ਲੰਬੜਦਾਰਾਂ ਦੀ ਗਲੀ

ਮਰਹੂਮ ਦਲਬੀਰ ਸਿੰਘ (20 ਅਗਸਤ 1949-28 ਜੁਲਾਈ 2007) ਦੀ ਸਵੈ-ਜੀਵਨੀ ‘ਤੇਰੀਆਂ ਗਲੀਆਂ’ ਅਸਲ ਵਿਚ ਉਹਦੇ ਆਪਣੇ ਪਿੰਡ ਨੰਗਲ ਸ਼ਾਮਾ ਦੀਆਂ ਯਾਦਾਂ ਹਨ, ਪਰ ਇਸ ਰਚਨਾ ਦੀ ਖੂਬਸੂਰਤੀ ਇਹ ਹੈ ਕਿ ਇਹ ਯਾਦਾਂ ਫੈਲ ਕੇ ਪੂਰੇ ਪੰਜਾਬ ਦੇ ਪਿੰਡਾਂ ਦੀਆਂ ਯਾਦਾਂ ਨਾਲ ਜੁੜ ਗਈਆਂ ਹਨ। ਦਲਬੀਰ ਪਿੰਡ ਦੀ ਨਬਜ਼ ਉਤੇ ਆਪਣੀਆਂ ਉਂਗਲਾਂ ਦੇ ਪੋਟੇ ਰੱਖ ਕੇ ਇਹਦਾ ਹਾਲ-ਚਾਲ ਪੁੱਛ ਰਿਹਾ ਹੈ ਅਤੇ ਪਾਠਕਾਂ ਨੂੰ ਸੁਣਾ ਰਿਹਾ ਪ੍ਰਤੀਤ ਹੁੰਦਾ ਹੈ। ਐਤਕੀਂ ਉਹ ਇਹ ਗੱਲਾਂ-ਬਾਤਾਂ ਕਰਦਾ ‘ਲੰਬੜਦਾਰਾਂ ਦੀ ਗਲੀ’ ਵਿਚ ਜਾ ਵੜਿਆ ਹੈ। ਇਸ ਸਵੈ-ਜੀਵਨੀ ਵਿਚ ਉਹਨੇ ਆਪਣੀ ਧੀ ਸੁਪਨੀਤ ਕੌਰ ਨੂੰ ਆਪਣਾ ਪਿੰਡ ਦਿਖਾਉਣ ਦੇ ਬਹਾਨੇ ਪੰਜਾਬ ਦੇ ਪਿੰਡਾਂ ਦੀ ਕਹਾਣੀ ਜੋੜੀ ਹੈ ਜੋ ਪਿਛਲੇ ਕਈ ਦਹਾਕਿਆਂ ਤੋਂ ਬਹੁਤ ਤੇਜ਼ੀ ਨਾਲ ਬਦਲੇ ਹਨ। -ਸੰਪਾਦਕ

ਦਲਬੀਰ ਸਿੰਘ
ਸਾਡੇ ਪਿੰਡ ਦੇ ਜੱਟਾਂ ਕੋਲ ਜ਼ਮੀਨਾਂ ਬਹੁਤੀਆਂ ਨਹੀਂ ਹਨ। ਦੁਆਬੇ ਦੇ ਸਾਰੇ ਪਿੰਡਾਂ ਵਿਚ ਪਹਿਲਾਂ ਤੋਂ ਹੀ ਜ਼ਮੀਨਾਂ ਘੱਟ ਹਨ। ਇਸੇ ਕਾਰਨ ਹੀ ਖਬਰੇ ਇਸ ਖਿੱਤੇ ਦੇ ਲੋਕ ਬਾਹਰਲੇ ਦੇਸ਼ਾਂ ਵਿਚ ਜਾਣ ਨੂੰ ਤਰਜੀਹ ਦਿੰਦੇ ਹਨ। ਜ਼ਮੀਨਾਂ ਘੱਟ ਹਨ ਅਤੇ ਇਨ੍ਹਾਂ ਉਤੇ ਖੇਤੀ ਪਹਿਲਾਂ ਪਹਿਲ ਲਾਹੇਵੰਦੀ ਨਹੀਂ ਸੀ ਹੁੰਦੀ। ਇਸੇ ਕਰ ਕੇ ਦੁਆਬੇ ਦੇ ਲੋਕ ਪਹਿਲਾਂ ਸਿੰਘਾਪੁਰ, ਚੀਨ ਆਦਿ ਵੱਲ ਜਾਂਦੇ ਰਹੇ। ਫਿਰ ਉਨ੍ਹਾਂ ਇੰਗਲੈਂਡ ਵੱਲ ਰੁਖ ਕਰ ਲਿਆ। ਇੰਗਲੈਂਡ ਤੋਂ ਬਾਅਦ ਉਹ ਕੈਨੇਡਾ ਅਤੇ ਅਮਰੀਕਾ ਵੱਲ ਤੁਰ ਪਏ। ਪਿਛਲੇ ਕਈ ਸਾਲਾਂ ਤੋਂ ਉਹ ਦੁਬਈ, ਮਸਕਟ, ਅਬੂ ਧਾਬੀ ਵਰਗੇ ਦੇਸ਼ਾਂ ਵੱਲ ਤੁਰੇ ਹੋਏ ਹਨ।
ਪਿੰਡ ਦੀ ਜਿਸ ‘ਗੈਰ-ਸਰਕਾਰੀ’ ਸੱਬ ਦਾ ਜ਼ਿਕਰ ਪਹਿਲਾਂ ਹੋਇਆ ਸੀ, ਉਸ ਤੋਂ ਖੱਬੇ ਸੱਜੇ ਜਾਂ ਸਾਹਮਣੇ ਕਿਸੇ ਪਾਸੇ ਵੀ ਅੱਗੇ ਵਧੀਏ, ਤਾਂ ਜੇ ਪਹਿਲਾ ਨਹੀਂ, ਤਾਂ ਦੂਜਾ ਘਰ ਜ਼ਰੂਰ ਹੋਏਗਾ ਜਿਨ੍ਹਾਂ ਵਿਚੋਂ ਕੋਈ ਨਾ ਕੋਈ ਬੰਦਾ ਵਲੈਤ ਜਾਂ ਕਿਸੇ ਹੋਰ ਦੇਸ਼ ਗਿਆ ਹੋਇਆ ਹੈ। ਇਸੇ ਤਰ੍ਹਾਂ ਹੀ ਸੱਜੇ ਪਾਸੇ ਮੁੜੀ ਉਸ ਗਲੀ ਦੇ ਵੀ ਬਹੁਤ ਸਾਰੇ ਬੰਦੇ ਵਲੈਤ ਵਿਚ ਹਨ ਜਿਸ ਵੱਲ ਮੈਂ ਆਪਣੀ ਬੇਟੀ ਦੀ ਉਂਗਲ ਫੜ ਕੇ ਮੁੜ ਗਿਆ ਸਾਂ। ਸੱਜੇ ਪਾਸੇ ਪਹਿਲਾਂ ਬਾਬਿਆਂ ਦੇ ਮਕਾਨ ਦਾ ਦਰਵਾਜ਼ਾ ਹੈ। ਕਹਿੰਦੇ ਹਨ ਕਿ ਜ਼ਮੀਨ ਦੀ ਥੁੜ੍ਹ ਕਰ ਕੇ ਇਨ੍ਹਾਂ ਦੇ ਦੋ ਬੰਦੇ ਪਿਛਲੇ ਕੁਝ ਸਾਲਾਂ ਤੋਂ ਦੁਬਈ ਚਲੇ ਗਏ ਹਨ। ਖੱਬੇ ਵਾਲੇ ਪਾਸੇ ਸ਼ਹੀਦ ਕਰਨਲ ਦਰਸ਼ਨ ਸਿੰਘ ਦਾ ਘਰ ਹੈ। ਹੁਣ ਇਸ ਦੇ ਦਰਵਾਜ਼ੇ ਨੂੰ ਜੰਦਰਾ ਲੱਗਾ ਹੋਇਆ ਹੈ। ਇਨ੍ਹਾਂ ਵਿਚੋਂ ਕੋਈ ਵੀ ਪਿੰਡ ਵਿਚ ਨਹੀਂ, ਮੈਨੂੰ ਇਸ ਦਾ ਕੋਈ ਇਲਮ ਨਹੀਂ। ਖਬਰੇ ਪਿੰਡ ਦੀ ਨਵੀਂ ਪਨੀਰੀ ਨੂੰ ਤਾਂ ਇਹ ਵੀ ਨਾ ਪਤਾ ਹੋਵੇ ਕਿ ਇਸ ਪਿੰਡ ਵਿਚ ਇਸ ਮਕਾਨ ਦੀ ਕੀ ਮਹੱਤਤਾ ਹੈ!
ਉਸ ਤੋਂ ਅੱਗੇ ਖੱਬੇ ਪਾਸੇ ਅਰਜਨ ਸਿੰਘ ਲਾਲੀ ਦਾ ਮਕਾਨ ਹੈ। ਇਸ ਦਾ ਪੁੱਤਰ ਹਰਜਿੰਦਰ ਸਿੰਘ ਲਾਲੀ ਮੇਰਾ ਹਾਣੀ ਹੁੰਦਾ ਸੀ। ਉਹ ਉਨ੍ਹੀਂ ਦਿਨੀਂ ਹੀ ਅਮਰੀਕਾ ਚਲੇ ਗਿਆ ਸੀ, ਜਿਨ੍ਹੀਂ ਦਿਨੀਂ ਹਾਲੇ ਉਹਨੇ ਤੇ ਅਸਾਂ ਹਾਇਰ ਸੈਕੰਡਰੀ ਪਾਸ ਕੀਤੀ ਹੀ ਸੀ। ਵੈਸੇ ਤਾਂ ਸਾਰੇ ਪਿੰਡ ਦੇ ਲਾਲੀ ਹੀ ਇਕੋ ‘ਰੱਤੇ’ ਦੀ ਔਲਾਦ ਹਨ, ਪਰ ਅਰਜਨ ਸਿੰਘ ਅਤੇ ਮੇਜਰ ਮਿਹਰ ਸਿੰਘ ਸਕੇ ਚਾਚੇ-ਤਾਇਆਂ ਦੀ ਔਲਾਦ ਸਨ। ਉਨ੍ਹੀਂ ਦਿਨੀਂ ਸਰਪੰਚੀ ਮੇਜਰ ਮਿਹਰ ਸਿੰਘ ਕੋਲ ਅਤੇ ਲੰਬੜਦਾਰੀ ਅਰਜਨ ਸਿੰਘ ਕੋਲ ਹੁੰਦੀ ਸੀ। ਅਰਜਨ ਸਿੰਘ ਦਾ ਪਿਤਾ ਕਾਲਾ ਸਿੰਘ ਉਸ ਬੂਟਾ ਸਿੰਘ ਦਾ ਪੁੱਤਰ ਸੀ ਜਿਸ ਨੂੰ ਬੱਬਰ ਅਕਾਲੀਆਂ ਨੇ ਅੰਗਰੇਜ਼ਾਂ ਦੀ ਝੋਲੀ ਚੁੱਕਣ ਕਾਰਨ ਮਾਰ ਦਿੱਤਾ ਸੀ। ਲੰਬੜਦਾਰੀ ਉਸ ਵੇਲੇ ਬੂਟਾ ਸਿੰਘ ਕੋਲ ਹੁੰਦੀ ਸੀ। ਬੂਟਾ ਸਿੰਘ ਦੇ ਅੱਗੇ ਚਾਰ ਪੁੱਤਰ ਸਨ- ਕਾਲਾ ਸਿੰਘ, ਗੁਰਦਿੱਤ ਸਿੰਘ, ਬੀਰ ਸਿੰਘ ਅਤੇ ਮੇਜਰ ਮਿਹਰ ਸਿੰਘ। ਇਸ ਤਰ੍ਹਾਂ ਅਰਜਨ ਸਿੰਘ ਲੰਬੜਦਾਰ ਦਾ ਚਾਚਾ ਮੇਜਰ ਮਿਹਰ ਸਿੰਘ ਸਰਪੰਚ ਹੁੰਦਾ ਸੀ।
ਅਰਜਨ ਸਿੰਘ ਦਾ ਪੁੱਤਰ ਹਰਜਿੰਦਰ ਸਿੰਘ ਭਾਵੇਂ ਛੋਟੀ ਕਿਸਾਨੀ ਵਿਚ ਸ਼ੁਮਾਰ ਹੁੰਦਾ ਸੀ, ਫਿਰ ਵੀ ਉਸ ਦੀ ਆਕੜ ‘ਲੰਬੜਦਾਰੀ’ ਵਾਲੀ ਹੀ ਸੀ। ਉਨ੍ਹਾਂ ਕੋਲ ਦੋਨਾਲੀ ਬੰਦੂਕ ਹੁੰਦੀ ਸੀ ਜਿਹੜੀ ਥੋੜ੍ਹੀ ਜਿਹੀ ਗਰਮੀ ਵਿਚ ਹੀ ਹਰਜਿੰਦਰ ਕੱਢ ਲਿਆ ਕਰਦਾ ਸੀ ਅਤੇ ਹਵਾ ਵਿਚ ਫਾਇਰ ਕਰ ਦਿੰਦਾ ਸੀ, ਪਰ ਇਸ ਗੱਲ ਨੂੰ ਕਿਸੇ ਨੇ ਵੀ ਕਦੇ ਬਹੁਤੀ ਗੰਭੀਰਤਾ ਨਾਲ ਨਹੀਂ ਸੀ ਲਿਆ। ਉਸ ਨੇ ਕਦੇ ਕਿਸੇ ਨਾਲ ਗੰਭੀਰ ਪੰਗਾ ਵੀ ਨਹੀਂ ਸੀ ਲਿਆ। ਵੈਸੇ ਮੁੰਡਪੁਣੇ ਵਿਚ ਹੀ ਉਹ ਫ਼ਾਇਰ ਕਰਨ ਦਾ ਸ਼ੌਕੀਨ ਸੀ। ਕਈ ਵਾਰੀ ਤਾਂ ਮੁੰਡਿਆਂ ਦੀ ਸਾਧਾਰਨ ਲੜਾਈ ਵਿਚ ਵੀ ਉਹ ਦੋਨਾਲੀ ਕੱਢ ਲੈਂਦਾ ਸੀ। ਉਸ ਨੂੰ ਲੰਬੜਦਾਰੀ ਦਾ ਮਾਣ ਵੀ ਬਹੁਤ ਸੀ। ਉਹ ਅਕਸਰ ਇਹ ਰੋਹਬ ਦਿੰਦਾ ਹੁੰਦਾ ਸੀ ਕਿ ਉਨ੍ਹਾਂ ਦਾ ਪਰਿਵਾਰ ਲੰਬੜਦਾਰ ਦਾ ਪਰਿਵਾਰ ਹੈ, ਪਰ ਉਨ੍ਹੀਂ ਦਿਨੀਂ ਲੰਬੜਦਾਰੀ ਕੋਈ ‘ਵੱਡੀ ਚੀਜ਼’ ਨਹੀਂ ਸੀ ਰਹਿ ਗਈ। ਅੰਗਰੇਜ਼ਾਂ ਦੇ ਵੇਲੇ ਜਿਹੜੀ ਅਹਿਮੀਅਤ ਇਸ ਰੁਤਬੇ ਦੀ ਸੀ, ਉਹ ਹੌਲੀ-ਹੌਲੀ ਘਟ ਗਈ ਸੀ। ਇਸ ਲਈ ਲੰਬੜਦਾਰੀ ਫੋਕਾ ਰੋਹਬ ਹੀ ਰਹਿ ਗਈ ਸੀ।
ਅਰਜਨ ਸਿੰਘ ਅਤੇ ਉਸ ਦੇ ਪੁੱਤਰ ਲੰਬੜਦਾਰ ਹਰਜਿੰਦਰ ਸਿੰਘ ਉਰਫ਼ ਜਿੰਦਰ ਦੇ ਮਕਾਨ ਨੂੰ ਵੀ ਤਾਲਾ ਲੱਗਾ ਹੋਇਆ ਹੈ। ਦੱਸਿਆ ਹੀ ਹੈ ਕਿ ਉਹ ਕਾਫ਼ੀ ਸਾਲ ਪਹਿਲਾਂ ਅਮਰੀਕਾ ਚਲੇ ਗਿਆ ਸੀ। ਦੱਸਦੇ ਹਨ ਕਿ ਕੈਲੀਫ਼ੋਰਨੀਆ ਵਿਚ ਉਸ ਦਾ ਹਜ਼ਾਰਾਂ ਏਕੜ ਦਾ ਫਾਰਮ ਹੈ ਜਿਥੇ ਉਹ ਖੇਤੀ ਕਰਵਾਉਂਦਾ ਹੈ। ਉਸ ਕੋਲ ਖੇਤੀ ਕਰਨ ਲਈ ਤਾਂ ਜਹਾਜ਼ ਅਤੇ ਹੈਲੀਕਾਪਟਰ ਤਾਂ ਹਨ ਹੀ, ਉਸ ਕੋਲ ਆਪਣੀ ਨਿੱਜੀ ਵਰਤੋਂ ਲਈ ਵੀ ਹਵਾਈ ਜਹਾਜ਼ ਹੈ। ਇਹ ਗੱਲ ਉਸ ਦੇ ਰਿਸ਼ਤੇ ਵਿਚੋਂ ਭੂਆ ਦੇ ਪੁੱਤ ਭਰਾ ਕੈਪਟਨ ਮਨੀ ਸਹੋਤਾ ਨੇ ਦੱਸੀ ਹੈ। ਹੁਣ ਉਹ ਭਾਵੇਂ ਨੰਗਲ ਸ਼ਾਮਾ ਦਾ ‘ਲੰਬੜਦਾਰ’ ਨਹੀਂ ਰਿਹਾ, ਪਰ ਉਹ ਸ਼ਾਨੋ-ਸ਼ੌਕਤ ਵਿਚ ਜ਼ਰੂਰ ਹੀ ਲੰਬੜਦਾਰ ਹੈ।
ਇਸ ਘਰ ਤੋਂ ਅੱਗੇ ਮੇਜਰ ਮਿਹਰ ਸਿੰਘ ਦਾ ਮਕਾਨ ਹੈ। ਕਿਸੇ ਵੇਲੇ ਇਹ ਪਿੰਡ ਦਾ ਸਭ ਤੋਂ ਵੱਡਾ ਹਵੇਲੀਨੁਮਾ ਮਕਾਨ ਹੁੰਦਾ ਸੀ। ਫਿਰ ਇਸ ਤੋਂ ਵੀ ਵੱਡੇ ਮਕਾਨ ਪਿੰਡ ਵਿਚ ਬਣਨੇ ਸ਼ੁਰੂ ਹੋ ਗਏ। ਇਹ ਇਕੋ-ਇਕ ਮਕਾਨ ਸੀ ਜਿਸ ਦੇ ਪਾਰਲੇ ਪਾਸੇ ਗੈਰਾਜ ਵੀ ਬਣੀ ਹੋਈ ਸੀ। ਜ਼ਰੂਰੀ ਹੀ ਕਿਸੇ ਵੇਲੇ ਇਸ ਪਰਿਵਾਰ ਕੋਲ ਕੋਈ ਕਾਰ ਰਹੀ ਹੋਵੇਗੀ ਜਿਸ ਖਾਤਰ ਇਹ ਗੈਰਾਜ ਬਣਾਈ ਗਈ ਸੀ, ਪਰ ਇਸ ਮਕਾਨ ਜਾਂ ਗੈਰਾਜ ਬਾਰੇ ਗੱਲ ਕਰਨ ਤੋਂ ਪਹਿਲਾਂ ਇਸ ਦੇ ਸਾਹਮਣੇ ਨੰਬਰਦਾਰ ਤੇ ਸਰਪੰਚ ਨਿਰਮਲ ਸਿੰਘ ਦੇ ਮਕਾਨ ਤੇ ਬਗੀਚੀ ਬਾਰੇ ਗੱਲ ਕਰਨੀ ਜ਼ਰੂਰੀ ਹੈ।
ਨਿਰਮਲ ਸਿੰਘ ਦਾ ਮਕਾਨ ਅਤੇ ਬਾਗ ਨਾਲੋ-ਨਾਲ ਸਨ। ਉਹ ਬੂਟਾ ਸਿੰਘ ਲੰਬੜਦਾਰ ਦਾ ਪੋਤਰਾ ਅਤੇ ਅਰਜਨ ਸਿੰਘ ਦਾ ਛੋਟਾ ਸਕਾ ਭਰਾ ਸੀ। ਇਸ ਲਈ ਜਦੋਂ ਅਰਜਨ ਸਿਘ ਨੇ ਲੰਬੜਦਾਰੀ ਛੱਡੀ, ਤਾਂ ਉਹ ਖੁਦ-ਬ-ਖੁਦ ਛੋਟੇ ਭਰਾ ਨਿਰਮਲ ਸਿੰਘ ਕੋਲ ਚਲੇ ਗਈ। ਨਿਰਮਲ ਸਿੰਘ ਵੈਲੀ ਕਿਸਮ ਦਾ ਬੰਦਾ ਸੀ। ਉਸ ਨੂੰ ਸਾਰੇ ਹੀ ਛੋਟੇ ਵੱਡੇ ‘ਭਾਜੀ’ ਯਾਨਿ ਭਰਾ ਕਹਿ ਕੇ ਬੁਲਾਉਂਦੇ ਸਨ। ਉਹ ਕਿਸੇ ਦਾ ਚਾਚਾ, ਤਾਇਆ, ਦਾਦਾ ਆਦਿ ਨਹੀਂ ਸੀ; ਸਭ ਦਾ ਨਿਰਮਲ ਸਿੰਘ ‘ਭਾਅ’ ਜੀ ਹੁੰਦਾ ਸੀ। ਉਸ ਦੇ ਹਾਣੀ ਜਾਂ ਵੱਡੇਰੀ ਉਮਰ ਦੇ ‘ਭਾਅ’ ਕਹਿ ਕੇ ਹੀ ਸਾਰ ਲੈਂਦੇ ਸਨ ਪਰ ਛੋਟੀ ਉਮਰ ਵਾਲੇ ‘ਭਾਅ ਜੀ’ ਕਹਿੰਦੇ ਸਨ।
ਨਿਰਮਲ ਸਿੰਘ ਦੇ ਤਿੰਨ ਪੁੱਤਰ ਸਨ- ਗੁਰਮੀਤ ਸਿੰਘ, ਦਲਜੀਤ ਸਿੰਘ ਅਤੇ ਪਰਮਜੀਤ ਸਿੰਘ। ਇਨ੍ਹਾਂ ਵਿਚੋਂ ਦੋ ਤਾਂ ਬਾਹਰ ਕਿਤੇ ਕੰਮ ਕਰਦੇ ਸਨ, ਇਕੋ ਹੀ (ਖਬਰੇ ਦਲਜੀਤ ਸਿੰਘ) ਕਿਤੇ ਨੇੜੇ-ਤੇੜੇ ਨੌਕਰੀ ਕਰਦਾ ਸੀ। ਉਹ ਦੋਂਹ ਕਮਰਿਆਂ ਵਾਲੇ ਮਕਾਨ ਵਿਚ ਰਹਿੰਦੀ ਆਪਣੀ ਮਾਂ, ਅਰਥਾਤ ਨਿਰਮਲ ਸਿੰਘ ਦੀ ਪਤਨੀ ਨੂੰ ਕਦੇ-ਕਦੇ ਮਿਲਣ ਆਉਂਦਾ ਸੀ। ਉਸ ਨੇ ਜਾਂ ਉਨ੍ਹਾਂ ਦੇ ਭਰਾਵਾਂ ਨੇ ਕਦੇ ਆਪਣੇ ਬਾਪ ਨੂੰ ਨਹੀਂ ਸੀ ਬੁਲਾਇਆ। ਨਿਰਮਲ ਸਿੰਘ ਦੀ ਪਤਨੀ ਨੇ ਵੀ ਕਦੇ ਉਸ ਨਾਲ ਗੱਲ ਨਹੀਂ ਸੀ ਕੀਤੀ। ਉਹ ਲਗਭਗ ਵਿਧਵਾ ਵਰਗਾ ਜੀਵਨ ਬਤੀਤ ਕਰਦੀ ਸੀ।
ਨਿਰਮਲ ਸਿੰਘ ਇਸੇ ਮਕਾਨ ਦੇ ਨਾਲ ਬਣੀ ਬਗੀਚੀ ਦੇ ਪਿਛਲੇ ਪਾਸੇ ਬਣੇ ਦੋਂਹ ਕਮਰਿਆਂ ਵਿਚ ਰਹਿੰਦਾ ਸੀ। ਉਹ ਰੋਟੀ ਵੀ ਖੁਦ ਹੀ ਬਣਾਉਂਦਾ ਸੀ। ਬਹੁਤੀ ਵਾਰੀ ਉਸ ਦੀ ਬਗੀਚੀ ਵਿਚ ਮੀਟ ਰਿੰਨ੍ਹਣ ਦੀ ਵਾਸ਼ਨਾ ਉਠਦੀ ਰਹਿੰਦੀ। ਸ਼ਰਾਬ ਦਾ ਵੀ ਸ਼ੌਕੀਨ ਸੀ। ਪਿੰਡ ਦੀਆਂ ਕਈ ਤੀਵੀਂਆਂ ਨਾਲ ਉਸ ਦੇ ਮੁਆਸ਼ਰੇ ਦੀ ਚਰਚਾ ਆਮ ਹੁੰਦੀ ਸੀ। ਇਕ ਐਸੀ ਤੀਵੀਂ ਦਾ ਨਾਂ ਤਾਂ ਸ਼ਰੇਆਮ ਲਿਆ ਜਾਂਦਾ ਸੀ ਜਿਹੜੀ ਆਪਣੀ ਉਮਰ ਨਾਲੋਂ ਕਾਫੀ ਵੱਡੇ ਬੰਦੇ ਨਾਲ ਵਿਆਹੀ ਗਈ ਸੀ। ਨਿਰਮਲ ਸਿੰਘ ਬਾਰੇ ਇਹ ਵੀ ਚਰਚਾ ਹੁੰਦੀ ਸੀ ਕਿ ਉਹ ਅਫ਼ੀਮ ਤੇ ਡੋਡੇ ਵੀ ਵੇਚਦਾ ਹੈ, ਪਰ ਇਹ ਕੰਮ ਉਸ ਨੇ ਕਦੇ ਪਿੰਡ ਵਿਚ ਨਹੀਂ ਸੀ ਕੀਤਾ।
ਲੰਬੜਦਾਰੀ ਦੇ ਨਾਲ-ਨਾਲ ਸਰਪੰਚੀ ਦਾ ਭਾਰ ਵੀ ਕਈ ਸਾਲ ਉਸ ਦੇ ਮੋਢਿਆਂ ਉਤੇ ਪਿਆ ਰਿਹਾ। ਇਹ ਦੋਵੇਂ ਕੰਮ ਉਹ ਬਹੁਤ ਚਾਅ ਨਾਲ ਕਰਦਾ ਰਿਹਾ। ਆਮ ਤੌਰ ਉਤੇ ਸਵੇਰੇ ਹੀ ਕੱਢਵੀਂ ਤੇ ਚੀਕਵੀਂ ਜੁੱਤੀ ਪਾ ਕੇ, ਮਾਵਾ ਲਾ ਕੇ ਪੋਚਵੀਂ ਪੱਗ ਬੰਨ੍ਹਦਾ ਤੇ ਸਾਈਕਲ ਚੁੱਕ ਥਾਣੇ ਚਲਾ ਜਾਂਦਾ। ਉਸ ਦਾ ਪੁਲਿਸ ਨਾਲ ਕਾਫੀ ਉਠਣ-ਬੈਠਣ ਸੀ। ਕਈ ਪੁਲਿਸ ਵਾਲੇ ਗਾਹੇ-ਬਗਾਹੇ ਉਸ ਦੀ ਬਗੀਚੀ ਵਿਚ ਆਉਂਦੇ ਰਹਿੰਦੇ ਸਨ। ਥਾਣੇ ਦੇ ਇਲਾਵਾ ਉਸ ਦਾ ਟਿਕਾਣਾ ਰਾਮਾ ਮੰਡੀ ਫਾਟਕ ਲਾਗਲੀਆਂ ਕੁਝ ਦੁਕਾਨਾਂ ਸਨ। ਆਮ ਤੌਰ ‘ਤੇ ਉਹ ਨਾਈ ਦੀ ਦੁਕਾਨ ਉਤੇ ਬੈਠਦਾ। ਕਹਿਣ ਵਾਲੇ ਕਹਿੰਦੇ ਸਨ ਕਿ ਉਥੇ ਬੈਠੇ ਕੇ ਉਹ ਅਫ਼ੀਮ ਤੇ ਡੋਡੇ ਵੇਚਦਾ ਸੀ, ਪਰ ਇਸ ਗੱਲ ਨੂੰ ਸ਼ਰੇਅਮ ਕੋਈ ਨਹੀਂ ਸੀ ਕਹਿ ਸਕਿਆ।
ਉਸ ਦੀ ਬਗੀਚੀ ਵਿਚ ਬੇਰਾਂ, ਨਾਖਾਂ ਦੇ ਦਰਖਤ ਸਨ। ਇਨ੍ਹਾਂ ਨੂੰ ਫਲ ਪੈਂਦੇ ਸਨ ਅਤੇ ਪਿੰਡ ਦੇ ਲੋਕ ਬਿਨਾਂ ਪੁੱਛਿਆਂ ਹੀ ਛਕ ਜਾਂਦੇ ਸਨ। ਭਾਅ ਨਿਰਮਲ ਸਿੰਘ ਦਾ ਇਹ ਸੁਭਾਅ ਹੀ ਨਹੀਂ ਸੀ ਕਿ ਉਹ ਕਿਸੇ ਨੂੰ ਟੋਕੇ। ਇਸ ਦੇ ਨਾਲ ਹੀ ਉਹ ਨੌਜਵਾਨਾਂ ਨਾਲ ਯਾਰੀ ਪਾ ਕੇ ਰੱਖਦਾ ਸੀ। ਸਰਪੰਚ ਹੋਣ ਦੇ ਨਾਤੇ ਉਸ ਦਾ ਫ਼ਰਜ਼ ਤਾਂ ਇਹ ਹੁੰਦਾ ਸੀ ਕਿ ਪਿੰਡ ਵਿਚ ਕਿਸੇ ਕਿਸਮ ਦੀ ਖੁਰਾਫ਼ਾਤ ਨਾ ਹੋਵੇ, ਪਰ ਉਹ ਅਕਸਰ ਹੀ ਮੁੰਡਿਆਂ ਦੀ ‘ਸ਼ਰਾਰਤ’ ਵਿਚ ਭਾਈਵਾਲ ਬਣ ਜਾਂਦਾ। ਇਸ ਤਰ੍ਹਾਂ ਦੀ ਇਕ ਸ਼ਰਾਰਤ ਵਿਚ ਉਸ ਨੇ ਸਾਨੂੰ ਹੁਕਮ ਦਿੱਤਾ ਕਿ ਕਿਸੇ ਦਾ ਮੁਰਗਾ ਚੋਰੀ ਕਰ ਕੇ ਲਿਆਂਦਾ ਜਾਵੇ। ਇਹ ਉਨ੍ਹਾਂ ਦਿਨਾਂ ਦੀ ਗੱਲ ਹੈ ਜਦੋਂ ਪਿੰਡ ਦੀ ਨੌਜਵਾਨ ਸਭਾ ਜਿਸ ਦਾ ਸਰਪ੍ਰਸਤ ਭਾਅ ਨਿਰਮਲ ਸਿੰਘ ਸੀ, ਟੂਰਨਾਮੈਂਟ ਕਰਵਾ ਕੇ ਹਟੀ ਸੀ। ਅਸੀਂ ਚਾਰ-ਪੰਜ ਜਣੇ ਸਾਂ। ਕਿਸੇ ਨੇ ਮੁਰਗਾ ਚੋਰੀ ਕਰ ਕੇ ਲਿਆਂਦਾ, ਕਿਸੇ ਨੇ ਵੱਢ ਕੇ ਸਾਫ਼ ਕੀਤਾ, ਕਿਸੇ ਨੇ ਚੁੱਲ੍ਹੇ ਉਤੇ ਰੱਖ ਪਤੀਲੇ ਵਿਚ ਰਿੰਨ੍ਹਿਆ ਅਤੇ ਬਾਅਦ ਵਿਚ ਦੇਸੀ ਸ਼ਰਾਬ ਦੇ ਦੋ ਹਾੜੇ ਲਾ ਕੇ ਖਾਧਾ ਗਿਆ।
ਇਸ ਬਗੀਚੀ ਨਾਲ ਅਤੇ ਲੰਬੜਦਾਰਾਂ ਦੀ ਇਸ ਗਲੀ ਨਾਲ ਹੋਰ ਵੀ ਬਹੁਤ ਸਾਰੀਆਂ ਯਾਦਾਂ ਜੁੜੀਆਂ ਹੋਈਆਂ ਹਨ। ਕਿਸੇ ਵੇਲੇ ਬਹੁਤ ਮਸ਼ਹੂਰ ਸਮਝੀ ਜਾਂਦੀ ਇਹ ਗਲੀ ਅਤੇ ਇਹ ਬਗੀਚੀ ਹੁਣ ਸੁੰਨਸਾਨ ਪਈਆਂ ਹਨ। ਨਿਰਮਲ ਸਿੰਘ ਦੀ ਮੌਤ ਹੋ ਚੁੱਕੀ ਹੈ। ਸਿਰਫ਼ ਨਿਰਮਲ ਸਿੰਘ ਦੀ ਬਗੀਚੀ ਦੇ ਸਾਹਮਣੇ ਵਾਲੇ ਮੇਜਰ ਮਿਹਰ ਸਿੰਘ ਵਾਲੇ ਮਕਾਨ ਵਿਚ ਹੀ ਵਸੇਬਾ ਹੈ, ਪਰ ਉਥੇ ਵੀ ਉਹ ਰੌਣਕ ਨਹੀਂ ਰਹੀ ਜਿਹੜੀ ਮੇਜਰ ਮਿਹਰ ਸਿੰਘ ਦੇ ਪੁੱਤਰ ਗੁਰਦਿਆਲ ਲਾਲੀ ਦੇ ਹੁੰਦਿਆਂ ਹੁੰਦੀ ਸੀ। ਗੁਰਦਿਆਲ ਲਾਲੀ ਤਾਂ ਇਕ ਸੰਸਥਾ ਸੀ ਜਿਹੜਾ 1997 ਵਿਚ ਦਿਲ ਦੇ ਦੌਰੇ ਕਾਰਨ ਇਸ ਦੁਨੀਆਂ ਤੋਂ ਤੁਰ ਗਿਆ ਸੀ।
(ਚਲਦਾ)

Be the first to comment

Leave a Reply

Your email address will not be published.