ਵਿਦੇਸ਼ ‘ਚ ਕਾਲਾ ਧਨ: ਗੰਗਾ ਗਈਆਂ ਹੱਡੀਆਂ ਕਦੇ ਮੁੜੀਆਂ?

-ਜਤਿੰਦਰ ਪਨੂੰ
ਗੱਲ ਇਹ ਕੋਈ ਪੈਂਤੀ ਸਾਲ ਪੁਰਾਣੀ ਹੈ। ਉਦੋਂ ਪੰਜਾਬ ਵਿਚ ਮੁਰਗੀਆਂ ਪਾਲਣ ਦੇ ਧੰਦੇ ਨੂੰ ਵਿਕਸਿਤ ਕਰਨ ਲਈ ਸਰਕਾਰ ਮੁਰਗੀਆਂ ਦੀ ਖੁਰਾਕ ਦੀ ਸਪਲਾਈ ਦਾ ਕੰਮ ਵੀ ਆਪਣੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਤੋਂ ਕਰਵਾਇਆ ਕਰਦੀ ਸੀ। ਇੱਕ ਵਾਰੀ ਇਸ ਕੰਮ ਵਿਚ ਧਾਂਦਲੀ ਹੁੰਦੀ ਪੋਲਟਰੀ ਫਾਰਮਰਾਂ ਨੇ ਫੜ ਲਈ। ਸਾਰੇ ਪੰਜਾਬ ਦੇ ਪੋਲਟਰੀ ਫਾਰਮਰਾਂ ਨੇ ਇਸ ਧੰਦੇ ਦਾ ਕੇਂਦਰ ਬਣੇ ਹੋਏ ਤਰਨ ਤਾਰਨ ਸ਼ਹਿਰ ਅੰਦਰ ਰੋਸ ਮਾਰਚ ਕਰ ਕੇ ਇਸ ਦੇ ਅੰਤ ਵਿਚ ਕੀਤੀ ਰੈਲੀ ਵਿਚ ਬੋਲਣ ਲਈ ਇਨ੍ਹਾਂ ਸਤਰਾਂ ਦੇ ਲੇਖਕ ਨੂੰ ਸੱਦਾ ਦੇ ਦਿੱਤਾ। ਮੈਂ ਪੰਜਾਬੀ ਅਖਾਣ ਲੋਕਾਂ ਸਾਹਮਣੇ ਪੇਸ਼ ਕੀਤਾ ਕਿ ਇਥੇ ਕਈ ਵਾਰ ‘ਕੁੱਤੀ ਚੋਰਾਂ ਨਾਲ ਰਲ ਜਾਂਦੀ ਹੈ।’ ਇੱਕ ਗੋਰਾ-ਚਿੱਟਾ ਲੰਮਾ ਜਿਹਾ ਬੰਦਾ ਆਇਆ ਅਤੇ ਮੇਰੇ ਤੋਂ ਮਾਈਕ ਖੋਹ ਕੇ ਕਹਿਣ ਲੱਗਾ, ‘ਪੰਨੂ ਦੀ ਸਾਰੀ ਗੱਲ ਠੀਕ, ਪਰ ਇਸ ਨੂੰ ਕੁੱਤਿਆਂ ਦੀ ਬੇਇੱਜ਼ਤੀ ਕਰਨ ਦਾ ਹੱਕ ਨਹੀਂ। ਮੈਂ ਕੁੱਤੇ ਪਾਲਣ ਵਾਲਾ ਬੰਦਾ ਹਾਂ। ਕੁੱਤੇ ਨੂੰ ਚੋਰ ਕੁਝ ਖਾਣ ਲਈ ਦੇਵੇ ਤਾਂ ਉਸ ਅੱਗੇ ਉਹ ਪੂਛ ਜ਼ਰੂਰ ਹਿਲਾਉਂਦਾ ਹੈ, ਪਰ ਜੇ ਉਸ ਦਾ ਮਾਲਕ ਜਾਗ ਕੇ ਲਲਕਾਰਾ ਮਾਰ ਦੇਵੇ ਤਾਂ ਕੁੱਤਾ ਚੋਰ ਦੇ ਪਿੱਛੇ ਪੂਛ ਹਿਲਾਉਣੀ ਛੱਡ ਕੇ ਮਾਲਕ ਦੇ ਨਾਲ ਹੋ ਜਾਂਦਾ ਹੈ। ਸਾਡੇ ਜਾਗਣ ਪਿੱਛੋਂ ਵੀ ਜਿਹੜੇ ਅਫਸਰ ਅਜੇ ਤੱਕ ਚੋਰਾਂ ਨਾਲ ਅੱਖ ਮਿਲਾਈ ਜਾਂਦੇ ਹਨ, ਉਹ ਮੇਰੀ ਕੁੱਤੀ ਤੋਂ ਵੀ ਮਾੜੇ ਹਨ, ਇਨ੍ਹਾਂ ਨੂੰ ਉਸ ਕੁੱਤੀ ਵਰਗੇ ਕਹਿ ਕੇ ਪੰਨੂ ਮੇਰੀ ਕੁੱਤੀ ਦੀ ਬੇਇੱਜ਼ਤੀ ਕਰੀ ਜਾ ਰਿਹਾ ਹੈ।’ ਬਹੁਤ ਹਾਸਾ ਪਿਆ ਸੀ ਉਸ ਦੀ ਇਸ ਗੱਲ ਉਤੇ। ਅਗਲੇ ਦਿਨ ਤੱਕ ਪੁਲਿਸ ਨੇ ਕੇਸ ਦਰਜ ਕੀਤਾ ਤੇ ਵਿਭਾਗ ਦੇ ਕਈ ਅਫਸਰ ਅਤੇ ਕੁਝ ਬਲੈਕ-ਮਾਰਕੀਟੀਏ ਕਾਬੂ ਕਰ ਕੇ ਜੇਲ੍ਹ ਵਿਚ ਭੇਜ ਦਿੱਤੇ ਸਨ। ਵਿਦੇਸ਼ ਵਿਚ ਪਏ ਭਾਰਤੀਆਂ ਦੇ ਕਾਲੇ ਧਨ ਦੇ ਰੌਲੇ ਨੇ ਸਾਨੂੰ ਉਹ ਗੱਲ ਯਾਦ ਕਰਵਾ ਦਿੱਤੀ ਹੈ।
ਜਿਹੜਾ ਪੈਸਾ ਵਿਦੇਸ਼ਾਂ ਵਿਚ ਪਿਆ ਹੋਇਆ ਹੈ, ਉਹ ਕਿੰਨਾ ਹੈ ਤੇ ਕਿੰਨਾ ਨਹੀਂ, ਇਹ ਗੱਲ ਬਹਿਸ ਦਾ ਵਿਸ਼ਾ ਹੋ ਸਕਦੀ ਹੈ, ਪਰ ਇਹ ਪੈਸਾ ਕਾਲੀ ਕਮਾਈ ਦਾ ਹੋਣ ਬਾਰੇ ਕੋਈ ਸ਼ੱਕ ਕਿਸੇ ਨੂੰ ਨਹੀਂ। ਕਾਲੀ ਕਮਾਈ ਨਾਲ ਜੁੜਦਾ ਹੋਣ ਕਰ ਕੇ ਇਹ ਵੀ ਸਾਫ ਹੈ ਕਿ ਪੈਸਾ ਖਾਤੇਦਾਰਾਂ ਦਾ ਨਹੀਂ, ਦੇਸ਼ ਦੇ ਲੋਕਾਂ ਦਾ ਹੈ। ਦੋਸ਼ ਇਹ ਲੱਗਦਾ ਹੈ ਕਿ ਇਹ ਪੈਸਾ ਵਾਪਸ ਲਿਆਉਣ ਦੇ ਨਾਂ ਉਤੇ ਰਾਜਨੀਤੀ ਹੋ ਰਹੀ ਹੈ। ਲਿਆਉਣ ਬਹਾਨੇ ਰਾਜਨੀਤੀ ਤੋਂ ਇਲਾਵਾ ਚੋਣਾਂ ਮੌਕੇ ਇਹ ਪੈਸਾ ਰਾਜਨੀਤੀ ਲਈ ਵਰਤਿਆ ਵੀ ਜਾਂਦਾ ਹੈ। ਇਸ ਤਰ੍ਹਾਂ ਇਹ ਪੈਸਾ ਅਤੇ ਭਾਰਤ ਦੀ ਰਾਜਨੀਤੀ- ਦੋਵਾਂ ਦੀ ਭੈਣ-ਭਰਾ ਵਾਲੀ ਸਾਂਝ ਹੈ। ਰਾਜਸੀ ਲੋਕ ਇਹੋ ਜਿਹੇ ਚੋਰ-ਮਘੋਰੇ ਕਦੇ ਵੀ ਬੰਦ ਨਹੀਂ ਕਰਨਾ ਚਾਹੁਣਗੇ।
ਭਾਰਤ ਦੇ ਪ੍ਰਭਾਵਸ਼ਾਲੀ ਲੋਕਾਂ ਦਾ ਕਾਲਾ ਧਨ ਵਿਦੇਸ਼ ਪਿਆ ਹੋਣ ਦਾ ਰੌਲਾ ਪਹਿਲੀ ਵਾਰੀ ‘ਮਿਸਟਰ ਕਲੀਨ’ ਵਜੋਂ ਪ੍ਰਸਿੱਧੀ ਖੱਟਣ ਵਾਲੇ ਰਾਜੀਵ ਗਾਂਧੀ ਦੇ ਵਕਤ ਸ਼ੁਰੂ ਹੋਇਆ ਸੀ। ਉਸ ਉਤੇ ਦੋਸ਼ ਲੱਗਾ ਸੀ ਕਿ ਵਿਦੇਸ਼ੀ ਬੈਂਕਾਂ ਵਿਚ ਕਾਫੀ ਮੋਟਾ ਮਾਲ ਜਮ੍ਹਾਂ ਕਰਾਇਆ ਹੋਇਆ ਹੈ। ਸ਼ਿਕਾਇਤ ਹੋਈ ਤੇ ਗੱਲ ਖਤਮ ਹੋ ਗਈ। ਇੱਕ ਵਾਰੀ ਭਾਜਪਾ ਦੇ ਮੌਜੂਦਾ ਆਗੂ ਸੁਬਰਾਮਨੀਅਮ ਸਵਾਮੀ, ਜਿਹੜਾ ਉਸ ਵੇਲੇ ਵੱਖਰੀ ਜਨਤਾ ਪਾਰਟੀ ਬਣਾਈ ਬੈਠਾ ਸੀ, ਨੇ ਰਾਜੀਵ ਗਾਂਧੀ ਦੇ ਖਿਲਾਫ ਰੂਸ ਦੀ ਖੁਫੀਆ ਏਜੰਸੀ ਤੋਂ ਪੈਸੇ ਲੈਣ ਦਾ ਮੁੱਦਾ ਚੁੱਕ ਦਿੱਤਾ ਅਤੇ ਦਿੱਲੀ ਹਾਈ ਕੋਰਟ ਨੇ ਸੀæਬੀæਆਈæ ਨੂੰ ਛੇ ਮਹੀਨਿਆਂ ਦੇ ਅੰਦਰ ਇਸ ਦੀ ਜਾਂਚ ਕਰ ਕੇ ਰਿਪੋਰਟ ਦੇਣ ਦਾ ਹੁਕਮ ਕਰ ਦਿੱਤਾ। ਦੋ ਸਾਲਾਂ ਪਿੱਛੋਂ ਸੀæਬੀæਆਈæ ਨੇ ਰਿਪੋਰਟ ਦਿੱਤੀ ਕਿ ਇਹੋ ਜਿਹੇ ਕਿਸੇ ਮੁੱਦੇ ਬਾਰੇ ਸਵਾਲ ਪੁੱਛੇ ਜਾਣ ਉਤੇ ਰੂਸ ਦੀ ਸਰਕਾਰ ਜਵਾਬ ਹੀ ਨਹੀਂ ਦਿੰਦੀ। ਮਾਮਲਾ ਇਹ ਵੀ ਖਤਮ ਹੋ ਗਿਆ ਤੇ ਫਿਰ ਸਿਰਫ ਚੁੰਝ-ਚਰਚਾ ਰਹਿ ਗਈ ਸੀ।
ਕੁਝ ਸਾਲ ਪਹਿਲਾਂ ਬਾਬਾ ਅੰਨਾ ਹਜ਼ਾਰੇ ਨੇ ਭ੍ਰਿਸ਼ਟਾਚਾਰ ਦੇ ਸਵਾਲ ਉਤੇ ਜਨ ਲੋਕਪਾਲ ਦੀ ਮੰਗ ਦਾ ਮੋਰਚਾ ਲਾ ਦਿੱਤਾ। ਸੋਨੀਆ ਗਾਂਧੀ ਦੀ ਅਗਵਾਈ ਹੇਠ ਡਾæ ਮਨਮੋਹਨ ਸਿੰਘ ਦੀ ਸਰਕਾਰ ਇਸ ਮੋਰਚੇ ਕਾਰਨ ਕਾਫੀ ਦਬਾਅ ਹੇਠ ਸੀ। ਉਨ੍ਹਾਂ ਨੇ ਕੁਝ ਗੱਲਾਂ ਮੰਨੀਆਂ ਤੇ ਕੁਝ ਲਮਕਾ ਦਿੱਤੀਆਂ। ਫਿਰ ਇੱਕ ਦਮ ਯੋਗੀ ਬਾਬਾ ਰਾਮਦੇਵ ਨੇ ਇੱਕ ਮੋਰਚਾ ਲਾਉਣ ਦਾ ਐਲਾਨ ਕਰ ਦਿੱਤਾ ਤੇ ਇਸ ਮੋਰਚੇ ਲਈ ਵਿਦੇਸ਼ ਵਿਚ ਪਿਆ ਕਾਲਾ ਧਨ ਭਾਰਤ ਵਿਚ ਵਾਪਸ ਲਿਆਉਣ ਦਾ ਮੁੱਦਾ ਪੇਸ਼ ਕਰ ਦਿੱਤਾ। ਜਦੋਂ ਦਿੱਲੀ ਦੇ ਹਵਾਈ ਅੱਡੇ ਉਤੇ ਉਤਰਿਆ, ਕੇਂਦਰ ਦੇ ਚਾਰ ਮੰਤਰੀ ਅੱਗੋਂ ਰਾਮਦੇਵ ਨੂੰ ਮਿਲਣ ਗਏ। ਮੰਤਰੀਆਂ ਨਾਲ ਅੱਖ ਮਿਲਾਉਣ ਪਿੱਛੋਂ ਰਾਮਦੇਵ ਰਾਮ-ਲੀਲਾ ਮੈਦਾਨ ਵਿਚ ਆ ਬੈਠਾ। ਅਗਲੇ ਦਿਨ ਕੇਂਦਰ ਸਰਕਾਰ ਨੇ ਉਸ ਦੀਆਂ ਕੁਝ ਮੰਗਾਂ ਮੰਨ ਕੇ ਧਰਨਾ ਚੁੱਕਣ ਨੂੰ ਕਿਹਾ, ਪਰ ਉਸ ਵੇਲੇ ਤੱਕ ਉਸ ਨੂੰ ਭਾਜਪਾ ਨੇ ਸਾਧੂਆਂ ਤੇ ਸਾਧਵੀਆਂ ਦਾ ਇਹੋ ਜਿਹਾ ਘੇਰਾ ਪੁਆ ਦਿੱਤਾ ਕਿ ਉਹ ਧਰਨਾ ਨਾ ਚੁੱਕ ਸਕਿਆ। ਮੰਤਰੀਆਂ ਨੇ ਉਸ ਦਾ ਲਿਖਿਆ ਨੋਟ ਪ੍ਰੈਸ ਅੱਗੇ ਪੇਸ਼ ਕਰ ਦਿੱਤਾ ਕਿ ਰਾਮਦੇਵ ਸਾਡੇ ਨਾਲ ਤੈਅ ਕਰ ਕੇ ਬੈਠਾ ਸੀ ਕਿ ਅੱਜ ਧਰਨਾ ਲਾਵੇਗਾ ਤੇ ਕੱਲ੍ਹ ਉਠ ਜਾਵੇਗਾ। ਬਾਬਾ ਸ਼ਰਮਿੰਦਾ ਹੋ ਗਿਆ, ਪਰ ਨਾਲ ਖੜੀ ਭਾਜਪਾ ਨੇ ਧਰਨਾ ਨਾ ਚੁੱਕਣ ਦਿੱਤਾ। ਅੱਧੀ ਰਾਤ ਵੇਲੇ ਪੁਲਿਸ ਦੀਆਂ ਡਾਂਗਾਂ ਖਾਣ ਪਿੱਛੋਂ ਜਿਵੇਂ ਉਹ ਔਰਤਾਂ ਦੇ ਕੱਪੜੇ ਪਾ ਕੇ ਘੁੰਡ ਦੇ ਓਹਲੇ ਹੇਠ ਨਿਕਲਣ ਲੱਗਾ ਕਾਬੂ ਆ ਗਿਆ, ਉਹ ਕਥਾ ਪਾਸੇ ਰਹਿ ਗਈ ਅਤੇ ਇੱਕ ਮਰਨ-ਵਰਤ ਦਾ ਸਾਂਗ ਕਰ ਕੇ ਯੋਗੀ ਫਿਰ ਵਿਦੇਸ਼ ਵਾਲੇ ਬੈਂਕਾਂ ਵਿਚੋਂ ਕਾਲਾ ਧਨ ਵਾਪਸ ਲਿਆਉਣ ਦੀ ਮੁਹਿੰਮ ਚਲਾਉਣ ਤੁਰ ਪਿਆ। ਇਹ ਮੁਹਿੰਮ ਪਾਰਲੀਮੈਂਟ ਚੋਣ ਤੱਕ ਚੱਲੀ, ਚੋਣ ਵਿਚ ਕਾਂਗਰਸ ਪਾਰਟੀ ਤੋਂ ਰਾਜ ਖੋਹ ਲੈਣ ਪਿੱਛੋਂ ਬਦਲੇ ਹਾਲਾਤ ਵਿਚ ਯੋਗੀ ਵੀ ਬਦਲ ਗਿਆ।
ਬਦਲੇ ਹੋਏ ਹਾਲਾਤ ਕਿੰਨੇ ਬਦਲ ਚੁੱਕੇ ਹਨ, ਇਹ ਗੱਲ ਸੁਪਰੀਮ ਕੋਰਟ ਵਿਚ ਚੱਲਦੇ ਕੇਸ ਦੀ ਕਾਰਵਾਈ ਤੋਂ ਸਮਝ ਆ ਸਕਦੀ ਹੈ। ਇਹ ਕੇਸ ਭਾਜਪਾ ਦੇ ਪਾਰਲੀਮੈਂਟ ਮੈਂਬਰ ਰਾਮ ਜੇਠਮਲਾਨੀ ਨੇ ਕੀਤਾ ਸੀ। ਪਿਛਲੇ ਰਾਜ ਵੇਲੇ ਪਾਰਲੀਮੈਂਟ ਦੇ ਉਤਲੇ ਸਦਨ, ਰਾਜ ਸਭਾ, ਵਿਚ ਵਿਰੋਧੀ ਧਿਰ ਦੇ ਆਗੂ ਅਰੁਣ ਜੇਤਲੀ ਨੇ ਰਾਮ ਜੇਠਮਲਾਨੀ ਦੀ ਇਸ ਮੰਗ ਦੀ ਹਮਾਇਤ ਕੀਤੀ ਸੀ ਕਿ ਜਿਨ੍ਹਾਂ ਕਾਲੇ ਧਨ ਵਾਲੇ ਲੋਕਾਂ ਦੇ ਨਾਂ ਵਿਦੇਸ਼ੀ ਬੈਂਕਾਂ ਤੋਂ ਭਾਰਤ ਸਰਕਾਰ ਨੂੰ ਪਤਾ ਲੱਗ ਚੁੱਕੇ ਹਨ, ਉਹ ਅਦਾਲਤ ਵਿਚ ਦੱਸਣੇ ਚਾਹੀਦੇ ਹਨ। ਸਰਕਾਰ ਬਦਲੀ ਤਾਂ ਉਦੋਂ ਦਾ ਆਪੋਜ਼ੀਸ਼ਨ ਲੀਡਰ ਅਰੁਣ ਜੇਤਲੀ ਮੌਜੂਦਾ ਸਰਕਾਰ ਦਾ ਖਜ਼ਾਨਾ ਮੰਤਰੀ ਬਣ ਗਿਆ। ਕੇਸ ਹਾਲੇ ਵੀ ਚੱਲ ਰਿਹਾ ਹੈ। ਸੁਪਰੀਮ ਕੋਰਟ ਦਾ ਸਵਾਲ ਹੁਣ ਜੇਤਲੀ ਮੂਹਰੇ ਖੜਾ ਹੈ ਕਿ ਉਹ ਨਾਂ ਦੱਸ ਦਿਓ, ਤੇ ਅਰੁਣ ਜੇਤਲੀ ਕਹਿ ਰਿਹਾ ਹੈ ਕਿ ਚੋਰਾਂ ਦਾ ਨਾਂ ਦੱਸਿਆ ਨਹੀਂ ਜਾ ਸਕਦਾ। ਕਾਂਗਰਸ ਵਾਲਿਆਂ ਨੇ ਲਲਕਾਰਿਆ ਕਿ ਪਹਿਲਾਂ ਤੂੰ ਕਹਿੰਦਾ ਸੀ ਕਿ ਦੱਸ ਦਿਆਂਗੇ, ਹੁਣ ਦੱਸਿਆ ਕਿਉਂ ਨਹੀਂ ਜਾ ਸਕਦਾ? ਅਰੁਣ ਜੇਤਲੀ ਕਹਿਣ ਲੱਗਾ ਕਿ ਜੇ ਦੱਸ ਦਿੱਤਾ ਤਾਂ ਕਾਂਗਰਸ ਲੀਡਰ ਸ਼ਰਮਿੰਦੇ ਹੋ ਜਾਣਗੇ। ਜੇ ਉਹ ਸ਼ਰਮਿੰਦੇ ਹੋ ਜਾਣਗੇ ਤਾਂ ਅਰੁਣ ਜੇਤਲੀ ਨੂੰ ਚਿੰਤਾ ਕਿਉਂ ਹੈ? ਚਿੰਤਾ ਅਸਲ ਵਿਚ ਕਾਂਗਰਸ ਵਾਲੇ ਲੀਡਰਾਂ ਦੀ ਨਹੀਂ। ਇੱਕ ਇਮਾਨਦਾਰ ਸਾਬਕਾ ਜੱਜ ਸੰਤੋਸ਼ ਹੇਗੜੇ ਨੇ ਕਰਨਾਟਕਾ ਵਿਚ ਲੋਕਾਯੁਕਤ ਹੁੰਦਿਆਂ ਚੋਰਾਂ ਦੀ ਫਾਈਲ ਵਿਚ ਉਨ੍ਹਾਂ ਦਾ ਨਾਂ ਵੀ ਲਿਖ ਦਿੱਤਾ ਸੀ, ਜਿਹੜੇ ਹੁਣ ਨਰਿੰਦਰ ਮੋਦੀ ਦੇ ਬਹੁਤ ਨੇੜੇ ਹਨ। ਜੇ ਫਾਈਲ ਕਿਸੇ ਦਿਨ ਖੁੱਲ੍ਹ ਗਈ ਤਾਂ ਕਾਂਗਰਸ ਦੇ ਨਾਲ ਭਾਜਪਾ ਨੂੰ ਵੀ ਸ਼ਰਮਿੰਦੇ ਹੋਣਾ ਪੈ ਸਕਦਾ ਹੈ। ਅਰੁਣ ਜੇਤਲੀ ਆਪਣੇ ਰਾਜਸੀ ਸ਼ਰੀਕਾਂ ਦਾ ਪੈਰ ਮਿੱਧਣ ਵੇਲੇ ਆਪਣੇ ਬੰਦਿਆਂ ਨੂੰ ਫਸਾਉਣ ਦਾ ਕੰਮ ਕਦੇ ਨਹੀਂ ਕਰ ਸਕਦਾ।
ਹਾਲਾਤ ਦਾ ਦੂਸਰਾ ਪੱਖ ਇਹ ਹੈ ਕਿ ਜਿਸ ਰਾਮ ਜੇਠਮਲਾਨੀ ਨੇ ਪਹਿਲਾਂ ਕੇਸ ਕੀਤਾ ਤੇ ਅਰੁਣ ਜੇਤਲੀ ਉਸ ਦਾ ਪੱਖ ਪੂਰ ਕੇ ਕਾਂਗਰਸ ਨੂੰ ਭੰਡਦਾ ਸੀ, ਉਹ ਜੇਠਮਲਾਨੀ ਹੁਣ ਅਰੁਣ ਜੇਤਲੀ ਨੂੰ ਅੱਗੇ ਲਾ ਤੁਰਿਆ ਹੈ। ਸੁਪਰੀਮ ਕੋਰਟ ਵਿਚ ਜਦੋਂ ਕੇਂਦਰ ਦੀ ਨਵੀਂ ਸਰਕਾਰ ਵੱਲੋਂ ਕਾਲਾ ਧਨ ਵਾਲੇ ਕੇਸ ਵਿਚ ਹਲਫੀਆ ਬਿਆਨ ਦਿੱਤਾ ਗਿਆ ਤਾਂ ਉਸ ਨੂੰ ਪੜ੍ਹਦੇ ਸਾਰ ਜੇਠਮਲਾਨੀ ਨੇ ਕਹਿ ਦਿੱਤਾ ਕਿ ਇਹ ਹਲਫੀਆ ਬਿਆਨ ਕਿਸੇ ਸਰਕਾਰ ਦਾ ਨਹੀਂ, ਕਿਸੇ ਦੋਸ਼ੀ ਵੱਲੋਂ ਦਿੱਤਾ ਗਿਆ ਨਜ਼ਰ ਆਉਂਦਾ ਹੈ। ਜਿਸ ਪਾਰਟੀ ਨੇ ਅਰੁਣ ਜੇਤਲੀ ਨੂੰ ਸਾਰੇ ਦੇਸ਼ ਦੇ ਖਜ਼ਾਨੇ ਦੀ ਚਾਬੀ ਫੜਾਈ ਹੈ, ਉਸੇ ਪਾਰਟੀ ਦਾ ਪਾਰਲੀਮੈਂਟ ਮੈਂਬਰ ਰਾਮ ਜੇਠਮਲਾਨੀ ਇਸ ਖਜ਼ਾਨਾ ਮੰਤਰੀ ਦੇ ਬਿਆਨ ਨੂੰ ਕਿਸੇ ਅਪਰਾਧੀ ਦਾ ਬਿਆਨ ਕਹਿੰਦਾ ਹੈ ਤਾਂ ਕਾਂਗਰਸ ਕਿਸੇ ਗੱਲੋਂ ਸ਼ਰਮਿੰਦੀ ਹੋਵੇ ਜਾਂ ਨਾ, ਭਾਜਪਾ ਲਈ ਸ਼ਰਮਿੰਦਗੀ ਦਾ ਮੁੱਦਾ ਸਾਹਮਣੇ ਆ ਚੁੱਕਾ ਹੈ। ਇਸ ਵਿਚੋਂ ਨਿਕਲਣ ਦਾ ਕੋਈ ਰਾਹ ਭਾਜਪਾ ਲੀਡਰਸ਼ਿਪ ਨੂੰ ਹਾਲੇ ਨਹੀਂ ਲੱਭ ਰਿਹਾ।
ਸਿਰਫ ਇਹੋ ਗੱਲ ਨਹੀਂ, ਇੱਕ ਹੋਰ ਬੰਦਾ ਸੁਬਰਾਮਨੀਅਮ ਸਵਾਮੀ ਵੀ ਹੁਣ ਅਰੁਣ ਜੇਤਲੀ ਦੇ ਮਗਰ ਪਿਆ ਜਾਪਦਾ ਹੈ। ਇਹ ਸਵਾਮੀ ਕੋਈ ਰਾਮਦੇਵ ਵਰਗਾ ਯੋਗ ਦੇ ਨਾਂ ਉਤੇ ਦਵਾਈਆਂ ਦਾ ਕਾਰੋਬਾਰ ਕਰਨ ਵਾਲਾ ਨਹੀਂ, ਸਗੋਂ ਹਰ ਪਾਰਟੀ ਦੀ ਸਿਖਰਲੀ ਲੀਡਰਸ਼ਿਪ ਨੂੰ ਵੱਟੋ-ਵੱਟ ਪਾਉਣ ਦੇ ਚਸਕੇ ਪਾਲਣ ਦਾ ਸ਼ੌਕੀਨ ਹੈ। ਤਾਮਿਲਨਾਡੂ ਦੀ ਸਾਬਕਾ ਮੁੱਖ ਮੰਤਰੀ ਜੈਲਲਿਤਾ ਦੇ ਖਿਲਾਫ ਭ੍ਰਿਸ਼ਟਾਚਾਰ ਦਾ ਉਹ ਕੇਸ ਇਸੇ ਸਵਾਮੀ ਨੇ ਚੁੱਕਿਆ ਸੀ, ਜਿਸ ਵਿਚ ਜੈਲਲਿਤਾ ਨੂੰ ਪਿਛਲੇ ਮਹੀਨੇ ਇੱਕ ਅਦਾਲਤ ਨੇ ਚਾਰ ਸਾਲ ਕੈਦ ਅਤੇ ਇੱਕ ਸੌ ਕਰੋੜ ਰੁਪਏ ਜੁਰਮਾਨਾ ਕੀਤਾ ਹੈ। ਰਾਜੀਵ ਗਾਂਧੀ ਦੇ ਪਿੱਛੇ ਵੀ ਇਹੋ ਪਿਆ ਫਿਰਦਾ ਸੀ ਤੇ ਸੋਨੀਆ ਗਾਂਧੀ ਬਾਰੇ ਵੀ ਇਸੇ ਸਵਾਮੀ ਨੇ ਦੋਸ਼ ਲਾਇਆ ਸੀ ਕਿ ਉਸ ਨੇ ਵਿਦੇਸ਼ ਵਿਚ ਚਾਲੀ ਹਜ਼ਾਰ ਕਰੋੜ ਰੁਪਏ ਲੁਕਾਏ ਹੋਏ ਹਨ। ਉਦੋਂ ਪਾਰਲੀਮੈਂਟ ਵਿਚ ਇਸ ਸਵਾਮੀ ਦੀ ਹਰ ਗੱਲ ਦਾ ਹਵਾਲਾ ਦੇਣ ਵਾਲੇ ਭਾਜਪਾ ਆਗੂ ਹੁਣ ਇਸ ਦੇ ਪ੍ਰਛਾਵੇਂ ਤੋਂ ਵੀ ਤ੍ਰਹਿਕਦੇ ਫਿਰਦੇ ਹਨ।
ਜਦੋਂ ਇਹ ਚਰਚਾ ਭਾਰਤ ਵਿਚ ਪੂਰੀ ਭਖੀ ਪਈ ਹੈ, ਉਦੋਂ ਇੱਕ ਖਬਰ ਸਵਿਟਜ਼ਰਲੈਂਡ ਤੋਂ ਆਈ ਹੈ। ਉਥੋਂ ਦੇ ਬੈਂਕਾਂ ਨੇ ਆਪਣੇ ਭਾਰਤੀ ਖਾਤੇਦਾਰਾਂ ਨੂੰ ਕਹਿ ਦਿੱਤਾ ਹੈ ਕਿ ਦਸੰਬਰ ਤੱਕ ਆਪਣੇ ਖਾਤੇ ਸਾਫ ਕਰ ਦੇਣ। ਪਹਿਲਾਂ ਜਦੋਂ ਅਰਵਿੰਦ ਕੇਜਰੀਵਾਲ ਨੇ ਕਾਂਗਰਸ ਦੀ ਪਾਰਲੀਮੈਂਟ ਮੈਂਬਰ ਅਨੂ ਟੰਡਨ ਦੇ ਖਾਤਿਆਂ ਦਾ ਸਾਰਾ ਵੇਰਵਾ ਦੇਸ਼ ਦੇ ਸਾਹਮਣੇ ਰੱਖਿਆ ਸੀ, ਉਸ ਵਿਚ ਅਰਬਾਂ-ਖਰਬਾਂ ਦੀ ਦੌਲਤ ਪਈ ਸੀ ਤੇ ਅਨੂ ਟੰਡਨ ਦੇ ਨਾਲ ਸਰਕਾਰ ਨੇ ਵੀ ਇਸ ਬਾਰੇ ਖੰਡਨ ਕਰ ਛੱਡਿਆ ਸੀ, ਪਰ ਬਾਅਦ ਵਿਚ ਇਹ ਪਤਾ ਲੱਗਾ ਸੀ ਕਿ ਰੌਲਾ ਪੈਂਦੇ ਸਾਰ ਅਨੂੰ ਟੰਡਨ ਨੇ ਆਪਣੇ ਸਾਰੇ ਪੈਸੇ ਬੈਂਕਾਂ ਵਿਚੋਂ ਆਸੇ-ਪਾਸੇ ਕਰ ਦਿੱਤੇ ਹਨ ਤੇ ਖਾਲੀ ਖਾਤੇ ਵਿਚ ਚਾਰ ਕੁ ਦਮੜੇ ਖੜਕਦੇ ਹਨ। ਹੁਣ ਵਿਦੇਸ਼ ਵਿਚ ਜਿਨ੍ਹਾਂ ਲੋਕਾਂ ਦਾ ਮਾਲ ਪਿਆ ਹੈ, ਜਦੋਂ ਬੈਂਕਾਂ ਨੇ ਉਨ੍ਹਾਂ ਨੂੰ ਇਹ ਖਾਤੇ ਖਾਲੀ ਕਰਨ ਲਈ ਸੁਨੇਹਾ ਭੇਜ ਦਿੱਤਾ ਤਾਂ ਕੁਝ ਲੋਕਾਂ ਨੂੰ ਭਰਮ ਹੈ ਕਿ ਬੈਂਕਾਂ ਵਾਲੇ ਘਬਰਾ ਗਏ ਹਨ ਕਿ ਪੈਸੇ ਵਾਲੇ ਲੋਕਾਂ ਬਾਰੇ ਅਤੇ ਪੈਸੇ ਦੇ ਅੰਕੜਿਆਂ ਬਾਰੇ ਦੱਸਣਾ ਪੈ ਜਾਣਾ ਹੈ, ਇਸ ਲਈ ਖਾਤੇ ਬੰਦ ਹੋਣ ਲੱਗੇ ਹਨ। ਇਹੋ ਜਿਹੀ ਕੋਈ ਗੱਲ ਨਹੀਂ ਹੋਣੀ। ਕਿਸੇ ਖਾਤੇਦਾਰ ਨੇ ਉਥੇ ਜਾਣਾ ਵੀ ਨਹੀਂ ਤੇ ਉਥੋਂ ਕੋਈ ਨੋਟਾਂ ਦੇ ਬਕਸੇ ਟਰੱਕਾਂ ਵਿਚ ਲੱਦ ਕੇ ਕੱਢਣੇ ਵੀ ਨਹੀਂ। ਜਿਵੇਂ ਵੱਡੇ ਲੋਕ ਪੁਰਾਣੇ ਕਰਜ਼ੇ ਨੂੰ ਬਿਨਾਂ ਮੋੜਨ ਤੋਂ ਬੈਂਕ ਮੈਨੇਜਰ ਨਾਲ ਮਿਲ ਕੇ ਕਾਗਜ਼ਾਂ ਵਿਚ ਇੱਕ ਪਾਸੇ ਮੋੜ ਦਿੱਤਾ ਲਿਖਦੇ ਅਤੇ ਦੂਸਰੇ ਪਾਸੇ ਨਵੇਂ ਖਾਤੇ ਵਿਚ ਨਵਾਂ ਕਰਜ਼ਾ ਸ਼ੁਰੂ ਕਰਵਾ ਲੈਂਦੇ ਹਨ, ਇਹੋ ਕੁਝ ਹੁਣ ਹੋਣਾ ਹੈ। ਉਹ ਬੈਂਕ ਦੇ ਏਜੰਟ ਨੂੰ ਫੋਨ ਕਰਨਗੇ ਤੇ ਏਜੰਟ ਘਰ ਆ ਕੇ ਨਵੇਂ ਖਾਤੇ ਦੇ ਸਾਰੇ ਕਾਗਜ਼ ਆਪਣੇ ਆਪ ਭਰ ਲਵੇਗਾ, ਜਿਸ ਵਿਚ ਪਹਿਲਾ ਖਾਤਾ ਖਾਲੀ ਹੋ ਗਿਆ ਅਤੇ ਨਵੇਂ ਕੋਡ ਨਾਲ ਨਵਾਂ ਖਾਤਾ ਖੁੱਲ੍ਹਣ ਦੀ ਕਾਰਵਾਈ ਪਾ ਦਿੱਤੀ ਜਾਵੇਗੀ।
ਕੋਈ ਇਹ ਨਾ ਸਮਝੇ ਕਿ ਇਸ ਬਾਰੇ ਭਾਰਤ ਦੀਆਂ ਸੂਹੀਆ ਏਜੰਸੀਆਂ ਨੂੰ ਪਤਾ ਨਹੀਂ ਲੱਗਣ ਲੱਗਾ, ਸਾਰਾ ਪਤਾ ਹੋਣ ਦੇ ਬਾਵਜੂਦ ਕਿਸੇ ਨੇ ਦਖਲ ਨਹੀਂ ਦੇਣਾ। ਭਲਾ ਕਿਉਂ ਦਖਲ ਨਹੀਂ ਦੇਣਾ? ਇਹ ਖੁਲਾਸਾ ਕਰਨ ਤੋਂ ਸਾਨੂੰ ਹਰਜ ਤਾਂ ਕੋਈ ਨਹੀਂ, ਪਰ ਇਸ ਗੱਲੋਂ ਡਰ ਲੱਗਦਾ ਹੈ ਕਿ ਇੱਕ ਵਾਰੀ ਫਿਰ ਤਰਨ ਤਾਰਨ ਵਾਲੇ ਉਸ ਸਰਦਾਰ ਦੀ ਕੁੱਤੀ ਦੀ ਬੇਇੱਜ਼ਤੀ ਨਾ ਹੋ ਜਾਂਦੀ ਹੋਵੇ। ਉਦੋਂ ਦਾ ਅਖਾਣ ਪੇਸ਼ ਕਰਨ ਦਾ ਉਹੋ ਗੁਨਾਹ ਦੋਬਾਰਾ ਕਰਨ ਦੀ ਥਾਂ ਅਸੀਂ ਪੰਜਾਬੀ ਦੇ ਇੱਕ ਹੋਰ ਮੁਹਾਵਰੇ ਨਾਲ ਕੰਮ ਸਾਰਨ ਦਾ ਯਤਨ ਕਰਾਂਗੇ ਕਿ ‘ਗੰਗਾ ਗਈਆਂ ਹੱਡੀਆਂ ਕਦੀ ਮੁੜੀਆਂ ਨਹੀਂ’, ਤੇ ਕਦੀ ਮੁੜਨੀਆਂ ਵੀ ਨਹੀਂ। ਹਾਲ ਦੀ ਘੜੀ ਤਾਂ ਇਹੋ ਲੱਗਦਾ ਹੈ।

Be the first to comment

Leave a Reply

Your email address will not be published.