ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਆਪਣੇ ਗੁਆਂਢੀ ਕਸਬੇ ਵਿਚ ਰਹਿੰਦੇ ਇਕ ਬਿਜਨੈਸਮੈਨ ਲੈਂਡਲਾਰਡ ਮਿੱਤਰ ਦੀ ਕੋਠੀ ਦੇ ਬਾਹਰ, ਹਰੇ-ਕਚੂਰ ਘਾਹ ਵਾਲੇ ਖੁੱਲ੍ਹੇ ਵਿਹੜੇ ਵਿਚ ਅਸੀਂ ਦੋਵੇਂ ਅਖਬਾਰ ਦੇ ਸਫੇ ਫੜੀ ਬੈਠੇ ਸਾਂ। ਹਫ਼ਤੇ ਦਸ ਦਿਨ ਬਾਅਦ ਰੁਟੀਨ ਵਿਚ ਅਜਿਹੀ ਬੈਠਕ ਹੋ ਜਾਂਦੀ ਸੀ। ਦੋਸਤ ਦੇ ਘਰੇ ਆਉਣ-ਜਾਣ ਸਦਕਾ, ਉਸ ਦਾ ਪਰਿਵਾਰ ਵੀ ਮੇਰਾ ਜਾਣੂ ਸੀ। ਹਮੇਸ਼ਾ ਵਾਂਗ ਨੌਕਰ ਟਰੇਅ ਵਿਚ ਦੋ ਕੱਪ ਚਾਹ ਤੇ ਬਿਸਕੁਟ ਮੇਜ਼ ‘ਤੇ ਰੱਖ ਗਿਆ। ਅਸੀਂ ਅਖ਼ਬਾਰਾਂ ਛੱਡ ਕੇ ਚਾਹ ਦੀਆਂ ਚੁਸਕੀਆਂ ਭਰਦੇ, ਤਾਜ਼ੀਆਂ ਪੜ੍ਹੀਆਂ ਖ਼ਬਰਾਂ ‘ਤੇ ਤਬਸਰਾ ਕਰਨ ਲੱਗ ਪਏ। ਸਾਥੋਂ ਥੋੜ੍ਹੇ ਜਿਹੇ ਹਟਵੇਂ, ਵੱਡੇ ਗੇਟ ਲਾਗੇ ਤਿੰਨ ਕਾਰਾਂ ਖੜ੍ਹੀਆਂ ਸਨ। ਡਰਾਈਵਰ ਕੱਪੜੇ ਮਾਰ-ਮਾਰ ਉਨ੍ਹਾਂ ਦੀ ਸਫਾਈ ਕਰ ਰਹੇ ਸਨ। ਇਕ ਕਾਰ ਦੋਸਤ ਦੀ, ਦੋ ਉਸ ਦੇ ਬੇਟਿਆਂ ਦੀਆਂ। ਸਵੇਰ ਦੇ ਨੌਂ-ਦਸ ਕੁ ਵਜੇ ਦਾ ਸਮਾਂ ਹੋਣ ਕਾਰਨ ਬਿਜਨੈਸ ਸਥਾਨਾਂ ‘ਤੇ ਜਾਣ ਦੀ ਤਿਆਰੀ ਹੋ ਰਹੀ ਸੀ।
ਕੋਠੀ ਵਿਚੋਂ ਇਕ ਮੁੰਡਾ ਬਾਹਰ ਨਿਕਲਿਆ। ਪਹਿਲਾਂ ਤਾਂ ਉਹ ਸਿੱਧਾ ਆਪਣੀ ਕਾਰ ਵੱਲ ਵਧਿਆ, ਪਰ ਸਾਨੂੰ ਦੇਖ ਕੇ ਉਸ ਨੇ ਸਾਡੇ ਵੱਲ ਰੁਖ ਕਰ ਲਿਆ। ਲਾਗੇ ਪਹੁੰਚਣ ਤੋਂ ਪਹਿਲਾਂ ਹੀ ਉਹਦੇ ਕੱਪੜਿਆਂ ‘ਤੇ ਛਿੜਕੀ ਸੈਂਟ ਦੀ ਮਨਮੋਹਕ ਖੁਸ਼ਬੋਈ ਸਾਡੇ ਤੱਕ ਪਹੁੰਚ ਗਈ। ਆਉਂਦਿਆਂ ਹੀ ਉਸ ਨੇ ਸਭ ਤੋਂ ਪਹਿਲਾਂ ਝੁਕ ਕੇ ਆਪਣੇ ਬਾਪ ਦੇ ਗੋਡੀਂ ਹੱਥ ਲਾਇਆ। ਫਿਰ ਉਸੇ ਤਰ੍ਹਾਂ ਅਦਬ ਸਹਿਤ ਮੇਰੇ ਵੱਲ ਝੁਕਦਿਆਂ ‘ਅੰਕਲ ਜੀ ਸਾ’ਸਰੀ ਅਕਾਲ’ ਆਖਿਆ। ਬਾਪ ਕੋਲੋਂ ਕੰਮ-ਕਾਰ ਸਬੰਧੀ ਕੁਝ ਹਦਾਇਤਾਂ ਲੈ ਕੇ ਉਹ ਆਪਣੀ ਗੱਡੀ ‘ਚ ਬਹਿ ਕੇ ਉਥੋਂ ਰਵਾਨਾ ਹੋ ਗਿਆ।
ਪੰਦਰਾਂ-ਵੀਹਾਂ ਕੁ ਮਿੰਟਾਂ ਬਾਅਦ ਕੋਠੀ ਦੇ ਉਸੇ ਬੂਹੇ ‘ਚੋਂ ਦੋਸਤ ਦਾ ਦੂਜਾ ਲੜਕਾ ਬਾਹਰ ਆਇਆ। ਆਲਾ-ਦੁਆਲਾ ਦੇਖੇ ਬਗੈਰ, ਉਂਗਲਾਂ ਨਾਲ ਟਾਈ ਸੰਵਾਰਦਾ ਉਹ ਸਿੱਧਾ ਆਪਣੀ ਕਾਰ ਵੱਲ ਜਾ ਰਿਹਾ ਸੀ। ਪਰੇਡ ਕਰਦੇ ਫੌਜੀਆਂ ਵਾਂਗ ਧੌਣ ਅਕੜਾਈ ਉਹ ਆਪਣੀ ਧੁਨ ਵਿਚ ਤੁਰਿਆ ਜਾਂਦਾ ਸੀ। ਪਲ ਦੀ ਪਲ ਚੁੱਪ ਕਰ ਕੇ ਮੇਰੇ ਦੋਸਤ ਨੇ ਆਪਣੀ ਨਜ਼ਰ ਸਿੱਧਾ-ਸਪਾਟ ਤੁਰੇ ਜਾਂਦੇ ਆਪਣੇ ਮੁੰਡੇ ‘ਤੇ ਗੱਡ ਲਈ। ਖਾਮੋਸ਼ ਹੋਏ ਮਿੱਤਰ ਦੇ ਚਿਹਰੇ-ਮੋਹਰੇ ਤੋਂ ਭਾਂਪਦਿਆਂ ਮੈਂ ਮਹਿਸੂਸ ਕੀਤਾ, ਜਿਵੇਂ ਉਹ ਪਹਿਲੇ ਲੜਕੇ ਦੇ ਵਿਹਾਰ ਤੋਂ ਉਲਟ, ਦੂਜੇ ਲੜਕੇ ਦੇ ਵਤੀਰੇ ਤੋਂ ਸ਼ਰਮਿੰਦਾ ਹੋ ਰਿਹਾ ਹੋਵੇ, ਕਿਉਂਕਿ ਦੂਜੇ ਲੜਕੇ ਨੇ ਕੰਮ ‘ਤੇ ਜਾਣ ਵੇਲੇ ਆਪਣੇ ਬਾਪ ਨੂੰ ਵੀ ‘ਹਾਏ-ਹੈਲੋ’ ਨਹੀਂ ਸੀ ਕੀਤਾ, ਮੈਂ ਤਾਂ ਤੀਜੇ ਪਾੜੇ ਉਸ ਦਾ ਲਗਦਾ ਹੀ ਕੀ ਸਾਂ!
ਉਹੀ ਗੱਲ ਹੋਈ। ਕਾਲੇ ਸ਼ੀਸ਼ਿਆਂ ਵਾਲੀ ਕਾਰ ਦੇ ‘ਠੱਪ-ਠੱਪ’ ਕਰ ਕੇ ਦਰਵਾਜ਼ੇ ਬੰਦ ਹੁੰਦਿਆਂ ਹੀ, ਮੇਰੇ ਦੋਸਤ ਨੇ ਐਨਕਾਂ ਲਾਹ ਕੇ ਅੱਖਾਂ ਸਾਫ ਕੀਤੀਆਂ ਅਤੇ ਆਪਣੀ ਕੁਰਸੀ ਮੇਰੇ ਹੋਰ ਨੇੜੇ ਕਰ ਲਈ, “ਦੇਖ ਲਿਆ ਤੁਸੀਂ?” ਗੇਟ ਵਿਚੋਂ ਬਾਹਰ ਵੱਲ ਨਿਕਲਦੀ ਚਮ-ਚਮ ਕਰਦੀ ਲਿਸ਼ਕਦੀ ਕਾਰ ਵੱਲ ਹੱਥ ਕਰ ਕੇ ਦੋਸਤ ਕਹਿਣ ਲੱਗਾ, “ਮੇਰੇ ਇਸ ਮੁੰਡੇ ਦੀ ਧੌਣ ਵਿਚ ਪਿਉ ਦੀ ਦੌਲਤ ਦਾ ਕਿੱਲਾ ਫਸਿਆ ਹੋਇਐ। ਉਹੀ ਹੰਕਾਰ ਦਾ ਕਿੱਲਾ, ਨਾ ਇਸ ਨੂੰ ਝੁਕਣ ਦਿੰਦਾ, ਨਾ ਲਿਫਣ ਦਿੰਦਾ; ਉਸੇ ਕਮਬਖ਼ਤ ਨੇ ਇਸ ਨੂੰ ਅਦਬ-ਅਦਾਬ ਭੁਲਾਇਆ ਹੋਇਆ।” ਪਛਤਾਵੇ ਅਤੇ ਸ਼ਰਮਿੰਦਗੀ ਦੇ ਮਿਲੇ-ਜੁਲੇ ਅਹਿਸਾਸ ਵਾਲੀ ਮੁਸਕਰਾਹਟ ਬੁੱਲ੍ਹਾਂ ‘ਤੇ ਲਿਆਉਂਦਿਆਂ ਮੇਰਾ ਦੋਸਤ ਹੋਰ ਕੌੜਾ ਸੱਚ ਬੋਲ ਗਿਆ, “æææਜੇ ਮੈਂ ਇਹਨੂੰ ਤੁਰੇ ਜਾਂਦੇ ਨੂੰ ਹੁਣ ਆਵਾਜ਼ ਵੀ ਮਾਰ ਲੈਂਦਾ, ਮੈਨੂੰ ਨਹੀਂ ਲਗਦਾæææਜੇ ਉਹ ਹੁੰਗਾਰਾ ਵੀ ਭਰਦਾ।”
ਢੁਕਦੀ ਤਾਂ ਮੌਕੇ ‘ਤੇ ਪੂਰੀ ਹੀ ਸੀ, ਪਰ ਮੈਂ ਸਮੇਂ ਦੀ ਨਜ਼ਾਕਤ ਦੇਖ ਕੇ, ਗੁਰਬਾਣੀ ਦੀ ਇਹ ਪੰਕਤੀ ਬੁੱਲ੍ਹਾਂ ਤੋਂ ਬਾਹਰ ਨਹੀਂ ਨਿਕਲਣ ਦਿੱਤੀ,
ਮਾਇਆਧਾਰੀ ਅਤਿ ਅੰਨਾ ਬੋਲਾ॥
ਸਬਦੁ ਨ ਸੁਣਈ ਬਹੁ ਰੋਲ ਘਚੋਲਾ॥
ਜਦੋਂ ਕੁ ਇਕ ਗਾਣਾ ‘ਆਕੜ ਆ ਹੀ ਜਾਂਦੀ ਐ’ ਬੜਾ ਪ੍ਰਚਲਿਤ ਹੋਇਆ ਸੀ, ਉਨ੍ਹਾਂ ਦਿਨਾਂ ਵਿਚ ਕਿਸੇ ਸਟੇਜ ‘ਤੇ ਕੋਈ ਬੁਲਾਰਾ ਕਹਿ ਰਿਹਾ ਸੀ ਕਿ ਪੱਗ ਨੂੰ ਦੋ ਕੁ ਮੁੱਠਾਂ ਦੇ ਆਟੇ ਨਾਲ ਮਾਵਾ ਲਾਈਦਾ ਹੈ, ਉਹ ਹਫ਼ਤਾ ਭਰ ਆਕੜੀ ਰਹਿੰਦੀ ਹੈ। ਜਿਹੜਾ ਬੰਦਾ ਆਟੇ ਦੀਆਂ ਕਈ-ਕਈ ਮੁੱਠਾਂ ਰੋਟੀ ਦੇ ਰੂਪ ਵਿਚ ਰੋਜ਼ ਖਾਂਦਾ ਹੈ, ਉਹਦਾ ਤਾਈਉਂ ਨਹੀਂ ਪਿੱਛਾ ਛੱਡਦੀ ਆਕੜ? ਹਰ ਬੰਦੇ ਵਿਚ ਪਾਈ ਜਾਂਦੀ ਆਕੜ ਪਿੱਛੇ ਆਟੇ ਦਾ ਹੱਥ ਹੋਣ ਵਾਲੀ ਇਹ ਗੱਲ ਤਾਂ ਐਵੇਂ ਘੜੀ ਪਲ ਦਾ ਮਨਪ੍ਰਚਾਵਾ ਕਰਨ ਵਾਸਤੇ ਹੀ ਸੀ। ਜਦਕਿ ਬੰਦੇ ਵਿਚ ਕਈ ਆਕੜਾਂ ਐਸੀਆਂ ਪਾਈਆਂ ਜਾਂਦੀਆਂ ਨੇ ਜੋ ਮਾਂਡੀ ਚਾੜ੍ਹੀ ਪੱਗ ਦੀ ਅਕੜਾਂਦ ਨਾਲ ਮੇਲ ਨਹੀਂ ਖਾਂਦੀਆਂ। ਕਿਸੇ ਨੂੰ ਧਨ-ਸੰਪਦਾ ਦੀ ਆਕੜ, ਕਿਸੇ ਨੂੰ ਜੋਬਨ-ਜਵਾਨੀ ਦਾ ਹੰਕਾਰ, ਕਿਸੇ ਨੂੰ ਪ੍ਰਭਤਾ ਦਾ ਗਰੂਰ ਅਤੇ ਕੋਈ ‘ਬਿਨੁ ਗੁਣ ਗਰਬੁ ਕਰੰਤ’ ਦੇ ਵਾਕ ਮੁਤਾਬਕ ਆਕੜ ਖੋਰਾ ‘ਅਸਲ ਖਰ’ ਬਣਿਆ ਫਿਰਦਾ ਹੈ।
ਜੋਬਨ-ਜਵਾਨੀ ਦੇ ਨਸ਼ੇ ਨਾਲ ਆਕੜੇ ਹੋਏ ਇਕ ਨੌਜਵਾਨ ਦੀ ਕਹਾਣੀ ਪੇਂਡੂ ਬਜ਼ੁਰਗਾਂ ਤੋਂ ਸੁਣੀ ਹੋਈ ਹੈ ਜੋ ਕਿਸੇ ਹੱਦ ਤੱਕ ਔਰਤ ਜਾਤ ਦੀ ਹੇਠੀ ਅਤੇ ਮਰਦ ਜਾਤ ਦੀ ਫੋਕੀ ਹੈਂਕੜ ਨੂੰ ਪੱਠੇ ਪਾਉਣ ਲਈ ਘੜੀ ਹੋਈ ਜਾਪਦੀ ਹੈ। ਕਹਿੰਦੇæææਕੋਈ ਨਵਾਂ-ਨਵਾਂ ਵਿਆਹਿਆ ਗੱਭਰੂ ਪਹਿਲੀ ਵਾਰ ਆਪਣੇ ਸਹੁਰਿਆਂ ਦੇ ਪਿੰਡ ਜਾਣ ਲਈ ਤਿਆਰ ਹੋਇਆ। ਪਿੰਡ ਦੀ ਗਲੀ ਵਿਚੋਂ ਲੰਘ ਰਿਹਾ ਸੀ, ਚੀਂ-ਚੀਂ ਕਰਦੀ ਜੁੱਤੀ ਅਤੇ ਖੜਕਦਾ ਚਾਦਰਾ ਦੇਖ ਕੇ ਮਸਤੀ ‘ਚ ਆਏ ਦੀ ਇਕ ਕੂਹਣੀ ਕਿਤੇ ਤੁਰੇ ਜਾਂਦੇ ਬਜ਼ੁਰਗ ਦੇ ਵੱਜ ਗਈ। ਡੰਗੋਰੀ ਵਾਲਾ ਬਜ਼ੁਰਗ ਵਿਚਾਰਾ ਲੜਖੜਾਉਂਦਾ ਹੋਇਆ ਗਲੀ ਨਾਲ ਦੇ ਕੋਠੇ ਦੀ ਕੰਧ ਵਿਚ ਜਾ ਵੱਜਾ। ਜ਼ਰਾ ਸੰਭਲ ਕੇ, ਉਸ ਨੇ ਉਡਣ ਵਾਂਗ ਤੁਰੇ ਜਾਂਦੇ ਗੱਭਰੂ ਨੂੰ ਖਿਝ ਕੇ ਕਿਹਾ, “ਕਾਕਾ ਤੈਥੋਂ ਆਲਾ-ਦੁਆਲਾ ਦੇਖ ਕੇ ਨਹੀਂ ਤੁਰਿਆ ਜਾਂਦਾ?”
“ਓ ਬੁੜ੍ਹਿਆæææਤੈਨੂੰ ਨਹੀਂ ਦੀਂਹਦਾæææ।” ਮੁੰਡੇ ਨੇ ਮੁੱਛਾਂ ਨੂੰ ਮਰੋੜਾ ਦਿੰਦਿਆਂ ਬੜੇ ਗਰੂਰ ਨਾਲ ਆਖਿਆ, “æææਇਹ ਜਵਾਨੀ ਦੀਆਂ ਲਗਰਾਂ ਫੁੱਟੀਆਂ ਹੋਈਆਂ ਨੇ, ਤੁਸੀਂ ਬੁੱਢੇ ਹੱਡ ਲੈ ਕੇ ਐਵੇਂ ਗਲੀਆਂ ਵਿਚ ਡਿਗਦੇ-ਢਹਿੰਦੇ ਫਿਰਦੇ ਓ!æææਅਰਾਮ ਨਾਲ ਘਰੇ ਨਹੀਂ ਬਹਿ ਹੁੰਦਾ ਤੁਹਾਥੋਂ?” ਮੂੰਹ-ਜ਼ੋਰ ਜਵਾਨੀ ਦੀ ਹੰਕਾਰ ਭਰੀ ‘ਨਸੀਹਤ’ ਸੁਣ ਕੇ ਬਾਪੂ ਸੋਚਦਾ ਹੀ ਰਹਿ ਗਿਆ:
ਹਰ ਅਦਾ ਮਸਤਾਨਾ ਸਰ ਸੇ ਪਾਂਵ ਤੱਕ ਛਾਈ ਹੂਈ।
ਉਫ਼ ਤਿਰੀ ਕਾਫ਼ਿਰ ਜਵਾਨੀ ਜੋਸ਼ ਪਰ ਆਈ ਹੂਈ।
ਸਮਾਂ ਬੀਤਿਆ, ਉਹ ਨਵਾਂ ਵਿਆਹਿਆ ਗੱਭਰੂ ਕਬੀਲਦਾਰ ਬਣ ਗਿਆ। ਟੱਬਰ ਪਾਲਣ ਲਈ ਹੱਡ ਭੰਨਵੀਂ ਮਿਹਨਤ-ਮੁਸ਼ੱਕਤ ਕਰਦਿਆਂ ਆ ਗਿਆ ‘ਆਨੇ ਵਾਲੀ ਥਾਂ’ ਉਤੇ! ਸੁੱਕੀਆਂ ਬਾਚੀਆਂ, ਕਰੰਗ ਜਿਹਾ ਸਰੀਰ, ਅੱਧੋਰਾਣੇ ਜਿਹੇ ਕੱਪੜੇ ਪਹਿਨੀ, ਟੁੱਟੇ ਜਿਹੇ ਸਾਈਕਲ ‘ਤੇ ਅੱਗੜ-ਪਿੱਛੜ ਨਿਆਣੇ ਲੱਦੀ ਉਹ ਤੁਰਿਆ ਜਾ ਰਿਹਾ ਸੀ। ਦਰਵਾਜ਼ੇ ‘ਤੇ ਜੁੜੀ ਬੈਠੀ ਢਾਣੀ ਵਿਚੋਂ ਉਹੀ ਬਜ਼ੁਰਗ ਉਸ ਨੂੰ ਪਛਾਣਦਿਆਂ ਪੁੱਛਣ ਲੱਗਾ, “ਦੱਸ ਕੇ ਜਾਵੀਂ ਬਈ ਜਵਾਨਾ, ਤੇਰੀਆਂ ਉਹ ਫੁੱਟੀਆਂ ਹੋਈਆਂ ਜੁਆਨੀ ਵਾਲੀਆਂ ‘ਲਗਰਾਂ’ ਕਿੱਥੇ ਗਈਆਂ?”
ਖੜ-ਸੁੱਕ ਹੋਏ ਪਏ ‘ਜਵਾਨ’ ਨੂੰ ਹੋਰ ਤਾਂ ਕੋਈ ਜਵਾਬ ਨਾ ਅਹੁੜਿਆ, ਨਿਆਣਾ ਕੁੱਛੜ ਚੁੱਕੀ ਪਿੱਛੇ-ਪਿੱਛੇ ਤੁਰੀ ਆ ਰਹੀ ਆਪਣੀ ਘਰ ਵਾਲੀ ਵੱਲ ਸੈਨਤ ਕਰਦਿਆਂ ਉਹ ਬੋਲਿਆ, “ਔਹ ਬੱਕਰੀ ਚਰ ਗਈ ਸਾਰੀਆਂ ਲਗਰਾਂ।”
ਧੌਣ ਵਿਚ ਕਿੱਲਾ ਭਾਵੇਂ ਹੁਸਨ ਜਵਾਨੀ ਦਾ ਹੋਵੇ, ਧਨ-ਸੰਪਦਾ ਦਾ ਹੋਵੇ ਜਾਂ ਆਪਣੀ ਸ਼ੋਹਰਤ ਵਡਿਆਈ ਦਾ- ਸਾਰੇ ਹੀ ਮਾੜੇ ਹਨ। ਇਹ ਸਾਰੇ ਬੰਦੇ ਦੀ ਮੱਤ-ਬੁੱਧ ਮਾਰ ਕੇ ਉਹਨੂੰ ਹੰਕਾਰੀ ਬਣਾ ਦਿੰਦੇ ਨੇ, ਪਰ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਮਨੁੱਖਤਾ ਦਾ ਸਭ ਤੋਂ ਵੱਧ ਨੁਕਸਾਨ ਰਾਜਸੀ ਪ੍ਰਭਤਾ ਨੇ ਕੀਤਾ ਹੈ। ਕੋਈ ਐਸਾ ਹੁਕਮਰਾਨ ਨਹੀਂ ਹੋਣਾ ਜਿਸ ਨੇ ਆਪਣੀ ਰਾਜਸੀ ਪ੍ਰਭਤਾ ਦੀ ਸਦਾ ਸਲਾਮਤੀ ਲਈ ਪਰਜਾ ‘ਤੇ ਤਰ੍ਹਾਂ-ਤਰ੍ਹਾਂ ਦੇ ਜ਼ੁਲਮੋ-ਤਸ਼ੱਦਦ ਨਾ ਕਰੇ-ਕਰਾਏ ਹੋਣ। ਦੁਨੀਆਂ ਦੇ ਹਰ ਖਿੱਤੇ ਨਾਲ ਸਬੰਧਤ ਇਤਿਹਾਸ ਦੇ ਸੌ ਵਿਚੋਂ ਨੱਬੇ-ਪਚਾਨਵੇਂ ਸਫਿਆਂ ਨੂੰ ਰਾਜਸੀ ਪ੍ਰਭਤਾ ਨੇ ਖੂਨ ਨਾਲ ਲੱਥ-ਪੱਥ ਕੀਤਾ ਹੋਇਆ ਹੋਵੇਗਾ। ਰਾਜਸੀ ਪ੍ਰਭਤਾ ਦੇ ਹੰਕਾਰੀ ਕਿੱਲੇ ਨਾਲ ਆਕੜੀਆਂ ਧੌਣਾਂ ਵਾਲਿਆਂ ਨੇ ਕਦੇ ਵੀ, ਕਿਸੇ ਵੀ ਕਾਲ ਵਿਚ ਮਨੁੱਖੀ ਖੂਨ ਵਹਾਉਣ ਜਾਂ ਵਸਦੇ-ਰਸਦੇ ਘਰ ਉਜਾੜਨ ਤੋਂ ਭੈਅ ਨਹੀਂ ਖਾਧਾ। ਬੇਕਿਰਕ ਹੋ ਕੇ ਖੂਨ ਦੀ ਹੋਲੀ ਖੇਡ ਲੈਂਦੇ ਨੇ ਇਹ ਲੋਕ,
ਤਮਾਮ ਸ਼ਹਰ ਬ-ਯੱਕ ਵਕਤ ਜਲ ਗਏ ਕੈਸੇ?
ਮੁਹਾਫਿਜ਼ੋਂ (ਰਾਖਿਆਂ ਦੇ) ਦਿਲੋਂ ਮੇਂ ਫਿਤੂਰ ਥਾ, ਕਯਾ ਥਾ!
ਸੋਚ ਕੇ ਦੇਖੋ! ਬਾਬਰ ਦਾ ਇਹ ਗੱਦੀ-ਗਰੂਰ ਹੀ ਸੀ ਕਿ ਉਸ ਨੇ ‘ਸਭੇ ਸਾਝੀਵਾਲ ਸਦਾਇਨਿ’ ਦਾ ਹੋਕਾ ਦੇਣ ਵਾਲੇ ਬਾਬੇ ਨਾਨਕ ਨੂੰ ਕੈਦਖਾਨੇ ਵਿਚ ਰੱਖਿਆ। ਸ਼ਾਹੀ ਪ੍ਰਭਤਾ ਕਾਰਨ ਹੀ ਜਹਾਂਗੀਰ ਅਤੇ ਔਰੰਗਜ਼ੇਬ ਜਿਹੇ ਹੰਕਾਰੇ ਹਾਕਮਾਂ ਨੇ ਪੰਜਵੇਂ ਅਤੇ ਨੌਵੇਂ ਗੁਰੂ ਸਾਹਿਬ ਨਾਲ ਆਢਾ ਲਾਇਆ।
ਤਾਬੋ-ਤਖ਼ਤ ਦੀ ਇਸ ਅਤਿ ਖਤਰਨਾਕ ਹੰਕਾਰੀ ਬਿਰਤੀ ਤੋਂ ਇਲਾਵਾ ਧੌਣ ਨੂੰ ਆਕੜਖੋਰੀ ਬਣਾਉਣ ਵਾਲੀਆਂ ਹੋਰ ਵੀ ਕਈ ਅਲਾਮਤਾਂ ਹਨ ਜਿਨ੍ਹਾਂ ਦੇ ਨਸ਼ੇ ਵਿਚ ਚੂਰ ਹੋਇਆ ਇਨਸਾਨ, ਖੁਦ ਤੋਂ ਇਲਾਵਾ ਬਾਕੀ ਸਾਰਿਆਂ ਨੂੰ ਕੀੜੇ-ਮਕੌੜੇ ਹੀ ਸਮਝਦਾ ਹੈ। ਕਿਸੇ ਨੂੰ ਉਸ ਦੇ ਸੁਹੱਪਣ ਨੇ ਹੀ ਕਹਿਰਾਂ ਦਾ ਨਸ਼ਾ ਚੜ੍ਹਾਇਆ ਹੋਇਆ ਹੈ। ਕੋਈ ਆਪਣੇ ਮਹੱਲਾਂ ਜਿਹੇ ਘਰ-ਬਾਰ ਜਾਂ ਲੰਮੇ-ਚੌੜੇ ਪਰਿਵਾਰ ਕਾਰਨ ਹੀ ਅੰਬਰੀਂ ਉਡਾਰੀਆਂ ਮਾਰਦਾ ਹੋਇਆ, ਧਰਤੀ ਪੈਰ ਹੀ ਨਹੀਂ ਲਾਉਂਦਾ। ਅਜਿਹੇ ਸੱਜਣ ਵੀ ਬਹੁਤ ਨੇ ਜਿਨ੍ਹਾਂ ਨੂੰ ਆਪਣੀ ‘ਕਲਾ’ ਹੀ ਸਰਬੋਤਮ ਲੱਗਦੀ ਹੈ। ਬਾਕੀ ਦੇ ਤਮਾਮ ਕਲਾਕਾਰ ਉਨ੍ਹਾਂ ਨੂੰ ਆਪਣੇ ਸ਼ਾਗਿਰਦਾਂ ਦੀ ਨਿਆਈਂ ਹੀ ਲਗਦੇ ਨੇ। ਕੋਈ ‘ਚਾਰ ਅੱਖਰ ਜੋੜਨ’ ਦਾ ਵਲ ਆ ਜਾਣ ਨਾਲ ਹੀ ‘ਵੇਦ ਵਿਆਸ’ ਬਣ ਬਹਿੰਦੇ ਨੇ।
ਉਪਰ ਵਰਣਨ ਕੀਤੇ ਨਸ਼ਿਆਂ ਵਿਚ ਮਗਰੂਰ ਰਹਿਣ ਵਾਲਿਆਂ ਨੂੰ ਔਰੰਗਜ਼ੇਬ ਦਾ ਰਾਜਸੀ ਪ੍ਰਭਤਾ ਵਾਲਾ ਗਰੂਰ ਤੋੜਨ ਵਾਲੇ ਗੁਰੂ ਤੇਗ ਬਹਾਦਰ ਨੇ ਪਾਗਲ ਕਿਹਾ ਹੈ,
ਜੋਬਨੁ ਧਨੁ ਪ੍ਰਭਤਾ ਕੈ ਮਦ ਮੈ
ਅਹਿਨਿਸਿ ਰਹੈ ਦਿਵਾਨਾ॥
Leave a Reply