-ਦਲਵਿੰਦਰ ਸਿੰਘ ਬੇਕਰਜ਼ਫ਼ੀਲਡ
ਫੋਨ: 661-834-9770
‘ਪੰਜਾਬ ਟਾਈਮਜ਼’ ਦੇ 4 ਅਕਤੂਬਰ ਵਾਲੇ ਅੰਕ ਵਿਚ ਕੁਲਦੀਪ ਤੱਖਰ ਦਾ ਪ੍ਰਤੀਕਰਮ ‘ਤੂੰਬੀ ਵਾਲੇ ਲੇਖ ਦੀ ਗੂੰਜ’ ਪੜ੍ਹਿਆ। ਇਸ ਤੋਂ ਪਹਿਲਾਂ ਸ੍ਰੀ ਤੱਖਰ ਦੇ ਲੇਖ ਬਾਰੇ ਮੇਰਾ ਪ੍ਰਤੀਕਰਮ ‘ਤੂੰਬੀ, ਯਮਲਾ ਤੇ ਤੱਖਰ ਦਾ ਲੇਖ’ ਅੰਕ ਨੰਬਰ 35 ਵਿਚ ਛਪਿਆ ਸੀ। ਸ੍ਰੀ ਤੱਖਰ ਆਪਣੇ ਇਸ ਲੇਖ ਰਾਹੀਂ ਮਸ਼ਹੂਰੀ ਚੰਗੀ ਖੱਟ ਗਏ ਹਨ। ਚੱਲੋ ਇਸ ਨਾਲ ਕਿਸੇ ਨੂੰ ਈਰਖਾ ਜਾਂ ਇਤਰਾਜ਼ ਨਹੀਂ ਹੋਣਾ ਚਾਹੀਦਾ, ਇਹ ਤਾਂ ਉਨ੍ਹਾਂ ਦੀ ਆਪਣੀ ਮਿਹਨਤ ਤੇ ਹਿੰਮਤ ਦਾ ਫਲ ਹੈ; ਪਰ ਬੁਰੇ ਬੰਦੇ ਦੀ ਤਾਂ ਹਰ ਕੋਈ ਬੜੇ ਆਰਾਮ ਨਾਲ ਬਦਖੋਈ, ਨਿੰਦਾ ਤੇ ਭੰਡੀ ਕਰ ਜਾਂਦਾ ਹੈ, ਪਰ ਕਿਸੇ ਸ਼ੋਭਾ ਪ੍ਰਾਪਤ ਭਲੇ ਬੰਦੇ ਦੀ ਨਿੰਦਾ ਕਰਨਾ ਹਿੰਮਤ ਦਾ ਕੰਮ ਹੈ।
ਤੂੰਬੀ ਬਾਰੇ ਹੁਣ ਹੋਰ ਬਹਿਸ ਦੀ ਲੋੜ ਤਾਂ ਨਹੀਂ ਹੈ, ਪਰ ਉਨ੍ਹਾਂ ਆਪਣੀ ਟਿੱਪਣੀ ਵਿਚ ਮੇਰੇ ਬਾਰੇ ਵੀ ਥੋੜ੍ਹਾ ਜਿਹਾ ਜ਼ਿਕਰ ਕੀਤਾ ਹੈ। ਉਂਜ ਵੀ, ਸਾਫ ਪਤਾ ਲੱਗਦਾ ਹੈ ਕਿ ਪਹਿਲਾਂ ਉਨ੍ਹਾਂ ਨਿੰਦਰ ਘੁਗਿਆਣਵੀ ਉਤੇ ਹਮਲਾ ਕੀਤਾ, ਪ੍ਰਤੀਕਰਮ ਵਜੋਂ ਨਿੰਦਰ ਨੇ ਕਿਹੜਾ ਘੱਟ ਗੁਜ਼ਾਰਨੀ ਸੀ! ਮੇਰੀ ਜਾਚੇ ਚੰਗੇ ਲੇਖਕ, ਸਾਹਿਤਕਾਰ ਅਤੇ ਗਾਇਕ ਕਲਾਕਾਰ ਕਿਸੇ ਸਮਾਜ ਦਾ ਸ਼ੀਸ਼ਾ ਅਤੇ ਰਾਹ ਦਸੇਰਾ ਹੁੰਦੇ ਹਨ; ਇਨ੍ਹਾਂ ਨੂੰ ਨਫ਼ਰਤ ਤੇ ਬੇਦਲੀਲ ਨਿੰਦਾ ਤੋਂ ਬਚਣਾ ਚਾਹੀਦਾ ਹੈ।
ਸ੍ਰੀ ਤੱਖਰ ਨੇ ਆਪਣੇ ਲੇਖ ਦੁਆਰਾ ਮੈਨੂੰ ਲੱਗੀ ਠੇਸ ਦੇ ਇਲਾਜ ਬਾਰੇ ਜਾਣਨਾ ਚਾਹਿਆ ਹੈ। ਇਥੇ ਕਿਸੇ ਇਕ ਬੰਦੇ ਨੂੰ ਲੱਗੀ ਠੇਸ ਦਾ ਮੁੱਦਾ ਨਹੀਂ ਹੈ। ਨਾਲੇ ਜੇ ਸ੍ਰੀ ਤੱਖਰ ਨੂੰ ਅਜਿਹੀ ਠੇਸ ਬਾਰੇ ਜੇ ਮਾੜਾ-ਮੋਟਾ ਵੀ ਖਿਆਲ ਹੁੰਦਾ, ਤਾਂ ਉਹ ਪੂਰੇ ਜਗਤ ਵਿਚ ਵੱਸਦੇ ਪੰਜਾਬੀਆਂ, ਯਮਲੇ ਦੇ ਪ੍ਰਸ਼ੰਸਕਾਂ ਅਤੇ ਸੰਗੀਤ ਪ੍ਰੇਮੀਆਂ ਨੂੰ ਪਹੁੰਚੀ ਠੇਸ ਬਾਰੇ ਵਿਚਾਰ ਕਰਦੇ ਪਰ ਉਹ (ਸ੍ਰੀ ਤੱਖਰ) ਬੇਦਲੀਲ ਤੇ ਆਧਾਰਹੀਣ ਬਹਿਸ ਵਿਚ ਉਲਝ ਗਏ।
ਹੋ ਸਕਦਾ ਹੈ ਕਿ ਸ੍ਰੀ ਤੱਖਰ ਨੂੰ ਕਿਸੇ ਤੂੰਬੀ ਵਾਲੇ ਨਾਲ ਕੋਈ ਨਿੱਜੀ ਰੰਜ਼ਿਸ਼ ਹੋਵੇ ਅਤੇ ਤੂੰਬੀ ਵਿਚਾਰੀ ਨੂੰ ਖਾਹ-ਮਖਾਹ ਮਾਰ ਪੈ ਰਹੀ ਹੈ। ਭਾਈ ਲੋਕੋ!æææਤੂੰਬੀ ਕਦੋਂ ਆਂਹਦੀ ਏ ਕਿ ਮੇਰੇ ਨਾਲ ਤੁਸੀਂ ਕੁਤਰਾ ਕਰੋ, ਇਹ ਤਾਂ ਵਜਾਉਣ ਵਾਲੇ ਦੇ ਵੱਸ ਹੈ। ਤੂੰਬੀ ਵੀ ਬਾਕੀ ਸਾਰੇ ਸਾਜ਼ਾਂ ਵਾਂਗ ਸਾਜ਼ ਹੀ ਹੈ। ਸਾਰੇ ਸੰਗੀਤਕ ਸਾਜ਼ ਆਵਾਜ਼ ਪੈਦਾ ਕਰਦੇ ਹਨ। ਇਸ ਆਵਾਜ਼ ਦਾ ਸੁਰ-ਤਾਲ ਨਾਲ ਸੰਗੀਤ ਬਣਾਉਣਾ ਤਾਂ ਵਜੰਤਰੀ ਦੀ ਮੁਹਾਰਤ ਅਤੇ ਕਲਾ ‘ਤੇ ਨਿਰਭਰ ਕਰਦਾ ਹੈ। ਸਾਜ਼ਾਂ ਦਾ ਭਲਾ ਕੀ ਕਸੂਰ ਹੈ? ਕਿੰਗ ਅਤੇ ਤੂੰਬੀ ਵਿਚ ਕੋਈ ਫ਼ਰਕ ਨਹੀਂ। ਦੋਵੇਂ ਤਾਰ ਅਤੇ ਕੱਦੂ ਵਾਲੇ ਸਾਜ਼ ਹਨ। ਦੋਹਾਂ ਨਾਲ ਭਾਵੇਂ ਤੁਸੀਂ ਕੁਤਰਾ ਕਰ ਲਓ, ਭਾਵੇਂ ਉਚੀ ਜਾਂ ਡੂੰਘੀ ਆਵਾਜ਼ ਵਿਚ ਧੀਮੀ ਗਤੀ ਨਾਲ ਵਜਾ ਲਵੋ। ਸਾਜ਼ਾਂ ਦੀ ਆਵਾਜ਼ ਤਾਂ ਕਲਾਕਾਰ ਦੇ ਹੱਥਾਂ ਨੇ ਬੰਨ੍ਹਣੀ ਹੁੰਦੀ ਹੈ। ਇਹੋ ਹੀ ਤਾਂ ਕਲਾ ਹੈ। ਗੀਤ ਸੰਗੀਤ ਦੀਆਂ ਵੀ ਕਈ ਵੰਨਗੀਆਂ ਹਨ। ਅਸੀਂ ਕਿਸੇ ਵੰਨਗੀ ਨੂੰ ਨਾ ਤਾਂ ਜੜ੍ਹੋਂ ਪੁੱਟਣ ਦਾ ਕੋਈ ਹੱਕ ਰੱਖਦੇ ਹਾਂ ਅਤੇ ਨਾ ਹੀ ਕਿਸੇ ਤੇ ਆਪਣੀ ਪਸੰਦ ਜਾਂ ਮਰਜ਼ੀ ਠੋਸ ਕਰਦੇ ਹਾਂ, ਕਿਉਂਕਿ ਹਰ ਤਰ੍ਹਾਂ ਦੇ ਸਰੋਤੇ ਹਨ। ਇਥੇ ਕੁਤਰਾ ਸੰਗੀਤ ਸੁਣਨ ਵਾਲੇ ਵੀ ਹਨ ਅਤੇ ਗਹਿਰ-ਗੰਭੀਰ ਪੱਕੇ ਰਾਗਾਂ ਵਾਲੇ ਵੀ ਹਨ। ਅਸੀਂ ਜ਼ਰਾ ਨੀਵਿਆਂ ਦਾ ਵੀ ਖਿਆਲ ਰੱਖੀਏ।
ਅਗਲੀ ਵਿਚਾਰ ਹੈ ਕਿ ਪਹਿਲਾਂ ਕਿੰਗ, ਤੂੰਬੀ ਜਾਂ ਤੂੰਬੇ ਨਾਲ ਪੀਰ, ਫ਼ਕੀਰ, ਸਾਧ, ਸੰਤ ਅਤੇ ਮੰਗਤੇ ਹੀ ਗਾਉਂਦੇ ਤੇ ਮੰਗਦੇ ਹੁੰਦੇ ਸਨ, ਪਰ ਯਮਲੇ ਨੇ ਤੂੰਬੀ ਦਾ ਮਾਣ ਵਧਾਇਆ। ਮੇਰੀ ਜਾਣਕਾਰੀ ਮੁਤਾਬਕ ਪਹਿਲਾਂ ਸਾਰੇ ਹੀ ਸਾਜ਼ ਪੀਰ, ਫਕੀਰ, ਸਾਧ, ਮੰਗਤੇ ਅਤੇ ਸਮਾਜ ਦੇ ਅਖੌਤੀ ਹੇਠਲੇ ਤਬਕੇ ਦੇ ਮਸਤ ਮਲੰਗ ਲੋਕ ਹੀ ਵਜਾਉਂਦੇ ਸਨ। ਇਹ ਬਗੈਰ ਕਿਸੇ ਲਾਲਚ/ਤਮ੍ਹਾਂ ਤੋਂ ਪੂਰੀ ਲਗਨ, ਭਗਤੀ ਭਾਵਨਾ ਅਤੇ ਸਮਰਪਣ ਨਾਲ ਗਾਉਂਦੇ ਸਨ, ਇਨ੍ਹਾਂ ਦੇ ਸਰੋਤੇ ਵੀ ਅਜਿਹੀ ਭਾਵਨਾ ਵਾਲੇ ਹੁੰਦੇ ਸਨ। ਸਮਾਂ ਬਦਲਿਆ, ਤਾਂ ਬਹੁਤ ਕੁਝ ਬਦਲ ਗਿਆ। ਜਿਹੜੇ ਅਖੌਤੀ ਨੀਵੀਆਂ ਜਾਤਾਂ ਵਾਲੇ ਲੋਕ ਨੱਚਣ ਗਾਉਣ ਦਾ ਕੰਮ ਕਰਦੇ ਸਨ, ਉਨ੍ਹਾਂ ਨੂੰ ਨੀਚ ਭਾਵਨਾ ਨਾਲ ਸਮਾਜ ਵਿਚ ਨਚਾਰ, ਕੰਜਰ ਅਤੇ ਕੰਜਰੀਆਂ ਵੀ ਕਿਹਾ ਜਾਂਦਾ ਸੀ। ਇਹ ਕਿੱਤਾ ਹੁਣ ਅਖੌਤੀ ਉਚ ਜਾਤੀਆਂ, ਸਵਰਨ ਜਾਤੀਆਂ ਨੇ ਸਾਂਭ ਲਿਆ ਹੈ। ਹੁਣ ਸ਼ਰਮ ਹਯਾ ਅਤੇ ਸੰਗ ਝਿਜਕ ਕਿਥੇ ਚਲੀ ਗਈ? ਹੁਣ ਇਹ ਸਵਰਨ ਜਾਤਾਂ ਵਾਲੇ ਅਮੀਰ ਲੋਕ ਕੰਜਰ-ਕੰਜਰੀਆਂ ਨਹੀਂ, ਫਿਲਮੀ ਹੀਰੋ-ਹੀਰੋਇਨਾਂ ਅਤੇ ਸਟਾਰ ਅਖਵਾਉਂਦੇ ਹਨ। ਇਹ ਅਮੀਰ ਤੇ ਉਚ ਜਾਤੀ ਦੇ ਲੋਕ ਇਸ ਕਿੱਤੇ ਨਾਲ ਧੱਕਾ ਕਰਦੇ ਹਨ। ਇਨ੍ਹਾਂ ਵਿਚੋਂ ਬਹੁਤਿਆਂ ਵਿਚ ਇਸ ਕਿੱਤੇ ਦੀ ਕੋਈ ਯੋਗਤਾ ਨਹੀਂ। ਅੱਜ ਵੀ ਜਿਹੜੇ ਵਿਚਾਰੇ ਅਖੌਤੀ ਨੀਵੀਆਂ ਜਾਤਾਂ ਵਾਲੇ ਹਨ, ਉਹ ਹੀ ਅਸਲੀ ਗਾਇਕ ਕਲਾਕਾਰ ਹਨ। ਬਾਕੀ ਤਾਂ ਐਵੇਂ ਹੋ-ਹੱਲਾ ਅਤੇ ਧੱਕੇਸ਼ਾਹੀ ਹੀ ਹੈ।
ਮੈਂ ਭਾਵੇਂ ਸੰਗੀਤ ਅਚਾਰੀਆ ਨਹੀਂ ਹਾਂ, ਪਰ ਯਮਲੇ ਬਾਰੇ ਇਹ ਗੱਲ ਦਾਅਵੇ ਨਾਲ ਆਖਾਂਗਾ ਕਿ ਉਨ੍ਹਾਂ ਨੇ ਗੁਰੂ ਨਾਨਕ ਦੇ ਸਿਧਾਂਤ ਅਤੇ ਸ਼ਖ਼ਸੀਅਤ ਨੂੰ ਜਿਸ ਭਗਤੀ ਭਾਵਨਾ, ਸ਼ਰਧਾ, ਦੀਵਾਨਗੀ ਅਤੇ ਵੈਰਾਗ ਨਾਲ ਤੂੰਬੀ ਉਪਰ ਗਾਇਆ ਹੈ, ਉਹ ਅਜੇ ਤੱਕ ਕੋਈ ਨਹੀਂ ਗਾ ਸਕਿਆ। ਉਸ ਵਿਚ ਇਕ ਖੂਬੀ ਇਹ ਸੀ ਕਿ ਉਹ ਪੇਂਡੂ ਜੱਟ ਵਾਲਾ ਸਸਤਾ ਜਿਹਾ ਲਿਬਾਸ ਪਹਿਨਦਾ ਸੀ, ਘਰ ਵੀ ਅਤੇ ਗਾਉਣ ਸਮੇਂ ਸਟੇਜ ਉਤੇ ਵੀ। ਨਾ ਸਟੇਜ ‘ਤੇ ਬਹੁਤੀ ਫੂੰ-ਫਾਂ ਤੇ ਹੰਕਾਰ ਦਾ ਮੁਜ਼ਾਹਰਾ ਕਰਦਾ ਸੀ ਅਤੇ ਨਾ ਹੀ ਬਹੁਤ ਚਮਕੀਲੇ-ਭੜਕੀਲੇ ਤੇ ਕੀਮਤੀ ਕੱਪੜੇ ਪਾਉਂਦਾ ਸੀ। ਉਹਨੇ ਇਕ ਗਰੀਬ, ਨਿਮਾਣੇ ਅਤੇ ਅਨਪੜ੍ਹ ਪੇਂਡੂ ਮੁੰਡੇ ਨੂੰ ਸ਼ਗਿਰਦ ਬਣਾ ਕੇ ਮਾਲਾ-ਮਾਲ ਕਰ ਦਿੱਤਾ ਅਤੇ ਇਕ ਹੋਰ ਗਰੀਬ ਦੇ ਘਰ ਬਗੈਰ ਕੋਈ ਪੈਸਾ ਲਿਆਂ ਪ੍ਰੋਗਰਾਮ ਵੀ ਕੀਤਾ। ਮੈਂ ਹੋਰ ਵੀ ਕਈ ਵੱਡੇ-ਛੋਟੇ ਗਾਇਕਾਂ-ਲੇਖਕਾਂ ਨੂੰ ਮਿਲਿਆਂ ਹਾਂ, ਜ਼ਿਆਦਾਤਰ ਹੰਕਾਰੀ, ਸਵੈ-ਸ਼ੋਭਾ ਵਾਲੇ ਅਤੇ ਚਾਪਲੂਸ-ਕਲਚਰ ਦੀ ਪੈਦਾਇਸ਼ ਹਨ। ਤੱਖਰ ਸਾਹਿਬ, ਤੁਸੀਂ ਲਿਖੋæææਹੋਰ ਲਿਖੋ; ਲਿਖਣਾ ਬਹੁਤ ਔਖਾ ਕੰਮ ਹੈ ਅਤੇ ਚੰਗਾ ਲਿਖਣਾ ਤਾਂ ਹੋਰ ਵੀ ਔਖਾ ਹੈ। ਜਿਹੜੇ ਸਮਾਜ ਦਾ ਬੇੜਾ ਗਰਕ ਕਰਨ ‘ਤੇ ਤੁਲੇ ਹੋਏ ਹਨ, ਉਨ੍ਹਾਂ ਬਾਰੇ ਲਿਖੋ।
Leave a Reply