾਨਸਿਕ ਹਾਲਤ ਦਾ ਪ੍ਰਤੱਖ ਪ੍ਰਗਟਾਵਾ ਹੈ। ਜਿੰਨਾ ਹੱਕ ਕਿਸੇ ਲੇਖਕ ਨੂੰ ਆਪਣੇ ਵਿਚਾਰ ਪ੍ਰਗਟਾਉਣ ਦਾ ਹੈ, ਉਤਨਾ ਹੀ ਫਰਜ਼ ਕਿਸੇ ਹੋਰ ਵੱਲੋਂ ਪ੍ਰਗਟਾਏ ਵਿਚਾਰਾਂ ਨੂੰ ਸਮਝਣ ਤੇ ਸਹਿਣ ਦਾ ਵੀ ਤਾਂ ਹੈ।
ਦੁਨੀਆਂ ਦੇ ਹਰ ਸਮਾਜ ਦੇ ਸਲੀਕੇ ਵਿਚ ਇਹ ਗੱਲ ਆਮ ਦੇਖੀ ਤੇ ਸੁਣੀ ਜਾਂਦੀ ਹੈ ਕਿ ਕਿਸੇ ਮਰੇ ਹੋਏ ਬੰਦੇ ਬਾਰੇ ਮਾੜਾ ਬੋਲਣ ਜਾਂ ਲਿਖਣ ਤੋਂ ਸੰਕੋਚ ਕੀਤਾ ਜਾਂਦਾ ਹੈ। ਪਰ ਉਸ ਵਿਚੋਂ ਉਸ ਦੀ ਜ਼ਿੰਦਗੀ ਦੇ ਮਾੜੇ ਪੱਖਾਂ ਨੂੰ ਜਾਣ-ਬੁਝ ਕੇ ਅਣਦੇਖੇ ਕਰਦੇ ਹੋਏ ਕੋਈ ਚੰਗੀ ਗੱਲ ਲੱਭਦਿਆਂ ਉਸ ਦਾ ਜ਼ਿਕਰ ਕਰਨਾ ਮੁਨਾਸਬ ਸਮਝਿਆ ਜਾਂਦਾ ਹੈ। ਤੱਖਰ ਸਾਹਿਬ ਨੇ ਤਾਂ ਆਪਣੀ ਲਿਖਤ ਵਿਚ ਉਸ ਸਲੀਕੇ ਨੂੰ ਵੀ ਚੇਤੇ ਨਹੀਂ ਰੱਖਿਆ।
ਮੈਂ ਇਹ ਜ਼ਰੂਰ ਕਹਿਣਾ ਚਾਹਾਂਗਾ ਕਿ ਜੇ ਕੁਦਰਤ ਨੇ ਕਿਸੇ ਨੂੰ ਲੇਖਣੀ ਦੀ ਦਾਤ ਬਖਸ਼ੀ ਹੈ ਤਾਂ ਉਸ ਨੂੰ ਲੇਖਣੀ ਦੀ ਮਰਯਾਦਾ ਦੀ ਉਲੰਘਣਾ ਤੋਂ ਸੰਕੋਚ ਕਰਨਾ ਚਾਹੀਦਾ ਹੈ। ਆਲੋਚਨਾ ਕਿਸੇ ਲੇਖਕ ਦੀ ਸੋਚ ਦੀ ਗੰਭੀਰਤਾ ਦਾ ਪ੍ਰਗਟਾਵਾ ਹੋਣੀ ਚਾਹੀਦੀ ਹੈ, ਨਾ ਕਿ ਉਸ ਦੀ ਜ਼ਾਤੀ ਨਾ-ਪਸੰਦਗੀ ਜਾਂ ਈਰਖਾ ਦਾ।
Leave a Reply