ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਰੇਲਵੇ ਸਟੇਸ਼ਨ ਤੋਂ ਸ੍ਰੀ ਦਰਬਾਰ ਸਾਹਿਬ ਤੱਕ ਸ਼ੁਰੂ ਕੀਤੀ ਮੁਫ਼ਤ ਬੱਸ ਸੇਵਾ ਹੁਣ ਸੰਗਤ ਲਈ ਪਰੇਸ਼ਾਨੀ ਦਾ ਸਬੱਬ ਬਣਦੀ ਜਾ ਰਹੀ ਹੈ। ਸ਼੍ਰੋਮਣੀ ਕਮੇਟੀ ਨੇ ਇਹ ਸੇਵਾ 1997 ਵਿਚ ਸ਼ੁਰੂ ਕੀਤੀ ਸੀ ਤੇ ਉਸ ਸਮੇਂ ਕਮੇਟੀ ਵੱਲੋਂ ਦੋ ਮਿੰਨੀ ਬੱਸਾਂ ਚਲਾਈਆਂ ਸਨ ਪਰ ਸੰਗਤ ਦੀ ਆਮਦ ਦੇ ਹਿਸਾਬ ਨਾਲ ਇਨ੍ਹਾਂ ਦੀ ਗਿਣਤੀ ਨਹੀਂ ਵਧਾਈ ਗਈ ਜਿਸ ਕਾਰਨ 35 ਸੀਟਾਂ ਵਾਲੀ ਸਵਰਾਜ ਮਾਜਦਾ ਬੱਸ ਵਿਚ 70 ਤੋਂ ਵਧੇਰੇ ਸਵਾਰੀਆਂ ਨੂੰ ਆਪਣੇ ਸਾਮਾਨ ਸਮੇਤ ਸਫਰ ਕਰਨਾ ਪੈਂਦਾ ਹੈ ਤੇ ਬੱਚਿਆਂ, ਬਜ਼ੁਰਗਾਂ ਤੇ ਔਰਤਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਸੁਰੱਖਿਆ ਦੇ ਮੱਦੇਨਜ਼ਰ ਹਨੇਰੇ-ਸਵੇਰੇ ਸੰਗਤਾਂ ਆਮ ਆਟੋ ਜਾਂ ਟੈਕਸੀਆਂ ਦੀ ਥਾਂ ਸ਼੍ਰੋਮਣੀ ਕਮੇਟੀ ਦੀ ਬੱਸ ‘ਤੇ ਹੀ ਸਫਰ ਕਰਨ ਨੂੰ ਤਰਜੀਹ ਦਿੰਦੀਆਂ ਹਨ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਇਸ਼ਨਾਨ ਕਰਨ ਲਈ ਦੇਸ਼ ਵਿਦੇਸ਼ ਤੋਂ ਇਕ ਲੱਖ ਤੋਂ ਵੱਧ ਸ਼ਰਧਾਲੂ ਰੋਜ਼ਾਨਾ ਪੁੱਜਦੇ ਹਨ। ਵੱਖ-ਵੱਖ ਸ਼ਹਿਰਾਂ ਤੋਂ ਰੋਜਾਨਾ ਅੰਮ੍ਰਿਤਸਰ ਆਉਂਦੀਆਂ 83 ਐਕਸਪ੍ਰੈਸ ਤੇ ਪੈਸੰਜਰ ਗੱਡੀਆਂ ਰਾਹੀਂ ਵੀ ਵੱਡੀ ਗਿਣਤੀ ਵਿਚ ਸੰਗਤਾਂ ਦਰਸ਼ਨਾਂ ਲਈ ਆਉਂਦੀਆਂ ਹਨ। ਮੁਫ਼ਤ ਬੱਸ ਸੇਵਾ ਬਾਰੇ ਰੇਲਵੇ ਸਟੇਸ਼ਨ ‘ਤੇ ਇੰਚਾਰਜ ਕੁਲਦੀਪ ਸਿੰਘ ਫੌਜੀ ਨੇ ਕਿਹਾ ਕਿ ਇਹ ਬੱਸ ਅੰਮ੍ਰਿਤ ਵੇਲੇ ਚਾਰ ਵਜੇ ਤੋਂ ਰਾਤ ਨੌਂ ਵਜੇ ਤੱਕ ਸੰਗਤਾਂ ਲਈ ਉਪਲਬਧ ਹੈ। ਇਸ ਵੇਲੇ ਦੋ ਤੋਂ ਤਿੰਨ ਬੱਸਾਂ ਚੱਲ ਰਹੀਆਂ ਹਨ ਤੇ ਕੁੱਲ 40 ਗੇੜੇ ਬੱਸਾਂ ਵੱਲੋਂ ਰੋਜ਼ ਲਗਾਏ ਜਾਂਦੇ ਹਨ। ਇਕ ਬੱਸ ਜਦੋਂ ਸੰਗਤਾਂ ਨੂੰ ਸ੍ਰੀ ਦਰਬਾਰ ਸਾਹਿਬ ਲੈ ਜਾਂਦੀ ਹੈ ਤਾਂ ਦੂਜੀ ਬੱਸ ਉਧਰੋਂ ਸੰਗਤਾਂ ਨੂੰ ਲੈ ਕੇ ਸਟੇਸ਼ਨ ਵੱਲ ਚੱਲ ਪੈਂਦੀ ਹੈ। ਕਈ ਵਾਰ ਰਸਤੇ ਵਿਚ ਭੀੜ ਹੋਣ ਜਾਂ ਜਾਮ ਲੱਗਣ ਕਰਕੇ ਬੱਸਾਂ ਲੇਟ ਹੋ ਜਾਂਦੀਆਂ ਹਨ।
ਉਨ੍ਹਾਂ ਦੱਸਿਆ ਕਿ ਮੁਫਤ ਬੱਸ ਸੇਵਾ ਦੇ ਨਾਲ-ਨਾਲ ਆਈਆਂ ਸੰਗਤਾਂ ਲਈ ਠੰਡੇ ਪਾਣੀ ਦਾ ਪ੍ਰਬੰਧ ਕੀਤਾ ਗਿਆ ਹੈ, ਉਨ੍ਹਾਂ ਨੂੰ ਗੱਡੀਆਂ ਦਾ ਟਾਈਮ ਟੇਬਲ ਵੀ ਦੱਸਿਆ ਜਾਂਦਾ ਹੈ ਤੇ ਬਜ਼ੁਰਗਾਂ ਨੂੰ ਰੇਲ ਗੱਡੀਆਂ ਵਿਚ ਚੜਾਉਣ ਲਈ ਸਹਾਇਤਾ ਵੀ ਕੀਤੀ ਜਾਂਦੀ ਹੈ। ਰੇਲਾਂ ਰਾਹੀਂ ਰੋਜ਼ਾਨਾ ਤਕਰੀਬਨ ਪੰਜ ਹਜ਼ਾਰ ਪੁੱਜਦੇ ਸ਼ਰਧਾਲੂਆਂ ਵਿਚੋਂ ਤਿੰਨ ਹਜ਼ਾਰ ਨੂੰ ਸ੍ਰੀ ਹਰਿਮੰਦਰ ਸਾਹਿਬ ਬੱਸਾਂ ਰਾਹੀਂ ਲਿਜਾਇਆ ਜਾਂਦਾ ਹੈ। ਉਨ੍ਹਾਂ ਮੰਨਿਆਂ ਕਿ ਸ਼ਨਿਚਰਵਾਰ, ਛੁੱਟੀ ਵਾਲੇ ਦਿਨੀਂ ਜਾਂ ਮੱਸਿਆ ਨੂੰ ਇਕੱਲੇ ਨਵੀਂ ਦਿੱਲੀ ਤੋਂ ਹੀ ਦੋ ਹਜ਼ਾਰ ਤੋਂ ਵਧੇਰੇ ਸੰਗਤ ਸ਼ਾਨੇ ਪੰਜਾਬ ਰਾਹੀਂ ਦਰਸ਼ਨਾਂ ਲਈ ਪੁੱਜਦੀ ਹੈ, ਜਿਸ ਕਾਰਨ ਕਈ ਵਾਰ ਸੰਗਤਾਂ ਨੂੰ ਇੰਤਜ਼ਾਰ ਕਰਨਾ ਪੈਂਦਾ ਹੈ। ਦੂਜੇ ਪਾਸੇ ਸ੍ਰੀ ਗੁਰੂ ਰਾਮਦਾਸ ਸਰਾਂ ਦੇ ਸਾਹਮਣੇ ਕਈ ਵਾਰ ਸੰਗਤਾਂ ਨੂੰ ਧੱਕੇ ਮੁੱਕੀ ਦਾ ਸਾਹਮਣਾ ਕਰਨਾ ਪੈਂਦਾ ਹੈ, ਕਈਆਂ ਦੀਆਂ ਜੇਬਾਂ ਕੱਟੀਆਂ ਜਾਂਦੀਆਂ। ਸ਼ਰਧਾਲੂਆਂ ਦਾ ਕਹਿਣਾ ਹੈ ਕਿ ਮੁਫਤ ਬੱਸ ਸੇਵਾ ਸ਼ਲਾਘਾਯੋਗ ਹੈ, ਪਰ ਬੱਸਾਂ ਦੀ ਗਿਣਤੀ ਵਧਾਈ ਜਾਵੇ।
______________________________________________
ਸੰਗਤ ਦੀ ਆਮਦ ਮੁਤਾਬਕ ਨਾ ਵਧੀ ਬੱਸਾਂ ਦੀ ਗਿਣਤੀ
ਸਾਲ 1997 ਵਿਚ ਰੇਲਵੇ ਸਟੇਸ਼ਨ ਤੋਂ ਸੰਗਤਾਂ ਨੂੰ ਸ੍ਰੀ ਹਰਿਮੰਦਰ ਸਾਹਿਬ ਲਿਜਾਣ ਤੇ ਵਾਪਸ ਛੱਡਣ ਲਈ ਦੋ ਛੋਟੀਆਂ ਬੱਸਾਂ ਨਾਲ ਇਹ ਸੇਵਾ ਸ਼ੁਰੂ ਕੀਤੀ ਗਈ ਸੀ ਪਰ ਅੱਜ ਦੇਸ਼ ਵਿਦੇਸ਼ ਤੋਂ ਰੋਜ਼ਾਨਾ ਵੱਡੀ ਗਿਣਤੀ ਵਿਚ ਲੱਖਾਂ ਸ਼ਰਧਾਲੂਆਂ ਦੀ ਆਮਦ ਨੂੰ ਮੁੱਖ ਰੱਖਦਿਆਂ ਇਨ੍ਹਾਂ ਬੱਸਾਂ ਦੀ ਗਿਣਤੀ ਨੂੰ ਵਧਾਇਆ ਨਹੀਂ ਗਿਆ, ਜਿਸ ਕਾਰਨ ਲੰਬਾ ਸਫਰ ਕਰਕੇ ਆਏ ਸ਼ਰਧਾਲੂਆਂ ਨੂੰ ਗਰਮੀਆਂ ਸਰਦੀਆਂ ਵਿਚ ਲੰਬੀਆਂ ਲਾਈਨਾਂ ਵਿਚ ਖੜੋ ਕੇ ਜਾਂ ਜ਼ਮੀਨ ‘ਤੇ ਬੈਠ ਕੇ ਬੱਸ ਦੀ ਉਡੀਕ ਕਰਨੀ ਪੈਂਦੀ ਹੈ। ਕਈ ਸ਼ਰਧਾਲੂ ਤਾਂ ਵਧੇਰੇ ਭੀੜ ਨੂੰ ਦੇਖਕੇ ਆਪਣੇ ਤੌਰ ‘ਤੇ ਟੈਕਸੀ ਆਟੋ ਰਿਕਸ਼ਾ ਕਿਰਾਏ ‘ਤੇ ਲੈਣ ਨੂੰ ਤਰਜੀਹ ਦਿੰਦੇ ਹਨ। ਰੇਲਵੇ ਸਟੇਸ਼ਨ ਦੇ ਵਿਹੜੇ ਵਿਚ ਸ਼੍ਰੋਮਣੀ ਕਮੇਟੀ ਦੇ ਮੁਫਤ ਬੱਸ ਸੇਵਾ ਕੇਂਦਰ ਦੇ ਬਾਹਰ ਸੈਂਕੜੇ ਸ਼ਰਧਾਲੂ ਲੰਬੀਆਂ ਕਤਾਰਾਂ ਵਿਚ ਬੱਸ ਦਾ ਇੰਤਜ਼ਾਰ ਕਰਦੇ ਰਹਿੰਦੇ ਹਨ। ਕਾਗਜ਼ਾਂ ਵਿਚ ਰੇਲਵੇ ਸਟੇਸ਼ਨ ਤੋਂ ਸ੍ਰੀ ਦਰਬਾਰ ਸਾਹਿਬ ਤੱਕ ਆਉਣ-ਜਾਣ ਲਈ ਭਾਵੇਂ ਜ਼ਿਆਦਾ ਬੱਸਾਂ ਚੱਲਦੀਆਂ ਹੋਣ ਪਰ ਹਕੀਕਤ ਇਹ ਹੈ ਕਿ ਇਸ ਵੇਲੇ ਸਿਰਫ ਦੋ ਕੁ ਛੋਟੀਆਂ ਬੱਸਾਂ ਹੀ ਸੰਗਤਾਂ ਨੂੰ ਲਿਆਉਣ ਛੱਡਣ ਲਈ ਲੱਗੀਆਂ ਹੋਈਆਂ ਹਨ।
Leave a Reply