‘ਮਾਰੇ ਤੋਸਕੀ ਕੇ’

ਬਲਜੀਤ ਬਾਸੀ
ਭਾਰਤੀ ਭਾਸ਼ਾਵਾਂ ਦੇ ਸ਼ਬਦਾਂ ਦੀ ਜਨਮ-ਪੱਤਰੀ ਤਿਆਰ ਕਰਨ ਲਈ ਕੁਝ ਸ਼ਬਦ-ਪ੍ਰੇਮੀਆਂ ਨੇ ਗੂਗਲ ਦੀ ਸਹੂਲਤ ਵਰਤਦਿਆਂ ਇਕ ਸਮੂਹ ਬਣਾਇਆ ਹੈ ਜਿਥੇ ਸ਼ਬਦਾਂ ਬਾਰੇ ਅਨੇਕਪੱਖੀ ਵਿਚਾਰ ਵਟਾਂਦਰਾ ਕੀਤਾ ਜਾਂਦਾ ਹੈ। ਸ਼ਿਵ ਸੈਨਾ ਦੇ ਸਰਵੇ-ਸਰਵਾ ਬਾਲ ਠਾਕਰੇ ਦੇ ਦਿਲ ਦੀ ਧੜਕਣ ਬੰਦ ਹੋਣ ਤੋਂ ਚੰਦ ਇਕ ਦਿਨ ਪਹਿਲਾਂ ਇਸ ਸਮੂਹ ਦੇ ਇਕ ਮੈਂਬਰ ਨੇ ਸਵਾਲ ਕੀਤਾ-“ਮੈਂ ਗੱਡੀ ਵਿਚ ਬੈਠਿਆਂ ‘ਤੋਸਕੀ’ ਸ਼ਬਦ ਉਨ੍ਹਾਂ ਦਿਨਾਂ ਵਿਚ ਸੁਣਿਆ ਜਦ ਉੜਦੀ ਉੜਦੀ ਖਬਰ ਆਈ ਸੀ ਕਿ ਬਾਲ ਠਾਕਰੇ ਨਹੀਂ ਰਹੇ ਪਰ ਬਾਅਦ ਵਿਚ ਇਹ ਖਬਰ ਅਫਵਾਹ ਸਾਬਿਤ ਹੋਈ। ਖਬਰਾਂ ਆਉਣ ਲੱਗੀਆਂ ਕਿ ਠਾਕਰੇ ਸਾਹਿਬ ਠੀਕ ਹੋ ਰਹੇ ਹਨ। ਇਸ ਤੋਂ ਅਗਲੇ ਦਿਨ ਹੀ ਇਕ ਬੰਦੇ ਦੇ ਮੂੰਹ ਤੋਂ ਗੱਡੀ ਵਿਚ ਸੁਣਿਆ, ‘ਅਜੇ ਜੀਵਤ ਹਨ ਠਾਕਰੇ ਸਾਹਿਬ, ਲੇਕਿਨ ਮਾਰੇ ਤੋਸਕੀ ਕੇ ਇਹ ਲੋਕ ਦੁਕਾਨਾਂ ਬੰਦ ਕਰਵਾ ਦੇਣਗੇ’। ਗੱਡੀ ਮੁਸਾਫਿਰ ਹਿੰਦੀ ਭਾਸ਼ਾਈ ਸੀ। ਪ੍ਰਸ਼ਨਕਰਤਾ ਨੇ ਸਮੂਹ ਅੱਗੇ ਸਵਾਲ ਕੀਤਾ, “‘ਤੋਸਕੀ’ ਸ਼ਬਦ ਕੀ ਹੈ? ਇਸ ਦੇ ਸਮਾਨਅਰਥਕ ਸ਼ਬਦ ਕੀ ਹੋ ਸਕਦੇ ਹਨ?” ਸਾਰੇ ਮੈਂਬਰਾਂ ਦੇ ਮੂੰਹਾਂ ਵਿਚ ਉਂਗਲੀਆਂ ਪੈ ਗਈਆਂ, ਮੈਂ ਖੁਦ ਅਵਾਕ ਸਾਂ। ਠਾਕਰੇ ਸਾਹਿਬ ਦੇ ਪ੍ਰਾਣ ਤਿਆਗਣ ਪਿਛੋਂ ਜੋ ਹੋਇਆ ਸਭ ਨੇ ਪੜ੍ਹ, ਸੁਣ, ਦੇਖ ਲਿਆ ਹੈ ਪਰ ਜੋ ਦੁਰਗਤ ਥਾਨੇ ਵਾਸੀ ਦੋ ਮੁਟਿਆਰਾਂ ਦੀ ਹੋਈ, ਉਹ ਸ਼ਾਇਦ ਇਸ ਸ਼ਬਦ ਦੇ ਅਰਥਾਂ ਨੂੰ ਉਜਾਗਰ ਕਰ ਸਕੇ। ਤੇ ਮੈਂ ਸੋਚਦਾ ਹਾਂ, ਜੇ ਕੁਝ ਸ਼ਿਵ ਸੈਨਿਕ ਉਸ ਸਮੇਂ ਉਸ ਗੱਡੀ ਵਿਚ ਬੈਠੇ ਹੁੰਦੇ ਤਾਂ ਜ਼ਰੂਰ ਤੋਸਕੀ ਬੋਲਣ ਵਾਲੇ ਮੁਸਾਫਰ ਦੀ ਉਨ੍ਹਾਂ ਕੁੜੀਆਂ ਵਾਂਗ ਐਸੀ ਕੀ ਤੈਸੀ ਹੁੰਦੀ।
ਪਹਿਲਾਂ ਠਾਕਰੇ ਸਾਹਿਬ ਬਾਰੇ ਕੁਝ ਹੋ ਜਾਏ। ਉਨ੍ਹਾਂ ਦੇ ਪਿਤਾ ਕੇਸ਼ਵ ਠਾਕਰੇ 1885 ਵਿਚ ਪੈਦਾ ਹੋਏ। ਮਰਹੱਟਿਆਂ ਦੇ ਰਾਜ ਸਮੇਂ ਉਨ੍ਹਾਂ ਦਾ ਇਕ ਵਡੇਰਾ ਧੋਦਪ ਕਿਲੇ ਦਾ ਕਿਲੇਦਾਰ ਸੀ, ਇਸ ਲਈ ਉਸ ਦਾ ਉਪਨਾਮ “ਧੋਦਪਕਰ” ਹੋਇਆ। ਉਸ ਦਾ ਦਾਦਾ ਪਾਨਵੇਲ ਵਿਚ ਜਾ ਵਸਿਆ, ਇਸ ਲਈ ਉਸ ਨੇ ਆਪਣੇ ਨਾਂ ਸੀਤਾਰਾਮ ਪਿੱਛੇ “ਪਾਨਵੇਲਕਰ” ਲਾ ਲਿਆ। ਇਥੇ ਇਹ ਜਾਣਕਾਰੀ ਦੇ ਦੇਵਾਂ ਕਿ ਮਰਹੱਟੇ ਆਪਣੇ ਨਿਵਾਸ ਸਥਾਨ ਦੇ ਨਾਂ ਅੱਗੇ ‘ਕਰ’ ਪਿਛੇਤਰ ਲਾ ਕੇ ਆਪਣਾ ਉਪਨਾਮ ਬਣਾ ਲੈਂਦੇ ਹਨ। ਮਿਸਾਲ ਵਜੋਂ ਲਤਾ ਮੰਗੇਸ਼ਕਰ ਦਾ ਜੱਦੀ ਕਸਬਾ ਮੰਗੇਸ਼ੀ ਸੀ; ਸੁਨੀਲ ਗਾਵਸਕਰ ਗਾਵਸ ਦਾ ਰਹਿਣ ਵਾਲਾ ਹੈ ਪਰ ਸੀਤਾਰਾਮ ਨੇ ਆਪਣੇ ਪੁੱਤਰ ਕੇਸ਼ਵ (ਬਾਲ ਠਾਕਰੇ ਦੇ ਪਿਤਾ) ਦੇ ਨਾਂ ਪਿੱਛੇ ਪਰਿਵਾਰਕ ਗੋਤ “ਠਾਕਰੇ” ਹੀ ਰੱਖਿਆ। ਠਾਕਰੇ ਕੈਸਥ (ਕੈਥ) ਜਾਤੀ ਦੇ ਲੋਕਾਂ ਦਾ ਉਪਨਾਮ ਹੁੰਦਾ ਹੈ ਜਿਸਨੂੰ ਅੰਗਰੇਜ਼ੀ ਵਿਚ ਠਹਅਕਰe  ਲਿਖਿਆ ਜਾਂਦਾ ਹੈ। ਦਿਲਚਸਪ ਗੱਲ ਹੈ ਕਿ ਬਾਲ ਠਾਕਰੇ ਆਪਣੇ ਉਪਨਾਮ ਨੂੰ ਅੰਗਰੇਜ਼ੀ ਦੇ ਸ਼ਬਦਜੋੜ  ਠਹਅਚਕਰਅੇ  ਨਾਲ ਚਲਾਉਂਦਾ ਰਿਹਾ ਹੈ। ਇਸ ਦਾ ਕਾਰਨ ਇਹ ਹੈ ਕਿ ਬਾਲ ਠਾਕਰੇ ਦੇ ਪਿਤਾ ਕੇਸ਼ਵ ਅੰਗਰੇਜ਼ੀ ਨਾਵਲ ਦਾ ਮੂੰਹ ਮੱਥਾ ਸੰਵਾਰਨ ਵਾਲੇ ਲੇਖਕ ਵਿਲੀਅਮ ਮੇਕਪੀਸ ਥੈਕਰੇ ਦਾ ਪ੍ਰਸ਼ੰਸਕ ਸੀ ਜਿਸ ਦਾ ਜਨਮ 1811 ਵਿਚ ਭਾਰਤ ਵਿਚ ਹੋਇਆ ਤੇ ਜਿਸ ਦੇ ਪਿਤਾ ਕਲਕੱਤੇ ਵਿਚ ਈਸਟ ਇੰਡੀਆ ਕੰਪਨੀ ਰਾਜ ਦੇ ਵੱਡੇ ਅਫਸਰ ਸਨ। ਨਾਵਲਕਾਰ ਥੈਕਰੇ ਦਾ ਪ੍ਰਸ਼ੰਸਕ ਹੋਣ ਕਰ ਕੇ ਕੇਸ਼ਵ ਨੇ ਆਪਣੇ ਨਾਂ ਦੇ ਅੰਗਰੇਜ਼ੀ ਵਾਲੇ ਸ਼ਬਦਜੋੜ  ਠਹਅਚਕਰਅੇ  ਅਪਣਾ ਲਏ ਹਾਲਾਂ ਕਿ ਇਸ ਦਾ ਉਚਾਰਨ ਥੈਕਰੇ ਦੀ ਥਾਂ ਠਾਕਰੇ ਹੀ ਹੁੰਦਾ ਰਿਹਾ। ਇਹੀ ਰੀਤੀ ਅੱਗੋਂ ਬਾਲ ਠਾਕਰੇ ਤੇ ਹੋਰ ਸੰਤਾਨ ਨੇ ਕਾਇਮ ਰੱਖੀ।
‘ਮਹਾਰਾਸ਼ਟਰ ਭੂਮੀ-ਪੁੱਤਰਾਂ ਲਈ’ ਦਾ ਨਾਹਰਾ ਦੇ ਕੇ ਬਾਲ ਠਾਕਰੇ ਨੇ ਜੋ ਰਾਜਸੀ ਰੋਟੀਆਂ ਸੇਕੀਆਂ ਹਨ, ਉਸ ਨਾਲ ਭਾਰਤ ਦੇ ਸਮਾਜਕ ਰਾਜਸੀ ਜੀਵਨ ਵਿਚ ਬਹੁਤ ਵਿਖੰਡਨਕਾਰੀ ਰੁਝਾਨ ਪੈਦਾ ਹੋਏ ਹਨ। ਬਾਲ ਠਾਕਰੇ ਦੀ ਪਾਰਟੀ ਸ਼ਿਵ ਸੈਨਾ ਨੇ 1960-70 ਵਿਚਕਾਰ ਮਹਾਰਾਸ਼ਟਰ ਵਿਚ ਦੱਖਣੀ ਭਾਰਤੀਆਂ ਦੇ ਜਾਨ ਮਾਲ ਨੂੰ ਰੱਜ ਕੇ ਨੁਕਸਾਨ ਪਹੁੰਚਾਇਆ। ਫਿਰ ਬਿਹਾਰੀ ਤੇ ਯੂæਪੀæ ਦੇ ਭਈਆ ਕਹੇ ਜਾਂਦੇ ਸਾਧਾਰਨ ਕਾਰੋਬਾਰ ਕਰਨ ਵਾਲੇ ਲੋਕਾਂ ਉਤੇ ਘੁਸਪੈਠੀਏ ਕਹਿ ਕੇ ਹਮਲੇ ਕੀਤੇ ਅਤੇ ਮਹਾਰਾਸ਼ਟਰ ਤੋਂ ਭਜਾਉਣ ਦੀ ਕੋਸ਼ਿਸ਼ ਕੀਤੀ। ਮੁਸਲਮਾਨਾਂ ਦੇ ਖਿਲਾਫ ਤਾਂ ਇਹ ਪਾਰਟੀ ਹਰ ਨਿੱਕੀ ਮੋਟੀ ਗੱਲ ‘ਤੇ ਲਗਾਤਾਰ ਜ਼ਹਿਰ ਉਗਲਦੀ ਰਹਿੰਦੀ ਹੈ। ਅਜਿਹੀ ਸੰਕੀਰਨ ਤੇ ਫੁੱਟ-ਪਾਊ ਸੋਚ ਮਹਾਰਾਸ਼ਟਰ ਦੇ ਬਹੁਤੇ ਲੋਕਾਂ ਵਿਚ ਲੰਮੇ ਸਮੇਂ ਤੋਂ ਘਰ ਕਰ ਗਈ ਹੈ। ਬਹੁਲਵਾਦੀ ਖਾਸੀਅਤ ਵਾਲੇ ਅਜੋਕੇ ਜ਼ਮਾਨੇ ਵਿਚ ਕਿਸੇ ਇਕੋ ਧਰਮ, ਜਾਤੀ, ਨਸਲ ਆਦਿ ਦੇ ਰਾਜ ਦਾ ਸੁਪਨਾ ਲੈਣਾ ਇਕ ਪੁੱਠੀ ਮਤ ਵਾਲੀ ਗੱਲ ਹੈ। ਆਪਣੇ ਆਪ ਨੂੰ ਰਾਸ਼ਟਰਵਾਦੀ ਕਹਾਉਂਦੀਆਂ ਦੇਸ਼ ਦੀਆਂ ਦੋ ਮੁੱਖ ਪਾਰਟੀਆਂ, ਕਾਂਗਰਸ ਤੇ ਬੀæਜੇæਪੀæ ਇਸ ਤਰ੍ਹਾਂ ਦੀ ਫਿਰਕਾਪ੍ਰਸਤੀ ਨੂੰ ਪੱਠੇ ਪਾ ਕੇ ਆਪਣੇ ਬੇੜੇ ਪਾਰ ਕਰਾਉਂਦੀਆਂ ਰਹਿੰਦੀਆਂ ਹਨ। ਕਿੰਨੀ ਸ਼ਰਮ ਦੀ ਗੱਲ ਹੈ ਕਿ ਇਨ੍ਹਾਂ ਪਾਰਟੀਆਂ ਦੇ ਨੇਤਾ, ਉਦਯੋਗਪਤੀ, ਫਿਲਮ ਇੰਡਸਟਰੀ ਦੀਆਂ ਹਸਤੀਆਂ ਤੇ ਹੋਰ ਉਘੇ ਲੋਕ ਇਕ ਦੂਜੇ ਤੋਂ ਵਧ ਚੜ੍ਹ ਕੇ ਦੇਸ਼-ਪਾੜੂ ਬਾਲ ਠਾਕਰੇ ਨੂੰ ਸ਼ਰਧਾਂਜਲੀਆਂ ਭੇਟ ਕਰ ਰਹੇ ਸਨ।
ਬਾਲ ਠਾਕਰੇ ਦੀ ਮੌਤ ਭਾਵੇਂ ਕੁਦਰਤੀ ਹੋਈ ਹੈ, ਫਿਰ ਵੀ ਭੁੜਕੇ ਹੋਏ ਸ਼ਿਵ ਸੈਨਿਕਾਂ ਤੇ ਉਨ੍ਹਾਂ ਦੇ ਪਿਛਲੱਗਾਂ ਨੇ ਜਬਰੀ ਮੰਬਈ ਬੰਦ ਕਰਾ ਦਿੱਤਾ ਜਿਸ ਦੀ ਕਰੋਪੀ ਦਾ ਸ਼ਿਕਾਰ ਹੋਈਆਂ ਦੋ ਨੌਜਵਾਨ ਕੁੜੀਆਂ। ਥਾਨੇ ਵਸਦੀ ਸ਼ਾਹੀਨ ਢਾਡਾ ਨਾਂ ਦੀ 21 ਸਾਲਾ ਲੜਕੀ ਆਪਣੀ ਫੇਸਬੁਕ ਦੀ ਵਾਲ ‘ਤੇ ਲਿਖ ਬੈਠੀ, “ਬਣਦੇ ਸਤਿਕਾਰ ਸਹਿਤ ਕਹਿ ਰਹੀ ਹਾਂ, ਹਰ ਰੋਜ਼ ਹਜ਼ਾਰਾਂ ਲੋਕ ਮਰਦੇ ਹਨ ਪਰ ਦੁਨੀਆ ਚਲਦੀ ਰਹਿੰਦੀ ਹੈ। ਐਪਰ ਇਕ ਸਿਆਸਤਦਾਨ ਕੁਦਰਤੀ ਮੌਤੇ ਮਰਿਆ ਹੈ ਤੇ ਹਰ ਕੋਈ ਝੱਲਾ ਹੋਇਆ ਫਿਰਦਾ ਹੈ। ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ ਮਜਬੂਰਨ ਹੀ ਲਚਕੀਲੇ ਹਾਂ, ਆਪਣੀ ਮਰਜ਼ੀ ਨਾਲ ਨਹੀਂ। ਕਦੋਂ ਕਿਸੇ ਨੇ ਸ਼ਹੀਦ ਭਗਤ ਸਿੰਘ, ਅਜ਼ਾਦ, ਸੁਖਦੇਵ ਦਾ ਸਨਮਾਨ ਕੀਤਾ ਜਾਂ ਉਨ੍ਹਾਂ ਲਈ ਦੋ ਮਿੰਟ ਦਾ ਮੌਨ ਧਾਰਿਆ ਹਾਲਾਂਕਿ ਇਨ੍ਹਾਂ ਦੀ ਬਦੌਲਤ ਅਸੀਂ ਭਾਰਤੀ ਆਜ਼ਾਦੀ ਨਾਲ ਵਿਚਰ ਰਹੇ ਹਾਂ? ਆਦਰ ਮਾਣ ਕਮਾਇਆ ਜਾਂਦਾ ਹੈ, ਕਿਸੇ ਤੇ ਠੋਸਿਆ ਨਹੀਂ ਜਾਂਦਾ। ਅੱਜ ਮੰਬਈ ਡਰ ਕਰ ਕੇ ਬੰਦ ਹੋਇਆ ਹੈ, ਸ਼ਰਧਾ ਕਾਰਨ ਨਹੀਂ।” ਭੈੜੀ ਹੋਣੀ ਉਡੀਕ ਰਹੀ ਸੀ ਉਸ ਦੀ ਸਹੇਲੀ ਰੇਨੂੰ ਨੂੰ ਜਿਸ ਨੇ ਇਹ ਪੋਸਟ ‘ਲਾਈਕ’ ਕਰ ਦਿਤੀ। ਪੰਜਾਂ ਮਿੰਟਾਂ ਵਿਚ ਡੇਢ ਦੋ ਸੌ ਸ਼ਿਵ ਸੈਨਿਕ ਕੁੜੀਆਂ ਦੇ ਘਰ ਅੱਗੇ ਆ ਕੇ ਹੱਲਾਗੁੱਲਾ ਕਰਨ ਲੱਗ ਪਏ। ਉਸ ਨੇ ਬਥੇਰੀਆਂ ਮਾਫ਼ੀਆਂ ਮੰਗੀਆਂ, ਤਿੰਨ ਵਾਰੀ ਪਲੀਜ਼ ਪਲੀਜ਼ ਪਲੀਜ਼ ਵੀ ਕਿਹਾ, ਫੇਸਬੁਕ ਤੋਂ ਵੀਹ ਮਿੰਟ ਵਿਚ ਆਪਣੀ ਪੋਸਟ ਇਹ ਕਹਿੰਦੇ ਹੋਏ ਹਟਾ ਲਈ ਕਿ ਉਹ ਬਾਲ ਠਾਕਰੇ ਨੂੰ ਮਹਾਨ ਵਿਅਕਤੀ ਮੰਨਦੀ ਹੈ ਤੇ ਉਸ ਦਾ ਇਰਾਦਾ ਕਿਸੇ ਨੂੰ ਠੇਸ ਪਹੁੰਚਾਉਣਾ ਨਹੀਂ ਸੀ ਪਰ ਸੈਨਿਕ ਨਾ ਟਲੇ। ਸਥਾਨਕਵਾਦ ਅਤੇ ਤੁਅੱਸਬ ਦੀ ਲਗਾਤਾਰ ਖੁਰਾਕ ਖਾਂਦੇ, ਉਸ਼ਟੰਡ ਸ਼ਿਵ ਸੈਨਿਕਾਂ ਨੂੰ ਓਨਾ ਚਿਰ ਸਕੂਨ ਨਹੀਂ ਜਿੰਨਾ ਚਿਰ ਉਹ ਉਧੜਧੂਮੀ ਨਾ ਮਚਾ ਦੇਣ। ਤੇ ਇਹ ਕਹਿਰ ਵਰਤਾਇਆ ਉਨ੍ਹਾਂ ਲੜਕੀ ਦੇ ਡਾਕਟਰ ਚਾਚਾ ਦੇ ਕਲਿਨਿਕ ਦੀ ਭੰਨ ਤੋੜ ਕਰ ਕੇ। ਹੋਰ ਤਾਂ ਹੋਰ ਉਨ੍ਹਾਂ ਦੀ ਸ਼ਿਕਾਇਤ ‘ਤੇ ਪੁਲਿਸ ਨੇ ਰਾਤ ਅੱਠ ਵਜੇ ਦੋਹਾਂ ਲੜਕੀਆਂ ਨੂੰ ‘ਦੋ ਫਿਰਕੇ ਦੇ ਲੋਕਾਂ ਵਿਚ ਨਫ਼ਰਤ ਫੈਲਾਉਣ’ ਦੇ ਦੋਸ਼ ਲਾ ਕੇ ਹਿਰਾਸਤ ਵਿਚ ਲੈ ਲਿਆ। ਬਾਅਦ ਵਿਚ ਦੋ ਵਾਰੀ ਧਾਰਾਵਾਂ ਬਦਲੀਆਂ। ਅਗਲੇ ਦਿਨ ਮੈਜਿਸਟਰੇਟ ਨੇ ਇਹ ਨਹੀਂ ਦੇਖਿਆ ਕਿ ਦੋਸ਼ ਦਾ ਕੋਈ ਆਧਾਰ ਵੀ ਹੈ, ਇਸ ਲਈ ਜ਼ਮਾਨਤ ਲੈ ਕੇ ਹੀ ਕੁੜੀਆਂ ਨੂੰ ਛੱਡਿਆ। ਇਸ ਮਾਮਲੇ ਵਿਚ ਪੁਲੀਸ, ਸਰਕਾਰ, ਸ਼ਿਵ ਸੈਨਿਕਾਂ ਇਥੋਂ ਤੱਕ ਕਿ ਨਿਆਸ਼ਾਲਾ ਨੇ ਕਾਨੂੰਨ ਦੀਆਂ ਅਨੇਕਾਂ ਧੱਜੀਆਂ ਉਡਾਈਆਂ; ਨਿੱਜੀ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਦੀ ਖਿੱਲੀ ਉਡਾਈ। ਦੋ ਕੁੜੀਆਂ ਨੂੰ ਸਾਧਾਰਨ ਗੱਲ ‘ਤੇ ਸਿਰਫ ਸ਼ਿਵ ਸੈਨਿਕਾਂ ਦੇ ਮਨਾਂ ਨੂੰ ਸਕੂਨ ਦੇਣ ਲਈ ਸੰਗੀਨ ਜੁਰਮਾਂ ਤਹਿਤ ਗ੍ਰਿਫਤਾਰ ਕੀਤਾ, ਉਹ ਵੀ ਰਾਤ ਨੂੰ ਹਾਲਾਂਕਿ ਸੁਪਰੀਮ ਕੋਰਟ ਦੀ ਹਦਾਇਤ ਹੈ ਕਿ ਜੁਰਮ ਦੀ ਤਹਿ ਤੱਕ ਜਾਏ ਬਿਨਾ ਰਾਤ ਨੂੰ ਕਿਸੇ ਨੂੰ ਗ੍ਰਿਫਤਾਰ ਨਾ ਕੀਤਾ ਜਾਏ, ਖਾਸ ਤੌਰ ‘ਤੇ ਔਰਤਾਂ ਨੂੰ।
ਪਰ ਚਰਚਾ ਵਿਚ ਆਏ ਸ਼ਬਦ ‘ਤੋਸਕੀ’ ਦੀ ਇਸ ਪ੍ਰਸੰਗ ਵਿਚ ਕੀ ਸਾਰਥਕਤਾ ਹੈ? ਭਾਰਤ ਦੇ ਚੋਟੀ ਦੇ ਨਿਰੁਕਤਕਾਰ ਅਜਿਤ ਵਡਨੇਰਕਰ ਨੇ ਵੀ ਭਾਵੇਂ ਇਹ ਸ਼ਬਦ ਸੁਣਿਆ ਨਹੀਂ ਸੀ ਪਰ ਉਸ ਨੇ ਇਸ ਦੀ ਵਿਆਖਿਆ ਕਰਨ ਦੀ ਕੋਸ਼ਿਸ਼ ਕੀਤੀ। ਉਸ ਦੇ ਅਨੁਮਾਨ ਅਨੁਸਾਰ ਇਹ ਫਾਰਸੀ ਤਸਕੀਨ ਦਾ ਰੁਪਾਂਤਰ ਹੋ ਸਕਦਾ ਹੈ। ਤਸਕੀਨ ਵਿਚ ਤਸੱਲੀ, ਦਿਲਾਸਾ ਜਿਹੇ ਭਾਵ ਹਨ ਪਰ ਇਸ ਵਿਚ ਭੁਲਾਵੇ ਦੇ ਅਰਥ ਵੀ ਹਨ, ਯਾਨਿ ਗਲਤ ਫਹਿਮੀ, ਅਸਤਿ ਨੂੰ ਸਤਿ ਮੰਨ ਲੈਣਾ। ਤਸਕੀਂ ਜਾਂ ਤਸਕੀਨ ਤੋਂ ਤੋਸਕੀ ਬਣਿਆ ਹੋ ਸਕਦਾ ਹੈ। ਸੋ, ਗੱਡੀ ਦੇ ਮੁਸਾਫਿਰ ਦਾ ਭਾਵ ਸੀ ਕਿ ਬਾਲ ਠਾਕਰੇ ਨੂੰ ਗਲਤ ਫਹਿਮੀ ਨਾਲ ਮਰ ਗਿਆ ਸਮਝ ਕੇ ਸ਼ਿਵ ਸੈਨਿਕ ਮੁੰਬਈ ਬੰਦ ਕਰਵਾ ਦੇਣਗੇ।
‘ਤਸਕੀਨ’, ਜਿਸ ਤੋਂ ‘ਤੋਸਕੀ’ ਬਣੇ ਹੋਣ ਦਾ ਤੁੱਕਾ ਲਾਇਆ ਗਿਆ ਹੈ, ਆਪਣੇ ਤੌਰ ‘ਤੇ ਅਰਬੀ ਧਾਤੂ ਤ-ਸ-ਕæ ਤੋਂ ਬਣਿਆ ਹੈ ਜਿਸ ਵਿਚ ਸਥਿਤ ਹੋਣ, ਟਿਕਣ, ਰਹਿਣ, ਵਸਣ ਆਦਿ ਦੇ ਭਾਵ ਹਨ। ਮਨ ਸਥਿਰ ਹੋਵੇ ਤਾਂ ਟਿਕ ਟਿਕਾਅ ਹੁੰਦਾ ਹੈ। ਇਸ ਭਾਵ ਤੋਂ ਬਹੁਤ ਜਾਣਿਆ ਜਾਂਦਾ ਸ਼ਬਦ ‘ਸਕੂਨ’ ਬਣਿਆ ਜਿਸ ਦਾ ਅਰਥ ਟਿਕਾਅ, ਸ਼ਾਂਤੀ, ਚੈਨ ਆਦਿ ਹੈ। ਇਸੇ ਤੋਂ ‘ਸ਼ਾਂਤੀ ਭਰਿਆ’ ਦੇ ਅਰਥਾਂ ਵਾਲਾ “ਪੁਰਸਕੂਨ” ਬਣਿਆ ਜੋ ਪੰਜਾਬੀ ਵਿਚ ਵੀ ਕਈ ਲੋਕ ਵਰਤਦੇ ਹੈ। ਪੁਰਸਕੂਨ ਵਿਚਲਾ “ਪੁਰ” ਪੰਜਾਬੀ “ਪੂਰਾ” ਅਤੇ ਅੰਗਰੇਜ਼ੀ ਫੁੱਲ (ੁਲਲ) ਦਾ ਸੁਜਾਤੀ ਹੈ। ਟਿਕਾਅ ਹੋਵੇ ਤਾਂ ਮਨ ਵਿਚ ਸ਼ੋਰ ਨਹੀਂ ਪੈਂਦਾ, ਇਸ ਲਈ ਇਸ ਧਾਤੂ ਤੋਂ ਬਣੇ ਸ਼ਬਦ ‘ਮਸਕੀਨ’ ਦਾ ਅਰਥ ਚੁੱਪ ਚਾਪ ਰਹਿਣ ਵਾਲਾ ਬੰਦਾ ਹੈ ਜਿਸ ਦਾ ਅੱਗੇ ਹਲੀਮ, ਅਧੀਨ, ਦੀਨ, ਆਜਿਜ, ਵਿਚਾਰਾ ਦੇ ਅਰਥਾਂ ਵਿਚ ਵਿਕਾਸ ਹੋਇਆ। ਸਾਧੂ ਸੰਤ ਟਿਕੇ ਹੋਏ ਮਨ ਵਾਲੇ ਹੁੰਦੇ ਹਨ, ਇਸ ਲਈ ਮਸਕੀਨ ਦਾ ਅਰਥ ਸਾਧੂ ਸੰਤ ਵੀ ਹੈ: “ਹਮ ਮਸਕੀਨ ਖੁਦਾਈ ਬੰਦੇ ਤੁਮ ਰਾਜਸੁ ਮਨ ਭਾਵੇ”-ਕਬੀਰ। “ਸੁਖੀ ਬਸੈ ਮਸਕੀਨੀਆ ਆਪਿ ਨਿਵਾਰ ਤਲੇ”- ਗੁਰੂ ਅਰਜਨ। ਸ਼ਾਂਤ ਦੇ ਅਰਥਾਂ ਵਾਲਾ ਸਕੀਨਾ ਸ਼ਬਦ ਵੀ ਇਸੇ ਤੋਂ ਨਿਰਮਿਤ ਹੋਇਆ ਹੈ ਜੋ ਮੁਸਲਮਾਨ ਔਰਤਾਂ ਦਾ ਨਾਮ ਹੈ। ਇਕ ਪਾਕਿਸਤਾਨੀ ਲੇਖਕ ਦੇ ਖੂਬਸੂਰਤ ਨਾਵਲ ਦਾ ਨਾਂ “ਸਕੀਨਾ” ਹੈ।
ਮੱਛੀ ਤਾਂ ਪੱਥਰ ਚੱਟ ਕੇ ਮੁੜ ਜਾਂਦੀ ਹੈ ਪਰ ਅਮੋੜ ਸ਼ਿਵ ਸੈਨਿਕ ਅੱਗੇ ਵਧਣਾ ਹੀ ਜਾਣਦੇ ਹਨ। ਜਨਤਕ ਦਬਾਅ ਅਧੀਨ ਕੁੜੀਆਂ ਦੇ ਕੇਸ ਵਿਚ ਦੋਸ਼ੀ ਸਾਬਤ ਹੋਏ ਪੁਲਸੀਆਂ ਨੂੰ ਮੁਅੱਤਲ ਕੀਤਾ ਗਿਆ ਹੈ ਤੇ ਮੈਜਿਸਟਰੇਟ ਦੀ ਬਦਲੀ ਕਰ ਦਿੱਤੀ ਗਈ ਹੈ। ਇਸ ਦੇ ਰੋਸ ਵਜੋਂ ਗੱਲ ਗੱਲ ‘ਤੇ ਭੜਕਣ ਤੇ ਭੁੜਕਣ ਵਾਲੇ ਬਾਲ ਠਾਕਰੇ ਦੇ ਵਾਰਿਸਾਂ ਨੇ ਹੋਰ ਬੰਦ ਠੋਕ ਦਿੱਤਾ! ਤੋਸਕੀ, ਤਸਕੀਨ ਜਾਂ ਸਕੂਨ ਦੇ ਮਾਰੇ ਸ਼ਿਵ ਸੈਨਿਕਾਂ ਨੂੰ ਕੋਈ ਨਾ ਕੋਈ ਬਹਾਨਾ ਚਾਹੀਦਾ ਹੈ। ਭਾਰਤ ਦੇ ਕਈ ਹੋਰ ਦਲਾਂ, ਗੁੱਟਾਂ ਆਦਿ ਦੇ ਵੀ ਇਹੀ ਲੱਛਣ ਹਨ ਪਰ ਬਾਲ ਠਾਕਰੇ ਦੇ ਚੇਲੇ ਸਭ ਦਾ ਸਿਰਾ ਹਨ।

Be the first to comment

Leave a Reply

Your email address will not be published.