ਉਲੰਪਿਕ ਵਿਚ ਪਹੁੰਚਣ ਬਾਰੇ ਤੱਥ ਹੋਰ, ਦਾਅਵੇ ਹੋਰ!

ਪ੍ਰਿੰਸੀਪਲ ਸਰਵਣ ਸਿੰਘ
ਕਬੱਡੀ ਦੇ ਕਈ ਪ੍ਰਮੋਟਰ ਦਾਅਵੇ ਕਰਦੇ ਹਨ ਕਿ ਕਬੱਡੀ ਆਉਂਦੀਆਂ ਉਲੰਪਿਕ ਖੇਡਾਂ ਵਿਚ ਸ਼ਾਮਿਲ ਕਰਵਾ ਦਿਆਂਗੇ। ਅਸਲ ਵਿਚ ਕਬੱਡੀ ਦੇ ਟੂਰਨਾਮੈਂਟ ਕਰਵਾਉਣ ਵਾਲੇ ਬਹੁਤ ਸਾਰੇ ਸੱਜਣਾਂ ਨੂੰ ਇਸ ਗੱਲ ਦਾ ਗਿਆਨ ਨਹੀਂ ਕਿ ਕਿਸੇ ਖੇਡ ਦੇ ਉਲੰਪਿਕ ਪ੍ਰੋਗਰਾਮ ਵਿਚ ਸ਼ਾਮਿਲ ਕੀਤੇ ਜਾਣ ਦਾ ਬਾਕਾਇਦਾ ਵਿਧੀ ਵਿਧਾਨ ਹੈ। ਜਦੋਂ ਤੱਕ ਉਸ ਵਿਧਾਨ ਅਥਵਾ ਉਲੰਪਿਕ ਚਾਰਟਰ ਦੀ ਜਾਣਕਾਰੀ ਨਾ ਹੋਵੇ, ਉਦੋਂ ਤੱਕ ਕਬੱਡੀ ਨੂੰ ਉਲੰਪਿਕ ਖੇਡਾਂ ਵਿਚ ਲੈ ਜਾਣ ਦੇ ਦਾਅਵੇ ਕਰਨਾ ਹਨੇਰੇ ਵਿਚ ਡਾਂਗਾਂ ਮਾਰਨਾ ਹੈ। ਹੈਰਾਨੀ ਦੀ ਗੱਲ ਹੈ ਕਿ ਜ਼ਿੰਮੇਵਾਰ ਬੰਦੇ ਵੀ ਇਹ ਬਿਆਨ ਦੇਈ ਜਾਂਦੇ ਹਨ ਕਿ 2016 ਵਿਚ ਰਿਓ ਡੀ ਜਨੀਰੀਓ ਦੀਆਂ ਉਲੰਪਿਕ ਖੇਡਾਂ ਵਿਚ ਕਬੱਡੀ ਵੀ ਖਿਡਾਈ ਜਾਵੇਗੀ। ਉਲੰਪਿਕ ਚਾਰਟਰ 103 ਪੰਨਿਆਂ ਦਾ ਸੰਵਿਧਾਨ ਹੈ ਜਿਸ ਦੀ ਅਜੋਕੀ ਐਡੀਸ਼ਨ ਅਨੁਸਾਰ ਇਸ ਦੇ ਨਵੇਂ ਨਿਯਮ 8 ਜੁਲਾਈ, 2011 ਤੋਂ ਲਾਗੂ ਹਨ। ਇਸ ਦੇ 6 ਚੈਪਟਰ ਹਨ ਜਿਨ੍ਹਾਂ ਵਿਚ ਕਈ ਉਪਬੰਧ, ਨਿਯਮ ਤੇ ਅਧਿਨਿਯਮ ਦਰਜ ਹਨ। ਇਹ ਇੰਟਰਨੈੱਟ ਉਪਰ ਵੀ ਪੜ੍ਹਿਆ ਜਾ ਸਕਦਾ ਹੈ। ਉਲੰਪਿਕਸ ਦੀ ਸਰਬ-ਉੱਚ ਜਥੇਬੰਦੀ ਇੰਟਰਨੈਸ਼ਨਲ ਉਲੰਪਿਕ ਕਮੇਟੀ ਹੈ ਜਿਸ ਦੇ ਵੱਧ ਤੋਂ ਵੱਧ 115 ਮੈਂਬਰ ਹੋ ਸਕਦੇ ਹਨ। ਇਸ ਦਾ ਕਾਰਜਕਾਰੀ ਬੋਰਡ 15 ਮੈਂਬਰਾਂ ਦਾ ਹੈ। ਇੰਟਰਨੈਸ਼ਨਲ ਉਲੰਪਿਕ ਕਮੇਟੀ ਨੇ 35 ਖੇਡਾਂ ਨੂੰ ‘ਆਫੀਸ਼ਲ’ ਤੇ 33 ਖੇਡਾਂ ਨੂੰ ‘ਰੀਕਗਨਾਈਜ਼ਡ’ ਖੇਡਾਂ ਦਾ ਦਰਜਾ ਦਿੱਤਾ ਹੋਇਆ ਹੈ। ਇਨ੍ਹਾਂ ਵਿਚ ਕਬੱਡੀ ਦਾ ਨਾਂ ਕਿਧਰੇ ਨਹੀਂ। ਉਲੰਪਿਕ ਚਾਰਟਰ ਅਨੁਸਾਰ ਕਿਸੇ ਵੀ ਨਵੀਂ ਉਲੰਪਿਕਸ ਵਿਚ ਵੱਧ ਤੋਂ ਵੱਧ 28 ਖੇਡਾਂ ਸ਼ਾਮਿਲ ਕੀਤੀਆਂ ਜਾ ਸਕਦੀਆਂ ਹਨ ਤੇ ਖੇਡਾਂ ਦਾ ਸਮਾਂ 16 ਦਿਨਾਂ ਤੋਂ ਨਹੀਂ ਵਧਾਇਆ ਜਾ ਸਕਦਾ। ਖਿਡਾਰੀ 10500 ਤੇ ਆਫ਼ੀਸ਼ਲ 5000 ਤੋਂ ਵੱਧ ਨਹੀਂ ਹੋਣੇ ਚਾਹੀਦੇ।
ਨਵੀਂ ਉਲੰਪਿਕਸ ਤੋਂ 7 ਸਾਲ ਪਹਿਲਾਂ ਇੰਟਰਨੈਸ਼ਨਲ ਉਲੰਪਿਕ ਕਮੇਟੀ ਆਪਣੇ ਸਾਲਾਨਾ ਸੈਸ਼ਨ ਵਿਚ ਮਹਿਮਾਨ ਸ਼ਹਿਰ ਦੀ ਚੋਣ ਕਰਦੀ ਹੈ ਤੇ ਨਾਲ ਹੀ ਉਲੰਪਿਕ ਪ੍ਰੋਗਰਾਮ ਵਿਚ ਸ਼ਾਮਿਲ ਕੀਤੀਆਂ ਜਾਣ ਵਾਲੀਆਂ ਖੇਡਾਂ ਦੀ ਵੀ ਚੋਣ ਕਰ ਲੈਂਦੀ ਹੈ। ਰੀਓ ਡੀ ਜਨੀਰੀਓ ਉਲੰਪਿਕਸ ਵਿਚ ਕਰਵਾਈਆਂ ਜਾਣ ਵਾਲੀਆਂ ਖੇਡਾਂ ਦੀ ਚੋਣ 2009 ਦੇ ਸੈਸ਼ਨ ਵਿਚ ਹੀ ਹੋ ਗਈ ਸੀ। ਉਨ੍ਹਾਂ ਵਿਚ ਕਬੱਡੀ ਦਾ ਕੋਈ ਨਾਂ-ਥਾਂ ਨਹੀਂ। 2020 ਦੀਆਂ ਖੇਡਾਂ ਲਈ ਸ਼ਹਿਰ ਤੇ ਖੇਡਾਂ ਦੀ ਚੋਣ 7 ਸਤੰਬਰ 2013 ਨੂੰ ਬਿਊਨਿਸ ਏਅਰਜ਼ ਵਿਖੇ ਹੋ ਰਹੇ 125ਵੇਂ ਸੈਸ਼ਨ ਵਿਚ ਹੋਵੇਗੀ।
ਖੇਡਾਂ ਦੀ ਚੋਣ ਮਨਮਰਜ਼ੀ ਨਾਲ ਨਹੀਂ ਹੁੰਦੀ। 28 ਖੇਡਾਂ ਨੂੰ ‘ਕੋਰ ਸਪੋਰਟਸ’ ਦਾ ਦਰਜਾ ਹਾਸਲ ਹੈ। ਉਨ੍ਹਾਂ ਵਿਚੋਂ 25 ਖੇਡਾਂ ਸ਼ਾਮਿਲ ਕਰਨੀਆਂ ਲਾਜ਼ਮੀ ਹਨ। 3 ਖੇਡਾਂ ਰੀਕਗਨਾਈਜ਼ਡ ਖੇਡਾਂ ਵਿਚੋਂ ਲਈਆਂ ਜਾਂਦੀਆਂ ਹਨ ਜਿਨ੍ਹਾਂ ਵਿਚ ਕਬੱਡੀ ਅਜੇ ਸ਼ਾਮਿਲ ਨਹੀਂ। ਜਿਸ ਖੇਡ ਦੀ ਅੰਤਰਰਾਸ਼ਟਰੀ ਫੈਡਰੇਸ਼ਨ ਨੂੰ ਅੰਤਰਰਾਸ਼ਟਰੀ ਉਲੰਪਿਕ ਕਮੇਟੀ ਮਾਨਤਾ ਦੇਵੇ, ਉਹੀ ਖੇਡ ਰੀਕਗਨਾਈਜ਼ਡ ਬਣਦੀ ਹੈ। ਕਬੱਡੀ ਦੀ ਹਾਲੇ ਤੱਕ ਕੋਈ ਅੰਤਰਰਾਸ਼ਟਰੀ ਫੈਡਰੇਸ਼ਨ ਵੀ ਵਜੂਦ ਵਿਚ ਨਹੀਂ ਆਈ। ਕਈ ਮੁਲਕਾਂ ਵਿਚ ਕਬੱਡੀ ਖੇਡੀ ਤਾਂ ਜਾਣ ਲੱਗੀ ਹੈ ਪਰ ਉਨ੍ਹਾਂ ਮੁਲਕਾਂ ਵਿਚ ਨੈਸ਼ਨਲ ਕਬੱਡੀ ਫੈਡਰੇਸ਼ਨਾਂ ਵਜੂਦ ਵਿਚ ਨਹੀਂ ਆਈਆਂ। ਸਥਾਨਕ ਕਲੱਬਾਂ ਤੇ ਸਥਾਨਕ ਫੈਡਰੇਸ਼ਨਾਂ ਨਾਲ ਹੀ ਬੁੱਤਾ ਸਾਰਿਆ ਜਾ ਰਿਹਾ ਹੈ। ਉਲੰਪਿਕ ਪ੍ਰੋਗਰਾਮ ਵਿਚ ‘ਸਪੋਰਟਸ’ 28 ਤੋਂ ਵੱਧ ਨਹੀਂ ਹੋ ਸਕਦੀਆਂ ਪਰ ਕਿਸੇ ਖੇਡ ਦੇ ‘ਡਿਸਿਪਲਿਨ’ ਤੇ ‘ਈਵੈਂਟ’ ਵੱਧ-ਘੱਟ ਹੋ ਸਕਦੇ ਹਨ। ਕਬੱਡੀ ਨੂੰ ਸਪੋਰਟਸ ਦੇ ਤੌਰ ‘ਤੇ ਲਿਆ ਜਾਵੇ ਤਾਂ ਇਸ ਦੇ ਤਿੰਨ ਡਿਸਿਪਲਿਨ ਹਨ। ਪਹਿਲਾ ਕਬੱਡੀ ਨੈਸ਼ਨਲ ਸਟਾਈਲ, ਦੂਜਾ ਕਬੱਡੀ ਸਰਕਲ ਸਟਾਈਲ ਤੇ ਤੀਜਾ ਬੀਚ ਕਬੱਡੀ। ਹਾਲੇ ਤੱਕ ਕਬੱਡੀ ਦਾ ਇਕੋ ਡਿਸਿਪਲਿਨ ਕਬੱਡੀ ਨੈਸ਼ਨਲ ਸਟਾਈਲ ਹੀ ਏਸ਼ੀਆਈ ਖੇਡਾਂ ਵਿਚ ਸ਼ਾਮਿਲ ਹੋਇਆ ਹੈ। ਅਜੇ ਤੱਕ ਇਹ ਵੀ ਕਾਮਨਵੈਲਥ ਖੇਡਾਂ ਵਿਚ ਸ਼ਾਮਿਲ ਨਹੀਂ ਕੀਤਾ ਗਿਆ। ਉਲੰਪਿਕ ਖੇਡਾਂ ਦਾ ਘਰ ਤਾਂ ਕਾਫੀ ਦੂਰ ਹੈ।
ਕਬੱਡੀ ਦੇ ਵਰਲਡ ਕੱਪ ਜਾਂ ਵੱਡੇ ਇਨਾਮੀ ਟੂਰਨਾਮੈਂਟ ਕਰਾਉਣ ਨਾਲ ਹੀ ਕਬੱਡੀ ਉਲੰਪਿਕ ਖੇਡਾਂ ਵਿਚ ਸ਼ਾਮਿਲ ਨਹੀਂ ਹੋ ਜਾਣੀ। ਇਹਦੇ ਲਈ ਜ਼ਰੂਰੀ ਹੈ ਕਿ ਕਬੱਡੀ ਦੀ ਅੰਤਰਰਾਸ਼ਟਰੀ ਫੈਡਰੇਸ਼ਨ ਬਣੇ ਜਿਸ ਨੂੰ ਅੰਤਰਰਾਸ਼ਟਰੀ ਉਲੰਪਿਕ ਕਮੇਟੀ ਦੀ ਮਾਨਤਾ ਮਿਲੇ। ਅੰਤਰਰਾਸ਼ਟਰੀ ਕਬੱਡੀ ਫੈਡਰੇਸ਼ਨ ਆਪਣੀ ਪੂਰੀ ਜ਼ਿਮੇਵਾਰੀ ਨਾਲ ਇਸ ਖੇਡ ਦਾ ਕੇਸ ਅੰਤਰਰਾਸ਼ਟਰੀ ਉਲੰਪਿਕ ਕਮੇਟੀ ਦੇ ਸਨਮੁੱਖ ਰੱਖੇ ਤੇ ਉਹ ਵੀ ਉਲੰਪਿਕਸ ਤੋਂ ਸੱਤ ਸਾਲ ਪਹਿਲਾਂ। ਜੇ ਅੰਤਰਰਾਸ਼ਟਰੀ ਉਲੰਪਿਕ ਕਮੇਟੀ ਦੇ ਸੈਸ਼ਨ ਵਿਚ ਅੱਧਿਓਂ ਵੱਧ ਵੋਟਾਂ ਕਬੱਡੀ ਦੇ ਹੱਕ ਵਿਚ ਪੈ ਜਾਣ ਤਾਂ ਕਬੱਡੀ ਉਲੰਪਿਕ ਖੇਡਾਂ ‘ਚ ਸ਼ਾਮਿਲ ਹੋ ਸਕਦੀ ਹੈ। ਕਬੱਡੀ ਸ਼ਾਮਿਲ ਹੋਵੇਗੀ ਤਾਂ ਕੋਈ ਖੇਡ ਨਿਕਲੇਗੀ ਵੀ।
ਇਹ ਕਾਰਜ ਇੰਨਾ ਸੌਖਾ ਨਹੀਂ। ਹਾਲੇ ਤਾਂ ਮੁਲਕਾਂ ਵਿਚ ਕਬੱਡੀ ਦੀਆਂ ਨੈਸ਼ਨਲ ਫੈਡਰੇਸ਼ਨਾਂ ਵੀ ਨਹੀਂ ਬਣੀਆਂ ਤੇ ਨਾ ਹੀ ਮਾਨਤਾ ਪ੍ਰਾਪਤ ਅੰਤਰਰਾਸ਼ਟਰੀ ਕਬੱਡੀ ਫੈਡਰੇਸ਼ਨ ਬਣੀ ਹੈ। ਅਜੇ ਤਾਂ ਕਬੱਡੀ ਦਾ ਸਰਕਲ ਸਟਾਈਲ ਡਿਸਿਪਲਿਨ ਵੀ ਏਸ਼ੀਆਈ ਖੇਡਾਂ ਵਿਚ ਸ਼ਾਮਿਲ ਨਹੀਂ ਹੋ ਸਕਿਆ। ਅਜੇ ਕਬੱਡੀ ‘ਸਪੋਰਟਸ’ ਵਜੋਂ ਕਾਮਨਵੈਲਥ ਖੇਡਾਂ ਦਾ ਭਾਗ ਵੀ ਨਹੀਂ ਬਣੀ, ਹਾਲਾਂਕਿ ਕਾਮਨਵੈਲਥ ਦੇ ਕਈ ਦੇਸ਼ਾਂ ਵਿਚ ਕਬੱਡੀ ਖੇਡੀ ਜਾਂਦੀ ਹੈ। ਹਾਲੇ ਤਾਂ ਕਬੱਡੀ, ਖ਼ਾਸ ਕਰ ਕੇ ਕਬੱਡੀ ਸਰਕਲ ਸਟਾਈਲ ਸ਼ੁਗਲ ਵਜੋਂ ਹੀ ਖੇਡੀ ਜਾਂਦੀ ਹੈ ਨਾ ਕਿ ਉਲੰਪਿਕ ਖੇਡਾਂ ਦੀ ‘ਆਫੀਸ਼ਲ’ ਜਾਂ ‘ਮਾਨਤਾ ਪ੍ਰਾਪਤ’ ਖੇਡ ਵਜੋਂ। ਉਲੰਪਿਕ ਚਾਰਟਰ ਵਿਚ ਇਹ ਵੀ ਲਿਖਿਆ ਹੈ ਕਿ ਉਹੀ ਖੇਡ ਉਲੰਪਿਕ ਪ੍ਰੋਗਰਾਮ ਦਾ ਹਿੱਸਾ ਬਣ ਸਕਦੀ ਹੈ ਜਿਹੜੀ ਵਰਲਡ ਐਂਟੀ ਡੋਪਿੰਗ ਕੋਡ ਨੂੰ ਮੰਨਦੀ ਹੋਵੇ। ਕਬੱਡੀ ਵਿਚ ਇਸ ਕੋਡ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ!

Be the first to comment

Leave a Reply

Your email address will not be published.