ਪੰਜਾਬੀ ਭਾਸ਼ਾ ਤੇ ਪੰਜਾਬੀ ਲੋਕ

ਹਰਜਿੰਦਰ ਕੰਗ
ਫੋਨ: 559-917-4890
ਭਾਸ਼ਾ ਕਿਸੇ ਕੌਮ ਜਾਂ ਸਭਿਆਚਾਰ ਦਾ ਅਨਿੱਖੜਵਾਂ ਤੇ ਮਹੱਤਵਪੂਰਨ ਅੰਗ ਹੁੰਦੀ ਹੈ। ਮਨੁੱਖ ਜਾਤੀ ਦਾ ਸਭ ਤੋਂ ਵੱਡਾ ਹਾਸਲ ਭਾਸ਼ਾ ਹੀ ਹੈ। ਰਿਸ਼ੀਆਂ-ਮੁਨੀਆਂ ਨੇ ਇਸ ਨੂੰ ਵਾਕ ਦੇਵੀ ਤੇ ਸਰਸਵਤੀ ਦੇਵੀ ਕਹਿ ਕੇ ਵਡਿਆਇਆ ਹੈ, ਅਰਾਧਿਆ ਹੈ। ਸਭਿਆਚਾਰ ਦੇ ਜਟਿਲ ਪ੍ਰਬੰਧ ਦੇ ਵੱਖ-ਵੱਖ ਅੰਗਾਂ ਨੂੰ ਜੋੜਨ ਵਾਲੀ ਭਾਸ਼ਾ ਹੀ ਹੈ। ਸਮਾਜ ਜਾਂ ਕੌਮ ਦੀ ਪ੍ਰੀਭਾਸ਼ਾ, ਭਾਸ਼ਾ ਬਿਨਾਂ ਅਧੂਰੀ ਹੈ। ਭਾਸ਼ਾ ਕੌਮੀ ਹੋਂਦ ਦੀ ਪ੍ਰਤੀਕ ਵੀ ਹੈ। ਵੱਖ-ਵੱਖ ਸਮੇਂ ਦੇ ਬਾਦਸ਼ਾਹਾਂ ਨੇ ਜਿਥੇ ਵੀ ਆਪਣਾ ਰਾਜ ਸਥਾਪਤ ਕੀਤਾ, ਉਥੇ ਆਪਣੀ ਭਾਸ਼ਾ ਲਾਗੂ ਕੀਤੀ, ਤੇ ਨਾਲ ਹੀ ਉਥੋਂ ਦੀ ਮਾਤ ਭਾਸ਼ਾ ਦਾ ਸਿੱਧੇ ਜਾਂ ਅਸਿੱਧੇ ਰੂਪ ਵਿਚ ਦਮਨ ਕਰਨ ਦਾ ਯਤਨ ਕੀਤਾ। ਇਕ ਸਮੇਂ ਆਇਰਲੈਂਡ ਦੀ ਗੈਲਿਕ ਭਾਸ਼ਾ ਵਿਚ ਜੇ ਕਿਸੇ ਕੋਲ ਇਕ-ਅਧ ਕਵਿਤਾ ਵੀ ਹੁੰਦੀ ਸੀ, ਤਾਂ ਉਸ ਨੂੰ ਸਮੇਂ ਦੇ ਸ਼ਾਸਕ ਸਜ਼ਾ ਦਿੰਦੇ ਸਨ, ਪਰ ਆਇਰਲੈਂਡ ਦੇ ਪੁਨਰ-ਜਾਗ੍ਰਤੀ ਅੰਦੋਲਨ ਵਿਚ ਗੈਲਿਕ ਭਾਸ਼ਾ ਨੂੰ ਮੁੜ ਸੁਰਜੀਤ ਕਰਨ ਦੇ ਅੰਦੋਲਨਮਈ ਯਤਨ ਹੋਏ। ਦੂਜੇ ਬੰਨੇ, ਪੰਜਾਬ ਦੇ ਬਹੁਤ ਸਾਰੇ ਸਕੂਲਾਂ ਵਿਚ ਪ੍ਰਬੰਧਕੀ ਸ਼ਾਸਨ ਸਕੂਲ ਵਿਚ ਪੰਜਾਬੀ ਬੋਲਣ ਤੇ ਪਾਬੰਦੀ ਲਾਉਂਦਾ। ਇੰਗਲੈਂਡ ਤੋਂ ਜਦੋਂ ਸਿੱਖਿਆ ਦੀਆਂ ਨਵੀਆਂ ਤਕਨੀਕਾਂ ਬਾਰੇ ਦੱਸਣ ਲਈ ਵਫਦ ਲੁਧਿਆਣੇ ਦੇ ਇਕ ਸਕੂਲ ਵਿਚ ਜਾ ਕੇ ਪੁੱਛਦਾ ਹੈ ਕਿ ਤੁਹਾਡੀ ਮਾਤਾ ਭਾਸ਼ਾ ਕੀ ਹੈ, ਤਾਂ ਅਧਿਆਪਕ ਕਹਿੰਦਾ ਹੈ ਕਿ ਪੰਜਾਬੀ। ਵਫਦ ਮੈਂਬਰ ਦਾ ਸਵਾਲ ਹੈ, ਫਿਰ ਤੁਸੀਂ ਅੰਗਰੇਜ਼ੀ ਵਿਚ ਕਿਉਂ ਪੜ੍ਹਾਉਂਦੇ ਹੋ, ਪੰਜਾਬੀ ਵਿਚ ਕਿਉਂ ਨਹੀਂ? ਅਧਿਆਪਕ ਕੋਲ ਕੋਈ ਜਵਾਬ ਨਹੀਂ ਸੀ।
ਪੰਜਾਬੀਆਂ ਲਈ ਭਾਸ਼ਾ ਹਮੇਸ਼ਾ, ਮਸਲੇ ਦੇ ਰੂਪ ਵਿਚ ਰਹੀ ਹੈ। ਕਿਸੇ ਵੇਲੇ ਦਿੱਲੀ-ਅੰਬਾਲਾ ਤੋਂ ਅਟਕ-ਨੌਸ਼ਹਿਰਾ ਤੱਕ ਅਤੇ ਬਹਾਬਲਪੁਰ ਤੋਂ ਹਜ਼ਾਰੇ ਤੱਕ ਸਾਰਾ ਪੰਜਾਬ ਹੀ ਸੀ। 1947 ਦੀ ਵੰਡ ਸਮੇਂ ਪੰਜਾਬ ਵੀ ਵੰਡਿਆ ਗਿਆ ਤੇ ਪੰਜਾਬੀ ਬੋਲੀ ਵੀ। ਫਿਰ ਪੰਜਾਬ ਦੀ ਇਕ ਹੋਰ ਵੰਡ ਜਦੋਂ ਬੋਲੀ ਦੇ ਆਧਾਰ ‘ਤੇ ਹੋਈ, ਤਾਂ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਵੀ ਇਸੇ ਵਿਚੋਂ ਨਿਕਲ ਗਏ। ਭਾਸ਼ਾ ਦੇ ਆਧਾਰ ‘ਤੇ ਬਚੇ ਪੰਜਾਬ ਵਿਚ ਭਾਸ਼ਾ ਦੀ ਹੀ ਪੁੱਛ-ਪ੍ਰਤੀਤ ਨਹੀਂ। ਇਸ ਦੇ ਸਿਆਸੀ ਕਾਰਨਾਂ ਨੂੰ ਵੱਖ ਰਹਿਣ ਦੇਈਏ, ਤਾਂ ਪੰਜਾਬੀ ਮਾਨਸਿਕਤਾ ਵੀ ਕਸੂਰਵਾਰ ਹੈ; ਜਾਂ ਕਹਿ ਲਓ ਕਿ ਚੇਤੰਨ ਤੇ ਫਿਕਰਮੰਦ ਨਹੀਂ ਹੈ। ਕੋਈ ਗੋਰਾ Ḕਸਤਿ ਸ੍ਰੀ ਅਕਾਲḔ ਕਹਿ ਦੇਵੇ, ਤਾਂ ਪੰਜਾਬੀਆਂ ਨੂੰ ਅਥਾਹ ਖੁਸ਼ੀ ਹੁੰਦੀ ਹੈ, ਪਰ ਜੇ ਆਪਣਾ ਬੱਚਾ ਪੰਜਾਬੀ ਨਾ ਬੋਲ ਸਕੇ ਤਾਂ ਦੁੱਖ ਨਹੀਂ ਹੁੰਦਾ। ਪੰਜਾਬੀ ਜਿਥੇ ਵੀ ਜਾਂਦੇ ਹਨ, ਉਥੇ ਦੀ ਭਾਸ਼ਾ ਤਾਂ ਸਿੱਖ ਲੈਂਦੇ ਨੇ, ਪਰ ਆਪਣੀ ਭਾਸ਼ਾ ਦੀ ਪ੍ਰਵਾਹ ਨਹੀਂ ਸਕਦੇ। ਕੋਈ ਕਾਰਿੰਦਾ ਇਨ੍ਹਾਂ ਕੋਲ ਹੋਰ ਬੋਲੀ ਵਾਲਾ ਆ ਜਾਵੇ ਤਾਂ ਉਹਦੀ ਬੋਲੀ ਸਿੱਖ ਲੈਣਗੇ, ਪਰ ਉਹਨੂੰ ਆਪਣੀ ਨਹੀਂ ਸਿਖਾ ਸਕਣਗੇ।
ਪੰਜਾਬੀ ਪਦਾਰਥਵਾਦੀ ਸੋਚ ਨਾਲ ਬਹੁਤ ਗੂੜ੍ਹੀ ਤਰ੍ਹਾਂ ਬੱਝੇ ਹੋਏ ਨੇ। ਜਿਥੇ ਵੀ ਜਾ ਕੇ ਵਸੇ, ਉਥੇ ਮਿਹਨਤ ਕਰ ਕੇ ਚੰਗੀ ਰੋਟੀ, ਚੰਗਾ ਕੱਪੜਾ ਤੇ ਚੰਗਾ ਮਕਾਨ ਬਣਾ ਲੈਂਦੇ ਨੇ; ਤੇ ਬੱਸ ਇਥੇ ਹੀ ਬਰੇਕਾਂ ਮਾਰ ਲੈਂਦੇ ਨੇ ਅਤੇ ਇਨ੍ਹਾਂ ਚੀਜ਼ਾਂ ਦੇ ਵਿਸਥਾਰ ਤੇ ਵਿਖਾਵੇ ਵਿਚ ਹੀ ਫਸੇ ਰਹਿੰਦੇ ਨੇ। ਜਿਥੇ ਸੰਜੀਦਾ ਤੇ ਬੌਧਿਕ ਕਾਰਜ ਕਰਨ ਵਾਲਾ ਮੌਕਾ ਹੋਵੇ, ਉਥੋਂ ਗੈਰ-ਹਾਜ਼ਿਰ ਹੀ ਰਹਿਣਗੇ। ਜਿਥੇ ਵੀ ਜਾ ਕੇ ਵਸਦੇ ਨੇ, ਉਥੇ ਜਾ ਕੇ ਆਪਣੀ ਭੌਤਿਕ ਪਛਾਣ ਦੇ ਵੱਖ-ਵੱਖ ਸਰੂਪਾਂ ਨੂੰ ਰੂਪਮਾਨ ਕਰਨ ਲਈ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਕਰਦੇ ਨਜ਼ਰ ਆਉਂਦੇ ਨੇ। ਵੱਡੇ-ਵੱਡੇ ਤੇ ਕਈ-ਕਈ ਨਗਰ ਕੀਰਤਨ, ਸਭਿਆਚਾਰਕ ਮੇਲੇ, ਸ਼ਹੀਦੀ ਜੋੜ ਮੇਲੇ, ਕਬੱਡੀ ਮੇਲੇ, ਤੀਆਂ ਆਦਿ ਵਿਚ ਗਿੱਧੇ, ਭੰਗੜੇ, ਗੱਤਕਾ, ਖੇਡਾਂ ਆਦਿ ਸਰੀਰਕ ਕਿਰਿਆਵਾਂ ਦਾ ਸਰੂਪ ਹੀ ਜ਼ਿਆਦਾ ਨਜ਼ਰ ਆਉਂਦਾ ਹੈ, ਤੇ ਇਹ ਲਗਭਗ ਸਾਰਾ ਸਾਲ ਚੱਲਦਾ ਰਹਿੰਦਾ ਹੈ। ਪੰਜਾਬੀ ਘਰਾਂ ਵਿਚ Ḕਸ਼ਰਾਬ ਸਭਿਆਚਾਰḔ (ਡਰਿੰਕ ਕਲਚਰ) ਤੂੜੀ ਵਾਲੇ ਕੁੱਪ ਵਿਚੋਂ ਨਿਕਲ ਕੇ ਖੂਬਸੂਰਤ ਬਾਰ ਦੇ ਰੂਪ ਵਿਚ ਪ੍ਰਗਟ ਹੋ ਗਿਆ ਹੈ। ਪੰਜਾਬੀ Ḕਕਿਤਾਬ ਸਭਿਆਚਾਰḔ (ਬੁੱਕ ਕਲਚਰ) ਨਾਲ ਕਿਤੇ ਵੀ ਜੁੜੇ ਹੋਏ ਦਿਖਾਈ ਨਹੀਂ ਦਿੰਦੇ। ਨਾ ਗੁਰਦੁਆਰਿਆਂ ਵਿਚ, ਨਾ ਮੇਲਿਆਂ ਵਿਚ ਤੇ ਨਾ ਹੀ ਘਰਾਂ ਵਿਚ ਹੀ ਕੋਈ ਲਾਇਬ੍ਰੇਰੀ ਨਜ਼ਰੀਂ ਪੈਂਦੀ ਹੈ। ਕਦੇ-ਕਦੇ ਤਾਂ ਇੰਜ ਜਾਪਦਾ ਹੈ ਜਿਵੇਂ ਪੰਜਾਬੀ ਸਭਿਆਚਾਰ ਬੋਤਲ, ਢੋਲਕ ਤੇ ਗੋਲਕ ਦੇ ਇਰਦ-ਗਿਰਦ ਸੁੰਗੜ ਕੇ ਰਹਿ ਗਿਆ ਹੋਵੇ।
ਭਾਸ਼ਾ ਦੀ ਲੋੜ ਉਸ ਦੇ ਆਰਥਿਕ ਲਾਹੇ ਤੱਕ ਹੀ ਸੀਮਤ ਰਹੀ ਹੈ। ਭਾਸ਼ਾ ਦੀ ਮਹੱਤਤਾ ਇਸ ਤੋਂ ਕਿਸੇ ਗਹਿਰੀ ਤੇ ਗੂੜ੍ਹੀ ਹੈ। ਅਜਿਹਾ ਨਾ ਹੁੰਦਾ ਤਾਂ ਗੁਰੂ ਨਾਨਕ ਨੇ ਇਹ ਹੋਕਾ ਨਹੀਂ ਸੀ ਦੇਣਾ- ਘਰ ਘਰ ਮੀਆਂ ਸਭਨਾ ਜੀਆ ਬੋਲੀ ਅਵੁਰ ਤੁਮਾਰੀ॥ ਗੁਰੂ ਅੰਗਦ ਨੇ ਗੁਰਮੁਖੀ ਲਿਪੀ ਦੇ ਵਿਕਾਸ ਲਈ ਉਚੇਚੇ ਯਤਨ ਨਹੀਂ ਸੀ ਕਰਨੇ। ਗੁਰੂ ਅਰਜਨ ਨੇ ਭਾਸ਼ਾ ਤੇ ਲਿਪੀ ਦੀ ਮਹਾਨਤਾ ਨੂੰ ਸਮਝਦਿਆਂ ਹੀ ਤਾਂ ਗੁਰਮੁਖੀ ਅੱਖਰਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਕਲਨ ਕੀਤਾ। ਸ਼ਹੀਦ ਭਗਤ ਸਿੰਘ ਜਿਸ ਦੇ ਮੇਲੇ ਦੇਸ਼-ਵਿਦੇਸ਼ ਵਿਚ ਲਗਦੇ ਨੇ; ਉਸ ਦੇ ਨਾਂ ਦੇ ਨਾਅਰੇ ਗੂੰਜਾਏ ਜਾਂਦੇ ਨੇ; ਉਸ ਵਰਗੀ ਪੱਗ ਬੰਨ੍ਹ ਕੇ ਦੇਸ਼ ਭਗਤੀ ਦਾ ਸਬੂਤ ਦਿੱਤਾ ਜਾਂਦਾ ਹੈ; ਉਸ ਦੀ ਫੋਟੋ ਘਰਾਂ ਵਿਚ, ਕਮੀਜ਼ਾਂ, ਕਾਰਾਂ, ਟਰੱਕਾਂ, ਟਰੈਕਟਰਾਂ, ਮੋਟਰਸਾਈਕਲਾਂ, ਡੌਲਿਆਂ ਉਤੇ ਖੁਣਵਾ/ਲਿਖਵਾ ਕੇ ਸੱਚੇ ਪੰਜਾਬੀ ਹੋਣ ਦਾ ਦਿਖਾਵਾ ਕੀਤਾ ਜਾਂਦਾ ਹੈ; ਉਹੀ ਭਗਤ ਸਿੰਘ ਪੰਜਾਬੀ ਭਾਸ਼ਾ ਤੇ ਲਿਪੀ ਬਾਰੇ ਬਹੁਤ ਫਿਰਕਮੰਦ ਸੀ, ਪਰ ਇਸ ਦੀ ਚਰਚਾ ਕੋਈ ਨਹੀਂ ਕਰਦਾ। ਸ਼ਹੀਦ ਭਗਤ ਸਿੰਘ 1923-24 ਵਿਚ ਜਦੋਂ ਨੈਸ਼ਨਲ ਕਾਲਜ ਦਾ ਵਿਦਿਆਰਥੀ ਸੀ, ਤਾਂ ਉਸ ਨੇ ਪੰਜਾਬੀ ਭਾਸ਼ਾ ਦੇ ਸਬੰਧ ਵਿਚ ਇਕ ਪਰਚਾ ਲਿਖਿਆ ਸੀ ਜੋ 28 ਫਰਵਰੀ 1933 ਨੂੰ ਪੰਜਾਬੀ ਹਿੰਦੀ ਸਾਹਿਤ ਸੰਮੇਲਨ ਦੇ ਪ੍ਰਧਾਨ ਸਕੱਤਰ ਭੀਮਸੈਨ ਵਿਦਿਆਲੰਕਾਰ ਨੇ Ḕਹਿੰਦੀ ਸੰਦੇਸ਼Ḕ ਨਾਮੀ ਅਖ਼ਬਾਰ ਵਿਚ ਛਾਪਿਆ ਸੀ। ਇਸ ਪਰਚੇ ਵਿਚ ਭਗਤ ਸਿੰਘ ਨੇ ਲਿਖਿਆ ਸੀ, “ਕਿਸੇ ਸਮਾਜ ਤੇ ਦੇਸ਼ ਨੂੰ ਪਛਾਣਨ ਲਈ ਉਸ ਸਮਾਜ ਜਾਂ ਦੇਸ਼ ਦੇ ਸਾਹਿਤ ਨਾਲ ਜਾਣ-ਪਛਾਣ ਹੋਣ ਦੀ ਸਭ ਤੋਂ ਵੱਧ ਜ਼ਰੂਰਤ ਹੁੰਦੀ ਹੈ, ਕਿਉਂਕਿ ਸਮਾਜ ਦੇ ਪ੍ਰਾਣਾਂ ਦੀ ਚੇਤਨਾ ਉਸ ਸਮਾਜ ਦੇ ਸਾਹਿਤ ਵਿਚ ਹੀ ਜ਼ਾਹਿਰ ਹੁੰਦੀ ਹੈ। ਸਾਹਿਤ ਲਈ ਸਭ ਤੋਂ ਪਹਿਲਾਂ ਭਾਸ਼ਾ ਦੀ ਜ਼ਰੂਰਤ ਹੁੰਦੀ ਹੈ।” ਵਿਡੰਬਨਾ ਇਹ ਹੈ ਕਿ ਸਭਿਆਚਾਰਕ ਦੀ ਸੂਚੀ ਵਿਚ ਜਿਹੜੀ ਚੀਜ਼ ਸਭ ਤੋਂ ਪਹਿਲਾਂ ਆਉਂਦੀ ਹੈ, ਪੰਜਾਬੀ ਲੋਕ ਸਭ ਤੋਂ ਪਹਿਲਾਂ ਉਸੇ ਦੇ ਵਿਰੋਧ ਵਿਚ ਖੜ੍ਹ ਜਾਂਦੇ ਨੇ, ਜਾਂ ਉਸ ਦੀ ਮਹੱਤਤਾ ਹੀ ਨਹੀਂ ਸਮਝਦੇ।
ਹਿੰਦੀ ਦੀ ਪ੍ਰਸਿੱਧ ਲੇਖਕਾ ਮਹਾਂਦੇਵੀ ਭਾਸ਼ਾ ਬਾਰੇ ਆਖਦੀ ਹੈ, “ਭਾਸ਼ਾ ਸਿੱਖਣਾ ਤੇ ਭਾਸ਼ਾ ਜੀਣਾ, ਦੋ ਵੱਖ-ਵੱਖ ਚੀਜ਼ਾਂ ਹਨ। ਧੁਨੀ ਦਾ ਗਿਆਨ ਆਤਮ ਅਨੁਭਵ ਨਾਲ ਤੇ ਅਰਥ ਦਾ ਬੁੱਧੀ ਨਾਲ ਪ੍ਰਾਪਤ ਹੁੰਦਾ ਹੈ। ਜੇ ਧੁਨੀ ਦੀ ਪਛਾਣ ਤੋਂ ਪਹਿਲਾਂ ਅਰਥ ਜਾਣ ਲਿਆ ਜਾਵੇ, ਤਾਂ ਬੋਲਣਾ ਨਹੀਂ ਸਿੱਖਿਆ ਜਾ ਸਕਦਾ।” ਇਸੇ ਲਈ ਪਾਣਿਨੀ ਦਾ ਵੀ ਕਥਨ ਹੈ, “ਆਤਮਾ ਬੁੱਧੀ ਦੁਆਰਾ ਸਭ ਅਰਥਾਂ ਦਾ ਆਕਲਨ ਕਰ ਕੇ ਮਨ ਵਿਚ ਬੋਲਣ ਦੀ ਇੱਛਾ ਪੈਦਾ ਕਰਦੀ ਹੈ।” ਮਾਂ ਦੀ ਲੋਰੀ ਦੀ ਧੁਨੀ ਬੱਚੇ ਦੀ ਆਤਮਾ ਵਿਚ ਪ੍ਰਵਾਹਿਤ ਹੁੰਦੀ ਹੈ। ਅਰਥ ਸਮਝਣ ਦੀ ਬੁੱਧੀ ਤਾਂ ਬੱਚੇ ਅੰਦਰ ਅਜੇ ਪੈਦਾ ਹੀ ਨਹੀਂ ਹੋਈ ਹੁੰਦੀ। ਇਹੀ ਧੁਨੀ ਬੱਚੇ ਅੰਦਰ ਬੋਲਣ ਦੀ ਇੱਛਾ ਪੈਦਾ ਕਰਦੀ ਹੈ। ਬੱਚਾ ਤੋਤਲੇ ਬੋਲਾਂ ਤੋਂ ਬੋਲੀ ਦੇ ਸ਼ਬਦਾਂ ਤੋਂ ਜਾਣੂ ਹੁੰਦਾ ਹੈ, ਤੇ ਹੌਲੀ-ਹੌਲੀ ਉਸ ਦੇ ਅਰਥਾਂ ਨੂੰ ਸਮਝਣ ਲਗਦਾ ਹੈ। ਇਕ ਵਾਰ ਕਿਸੇ ਦਫ਼ਤਰ ਵਿਚ ਬੈਠਾ ਸੀ, ਤਾਂ ਇਕ ਬਜ਼ੁਰਗ ਨਿੱਕੇ ਜਿਹੇ ਬੱਚੇ ਨੂੰ ਵਾਰ-ਵਾਰ ਕਹਿ ਰਿਹਾ ਸੀ ਕਿ ਤੂੰ ਕਹਿ, Ḕਭਾਅ ਨਾ ਜਾ, ਭਾਅ ਆ ਜਾḔ। ਬੱਚਾ ਵਾਰ-ਵਾਰ ਉਹ ਸ਼ਬਦ ਦੁਹਰਾ ਰਿਹਾ ਸੀ, ਮਗਰੇ-ਮਗਰ ਕਹਿ ਰਿਹਾ ਸੀ। ਉਮਰ ਦੇ ਇਸ ਪੜਾਅ Ḕਤੇ ਉਹ ਬੱਚਾ ਇਨ੍ਹਾਂ ਸ਼ਬਦਾਂ ਦੇ ਧੁਨੀਆਤਮਕ ਅਰਥ ਸਮਝ ਰਿਹਾ ਸੀ। ਜਦ ਵੱਡਾ ਹੋਵੇਗਾ ਤਾਂ ਇਨ੍ਹਾਂ ਦੇ ਬੌਧਿਕ ਤੇ ਭਾਵ-ਅਰਥ ਸਮਝਣ ਦੇ ਸਮਰੱਥ ਹੋਵੇਗਾ; ਕਿਉਂਕਿ ਭਾਸ਼ਾ ਧੁਨੀਆਂ ਦੇ ਸਮੂਹਾਂ ਤੋਂ ਹੀ ਸ਼ਬਦਾਂ ਦੀ ਸਿਰਜਣਾ ਹੁੰਦੀ ਹੈ। ਗੁਰਬਾਣੀ ਸ਼ਬਦਾਂ ਦੀਆਂ ਧੁਨੀਆਂ ਦੀ ਪਹਿਲਾਂ ਤਰੰਗਤ ਹੁੰਦੀਆਂ ਨੇ, ਅਰਥ ਤਾਂ ਬਾਅਦ ਵਿਚ ਸਮਝੇ ਜਾ ਸਕਦੇ ਨੇ। ਜੇ ਭਾਸ਼ਾ ਹੀ ਨਾ ਆਉਂਦੀ ਹੋਵੇ, ਤਾਂ ਸ਼ਬਦ ਦਾ ਧੁਨੀਆਤਮ ਅਰਥ ਖੋ ਜਾਂਦਾ ਹੈ। ਜੇ ਭਾਸ਼ਾ ਦਾ ਗਿਆਨ ਨਹੀਂ ਹੈ, ਤਾਂ ਸਿਰਫ਼ ਸ਼ਬਦਾਰਥ ਦੇ ਪੱਧਰ Ḕਤੇ ਸ਼ਬਦ ਸਮਝ ਆਵੇਗਾ। ਫ਼ਲਸਰੂਪ, ਸ਼ਬਦ ਦਾ ਸੰਪੂਰਨ ਅਸਰ ਨਹੀਂ ਹੋਵੇਗਾ।
ਪੰਜਾਬੀ ਲੋਕਾਂ ਵਿਚ ਕਿਸੇ ਕਾਰਨ ਆਪਣੀ ਬੋਲੀ ਪ੍ਰਤੀ ਹੀਣ ਭਾਵਨਾ ਆਮ ਨਜ਼ਰ ਆਉਂਦੀ ਹੈ। ਲੋਕਾਂ ਸਾਹਮਣੇ ਆਪਣੀ ਬੋਲੀ ਵਿਚ ਗੱਲ ਕਰਦਿਆਂ ਉਹ ਆਪਣੇ ਆਪ ਨੂੰ ਹੀਣਾ ਜਿਹਾ ਮਹਿਸੂਸ ਕਰਦਾ ਹੈ। ਹਿੰਦੀ ਬੋਲਣ ਵਾਲੇ ਬੰਦੇ ਨਾਲ ਜੋ ਪੰਜਾਬੀ ਸਮਝਦਾ ਹੋਵੇ, ਉਸ ਨਾਲ ਪੰਜਾਬੀ ਬੰਦਾ ਬੜਾ ਔਖਾ ਹੋ ਕੇ ਹਿੰਦੀ ਬੋਲੇਗਾ; ਜਦਕਿ ਹਿੰਦੀ ਬੋਲਣ ਵਾਲਾ ਪੰਜਾਬੀ ਸਮਝ ਸਕਦਾ ਹੈ। ਕਾਲਜਾਂ, ਯੂਨੀਵਰਸਿਟੀਆਂ ਵਿਚ ਪੜ੍ਹਦੇ ਜਪਾਨੀ, ਚੀਨੀ, ਕੋਰੀਅਨ, ਆਇਰਸ਼ ਅਤੇ ਹੋਰ ਵਿਦਿਆਰਥੀਆਂ ਨੂੰ ਕਲਾਸ ਤੋਂ ਬਾਅਦ ਉਨ੍ਹਾਂ ਦੀ ਆਪਣੀ ਭਾਸ਼ਾ ਵਿਚ ਗੱਲ ਕਰਦਿਆਂ ਅਕਸਰ ਦੇਖਿਆ ਹੈ। ਪੰਜਾਬੀ ਵਿਦਿਆਰਥੀ ਆਪਸ ਵਿਚ Ḕਸਤਿ ਸ੍ਰੀ ਅਕਾਲḔ ਬੁਲਾਉਣ ਤੋਂ ਵੀ ਝਿਜਕਦੇ ਹਨ; ਜਦਕਿ ਪੰਜਾਬੀ ਭਾਸ਼ਾ ਇੰਡੋ-ਜਰਮਨ ਗਰੁਪ ਦੀ ਭਾਸ਼ਾ ਹੈ। ਇਸ ਵਿਚ ਬੜਾ ਮੁੱਲਵਾਨ ਸਾਹਿਤ ਰਚਿਆ ਗਿਆ ਹੈ। ਇਹ ਸਦੀਆਂ ਪੁਰਾਣੀ ਭਾਸ਼ਾ ਹੈ ਤੇ ਇਸ ਵਿਚ ਲਗਾਤਾਰ, ਸਮੇਂ-ਸਮੇਂ ਨਵੇਂ ਸ਼ਬਦ ਜੁੜਦੇ ਰਹੇ ਹਨ। ਇਹੀ ਜਿਉਂਦੀ-ਜਾਗਦੀ ਤੇ ਵਿਕਾਸ਼ਸ਼ੀਲ ਭਾਸ਼ਾ ਦਾ ਗੁਣ ਹੁੰਦਾ ਹੈ। ਇਥੋਂ ਤੱਕ ਕਿ ਸਿੰਧੀ, ਮੁਲਤਾਨੀ, ਡੋਗਰੀ, ਪੁਣਛੀ, ਹਿਮਾਚਲੀ, ਹਰਿਆਣਵੀ ਆਦਿ ਪੰਜਾਬੀ ਭਾਸ਼ਾ ਦੀਆਂ ਉਪ-ਬੋਲੀਆਂ ਹੀ ਸਮਝੀਆਂ ਜਾਂਦੀਆਂ ਨੇ। ਪੰਜਾਬੀ ਬੋਲਣ ਵਿਚ ਹੀਣ ਭਾਵਨਾ ਸਮਝਣਾ ਸਿਰੇ ਦੀ ਨਾਸਮਝੀ ਦਾ ਨਤੀਜਾ ਹੈ। ਜਿਵੇਂ ਆਪਣੇ ਸਭਿਆਚਾਰ ਦਾ ਮਾਣ ਕਰਨ ਦਾ ਢੰਡੋਰਾ ਕਈ ਤਰ੍ਹਾਂ ਨਾਲ ਪਿੱਟਿਆ ਜਾਂਦਾ ਹੈ, ਇਵੇਂ ਹੀ ਆਪਣੀ ਬੋਲੀ Ḕਤੇ ਮਾਣ ਕਰਨ ਦਾ ਜਜ਼ਬਾ ਉਜਾਗਰ ਹੋਣਾ ਚਾਹੀਦਾ ਹੈ।
ਪੰਜਾਬੀ ਲੋਕ, ਸ਼ਬਦ ਗੁਰੂ ਅੱਗੇ ਮੱਥਾ ਟੇਕਦੇ ਹਨ, ਪਰ ਮੱਥੇ ਵਿਚ ਸ਼ਬਦ ਦਾ ਦੀਵਾ ਜਗਾਉਣ ਦਾ ਯਤਨ ਨਹੀਂ ਕਰਦੇ। ਸ਼ਬਦ ਦੀ ਪੂਜਾ ਕਰਦੇ ਹਨ, ਸ਼ਬਦ ਦਾ ਅਧਿਐਨ ਨਹੀਂ ਕਰਦੇ। ਦਿੱਲੀ ਦੇ ਇਕ ਗੁਰਦੁਆਰੇ ਨਾਲ ਸਬੰਧਤ ਇਕ ਗਿਆਨੀ ਕਹਿ ਰਿਹਾ ਸੀ ਕਿ ਉਨ੍ਹਾਂ ਟੀæਵੀæ ਲਾ ਦਿੱਤੇ ਨੇ ਜਿਨ੍ਹਾਂ Ḕਤੇ ਅੰਗਰੇਜ਼ੀ ਵਿਚ ਤੇ ਪੰਜਾਬੀ ਵਿਚ ਸ਼ਬਦ ਤੇ ਉਸ ਦੇ ਅਰਥ ਚੱਲਦੇ ਰਹਿੰਦੇ ਨੇ। ਨਾਲ ਹੀ ਉਨ੍ਹਾਂ ਨੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਗੋਰੇ ਤਾਂ ਅੱਧਾ-ਅੱਧਾ ਘੰਟਾ ਟੀæਵੀæ ਸਾਹਮਣੇ ਖੜ੍ਹੇ ਸ਼ਬਦ ਪੜ੍ਹਦੇ ਰਹਿੰਦੇ ਨੇ, ਪਰ ਪੰਜਾਬੀ ਕਦੇ ਕੋਈ ਪੜ੍ਹਦਾ ਨਹੀਂ ਦੇਖਿਆ।
ਅਸੀਂ ਅਕਸਰ ਦੇਖਦੇ ਹਾਂ ਕਿ ਅਖੰਡ ਪਾਠ ਰਖਵਾ ਕੇ ਸੁਣਨ ਵਾਲੇ ਬੜੇ ਵਿਰਲੇ ਟੱਕਰਦੇ ਹਨ; ਫਿਰ ਵੀ ਲੜੀਵਾਰ ਅਖੰਡ ਪਾਠ ਚਲਦੇ ਹਨ। ਬਹੁਤ ਗੱਲਾਂ ਵਿਚ, ਬਹੁਤ ਰਸਮਾਂ ਵਿਚ ਪੰਜਾਬੀ ਬੇਹੱਦ ਕੱਟੜ ਹਨ, ਪਰ ਆਪਣੀ ਬੋਲੀ ਪ੍ਰਤੀ ਬਿਲਕੁਲ ਕੱਟੜ ਨਹੀਂ। ਜਿਸ ਦਿਨ ਪੰਜਾਬੀ ਲੋਕ ਆਪਣੀ ਭਾਸ਼ਾ ਪ੍ਰਤੀ ਕੱਟੜ ਹੋ ਗਏ, ਉਸ ਦਿਨ ਵਿਦੇਸ਼ਾਂ ਵਿਚ, ਗੁਰਦੁਆਰਿਆਂ ਵਿਚ ਪੰਜਾਬੀ ਪੜ੍ਹਾਉਣ ਦੇ ਪੁਖਤਾ ਪ੍ਰਬੰਧ ਸ਼ੁਰੂ ਹੋ ਜਾਣਗੇ, ਗੁਰਦੁਆਰਿਆਂ ਵਿਚ ਲਾਇਬ੍ਰੇਰੀਆਂ ਬਣ ਜਾਣਗੀਆਂ, ਮੇਲਿਆਂ ਵਿਚ ਪੁਸਤਕ ਪ੍ਰਦਰਸ਼ਨੀਆਂ ਨੂੰ ਵਿਸ਼ੇਸ਼ ਥਾਂ ਦਿੱਤੀ ਜਾਵੇਗੀ, ਘਰਾਂ ਵਿਚ ਬੱਚਿਆਂ ਨਾਲ ਪੰਜਾਬੀ ਬੋਲੀ ਜਾਵੇਗੀ। ਜਿਸ ਦਿਨ ਇਹ ਸਭ ਹੋ ਜਾਵੇਗਾ, ਉਸ ਦਿਨ ਅਸੀਂ ਪੂਰੇ ਪੰਜਾਬੀ ਕਹਾਉਣ ਦੇ ਹੱਕਦਾਰ ਹੋਵਾਂਗੇ। ਫਿਰ ਪੰਜਾਬੀ ਭਾਸ਼ਾ ਕੋਈ ਮਸਲਾ ਨਹੀਂ ਰਹੇਗੀ, ਸਗੋਂ ਸਾਡੇ ਲਈ ਮਾਣ ਬਣ ਜਾਵੇਗੀ।
ਆਪਣੀ ਭਾਸ਼ਾ ਨੂੰ ਜਾਣਨਾ ਕਿਸੇ ਹੋਰ ਭਾਸ਼ਾ ਦਾ ਵਿਰੋਧ ਕਰਨਾ ਨਹੀਂ ਹੈ, ਸਗੋਂ ਆਪਣੀ ਪਛਾਣ ਨਿਸ਼ਾਨੀ ਨੂੰ ਜਿਉਂਦਾ ਰੱਖਣਾ ਹੈ। ਉਂਜ ਵੀ ਇਕ ਤੋਂ ਵੱਧ ਭਾਸ਼ਾਵਾਂ ਜਾਣਨਾ ਲਾਹੇਬੰਦ ਹੈ। ਹਰ ਚੀਜ਼ ਵਿਚੋਂ ਆਰਥਿਕ ਲਾਭ ਲੱਭਣਾ ਨਿਰਾ ਸੁਆਰਥ ਹੈ। ਪੰਜਾਬੀ ਲੋਕ ਆਪਣੀ ਪੱਗ ਨੂੰ ਹੱਥ ਨਹੀਂ ਪਾਉਣ ਦਿੰਦੇ। ਸੀਸ ਤਲੀ Ḕਤੇ ਟਿਕਾ ਕੇ ਪੱਗ ਦੀ ਹਿਫ਼ਾਜ਼ਤ ਕਰਦੇ ਨੇ। ਪੰਜਾਬੀ ਭਾਸ਼ਾ ਵੀ ਪੰਜਾਬੀ ਸਭਿਆਚਾਰ ਦੀ ਪੱਗ ਹੈ। ਇਸ ਦੀ ਹਿਫ਼ਾਜ਼ਤ ਕਰਨਾ, ਇੱਜ਼ਤ ਕਰਨਾ ਹਰ ਪੰਜਾਬੀ ਦਾ ਫਰਜ਼ ਹੈ। ਜੇ ਅੱਜ ਇਹ ਭਾਸ਼ਾ ਨੌਕਰੀ ਵਿਚ ਸਹਾਈ ਨਹੀਂ ਹੁੰਦੀ, ਤਾਂ ਕੱਲ੍ਹ ਹੋ ਵੀ ਸਕਦੀ ਹੈ। ਜੇ ਅਸੀਂ ਆਪਣੀ ਬੋਲੀ ਜਾਣਦੇ ਹਾਂ, ਆਪਣੀ ਬੋਲੀ ਆਪਣੇ ਬੱਚਿਆਂ ਨੂੰ ਸਿਖਾਉਂਦੇ ਹਾਂ, ਤਾਂ ਇਹ ਵੀ ਆਪਣੇ ਆਪ ਵਿਚ ਵੱਡੀ ਕਮਾਈ ਹੀ ਹੈ, ਸਭਿਆਚਾਰਕ ਕਮਾਈ। ਜੇ ਅਸੀਂ ਆਪਣੀ ਬੋਲੀ ਆਪਣੇ ਬੱਚਿਆਂ ਨੂੰ ਨਹੀਂ ਸਿਖਾਉਂਦੇ, ਤਾਂ ਸਮਝੋ ਵਡਮੁੱਲੀ ਕਮਾਈ ਅਸੀਂ ਆਪਣੇ ਹੱਥੀਂ ਰੋੜ੍ਹ ਲਈ ਹੈ, ਆਪਣੀ ਪਛਾਣ ਅਸੀਂ ਆਪ ਗੁਆ ਲਈ ਹੈ।
ਇਕ ਗੱਲ ਹਮੇਸ਼ਾ ਯਾਦ ਰੱਖਣ ਵਾਲੀ ਹੈ ਕਿ ਭਾਸ਼ਾ-ਰਹਿਤ ਸਮਾਜ ਕੋਈ ਨਹੀਂ ਹੁੰਦਾ। ਇਹ ਵੱਖਰੀ ਗੱਲ ਹੈ ਕਿ ਉਸ ਸਮਾਜ ਦੇ ਲੋਕ ਆਪਣੀ ਭਾਸ਼ਾ ਦੀ ਕਿੰਨੀ ਕੁ ਕਦਰ ਕਰਦੇ ਹਨ। ਕੁਝ ਕੌਮਾਂ ਬਹੁਤ ਜਾਗ੍ਰਿਤ ਹੁੰਦੀਆਂ ਹਨ ਤੇ ਉਨ੍ਹਾਂ ਦੀ ਜਾਗ੍ਰਤੀ ਵਿਚ ਉਨ੍ਹਾਂ ਦੀ ਭਾਸ਼ਾ ਤੇ ਸਾਹਿਤ ਦੀ ਭੂਮਿਕਾ ਮੁੱਖ ਹੁੰਦੀ ਹੈ। ਲਾਸ ਏਂਜਲਸ ਵਿਚ ਯੂਨੀਵਰਸਿਟੀ ਦੇ ਨਜ਼ਦੀਕ ਇਕ ਸੜਕ Ḕਤੇ ਇਰਾਨੀ ਲੋਕਾਂ ਦੀਆਂ ਕਈ ਦੁਕਾਨਾਂ ਨਿਰੋਲ ਕਿਤਾਬਾਂ ਦੀਆਂ ਹੀ ਹਨ। ਮੈਂ ਦੇਖਿਆ ਕਿ ਉਥੇ ਕਈ ਧਰਮਾਂ ਦੀਆਂ ਕਿਤਾਬਾਂ ਸਨ, ਪਰ ਸਿੱਖ ਧਰਮ ਦੀ ਕੋਈ ਕਿਤਾਬ ਨਹੀਂ ਸੀ। ਉਨ੍ਹਾਂ ਦੇ ਜਗਤ ਪ੍ਰਸਿੱਧ ਚਿੰਤਕਾਂ ਸੇਖ਼ ਸਾਅਦੀ, ਹਾਫ਼ਿਜ਼, ਫਰਦੌਸੀ, ਗਾਲਿਬ, ਖਯਾਮ, ਸਮੇਤ ਅਨੇਕਾਂ ਲੇਖਕਾਂ ਦੀਆਂ ਕਿਤਾਬਾਂ ਸਨ। ਸੋਚ ਕੇ ਦੁੱਖ ਹੋਇਆ ਕਿ ਪੰਜਾਬੀ ਵੀ ਵੱਡੀ ਗਿਣਤੀ ਵਿਚ ਅਮਰੀਕਾ ਵਿਚ ਰਹਿੰਦੇ ਹਨ, ਖੁਸ਼ਹਾਲ ਵੀ ਹਨ, ਪਰ ਕਿਤਾਬਾਂ ਦੀ ਕਿਤੇ ਕੋਈ ਦੁਕਾਨ ਨਹੀਂ। ਜੇ ਹੁੰਦੀ ਤਾਂ ਉਥੇ ਵੀ ਗੁਰੂ ਨਾਨਕ, ਕਬੀਰ, ਫ਼ਰੀਦ, ਵਾਰਿਸ਼ ਸ਼ਾਹ, ਬੁੱਲ੍ਹੇ ਸ਼ਾਹ, ਕਾਦਰ ਯਾਰ ਤੇ ਹੋਰ ਅਨੇਕਾਂ ਸ਼ਾਹਕਾਰ ਪੁਸਤਕਾਂ ਹੋਣੀਆਂ ਸਨ। ਰਸੂਲ ਹਮਜਾਤੋਵ ਆਪਣੀ ਪੁਸਤਕ Ḕਮੇਰਾ ਦਾਗਿਸਤਾਨ’ ਵਿਚ ਲਿਖਦਾ ਹੈ ਕਿ ਜੇ ਕਿਸੇ ਨੂੰ ਬਦ-ਦੁਆ ਦੇਣੀ ਹੋਵੇ ਤਾਂ ਕਹੀਦਾ ਹੈ ਕਿ Ḕਜਾਹæææ ਤੈਨੂੰ ਤੇਰੀ ਮਾਂ ਬੋਲੀ ਭੁੱਲ ਜਾਵੇ, ਤੇ ਜੇ ਦੁਆ ਦੇਣੀ ਹੋਵੇ ਤਾਂ ਕਹੀਦਾ ਹੈ ਕਿ ਤੇਰੀ ਲੋਕ ਗੀਤ ਜਿੰਨੀ ਉਮਰ ਹੋਵੇḔ। ਜਿਸ ਭਾਸ਼ਾ ਦੇ ਲੋਕ ਗੀਤ ਅਮਰ ਹਨ, ਕੀ ਉਹ ਭਾਸ਼ਾ ਮਰਨ ਦੇਣੀ ਚਾਹੀਦੀ ਹੈ? ਮੁੱਢਲੀ ਇੰਗਲਿਸ਼ ਦੇ ਕਾਢੂ ਸੀæਕੇæ ਔਗਡਨ ਦਾ ਕਹਿਣਾ ਹੈ ਕਿ ਜਿੰਨੀ ਸੌਖ ਨਾਲ ਕੋਈ ਭਾਸ਼ਾ ਸਮਝਾਈ ਜਾ ਸਕਦੀ ਹੋਵੇ, ਉਨੀ ਛੇਤੀ ਹੀ ਉਹ ਵਿਕਾਸ ਕਰਦੀ ਹੈ। ਅੱਜ ਕੱਲ੍ਹ ਸੰਚਾਰ ਦੇ ਇੰਨੇ ਸਾਧਨ ਹਨ ਕਿ ਭਾਸ਼ਾ ਸਿਖਾਉਣੀ ਤੇ ਪਹੁੰਚਾਉਣੀ ਸੌਖੀ ਹੋ ਗਈ ਹੈ। ਜੇ ਇਹ ਕੰਮ ਲਹਿਰ ਦੇ ਰੂਪ ਵਿਚ ਕਰੀਏ ਤਾਂ ਪੰਜਾਬੀਆਂ ਵਾਂਗ ਪੰਜਾਬੀ ਬੋਲੀ ਵੀ ਖੁਸ਼ਹਾਲ ਹੋਵੇਗੀ।
ਸੋਚਣ ਵਾਲੀ ਗੱਲ ਹੈ ਕਿ ਜਦੋਂ ਵੀ ਪੰਜਾਬੀ ਭਾਸ਼ਾ ਦੇ ਵਿਕਾਸ ਦੀ ਕੋਈ ਵਿਆਪਕ ਲਹਿਰ ਉਠਦੀ ਹੈ, ਤਾਂ ਵਿਰੋਧੀ ਸ਼ਕਤੀਆਂ ਇਕਦਮ ਵਿਰੋਧ ਵਿਚ ਆ ਖੜ੍ਹਦੀਆਂ ਨੇ। ਇਸ ਵਿਚ ਸੰਕੇਤ ਇਹ ਹੈ ਕਿ ਭਾਸ਼ਾ ਬੜਾ ਸੰਵੇਦਨਸ਼ੀਲ ਤੇ ਮਹੱਤਵਪੂਰਨ ਵਿਸ਼ਾ ਹੈ। ਇਸ ਨੂੰ ਸੰਜੀਦਗੀ ਨਾਲ ਸਮਝਣ ਦੀ ਲੋੜ ਹੈ। ਆਪਣੀ ਭਾਸ਼ਾ ਤੇ ਲਿਪੀ ਦੀ ਮਹੱਤਤਾ ਨੂੰ ਮਹਿਸੂਸ ਕਰਦੇ ਹੋਏ ਹੀ ਭਾਈ ਦੇਸਾ ਸਿੰਘ ਨੇ ਰਹਿਤਨਾਮੇ ਵਿਚ ਇਹ ਅੰਕਿਤ ਕੀਤਾ ਹੈ,
ਗੁਰਮੁਖੀ ਅੱਖਰ ਜੋ ਹੈ ਭਾਈ
ਸਿੰਘ ਸਿੰਘ ਤੇ ਸੀਖੇ ਜਾਈ
ਔਰ ਜੋ ਵਿਦਯਾ ਜਹਿੰ ਤਹਿੰ ਹੋਈ
ਅਵਰਨ ਤੋਂ ਭੀ ਲੇਵੈ ਸੋਈ।
ਬੋਲੀ ਦੀ ਬੱਤੀ ਜਗਦੀ ਰਹਿਣੀ ਚਾਹੀਦੀ ਹੈ। ਦੋ ਬੋਲ ਅਖੀਰੀ ਬੋਲੀ ਲਈ,
ਬੋਲੀ ਆਪਣੀ ਤੇ Ḕਕੰਗ’ ਮਾਣ ਹੋਣਾ ਚਾਹੀਦਾ
ਬੋਲੇ ਜਦੋਂ ਬੰਦਾ ਤਾਂ ਪਛਾਣ ਹੋਣਾ ਚਾਹੀਦਾ।

ਤੂੰ ਵੀ ਨਾ ਜੇ ਬੋਲੇਂ ਬੋਲੀ ਬੋਲੇ ਕੀਹਦੇ ਨਾਲ
ਬੋਲੀ ਨੂੰ ਸੰਭਾਲ ਸੋਹਣਿਆ ਬੋਲੀ ਨੂੰ ਸੰਭਾਲ।

Be the first to comment

Leave a Reply

Your email address will not be published.