ਸਰਵਣ ਪੁੱਤਰਾਂ ਨੂੰ ਸਲਾਮਾਂ ਨੇ…

ਮੇਜਰ ਕੁਲਾਰ ਬੋਪਾਰਾਏ ਕਲਾਂ
ਫੋਨ: 916-273-2856
ਫਰੀਮਾਂਟ ਸ਼ਹਿਰ ਵਿਚ ਰਹਿੰਦਾ ਮੇਰਾ ਪਾਠਕ ਵੀਰ ਮੈਨੂੰ ਭਰਾਵਾਂ ਨਾਲੋਂ ਵੱਧ ਪਿਆਰ ਕਰਦਾ ਹੈ। ਲੇਖਕ ਤੇ ਪਾਠਕ ਦੀ ਇਹ ਜੋੜੀ ਪਿਛਲੇ ਪੰਜ ਸਾਲ ਤੋਂ ਟਿੱਚ ਬਟਨਾਂ ਵਾਂਗ ਹੈ। ਪਿਛਲੇ ਦਿਨੀਂ ਬਾਈ ਕਹਿਣ ਲੱਗਾ, “ਕੁਲਾਰ, ਤੇਰੇ ਸ਼ਹਿਰ ਇਕ ਸਟੋਰ ਸੇਲ ‘ਤੇ ਲੱਗਾ ਹੋਇਐ, ਅਸੀਂ ਐਤਵਾਰ ਨੂੰ ਸਟੋਰ ਦੇਖਣ ਆਉਣੈ। ਤੁਸੀਂ ਵੀ ਚੱਲਿਓ ਨਾਲ।” ਮੈਂ ਵੀ ਅੱਗਿਓਂ ‘ਸੱਤ ਬਚਨ’ ਕਹਿ ਦਿੱਤਾ। ਸਟੋਰ ਕਿਸੇ ਪੰਜਾਬੀ ਭਰਾ ਦਾ ਹੀ ਸੀ। ਖੁੱਲ੍ਹਾ-ਡੁੱਲ੍ਹਾ। ਸਾਰਾ ਸਮਾਨ ਦੇਖ ਕੇ ਲੱਗਦਾ ਸੀ, ਜਿਵੇਂ ਸਾਰੀ ਰਾਤ ਬਿੱਲੀਆਂ ਲੜਦੀਆਂ ਰਹੀਆਂ ਹੋਣ। ਮੈਂ ਸ਼ਹਿਰ ਦਾ ਵਾਸੀ ਹੋਣ ਕਰ ਕੇ, ਜਾਂ ਸਮਝੋ ਆਪਣੇ ਸੁਭਾਅ ਮੁਤਾਬਕ ਸਭ ਤੋਂ ਪਹਿਲਾਂ ਸਟੋਰ ਵਾਲੇ ਬਾਈ ਨੂੰ ਫਤਹਿ ਬੁਲਾਈ। ਉਸ ਨੇ ਫਤਹਿ ਦਾ ਜਵਾਬ ਇੰਜ ਦਿੱਤਾ ਜਿਵੇਂ ਬਹੁਤ ਬਿਮਾਰ ਹੋਵੇ।
ਖੈਰ! ਗੱਲਾਂ ਚੱਲ ਪਈਆਂ। ਬਾਈ ਉਹਨੂੰ ਸਟੋਰ ਬਾਰੇ ਪੁੱਛਣ ਲੱਗ ਗਿਆ। ਮੈਂ ਆਪਣੀਆਂ ਅੱਖਾਂ ਸਟੋਰ ਅੰਦਰ ਘੁੰਮਾਉਣ ਲੱਗ ਪਿਆ। ਕਾਊਂਟਰ ਦੀ ਖੱਬੀ ਨੁੱਕਰੇ ਬਣੇ ਛੋਟੇ ਜਿਹੇ ਦਫਤਰ ਦੇ ਖੁੱਲ੍ਹੇ ਬੂਹੇ ‘ਤੇ ਮੇਰੀ ਨਿਗ੍ਹਾ ਟਿਕ ਗਈ ਜਿਥੇ ਇਕ ਬਜ਼ੁਰਗ ਕੁਰਸੀ ‘ਤੇ ਬੈਠਾ ਸੀ। ਚਿੱਟਾ ਕੁੜਤਾ-ਪਾਜਮਾ ਪਾਇਆ ਹੋਇਆ, ਸਿਰ ‘ਤੇ ਸੰਤਰੀ ਪਟਕਾ, ਹੱਥ ਵਿਚ ਕੜਾ ਤੇ ਵੱਡੀ ਮਾਲਾ। ਸਾਡੀਆਂ ਅੱਖਾਂ ਮਿਲੀਆਂ ਤਾਂ ਉਸ ਨੇ ਮਾਲਾ ਵਾਲਾ ਹੱਥ ਉਤਾਂਹ ਚੁੱਕਦਿਆਂ ਕੋਲ ਆਉਣ ਦਾ ਇਸ਼ਾਰਾ ਕੀਤਾ। ਮੈਂ ਅੰਦਰ ਗਿਆ ਤੇ ਗੋਡਿਆਂ ਨੂੰ ਹੱਥ ਲਾ ਕੇ ਫਤਹਿ ਬੁਲਾਈ। ਬਜ਼ੁਰਗ ਦੀ ਜ਼ੁਬਾਨ ਤੋਂ ਲੱਗਾ, ਅਧਰੰਗ ਦਾ ਮਰੀਜ਼ ਹੈ। ਮੈਨੂੰ ਕੁਝ ਗੱਲਾਂ ਦੀ ਹੀ ਸਮਝ ਪਈ। ਬਜ਼ੁਰਗ ਦੀ ਹਾਲਤ ਦੇਖ ਕੇ ਦਿਲ ਵਿਚੋਂ ਚੀਸ ਜਿਹੀ ਆਰ-ਪਾਰ ਹੋ ਗਈ।æææ ਮੇਰੀ ਮਾਂ ਵੀ ਕਈ ਸਾਲਾਂ ਤੋਂ ਅਧਰੰਗ ਦੀ ਮਰੀਜ਼ ਹੈ।
ਮੈਂ ਬਜ਼ੁਰਗ ਕੋਲ ਕਾਫੀ ਚਿਰ ਖੜ੍ਹਾ ਰਿਹਾ ਤੇ ਉਸ ਦੀਆਂ ਗੱਲਾਂ ਸਮਝਣ ਦੀ ਕੋਸ਼ਿਸ਼ ਕਰਦਾ ਰਿਹਾ। ਬਜ਼ੁਰਗ ਦੇ ਕੋਲ ਪਏ ਮੇਜ਼ ‘ਤੇ ਸਟੀਰੀਓ ਪਿਆ ਸੀ। ਕਥਾ, ਕੀਰਤਨ ਦੀਆਂ ਸੀæਡੀਜ਼ ਵੀ ਸਨ। ਕੁਝ ਪਲ ਮੈਨੂੰ ਲੱਗਾ ਜਿਵੇਂ ਇਸ ਕੁਰਸੀ ‘ਤੇ ਬਜ਼ੁਰਗ ਨਹੀਂ, ਮੇਰੀ ਮਾਂ ਬੈਠੀ ਹੋਵੇ! ਮੈਂ ਉਸ ਨਾਲ ਗੱਲਾਂ ਕਰਦਾ ਹਾਂ, ਮਾਂ ਦੇ ਚਿਹਰੇ ‘ਤੇ ਹੱਥ ਫੇਰਦਾ ਹਾਂ। ਭਰਿਆ ਹੋਇਆ ਮੁਖੜਾ ਜਿਵੇਂ ਹੱਡੀਆਂ ਦੀ ਮੁੱਠ ਬਣ ਗਿਆ ਹੋਵੇ। ਗੜਕਦੀ ਜ਼ੁਬਾਨ ‘ਤੇ ਜਿਵੇਂ ਕਿਸੇ ਨੇ ਜਿੰਦਰਾ ਮਾਰ ਦਿੱਤਾ ਹੋਵੇ। ਫੁੱਟ-ਫੁੱਟ ਦੇ ਹੱਥਾਂ ਨੂੰ ਜਿਵੇਂ ਕਿਸੇ ਨੇ ਵੱਢ ਕੇ ਬੱਚਿਆਂ ਦੇ ਹੱਥਾਂ ਬਰਾਬਰ ਕਰ ਦਿੱਤਾ ਹੋਵੇ। ਮਾਂ ਦੇ ਹੱਥ ਦੀ ਕੰਨ ‘ਤੇ ਵੱਜੀ ਕਈ ਦਿਨ ਟੀਂ-ਟੀਂ ਕਰਦੀ ਰਹਿੰਦੀ ਸੀ।æææ ਮੈਨੂੰ ਆਪਣੇ ਖਿਆਲਾਂ ਵਿਚ ਘੁੰਮਦਿਆਂ ਪਤਾ ਹੀ ਨਾ ਲੱਗਾ ਕਿ ਕਦੋਂ ਮੈਂ ਆਪਣੇ ਦੋਵੇਂ ਹੱਥ ਬਜ਼ੁਰਗ ਦੇ ਮੁੱਖ ‘ਤੇ ਫੇਰਦਿਆਂ ਫਿਰ ਦਾੜ੍ਹਾ ਛੂਹ ਕੇ ਆਪਣੀਆਂ ਅੱਖਾਂ ‘ਤੇ ਧਰ ਲਏ। ਅੱਖਾਂ ਖੋਲ੍ਹੀਆਂ ਤਾਂ ਬਜ਼ੁਰਗ ਦੀਆਂ ਅੱਖਾਂ ਵਗ ਤੁਰੀਆਂ ਸਨ।
ਬਾਹਰੋਂ ਪਈ ਆਵਾਜ਼ ਨਾਲ ਸੁਰਤ ਸਿਰ ਹੋਇਆ, ਬਜ਼ੁਰਗ ਦੇ ਗੋਡੀਂ ਹੱਥ ਲਾ ਕੇ ਬਾਹਰ ਆ ਗਿਆ। ਇਸ ਤੋਂ ਪਹਿਲਾਂ ਕਿ ਕੁਝ ਪੁੱਛਦਾ, ਸਟੋਰ ਵਾਲੇ ਬਾਈ ਨੇ ਦੱਸਿਆ, “ਇਹ ਮੇਰੇ ਪਿਤਾ ਜੀ ਨੇ।” ਬਾਈ ਦੀਆਂ ਗੱਲਾਂ ਵਿਚੋਂ ਦਰਦ ਨਿਕਲ ਰਿਹਾ ਸੀ, ਜਿਵੇਂ ਉਸ ਦਰਦ ਨੂੰ ਵੰਡਾਉਣ ਵਾਲਾ ਕੋਈ ਨਾ ਹੋਵੇ। ਖੈਰ! ਅਸੀਂ ਜੋ ਕੁਝ ਪੁੱਛਣਾ ਸੀ, ਪੁੱਛ ਲਿਆ। ਉਸ ਨੇ ਪੰਜਾਬੀਆਂ ਦੇ ਸੁਭਾਅ ਤੋਂ ਹਟ ਕੇ ਜੋ ਬੋਲਿਆ, ਉਹ ਸੱਚ ਲੱਗਦਾ ਸੀ। ਜਦੋਂ ਅਸੀਂ ਕਾਰ ਵਿਚ ਬੈਠਣ ਲੱਗੇ, ਮੈਂ ਮੁੜ ਸਟੋਰ ਵਾਲੇ ਬਾਈ ਕੋਲ ਚਲਾ ਗਿਆ ਤੇ ਪੁੱਛਿਆ, “ਸਟੋਰ ਕਿੰਨੇ ਵਜੇ ਖੋਲ੍ਹਦੇ ਹੋ?”
“ਸਵੇਰੇ ਅੱਠ ਵਜੇ।”
“ਮੈਂ ਤੁਹਾਨੂੰ ਨੌਂ ਵਜੇ ਮਿਲੂੰਗਾ।”
“ਜੀ ਜਦੋਂ ਮਰਜ਼ੀ ਆ ਜਾਓ।”
ਤੇ ਮੈਂ ਫਿਰ ਫਤਹਿ ਬੁਲਾ ਕੇ ਵਾਪਸ ਕਾਰ ਵਿਚ ਆ ਗਿਆ। ਮੇਰੀ ਚੁੱਪ ਨੂੰ ਤੋੜਦਿਆਂ ਬਾਈ ਨੇ ਪੁੱਛਿਆ, “ਕੁਲਾਰæææ ਕਿਹੜੇ ਖਿਆਲਾਂ ਵਿਚ ਡੁੱਬ ਗਿਆ?”
“ਬਾਈæææ ਤੈਨੂੰ ਨਹੀਂ ਲੱਗਦਾ ਕਿ ਇਹ ਦੋਵੇਂ ਜਣੇ ਬਹੁਤ ਦੁਖੀ ਨੇ, ਤੇ ਬੱਸ! ਸਟੋਰ ਵੇਚ ਕੇ ਆਪਣਾ ਖਹਿੜਾ ਛੁਡਾਉਣਾ ਚਾਹੁੰਦੇ ਨੇ?”
“ਕੁਲਾਰæææ ਇਥੇ ਸੁਖੀ ਤਾਂ ਕੋਈ ਵੀ ਨਹੀਂæææ ਨਾਨਕ ਦੁਖੀਆ ਸਭੁ ਸੰਸਾਰੁ॥æææ”, ਕਹਿ ਕੇ ਬਾਈ ਪੱਲਾ ਝਾੜ ਗਿਆ।” ਮੈਂ ਫਿਰ ਆਪਣੇ ਖਿਆਲਾਂ ਵਿਚ ਗੁੰਮ ਗਿਆ। ਬਾਈ ਹੋਰੀ ਫਰੀਮਾਂਟ ਚਲੇ ਗਏ, ਤੇ ਮੈਂ ਆਪਣੀ ਕਾਰ ਲੈ ਕੇ ਵਾਪਸ ਉਸੇ ਸਟੋਰ ‘ਤੇ ਪੁੱਜ ਗਿਆ। ਐਤਵਾਰ ਹੋਣ ਕਰ ਕੇ ਸਟੋਰ ਗਾਹਕਾਂ ਨਾਲ ਬਹੁਤਾ ਭਰਿਆ ਹੋਇਆ ਨਹੀਂ ਸੀ। ਫਿਰ ਸਟੋਰ ਵਾਲੇ ਬਾਈ ਨਾਲ ਗੱਲੀਂ ਲੱਗ ਗਿਆ, ਤੇ ਉਸ ਨੇ ਦੁੱਖਾਂ ਦੀ ਪੰਡ ਦੀ ਗੰਢ ਖੋਲ੍ਹ ਲਈ:
æææਸਾਡਾ ਪਿੰਡ ਮੁੱਦਕੀ ਸ਼ਹਿਰ ਦੇ ਕੋਲ ਹੈ। ਸੱਤ ਸਾਲ ਦਾ ਸੀ ਮੈਂ, ਮੈਥੋਂ ਛੋਟੀ ਇਕ ਭੈਣ ਤੇ ਫਿਰ ਜੌੜੇ ਭਰਾ ਸਨ। ਜੌੜੇ ਇਕ ਸਾਲ ਦੇ ਸਨ ਜਦੋਂ ਮਾਂ ਸਾਨੂੰ ਰੋਂਦਿਆਂ ਛੱਡ ਗਈ। ਬਾਪੂ ਕੋਲ ਚੌਦਾਂ ਕਿੱਲੇ ਜ਼ਮੀਨ ਸੀ। ਨਾਨੇ ਨੇ ਜ਼ੋਰ ਲਾਇਆ ਕਿ ਉਹ ਆਪਣੀ ਛੋਟੀ ਧੀ ਤੋਰ ਦਿੰਦਾ ਹੈæææਮਾਸੀ ਕਿਹੜਾ ਮਾਂ ਨਾਲੋਂ ਘੱਟ ਹੁੰਦੀ ਹੈ; ਪਰ ਬਾਪੂ ਨੇ ਜਵਾਬ ਦੇ ਦਿੱਤਾ। ਪਿੰਡ ਵਿਚੋਂ ਹੋਰਾਂ ਨੇ ਵੀ ਬਾਪੂ ਨੂੰ ਦੂਜੇ ਵਿਆਹ ਲਈ ਜ਼ੋਰ ਪਾਇਆ, ਪਰ ਬਾਪੂ ਲਈ ਅਸੀਂ ਸਭ ਤੋਂ ਪਹਿਲਾਂ ਸੀ। ਮੈਂ ਤੇ ਭੈਣ ਨੇ ਸਕੂਲੇ ਵੀ ਜਾਣਾ, ਤੇ ਦੋਹਾਂ ਭਰਾਵਾਂ ਨੂੰ ਵੀ ਸਾਂਭਣਾ। ਸਾਡੇ ਸਕੂਲੋਂ ਆਇਆਂ ਤੋਂ ਹੀ ਬਾਪੂ ਨੇ ਖੇਤ-ਬੰਨੇ ਜਾਣਾ। ਸਾਡਾ ਸੀਰੀ ਸੀ ਕਰਮੂ ਤੇ ਉਸ ਦੀ ਘਰ ਵਾਲੀ ਬੰਤੋæææਉਨ੍ਹਾਂ ਦੋਹਾਂ ਨੇ ਸਾਡਾ ਬਹੁਤ ਦੁੱਖ ਵੰਡਾਇਆ। ਜਦੋਂ ਮਾਂ ਮੁੱਕੀ, ਜੌੜੇ ਬਹੁਤ ਰੋਂਦੇ ਸਨ। ਉਨ੍ਹਾਂ ਹੀ ਦਿਨਾਂ ਵਿਚ ਬੰਤੋ ਦੇ ਕੁੜੀ ਹੋਈ ਸੀ। ਜਦੋਂ ਬੰਤੋ ਨੇ ਸਾਡੇ ਘਰ ਕੰਮ ਕਰਨ ਆਉਣਾ, ਤਾਂ ਇਨ੍ਹਾਂ ਨੂੰ ਚੁੱਕ ਕੇ ਆਪਣੇ ਸ਼ੌਲ ਥੱਲੇ ਲੁਕੋ ਕੇ ਆਪਣਾ ਦੁੱਧ ਇਨ੍ਹਾਂ ਦੇ ਮੂੰਹ ਪਾ ਦੇਣਾ, ਤੇ ਇਨ੍ਹਾਂ ਨੇ ਦੁੱਧ ਚੁੰਘ ਕੇ ਸੌਂ ਜਾਣਾ। ਰਾਤ ਨੂੰ ਜਾਣ ਲੱਗੀ ਨੇ ਫਿਰ ਦੁੱਧ ਚੁੰਘਾ ਜਾਣਾ। ਉਹਦੀ ਆਪਣੀ ਧੀ ਨੇ ਦੁੱਧ ਬਾਝੋਂ ਸਾਰੀ-ਸਾਰੀ ਰਾਤ ਰੋਂਦੀ ਰਹਿਣਾ।
ਕਰਮੂ ਨੇ ਕਹਿਣਾ ਕਿ ‘ਸਾਰੀ ਦਿਹਾੜੀ ਖਾਂਦੀ-ਪੀਂਦੀ ਰਹਿੰਦੀ ਏ, ਤੇ ਕੁੜੀ ਜੋਗਾ ਕੱਪੀ ਦੁੱਧ ਵੀ ਪੈਦਾ ਨਹੀਂ ਕਰ ਸਕਦੀ।’ ਬੰਤੋ ਨੇ ਆਪਣੀ ਧੀ ਨੂੰ ਗਲਾਸੀ ਨਾਲ ਦੁੱਧ ਪਿਲਾਉਣਾ ਸ਼ੁਰੂ ਕਰ ਦਿੱਤਾ। ਉਸ ਦੇ ਤਿੰਨ ਧੀਆਂ ਹੋਈਆਂ, ਪਰ ਉਹ ਮੇਰੇ ਭਰਾਵਾਂ ਨੂੰ ਆਪਣੇ ਪੁੱਤ ਸਮਝਦੀ। ਇਕ ਦਿਨ ਸਾਡੀ ਮਾਮੀ ਆਈ ਹੋਈ ਸੀ। ਉਸ ਨੇ ਬੰਤੋ ਨੂੰ ਦੁੱਧ ਚੁੰਘਾਉਂਦਿਆਂ ਦੇਖ ਲਿਆ, ਬੰਤੋ ਨੂੰ ਬੁਰਾ-ਭਲਾ ਕਿਹਾ, ਤੇ ਨਾਲੇ ਬਾਪੂ ਕੋਲ ਸ਼ਿਕਾਇਤ ਕੀਤੀ। ਬਾਪੂ ਗੁੱਸੇ ਨਹੀਂ ਹੋਇਆ, ਸਗੋਂ ਬੰਤੋ ਦਾ ਅਹਿਸਾਨਮੰਦ ਹੋ ਗਿਆ। ਸਮਾਂ ਬੀਤਿਆ, ਮੈਂ ਦਸਵੀਂ ਪਾਸ ਕਰ ਕੇ ਬਾਪੂ ਨਾਲ ਖੇਤੀ ਕਰਨ ਲੱਗ ਪਿਆ। ਭੈਣ ਤੇ ਭਰਾ ਸਕੂਲੇ ਚਲੇ ਜਾਂਦੇ। ਕਰਮੂ ਤੇ ਬੰਤੋ ਸਾਡੇ ਨਾਲ ਕੰਮ ਕਰਵਾਉਂਦੇ। ਸਾਡੇ ਪਿੰਡਾਂ ਵਾਲੇ ਬਾਹਰਲੇ ਦੇਸ਼ਾਂ ਨੂੰ ਘੱਟ ਹੀ ਆਉਂਦੇ ਨੇ, ਜ਼ਮੀਨਾਂ ਖੁੱਲ੍ਹੀਆਂ ਸਨ, ਬੱਸ਼ææਖੇਤੀਬਾੜੀ ਕਰਨ ਲੱਗ ਜਾਣਾ। ਸਾਡੇ ਮਾਮੇ ਦੇ ਪੁੱਤ ਨੂੰ ਪਤਾ ਨਹੀਂ ਕਿਸ ਨੇ ਕਿਹਾ ਕਿ ਅਮਰੀਕਾ ਖੁੱਲ੍ਹ ਗਿਆ ਹੈ, ਜੇ ਜਾਣਾ ਹੈ ਤਾਂ ਲੱਖ ਰੁਪਇਆ ਲਿਆਓ। ਇਹ ਗੱਲ ਬਾਪੂ ਕੋਲ ਪਹੁੰਚ ਗਈ। ਬਾਪੂ ਨੇ ਮੈਨੂੰ ਤਿਆਰ ਕਰ ਲਿਆ। ਉਨ੍ਹਾਂ ਦਿਨਾਂ ਵਿਚ ਲੱਖ ਰੁਪਏ ਅੱਜ ਦੇ ਕਰੋੜ ਵਰਗਾ ਸੀ। ਬਾਪੂ ਨੇ ਤਿੰਨ ਕਿੱਲੇ ਜ਼ਮੀਨ ਵੇਚ ਦਿੱਤੀ, ਤੇ ਰੁਪਏ ਮਾਮੇ ਦੇ ਪੁੱਤ ਨੂੰ ਦੇ ਦਿੱਤੇ। ਮੋਗੇ ਦਾ ਕੋਈ ਏਜੰਟ, ਦਿੱਲੀ ਦੇ ਏਜੰਟ ਨੂੰ ਬੰਦੇ ਦਿੰਦਾ ਸੀ। ਚਾਰ ਮਹੀਨਿਆਂ ਵਿਚ ਸਾਡਾ ਕੰਮ ਬਣ ਗਿਆ। ਅਸੀਂ ਸਿੱਧੇ ਆ ਕੇ ਅਮਰੀਕਾ ਉਤਰੇ। ਬਾਪੂ ਨੇ ਤੁਰਨ ਲੱਗਿਆ ਕਿਹਾ ਸੀ, “ਪੁੱਤਰਾ! ਦੇਖੀਂ ਪਰੀਆਂ ਦਾ ਦੇਸ਼ ਦੱਸਦੇ ਨੇæææਸਾਨੂੰ ਭੁੱਲ ਨਾ ਜਾਵੀਂ। ਆਹ ਬੋਟਾਂ ਦਾ ਖਿਆਲ ਰੱਖੀਂ। ਮੈਂ ਜ਼ਮੀਨ ਨਹੀਂ ਵੇਚੀ, ਆਪਣੇ ਦਿਲ ਦਾ ਟੁਕੜਾ ਵੇਚ ਕੇ ਤੈਨੂੰ ਬਾਹਰ ਭੇਜਣ ਲੱਗਾ ਹਾਂ। ਆਪਣੇ ਨਾਂ ਅਤੇ ਮੇਰੀ ਪੱਗ ਨੂੰ ਦਾਗ ਨਾ ਲੱਗੇæææ।” ਫਿਰ ‘ਜਿਉਂਦਾ ਰਹੁ’ ਕਹਿ ਕੇ ਬਾਪੂ ਰੋ ਪਿਆ ਸੀ।
ਬਾਪੂ ਦੀਆਂ ਕਹੀਆਂ ਗੱਲਾਂ ਮੈਂ ਪੱਲੇ ਹੀ ਨਹੀਂ ਬੰਨ੍ਹੀਆਂ, ਸਗੋਂ ਆਪਣੇ ਦਿਲ ਵਿਚ ਵਸਾ ਲਈਆਂ। ਇੱਥੇ ਜੋ ਵੀ ਕੰਮ ਮਿਲਿਆ, ਕੀਤਾ। ਸਭ ਤੋਂ ਪਹਿਲਾਂ ਬਾਪੂ ਦੇ ਦਿਲ ਦਾ ਟੁਕੜਾ ਵਾਪਸ ਲਿਆ। ਬਾਪੂ ਦੁੱਗਣਾ ਹੋ ਗਿਆ। ਫਿਰ ਕਮਾਈ ਕਰਦਾ ਗਿਆ। ਬਾਪੂ ਨੇ ਘਰ ਵਧੀਆ ਬਣਾ ਲਿਆ। ਭੈਣ ਦਾ ਵਿਆਹ ਵੀ ਇਥੇ ਕਰ ਦਿੱਤਾ। ਉਹ ਵੀ ਅਮਰੀਕਾ ਆ ਗਈ। ਜੌੜੇ ਵੀ ਪੜ੍ਹੀ ਜਾਂਦੇ ਸਨ। ਮੈਨੂੰ ਵੀ ਇਥੇ ਹੀ ਕੁੜੀ ਮਿਲ ਗਈ। ਉਸੇ ਦੀ ਬਦੌਲਤ ਮੈਂ ਵੀ ਸਿਟੀਜ਼ਨ ਹੋ ਗਿਆ। ਫਿਰ ਪਿੰਡ ਜਾ ਆਇਆ, ਸਭ ਨੂੰ ਮਿਲ ਆਇਆ। ਬੰਤੋ ਦੀਆਂ ਧੀਆਂ ਵੀ ਵਿਆਹੁਣ ਵਾਲੀਆਂ ਹੋ ਗਈਆਂ। ਬਾਪੂ ਨੇ ਕਿਹਾ, “ਪੁੱਤਰਾ! ਇਹ ਤਿੰਨੇ ਕਰਮੂ ਤੇ ਬੰਤੋ ਦੀਆਂ ਧੀਆਂ ਨਹੀਂ, ਤੇਰੀਆਂ ਭੈਣਾਂ ਵੀ ਨੇ, ਇਨ੍ਹਾਂ ਦੀ ਡੋਲੀ ਆਪਣੇ ਘਰੋਂ ਤੁਰਨੀ ਚਾਹੀਦੀ ਹੈ।” ਮੈਂ ਅਗਲੇ ਸਾਲ ਘਰ ਵਾਲੀ ਨੂੰ ਨਾਲ ਲੈ ਕੇ ਪਿੰਡ ਗਿਆ। ਬੰਤੋ ਦੀ ਵੱਡੀ ਧੀ ਦਾ ਵਿਆਹ ਆਪਣੇ ਘਰ ਕੀਤਾ। ਇਹ ਮਿਸਾਲ ਹੋ ਨਿਬੜੀ ਕਿ ਕਿਸੇ ਜ਼ਿਮੀਂਦਾਰ ਪਰਿਵਾਰ ਨੇ ਆਪਣੇ ਘਰੋਂ ਆਪਣੇ ਸੀਰੀ ਦੀ ਧੀ ਤੋਰੀ ਹੈ। ਜ਼ਿਮੀਂਦਾਰ ਤੇ ਸੀਰੀ ਦਾ ਫਰਕ ਚੁੱਕਿਆ ਗਿਆ ਸੀ। ਮੈਂ ਵਾਪਸ ਆ ਗਿਆ। ਆਪਣੇ ਬਾਪੂ ਦੇ ਪੇਪਰ ਭਰ ਦਿੱਤੇ। ਇਕ ਸਾਲ ਵਿਚ ਬਾਪੂ ਇਥੇ ਆ ਗਿਆ। ਇਥੇ ਪੁੱਤ ਦਾ ਸੋਹਣਾ ਘਰ ਦੇਖ ਕੇ ਖੁਸ਼ ਹੋ ਗਿਆ। ਪਰਮਾਤਮਾ ਨੇ ਮੈਨੂੰ ਧੀ ਤੇ ਪੁੱਤ ਦੀ ਦਾਤ ਬਖ਼ਸ਼ੀ। ਪਰਮਾਤਮਾ ਨੇ ਸਭ ਕੁਝ ਦੇ ਦਿੱਤਾ ਸੀ। ਹੁਣ ਬੱਸ ਦੋਹਾਂ ਛੋਟੇ ਭਰਾਵਾਂ ਨੂੰ ਇਥੇ ਲਿਆਉਣਾ ਸੀ। ਮੇਰੇ ਚੰਗੇ ਸੁਭਾਅ ਤੇ ਚੰਗੇ ਖਾਨਦਾਨ ਦੀ ਬਦੌਲਤ ਦੋਹਾਂ ਲਈ ਇਥੇ ਦੀਆਂ ਕੁੜੀਆਂ ਦੇ ਰਿਸ਼ਤੇ ਮਿਲ ਗਏ। ਅਸੀਂ ਸਾਰਾ ਪਰਿਵਾਰ ਇਕੱਠਾ ਹੋ ਕੇ ਦੋਵਾਂ ਦੇ ਵਿਆਹ ਕਰ ਆਏ। ਸਾਡਾ ਘਰ-ਬਾਰ ਤੇ ਜ਼ਮੀਨ ਦੀ ਦੇਖ-ਭਾਲ ਕਰਮੂ ਤੇ ਬੰਤੋ ਹੀ ਕਰਦੇ ਰਹੇ। ਮੈਂ ਬਾਪੂ ਦੇ ਬੋਲਾਂ ‘ਤੇ ਖਰਾ ਉਤਰਿਆ, ਦੋਵੇਂ ਭਰਾ ਵੀ ਇਥੇ ਆ ਗਏ।
ਸਾਰਾ ਪਰਿਵਾਰ ਅਮਰੀਕਾ ਸੈਟ ਹੋ ਗਿਆ। ਬੱਸ ਜੇ ਕਿਤੇ ਘਾਟ ਰੜਕਦੀ ਸੀ, ਤਾਂ ਉਹ ਮਾਂ ਦੀ ਘਾਟ ਸੀ। ਬਾਪੂ ਨੇ ਸਾਰੀ ਜਵਾਨੀ ਰੰਡੇਪੇ ਵਿਚ ਲੰਘਾਈ। ਦੂਜਾ ਵਿਆਹ ਇਸ ਕਰ ਕੇ ਨਹੀਂ ਕਰਵਾਇਆ ਕਿ ਮਤਰੇਈ ਮਾਂ ਤੋਂ ਪਿਆਰ ਨਹੀਂ ਮਿਲਦਾ ਹੁੰਦਾ; ਜਿਵੇਂ ਕਾਗਜ਼ੀ ਫੁੱਲਾਂ ਤੋਂ ਖੁਸ਼ਬੋ ਨਹੀਂ ਮਿਲਦੀ। ਉਸ ਦੀ ਰੰਡੇਪੇ ਭਰੀ ਜ਼ਿੰਦਗੀ ਵਿਚੋਂ ਸ਼ਾਇਦ ਸਾਡੀ ਚੰਗੀ ਜ਼ਿੰਦਗੀ ਦਾ ਜਨਮ ਹੋਇਆ ਹੋਵੇ! ਖੈਰæææਬਾਪੂ ਖੁਸ਼ ਸੀ ਤੇ ਅਸੀਂ ਵੀ। ਮੇਰੀ ਘਰ ਵਾਲੀ ਦੀ ਚੰਗੀ ਜੌਬ ਸਦਕਾ ਅਸੀਂ ਚਾਰ ਪੈਸੇ ਇਕੱਠੇ ਕਰ ਕੇ ਸਟੋਰ ਲੈ ਲਿਆ। ਦੋਵੇਂ ਭਰਾ ਆਪੋ-ਆਪਣੇ ਕੰਮਾਂ ਵਿਚ ਰੁੱਝ ਗਏ। ਅਸੀਂ ਸਖਤ ਮਿਹਨਤ ਕੀਤੀ, ਸਟੋਰ ਵੇਚ ਕੇ ਆਹ ਵੱਡਾ ਸਟੋਰ ਲੈ ਲਿਆ। ਅਜੇ ਸਟੋਰ ਲਿਆ ਹੀ ਸੀ ਕਿ ਬਾਪੂ ਨੂੰ ਸਟਰੋਕ (ਅਧਰੰਗ) ਹੋ ਗਿਆ; ਜਿਵੇਂ ਮਾੜੇ ਦਿਨਾਂ ਨੇ ਫਿਰ ਫੇਰਾ ਪਾ ਲਿਆ ਹੋਵੇ। ਬਾਪੂ ਦੀ ਦੇਖ-ਭਾਲ ਕਰਦਾ ਅਤੇ ਸਟੋਰ ਉਤੇ ਵੀ ਕੰਮ ਕਰਦਾ। ਛੋਟੇ ਭਰਾਵਾਂ ਨੂੰ ਕਿਹਾ, ‘ਉਹ ਥੋੜ੍ਹਾ ਸਮਾਂ ਬਾਪੂ ਨੂੰ ਸੰਭਾਲਣ, ਮੇਰਾ ਨਵਾਂ-ਨਵਾਂ ਸਟੋਰ ਹੈ’æææਉਹ ਦੋਵੇਂ ਬਾਹਾਂ ਖੜ੍ਹੀਆਂ ਕਰ ਗਏ। ਫਿਰ ਭੈਣ ਨੂੰ ਪੁੱਛਿਆ, “ਧੀਆਂ ਤਾਂ ਮਾਪਿਆਂ ਦਾ ਦੁੱਖ ਵੰਡਾਉਂਦੀਆਂ ਹੁੰਦੀ ਨੇ, ਤੂੰ ਦੋ ਮਹੀਨੇ ਬਾਪੂ ਨੂੰ ਸਾਂਭ ਲੈ।” ਉਹ ਕਹਿੰਦੀ, “ਵੀਰਾ, ਇਹ ਅਮਰੀਕਾ ਐæææਇਥੇ ਮਰਨ ਦਾ ਵਿਹਲ ਨਹੀਂ, ਤੂੰ ਦੁੱਖ ਵੰਡਾਉਣ ਲਈ ਕਹਿੰਦਾ ਏਂ।” ਭੈਣ-ਭਰਾ ਆਉਂਦੇ ਬਾਪੂ ਕੋਲ, ਸਲਾਹਾਂ ਦੇ ਦਿੰਦੇ, ‘ਤੁਸੀਂ ਇੰਜ ਕਰਿਆ ਕਰੋ’ ਤੇ ‘ਇੰਜ ਨਾ ਕਰਿਆ ਕਰੋ।’ ਮੇਰੇ ਬੱਚੇ ਇਕ ਦਿਨ ਕਹਿੰਦੇ, “ਬਾਪੂ ਜੀ ਨੇ ਇੰਡੀਆ ਨਹੀਂ ਜਾਣਾ?” ਮੈਂ ਕਿਹਾ, “ਪੁੱਤ, ਇਸ ਦਾ ਇੰਡੀਆ ਕੋਈ ਨਹੀਂ ਹੈ। ਅਸੀਂ ਸਾਰੇ ਇਥੇ ਹਾਂ।” ਉਹ ਕਹਿੰਦੇ, “ਫਿਰ ਇਹਨੂੰ ਅੰਕਲ ਹੋਰੀਂ ਕਿਉਂ ਨਹੀਂ ਲਿਜਾਂਦੇ।” ਮੈਂ ਕੀ ਜਵਾਬ ਦਿੰਦਾ? ਮੈਂ ਸਾਰੇ ਪਾਸਿਓਂ ਇਕੱਲਾ ਰਹਿ ਗਿਆ। ਬਾਪੂ ਨੂੰ ਕਿਹਾ, “ਤੈਨੂੰ ਕਰਮੂ ਕੋਲ ਛੱਡ ਆਉਂਦਾ ਹਾਂ।” ਉਹ ਅੱਗਿਉਂ ਕਹਿੰਦਾ, “ਮੈਨੂੰ ਗਲ ਘੁੱਟ ਕੇ ਮਾਰ ਦੇ, ਤੈਥੋਂ ਬਗੈਰ ਮੈਂ ਕਿਤੇ ਨਹੀਂ ਜਾਣਾ।” ਹੁਣ ਮੇਰੇ ਬਾਪੂ ਤੋਂ ਮੇਰੀ ਘਰ ਵਾਲੀ ਤੇ ਬੱਚੇ ਵੀ ਅੱਕ ਗਏ ਹਨ। ਉਹ ਕਹਿੰਦੇæææਜਾਂ ਸਾਨੂੰ ਰੱਖ ਲੈ, ਜਾਂ ਬਾਪੂ ਨੂੰæææਮੈਂ ਉਨ੍ਹਾਂ ਨੂੰ ਬਥੇਰਾ ਸਮਝਾਉਂਦਾ ਹਾਂ ਕਿ ਇਹ ਸਮਾਂ ਆਪਣੇ ਸਭ ‘ਤੇ ਆਉਣਾ ਹੈ। ਕੋਈ ਵੀ ਬਿਮਾਰੀ ਕਿਸੇ ਵੀ ਉਮਰ ਵਿਚ ਕਦੇ ਵੀ ਚੁੰਬੜ ਸਕਦੀ ਹੈ। ਪਰਮਾਤਮਾ ਤੋਂ ਡਰੋ, ਪਰ ਕਿਸੇ ਦੇ ਕੰਨ ‘ਤੇ ਜੂੰ ਨਹੀਂ ਸਰਕੀ। ਹੁਣ ਮੈਂ ਸਾਡੇ ਬਾਪੂ ਨਹੀਂæææਮੇਰੇ ਬਾਪੂ ਨੂੰ ਬ੍ਰੇਕ-ਫਾਸਟ ਕਰਵਾ ਕੇ ਨਾਲ ਲੈ ਆਉਂਦਾ ਹਾਂæææਨਾਲੇ ਸਟੋਰ ‘ਤੇ ਕੰਮ ਕਰਦਾਂ, ਨਾਲੇ ਬਾਪੂ ਦਾ ਖਿਆਲ ਰੱਖਦਾਂ। ਮੈਂ ਇਸੇ ਕਰ ਕੇ ਹੀ ਸਟੋਰ ਵੇਚਣਾ ਚਾਹੁੰਦਾਂ ਕਿ ਬਾਪੂ ਦੀ ਸੇਵਾ ਕਰ ਲਵਾਂ, ਇਹ ਦੁਖੀ ਨਾ ਹੋਵੇ। ਜੇ ਬੱØਚਿਆਂ ਨੂੰ ਕਹਿੰਦਾਂ, ਕਿ ਮੈਂ ਤੁਹਾਡੇ ਲਈ ਆਹ ਕੀਤਾ, ਅਹੁ ਕੀਤਾæææਉਹ ਕਹਿ ਦਿੰਦੇ, ਡੈਡæææਅਸੀਂ ਤਾਂ ਤੈਨੂੰ ਕਿਹਾ ਨਹੀਂ ਸੀ ਕਿ ਤੂੰ ਸਾਡੇ ਲਈ ਕੰਮ ਕਰ-ਕਰ ਕੇ ਮਰਦਾ ਰਹਿ।æææਹੁਣ ਮੈਨੂੰ ਸਮਝ ਨਹੀਂ ਆਉਂਦੀ ਕਿ ਜਿਸ ਨੇ ਮੈਨੂੰ ਛਾਂ ਲਈ ਲਾਇਆ ਸੀ, ਉਸ ਨੂੰ ਛਾਂ ਦੇਵਾਂ; ਜਾਂ ਜਿਸ ਦੀ ਛਾਂਵੇਂ ਮੈਂ ਬੈਠਣਾ ਹੈ, ਉਨ੍ਹਾਂ ਨੂੰ ਪਾਲ-ਪਲੋਸ ਕੇ ਛਾਂਵੇਂ ਬਿਠਾਉਣ ਜੋਗੇ ਕਰਾਂæææ।
æææਫਿਰ ਮੈਂ ਆਪਣੇ ਮਨ ਨਾਲ ਸਲਾਹ ਕੀਤੀ ਕਿ ਸਟੋਰ ਵੇਚ ਕੇ ਬਾਪੂ ਨੂੰ ਪਿੰਡ ਲੈ ਜਾਵਾਂ। ਉਥੇ ਰੱਖਾਂ ਜਿਥੇ ਇਸ ਦੇ ਪੁਰਖਿਆਂ ਦੀ ਧਰਤੀ ਹੈ। ਇਹ ਉਸ ਮਿੱਟੀ ਵਿਚ ਮਿੱਟੀ ਹੋ ਜਾਵੇ ਜਿਸ ਮਿੱਟੀ ਵਿਚ ਜੰਮਿਆæææਪਿੰਡੋਂ ਕਰਮੂ ਤੇ ਬੰਤੋ ਕਹਿੰਦੇ, “ਬਾਪੂ ਨੂੰ ਪਿੰਡ ਛੱਡ ਜਾ, ਅਸੀਂ ਆਪੇ ਸਾਂਭ ਲਵਾਂਗੇ।”
ਬਾਈ ਦੀਆਂ ਗੱਲਾਂ ਸੁਣ ਕੇ ਮੈਨੂੰ ਕੰਬਣੀ ਛਿੜਦੀ ਗਈ।æææਮੈਂ ਸੋਚਦਾਂ ਕਿ ਤੀਰਥ ਸਥਾਨ ਤਾਂ ਸਾਨੂੰ ਧਰਮਾਂ ਵਿਚ ਵੰਡ ਕੇ ਜਾਤਾਂ-ਪਾਤਾਂ ਦੀ ਕੰਧ ਉਸਾਰ ਰਹੇ ਨੇ। ਮਾਪਿਆਂ ਦੀ ਸੇਵਾ ਵੱਡੀ ਤੀਰਥ ਯਾਤਰਾ ਹੈ।

Be the first to comment

Leave a Reply

Your email address will not be published.