ਪੰਜਾਬ ਦੀ ਆਟਾ-ਦਾਲ ਸਕੀਮ ਦਾ ਦਮ ਨਿਕਲਿਆ

ਚੰਡੀਗੜ੍ਹ: ਆਰਥਿਕ ਤੰਗੀ ਨਾਲ ਦੋ-ਦੋ ਹੱਥ ਕਰ ਰਹੀ ਪੰਜਾਬ ਸਰਕਾਰ ਨੇ ਹੁਣ ਗਰੀਬ ਵਰਗ ਨੂੰ ਵੀ ਆਪਣੀ ‘ਸਰਫਾ ਮੁਹਿੰਮ’ ਵਿਚ ਸ਼ਾਮਲ ਕਰ ਲਿਆ ਹੈ। ਸੂਬਾ ਸਰਕਾਰ ਨੇ 31 ਲੱਖ ਗਰੀਬ ਪਰਿਵਾਰਾਂ ਨੂੰ ਦਿੱਤੀ ਜਾਂਦੀ ਆਟਾ-ਦਾਲ ਦੀ ਕੀਮਤ ਵਧਾ ਕੇ 172 ਕਰੋੜ ਰੁਪਏ ਬਚਾਉਣ ਦਾ ਟੀਚਾ ਮਿਥਿਆ ਹੈ। ਪਿਛਲੇ ਸਾਲ ਯੂæਪੀæਏæ ਸਰਕਾਰ ਵੱਲੋਂ ਇਸ ਸਕੀਮ ਤਹਿਤ ਦੋ ਰੁਪਏ ਕਿੱਲੋ ਕਣਕ ਦੇਣ ਦਾ ਫੈਸਲਾ ਕੀਤਾ ਸੀ, ਪਰ ਅਕਾਲੀ-ਭਾਜਪਾ ਸਰਕਾਰ ਨੇ ਇਹ ਕਣਕ ਇਕ ਰੁਪਏ ਕਿੱਲੋ ਦੇਣ ਦਾ ਐਲਾਨ ਕੀਤਾ ਸੀ ਭਾਵ ਇਕ ਰੁਪਿਆ ਇਸ ਨੇ ਆਪਣੇ ਖਜ਼ਾਨੇ ਵਿਚੋਂ ਦੇਣਾ ਸੀ। ਕੇਂਦਰੀ ਸਕੀਮ ਵਿਚ ਦਾਲ ਸ਼ਾਮਲ ਨਹੀਂ ਸੀ, ਪਰ ਪੰਜਾਬ ਸਰਕਾਰ ਨੇ ਇਹ ਵੀ ਲਾਭਪਾਤਰੀਆਂ ਨੂੰ ਦੇਣ ਦਾ ਐਲਾਨ ਕੀਤਾ ਸੀ। ਹੁਣ ਇਕ ਸਾਲ ਵਿਚ ਹੀ ਸਰਕਾਰ ਦਾ ਦਮ ਨਿਕਲ ਗਿਆ ਹੈ।
ਪੰਜਾਬ ਸਰਕਾਰ ਦੀ ਫਲੈਗਸ਼ਿਪ ਵਾਲੀ ਇਸ ਸਕੀਮ ਵਿਚ ਪਹਿਲੀ ਦਸੰਬਰ ਤੋਂ ਕਣਕ ਦੇ ਭਾਅ ਦੁੱਗਣੇ ਤੇ ਦਾਲ ਦੇ ਭਾਅ ਡੇਢ ਗੁਣਾ ਕਰਨ ਦਾ ਫੈਸਲਾ ਕੀਤਾ ਹੈ। ਹੁਣ ਗਰੀਬ ਪਰਿਵਾਰਾਂ ਨੂੰ ਕਣਕ ਇਕ ਰੁਪਏ ਕਿਲੋ ਦੀ ਥਾਂ ਦੋ ਰੁਪਏ ਕਿੱਲੋ ਤੇ ਦਾਲ 20 ਰੁਪਏ ਪ੍ਰਤੀ ਕਿੱਲੋ ਦੀ ਥਾਂ 30 ਰੁਪਏ ਪ੍ਰਤੀ ਕਿੱਲੋ ਮਿਲਿਆ ਕਰੇਗੀ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਹੋਈ ਉੱਚ ਪੱਧਰੀ ਮੀਟਿੰਗ ਵਿਚ ਇਹ ਫੈਸਲਾ ਲਏ ਜਾਣ ਮਗਰੋਂ ਸੂਬਾ ਸਰਕਾਰ ਸਕੀਮ ਅਧੀਨ ਵੰਡੀ ਜਾਣ ਵਾਲੀ ਕਣਕ ਤੇ ਦਾਲ ਦੀਆਂ ਕੀਮਤਾਂ ਵਧਾਏ ਜਾਣ ਬਾਰੇ ਨੋਟੀਫਿਕੇਸ਼ਨ ਜਾਰੀ ਕਰ ਚੁੱਕੀ ਹੈ।
ਮੁੱਖ ਸਕੱਤਰ ਦੀ ਅਗਵਾਈ ਵਿਚ ਇਕ ਕਮੇਟੀ ਬਣਾ ਕੇ ਉਸ ਨੂੰ ਕੌਮੀ ਭੋਜਨ ਸੁਰੱਖਿਆ ਐਕਟ ਅਧੀਨ ਸੂਬੇ ਦੇ ਸ਼ਨਾਖਤ ਕੀਤੇ 31 ਲੱਖ ਪਰਿਵਾਰਾਂ ਨੂੰ ਵੰਡੀ ਜਾਣ ਵਾਲੀ ਕਣਕ-ਦਾਲ ਦੇ ਭਾਅ ਵਧਾਏ ਜਾਣ ਦਾ ਕੰਮ ਸੌਂਪਿਆ ਗਿਆ ਸੀ। ਸਰਕਾਰੀ ਸੂਤਰਾਂ ਮੁਤਾਬਕ ਸਰਕਾਰ ਨੂੰ ਇਹ ਕੀਮਤਾਂ ਧਨ ਦੀ ਘਾਟ ਕਾਰਨ ਵਧਾਉਣੀਆਂ ਪੈ ਰਹੀਆਂ ਹਨ। ਸਰਕਾਰ ਸਬਸਿਡੀਆਂ ਦੇ 6000 ਕਰੋੜ ਰੁਪਏ ਤੋਂ ਵੱਧ ਭਾਰੇ ਬਿੱਲਾਂ ਵਿਚ ਵੱਡਾ ਵਾਧਾ ਕਰ ਰਹੀ ਇਸ ਸਕੀਮ ਵਿਚ ਹੁਣ ਕੀਮਤਾਂ ਵਧਾਉਣ ਨਾਲ 172 ਕਰੋੜ ਰੁਪਏ ਬਚਾ ਸਕੇਗੀ।
ਸਰਕਾਰ ਕਣਕ ਤੋਂ 87 ਕਰੋੜ ਤੇ ਦਾਲ ਤੋਂ 85 ਕਰੋੜ ਰੁਪਏ ਬਚਾ ਲਏਗੀ। ਅਜੇ ਪਿਛਲੇ ਸਾਲ ਹੀ ਕਾਂਗਰਸ ਦੀ ਅਗਵਾਈ ਵਾਲੀ ਯੂæਪੀæਏæ ਸਰਕਾਰ ਵੱਲੋਂ ਕੌਮੀ ਖੁਰਾਕ ਸੁਰੱਖਿਆ ਮਿਸ਼ਨ ਦਾ ਐਲਾਨ ਕਰਨ ਮਗਰੋਂ ਪੰਜਾਬ ਸਰਕਾਰ ਨੇ ਮੋਹਰੀ ਰਹਿਣ ਦਾ ਯਤਨ ਕਰਦਿਆਂ ਕਣਕ ਦਾ ਭਾਅ ਘਟਾ ਕੇ ਦੇਣ ਦਾ ਫੈਸਲਾ ਲਿਆ ਸੀ। ਅਕਾਲੀ-ਭਾਜਪਾ ਸਰਕਾਰ ਉਦੋਂ ਕਾਂਗਰਸ ਨੂੰ ਇਸ ਦਾ ਲਾਭ ਲੈਣ ਤੋਂ ਰੋਕਣਾ ਚਾਹੁੰਦੀ ਸੀ।
ਇਕ ਵਾਰ ਵਿਚ ਸਰਕਾਰ ਛੇ ਮਹੀਨੇ ਲਈ ਕਣਕ ਵੰਡਦੀ ਹੈ ਤੇ ਜੂਨ-ਨਵੰਬਰ ਦੀ ਕਣਕ ਇਹ ਪਹਿਲਾਂ ਹੀ ਵੰਡ ਚੁੱਕੀ ਹੈ ਤਾਂ ਕਿ ਦਸੰਬਰ ਤੋਂ ਨਵੇਂ ਭਾਅ (ਦੋ ਰੁਪਏ ਪ੍ਰਤੀ ਕਿਲੋ) ਲਏ ਜਾ ਸਕਣ। ਦਾਲ ਤਿੰਨ ਮਹੀਨੇ ਲਈ ਵੰਡੀ ਜਾਂਦੀ ਹੈ ਤੇ ਹੁਣ ਜੂਨ-ਅਗਸਤ ਤੱਕ ਵੰਡੀ ਜਾ ਚੁੱਕੀ ਹੈ। ਹੁਣ ਜਦੋਂ ਲਾਭਪਾਤਰੀ ਸਤੰਬਰ-ਦਸੰਬਰ ਲਈ ਇਹ ਸਬਸਿਡੀ ਵਾਲੀ ਦਾਲ ਖਰੀਦਣਗੇ ਤਾਂ ਉਨ੍ਹਾਂ ਨੂੰ 30 ਰੁਪਏ ਵਾਲੇ ਨਵੇਂ ਭਾਅ ‘ਤੇ ਇਹ ਮਿਲੇਗੀ।
_________________________________
ਸਰਕਾਰ ਖਰਚਿਆਂ ਨੂੰ ਲਗਾਮ ਲਾਵੇ: ਜਾਖੜ
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਸੁਨੀਲ ਜਾਖੜ ਨੇ ਪੰਜਾਬ ਸਰਕਾਰ ਨੂੰ ਕਣਕ-ਦਾਲ ਦੀਆਂ ਕੀਮਤਾਂ ਵਧਾਉਣ ਦੀ ਥਾਂ ਆਪਣੇ ਖਰਚਿਆਂ ਉਪਰ ਲਗਾਮ ਲਾਉਣ ਦੀ ਨਸੀਹਤ ਦਿੱਤੀ ਹੈ।
ਉਨ੍ਹਾਂ ਆਖਿਆ ਕਿ ਪੰਜਾਬ ਦੇ ਖਜ਼ਾਨੇ ਨੂੰ ਲੱਗੇ ਤਾਲੇ ਕਾਰਨ ਪਿਛਲੇ ਛੇ ਮਹੀਨਿਆਂ ਤੋਂ ਗਰੀਬਾਂ ਨੂੰ ਰਾਸ਼ਨ ਵਿਚ ਦਾਲ ਮੁਹੱਈਆਂ ਹੀ ਨਹੀਂ ਕੀਤੀ ਗਈ। ਦੇਸ਼ ਦੇ ਗਰੀਬਾਂ ਨੂੰ ਚੰਗੇ ਦਿਨਾਂ ਦੇ ਸੁਪਨੇ ਦਿਖਾ ਕੇ ਸੱਤਾ ‘ਤੇ ਕਾਬਜ਼ ਹੋਏ ਐਨæਡੀæਏæ ਦੇ ਗੱਠਜੋੜ ਦੀ ਪੰਜਾਬ ਵਿਚ ਹਵਾ ਨਿਕਲ ਗਈ ਹੈ। ਐਨæਡੀæਏæ ਸਰਕਾਰ ਦੇ ਬਣਦਿਆਂ ਹੀ ਪਹਿਲਾਂ ਸਬਜ਼ੀਆਂ ਦੀਆਂ ਕੀਮਤਾਂ ਵਿਚ ਭਾਰੀ ਵਾਧਾ ਹੋਇਆ ਸੀ ਤੇ ਹੁਣ ਗਰੀਬਾਂ ‘ਤੇ ਮਹਿੰਗਾਈ ਦੀ ਹੋਰ ਮਾਰ ਪੈਣ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕੇਂਦਰ ਸਰਕਾਰ ਦੀ ਯੋਜਨਾ ਉਪਰ ਆਪਣੀ ਮੋਹਰ ਲਾਉਣ ਲਈ ਕੇਂਦਰ ਤੋਂ ਦੋ ਰੁਪਏ ਕਿਲੋ ਕਣਕ ਪ੍ਰਾਪਤ ਕਰਕੇ ਉਸ ਨੂੰ ਇਕ ਰੁਪਏ ਕਿਲੋ ਕਾਰਡਧਾਰਕਾਂ ਨੂੰ ਦੇਣ ਦੇ ਐਲਾਨ ਤੋਂ ਪਿਛੇ ਹਟ ਗਈ ਹੈ।
ਪੰਜਾਬ ਸਰਕਾਰ ਦੇ ਖਜ਼ਾਨੇ ਦੀ ਹਾਲਤ ਏਨੀ ਖਰਾਬ ਹੈ ਕਿ ਉਹ ਇਸ ਯੋਜਨਾ ਤਹਿਤ ਸਾਲਾਨਾ 85 ਕਰੋੜ ਰੁਪਏ ਤੱਕ ਖਰਚ ਕਰਨ ਵਿਚ ਵੀ ਲਾਚਾਰ ਹੈ। ਕਾਂਗਰਸ ਦੀ ਕੌਮੀ ਪ੍ਰਧਾਨ ਸੋਨੀਆਂ ਗਾਂਧੀ ਦੀ ਪਹਿਲ ਦੇ ਆਧਾਰ ‘ਤੇ ਹੀ ਕੇਂਦਰ ਦੀ ਸਾਬਕਾ ਯੂæਪੀæਏæ ਸਰਕਾਰ ਨੇ ਕੌਮੀ ਖਾਦ ਸੁਰੱਖਿਆ ਮਿਸ਼ਨ ਦੀ ਸ਼ੁਰੂਆਤ ਕੀਤੀ ਸੀ। ਇਸ ਮਿਸ਼ਨ ਤਹਿਤ ਦੇਸ਼ ਦੇ ਸਾਰੇ ਗਰੀਬਾਂ ਨੂੰ ਦੋ ਰੁਪਏ ਕਿਲੋ ਕਣਕ ਮੁਹੱਈਆ ਕਰਵਾਉਣ ਦੀ ਯੋਜਨਾ ਦੀਆਂ ਪੰਜਾਬ ਸਰਕਾਰ ਨੇ ਧੱਜੀਆਂ ਉਡਾਈਆਂ ਹਨ।

Be the first to comment

Leave a Reply

Your email address will not be published.