ਸੰਗਤ ਦਾ ਮਾਰਗ ਦਰਸ਼ਨ ਕਰੇਗਾ ਪ੍ਰਵੇਸ਼ ਦੁਆਰ ਪਲਾਜ਼ਾ

ਅੰਮ੍ਰਿਤਸਰ: ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਬਣ ਰਿਹਾ ਜ਼ਮੀਨਦੋਜ ਪ੍ਰਵੇਸ਼ ਦੁਆਰ ਪਲਾਜ਼ਾ ਦੇਸ਼ ਵਿਦੇਸ਼ ਤੋਂ ਆਉਣ ਵਾਲੇ ਸ਼ਰਧਾਲੂਆਂ ਤੇ ਸੈਲਾਨੀਆਂ ਨੂੰ ਹਰਿਮੰਦਰ ਸਾਹਿਬ ਦੇ ਇਤਿਹਾਸ, ਸਿੱਖ ਧਰਮ ਤੇ ਇਸ ਦੇ ਸਿਧਾਂਤ, ਮਰਿਆਦਾ ਆਦਿ ਬਾਰੇ ਹਰ ਪੱਧਰ ਦੀ ਜਾਣਕਾਰੀ ਅਤਿ ਆਧੁਨਿਕ ਢੰਗ ਨਾਲ ਮੁਹੱਈਆ ਕਰਵਾਉਣ ਦੇ ਸਮਰੱਥ ਹੋਵੇਗਾ। ਜ਼ਮੀਨਦੋਜ਼ ਪਲਾਜ਼ੇ ਦਾ ਉਪਰਲਾ ਵਿਹੜਾ ਸੰਗਤ ਨੂੰ ਸਮਰਪਤ ਕਰ ਦਿੱਤਾ ਗਿਆ ਹੈ ਜਿਸ ਨਾਲ ਰੋਜ਼ਾਨਾ ਆਉਣ ਵਾਲੇ ਲੱਖਾਂ ਸ਼ਰਧਾਲੂਆਂ ਨੂੰ ਵੱਡੀ ਰਾਹਤ ਮਿਲੇਗੀ।
ਹਰਿਮੰਦਰ ਸਾਹਿਬ ਪ੍ਰਵੇਸ਼ ਦੁਆਰ ਪਲਾਜ਼ਾ ਦੀ ਉਸਾਰੀ ਮਈ 2010 ਵਿਚ ਸ਼ੁਰੂ ਕੀਤੀ ਗਈ ਸੀ। ਇਹ ਪਲਾਜ਼ਾ ਤਕਰੀਬਨ 8200 ਵਰਗ ਗਜ ਰਕਬੇ ਵਿਚ ਉਸਾਰਿਆ ਜਾ ਰਿਹਾ ਹੈ, ਜਿਸ ਦੇ ਪਹਿਲੇ ਪੜਾਅ ਵਿਚ ਉਪਰਲਾ ਹਿੱਸਾ ਤਿਆਰ ਕੀਤਾ ਗਿਆ ਹੈ। ਇਸ ਵਿਚ ਜੋੜਾ ਘਰ ਤੇ ਗਠੜੀ ਘਰ ਆਦਿ ਸ਼ਾਮਲ ਹਨ। ਬਾਕੀ ਖੇਤਰ ਨੂੰ ਖੁੱਲ੍ਹਾ ਰੱਖਿਆ ਗਿਆ ਹੈ, ਜਿਸ ਨੇ ਹਰਿਮੰਦਰ ਸਾਹਿਬ ਦੇ ਪ੍ਰਵੇਸ਼ ਦੁਆਰ ਨੂੰ ਨਵੀਂ ਦਿੱਖ ਦਿੱਤੀ ਹੈ। ਇਸ ਦੇ ਜ਼ਮੀਨਦੋਜ ਹਿੱਸੇ ਵਿਚ ਯਾਤਰੂਆਂ ਲਈ ਵੱਖ-ਵੱਖ ਸਹੂਲਤਾਂ ਹੋਣਗੀਆਂ। ਜ਼ਮੀਨਦੋਜ ਹਿੱਸੇ ਵਿਚ ਸੂਚਨਾ ਘਰ, ਅਤਿ ਆਧੁਨਿਕ ਮਲਟੀ ਮੀਡੀਆ ਹਾਲ, ਬੈਂਕ, ਏæਟੀæਐਮæ, ਰੇਲ ਤੇ ਹਵਾਈ ਸੇਵਾ ਪੁੱਛਗਿੱਛ ਕੇਂਦਰ, ਪਖਾਨੇ ਤੇ ਹੋਰ ਵਿਸ਼ੇਸ਼ ਪ੍ਰਬੰਧ ਹੋਣਗੇ। ਇਹ ਇਮਾਰਤੀ ਹਿੱਸਾ ਦੂਜੇ ਪੜਾਅ ਵਿਚ ਬਣਾਇਆ ਜਾ ਰਿਹਾ ਹੈ, ਜਿਸ ਨੂੰ ਮੁਕੰਮਲ ਹੋਣ ਵਿਚ ਤਕਰੀਬਨ ਇਕ ਸਾਲ ਹੋਰ ਲੱਗਣ ਦੀ ਸੰਭਾਵਨਾ ਹੈ। ਹਰਿਮੰਦਰ ਸਾਹਿਬ ਮੁੱਖ ਪ੍ਰਵੇਸ਼ ਦੁਆਰ ਪਲਾਜ਼ਾ ਨੂੰ ਬਣਾਉਣ ਦਾ ਸੁਪਨਾ ਪੰਜਾਬ ਸਰਕਾਰ ਦੇ ਇਕ ਆਈæਏæਐਸ਼ ਅਧਿਕਾਰੀ ਕੇæਐਸ਼ ਪੰਨੂ ਵੱਲੋਂ ਦੇਖਿਆ ਗਿਆ ਸੀ, ਜੋ ਉਸ ਵੇਲੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਵਜੋਂ ਤਾਇਨਾਤ ਸਨ। ਉਨ੍ਹਾਂ ਨੇ ਬੈਂਕਾਕ ਸਥਿਤ ਇਕ ਬੁੱਧ ਮੰਦਰ ਬਾਰੇ ਸੁਣਿਆ ਸੀ ਤੇ ਉਸ ਨੂੰ ਦੇਖਣ ਮਗਰੋਂ ਹਰਿਮੰਦਰ ਸਾਹਿਬ ਦੇ ਬਾਹਰ ਖਾਲੀ ਜਗ੍ਹਾ ‘ਤੇ ਅਜਿਹਾ ਹੀ ਜ਼ਮੀਨਦੋਜ ਪਲਾਜ਼ਾ ਬਣਾਉਣ ਦਾ ਸੁਪਨਾ ਸਿਰਜਿਆ। ਉਨ੍ਹਾਂ ਇਸ ਬਾਰੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਗੱਲ ਸਾਂਝੀ ਕੀਤੀ। ਇਸ ਮਗਰੋਂ ਯੋਜਨਾ ਨੂੰ ਅਮਲ ਵਿਚ ਲਿਆਂਦਾ। ਸ੍ਰੀ ਪੰਨੂ ਦੀ ਸੋਚ ਸੀ ਕਿ ਹਰਿਮੰਦਰ ਸਾਹਿਬ ਦੇ ਬਾਹਰ ਖਾਲੀ ਜਗ੍ਹਾ ਵਿਚ ਜ਼ਮੀਨਦੋਜ ਪਲਾਜ਼ਾ ਬਣੇ, ਜਿਥੇ ਦੇਸ਼ ਵਿਦੇਸ਼ ਤੋਂ ਆਉਣ ਵਾਲੇ ਸ਼ਰਧਾਲੁਆਂ ਤੇ ਸੈਲਾਨੀਆਂ ਨੂੰ ਹਰਿਮੰਦਰ ਸਾਹਿਬ ਦੇ ਇਤਿਹਾਸ, ਸਿੱਖ ਧਰਮ ਤੇ ਇਸ ਦੇ ਸਿਧਾਂਤ, ਮਰਿਆਦਾ ਆਦਿ ਬਾਰੇ ਹਰ ਪੱਧਰ ਦੀ ਜਾਣਕਾਰੀ ਅਤਿ ਆਧੁਨਿਕ ਢੰਗ ਨਾਲ ਮੁਹੱਈਆ ਕੀਤੀ ਜਾਵੇ ਤਾਂ ਜੋ ਸ਼ਰਧਾਲੂਆਂ ਨੂੰ ਮੱਥਾ ਟੇਕਣ ਸਮੇਂ ਨਾ ਕੋਈ ਔਖ ਨਾ ਆਵੇ।
ਸ੍ਰੀ ਪੰਨੂ ਨੇ ਸਰਕਾਰ ਤੇ ਸ਼੍ਰੋਮਣੀ ਕਮੇਟੀ ਨੂੰ ਅਪੀਲ ਕੀਤੀ ਹੈ ਕਿ ਜ਼ਮੀਨਦੋਜ ਪਲਾਜ਼ਾ ਵਿਚ ਸ਼ਰਧਾਲੂਆਂ ਤੇ ਸੈਲਾਨੀਆਂ ਨੂੰ ਸਿੱਖ ਧਰਮ, ਸ੍ਰੀ ਹਰਿਮੰਦਰ ਸਾਹਿਬ ਤੇ ਇਸ ਦੇ ਸਿਧਾਂਤ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਫਲਸਫੇ ਆਦਿ ਬਾਰੇ ਜਾਣਕਾਰੀ ਦੇਣ ਲਈ ਵਿਦਵਾਨ ਸਿੱਖ ਮਾਹਿਰਾਂ ਦੀ ਕਮੇਟੀ ਦਾ ਗਠਨ ਕੀਤਾ ਜਾਵੇ, ਜੋ ਇਸ ਮਾਮਲੇ ਨੂੰ ਬਾਰੀਕੀ ਨਾਲ ਵਿਚਾਰੇ ਤੇ ਸੈਲਾਨੀਆਂ ਨੂੰ ਜਾਣਕਾਰੀ ਦੇਣ ਲਈ ਸਕਰਿਪਟ ਤਿਆਰ ਕਰੇ। ਇਸ ਨੂੰ ਅਤਿ ਆਧੁਨਿਕ ਤਕਨੀਕਾਂ ਦੀ ਵਰਤੋਂ ਕਰਦੇ ਹੋਏ ਦਰਸਾਇਆ ਜਾਵੇ। ਪਲਾਜ਼ਾ ਦੀ ਰੂਪ ਰੇਖਾ ਤਿਆਰ ਕਰਨ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਆਰਕੀਟੈਕਟ ਵਿਭਾਗ ਦਾ ਸਹਿਯੋਗ ਲਿਆ ਗਿਆ ਸੀ, ਜਿਸ ਨੇ ਡਿਜ਼ਾਇਨ ਤਿਆਰ ਕਰਾਉਣ ਲਈ ਵਿਸ਼ਵ ਪੱਧਰੀ ਮੁਕਾਬਲਾ ਕਰਾਇਆ ਤੇ ਮੁਕਾਬਲੇ ਵਿਚ ਪਹਿਲੇ ਸਥਾਨ ‘ਤੇ ਆਏ ਡਿਜ਼ਾਇਨ ਨੂੰ ਪਲਾਜ਼ਾ ਲਈ ਚੁਣਿਆ ਗਿਆ। ਸਰਕਾਰ ਵੱਲੋਂ ਡਿਜ਼ਾਇਨ ਤਿਆਰ ਕਰਨ ਵਾਲੇ ਮਾਹਿਰ ਨੂੰ ਵਿਸ਼ੇਸ਼ ਇਨਾਮ ਵੀ ਦਿੱਤਾ ਗਿਆ ਸੀ।
_______________________________________
ਸ਼ਰਧਾਲੂਆਂ ਨੂੰ ਮਿਲੇਗੀ ਵੱਡੀ ਰਾਹਤ: ਮੱਕੜ
ਅੰਮ੍ਰਿਤਸਰ: ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਕਿਹਾ ਹੈ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੂਹਰੇ ਬਣੇ ਜ਼ਮੀਨਦੋਜ਼ ਪਲਾਜ਼ੇ ਦਾ ਉਪਰਲਾ ਵਿਹੜਾ ਸੰਗਤ ਦੇ ਸਮਰਪਤ ਹੋਣ ਨਾਲ ਰੋਜ਼ਾਨਾ ਆਉਣ ਵਾਲੇ ਲੱਖਾਂ ਸ਼ਰਧਾਲੂਆਂ ਨੂੰ ਵੱਡੀ ਰਾਹਤ ਮਿਲੇਗੀ। ਉਨ੍ਹਾਂ ਦੱਸਿਆ ਕਿ ਸ਼ੁਰੂਆਤੀ ਬਜਟ ਤਹਿਤ ਪਲਾਜ਼ਾ ਪ੍ਰੋਜੈਕਟ ‘ਤੇ 70 ਤੋਂ 80 ਕਰੋੜ ਰੁਪਏ ਤੱਕ ਹੀ ਖਰਚ ਕਰਨ ਦੀ ਤਜਵੀਜ਼ ਸੀ ਪਰ ਸ੍ਰੀ ਹਰਿਮੰਦਰ ਸਾਹਿਬ ਦੀ ਮਹੱਤਤਾ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਇਸ ਪ੍ਰੋਜੈਕਟ ‘ਤੇ 130 ਕਰੋੜ ਰੁਪਏ ਖਰਚਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਪ੍ਰਵੇਸ਼ ਦੁਆਰ ਪਲਾਜ਼ਾ ਦੇਸ਼ ਵਿਦੇਸ਼ ਤੋਂ ਆਉਣ ਵਾਲੇ ਸ਼ਰਧਾਲੂਆਂ ਤੇ ਸੈਲਾਨੀਆਂ ਨੂੰ ਹਰਿਮੰਦਰ ਸਾਹਿਬ ਦੇ ਇਤਿਹਾਸ, ਸਿੱਖ ਧਰਮ ਤੇ ਇਸ ਦੇ ਸਿਧਾਂਤ, ਮਰਿਆਦਾ ਆਦਿ ਬਾਰੇ ਹਰ ਪੱਧਰ ਦੀ ਜਾਣਕਾਰੀ ਅਤਿ ਆਧੁਨਿਕ ਢੰਗ ਨਾਲ ਮੁਹੱਈਆ ਕਰਵਾਉਣ ਦੇ ਸਮਰੱਥ ਹੋਵੇਗਾ।

Be the first to comment

Leave a Reply

Your email address will not be published.