ਬਠਿੰਡਾ: ਪੰਜਾਬ ਸਰਕਾਰ ਦੇ ਕਮਾਊ ਪੁੱਤ ਮੰਨੇ ਜਾਂਦੇ ਸ਼ਰਾਬ ਦੇ ਠੇਕੇਦਾਰ ਐਤਕੀਂ ਮੰਦੀ ਦੀ ਮਾਰ ਵਿਚ ਘਿਰ ਗਏ ਹਨ। ਪਹਿਲੀ ਵਾਰ ਅਜਿਹੇ ਹਾਲਾਤ ਬਣੇ ਹਨ ਕਿ ਠੇਕੇਦਾਰਾਂ ਨੂੰ ਮਹੀਨਾਵਾਰ ਕਿਸ਼ਤ ਤਾਰਨੀ ਔਖੀ ਹੋ ਗਈ ਹੈ। ਸੂਬੇ ਦੇ ਬਹੁਤੇ ਜ਼ਿਲ੍ਹਿਆਂ ਵਿਚ ਠੇਕੇਦਾਰ ਕਰਜ਼ਾ ਚੁੱਕ ਕੇ ਕਿਸ਼ਤਾਂ ਤਾਰ ਰਹੇ ਹਨ। ਪੰਜਾਬ ਸਰਕਾਰ ਵੱਲੋਂ ਹਰ ਵਰ੍ਹੇ ਆਬਕਾਰੀ ਟੀਚਾ ਵਧਾ ਦਿੱਤਾ ਜਾਂਦਾ ਹੈ, ਜਿਸ ਕਰਕੇ ਹੁਣ ਨਵੀਂ ਨੌਬਤ ਬਣਨ ਲੱਗੀ ਹੈ।
ਪੰਜਾਬ ਸਰਕਾਰ ਵੱਲੋਂ ਚਾਲੂ ਮਾਲੀ ਸਾਲ ਦੌਰਾਨ 4020 ਕਰੋੜ ਰੁਪਏ ਵਿਚ ਸ਼ਰਾਬ ਦੇ ਠੇਕੇ ਅਲਾਟ ਕੀਤੇ ਹੋਏ ਹਨ ਤੇ ਅਗਲੇ ਮਾਲੀ ਵਰ੍ਹੇ ਲਈ 4800 ਕਰੋੜ ਰੁਪਏ ਦਾ ਟੀਚਾ ਮਿਥਣ ਦਾ ਅਨੁਮਾਨ ਹੈ। 2012-13 ਵਿਚ ਸਰਕਾਰ ਨੇ ਸ਼ਰਾਬ ਤੋਂ 3410 ਕਰੋੜ ਰੁਪਏ ਕਮਾਏ ਸਨ। ਨਵੇਂ ਹਾਲਾਤ ਮੁਤਾਬਕ ਠੇਕੇਦਾਰਾਂ ਨੂੰ ਕਾਫ਼ੀ ਮਾਲੀ ਸੰਕਟ ਖੜ੍ਹਾ ਹੋ ਗਿਆ ਹੈ। ਜ਼ਿਲ੍ਹਾ ਬਠਿੰਡਾ ਵਿਚ ਤਕਰੀਬਨ ਡੇਢ ਦਰਜਨ ਠੇਕਿਆਂ ਨੂੰ ਤਾਲੇ ਮਾਰਨੇ ਪਏ ਹਨ ਕਿਉਂਕਿ ਇਹ ਠੇਕੇਦਾਰ ਸਤੰਬਰ ਦੀ ਕਿਸ਼ਤ ਨਹੀਂ ਤਾਰ ਸਕੇ ਸਨ। ਜਦੋਂ ਮਹਿਕਮੇ ਨੇ ਠੇਕੇ ਸੀਲ ਕਰ ਦਿੱਤੇ ਤਾਂ ਠੇਕੇਦਾਰਾਂ ਨੇ ਮੌਕੇ ‘ਤੇ ਪੈਸੇ ਦਾ ਪ੍ਰਬੰਧ ਕਰਕੇ ਕਿਸ਼ਤ ਤਾਰੀ।
ਆਬਕਾਰੀ ਮਹਿਕਮੇ ਨੂੰ ਹਰ ਮਹੀਨੇ ਦੀ 15 ਤਰੀਕ ਤੱਕ ਠੇਕੇਦਾਰਾਂ ਨੇ ਕਿਸ਼ਤ ਜਮ੍ਹਾਂ ਕਰਵਾਉਣੀ ਹੁੰਦੀ ਹੈ। ਆਬਕਾਰੀ ਮਹਿਕਮੇ ਨੇ ਸੰਗਤ ਮੰਡੀ ਦੇ ਤਿੰਨ, ਗੋਨਿਆਣਾ ਦੇ ਅੱਠ ਤੇ ਰਾਮਾਂ ਮੰਡੀ ਦੇ ਚਾਰ ਠੇਕੇ ਸੀਲ ਕਰ ਦਿੱਤੇ ਸਨ ਕਿਉਂਕਿ ਇਨ੍ਹਾਂ ਠੇਕੇਦਾਰਾਂ ਵੱਲੋਂ ਤਕਰੀਬਨ 65 ਲੱਖ ਰੁਪਏ ਦੀ ਕਿਸ਼ਤ ਨਹੀਂ ਭਰੀ ਗਈ ਸੀ। ਮੌੜ ਮੰਡੀ ਦੇ ਅੱਠ ਠੇਕਿਆਂ ਦੇ ਠੇਕੇਦਾਰਾਂ ਨੇ ਐਨ ਮੌਕੇ ‘ਤੇ ਕਿਸ਼ਤ ਭਰ ਦਿੱਤੀ, ਜਿਸ ਕਰਕੇ ਉਨ੍ਹਾਂ ਦੇ ਠੇਕੇ ਸੀਲ ਹੋਣ ਤੋਂ ਬਚ ਗਏ। ਕਰ ਤੇ ਆਬਕਾਰੀ ਅਫਸਰ ਸ੍ਰੀ ਬੀæਐਸ਼ ਗਿੱਲ ਦਾ ਕਹਿਣਾ ਹੈ ਕਿ ਠੇਕੇਦਾਰਾਂ ਵੱਲੋਂ ਕਿਸ਼ਤ ਤਾਰਨ ਮਗਰੋਂ ਠੇਕੇ ਖੋਲ੍ਹ ਦਿੱਤੇ ਗਏ ਸਨ। ਉਨ੍ਹਾਂ ਦੱਸਿਆ ਕਿ ਪ੍ਰਤੀ ਮਹੀਨਾ 17æ76 ਕਰੋੜ ਰੁਪਏ ਦੀ ਕਿਸ਼ਤ ਬਠਿੰਡਾ ਜ਼ਿਲ੍ਹੇ ਦੀ ਬਣਦੀ ਹੈ।
ਜ਼ਿਲ੍ਹਾ ਸੰਗਰੂਰ ਵਿਚ ਸ਼ਰਾਬ ਦੇ ਕਰੀਬ 25 ਠੇਕਿਆਂ ਨੂੰ ਤਾਲੇ ਲਾਉਣੇ ਪਏ ਹਨ। ਦਿੜ੍ਹਬਾ, ਚੀਮਾ, ਅਹਿਮਦਗੜ੍ਹ ਤੇ ਲਹਿਰਾ ਇਲਾਕੇ ਦੇ ਇਨ੍ਹਾਂ ਠੇਕਿਆਂ ਦੇ ਠੇਕੇਦਾਰਾਂ ਵੱਲੋਂ ਕਿਸ਼ਤ ਨਹੀਂ ਤਾਰੀ ਗਈ ਸੀ। ਸਹਾਇਕ ਕਰ ਤੇ ਆਬਕਾਰੀ ਅਫਸਰ ਸੰਗਰੂਰ ਦਰਬਾਰਾ ਸਿੰਘ ਦਾ ਕਹਿਣਾ ਹੈ ਕਿ ਜਦੋਂ ਠੇਕੇਦਾਰਾਂ ਨੇ ਨਿਸ਼ਚਿਤ ਤਰੀਕ ਤੱਕ ਕਿਸ਼ਤ ਨਾ ਭਰੀ ਤਾਂ ਉਨ੍ਹਾਂ ਨੂੰ ਠੇਕੇ ਬੰਦ ਕਰਨੇ ਪਏ। ਹੁਣ ਕਿਸ਼ਤ ਆ ਗਈ ਹੈ, ਜਿਸ ਕਰਕੇ ਸੀਲ ਖੋਲ੍ਹ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪ੍ਰਤੀ ਮਹੀਨਾ 20 ਕਰੋੜ ਰੁਪਏ ਤੋਂ ਉਪਰ ਕਿਸ਼ਤ ਬਣਦੀ ਹੈ। ਦੱਸਣਯੋਗ ਹੈ ਕਿ ਦੇਸੀ ਸ਼ਰਾਬ ਦੀ ਬੋਤਲ 140 ਰੁਪਏ ਦੀ ਹੈ ਜਦੋਂਕਿ ਮੁਕਾਬਲੇ ਕਾਰਨ ਇਹ 100 ਰੁਪਏ ਵਿਚ ਵਿਕ ਰਹੀ ਹੈ। ਮੁਕਾਬਲੇਬਾਜ਼ੀ ਵਿਚ ਗ਼ੈਰਕਾਨੂੰਨੀ ਬ੍ਰਾਂਚਾਂ ਖੋਲ੍ਹ ਕੇ ਸ਼ਰਾਬ ਵੇਚੀ ਜਾ ਰਹੀ ਹੈ, ਜਿਸ ਕਰਕੇ ਠੇਕੇਦਾਰਾਂ ਨੂੰ ਹੀ ਸੱਟ ਵੱਜ ਰਹੀ ਹੈ। ਜ਼ਿਲ੍ਹਾ ਫ਼ਰੀਦਕੋਟ ਦੇ ਸਹਾਇਕ ਕਰ ਤੇ ਆਬਕਾਰੀ ਕਮਿਸ਼ਨਰ ਨੇ ਅਜਿਹੀ ਨੀਤੀ ਬਣਾ ਦਿੱਤੀ ਕਿ ਜ਼ਿਲ੍ਹੇ ਦੇ ਸਾਰੇ ਸਰਕਲਾਂ ਵਿਚ ਬਰਾਬਰ ਰੈਵੇਨਿਊ ਪਾਉਣ ਦੀ ਥਾਂ ਜੈਤੋ ਸਰਕਲ ਦੇ ਰੈਵੇਨਿਊ ਵਿਚ ਡੇਢ ਗੁਣਾ ਵਾਧਾ ਕਰ ਦਿੱਤਾ ਕਿਉਂਕਿ ਜੈਤੋ ਸਰਕਲ ਲਈ ਸਾਧਾਰਨ ਠੇਕੇਦਾਰਾਂ ਨੇ ਅਪਲਾਈ ਕੀਤਾ ਸੀ। ਬਾਕੀ ਸਰਕਲਾਂ ‘ਤੇ ਸਿਆਸੀ ਨੇਤਾ ਕਾਬਜ਼ ਹਨ। ਇਸ ਜ਼ਿਲ੍ਹੇ ਵਿਚ ਠੇਕੇਦਾਰ ਟੁੱਟ ਗਏ ਹਨ। ਜ਼ਿਲ੍ਹੇ ਦੀ ਮਹੀਨਾਵਾਰ ਕਿਸ਼ਤ 8æ70 ਕਰੋੜ ਰੁਪਏ ਬਣਦੀ ਹੈ।
ਉਧਰ ਪੰਜਾਬ ਵਿਚ ਵਿਰੋਧੀ ਧਿਰ ਦੇ ਆਗੂ ਸੁਨੀਲ ਕੁਮਾਰ ਜਾਖੜ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਸੂਬੇ ਦੇ ਆਰਥਕ ਤੇ ਸਮਾਜਕ ਹਾਲਾਤ ਅਤਿ ਮਾੜੇ ਹੋ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ 2014-15 ਲਈ ਤੈਅ ਕੀਤੀ ਗਈ ਆਬਕਾਰੀ ਨੀਤੀ ਵਿਚ 43 ਕਰੋੜ ਪਰੂਫ਼ ਲੀਟਰ ਸ਼ਰਾਬ ਵੇਚਣ ਦਾ ਟੀਚਾ ਮਿਥਿਆ ਗਿਆ ਹੈ ਜਿਸ ਤੋਂ ਸਪੱਸ਼ਟ ਹੈ ਕਿ ਅਕਾਲੀ ਸਰਕਾਰ ਪੰਜਾਬ ਨੂੰ ਨਸ਼ੇ ਵਿਚ ਡੋਬਣ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਲੁਧਿਆਣਾ ਤੇ ਗੋਬਿੰਦਗੜ੍ਹ ਦੀ ਸਨਅਤ ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਬੰਦ ਹੋਣ ਕਿਨਾਰੇ ਹਨ।
_____________________________________
ਸਰਕਾਰ ਨੂੰ ਹਰ ਮਹੀਨੇ ਦੇਣੀ ਪੈਂਦੀ ਹੈ 327 ਕਰੋੜ ਦੀ ਕਿਸ਼ਤ
ਪੰਜਾਬ ਭਰ ਵਿਚੋਂ ਠੇਕਿਆਂ ਤੋਂ ਪ੍ਰਤੀ ਮਹੀਨਾ 327 ਕਰੋੜ ਰੁਪਏ ਦੀ ਕਿਸ਼ਤ ਆਉਣੀ ਹੁੰਦੀ ਹੈ। ਆਬਕਾਰੀ ਮਹਿਕਮੇ ਨੂੰ ਹਰ ਮਹੀਨੇ ਦੀ 15 ਤਰੀਕ ਤੱਕ ਠੇਕੇਦਾਰਾਂ ਨੇ ਕਿਸ਼ਤ ਜਮ੍ਹਾਂ ਕਰਵਾਉਣੀ ਹੁੰਦੀ ਹੈ। ਬਹੁਤੇ ਅਫਸਰਾਂ ਨੂੰ ਠੇਕੇਦਾਰਾਂ ਦੇ ਮਿੰਨਤ ਤਰਲੇ ਕਰਨੇ ਪੈਂਦੇ ਹਨ। ਸੂਤਰ ਆਖਦੇ ਹਨ ਕਿ ਐਤਕੀਂ ਠੇਕੇਦਾਰਾਂ ਨੂੰ ਵੱਡੇ ਘਾਟੇ ਝੱਲਣੇ ਪੈਣਗੇ।
ਵਧੀਕ ਕਰ ਤੇ ਆਬਕਾਰੀ ਕਮਿਸ਼ਨਰ ਪੰਜਾਬ ਨੀਲਮ ਚੌਧਰੀ ਦਾ ਕਹਿਣਾ ਹੈ ਕਿ ਬਠਿੰਡਾ ਤੇ ਸੰਗਰੂਰ ਵਿਚ ਠੇਕੇ ਸੀਲ ਕਰਨੇ ਪਏ ਹਨ ਜਦੋਂਕਿ ਬਾਕੀ ਪੰਜਾਬ ਵਿਚੋਂ ਮਹੀਨਾਵਾਰ ਕਿਸ਼ਤ ਪ੍ਰਾਪਤ ਹੋਣ ਵਿਚ ਜ਼ਿਆਦਾ ਸਮੱਸਿਆ ਨਹੀਂ ਹੈ। ਮੁੱਖ ਸੰਸਦੀ ਸਕੱਤਰ (ਕਰ ਤੇ ਆਬਕਾਰੀ) ਸਰੂਪ ਚੰਦ ਸਿੰਗਲਾ ਦਾ ਕਹਿਣਾ ਹੈ ਕਿ ਸਮੁੱਚੀ ਮੰਦੀ ਦਾ ਅਸਰ ਐਤਕੀਂ ਠੇਕਿਆਂ ਦੇ ਕਾਰੋਬਾਰ ‘ਤੇ ਵੀ ਪਿਆ ਹੈ, ਜਿਸ ਕਰਕੇ ਕਿਸ਼ਤਾਂ ਦੀ ਵਸੂਲੀ ਵਿਚ ਦਿੱਕਤਾਂ ਆ ਰਹੀਆਂ ਹਨ। ਉਨ੍ਹਾਂ ਆਖਿਆ ਕਿ ਵਸੂਲੀ ਲਈ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਂਦੀ ਹੈ।
Leave a Reply