ਤਰਨ ਤਾਰਨ: ਇਥੋਂ ਚਾਰ ਕਿਲੋਮੀਟਰ ਦੂਰ ਪਿੰਡ ਜੋਧਪੁਰ ਵਿਖੇ ਗਰਮ ਖਿਆਲੀ ਸਿੱਖ ਜਥੇਬੰਦੀਆਂ ਦੇ ਕਾਰਕੁਨਾਂ ਅਤੇ ਨੂਰਮਹਿਲ ਆਧਾਰਤ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵਿਚਾਲੇ ਹੋਈਆਂ ਹਿੰਸਕ ਝੜਪਾਂ ਵਿਚ 30 ਵਿਅਕਤੀ ਜ਼ਖਮੀ ਹੋ ਗਏ ਹਨ। ਗੋਲੀਬਾਰੀ ਵਿਚ ਜਿੱਥੇ 20 ਦੇ ਕਰੀਬ ਸਿੱਖ ਕਾਰਕੁਨ ਜ਼ਖਮੀ ਹੋ ਗਏ, ਉੱਥੇ ਜਵਾਬੀ ਹਮਲੇ ਵਿਚ 10 ਦੇ ਕਰੀਬ ਨੂਰਮਹਿਲੀਏ ਸ਼ਰਧਾਲੂ ਵੀ ਜ਼ਖਮੀ ਹੋ ਗਏ। ਪਿੰਡ ਵਿਚ ਤਣਾਅ ਵਾਲੀ ਸਥਿਤੀ ਸਬੰਧੀ ਜਾਣਕਾਰੀ ਲੈਣ ਅਤੇ ਹਾਲਾਤ ਨਾਲ ਨਿਪਟਣ ਲਈ ਡਿਪਟੀ ਕਮਿਸ਼ਨਰ ਬਲਵਿੰਦਰ ਸਿੰਘ ਧਾਲੀਵਾਲ ਅਤੇ ਐਸ਼ਐਸ਼ਪੀæ ਮਨੋਹਰ ਲਾਲ ਸ਼ਰਮਾ ਸਮੇਤ ਸਮੁੱਚਾ ਪ੍ਰਸ਼ਾਸਨ ਮੌਕੇ Ḕਤੇ ਪੁੱਜ ਗਿਆ। ਪਿੰਡ ਅੰਦਰ ਥਾਂ-ਥਾਂ Ḕਤੇ ਪੁਲਿਸ ਦਾ ਪਹਿਰਾ ਲਗਾ ਦਿੱਤਾ ਗਿਆ ਹੈ।
ਇਹ ਵਾਰਦਾਤ ਉਸ ਸਮੇਂ ਹੋਈ ਜਦੋਂ ਪਿੰਡ ਅੰਦਰ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਦੇ ਸ਼ਰਧਾਲੂ ਹਰਜੀਤ ਸਿੰਘ ਦੇ ਘਰ ਸਤਿਸੰਗ ਕਰਵਾਇਆ ਜਾ ਰਿਹਾ ਸੀ ਜਿਸ ਨੂੰ ਰੋਕਣ ਲਈ ਸਿੱਖ ਜਥੇਬੰਦੀਆਂ ਜਿਨ੍ਹਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ, ਭਿੰਡਰਾਂਵਾਲਾ ਯੂਥ ਫੈਡਰੇਸ਼ਨ ਆਦਿ ਸ਼ਾਮਲ ਹਨ, ਵੱਲੋਂ ਪਹਿਲਾਂ ਹੀ ਚਿਤਾਵਨੀ ਦਿੱਤੀ ਹੋਈ ਸੀ। ਇਸੇ ਕਰ ਕੇ ਹੀ ਪਿੰਡ ਵਿਖੇ ਪੁਲਿਸ ਤਾਇਨਾਤ ਕੀਤੀ ਹੋਈ ਸੀ। ਸ਼ਾਮ ਵੇਲੇ ਜਿਵੇਂ ਹੀ ਸਤਿਸੰਗ ਸ਼ੁਰੂ ਹੋਇਆ, ਹਥਿਆਰਬੰਦ ਸਿੱਖ ਕਾਰਕੁਨ ਮੌਕੇ ਉਪਰ ਆ ਪੁੱਜੇ। ਦੋਹਾਂ ਧਿਰਾਂ Ḕਚ ਅਜੇ ਸਥਿਤੀ ਆਹਮੋ-ਸਾਹਮਣੇ ਵਾਲੀ ਹੀ ਹੋਈ ਸੀ ਕਿ ਸਿੱਖ ਕਾਰਕੁਨਾਂ ਨੇ ਨੂਰਮਹਿਲੀਆਂ ਦੇ ਪੈਰੋਕਾਰਾਂ ਉਪਰ ਤਲਵਾਰਾਂ, ਡਾਂਗਾਂ ਆਦਿ ਨਾਲ ਹਮਲਾ ਕਰ ਦਿੱਤਾ। ਇਨ੍ਹਾਂ ਦੀ ਗਿਣਤੀ 100 ਦੇ ਕਰੀਬ ਸੀ ਜਦੋਂਕਿ ਇੰਨੀ ਹੀ ਗਿਣਤੀ Ḕਚ ਦੂਰਮਹਿਲੀਏ ਹੋਣਗੇ, ਜਿਨ੍ਹਾਂ Ḕਚ ਅੱਧੀਆਂ ਔਰਤਾਂ ਸਨ। ਜਿਵੇਂ ਹੀ ਝੜਪ ਸ਼ੁਰੂ ਹੋਈ ਨੂਰਮਹਿਲੀਆਂ ਨੂੰ ਮਿਲੇ ਦੋ ਸੁਰੱਖਿਆ ਕਰਮਚਾਰੀਆਂ ਨਿਸ਼ਾਨ ਸਿੰਘ ਅਤੇ ਤੇਜਿੰਦਰ ਸਿੰਘ ਨੇ ਸਿੱਖ ਕਾਰਕੁਨਾਂ ਉਪਰ ਗੋਲੀਆਂ ਚਲਾ ਦਿੱਤੀਆਂ।
ਸੁਰੱਖਿਆ ਕਰਮਚਾਰੀਆਂ ਦੀਆਂ ਗੋਲੀਆਂ ਨਾਲ ਸਿੱਖ ਆਗੂ ਤਰਲੋਚਨ ਸਿੰਘ, ਨਿਸ਼ਾਨ ਸਿੰਘ, ਕੁਲਵੰਤ ਸਿੰਘ, ਰਣਵੀਰ ਸਿੰਘ, ਅਮਰੀਕ ਸਿੰਘ ਅਜਨਾਲਾ, ਸੁਖਬੀਰ ਸਿੰਘ, ਗੁਰਵਿੰਦਰ ਸਿੰਘ, ਜਰਨੈਲ ਸਿੰਘ, ਬਲਵਿੰਦਰ ਸਮੇਤ 20 ਜਣੇ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਥੋਂ ਗੁਰੂ ਨਾਨਕ ਸੁਪਰਸਪੈਸ਼ਲਿਟੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਉਥੋਂ ਤਰਲੋਚਨ ਸਿੰਘ ਨੂੰ ਫੋਰਟਿਸ ਹਸਪਤਾਲ ਅੰਮ੍ਰਿਤਸਰ ਭੇਜ ਦਿੱਤਾ ਗਿਆ। ਦਸ ਜ਼ਖਮੀਆਂ ਨੂੰ ਮੁੱਢਲੀ ਦਵਾਈਆਂ ਦੇ ਕੇ ਛੁੱਟੀ ਦੇ ਦਿੱਤੀ ਗਈ। ਇਸ ਵਾਰਦਾਤ ਵਿਚ ਨੂਰਮਹਿਲੀਏ ਪੈਰੋਕਾਰ ਭਗਤ, ਕਾਂਸ਼ੀ ਰਾਮ, ਜਸਮੇਰ ਸਿੰਘ ਸਮੇਤ 10 ਜਣੇ ਜ਼ਖਮੀ ਹੋ ਗਏ। ਜਿਵੇਂ ਹੀ ਸਿੱਖ ਕਾਰਕੁਨ ਮੌਕੇ Ḕਤੇ ਪੁੱਜੇ ਤਾਂ ਸਤਿਸੰਗ ਵਿਚ ਸ਼ਾਮਲ ਡੇਰੇ ਦੀਆਂ ਪੈਰੋਕਾਰ ਔਰਤ-ਮਰਦਾਂ ਨੇ ਕੋਠਿਆਂ Ḕਤੇ ਚੜ੍ਹ ਕੇ ਬਨੇਰੇ ਦੀਆਂ ਇੱਟਾਂ ਉਖਾੜ ਕੇ ਸਿੱਖ ਕਾਰਕੁਨਾਂ ਉਪਰ ਇੱਟਾਂ ਦਾ ਮੀਂਹ ਵਰ੍ਹਾ ਦਿੱਤਾ। ਇਹ ਸਭ ਕੁਝ ਪੁਲਿਸ ਦੀ ਹਾਜ਼ਰੀ ਵਿਚ ਹੋਇਆ। ਸਿੱਖ ਜਥੇਬੰਦੀਆਂ ਦੇ ਆਗੂ ਪਿੰਡ ਨੂੰ ਆਉਂਦੇ ਰਾਹ Ḕਚ ਖੜ੍ਹੀ ਪੁਲਿਸ ਦੇ ਲਾਗਿਓਂ ਆਏ ਅਤੇ ਪੁਲਿਸ ਰਤਾ ਵੀ ਸੁਚੇਤ ਨਾ ਹੋਈ। ਜਿਵੇਂ ਹੀ ਇਸ ਹਿੰਸਕ ਝੜਪ ਬਾਰੇ ਪ੍ਰਸ਼ਾਸਨ ਨੂੰ ਪਤਾ ਲੱਗਾ ਤਾਂ ਮੌਕੇ Ḕਤੇ ਪੁਲਿਸ ਦੀਆਂ ਧਾੜਾਂ ਪੁੱਜ ਗਈਆਂ। ਨੂਰਮਹਿਲੀਏ ਦੋਸ਼ ਲਗਾ ਰਹੇ ਹਨ ਕਿ ਇਹ ਸਭ ਕੁਝ ਪੁਲਿਸ ਦੀ ਅਣਗਹਿਲੀ ਕਾਰਨ ਵਾਪਰਿਆ। ਸੰਪਰਕ ਕਰਨ ‘ਤੇ ਐਸ਼ਐਸ਼ਪੀæ ਮਨੋਹਰ ਲਾਲ ਸ਼ਰਮਾ ਨੇ ਇੰਨਾ ਹੀ ਆਖਿਆ ਕਿ ਪੁਲਿਸ ਬਣਦੀ ਕਾਰਵਾਈ ਕਰ ਰਹੀ ਹੈ।
ਅੰਮ੍ਰਿਤਸਰ: ਤਰਨ ਤਾਰਨ ਵਿਚ ਨੂਰ ਮਹਿਲ ਸੰਸਥਾ ਦੇ ਪ੍ਰਬੰਧਕਾਂ ਅਤੇ ਸਿੱਖ ਜਥੇਬੰਦੀਆਂ ਵਿਚਾਲੇ ਹੋਏ ਟਕਰਾਅ ਦੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਨੂਰ ਮਹਿਲ ਦੇ ਕਾਰਕੁਨਾਂ ਵੱਲੋਂ ਨਿਹੱਥੇ ਸਿੰਘਾਂ ‘ਤੇ ਗੋਲੀ ਚਲਾਈ ਗਈ ਹੈ। ਇਥੇ ਜਾਰੀ ਬਿਆਨ ਵਿਚ ਉਨ੍ਹਾਂ ਕਿਹਾ ਕਿ ਸਿੱਖ ਵਿਰੋਧੀ ਕਾਰਵਾਈਆਂ ਰੋਕਣ ਲਈ ਪਹਿਲਾਂ ਹੀ ਸਰਕਾਰ ਨੂੰ ਕਿਹਾ ਜਾ ਚੁੱਕਾ ਹੈ। ਉਨ੍ਹਾਂ ਗੋਲੀ ਚਲਾਉਣ ਵਾਲੇ ਤੇਜਿੰਦਰ ਸਿੰਘ ਸਿਪਾਹੀ ਖ਼ਿਲਾਫ਼ ਢੁੱਕਵੀਂ ਕਾਰਵਾਈ ਕਰਦਿਆਂ ਨੌਕਰੀ ਤੋਂ ਬਰਖਾਸਤ ਕਰਨ ਅਤੇ ਕੇਸ ਚਲਾਉਣ ਦੀ ਮੰਗ ਕੀਤੀ ਹੈ।
Leave a Reply