ਬਲਜੀਤ ਬਾਸੀ
ਆਦਮੀ ਲਈ ਨਰ ਅਤੇ ਔਰਤ ਲਈ ਨਾਰੀ ਸ਼ਬਦ ਪੰਜਾਬੀ ਅਤੇ ਹੋਰ ਕਈ ਭਾਰਤੀ ਭਾਸ਼ਾਵਾਂ ਵਿਚ ਆਮ ਹੀ ਵਰਤੇ ਜਾਂਦੇ ਹਨ। ਇਹ ਸ਼ਬਦ ਭਾਵੇਂ ਆਮ ਬੋਲਚਾਲ ਦੇ ਨਹੀਂ ਪਰ ਫਿਰ ਵੀ ਕਈ ਸਥਿਤੀਆਂ ਤੇ ਸੰਦਰਭਾਂ ਵਿਚ ਚੋਖੇ ਇਸਤੇਮਾਲ ਕੀਤੇ ਜਾਂਦੇ ਹਨ। ਸ਼ਾਇਦ ਨਾਰੀ ਸ਼ਬਦ ਨਰ ਨਾਲੋਂ ਵਧੇਰੇ ਪ੍ਰਚਲਿਤ ਹੈ। ਆਦਮੀ ਦੇ ਅਰਥਾਂ ਵਿਚ ਨਰ ਦੇਖੋ, “ਨਰ ਤੇ ਸੁਰ ਹੋਇ ਜਾਤ ਨਿਮਖ॥” (ਭਗਤ ਨਾਮਦੇਵ)
ਦੇਵਤਿਆਂ ਦੀ ਇਕ ਖਾਸ ਜਾਤ ਲਈ ਵੀ ਨਰ ਸ਼ਬਦ ਚਲਦਾ ਹੈ ਪਰ ‘ਸੁਰ ਨਰ’ ਸ਼ਬਦ ਜੁੱਟ ਦਾ ਭਾਵ ਹੈ ਸੁਰਾਂ ਅਰਥਾਤ ਦੇਵਤਿਆਂ ਜਿਹੇ ਮਨੁੱਖ, “ਸੁਰਿ ਨਰ ਗਣ ਗੰਧਰਬੇ ਜਪਿਓ॥” -ਗੁਰੂ ਰਾਮ ਦਾਸ। ਨਾਰਾਇਣ ਦੇ ਵੱਡੇ (ਕਈ ਸ੍ਰੋਤਾਂ ਅਨੁਸਾਰ ਛੋਟੇ) ਭਰਾ ਨੂੰ ਨਰ ਕਿਹਾ ਗਿਆ ਹੈ। ਬਚਿੱਤਰ ਨਾਟਕ ਅਤੇ ਪੁਰਾਣਾਂ ਅਨੁਸਾਰ ਅਰਜਨ ਇਸ ਨਰ ਦਾ ਅਵਤਾਰ ਸੀ, “ਨਰ ਅਵਤਾਰ ਭਜੋ ਅਰਜਨਾ।” ਇਥੇ ਇਹ ਗੱਲ ਸਪਸ਼ਟ ਹੋ ਜਾਣੀ ਚਾਹੀਦੀ ਹੈ ਕਿ ਦਰਅਸਲ ਅਰਜਨ ਦੀ ਵੀਰਤਾ ਦਰਸਾਉਣ ਲਈ ਹੀ ਉਸ ਨੂੰ ਨਰ ਦਾ ਅਵਤਾਰ ਦੱਸਿਆ ਗਿਆ ਹੈ। ਨਰਿੰਦਰ, ਨਰਿੰਦ ਜਾਂ ਰਾਜਨਰਿੰਦ ਬਣੇ ਹਨ ਨਰ+ਇੰਦਰ ਤੋਂ ਤੇ ਇਨ੍ਹਾਂ ਦਾ ਸ਼ਾਬਦਿਕ ਅਰਥ ਹੁੰਦਾ ਹੈ ਮਨੁੱਖਾਂ ਦਾ ਸਵਾਮੀ ਪਰ ਵਿਸਤ੍ਰਿਤ ਅਰਥ ਰਾਜਾ ਹੈ, “ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ॥” -ਗੁਰੂ ਨਾਨਕ ਦੇਵ।
“ਨਰ ਆਦਮੀ” ਸ਼æਬਦ ਜੁੱਟ ਸਾਹਸੀ, ਭਰੋਸੇਯੋਗ, ਵਚਨ ਦੇ ਪੱਕੇ ਬੰਦੇ ਲਈ ਵਰਤਿਆ ਜਾਂਦਾ ਹੈ। ਗੁਰੂ ਅਮਰ ਦਾਸ ਨੇ ਇਸੇ ਅਰਥ ਵਿਚ ‘ਨਰ ਮਨੁਖ’ ਸ਼ਬਦ ਜੁੱਟ ਵਰਤਿਆ ਹੈ, “ਨਰ ਮਨੁਖਾਂ ਨੂੰ ਏਕ ਧਿਆਨਾ॥” ਦੇਖਿਆ ਜਾਵੇ ਤਾਂ ਆਦਮੀ ਦੇ ਸਾਰੇ ਸਮਾਨਾਰਥਕ ਸ਼ਬਦਾਂ ਵਿਚ ਨਰਤਾ ਯਾਨਿ ਵੀਰਤਾ ਦੇ ਭਾਵ ਸਹਿਜ ਰੂਪ ਵਿਚ ਵਿਦਮਾਨ ਹਨ। ਇਹ ਅਬਲਾ ਨਾਰੀ ਦੇ ਟਾਕਰੇ ਵਿਚੋਂ ਉਭਰੇ ਹਨ। ਕਿਸੇ ਵੀ ਜੀਵ ਦੇ ਪੁਲਿੰਗ ਨੂੰ ਵੀ ਨਰ ਕਹਿ ਦਿੱਤਾ ਜਾਦਾ ਹੈ ਜਿਵੇਂ ਨਰ ਤਿੱਤਲੀ, ਨਰ ਕੋਇਲ, ਨਰ ਮਕੜੀ ਆਦਿ, “ਨਰ ਚਿੜੀ ਦੀ ਪਛਾਣ ਉਸ ਦੇ ਗਲ ਕੋਲ ਕਾਲੇ ਧੱਬਿਆਂ ਤੋਂ ਹੁੰਦੀ ਹੈ।” ਇਕ ਦਿਲਚਸਪ ਖਬਰ ਪੜ੍ਹੋ, “ਇੱਕ ਤਾਜ਼ਾ ਖੋਜ ਵਿਚ ਦਾਅਵਾ ਕੀਤਾ ਗਿਆ ਹੈ ਕਿ ਮਨੁੱਖ ਦਾ ਜਨਮ ਨਰ ਸੂਰ ਅਤੇ ਮਾਦਾ ਚਿਮਪੈਜ਼ੀ ਦੇ ਮਿਲਣ ਤੋਂ ਹੋਇਆæææ।” ਬਹੁਤ ਸਾਰੇ ਵਿਗਿਆਨੀਆਂ ਨੇ ਇਸ ਦਾਅਵੇ ਦਾ ਮਖੌਲ ਉਡਾਇਆ ਸੀ।
ਨਰ ਦਾ ਵਿਪਰੀਤ ਲਿੰਗ ਮਦੀਨ ਜਾਂ ਮਾਦਾ ਕਿਹਾ ਜਾਂਦਾ ਹੈ। ਨਰ ਦਾ ਅਰਥ ਪਤੀ ਵੀ ਹੈ। ਸ਼ਤਰੰਜ ਦੇ ਮੋਹਰੇ ਨੂੰ ਵੀ ਨਰ ਆਖਦੇ ਹਨ। ਮਰਦ ਦਾ ਅਰਥਕ ਹੋਣ ਕਾਰਨ ਨਰ ਵਿਚ ਸ਼ਕਤੀ ਦੇ ਭਾਵ ਕੁਦਰਤੀ ਹੀ ਹਨ। ਇਸ ਲਈ ਬਹੁਤ ਸਾਰੇ ਦੇਵਤਿਆਂ ਨੂੰ ਵੀ ਨਰ ਦੀਆਂ ਉਪਾਧੀਆ ਮਿਲੀਆਂ ਹਨ ਜਿਵੇਂ ਵਿਸ਼ਨੂੰ, ਬ੍ਰਹਮਾ, ਸ਼ਿਵ ਆਦਿ। ਗੁਰਬਾਣੀ ਵਿਚ ਇਹ ਪਦ ਪਰਮਾਤਮਾ ਲਈ ਆਇਆ ਹੈ, “ਨਰ ਨਿਹਕੇਵਲ ਨਿਰਭਉ ਨਾਉ॥” ਨਰ ਸ਼ਬਦ ਦੇ ਅੱਗੇ ਪਿਛੇ ਹੋਰ ਸ਼ਬਦ ਜਾਂ ਅਗੇਤਰ-ਪਿਛੇਤਰ ਲੱਗ ਕੇ ਕਈ ਸ਼ਕਤੀਸੂਚਕ ਸ਼ਬਦ ਬਣਾਏ ਗਏ ਹਨ। ਭਾਵੇਂ ਨਰਸਿੰਘ (ਸੰਸਕ੍ਰਿਤ ਵਿਚ ਨਰਸਿੰਹ) ਦਾ ਮਤਲਬ ਮਨੁੱਖਾਂ ਵਿਚ ਸ਼ੇਰ, ਮਹਾਂਬਲੀ ਆਦਿ ਹੈ ਪਰ ਮਿਥਹਾਸਿਕ ਤੌਰ ‘ਤੇ ਨਰਸਿੰਘ ਨਰ ਤੇ ਸ਼ੇਰ ਦੇ ਸਰੂਪ ਵਾਲਾ ਵਿਸ਼ਨੂੰ ਦਾ ਅਵਤਾਰ ਹੈ ਜੋ ਪ੍ਰਹਿਲਾਦ ਦੀ ਰੱਖਿਆ ਕਰਨ ਆਇਆ ਸੀ ਤੇ ਜਿਸ ਨੇ ਹਰਨਾਖਸ਼ ਨੂੰ ਮਾਰ ਮੁਕਾਇਆ ਸੀ। ਨਰਸਿਮਹਾ ਰਾਉ ਭਾਰਤ ਦਾ ਪ੍ਰਧਾਨ ਮੰਤਰੀ ਰਹਿ ਚੁੱਕਾ ਹੈ। ਸਿੰਗ ਤੋਂ ਬਣੇ ਤੁਰਹੀ ਵਰਗੇ ਇਕ ਵਾਜੇ ਨੂੰ ਨਰਸਿੰਘਾ ਆਖਦੇ ਹਨ। ਇਥੇ ਨਰ ਤੋਂ ਭਾਵ ਵੱਡਾ ਹੈ। ਗੁਰਬਾਣੀ ਵਿਚ ਨਰਹਰਿ ਦਾ ਅਰਥ ਵੀ ਪਰਮਾਤਮਾ ਹੀ ਲਿਆ ਗਿਆ ਹੈ, “ਉਥੇ ਵੈਦ ਪੁਰਾਨ ਨ ਸਾਸਤਾ ਆਪੇ ਹਰਿ ਨਰਹਰਿ॥” ਨਰਹਰਿ ਨਰਸਿੰਘ ਨੂੰ ਵੀ ਆਖਦੇ ਹਨ। ਚੌਥੇ ਗੁਰੂ ਨੇ ਰਾਜੇ ਲਈ ਨਰਪਤਿ ਸ਼ਬਦ ਵਰਤਿਆ ਹੈ, “ਨਰਪਤਿ ਪ੍ਰੀਤਿ ਮਾਇਆ ਦੇਖ ਪਸਾਰਾ॥”
ਨਰ ਦਾ ਇਸਤਰੀ ਲਿੰਗ ਨਾਰੀ ਹੈ। ਇਸਤਰੀ ਲਈ ਨਾਰੀ ਸ਼ਬਦ ਸ਼ਾਇਦ ਸਭ ਤੋਂ ਵਧ ਸਭਿਅਕ ਸਮਝਿਆ ਜਾਂਦਾ ਹੈ। ਸਾਹਿਤ ਵਿਚ ਅਤੇ ਸਮਾਸ ਬਣਾਉਣ ਲਈ ਇਸ ਸ਼ਬਦ ਦੀ ਕਾਫੀ ਵਰਤੋਂ ਕੀਤੀ ਜਾਦੀ ਹੈ ਜਿਵੇਂ ਨਾਰੀ ਸੰਸਾਰ, ਨਾਰੀ ਚੇਤਨਾ, ਨਾਰੀ ਨਿਕੇਤਨ ਆਦਿ। ਸੰਸਕ੍ਰਿਤ ਵਿਚ ਨਾਰੀ ਸ਼ਬਦ ਇਸਤਰੀ, ਪਤਨੀ ਤੋਂ ਇਲਾਵਾ ਕਿਸੇ ਵੀ ਇਸਤਰੀ ਲਿੰਗ ਸਮਝੀ ਜਾਂਦੀ ਵਸਤੂ ਲਈ ਵੀ ਵਰਤਿਆ ਜਾਂਦਾ ਹੈ। ਕਾਮ ਸ਼ਾਸਤਰ ਵਿਚ ਨਾਰੀ ਦੀਆਂ ਚਾਰ ਜਾਤੀਆਂ ਲਿਖੀਆਂ ਮਿਲਦੀਆਂ ਹਨ- ਪਦਮਿਨੀ, ਚਿਤ੍ਰਿਨੀ, ਸ਼ੰਖਿਨੀ ਅਤੇ ਹਸਤਿਨੀ। ਇਨ੍ਹਾਂ ਦੇ ਕ੍ਰਮ ਅਨੁਸਾਰ ਚਾਰ ਨਰ ਹਨ- ਸ਼ਸ਼ਕ, ਮ੍ਰਿਗ, ਵ੍ਰਿਸਭ ਅਤੇ ਅਸ਼ਵ। ਉਮਰ ਦੇ ਲਿਹਾਜ ਨਾਲ ਨਾਰੀ ਦੇ ਚਾਰ ਭੇਦ ਹਨ- ਬਾਲਾ, ਤਰੁਣੀ, ਪ੍ਰੌਢਾ ਅਤੇ ਵ੍ਰਿਧਾ।
ਗੁਰੂ ਗ੍ਰੰਥ ਸਾਹਿਬ ਵਿਚ ਨਾਰੀ ਅਤੇ ਨਾਰ (ਨਾਰਿ) ਸ਼ਬਦਾਂ ਦੀ ਬਹੁਤ ਵਰਤੋਂ ਹੋਈ ਮਿਲਦੀ ਹੈ। ਬਹੁਤ ਥਾਂਵਾਂ ‘ਤੇ ਪਤੀ ਪਰਮਾਤਮਾ ਦੀ ਭਗਤਣੀ ਦੇ ਰੂਪ ਵਿਚ। ਕੁਝ ਇਕ ਹਵਾਲੇ ਦਿੰਦੇ ਹਾਂ। “ਨਾਰੀ ਅੰਦਰਿ ਸੋਹਣੀ ਮਸਤਕਿ ਮਣੀ ਪਿਆਰੁ॥” -ਗੁਰੂ ਨਾਨਕ ਦੇਵ। “ਸੁੰਦਰ ਨਾਰੀ ਅਨਿਕ ਪਰਕਾਰੀ ਪਰ ਗ੍ਰਿਹ ਨਾਰੀ॥” -ਗੁਰੂ ਅਰਜਨ ਦੇਵ। “ਹਰਿ ਵਰੁ ਜਿਨਿ ਪਾਇਆ ਧਨ॥” (ਗੁਰੂ ਨਾਨਕ ਦੇਵ) ਅਰਥਾਤ ਜਿਸ ਨੇ ਪਰਮਾਤਮਾ ਨੂੰ ਪਤੀ ਮੰਨਿਆ ਹੈ, ਉਹ ਔਰਤ ਮਹਾਨ ਹੈ। ਔਰਤ ਨੂੰ ਉਂਜ ਵੀ ਧਨ ਕਿਹਾ ਜਾਂਦਾ ਹੈ। ਗੁਰੂ ਅਰਜਨ ਦੇਵ ਨੇ ਇਸ ਤੁਕ ਵਿਚ ਔਰਤ ਦੀ ਤਰ੍ਹਾਂ ਨਾਰੀ ਸ਼ਬਦ ਵੀ ਇੰਦਰਿਆਂ ਲਈ ਵਰਤਿਆ ਹੈ, “ਦਸ ਨਾਰੀ ਅਊਧੁਤ ਦੇਨਿ ਚਮੋੜੀਐ॥” ਭਾਵ ਤਿਆਗੀਆਂ ਨੁੰ ਦਸ ਇੰਦਰੇ ਚਮੋੜ ਦਿੰਦੇ ਹਨ। ਭੈੜੀ ਔਰਤ ਨੂੰ ḔਕੁਨਾਰਿḔ ਕਿਹਾ ਗਿਆ ਹੈ, “ਸਾ ਕੁਸੁਧ ਕੁਲਖਣੀ ਨਾਨਕ ਵਿਚਿ ਕੁਨਾਰਿ॥” -ਗੁਰੂ ਅਮਰ ਦਾਸ।
ਨਾਰੀ ਦਾ ਇਕ ਰੁਪਾਂਤਰ ਨਾਰ ਵੀ ਹੈ ਜੋ ਆਮ ਲੋਕਾਂ ਵਿਚ ਵਧੇਰੇ ਪ੍ਰਚਲਿਤ ਹੈ। ਨਾਰ ਸ਼ਬਦ ਬੜੇ ਰੁਮਾਂਟਕ ਅੰਦਾਜ਼ ਵਿਚ ਉਚਰਿਆ ਜਾਂਦਾ ਹੈ। ਸੁਹਣੀਆਂ, ਨਾਜ਼ ਭਰੀਆਂ ਮੁਟਿਆਰਾਂ ਨੂੰ ਨਾਰ ਕਿਹਾ ਜਾਂਦਾ ਹੈ। ਬੋਲੀਆਂ ਵਿਚ ਇਹ ਸ਼ਬਦ ਬਹੁਤ ਵਰਤਿਆ ਜਾਂਦਾ ਹੈ, “ਉਥੇ ਦੀ ਇਕ ਨਾਰ ਸੁਣੀਂਦੀæææ” ਬੇਗੋ ਨਾਰ ਦਾ ਕਿੱਸਾ ਬਥੇਰਿਆਂ ਨੇ ਸੁਣਿਆ ਹੋਵੇਗਾ। “ਨਵੀਂ ਵਿਆਹੀ ਮੁਟਿਆਰ ਨੂੰ ਨਾਰ-ਨਵੇਲੀ ਕਿਹਾ ਜਾਂਦਾ ਹੈ। ਇਸ ਦੀ ਵਰਤੋਂ ਦੇ ਨਮੂਨੇ ਦੇਖੋ, “ਕੋਮਲ, ਚੰਚਲ, ਨਾਜ਼ੁਕ, ਕਮਸਿਨ ਜਿਹੀ ਇਕ ਨਾਰ-ਨਵੇਲੀ ਨੂੰ, ਸਰੇ-ਰਾਹ ਕਿਸੇ ਰੋਲ-ਮਧੋਲ, ਘਚੋਲ ਕੇ ਰੱਖ ਦਿੱਤਾ|” “ਜੱਟ ਨਾ ਛੱਡਦਾ ਖੇਤ ਦਾ ਬੰਨਾ, ਤੂੰ ਤਾਂ ਫਿਰ ਵੀ ਨਾਰ ਕੁੜੇ।”
ਗੁਰੂ ਗ੍ਰੰਥ ਸਾਹਿਬ ਵਿਚ ਨਾਰ/ਨਾਰਿ ਸ਼ਬਦ ਦੀ ਕਾਫੀ ਵਰਤੋਂ ਮਿਲਦੀ ਹੈਂ। ਗੁਰੂ ਨਾਨਕ ਦੇਵ ਜੀ ਦੀ ਇਹ ਤੁਕ ਦੇਖੋ, “ਹਰਿ ਜੀਉ ਇਉ ਪਿਰੁ ਰਾਵੈ ਨਾਰਿ॥” ਗੁਰੂ ਨਾਨਕ ਦੇਵ ਜੀ ਦੀ ਹੀ ਇਕ ਬਹੁਤ ਸੁੰਦਰ ਪੰਗਤੀ ਇਸ ਪ੍ਰਕਾਰ ਹੈ, “ਮਨ ਮਹਿ ਮਨੂਆ ਜੇ ਮਰੈ ਤਾ ਪਿਰੁ ਰਾਵੈ ਨਾਰਿ॥” ਅਰਥਾਤ ਪ੍ਰਭੂ ਉਸ ਜੀਵ-ਇਸਤਰੀ ਨੂੰ ਪਿਆਰ ਕਰਦਾ ਹੈ ਜੋ ਆਪਣੇ ਅੰਦਰਲੇ ਮਨ ਭਾਵ ਅੰਦਰਲੀਆਂ ਦੁਨਿਆਵੀ ਖਾਹਸ਼ਾ ਨੂੰ ਮਾਰ ਲੈਂਦਾ ਹੈ।
ਕਬੀਰ ਸਾਹਿਬ ਦੀ ਇਸ ਤੁਕ ਵਿਚ ḔਨਾਰਿḔ ਸ਼ਬਦ ਦਾ ਅਰਥ ਪਾਣੀ ਕੀਤਾ ਜਾਂਦਾ ਹੈ, “ਨਾਮੁ ਤੇਰਾ ਆਧਾਰੁ ਜਿਉ ਫੂਲੁ ਜਈ ਹੈ ਨਾਰਿ॥” ਸਾਹਿਬ ਸਿੰਘ ਨੇ ਇਸ ਦੇ ਅਰਥ ਇਸ ਪ੍ਰਕਾਰ ਕੀਤੇ ਹਨ, “(ਹੇ ਪ੍ਰਭੂ!) ਤੇਰਾ ਨਾਮ ਮੇਰਾ ਆਸਰਾ ਹੈ (ਇਸ ਤਰ੍ਹਾਂ) ਜਿਵੇਂ ਫੁੱਲ ਪਾਣੀ ਵਿਚ ਖਿੜਿਆ ਰਹਿੰਦਾ ਹੈ (ਭਾਵ, ਜਿਵੇਂ ਫੁੱਲ ਨੂੰ ਪਾਣੀ ਦਾ ਆਸਰਾ ਹੈ)। ਇਥੇ ਆ ਕੇ ਅਸੀਂ ਨਰ/ਨਾਰੀ/ਨਾਰ ਸ਼ਬਦਾਂ ਦੀ ਵਿਉਤਪਤੀ ਦੀ ਚਰਚਾ ਕਰਦੇ ਹਾਂ। ਹਿੰਦੂ ਮਿਥਹਾਸ ਵਿਚ ਨਰ ਅਤੇ ਨਾਰਾਇਣ ਦਾ ਬਹੁਤ ਉਲੇਖ ਹੈ। ਨਰ ਸ਼ਬਦ ਦਾ ਇਕ ਭਾਵ ਆਦਿਮ ਮਨੁੱਖ ਜਾਂ ਬ੍ਰਹਿਮੰਡ ਵਿਚ ਵਿਚਰਦੀ ਸਦੀਵੀ ਆਤਮਾ ਤੋਂ ਲਿਆ ਜਾਂਦਾ ਹੈ। ਨਾਰਾਇਣ ਨੂੰ ਇਸ ਆਦਿਮ ਮਨੁੱਖ ਦਾ ਪੁਤਰ ਕਿਹਾ ਜਾਂਦਾ ਹੈ। ਇਸ ਲਈ ਅਕਸਰ ਨਰ ਤੇ ਨਰਾਇਣ ਇਕੱਠੇ ਨਰ-ਨਰਾਇਣ ਸ਼ਬਦ ਜੁੱਟ ਵਜੋਂ ਆਉਂਦੇ ਹਨ। ਦੋਹਾਂ ਨੂੰ ਦੇਵਤੇ ਜਾਂ ਰਿਸ਼ੀ ਵੀ ਕਿਹਾ ਗਿਆ ਹੈ, ਸੰਭਵ ਹੈ ਇਹ ਮੁਢਲੇ ਤੌਰ ‘ਤੇ ਰਿਸ਼ੀ ਹੀ ਸਨ। ਬਹੁਤ ਸਾਰੇ ਸਿਧਾਂਤਾਂ ਅਨੁਸਾਰ ਸ੍ਰਿਸ਼ਟੀ ਦੀ ਉਤਪਤੀ ਪਾਣੀ ਤੋਂ ਹੋਈ। ਸੋ, ਨਰ ਦਾ ਇਕ ਅਰਥ ਪਾਣੀ ਵੀ ਬਣਾ ਲਿਆ ਗਿਆ ਹੈ ਅਤੇ ਇਸ ਵਿਚ ਵੱਸਣ ਵਾਲੇ ਜਾਂ ਇਸ ਦੇ ਪੁਤਰ ਨੂੰ ਨਾਰਾਇਣ ਕਿਹਾ ਗਿਆ ਹੈ ਅਰਥਾਤ ਪਾਣੀ ਵਿਚ ਜਿਸ ਦਾ ਹੈ ਅਯਨ (ਵਾਸਾ)। ਕਵਿਤਾ ਵਿਚ ਇਨ੍ਹਾਂ ਨੂੰ ਧਰਮ, ਮੂਰਤੀ ਜਾਂ ਅਹਿੰਸਾ ਦੇ ਪੁੱਤਰ ਵੀ ਕਿਹਾ ਗਿਆ ਹੈ। ਅਰਜਨ ਨੂੰ ਨਰ ਅਤੇ ਕ੍ਰਿਸ਼ਨ ਨੂੰ ਵੀ ਨਾਰਾਇਣ ਕਿਹਾ ਗਿਆ ਹੈ। ਪਰ ਗੁਰਬਾਣੀ ਵਿਚ ਦੋਹਾਂ ਤੋਂ ਪਰਮਾਤਮਾ ਦਾ ਹੀ ਭਾਵ ਲਿਆ ਗਿਆ ਹੈ, “ਨਾਰਾਇਣਿ ਲਾਇਆ ਠਾਠੂੰਗੜਾ ਪੈਰ ਕਿਥੈ ਰਖੈ॥” -ਗੁਰੂ ਅਰਜਨ ਦੇਵ। “ਨਰ ਨਾਰਾਇਣ ਅੰਤਰਜਾਮਿ॥” -ਗੁਰੂ ਨਾਨਕ ਦੇਵ।
ਨਰ ਨਾਰਾਇਣ ਦੀ ਵਿਸਥਾਰ ਵਿਚ ਚਰਚਾ ਕਦੀ ਫਿਰ ਕਰਾਂਗੇ। ਨਰੋਤਮ ਦਾ ਅਰਥ ਸਭ ਤੋਂ ਵਧੀਆ (ਉਤਮ) ਮਨੁੱਖ ਹੈ। ਖੈਰ, ਇਕ ਵਿਚਾਰ ਅਨੁਸਾਰ ਨਾਰਾਇਣ ਸ਼ਬਦ ਵਿਚ ਹੀ ਨਾਰੀ ਸ਼ਬਦ ਦੀ ਵਿਉਤਪਤੀ ਦਾ ਸੰਕੇਤ ਹੈ। ਮਨੂ ਸਿਮ੍ਰਤੀ ਵਿਚ ਨਾਰਾਇਣ ਸ਼ਬਦ ਦੀ ਉਤਪਤੀ ਦਸਦੇ ਹੋਏ ਲਿਖਿਆ ਹੈ, “ਸ੍ਰਿਸ਼ਟੀਪੂਰਵ ḔਨਾਰḔ ਨਾਮਕ ਜਲ ਹੀ ḔਨਰḔ (ਸੈਭੰ ਪੁਰਖ) ਦਾ ਆਸਰਾ ਹੈ। ਇਸ ਲਈ ਉਹ ਨਾਰਇਣ ਹੈ। ਇਥੇ ਨਾਰ ਨੂੰ ਪਾਰਬ੍ਰਹਮ ਮੰਨਿਆ ਗਿਆ ਹੈ ਅਰਥਾਤ ਸ੍ਰਿਸ਼ਟੀ ਨੂੰ ਉਤਪੰਨ ਕਰਨ ਵਾਲਾ ਨਰ (ਪੁਰਖ)। ਅਤੇ ਨਾਰ ਅਰਥਾਤ ਸੈਭੰ ਪਾਰਬ੍ਰਹਮ ਦੀ ਅੰਤਰਨਿਹਿਤ ਵਿਰਾਟ ਯੋਨੀ। ਮੁਕਦੀ ਗੱਲ ਇਹ ਹੈ ਕਿ ਨਾਰਾਇਣ ਸ਼ਬਦ ਵਿਚ ਹੀ ਨਰ/ਨਾਰੀ ਦੇ ਮਨੁਖਵਾਚਕ ਅਤੇ ਪਾਣੀਵਾਚਕ ਹੋਣ ਦੇ ਭਾਵ ਹਨ। ਨਾਰ ਸ਼ਬਦ ਦਾ ਅਰਥ ਪਾਣੀ ਦਿੰਦੇ ਹੋਏ ਮੋਨੀਅਰ ਵਿਲੀਅਮਜ਼ ਲਿਖਦੇ ਹਨ, “ਸ਼ਾਇਦ ਨਾਰਾਇਣ ਸ਼ਬਦ ਦੀ ਵਿਆਖਿਆ ਕਰਨ ਲਈ ਘੜਿਆ ਗਿਆ ਹੈ।”
ਦੂਜੇ ਪਾਸੇ ਨਰ/ਨਾਰੀ ਸ਼ਬਦ ਦੀ ਵਿਉਤਪਤੀ ਸੰਸਕ੍ਰਿਤ Ḕਨ੍ਰḔ ਧਾਤੂ ਜਾਂ ਸ਼ਬਦ ਤੋਂ ਹੋਈ ਦੱਸੀ ਜਾਂਦੀ ਹੈ ਜੋ ਮੈਨੂੰ ਵਧੇਰੇ ਸਵੀਕਾਰਯੋਗ ਲਗਦੀ ਹੈ। Ḕਨ੍ਰḔ ਸ਼ਬਦ ਦੇ ਲਗਭਗ ਉਹੀ ਅਰਥ ਹਨ ਜੋ ‘ਨਰ’ ਸ਼ਬਦ ਦੇ ਹਨ। ਇਹ ਸ਼ਬਦ ਭਾਰੋਪੀ ਖਾਸੇ ਦਾ ਹੈ। ਭਾਸ਼ਾ-ਵਿਗਿਆਨੀਆਂ ਨੇ ਇਸ ਦਾ ਭਾਰੋਪੀ ਮੂਲ ḔਨeਰḔ ਨਿਸਚਿਤ ਕੀਤਾ ਹੈ। ਇਸ ਤੋਂ ਗਰੀਕ ਸ਼ਬਦਅੰਸ਼ ਅਨਟਹਰੋਪ ਬਣਿਆ ਹੈ ਜਿਸ ਦਾ ਅਰਥ ਮਨੁੱਖ ਸਬੰਧੀ ਹੁੰਦਾ ਹੈ। ਇਸੇ ਤੋਂ ਅਨਟਹਰੋਪੋਲੋਗੇ (ਮਾਨਵ-ਵਿਗਿਆਨ) ਤੇ ਹੋਰ ਕਈ ਸ਼ਬਦ ਬਣੇ ਹਨ। ਵੈਲਸ਼ ਭਾਸ਼ਾ ਵਿਚ ਨਰ ਸ਼ਬਦ ਮੌਜੂਦ ਹੈ ਜਿਸ ਦਾ ਇਹੀ ਅਰਥ ਹੁੰਦਾ ਹੈ। ਰੂਸੀ ਨਾਂ ਐਂਦਰੋਪੋਵ ਵਿਚ ਵੀ ਇਹੀ ਮੂਲਕ ਝਲਕਦਾ ਹੈ।
Leave a Reply