ਜਮੁਨਾ ਪੁਲ ‘ਤੇ ਟੰਗਿਆ ਦਰਦ

‘ਗਵਾਹ ਦੇ ਫਨਾਹ ਹੋਣ ਤੋਂ ਪਹਿਲਾਂ’ ਨੌਜਵਾਨ ਲੇਖਕ ਅਮਨਦੀਪ ਸੰਧੂ ਦੇ ਅੰਗਰੇਜ਼ੀ ਨਾਵਲ ‘ਰੋਲ ਆਫ ਔਨਰ’ ਦਾ ਪੰਜਾਬੀ ਤਰਜਮਾ ਹੈ ਜਿਸ ਵਿਚ ਪੰਜਾਬ ਸੰਕਟ ਦਾ ਪਿਛੋਕੜ ਫਰੋਲਿਆ ਗਿਆ ਹੈ। ਲੋਕਗੀਤ ਪ੍ਰਕਾਸ਼ਨ ਵੱਲੋਂ ਹੁਣੇ-ਹੁਣੇ ਛਾਪੇ ਇਸ ਨਾਵਲ ਦਾ ਤਰਜਮਾ ਦਲਜੀਤ ਅਮੀ ਨੇ ਕੀਤਾ ਹੈ। ਅਮਨਦੀਪ ਅੱਜ ਕੱਲ੍ਹ ਬੰਗਲੌਰ ਰਹਿੰਦਾ ਹੈ ਅਤੇ ਜਰਮਨੀ ਦੇ ਐਕਡੀਮੀਆ ਸਕਲੌਸ ਸੋਲੀਟਿਉਡ, ਸਟੱਟਗਰਾਟ ਦਾ ਫੈਲੋ ਹੈ। ਉਹਨੇ ਹੈਦਰਾਬਾਦ ਯੂਨੀਵਰਸਿਟੀ ਤੋਂ ਅੰਗਰੇਜ਼ੀ ਸਾਹਿਤ ਦੀ ਮਾਸਟਰਜ਼ ਅਤੇ ਏਸ਼ੀਅਨ ਸਕੂਲ ਆਫ ਜਰਨਲਿਜ਼ਮ ਤੋਂ ਪੱਤਰਕਾਰੀ ਦਾ ਡਿਪਲੋਮਾ ਕੀਤਾ ਹੈ। ‘ਇਕਨੌਮਿਕਸ ਟਾਈਮਜ਼’ ਵਿਚ ਬਤੌਰ ਪੱਤਰਕਾਰ ਅਤੇ ਇਨਫਰਮੇਸ਼ਨ ਟੈਕਨਾਲੋਜੀ ਦੀਆਂ ਨੋਵੈਲ, ਓਰੈਕਲ ਅਤੇ ਕੇਡੈਂਸ ਡਿਜ਼ਾਇਨ ਸਿਸਟਮਜ਼ ਜਿਹੀਆਂ ਸਰਵੋਤਮ ਕੰਪਨੀਆਂ ਲਈ ਉਹਨੇ ਤਕਨੀਕੀ ਲੇਖਕ ਵਜੋਂ ਕੰਮ ਕੀਤਾ। ਉਹਦਾ ਪਹਿਲਾ ਨਾਵਲ ‘ਸੇਪੀਆ ਲੀਵਜ਼’ 2007 ਵਿਚ ਛਪਿਆ ਸੀ। -ਸੰਪਾਦਕ

ਅਮਨਦੀਪ ਸੰਧੂ
ਅੰਮ੍ਰਿਤਸਰ ਤੋਂ ਪਟਿਆਲੇ ਦਾ ਸਫਰ ਤਕਰੀਬਨ ਚਾਰ ਘੰਟਿਆਂ ਦਾ ਸੀ। ਸਰਹੰਦ ਪਹੁੰਚ ਕੇ ਮੈਂ ਦੋਚਿੱਤੀ ਵਿਚ ਸੀ ਕਿ ਉਤਰ ਕੇ ਬੱਸ ਫੜਾਂ, ਜਾਂ ਰਾਜਪੁਰੇ ਤੱਕ ਬੈਠਾ ਰਹਾਂ। ਰਾਜਪੁਰਾ ਲੰਘਣ ਤੋਂ ਬਾਅਦ ਅੰਬਾਲਾ ਆ ਗਿਆ ਪਰ ਮੇਰਾ ਉਤਰਨ ਨੂੰ ਚਿੱਤ ਨਾ ਕੀਤਾ। ਗੱਡੀ ਦਿੱਲੀ ਜਾ ਰਹੀ ਸੀ ਪਰ ਮੇਰਾ ਮਨ ਉਥੇ ਪਹੁੰਚ ਚੁੱਕਿਆ ਸੀ।
ਦਿੱਲੀ ਮੇਰੀ ਕੋਈ ਜਾਣ-ਪਛਾਣ ਨਹੀਂ ਸੀ ਪਰ ਅੰਮ੍ਰਿਤਸਰ ਵਿਚ ਸੁਣੇ ਕਤਲੇਆਮ ਦੇ ਕਿੱਸੇ ਅਤੇ ਅਫਵਾਹਾਂ ਮੈਨੂੰ ਆਵਾਜ਼ਾਂ ਮਾਰ ਰਹੇ ਸਨ। ਮੈਂ ਸਭ ਕੁਝ ਅੱਖੀਂ ਦੇਖਣਾ ਚਾਹੁੰਦਾ ਸੀ। ਮੈਂ ਸੋਚਿਆ ਕਿ ਦਿੱਲੀ ਉਤਰ ਕੇ ਵਾਪਸੀ ਦੀ ਰੇਲ ਗੱਡੀ ਚੜ੍ਹ ਜਾਵਾਂਗਾ।
ਦਿੱਲੀ ਦੇ ਰੇਲਵੇ ਸਟੇਸ਼ਨ ਉਤੇ ਟਾਵਾਂ-ਟਾਵਾਂ ਬੰਦਾ ਫਿਰਦਾ ਸੀ। ਪਲੇਟਫਾਰਮ ਉਤੇ ਸੁੰਨ ਪਸਰੀ ਹੋਈ ਸੀ। ਟੈਕਸੀ ਅਤੇ ਆਟੋ ਰਿਕਸ਼ੇ ਵਾਲੇ ਵੀ ਕੁਝ ਹੀ ਬੰਦੇ ਸਨ। ਦਿੱਲੀ ਦੀ ਛਾਉਣੀ ਵੱਲੋਂ ਸਾਗਰਪੁਰ ਨੂੰ ਇੱਕ ਬੱਸ ਜਾ ਰਹੀ ਸੀ। ਆਪਣਾ ਬੈਗ ਮੋਢੇ ਉਤੇ ਪਾ ਕੇ ਮੈਂ ਬੱਸ ਚੜ੍ਹ ਗਿਆ। ਮੈਨੂੰ ਲੱਗਦਾ ਸੀ ਕਿ ਛਾਉਣੀ ਵਾਲੇ ਇਲਾਕੇ ਵਿਚ ਬਾਕੀ ਸ਼ਹਿਰੀ ਇਲਾਕੇ ਵਰਗਾ ਕੁਝ ਨਹੀਂ ਹੋਇਆ ਹੋਵੇਗਾ। ਮੈਂ ਦੇਖਿਆ ਕਿ ਬਹੁਤ ਸਾਰੀਆਂ ਇਮਾਰਤਾਂ ਧੁਆਂਖੀਆਂ ਪਈਆਂ ਸਨ। ਘਰਾਂ ਦੀਆਂ ਕੰਧਾਂ ਕੋਲੇ ਹੋ ਗਈਆਂ ਸਨ। ਖਿੜਕੀਆਂ ਦੇ ਸ਼ੀਸ਼ੇ ਟੁੱਟੇ ਹੋਏ ਸਨ। ਅੱਧਖੁੱਲ੍ਹੇ ਦਰਵਾਜ਼ੇ ਬਦਹਾਲ ਹੋਏ ਕਬਜ਼ਿਆਂ ਨਾਲ ਲਟਕੇ ਹੋਏ ਸਨ। ਆਬਾਦੀ ਦਾ ਨਾਮੋਨਿਸ਼ਾਨ ਨਹੀਂ ਸੀ। ਬੱਸ ਦੀ ਖਿੜਕੀ ਵਿਚੋਂ ਇਮਾਰਤਾਂ ਦੀ ਬੇਵਸੀ ਦੇਖੀ ਨਹੀਂ ਸੀ ਜਾਂਦੀ। ਕਾਲਖ਼ ਇਨ੍ਹਾਂ ਕੰਧਾਂ ਦੀ ਇੱਟ-ਇੱਟ ਉਸਾਰੀ ਕਰਨ-ਕਰਵਾਉਣ ਵਾਲਿਆਂ ਦੀ ਹੋਣੀ ਬਿਆਨ ਕਰਦੀ ਸੀ। ਬੇਆਬਾਦ ਕੰਧਾਂ ਆਪਣੇ ਅਨਾਥ ਹੋਣ ਦਾ ਦਰਦ ਹੰਢਾਅ ਰਹੀਆਂ ਸਨ। ਸੜਕ ਉਤੇ ਵਿਰਲਾ-ਟਾਵਾਂ ਜੀਅ ਦਿਖਦਾ ਸੀ। ਗੁਰਮੁਖੀ ਅੱਖਰਾਂ ਅਤੇ ਸਿੱਖ ਨਾਮਾਂ ਵਾਲੀਆਂ ਦੁਕਾਨਾਂ ਲੁੱਟੀਆਂ ਅਤੇ ਸਾੜੀਆਂ ਗਈਆਂ ਸਨ। ਕਦੇ ਸੌਦਿਆਂ ਅਤੇ ਸੇਵਾਵਾਂ ਦੀ ਦੱਸ ਪਾਉਣ ਵਾਲੇ ਫੱਟੇ ਬਦਹਾਲ ਸਨ। ਕੁਝ ਅੱਧਜਲੀਆਂ ਤਖ਼ਤੀਆਂ ਲਟਕ ਰਹੀਆਂ ਸਨ। ਕੁਝ ਫੱਟਿਆਂ-ਤਖ਼ਤੀਆਂ ਦੀਆਂ ਅਸਥੀਆਂ ਸੜਕਾਂ ਉਤੇ ਖਿੰਡੀਆਂ ਪਈਆਂ ਸਨ।
ਜਦੋਂ ਬੱਸ ਸਾਗਰਪੁਰ ਪਹੁੰਚ ਗਈ ਤਾਂ ਮੈਂ ਪਾਨ ਵਾਲੀ ਦੁਕਾਨ ਉਤੇ ਸੋਢਾ ਪੀਣ ਲਈ ਰੁਕ ਗਿਆ। ਮੈਂ ਪਾਨ ਵਾਲੇ ਤੋਂ ਮਰਨ ਵਾਲੇ ਲੋਕਾਂ ਬਾਰੇ ਪੁੱਛਿਆ। ਪਾਨ ਵਾਲਾ ਆਪਣੇ ਪਾਨ ਪੱਤਿਆਂ ਨੂੰ ਚੂਨਾ ਲਗਾਉਂਦਾ ਰਿਹਾ। ਉਹ ਸੁਪਾਰੀ, ਗੁਲਕੰਦ, ਸੌਂਫ਼ ਅਤੇ ਖੈਣੀ ਵਾਲੀਆਂ ਡੱਬੀਆਂ ਨੂੰ ਟਿਕਾਉਣ ਵਿਚ ਲੱਗਿਆ ਰਿਹਾ। ਸੋਢੇ ਦੀ ਝੱਗ ਬੈਠ ਗਈ ਤਾਂ ਪਾਨ ਵਾਲੇ ਨੇ ਮੂੰਹ ਖੋਲ੍ਹਿਆ: ਉਸ ਇਲਾਕੇ ਵਿਚ ਰੇਲ ਦੀ ਪਟੜੀ ਲਾਗੇ ਘੱਲੂਘਾਰਾ ਹੋਇਆ ਸੀ। ਚਾਰ ਸੌ ਲੋਕ ਥਾਂਏਂ ਮਾਰੇ ਗਏ ਸਨ। ਘੱਲੂਘਾਰਾ 31 ਅਕਤੂਬਰ ਦੀ ਸ਼ਾਮ ਨੂੰ ਹੀ ਸ਼ੁਰੂ ਹੋ ਗਿਆ ਸੀ। “ਦਵਾਰਕਾ ਤੋਂ ਜੀਪਾਂ ਭਰ ਕੇ ਲੋਕ ਆਏ ਸੀ।”
ਦਾਰ ਜੀ ‘ਸ਼ਰਾਰਤੀ ਤੱਤਾਂ’ ਦਾ ਜ਼ਿਕਰ ਕਰਦੇ ਸੀ। ਇਹ ਸ਼ਰਾਰਤੀ ਤੱਤ ਕੌਣ ਸਨ? “ਓਨ੍ਹਾਂ ਨੇ ਸਿਰਫ ਸਿੱਖਾਂ ਨੂੰ ਮਾਰਿਆ?”
ਪਾਨ ਵਾਲੇ ਨੇ ਲਾਲ ਮਲਮਲ ਦਾ ਕੱਪੜਾ ਬਾਲਟੀ ਵਿਚ ਗਿੱਲਾ ਕਰ ਕੇ ਨਚੋੜਿਆ ਅਤੇ ਉਸ ਨਾਲ ਪੱਤੇ ਢਕ ਦਿੱਤੇ।
“ਕਾਰਨ ਕੀ ਸੀ? ਕੋਈ ਜਵਾਬ ਹੈ ਇਸ ਗੱਲ ਦਾ?”
“ਹਾਂ! ਜਵਾਬ ਤਾਂ ਸਿੱਧਾ ਜਿਹਾ ਆ। ਸਿੱਖ ਇੰਦਰਾ ਗਾਂਧੀ ਦੀ ਮੌਤ ਤੋਂ ਬਹੁਤ ਖ਼ੁਸ਼ ਲੱਗਦੇ ਸੀ।”
“ਪਰ ਅਸਲ ਕਾਰਨ ਕੀ ਲੱਗਦੈ?”
“ਹੁਣ ਤੈਨੂੰ ਪਤਾ ਨ੍ਹੀਂ ਸਮਝ ਆਊ ਜਾਂ ਨਈਂ, ਪਰ ਸਿੱਖ ਗਰੀਬੀ ਨੇ ਮਾਰੇ ਨੇ।”
“ਮਤਲਬ ਸਿੱਖ ਗਰੀਬ ਸੀ?”
ਪਾਨ ਵਾਲਾ ਪਾਨ ਦੇ ਪੱਤਿਆਂ ਨੂੰ ਕੱਥਾ ਲਗਾਉਂਦਾ ਹੋਇਆ ਕਹਿ ਰਿਹਾ ਸੀ, “ਨਈਂ, ਸਿੱਖ ਤਾਂ ਅਮੀਰ ਸੀ। ਗ਼ਰੀਬ ਹਿੰਦੂਆਂ ਨੇ ਓਨ੍ਹਾਂ ਨੂੰ ਲੁੱਟਿਐ, ਨਾਲੇ ਮਾਰਿਐ।” ਮੇਰੇ ਤੁਰਨ ਤੋਂ ਪਹਿਲਾਂ ਉਸ ਨੇ ਮੈਨੂੰ ਮੱਤ ਦਿੱਤੀ, “ਇਹਨੂੰ ਦਿਲ ਨੂੰ ਲਾਉਣ ਦੀ ਲੋੜ ਨ੍ਹੀਂ, ਜਿੰਨਾ ਜਲਦੀ ਭੁੱਲ ਸਕੋ, ਭੁੱਲ ਜੋ।”
ਜਲੇ ਹੋਏ ਘਰਾਂ ਦੇ ਬਗ਼ੀਚਿਆਂ ਵਿਚ ਮੇਜ਼, ਕੁਰਸੀਆਂ, ਮੰਜੇ ਅਤੇ ਕੱਪੜੇ ਉਘੜ-ਦੁਘੜੇ ਖਿੰਡੇ ਪਏ ਸੀ। ਕੋਈ ਵਾਲੀ-ਵਾਰਸ ਨਹੀਂ ਸੀ। ਲੱਗਦਾ ਇੰਜ ਸੀ ਜਿਵੇਂ ਭੂਤ-ਪ੍ਰੇਤ ਇਸ ਇਲਾਕੇ ਵਿਚ ਖਿੰਡੀਆਂ ਜੈਵਿਕ ਅਤੇ ਨਿਰਜੀਵ ਅਸਥੀਆਂ ਦੀ ਰਾਖੀ ਕਰ ਰਹੇ ਹੋਣ। ਸਿਵੇ ਬੁਝ ਗਏ ਸਨ ਪਰ ਹਵਾ ਵਿਚ ਮਨੁੱਖੀ ਮਾਸ ਦੀ ਸੜਿਹਾਂਦ ਭਰੀ ਪਈ ਸੀ। ਇਨ੍ਹਾਂ ਅੰਗੀਠਿਆਂ ਦੀਆਂ ਅਸਥੀਆਂ ਕਿਸ ਨੇ ਚੁਗੀਆਂ ਹੋਣਗੀਆਂ? ਕਿੱਥੇ ਜਲ ਪ੍ਰਵਾਹ ਕੀਤੀਆਂ ਹੋਣਗੀਆਂ? ਹਰਿਦੁਆਰ? ਗੰਗਾ ਵਿਚ? ਕੌਣ ਅਸਥੀਆਂ ਪਾਉਣ ਕੀਰਤਪੁਰ ਸਾਹਿਬ ਗਿਆ ਹੋਵੇਗਾ? ਇਨ੍ਹਾਂ ਰਾਹਾਂ ਦਾ ਪੈਂਡਾ ਕਿੰਨਾ ਬਿਖੜਾ ਹੋਵੇਗਾ? ਕੁੱਤਿਆਂ ਅਤੇ ਇੱਲ੍ਹਾਂ ਨੇ ਲਾਸ਼ਾਂ ਨੂੰ ਚੂੰਡਿਆ ਹੋਵੇਗਾ? ਹੋ ਸਕਦਾ ਹੈ ਕਿ ਨਗਰ ਪਾਲਿਕਾ ਵਾਲਿਆਂ ਨੇ ਸਾਰੀਆਂ ਲਾਸ਼ਾਂ ਟਰੱਕਾਂ ਵਿਚ ਭਰ ਕੇ ਜਮੁਨਾ ਵਿਚ ਵਹਾ ਦਿੱਤੀਆਂ ਹੋਣ?
ਸੂਰਜ ਛਿਪ ਰਿਹਾ ਸੀ। ਲੁੱਟੀਆਂ ਜਾ ਚੁੱਕੀਆਂ ਦੁਕਾਨਾਂ ਖੁੱਲ੍ਹੀਆਂ ਸਨ। ਖਾਲੀ ਦੁਕਾਨਾਂ ਵਿਚ ਹਨੇਰਾ ਪਸਰਿਆ ਹੋਇਆ ਸੀ। ਅੰਦਰ ਫਰਸ਼ਾਂ ਉਤੇ ਭਿਖਾਰੀ ਸੁੱਤੇ ਪਏ ਸਨ। ਮੇਰੀਆਂ ਉਂਗਲਾਂ ਨੂੰ ਕਾਂਬਾ ਛਿੜਿਆ ਤਾਂ ਮੈਂ ਦੋਵੇਂ ਹੱਥਾਂ ਨੂੰ ਇੱਕ-ਦੂਜੇ ਨਾਲ ਘੁੱਟਿਆ। ਮੇਰੇ ਮੋਢੇ ਕੰਬੇ ਅਤੇ ਸਿਰ ਤੋਂ ਪੈਰਾਂ ਤੱਕ ਕਾਂਬਾ ਛਿੜ ਗਿਆ।
ਮੇਰੇ ਸਾਹਮਣੇ ਖੜ੍ਹੀ ਬੱਸ ਕਨਾਟ ਪਲੇਸ ਨੂੰ ਜਾ ਰਹੀ ਸੀ। ਦਿੱਲੀ ਦੇ ਦਿਲ ਤੱਕ ਪਹੁੰਚਣ ਲਈ ਮੈਂ ਬੱਸ ਚੜ੍ਹ ਗਿਆ। ਗੋਲ ਚੱਕਰ ਵਿਚ ਬਣੀਆਂ ਹੋਈਆਂ ਇਮਾਰਤਾਂ ਦੇ ਵੱਡੇ ਬਰਾਂਡੇ ਮਜ਼ਬੂਤ ਥਮ੍ਹਲਿਆਂ ਉਤੇ ਖੜ੍ਹੇ ਹਨ। ਅੰਗਰੇਜ਼ਾਂ ਦੇ ਵੇਲੇ ਦੇ ਬਣੇ ਹੋਏ ਥਮ੍ਹਲਿਆਂ ਨੂੰ ਦੇਖ ਕੇ ਮੈਨੂੰ ਕੁਝ ਧਰਵਾਸਾ ਹੋਇਆ। ਕਨਾਟ ਪਲੇਸ ਕਤਲੇਆਮ ਦੇ ਅਸਰ ਤੋਂ ਬਚਿਆ ਜਾਪਦਾ ਸੀ। ਸ਼ਾਇਦ ਇਹ ਢਾਹੁਣ ਵਾਲਿਆਂ ਦੀ ਤਾਕਤ ਤੋਂ ਜ਼ਿਆਦਾ ਮਜ਼ਬੂਤ ਸੀ। ਕੀ ਇਹ ਭਾਰਤ ਦੇ ਪੱਥਰ-ਦਿਲ ਰੇਗਿਸਤਾਨ ਵਿਚ ਬਣਿਆ ਟਾਪੂ ਹੈ?
ਕਨਾਟ ਪਲੇਸ ਦੇ ਵਿਚਕਾਰ ਜ਼ਮੀਨਦੋਜ਼ ਪਾਲਿਕਾ ਬਾਜ਼ਾਰ ਜਾਣ ਲੱਗੇ ਨੂੰ ਰੇਲ ਗੱਡੀ ਦੀ ਯਾਦ ਆਈ। ਪੰਜਾਬ ਨੂੰ ਜਾਣ ਵਾਲੀ ਆਖ਼ਰੀ ਰੇਲ ਗੱਡੀ ਲੰਘ ਚੁੱਕੀ ਸੀ। ਹੁਣ ਲਾਗੇ ਕੋਈ ਗੁਰਦੁਆਰਾ ਲੱਭਣਾ ਸੀ ਪਰ ਹਰ ਕਿਸੇ ਨੂੰ ਰਾਹ ਨਹੀਂ ਸੀ ਪੁੱਛਿਆ ਜਾ ਸਕਦਾ। ਕਾਤਲ ਹਾਲੇ ਵੀ ਸ਼ਿਕਾਰ ਦੀ ਭਾਲ ਵਿਚ ਹੋ ਸਕਦੇ ਸਨ। ਮੇਰੀ ਨਜ਼ਰ ਇੱਕ ਫਟੇ-ਹਾਲ ਬਜ਼ੁਰਗ ਉਤੇ ਪਈ ਜਿਸ ਦੇ ਮੋਢਿਆਂ ਉਤੇ ਫਟਿਆ ਜਿਹਾ ਝੋਲਾ ਸੀ। ਮੈਂ ਭੱਜ ਕੇ ਉਸ ਕੋਲ ਗਿਆ। ਉਹ ਤ੍ਰਭਕ ਕੇ ਪਾਸੇ ਹੋ ਗਈ। ਸ਼ਰੇ-ਬਾਜ਼ਾਰ ਬੱਤੀ ਲਾਗੇ ਉਹ ਬਾਂਹਾਂ ਵਿਚ ਸਿਰ ਦੇ ਕੇ ਗੋਡਿਆਂ ਭਾਰ ਹੋ ਗਈ ਸੀ ਅਤੇ ਮੂੰਹ ਦੂਜੇ ਪਾਸੇ ਘੁਮਾ ਲਿਆ ਸੀ। “ਮਾਂ ਜੀ! ਏਥੇ ਲਾਗੇ ਕੋਈ ਗੁਰਦੁਆਰਾ ਹੈਗਾ?”
ਉਸ ਨੇ ਘਬਰਾ ਕੇ ਬਾਬਾ ਖੜਕ ਸਿੰਘ ਮਾਰਗ ਵੱਲ ਇਸ਼ਾਰਾ ਕੀਤਾ।
ਮੈਂ ਸ਼ੁਕਰੀਆ ਕਰ ਕੇ ਦੱਸੇ ਰਾਹ ਤੁਰ ਪਿਆ।
ਉਸ ਨੇ ਮੇਰੇ ਵੱਲ ਦੇਖਿਆ ਜਿਵੇਂ ਮੈਂ ਪਾਗ਼ਲ ਹੋ ਗਿਆ ਹੋਵਾਂ, “ਓਥੇ ਨਾ ਜਾਈਂ, ਤੂੰ ਮੋਨੈ।”
ਮੈਨੂੰ ਰੋਡੇ ਹੋਣ ਦਾ ਅਹਿਸਾਸ ਹੋਇਆ ਪਰ ਮੈਂ ਆਪਣੇ-ਆਪ ਨੂੰ ਸਿੱਖ ਹੋਣ ਦਾ ਯਕੀਨ ਦਿਵਾਇਆ। ਮੈਨੂੰ ਪਤਾ ਲੱਗਿਆ ਕਿ ਮੈਂ ਜੋ ਦਿਖਦਾ ਸੀ, ਉਹ ਨਹੀਂ ਸੀ। ਕੁਝ ਦੇਰ ਪਹਿਲਾਂ ਰੋਡਾ ਹੋਣ ਕਾਰਨ ਮੈਂ ਬੇਪਛਾਣ ਸੀ ਅਤੇ ਬੇਪਰਵਾਹ ਘੁੰਮ ਰਿਹਾ ਸੀ। ਹੁਣ ਮੈਂ ਚਾਹੁੰਦਾ ਸੀ ਕਿ ਮੇਰੇ ਲੰਮੇ ਵਾਲ ਹੁੰਦੇ। ਮੈਂ ਹਾਂ ਕੌਣ? ਮੇਰੇ ਕੋਲ ਜ਼ਾਫ਼ਰਾਨੀ ਸਿਰੋਪਾ ਸੀ ਜੋ ਮੈਨੂੰ ਦਰਬਾਰ ਸਾਹਿਬ ਦੇ ਗ੍ਰੰਥੀ ਨੇ ਭੇਟ ਕੀਤਾ ਸੀ। ਸੜਕ ਉਤੇ ਮੈਂ ਇਹ ਸਿਰੋਪਾ ਨਹੀਂ ਬੰਨ੍ਹਿਆ ਕਿਉਂਕਿ ਆਪਣੀ ਸਿੱਖ ਪਛਾਣ ਲੁਕਾਉਣਾ ਚਾਹੁੰਦਾ ਸੀ। ਹੁਣ ਮੈਂ ਸਿਰ ਢਕੇ ਬਿਨਾਂ ਗੁਰਦੁਆਰੇ ਨਹੀਂ ਜਾ ਸਕਦਾ ਸੀ, ਕਿਉਂਕਿ ਨੰਗੇ ਸਿਰ ਰੋਡੇ ਬੰਦੇ ਉਤੇ ਗੁਰਦੁਆਰੇ ਵਿਚ ਹਮਲਾ ਹੋ ਸਕਦਾ ਸੀ। ਮੈਨੂੰ ਯਕੀਨ ਸੀ ਕਿ ਇਨ੍ਹਾਂ ਹਾਲਾਤ ਵਿਚ ਗੁਰਦੁਆਰੇ ਵਿਚ ਇਕੱਠੇ ਹੋਏ ਸਿੱਖਾਂ ਅੰਦਰ ਹਿੰਦੂਆਂ ਦੇ ਨਾਲ-ਨਾਲ ਸਹਿਜਧਾਰੀ ਸਿੱਖਾਂ ਖ਼ਿਲਾਫ਼ ਵੀ ਰੋਹ ਦੀ ਭਾਵਨਾ ਹੋਵੇਗੀ।

ਹਨੇਰੇ ਵਿਚ ਗੁਰਦੁਆਰਾ ਬੰਗਲਾ ਸਾਹਿਬ ਦਿਖਾਈ ਦਿੱਤਾ। ਇਹ ਜੱਸਾਬਾਦ ਦੇ ਗੁਰਦੁਆਰੇ ਤੋਂ ਵੱਡਾ ਸੀ ਪਰ ਉਸੇ ਤਰ੍ਹਾਂ ਦਾ ਦੂਧੀਆ ਅਤੇ ਸ਼ਾਨਦਾਰ ਸੀ। ਗੁਰਦੁਆਰੇ ਦੀ ਪਾਕੀਜ਼ਗੀ ਮੇਰੀ ਜਕੋ-ਤਕੀ ਦਾ ਨਿਵਾਰਨ ਕਰ ਰਹੀ ਸੀ ਜਿਵੇਂ ਮੈਨੂੰ ਬਾਂਹਾਂ ਵਿਚ ਭਰਨ ਲਈ ਉਡੀਕ ਰਹੀ ਹੋਵੇ। ਦਰਵਾਜ਼ੇ ਦੇ ਨੇੜੇ ਹੱਥ-ਕਰਘਾ ਸਨਅਤ ਵਾਲੀ ਇਮਾਰਤ ਮੂਹਰੇ ਮੈਂ ਇੱਕ ਦਰਖ਼ਤ ਹੇਠਾਂ ਖੜ੍ਹਾ ਹੋ ਕੇ ਸਿਰੋਪਾ ਸਿਰ ਉਤੇ ਬੰਨ੍ਹ ਲਿਆ। ਜਦੋਂ ਪੂਰਾ ਮੁਲਖ਼ ਖ਼ੌਫ਼ਜ਼ਦਾ ਜਾਪਦਾ ਸੀ ਤਾਂ ਮੈਂ ਇੱਕ ਛੋਟੇ ਜਿਹੇ ਕੱਪੜੇ ਨਾਲ ਰੂਪ ਬਦਲ ਲਿਆ ਸੀ। ਕੁਝ ਕੁ ਘੰਟਿਆਂ ਲਈ ਮੈਂ ਰੋਡੇ ਤੋਂ ਸਿੱਖ ਹੋ ਗਿਆ ਸੀ। ਗੁਰਦੁਆਰੇ ਪਹੁੰਚ ਕੇ ਮੇਰੀ ਜਾਨ ਵਿਚ ਜਾਨ ਆ ਗਈ। ਮੱਥਾ ਟੇਕ ਕੇ ਪ੍ਰਸ਼ਾਦ ਲਿਆ ਅਤੇ ਮੂੰਹ ਵਿਚ ਪਾ ਕੇ ਅਹਿਸਾਸ ਹੋਇਆ ਕਿ ਮੈਂ ਕਈ ਘੰਟਿਆਂ ਤੋਂ ਭੁੱਖਣ-ਭਾਣਾ ਘੁੰਮ ਰਿਹਾ ਸੀ।
ਗੁਰਦੁਆਰੇ ਵਿਚ ਤਾਂ ਜ਼ਿਆਦਾ ਸ਼ਰਧਾਲੂ ਨਹੀਂ ਸਨ ਪਰ ਲੰਗਰ ਵਿਚ ਸੰਗਤ ਵੱਡੀ ਤਾਦਾਦ ਵਿਚ ਜੁੜੀ ਸੀ। ਪ੍ਰਸ਼ਾਦੇ ਦੀ ਉਡੀਕ ਕਰਦਿਆਂ ਅੰਦਾਜ਼ਾ ਹੋਇਆ ਕਿ ਇਹ ਸਾਰੇ ਪਨਾਹਗੀਰ ਹੋ ਸਕਦੇ ਹਨ ਜੋ ਰਾਤ ਕੱਟਣ ਜਾਂ ਪ੍ਰਸ਼ਾਦਾ ਛਕਣ ਗੁਰਦੁਆਰੇ ਵਿਚ ਆਏ ਹਨ। ਹੁਣ ਹਿੰਦੂ ਭਰਾ ਦੁਸ਼ਮਣ ਹੋ ਗਏ ਸਨ ਤਾਂ ਸਿੱਖਾਂ ਨੂੰ ਰੋਟੀ ਕਿੱਥੋਂ ਮਿਲਣੀ ਸੀ? ਖ਼ਸਤਾ-ਹਾਲ ਟਾਟ ਉਤੇ ਪੰਗਤ ਵਿਚ ਬੈਠ ਕੇ ਮੈਂ ਦੋਵਾਂ ਹੱਥਾਂ ਨਾਲ ਸੇਵਾਦਾਰ ਤੋਂ ਥਾਲ ਫੜਿਆ। ਮੇਰੇ ਲਾਗੇ ਇੱਕ ਨਿਹੰਗ ਆਪਣੇ ਬਾਣੇ ਵਿਚ ਬੈਠਾ ਸੀ, “ਵਾਹਿਗੂਰੂ ਜੀ ਦਾ ਖ਼ਾਲਸਾ।”
ਮੈਂ ਝਿਜਕਦੇ ਹੋਏ ਫ਼ਤਹਿ ਦਾ ਜੁਆਬ ਫ਼ਤਿਹ ਵਿਚ ਦਿੱਤਾ, “ਵਾਹਿਗੁਰੂ ਜੀ ਕੀ ਫ਼ਤਿਹ।”
ਉਸ ਮੌਕੇ-ਮਾਹੌਲ ਨਾਲ ਜੁੜ ਕੇ ਫ਼ਤਿਹ ਦੇ ਅਰਥ ਬਦਲ ਗਏ ਸਨ। ਸਿੱਖਾਂ ਲਈ ਫ਼ਤਹਿ ਵੱਖਰੀ ਪਛਾਣ ਦਾ ਹੋਕਾ ਬਣ ਗਈ ਸੀ। ਨਿਹੰਗ ਸਿੰਘ ਨੇ ਰੁੱਖੇ ਲਹਿਜ਼ੇ ਵਿਚ ਸੁਆਲ ਕੀਤਾ, “ਆਪਾਂ ਕਿੱਥੋਂ ਜੇ?”
ਮੈਨੂੰ ਸਮਝ ਨਹੀਂ ਆਈ ਕਿ ਮੈਂ ਕੀ ਜੁਆਬ ਦੇਵਾਂ। ਉੜੀਸਾ ਕਹਾਂ, ਪਟਿਆਲਾ ਕਹਾਂ ਜਾਂ ਜੱਸਾਬਾਦ ਦਾ ਸਕੂਲ ਦੱਸਾਂ। ਉਂਜ ਕਿਸੇ ਜੁਆਬ ਨਾਲ ਫਰਕ ਕੀ ਪੈਂਦਾ ਸੀ? ਸੇਵਾਦਾਰ ਨੇ ਰੋਟੀ ਮੇਰੇ ਥਾਲ ਵਿਚ ਰੱਖੀ ਅਤੇ ਮੈਂ ਸੰਕੋਚਵਾਂ ਜਿਹਾ ਜੁਆਬ ਦਿੱਤਾ, “ਪੰਜਾਬ ਤੋਂ।”
ਨਿਹੰਗ ਸਿੰਘ ਨੇ ਸੋਚਿਆ ਹੋਵੇਗਾ ਕਿ ਮੈਂ ਹੁਸ਼ਿਆਰੀ ਕਰ ਰਿਹਾ ਹਾਂ। “ਥੋਨੂੰ ਕੀ ਲੱਗਦੈ ਮੈਂ ਕਿੱਥੇ ਦੈਂ?”
“ਮੈਂ ਜੱਸਾਬਾਦ ਪੜ੍ਹਦਾਂ ਅਤੇ ਘਰ ਪਟਿਆਲੇ ਐ।”
“ਏਥੇ ਕਿਵੇਂ ਆਉਣੇ ਹੋਏ?” ਮੈਂ ਚੁੱਪ ਰਿਹਾ, “ਤੂੰ ਰੋਡਾ ਏਂ?” ਉਸ ਨੇ ਮੇਰੇ ਪਰਨੇ ਨੂੰ ਦੇਖਿਆ ਤਾਂ ਉਸ ਦੀਆਂ ਅੱਖਾਂ ਬਰਮੇ ਵਾਂਗ ਸਿਰ ਵਿਚ ਗਲੀਆਂ ਕੱਢਦੀਆਂ ਜਾਂਦੀਆਂ ਸਨ।
“ਵਾਲ਼ ਰੱਖੇ ਨੇ ਜੀ।” ਮੈਂ ਝੂਠ ਬੋਲਿਆ ਅਤੇ ਨਾਲੋ-ਨਾਲ ਮੋਟੀਆਂ-ਮੋਟੀਆਂ ਬੁਰਕੀਆਂ ਮੂੰਹ ਵਿਚ ਪਾ ਰਿਹਾ ਸੀ। ਦਾਲ ਸੁਆਦ ਸੀ।
“ਕਤਲੇਆਮ ਤੋਂ ਬਾਅਦ?”
ਮੈਂ ਹਾਮੀ ਭਰੀ।
“ਸ਼ਾਬਾਸ਼!” ਉਸ ਦੀ ਆਵਾਜ਼ ਨਰਮ ਹੋ ਗਈ ਸੀ, “ਏਸ ਵੇਲੇ ਖੜ੍ਹੇ ਹੋਣ ਦੀ ਲੋੜ ਜੇ।”
ਪ੍ਰਸ਼ਾਦਾ ਛਕਣ ਤੋਂ ਬਾਅਦ ਨਿਹੰਗ ਸਿੰਘ ਨੇ ਮੈਨੂੰ ਫਿਰ ਪੁੱਛਿਆ, “ਆਪਾਂ ਏਥੇ ਕਿਵੇਂ ਆਏ?”
ਮੈਂ ਉਸ ਦੀਆਂ ਅੱਖਾਂ ਵਿਚ ਝਾਕਿਆ, “ਸੱਚ ਦੱਸਾਂ?” ਮੇਰੇ ਮੂੰਹ ਵਿਚੋਂ ਇੱਕ ਸ਼ਬਦ ਮਸਾਂ ਨਿਕਲਿਆ, “ਵੇਖਣ।”
ਉਹ ਲਗਾਤਾਰ ਮੇਰੇ ਵੱਲ ਦੇਖ ਰਿਹਾ ਸੀ। ਮੈਂ ਹੋਰ ਕੁਝ ਨਹੀਂ ਬੋਲਿਆ। ਕੁਝ ਪਲਾਂ ਬਾਅਦ ਉਹ ਬੋਲਿਆ, “ਜਾ ਕੇ ਭਾਂਡੇ ਧੋ ਦੇ ਤੇ ਬਰਾਂਡੇ ‘ਚ ਸੌਂ ਜਾ। ਜੇ ਵੇਖਣ ਆਇਐਂ ਤਾਂ ਜਮੁਨਾ ਪਾਰ ਜਾਈਂ ਜਾਂ ਫ਼ਾਰਸਖ਼ਾਨੇ ਜਾਈਂ। ਆਪਣੇ ਬੰਦੇ ਸ਼ਰਨਾਰਥੀ ਕੈਂਪ ‘ਚ ਬੈਠੇ ਆ।” ਉਹ ਖੜ੍ਹਾ ਹੋਇਆ ਅਤੇ ਬੁੜਬੁੜ ਕਰਦਾ ਤੁਰ ਗਿਆ, “ਵੇਖਣ! ਓਥੇ ਦੇਖਣ ਵਾਲਾ ਕੀ ਆ?”
ਮੈਂ ਬਾਕੀ ਸੇਵਾਦਾਰਾਂ ਨਾਲ ਭਾਂਡੇ ਮਾਂਜ ਕੇ ਧੋ ਦਿੱਤੇ। ਕੁਝ ਠੰਢ ਹੋਣ ਦੇ ਬਾਵਜੂਦ ਪਾਣੀ ਅਤੇ ਮਾਹੌਲ ਨਿੱਘਾ ਸੀ। ਮੈਂ ਬਰਾਂਡੇ ਵਿਚ ਆਰਾਮ ਨਾਲ ਸੌਂ ਗਿਆ। ਉਸ ਦਿਨ ਕਿਸੇ ਅੱਖ ਨੇ ਮੈਨੂੰ ਨਹੀਂ ਘੂਰਿਆ।
ਅਗਲੀ ਸਵੇਰ ਮੈਂ ਜਮਨਾ ਪਾਰ ਲਈ ਬੱਸ ਫੜੀ। ਰਾਜ ਘਾਟ ਤੋਂ ਪਾਰ ਵਿਕਾਸ ਮਾਰਗ ਸੀ। ਸਵਾਰੀਆਂ ਨਾਲ ਖਹਿੰਦੇ-ਖਹਾਉਂਦੇ ਮੈਂ ਖਿੜਕੀ ਨਾਲ ਬੈਠ ਗਿਆ। ਜਦੋਂ ਬੱਸ ਜਮਨਾ ਦੇ ਪੁਲ ਉਤੇ ਆਈ ਤਾਂ ਜੰਗਲੇ ਨਾਲ ਲਟਕਦਾ ਸਫ਼ੇਦ ਕੁੜਤਾ ਦਿੱਸਿਆ ਜੋ ਮਿੱਟੀ ਜਾਂ ਖ਼ੂਨ ਦੇ ਦਾਗ਼ਾਂ ਨਾਲ ਡੱਬ-ਖੜੱਬਾ ਹੋਇਆ ਪਿਆ ਸੀ। ਹਵਾ ਆਉਣ-ਜਾਣ ਵਾਲੇ ਦਾ ਧਿਆਨ ਕੁੜਤੇ ਵੱਲ ਖਿੱਚ ਰਹੀ ਸੀ। “ਵੇਖਣ! ਓਥੇ ਦੇਖਣ ਵਾਲਾ ਕੀ ਆ?” ਰਾਤ ਵਾਲੇ ਸ਼ਬਦ ਮੇਰੇ ਕੰਨਾਂ ਵਿਚ ਗੂੰਜ ਰਹੇ ਸਨ। ਜਦੋਂ ਤੱਕ ਬੱਸ ਆਪਣੇ ਟਿਕਾਣੇ ਉਤੇ ਪਹੁੰਚ ਕੇ ਰੁਕ ਨਹੀਂ ਗਈ, ਮੈਂ ਬਰਬਾਦੀ ਦੇ ਮੰਜ਼ਰ ਦੇਖਦਾ ਰਿਹਾ। ਮੈਂ ਇੱਕ ਹੋਰ ਬੱਸ ਚੜ੍ਹ ਕੇ ਗੀਤਾ ਕਾਲੋਨੀ ਚਾਂਦਨੀ ਚੌਕ ਲਾਗੇ ਫਾਰਸਖ਼ਾਨੇ ਦੇ ਸਕੂਲ ਵਿਚ ਪਹੁੰਚ ਗਿਆ।
ਹਜ਼ਾਰਾਂ ਲੋਕ ਭੁੰਜੇ ਝੁੰਡਾਂ ਵਿਚ ਬੈਠੇ ਸਨ। ਸਹਿਮੇ ਤੇ ਬੌਂਦਲੇ ਹੋਏ ਬੰਦੇ ਅਤੇ ਬੀਬੀਆਂ ਆਪਣੇ ਬੱਚਿਆਂ ਨੂੰ ਸੰਭਾਲ ਰਹੇ ਸਨ। ਉਨ੍ਹਾਂ ਦੀਆਂ ਅੱਖਾਂ ਵਿਚ ਖਲਾਅ ਉਤਰ ਆਇਆ ਸੀ। ਅੱਥਰੂਆਂ ਅਤੇ ਸਦਮੇ ਦੇ ਮਿਲਗੋਭੇ ਦੀ ਥਾਹ ਪਾਉਣਾ ਔਖਾ ਜਾਪਦਾ ਸੀ। ਕੰਬਲਾਂ ਅਤੇ ਰੋਟੀ ਦੀ ਪੰਗਤ ਵਿਚ ਖੜ੍ਹਨ ਨੂੰ ਕੋਈ ਥਾਂ ਨਹੀਂ ਸੀ। ਚਾਰੇ ਪਾਸੇ ਸੁੰਨ ਪਸਰੀ ਹੋਈ ਸੀ। ਇੰਜ ਮਹਿਸੂਸ ਹੁੰਦਾ ਸੀ ਕਿ ਹਰ ਕਿਸੇ ਅਤੇ ਸਭ ਕੁਝ ਨੂੰ ਮੋਮਜਾਮੇ ਦੀ ਬੇਰੰਗੀ ਚਾਦਰ ਵਿਚ ਲਪੇਟਿਆ ਗਿਆ ਹੈ। ਕੁਝ ਸੁਥਰੇ ਲੀੜੇ-ਲੱਤੇ ਵਾਲੀਆਂ ਕਾਲਜਾਂ ਵਿਚ ਪੜ੍ਹਦੀਆਂ-ਪੜ੍ਹਾਉਂਦੀਆਂ ਬੀਬੀਆਂ ਪੀੜਤਾਂ ਨਾਲ ਗੱਲੀਂ ਲੱਗੀਆਂ ਹੋਈਆਂ ਸਨ।
________________________________
ਕੁਝ ਨਾਵਲ ਬਾਰੇæææ
ਅਪਰੇਸ਼ਨ ਬਲਿਊ ਸਟਾਰ ਤੋਂ ਬਾਅਦ ਸਿੱਖਾਂ ਦੀਆਂ ਗ੍ਰਿਫਤਾਰੀਆਂ ਅਤੇ ਕਤਲਾਂ ਦਾ ਦੌਰ ਚੱਲ ਰਿਹਾ ਸੀ। ਉਸੇ ਦੌਰਾਨ ਆਪਣੀ ਆਖਰੀ ਸਾਲ ਦੀ ਪੜ੍ਹਾਈ ਲਈ ਅੱਪੂ ਸੈਨਿਕ ਸਕੂਲ ਜੱਸਾਬਾਦ ਪੁੱਜਿਆ। ਉਸ ਦੇ ਫੌਰੀ ਟੀਚਿਆਂ ਵਿਚ ਆਪਣੇ ਸਕੂਲ ਦਾ ਪਰਫੈਕਟ ਬਣਨਾ ਅਤੇ ਨੈਸ਼ਨਲ ਡਿਫੈਂਸ ਅਕੈਡਮੀ ਵਿਚ ਦਾਖਲ ਹੋਣਾ ਸ਼ਾਮਲ ਸੀ। ਐਨ ਉਸੇ ਵਕਤ ਸਕੂਲ ਦਾ ਸਾਬਕਾ ਵਿਦਿਆਰਥੀ ਬਲਰਾਜ ਹੋਸਟਲ ਵਿਚ ਪਨਾਹ ਲੈਂਦਾ ਹੈ। ਖ਼ਾਲਿਸਤਾਨੀ ਲਹਿਰ ਵਿਚ ਸ਼ਾਮਲ ਹੋ ਚੁੱਕੇ ਬਲਰਾਜ ਦੀ ਆਮਦ ਨਾਲ ਹਿੰਸਾ ਵੀ ਸਕੂਲ ਦੀਆਂ ਬਰੂਹਾਂ ਲੰਘ ਆਉਂਦੀ ਹੈ। ਕੁਝ ਵਿਦਿਆਰਥੀ ਬਲਰਾਜ ਦੀ ਮਦਦ ਕਰਦੇ ਹਨ ਅਤੇ ਪਸੰਦ-ਨਾਪਸੰਦ ਨੂੰ ਪਾਸੇ ਕਰ ਕੇ ਇਹ ਵਿਦਿਆਰਥੀ ਫਿਰਕੂ ਧੜਿਆਂ ਵਿਚ ਵੰਡੇ ਜਾਂਦੇ ਹਨ। ਬੁਰਛਾਗਰਦੀ ਦਾ ਰਾਜ ਹੋ ਜਾਂਦਾ ਹੈ। ਇਸੇ ਘੁੰਮਣਘੇਰੀ ਵਿਚ ਫਸਿਆ ਅੱਪੂ ਆਪਣੇ ਸੁਫਨਿਆਂ ਤੋਂ ਕਿਨਾਰਾਕਸ਼ੀ ਕਰਨ ਲਈ ਮਜਬੂਰ ਹੁੰਦਾ ਹੈ। ਉਸ ਉਤੇ ਮੁਲਕ ਜਾਂ ਭਾਈਚਾਰੇ ਵਿਚੋਂ ਇੱਕ ਦੀ ਚੋਣ ਕਰਨ ਦਾ ਸੁਆਲ ਆਣ ਡਿੱਗਦਾ ਹੈ।
‘ਗਵਾਹ ਦੇ ਫਨਾਹ ਹੋ ਜਾਣ ਤੋਂ ਪਹਿਲਾਂ’ ਦਲੇਰੀ ਅਤੇ ਇਮਾਨਦਾਰੀ ਨਾਲ ਗੜੁੱਚ ਲਿਖਤ ਹੈ ਜੋ ਪਾਠਕ ਨੂੰ ਝੰਜੋੜਦੀ ਹੈ। ਇੱਜ਼ਤ ਅਤੇ ਵਫਾਦਾਰੀ ਵਰਗੀਆਂ ਧਾਰਨਾਵਾਂ ਸੁਆਲਾਂ ਦੇ ਘੇਰੇ ਵਿਚ ਆਉਂਦੀਆਂ ਹਨ। ਖ਼ਾਲਸ ਕੀ ਹੁੰਦਾ ਹੈ ਭਲਾ?æææਇਹੀ ਵੱਡਾ ਸਵਾਲ ਬਣ ਜਾਂਦਾ ਹੈ! ਇਹ ਨਾਵਲ ਇਤਿਹਾਸ ਅਤੇ ਸਿਆਸਤ ਦੇ ਨਿੱਜੀ ਬਿਰਤਾਂਤ ਦਾ ਹਕੀਕੀ ਬਿਆਨ ਹੈ। ਅਪਰੇਸ਼ਨ ਬਲਿਊ ਸਟਾਰ, ਇੰਦਰਾ ਗਾਂਧੀ ਦੇ ਕਤਲ ਅਤੇ ਸਿੱਖ ਕਤਲੇਆਮ ਤੋਂ ਬਾਅਦ ਦੀ ਬੇਵਿਸਾਹੀ, ਘੁੰਮਣਘੇਰੀ, ਭੰਬਲਭੂਸੇ ਅਤੇ ਸਦਮੇ ਦਾ ਬਿਆਨ ‘ਗਵਾਹ ਦੇ ਫਨਾਹ ਹੋ ਜਾਣ ਤੋਂ ਪਹਿਲਾਂ’ ਦੀ ਪ੍ਰਾਪਤੀ ਹੈ। ਸੰਧੂ ਕਿਸੇ ਧਿਰ ਦਾ ਪੱਖ ਪੂਰਦਾ ਨਹੀਂ ਜਾਪਦਾ, ਪਰ ਸਪਸ਼ਟ ਇਖ਼ਲਾਕੀ ਪੈਂਤੜਾ ਅਖ਼ਤਿਆਰ ਕਰਦਾ ਹੈ।

Be the first to comment

Leave a Reply

Your email address will not be published.