ਸੁਰਕ (ਤੁਰਕੀ): ਆਈæਐਸ਼ ਜਹਾਦੀਆਂ ਖ਼ਿਲਾਫ਼ ਲੜਾਈ ਵਿਚ ਹਜ਼ਾਰਾਂ ਦੀ ਤਦਾਦ ਵਿਚ ਕੁਰਦ ਔਰਤਾਂ ਸ਼ਾਮਲ ਹਨ ਤੇ ਮੁਸਲਿਮ ਜਗਤ ਵਿਚ ਇਹ ਕਾਫੀ ਅਣਹੋਣੀ ਜਿਹੀ ਗੱਲ ਹੈ ਕਿਉਂਕਿ ਲੜਾਈ ਵਿਚ ਆਮ ਤੌਰ ‘ਤੇ ਮਰਦ ਹੀ ਹਿੱਸਾ ਲੈਂਦੇ ਹਨ। ਅਪਰੈਲ ਮਹੀਨੇ ਕੁਰਦ ਬਾਗੀਆਂ ਨੇ ਸਿਰਫ ਔਰਤਾਂ ‘ਤੇ ਆਧਾਰਤ ਲੜਾਕੂ ਯੂਨਿਟਾਂ ਕਾਇਮ ਕੀਤੀਆਂ ਸਨ ਜਿਨ੍ਹਾਂ ਦੀ ਨਫ਼ਰੀ ਵਧ ਕੇ ਹੁਣ 10 ਹਜ਼ਾਰ ਹੋ ਗਈ ਹੈ। ਸੀਰੀਆ ਦੇ ਕੁਰਦ ਖਿੱਤੇ ਦੇ ਇਕ ਰੱਖਿਆ ਅਹਿਲਕਾਰ ਨਾਸਰ ਅਲ ਮਨਸੂਰ ਨੇ ਦੱਸਿਆ ਕਿ ਇਹ ਔਰਤਾਂ ਆਈæਐਸ਼ ਗੁਰੀਲਿਆਂ ਖ਼ਿਲਾਫ਼ ਲੜਾਈ ਵਿਚ ਅਹਿਮ ਭੂਮਿਕਾ ਨਿਭਾਅ ਰਹੀਆਂ ਹਨ। ਇਸ ਮਹੀਨੇ ਦੇ ਸ਼ੁਰੂ ਵਿਚ ਸੀਰੀਆ ਬਾਰੇ ਮਨੁੱਖੀ ਅਧਿਕਾਰ ਨਿਗਰਾਨ ਸੰਸਥਾ ਨੇ ਆਪਣੀ ਰਿਪੋਰਟ ਵਿਚ ਦੱਸਿਆ ਸੀ ਕਿ ਆਈæਐਸ਼ ਅਤਿਵਾਦੀਆਂ ਨੇ ਤੁਰਕੀ ਦੀ ਸਰਹੱਦ ਲਾਗੇ ਲੜਾਈ ਦੌਰਾਨ ਕਾਬੂ ਕੀਤੇ ਨੌਂ ਕੁਰਦ ਬਾਗੀਆਂ ਦੇ ਸਿਰ ਕਲਮ ਕਰ ਦਿੱਤੇ ਹਨ ਜਿਨ੍ਹਾਂ ਵਿਚ ਤਿੰਨ ਔਰਤਾਂ ਵੀ ਸ਼ਾਮਲ ਸਨ। ਤਕਰੀਬਨ ਇਕ ਸਾਲ ਪਹਿਲਾਂ ਅਫ਼ਸ਼ਿਨ ਕੋਬਾਨੀ ਪੜ੍ਹਾਉਂਦੀ ਹੁੰਦੀ ਸੀ ਤੇ ਹੁਣ ਇਹ ਕੁਰਦ ਸੀਰਿਆਈ ਔਰਤ ਨਾਲ ਸਕੂਲ ਛੱਡ ਕੇ ਕੋਬਾਨੀ ਦੇ ਮੋਰਚੇ ‘ਤੇ ਡਟੀ ਹੋਈ ਹੈ। ਕੋਬਾਨੀ ਉਹੀ ਸ਼ਹਿਰ ਹੈ ਜਿਸ ਨੂੰ ਇਸਲਾਮਿਕ ਸਟੇਟ ਦੇ ਜਹਾਦੀਆਂ ਨੇ ਤਕਰੀਬਨ ਇਕ ਮਹੀਨੇ ਤੋਂ ਘੇਰਾ ਪਾਇਆ ਹੋਇਆ ਹੈ।
28 ਸਾਲਾ ਅਫ਼ਸ਼ਿਨ ਨੇ ਦੱਸਿਆ ਕਿ ਜਦੋਂ ਉਸ ਨੇ ਸੀਰੀਆ ਵਿਚ ਆਈæਐਸ਼ ਜਹਾਦੀਆਂ ਦੀ ਪੇਸ਼ਕਦਮੀ ਦੇਖੀ ਤਾਂ ਉਸ ਨੇ ਆਪਣੇ ਸ਼ਹਿਰ ਦੀ ਰਾਖੀ ਲਈ ਲੜਨ ਦਾ ਫੈਸਲਾ ਕੀਤਾ। ਉਸ ਨੇ ਦੱਸਿਆ ਕਿ ਇਸ (ਜਹਾਦੀਆਂ ਦੀ ਪੇਸ਼ਕਦਮੀ) ਕਾਰਨ ਮੇਰੇ ਕਈ ਜਾਣਕਾਰ ਮਾਰੇ ਜਾ ਚੁੱਕੇ ਹਨ ਤੇ ਮੈਂ ਫੈਸਲਾ ਕੀਤਾ ਕਿ ਹੁਣ ਮੋਰਚੇ ‘ਤੇ ਡਟਣ ਦੀ ਲੋੜ ਹੈ। ਇਹ ਸਾਡੀ ਜਨਮ ਭੂਮੀ ਹੈ ਤੇ ਜੇਕਰ ਅਸੀਂ ਇਸ ਲਈ ਨਾ ਲੜੇ ਤਾਂ ਹੋਰ ਕੌਣ ਲੜੇਗਾ? ਸੀਰੀਆ ਦੇ ਇਸ ਸ਼ਹਿਰ ਦੇ ਦੂਜੇ ਪਾਸੇ ਤੁਰਕੀ ਦੀ ਸਰਹੱਦ ਲੱਗਦੀ ਹੈ ਤੇ ਇਸ ਨੂੰ ਪੂਰਬੀ, ਪੱਛਮੀ ਤੇ ਦੱਖਣੀ ਪਾਸਿਆਂ ਤੋਂ ਆਈæਐਸ਼ ਗੁਰੀਲਿਆਂ ਨੇ ਘੇਰਾ ਪਾਇਆ ਹੋਇਆ ਹੈ ਤੇ ਸੀਰੀਆ ਦੇ ਕੁਰਦ ਬਾਗੀਆਂ ਵੱਲੋਂ ਇਸ ਦੀ ਰਾਖੀ ਕੀਤੀ ਜਾ ਰਹੀ ਹੈ। ਤਕਰੀਬਨ ਇਕ ਸਾਲ ਦੀ ਲੜਾਈ ਪਿਛੋਂ ਤਰੱਕੀ ਕਰਦੀ ਹੋਈ ਅਫ਼ਸ਼ਿਨ ਕੋਬਾਨੀ ਮਿਸ਼ਰਤ ਯੂਨਿਟ ਦੀ ਕਮਾਂਡਰ ਬਣ ਗਈ ਹੈ।
ਉਸ ਨੇ ਕਿਹਾ ਕਿ ਅਸੀਂ ਬਿਲਕੁਲ ਮਰਦਾਂ ਵਾਂਗ ਹਾਂ, ਕੋਈ ਫ਼ਰਕ ਨਹੀਂ ਹੈ। ਅਸੀਂ ਫੌਜੀ ਲਾਮਬੰਦੀ ਸਮੇਤ ਕਿਸੇ ਵੀ ਤਰ੍ਹਾਂ ਦਾ ਕੰਮ ਕਰ ਸਕਦੀਆਂ ਹਾਂ। ਕੁਰਦ ਮਹਿਲਾ ਲੜਾਕੂ ਹੋਣਾ ਕੋਈ ਨਵੀਂ ਗੱਲ ਨਹੀਂ ਹੈ। ਉਹ ਤੁਰਕੀ ਖ਼ਿਲਾਫ਼ ਗੁਰੀਲਾ ਯੁੱਧ ਵਿਚ ਕਈ ਸਾਲਾਂ ਤੋਂ ਮਰਦਾਂ ਦੇ ਨਾਲ ਹਿੱਸਾ ਲੈਂਦੀਆਂ ਆ ਰਹੀਆਂ ਹਨ। ਕੁਰਦ ਬਾਗੀ ਤੁਰਕੀ, ਸੀਰੀਆ, ਇਰਾਕ ਤੇ ਇਰਾਨ ਦੇ ਖੇਤਰਾਂ ਨੂੰ ਮਿਲਾ ਕੇ ਇਕ ਆਜ਼ਾਦ ਕੁਰਦਿਸਤਾਨ ਦੀ ਕਾਇਮੀ ਲਈ ਜਦੋਜਹਿਦ ਕਰਦੇ ਆ ਰਹੇ ਹਨ। ਇਨ੍ਹਾਂ ਵਿਚ ਜ਼ਿਆਦਾਤਰ ਖੱਬੇ ਪੱਖੀ ਕੁਰਦ ਬਾਗੀ ਗਰੁੱਪ ਸਰਗਰਮ ਹਨ ਜੋ ਪੁਰਸ਼-ਮਹਿਲਾ ਬਰਾਬਰੀ ‘ਤੇ ਬਹੁਤ ਜ਼ੋਰ ਦਿੰਦੇ ਹਨ।
Leave a Reply