ਅੰਮ੍ਰਿਤਸਰ (ਪੰਜਾਬ ਟਾਈਮਜ਼ ਬਿਊਰੋ): ਪੰਜਾਬ ਸਰਕਾਰ ਨੇ ਦੇਸ਼ ਦੀ ਆਜ਼ਾਦੀ ਲਈ ਵਿਦੇਸ਼ੀ ਧਰਤੀ ‘ਤੇ ਜਾ ਕੇ ਸ਼ਹਾਦਤ ਦੇਣ ਵਾਲੇ ਮਦਨ ਲਾਲ ਢੀਂਗਰਾ ਦੇ ਅੰਮ੍ਰਿਤਸਰ ਸਥਿਤ ਜੱਦੀ ਘਰ ਵਾਲੀ ਥਾਂ ‘ਤੇ ਉਨ੍ਹਾਂ ਦੀ ਯਾਦਗਾਰ ਉਸਾਰਨ ਬਾਰੇ ਕੋਰੀ ਨਾ ਕਰ ਦਿੱਤੀ ਹੈ। ਇਸ ਫੈਸਲੇ ਦੇ ਵਿਰੋਧ ਵਿਚ ਕਈ ਸਮਾਜ ਸੇਵੀ ਜਥੇਬੰਦੀਆਂ ‘ਚ ਰੋਸ ਪਾਇਆ ਜਾ ਰਿਹਾ ਹੈ ਤੇ ਉਨ੍ਹਾਂ ਨੇ ਸਰਕਾਰ ਨੂੰ ਆਪਣਾ ਫੈਸਲਾ ਮੁੜ ਵਿਚਾਰਨ ਦੀ ਅਪੀਲ ਕੀਤੀ ਹੈ।
ਪੰਜਾਬ ਸਰਕਾਰ ਨੇ ਇਸ ਬਾਰੇ ਦਾਇਰ ਜਨਹਿੱਤ ਪਟੀਸ਼ਨ ਦੇ ਜਵਾਬ ਵਿਚ ਅਦਾਲਤ ਨੂੰ ਕਿਹਾ ਹੈ ਕਿ ਅੰਮ੍ਰਿਤਸਰ ਸਥਿਤ ਕਟੜਾ ਸ਼ੇਰ ਸਿੰਘ ਵਿਖੇ ਸ਼ਹੀਦ ਮਦਨ ਲਾਲ ਢੀਂਗਰਾ ਦੇ ਜੱਦੀ ਘਰ ਨੂੰ ਯਾਦਗਾਰ ਵਿਚ ਤਬਦੀਲ ਨਹੀਂ ਕੀਤਾ ਜਾ ਸਕਦਾ। ਇਸ ਬਾਰੇ ਸੱਭਿਆਚਾਰਕ ਮਾਮਲਿਆਂ ਵਿਭਾਗ ਵੱਲੋਂ ਦਾਇਰ ਕੀਤੇ ਗਏ ਹਲਫ਼ੀਆ ਬਿਆਨ ‘ਚ ਆਖਿਆ ਗਿਆ ਹੈ ਕਿ ਸ਼ਹੀਦ ਮਦਨ ਲਾਲ ਢੀਂਗਰਾ ਦੇ ਜੱਦੀ ਘਰ ਦੀ ਇਮਾਰਤ ਨੂੰ ਜ਼ਮੀਨ ਖਰੀਦਣ ਵਾਲੇ ਲੋਕਾਂ ਨੇ ਢਾਹ ਢੇਰੀ ਕਰ ਦਿੱਤਾ ਹੈ। ਹੁਣ ਇੱਥੇ ਪੁਰਾਣਾ ਘਰ ਨਹੀਂ ਰਹਿ ਗਿਆ ਸਗੋਂ ਖ਼ਾਲੀ ਪਲਾਟ ਹੈ ਜੋ ਚੁਫੇਰਿਓਂ ਉੱਚੀਆਂ ਇਮਾਰਤਾਂ ਨਾਲ ਘਿਰਿਆ ਹੋਇਆ ਹੈ। ਅਜਿਹੇ ਹਾਲਾਤ ਵਿਚ ਇਥੇ ਯਾਦਗਾਰ ਬਣਾਉਣਾ ਠੀਕ ਨਹੀਂ ਹੋਵੇਗਾ।
ਜ਼ਿਕਰਯੋਗ ਹੈ ਕਿ ਹੈ ਕਿ ਸ਼ਹੀਦ ਮਦਨ ਲਾਲ ਢੀਂਗਰਾ ਦੇ ਘਰ ਨੂੰ ਢਹਿ-ਢੇਰੀ ਕੀਤੇ ਜਾਣ ਦਾ ਮਾਮਲਾ ਧਿਆਨ ਵਿਚ ਆਉਣ ਪਿੱਛੋਂ ਸਰਗਰਮ ਹੋਈ ਸਰਕਾਰ ਨੇ ਇਸ ਮਾਮਲੇ ਦੀ ਮੁਕੰਮਲ ਰਿਪੋਰਟ ਤਿਆਰ ਕਰਨ ਦੀ ਹਦਾਇਤ ਕੀਤੀ ਸੀ ਜਿਸ ਦੇ ਆਧਾਰ ‘ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਾਰਵਾਈ ਵੀ ਅਰੰਭੀ ਗਈ ਸੀ। ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਜੱਦੀ ਘਰ ਦੀ ਜ਼ਮੀਨ ਦੀ ਰਜਿਸਟਰੀ ਕਰਨ ‘ਤੇ ਵੀ ਰੋਕ ਲਾ ਦਿੱਤੀ ਸੀ ਪਰ ਹੁਣ ਅਚਨਚੇਤੀ ਸਰਕਾਰ ਨੇ ਆਪਣਾ ਫੈਸਲਾ ਬਦਲ ਲਿਆ ਹੈ। ਸਰਕਾਰ ਨੇ ਅਦਾਲਤ ਵਿਚ ਦਾਇਰ ਕੀਤੇ ਆਪਣੇ ਜਵਾਬ ਵਿਚ ਆਖਿਆ ਹੈ ਕਿ ਇਸ ਥਾਂ ‘ਤੇ ਸਮਾਰਕ ਬਣਾਉਣਾ ਜਾਇਜ਼ ਨਹੀਂ ਹੋਵੇਗਾ। ਸਰਕਾਰ ਦੇ ਫੈਸਲੇ ਦੀ ਜਾਣਕਾਰੀ ਮਿਲਦਿਆਂ ਹੀ ਵੱਖ-ਵੱਖ ਸਮਾਜ ਸੇਵੀ ਜਥੇਬੰਦੀਆਂ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਸਾਬਕਾ ਮੰਤਰੀ ਪ੍ਰੋæ ਲਕਸ਼ਮੀ ਕਾਂਤਾ ਚਾਵਲਾ ਜਿਨ੍ਹਾਂ ਨੇ ਸ਼ਹੀਦ ਮਦਨ ਲਾਲ ਢੀਂਗਰਾ ਸਮਾਰਕ ਸਮਿਤੀ ਵੀ ਬਣਾਈ ਹੋਈ ਹੈ, ਨੇ ਆਖਿਆ ਕਿ ਸਰਕਾਰ ਆਪਣੇ ਫੈਸਲੇ ‘ਤੇ ਮੁੜ ਵਿਚਾਰ ਕਰੇ ਨਹੀਂ ਤਾਂ ਪੰਜਾਬ ਤੇ ਦੇਸ਼ ਦੇ ਲੋਕ ਸਰਕਾਰ ਨੂੰ ਕਦੇ ਵੀ ਮੁਆਫ਼ ਨਹੀਂ ਕਰਨਗੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਕੁਝ ਨਾ ਕੀਤਾ ਤਾਂ ਦੇਸ਼ ਦੀ ਜਨਤਾ ਇਥੇ ਸਮਾਰਕ ਆਪਣੀ ਮਿਹਨਤ ਨਾਲ ਬਣਾਵੇਗੀ।
ਉਨ੍ਹਾਂ ਸਰਕਾਰ ਵੱਲੋਂ ਅਦਾਲਤ ਵਿਚ ਦਿੱਤੇ ਜਵਾਬ ਬਾਰੇ ਆਖਿਆ ਕਿ ਸਰਕਾਰ ਕੋਲ ਇੰਨਾ ਧਨ ਨਹੀਂ ਹੈ ਕਿ ਉਹ ਸ਼ਹੀਦ ਢੀਂਗਰਾ ਦੇ ਜੱਦੀ ਘਰ ਦੀ ਵੇਚੀ ਹੋਈ ਜ਼ਮੀਨ ਨੂੰ ਖਰੀਦ ਸਕੇ। ਇਸੇ ਤਰ੍ਹਾਂ ਕਈ ਸਮਾਜ ਸੇਵੀ ਜਥੇਬੰਦੀਆਂ ਨੇ ਸਰਕਾਰ ਵੱਲੋਂ ਅਦਾਲਤ ‘ਚ ਦਾਇਰ ਕੀਤੇ ਜਵਾਬ ਨੂੰ ਮੰਦਭਾਗਾ ਦੱਸਿਆ। ਜਥੇਬੰਦੀਆਂ ਵੱਲੋਂ ਪਿਛਲੇ ਕਈ ਸਾਲਾਂ ਤੋਂ ਦੁਹਾਈ ਦਿੱਤੀ ਜਾ ਰਹੀ ਸੀ ਕਿ ਇਸ ਜੱਦੀ ਘਰ ਨੂੰ ਸੰਭਾਲ ਲਿਆ ਜਾਵੇ ਪਰ ਸਰਕਾਰ ਨੇ ਕੋਈ ਧਿਆਨ ਨਹੀਂ ਦਿੱਤਾ।
ਅੰਮ੍ਰਿਤਸਰ ਵਾਸੀ ਸ਼ਹੀਦ ਮਦਨ ਲਾਲ ਢੀਂਗਰਾ ਇਤਿਹਾਸ ਵਿਚ ਪਹਿਲੇ ਅਜਿਹੇ ਭਾਰਤੀ ਸ਼ਹੀਦ ਹਨ ਜਿਨ੍ਹਾਂ ਦੇਸ਼ ਦੀ ਆਜ਼ਾਦੀ ਲਈ ਵਿਦੇਸ਼ੀ ਧਰਤੀ ‘ਤੇ ਜਾ ਕੇ ਸ਼ਹਾਦਤ ਦਿੱਤੀ ਸੀ। ਉਨ੍ਹਾਂ ਸਰ ਵਿਲੀਅਮ ਕਰਜਨ ਵਾਇਲੀ ਨੂੰ ਇਕ ਜੁਲਾਈ, 1909 ‘ਚ ਲੰਦਨ ਵਿਖੇ ਗੋਲੀ ਮਾਰੀ ਸੀ। ਜ਼ਿਕਰਯੋਗ ਹੈ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਵੇਲੇ ਸ਼ਹੀਦ ਢੀਂਗਰਾ ਦੇ ਜੱਦੀ ਘਰ ਨੂੰ ਸੰਭਾਲਣ ਦਾ ਮਾਮਲਾ ਉਭਰਿਆ ਸੀ।
ਉਸ ਵੇਲੇ ਸਰਕਾਰ ਵੱਲੋਂ ਸ਼ਹੀਦ ਢੀਂਗਰਾ ਦੀ ਸ਼ਹਾਦਤ ਦਾ 100 ਸਾਲਾ ਸਮਾਗਮ ਵੀ ਮਨਾਇਆ ਗਿਆ ਸੀ ਜਿਸ ਤਹਿਤ ਉਸ ਦੇ ਘਰ ਨੂੰ ਆਉਣ ਵਾਲੀ ਸੜਕ ਦਾ ਨਾਂ ਸ਼ਹੀਦ ਮਦਨ ਲਾਲ ਢੀਂਗਰਾ ਮਾਰਗ ਰੱਖਿਆ ਗਿਆ ਸੀ ਪਰ ਉਸ ਦੇ ਜੱਦੀ ਘਰ ਨੂੰ ਸੰਭਾਲਣ ਵੱਲ ਧਿਆਨ ਨਾ ਦਿੱਤੇ ਜਾਣ ਦੇ ਸਿੱਟੇ ਵਜੋਂ ਕੁਝ ਸਮਾਂ ਪਹਿਲਾਂ ਇਹ ਘਰ ਵੇਚ ਦਿੱਤਾ ਗਿਆ। ਸ਼ਹੀਦ ਦੇ ਘਰ ਦੇ ਖ਼ਰੀਦਦਾਰਾਂ ਨੇ ਚੁੱਪ-ਚਪੀਤੇ ਘਰ ਨੂੰ ਢਹਿ ਢੇਰੀ ਕਰ ਦਿੱਤਾ।
Leave a Reply