ਧਰਮ ਰਾਜ ਦੀ ਵੀਡੀਓ ਕਾਨਫਰੰਸ

ਜਿਨ੍ਹਾਂ ਲੋਕਾਂ ਨੂੰ ਬੋਲਣ ਦਾ ਸਲੀਕਾ ਨਹੀਂ ਆਉਂਦਾ, ਉਨ੍ਹਾਂ ਕੋਲੋਂ ਉਨ੍ਹਾਂ ਦੀ ਯੋਗਤਾ ਵੀ ਤਾਲੀ ਵਜਾ ਕੇ ਲੰਘ ਜਾਂਦੀ ਹੈ, ਤੇ ਜਿਨ੍ਹਾਂ ਕੋਲ ਯੋਗਤਾ ਵੀ ਨਹੀਂ, ਸਲੀਕਾ ਵੀ ਨਹੀਂ; ਉਨ੍ਹਾਂ ਦੇ ਹੱਥੋਂ ਲਿਆ ਮਿੱਠਾ ਖਰਬੂਜਾ ਵੀ ਕਰੇਲੇ ਵਰਗਾ ਲੱਗਣ ਲੱਗ ਪੈਂਦਾ ਹੈ। ਕਈਆਂ ਦੀ ਜ਼ਿੰਦਗੀ ਤਾਂ ਸਾਰੀ ਗੁਜ਼ਰ ਚੱਲੀ ਹੈ, ਪਰ ਜਿਉਣ ਦਾ ਢੰਗ ਇਕ ਦਿਨ ਵੀ ਨਹੀਂ ਆਇਆ। ਵਾਹ ਉਨ੍ਹਾਂ ਹੀ ਚਿੱਠੀਆਂ ਨਾਲ ਪੈਣਾ ਹੁੰਦਾ ਹੈ, ਜਿਹੜੀਆਂ ਤੁਹਾਡੇ ਨਾਂ ਜਾਂ ਘਰ ਦੇ ਪਤੇ ‘ਤੇ ਆਉਣੀਆਂ ਹੁੰਦੀਆਂ ਹਨ। ਕਿਸੇ ਦੀ ਬੇਰੰਗ ਚਿੱਠੀ ਨੂੰ ਚੁੱਕੀ ਫਿਰਨ ਵਾਲਾ ਕਹਿ ਨਹੀਂ ਸਕਦੇ ਕਿ ਸਿਆਣਾ ਹੋਵੇਗਾ! ਲੋਕ ਤਾਂ ਕਈ ਵਾਰ ਫੁੱਲ ਲੈ ਕੇ ਖੜ੍ਹੇ ਹੁੰਦੇ ਹਨ; ਪਰ ਤੁਹਾਡੀਆਂ ਗਲਤੀਆਂ, ਹਰਕਤਾਂ, ਹਉਮੈ ਅੱਗਾ ਘੇਰ ਰਹੇ ਹੁੰਦੇ ਹਨ। ਫਿਰ ਇਨ੍ਹਾਂ ਲੋਕਾਂ ਨੇ ਜਾਂ ਤਾਂ ਜ਼ਾਲਮ ਬਣਨਾ ਹੁੰਦਾ ਹੈ, ਜਾਂ ਆਤਮ-ਹੱਤਿਆ ਵੱਲ ਵਧਣਾ ਹੁੰਦਾ ਹੈ। ਇਨ੍ਹਾਂ ਦੇ ਲੀੜਿਆਂ ਵਿਚ ਇਤਰ-ਫੁਲੇਲ ਵੀ ਬਦਬੂ ਵਿਚ ਬਦਲ ਜਾਂਦੀ ਹੈ। ਜਦੋਂ ਦੀ ਕੁੱਤੇ ਨੇ ਸ਼ਾਸਕਾਂ ਵੱਲ ਪੂਛ ਅਤੇ ਪਰਜਾ ਵੱਲ ਮੂੰਹ ਕਰ ਲਿਆ ਹੈ, ਲੋਕ ਬੁਲਿਟ ਪਰੂਫ ਜੈਕੇਟਾਂ ਨਾਲ ਵੀ ਬਚ ਨਹੀਂ ਸਕਣਗੇ। ਇਕ ਵਾਰ ਕੋਈ ਵਿਦਵਾਨ ਕਿਸੇ ਜਾਣ-ਪਛਾਣ ਵਾਲੇ ਦੇ ਘਰ ਮਿਲਣ ਲਈ ਗਿਆ। ਭਿੜੇ ਬੂਹੇ ਖੋਲ੍ਹ ਕੇ ਜਦੋਂ ਅੰਦਰ ਲੰਘਿਆ ਤਾਂ ਪਾਲਤੂ ਕੁੱਤੇ ਨੇ ਹੱਲਾ ਬੋਲ ਦਿੱਤਾ। ਮਾਲਕ ਦੇ ਆਉਣ ਤੱਕ ਕੁੱਤੇ ਨੇ ਵਿਦਵਾਨ ਦਾ ਪਜਾਮਾ ਲੀਰਾਂ ਕਰ ਦਿੱਤਾ। ਉਸ ਨੇ ਮਾਲਕ ਨੂੰ ਨਿਮਰਤਾ ਨਾਲ ਕਿਹਾ, “ਕੁੱਤਾ ਤਾਂ ਨਸਲੀ ਹੈ, ਪਰ ਜੇ ਬੰਨ੍ਹ ਕੇ ਰੱਖਿਆ ਕਰੋ ਤਾਂ ਚੰਗਾ ਹੈ।” ਅੱਗਿਉਂ ਮਾਲਕ ਨੇ ਹੁੱਬ ਕੇ ਦੱਸਿਆ, “ਜਨਾਬ ਇਹ ਸਾਨੂੰ ਕੁਛ ਨਹੀਂ ਕਹਿੰਦਾ, ਇਸ ਕਰ ਕੇ ਖੁੱਲ੍ਹਾ ਛੱਡ ਕੇ ਰੱਖੀਦਾ ਹੈ।” ਵਿਦਵਾਨ ਦਾ ਅਗਲਾ ਜਵਾਬ ਦੇਖੋ, “ਪਾਲਣ ਵਾਲਿਆਂ ਨੂੰ ਕੁੱਤੇ ਕਦੇ ਵੀ ਵੱਢਦੇ ਨਹੀਂ ਹੁੰਦੇ।” ਖਾਣਾ ਤਾਂ ਉਸ ਨੇ ਖਾ ਲਿਆ, ਪਰ ਮੇਜ਼ਬਾਨ ਦੀਆਂ ਅੱਖਾਂ ਉਪਰ ਨਾ ਉਠ ਸਕੀਆਂ। ਅਸੀਂ ਅੱਜ ਐਸੇ ਯੁੱਗ ‘ਚੋਂ ਗੁਜ਼ਰ ਰਹੇ ਹਾਂ ਜਿਸ ਅੰਦਰ ਹਰ ਕੋਈ ਮਹਿੰਗਾਈ ਦੀਆਂ ਦੁਹਾਈਆਂ ਦੇ ਰਿਹਾ ਹੈ, ਪਰ ਮਨੁੱਖੀ ਕਿਰਦਾਰ ਸਸਤੇ ਹੋਣ ਦਾ ਕਿਸੇ ਨੂੰ ਵੀ ਫਿਕਰ ਨਹੀਂ! ਇਸੇ ਕਰ ਕੇ ਕਈ ਮਹਿਲਾਂ ਵਿਚ ਕੁੱਤੇ ਜ਼ਿੰਦਗੀ ਮਾਣ ਰਹੇ ਨੇ, ਪਰ ਮਾਲਕ ਸਿਰਫ ਕੱਟ ਰਹੇ ਨੇ। ਬੜੀ ਦੇਰ ਪਹਿਲਾਂ ਲੋਕੀ ਚਿੱਠੀਆਂ ਦਾ ਜੁਆਬ ਦੋਣੋਂ ਤਾਂ ਹਟ ਗਏ ਸੀ, ਹੁਣ ਗੱਲ ਕਰਨ ਤੋਂ ਵੀ ਭਾਰੀ ਹੁੰਦੇ ਜਾ ਰਹੇ ਹਨ। ਉਪਰ ਵਾਲਾ ਉਪਰ ਹੈਗਾ ਕਿ ਨਹੀਂ, ਇਹ ਭੇਤ ਵੀ ਉਪਰ ਵਾਲਾ ਹੀ ਜਾਣੇ, ਪਰ ਹੇਠਾਂ ਵਾਲੇ ਸ਼ਰਧਾਵਾਨ ਹਾਲੇ ਕਾਇਮ ਰਹਿਣਗੇ, ਕਿਉਂਕਿ ਫਿਰ ਇੱਦਾਂ ਹੋ ਨਹੀਂ ਸਕੇਗਾæææ

ਐਸ਼ ਅਸ਼ੋਕ ਭੌਰਾ
“ਓ ਧੰਨਿਆ! ਕਿੱਦਾਂ ਅੱਜ ਉਦਾਸਿਆ ਜਿਹਾ ਫਿਰਦਾਂ, ਭਰਾ ਠੀਕ-ਠਾਕ ਐ?” ਜਾਗਰ ਅਮਲੀ ਨੇ ਬੋਰੀ ਦਾ ਪੱਲਾ ਹੇਠਾਂ ਨੂੰ ਖਿੱਚਦਿਆਂ ਬੋਹੜ ‘ਤੇ ਬੈਠੇ ਜਾਨਵਰਾਂ ਨੂੰ ਦਬਕਦਿਆਂ ਆਖਿਆ, “ਚਲੋ ਸਾਲੇæææਚੀਂ-ਚੀਂ ਲਾਈ ਐ।”
“ਕੁਛ ਨ੍ਹੀਂ ਜਾਗਰਾ, ਲੱਗ ਗਈ ਦੁਨੀਆਂ ਸਿਰੇ ‘ਤੇ। ਆ ਗਈ ਪਰਲੋ। ਪੈ ਗਏ ਪਟਾਕੇ।” ਤੇ ਨਾਲ ਹੀ ਧਾਹਾਂ ਛੱਡ’ਤੀਆਂ।
“ਧੰਨਿਆ, ਭਰਾ ਨੂੰ ਦਿਲ ਦਾ ਦੌਰਾ ਪਿਆ ਸੀ, ਸੁੱਖ ਤਾਂ ਐæææਹੌਸਲਾ ਰੱਖ।”
“ਭਰਾ ਨੂੰ ਤਾਂ ਛੱਡ ਯਾਰ, ਦੌਰਾ ਉਹਨੂੰ ਪੈ ਗਿਆ ਜੀਹਨੂੰ ਪੈਣਾ ਈ ਨ੍ਹੀਂ ਸੀ ਚਾਹੀਦਾ। ਹਾਏ ਓਏ ਮੇਰਿਆ ਰੱਬਾ! ਤੇਰੇ ਲਈ ਕੀਹਤੋਂ ਦੁਆਵਾਂ ਮੰਗਾਂ।” ਤੇ ਧੰਨਾ ਫਿਰ ਗੋਡਿਆਂ ਵਿਚ ਸਿਰ ਦੇ ਕੇ ਉਚੀ-ਉਚੀ ਰੋਣ ਲੱਗ ਪਿਆ।
“ਜਾਗਰਾ ਇਹਨੂੰ ਪਾਣੀ ਦਾ ਘੁੱਟ ਪਿਆਓ, ਧੁੱਪ ਵੀ ਸਾਲੀ ਅੱਜ ਫੇਰ ਕੜਿੱਲਾਂ ਕੱਢਦੀ ਹੈ, ਗਰਮੀ-ਗੁਰਮੀ ਖਾ ਗਿਆ ਧੰਨਾ।” ਮਾਸਟਰ ਗੁਰਮੀਤ ਸਿੰਘ ਨੇ ਵੀ ਆਉਂਦਿਆਂ ਝਾੜ’ਤਾ ਪੱਲੂ।
“ਦੁਆਨੀ ਦੀ ਅਕਲ ਨ੍ਹੀਂ, ਪੜ੍ਹਿਆ-ਲਿਖਿਆ ਕਹਾਉਂਦੈਂ ਆਪਣੇ ਆਪ ਨੂੰ। ਹੋਰ ਲਾ’ਤੀ ਆਰ। ਤੂੰ ਨਾ ਮੇਰੇ ਅੱਲ੍ਹੇ ਜ਼ਖ਼ਮ ਛਿਲਣੋਂ ਹਟੀਂ।”
“ਮਾਹਟਰਾ, ਭਰਾ ਵਿਚਾਰੇ ਦਾ ਮੰਜੇ ‘ਤੇ ਪਿਐ। ਦੁਖੀ ਆ ਬਾਹਲਾ ਵਿਚਾਰਾæææਪਰ ਗੱਲ ਤਾਂ ਦੱਸ ਧੰਨਿਆ, ਕੀ ਊਠਣੀ ਦੁੱਧ ਦੋਣੋਂ ਹਟ’ਗੀ?”
“ਯਾਰ ਮੈਂ ਰਾਤੀਂ ਕਿਤੇ ਉਪਰ ਜਾ ਚੜ੍ਹਿਆ।”
“ਚੁਬਾਰੇ ‘ਤੇ?”
“ਫਿਟੇ-ਮੂੰਹ ਤੇਰੇ ਜਾਗਰਾ। ਭਲਾ ਕਿਤੇ ਤੂੰ ਛੰਨ ‘ਤੇ ਚੁਬਾਰਾ ਪਿਆ ਦੇਖਿਐ, ਮਸਾਂ ਦਿਨ ਕਟੀ ਕਰਦੇ ਆਂæææਚੁਬਾਰੇ ਦੱਸਦੈ।”
“ਰਾਤੀਂ ਕਿਤੇ ਭਰਾ ਦੀਆਂ ਲੱਤਾਂ-ਬਾਹਾਂ ਘੁੱਟਦਿਆਂ, ਅੱਖ ਲੱਗ ਗਈ। ਭੁੱਕੀ ਤਾਂ ਛੋਟੀ ਕੌਲੀ ਹੀ ਪੀਤੀ ਸੀ, ਪਰ ਅੱਖ ਲਗਦੇ ਸਾਰ ਉਪਰ ਜਾ ਚੜ੍ਹਿਆ।”
“ਹੈਂ! ਕਮਲਾ ਦੁਖੀ ਭਰਾ ‘ਤੇ ਜਾ ਪਿਆ।”
“ਉਘ ਦੀਆਂ ਪਤਾਲ ਮਾਰੀ ਜਾਇਆ ਕਰ, ਪੂਰੀ ਨਾ ਸੁਣੀਂ ਤੂੰ ਮਾਹਟਰਾ।”
“ਚੱਲ ਅੱਗੇ ਫੇ’।”
“ਅੱਛਾ! ਅੱਛਾ! ਐਂ ਕਹਿ ਪਈ ਸੁਫਨਾ ਆਇਆ ਸੀ।”
“ਸੁਫਨਾ ਦੱਸਦੈ, ਭਰਾ ਨੂੰ ਤਾਂ ਡਾਕਟਰਾਂ ਨੇ ਬਚਾ ਲਿਆ, ਉਪਰ ਧਰਮ ਰਾਜ ਨੂੰ ਦਿਲ ਦਾ ਟੈਕ (ਅਟੈਕ) ਹੋ ਗਿਆæææਬਈ ਪਤਾ ਨ੍ਹੀਂ ਕੀ ਬਣਿਆ ਹੋਊ ਉਹਦਾ।”
“ਸੁਪਨਿਆਂ ਦੀਆਂ ਗੱਲਾਂ ਤੋਂ ਨ੍ਹੀਂ ਏਨਾ ਦੁਖੀ ਹੋਈਦਾ।”
“ਕਦੇ ਮੂੰਹ ਨ੍ਹੀਂ ਲਾਇਆ ਕਿਸੇ ਚੀਜ਼ ਨੂੰ, ਤੈਨੂੰ ਸੁਆਹ ਸੁਪਨੇ ਆਉਂਦੇ ਹੋਣੇ ਆਂ? ਜੇ ਆਉਂਦੇ ਵੀ ਹੋਏ ਤਾਂ ਤੀਵੀਂ ਦੇ, ਜਿਹੜੀ ਭੱਜ ਗਈ ਦੁਖੀ ਤੈਥੋਂ।”
“ਚੱਲ ਬਦਲੇ ਨਾ ਲੈ, ਗੱਲ ਦੱਸ ਕੀ ਹੋਈ। ਲਿਆ ਪੂੰਝ ਦਿਆਂ ਸਾਫੇ ਨਾਲ ਅੱਖਾਂ।”
ਤੇ ਦੋਵੇਂ ਹਥੇਲੀਆਂ ਅੱਖਾਂ ‘ਤੇ ਘੁਮਾ ਕੇ ਧੰਨਾ ਬੋਲਿਆ, “ਵਿਚ ਨਾ ਬੋਲਿਓ ਕੰਜਰ ਦਿਓ, ਬੇੜਾ ਡੁੱਬਣ ਲਈ ਹਚਕੋਲੇ ਖਾਂਦਾ।”
“ਗੰਢਾ ਈ ਛਿੱਲੀ ਜਾਊਂ ਕਿ ਗਹਾਂ ਵੀ ਤੁਰੂੰ।”
“ਲੈ ਬਈ, ਜਦ ਮੈਨੂੰ ਜਮਦੂਤ ਉਪਰ ਲੈ ਕੇ ਪੁੱਜੇ, ਲੁਆਲਾ ਜਿਹਾ ਸੀæææਮੂੰਹ-ਨੇਰ੍ਹਾ। ਮੂਹਰੇ ਧਰਮ ਰਾਜ ਕੁਰਸੀ ‘ਤੇ ਬੈਠਾ। ਆਲੇ-ਦੁਆਲੇ ਕੈਮਰਿਆਂ ਆਲੇ ਖੜ੍ਹੇ, ਸਾਹਮਣੇ ਹਰੀ ਸਿੰਘ ਦੀ ਮੂਹਰਲੀ ਕੰਧ ਜਿੱਡਾ ਟੈਲੀਵਿਜ਼ਨ ਚੱਲੇ।”
“ਇਹਦੇ ਵਿਚ ਫ਼ੇ’ ਰੋਣ ਆਲੀ ਕਿਹੜੀ ਗੱਲ ਸੀ। ਆਏਂ ਫੜ੍ਹਾਂ ਮਾਰਦਾ, ਜਿੱਦਾਂ ਕਿਤੇ ਵਜ਼ੀਰ ਹੁੰਦਾ, ਪਈ ਸਾਹਿਬ ਦੀ ਫ਼ਿਲਮ ਬਣਾਉਣ ਆਏ ਆ ਜਲੰਧਰੋਂ ਟੈਲੀਵਿਜ਼ਨ ਆਲੇ।”
“ਓਏ ਜਾਗਰਾ, ਬੁਲੀ ਕੁੱਤੇ ਵਰਗਾ ਮੂੰਹ ਬੰਦ ਰੱਖਣਾ ਕਿ ਨਹੀਂ?”
“ਤੈਨੂੰ ਸਾਲਿਆ ਕਿਤੇ ਪਟਿਆਲੇ ਆਲਿਆਂ ਨੇ ਰੱਖਿਆ ਹੋਇਐ, ਬੁਲੀ ਦੱਸਦਾæææਵੱਡਾ ਸੁਨੱਖਾ ਰਾਹੁਲ ਗਾਂਧੀ। ਚੱਲ ਅੱਗੇæææ।”
“ਮੈਂ ਪੁੱਛਿਆ ਪਈ ਗੱਲ ਕੀ ਐ, ਮੈਂ ਤਾਂ ਹੇਠਾਂ ਕਦੇ ਬਤਾਊਂ ਨ੍ਹੀਂ ਤੋੜਿਆ। ਇਹ ਕੈਮਰਿਆਂ ਵਾਲੇ ਕਾਹਨੂੰ ਸੱਦੇ ਆ, ਕੀ ਪੁੱਛਣਾ ਮੈਥੋਂ? ਭਰਾਵੋ ਅੱਗਿਉਂ ਪੈ ਗਿਆ ਧਰਮ ਰਾਜ ਦਾ ਪਿਆਦਾ। ਆਂਹਦਾ- ਓਹ ਵਿੰਗਿਆ ਜਿਹਿਆ, ਬਹਿ ਜਾ ਚੁੱਪ ਕਰ ਕੇ। ਲੈਨੇ ਆਂ ਤੇਰੀ ਸਾਰ। ਹਾਲੇ ਧਰਮ ਰਾਜ ਬਿਜੀ ਐ।”
“ਫੇ’?”
“ਫੇ’ ਕੀ ਸੀ, ਬਹਿ ਗਿਆ ਖੂੰਜੇ ਲੱਗ ਕੇ। ਧਰਮ ਰਾਜ ਨੇ ਫਰਮਾਨ ਜਾਰੀ ਕਰ’ਤਾ ਕਿ ਹੇਠਾਂ ਬੜਾ ਰੌਲਾ ਪੈਂਦਾ ਨਸ਼ਿਆਂ ਦਾ, ਕਰੋ ਕੈਮਰੇ ਫਿੱਟ। ਮੈਂ ਸਾਰਾ ਹਾਲ ਆਪਣੀਆਂ ਅੱਖਾਂ ਨਾਲ ਦੇਖਣਾ।”
“ਅੱਛਾ! ਉਪਰ ਵੀ ਧਰਮ ਰਾਜ ਕੋਲ ਕੈਮਰੇ ਹੈਗੇ ਆ?”
“ਨਾ ਹੋਰ ਕਿਤੇ ਨਾ ਜਾਗਰਾ! ‘ਕੱਲੇ-‘ਕੱਲੇ ਕੋਲ ਫੋਨ ਆ, ਹਾਅ ਜਿਹੜੀ ਬੁੱਕ-ਬੱਕ ਆਂਹਦੇ ਆ, ਉਹਦੀਆਂ ਵੀ ਗੱਲਾਂ ਚੱਲਣ।”
“ਫੇਸਬੁੱਕæææ।”
“ਹਾਂ ਹਾਂæææਹਾਅ ਈ ਮਾਹਟਰਾ! ਧਰਮ ਰਾਜ ਆਂਹਦਾ, ਕੋਈ ਲਿਆਓ ਬੰਦਾ ਜੀਹਨੂੰ ਹੇਠਾਂ ਭੇਜੀਏ। ਦੱਸੇ ਹੇਠੋਂ ਸਭ ਕੁਝ।”
“ਤੂੰ ਕਹਿਣਾ ਸੀ ਮੈਨੂੰ ਭੇਜ ਦਿਓ।”
“ਕੁਪੱਤ ਕਰਾਉਣੀ ਸੀæææਇਕ ਨੂੰ ਲਿਆਇਆ ਫੜ ਕੇ ਪਿਆਦਾ। ਧਰਮ ਰਾਜ ਪੈ ਗਿਆ ਟੁੱਟ ਕੇ, ਆਂਹਦਾ, ਇਹਨੂੰ ਤਾਂ ਨਰਕ ਦੀ ਆਖਰੀ ਕੋਠੜੀ ਵਿਚ ਬੰਦ ਕਰੋ, ਇਹਦੇ ਤਾਂ ਬੰਦੇ ਕਰਾਉਂਦੇ ਆ ਹੇਠਾਂ।”
“ਲੀਡਰ ਹੋਣਾ?”
“ਛੀæææਚੁੱਪ, ਹੁਣ ਆਪੇ ਜਾਣ ਲੈ। ਖੈਰ ਜੀ! ਭੇਜ’ਤਾ ਸਿਆਣਾ ਜਿਹਾ ਬੰਦਾ।”
“ਕਿੱਦਾਂ ਦਾ ਸੀ?”
“ਮੈਂ ਫੋਟੋ ਖਿੱਚੀ ਆ, ਹੋਊ ਆਪਣੇ ਸ਼ਾਮੇ ਬਾਹਮਣ ਵਰਗਾ। ਲੰਮੀ ਬੋਦੀ ਜਿਹੀ ਦਿਸੀ ਸੀ ਪਿੱਛੇ। ਬਈ ਮਿੰਟਾਂ-ਸਕਿੰਟਾਂ ਵਿਚ ਪੁੱਜ ਗਿਆ ਹੇਠਾਂ। ਸਾਹਮਣੇ ਚੱਲ ਪਈ ਟੈਲੀਵਿਜ਼ਨ ‘ਤੇ ਗੱਲਬਾਤ, ਕੈਮਰਾ ਫਿੱਟ ਹੋ ਗਿਆ ਸਿੱਧਾ ਮਾਝੇæææਬਈ ਭਰਾਵੋ, ਕੀ ਦੇਖਾਂæææਇਕ ਵਿਚਾਰੀ ਜਨਾਨੀ ਨੇ ਚਾਰ ਕੁ ਮਹੀਨਿਆਂ ਦਾ ਬੱਚਾ ਚੁੱਕਿਆ ਹੋਇਆ, ਇਕ ਪੁਲਿਸ ਆਲਾ ਵਾਲਾਂ ਤੋਂ ਖਿੱਚ ਕੇ ਮਾਰੇ ਕੱਸ-ਕੱਸ ਰੂਲ।”
“ਧਰਮ ਰਾਜ ਨ੍ਹੀਂ ਬੋਲਿਆ ਕੁਛ, ਦੇਖੀ ਗਿਆ?”
“ਕਾਹਨੂੰ, ਉਹ ਤਾਂ ਹੋ ਗਿਆ ਲੀੜਿਆਂ ਤੋਂ ਬਾਹਰ। ਅਖੇ, ਮੈਨੂੰ ਕੀ ਪਤਾæææਆਹ ਕੁਛ ਹੁੰਦਾ ਪੰਜਾਬ ਵਿਚ। ਅਬਲਾ ਨੂੰ ਕੁੱਟਦੇ ਆ, ਲਾਹਣਤ ਵਰਦੀ ਦੇ। ਰੋਂਦੇ ਜੁਆਕ ‘ਤੇ ਵੀ ਤਰਸ ਨ੍ਹੀਂ ਕਰਦੇ। ਧਰਮ ਰਾਜ ਨੇ ਆਪਣੇ ਬੰਦੇ ਨੂੰ ਕਿਹਾ, ਪੁੱਛ ਪੁਲਿਸ ਵਾਲੇ ਨੂੰ, ਕਿਉਂ ਮਾਰਦਾ ਇਹਨੂੰ।”
“ਕੀ ਬੋਲਿਆ ਪੁਲਿਸ ਵਾਲਾ ਫੇ’?”
“ਕਹਿਣ ਲੱਗਾ, ਇਹਨੇ ਕੱਲ੍ਹ ਐਥੇ ਇਕ ਔਰਤ ਦੇ ਗਲ ਵਿਚੋਂ ਸੋਨੇ ਦੀ ਚੈਨੀ ਲਾਹੀ ਐ, ਦੱਸਦੀ ਨ੍ਹੀਂ ਹੋਰ ਕੀਹਨੂੰ-ਕੀਹਨੂੰ ਲੁੱਟਿਆ, ਇਹਦੀ ਤਾਂ ਆਏਂ ਛਿੱਲ ਲੱਥੂ। ਫੇਰ ਭਰਾਵਾ ਉਸ ਜਨਾਨੀ ਨੂੰ ਪੁੱਛਣ ਲੱਗ ਪਏæææ।”
“ਉਹ ਕੀ ਆਂਹਦੀ ਸੀ?”
“ਉਹ ਤਾਂ ਭਰਾਵੋ ਰੋਈ ਜਾਵੇæææਜਾਗਰਾ, ਮਸਾਂ ਚੁੱਪ ਕੀਤੀæææਫਿਰ ਜੋ ਦੱਸੇ, ਸੁਣਿਆ ਨਾ ਜਾਵੇ। ਆਂਹਦੀ, ਇਹ ਪੁਲਸੀਆ ਮੰਤਰੀ ਦਾ ਆ ਰੱਖਿਆ ਗਾਰਡ। ਇਹ ਸਾਡੇ ਘਰ ਆਉਂਦਾ-ਜਾਂਦਾ ਸੀ। ਸਮੈਕ ਵੇਚਦਾ, ਨਾਲੇ ਪੀਂਦਾ। ਹੁਣ ਵੀ ਪੱਕੀ ਪੀਤੀ ਹੋਊ। ਪਰਸੋਂ ਸਾਡੇ ਘਰ ਆਇਆ। ਮੇਰੀ ਇੱਜ਼ਤ ਨੂੰ ਪੈ ਗਿਆ, ਮੈਂ ਰੌਲਾ ਪਾ ਕੇ ਜਾਨ ਬਚਾਈ। ਇਹਨੇ ਮਾਰਿਆ ਮੇਰੇ ਘਰ ਵਾਲੇ ਨੂੰ। ਛੇ ਮਹੀਨੇ ਹੋ ਗਏ ਉਹਨੂੰ ਥੇਹ ਪੈਣੇ ਨੂੰ ਮਰ ਗਿਆ। ਮੈਂ ਭੁੱਖੀ ਆਂ, ਕੀ ਕਰਾਂ। ਮੈਂ ਨ੍ਹੀਂ ਲਾਹੀ ਕੋਈ ਚੈਨੀ-ਚੂਨੀ। ਲੁੱਚਾ ਝੂਠ ਬੋਲਦਾ। ਕੈਮਰੇ ਆਲਾ ਪੁੱਛਣ ਲੱਗਾ, ਫ਼ੇ’ ਬੀਬਾ! ਏਥੇ ਕੀ ਕਰਦੀ ਆਂ?”
“ਹਾਂ ਹਾਂ ਹਾਅ ਦੱਸ?”
“ਆਖੇ ਮੰਗਦੀ ਆਂ। ਸਹੁਰਾ ਹੈ ਨ੍ਹੀਂ, ਦਿਓਰ ਵੀ ਇਹੀ ਸੁਆਹ ਪੀਂਦਾ ਅੱਗ ਲੱਗਣੀ ਸਮੈਕ। ਉਹ ਕੁੱਟਦਾ, ਕਹਿੰਦਾ, ਜਾਹ ਮੰਗ ਕੇ ਖਾ, ਨਾਲੇ ਲਿਆ। ਉਹ ਵੀ ਇਹਦੇ ਨਾਲ ਰਲਿਆ ਹੋਇਐ, ਕੁੱਤੇ ਪੁਲਿਸ ਆਲੇ ਨਾਲ। ਬਈ ਜਾਗਰਾ! ਉਹਨੇ ਕਿਤੇ ਧਾਹ ਮਾਰੀæææਆਂਹਦੀ, ਵੇ ਰੱਬਾ! ਲੁੱਟ ਲਈ ਤੇਰੀ ਲੰਕਾ ਚੋਰਾਂ ਨੇ। ਚੰਗੇ ਘਰ ਦੀ ਸੀ, ਮੰਗਣ ਲਾ’ਤੀ। ਉਤੋਂ ਆਹ ਕੁਟਾਪਾ! ਮੈਂ ਜਾਵਾਂ ਤਾਂ ਡਾਢਿਆ ਕਿਥੇ ਜਾਵਾਂ? ਖੂਹ-ਖਾਤਾ ਗੰਦਾ ਕੀਤਾ ਤਾਂ ਜੁਆਕ ਰੂਲ ਜੂæææਹਾਏ ਓਏæææਸੁਣ ਕਿਤੇ ਮੇਰੀ। ਖਾ ਗਈ ਸਮੈਕ ਪੰਜਾਬ ਦੇ ਪੁੱਤ।”
“ਫੇਰ ਧਰਮ ਰਾਜ ਨ੍ਹੀਂ ਕੁਛ ਬੋਲਿਆ?”
“ਉਹ ਵੀ ਮੈਨੂੰ ਵਿਚਾਰਾ ਹੀ ਲੱਗਾ। ਮਣ-ਮਣ ਅੱਥਰੂ ਸੁੱਟੇ ਅੱਖਾਂ ਵਿਚੋਂ ਜਾਗਰਾ। ਕੈਮਰੇ ਵਾਲੇ ਨੂੰ ਫੇਰ ਹੁਕਮ ਹੋ ਗਿਆ ਕਿ ਚੱਲ ਕਿਤੇ ਚੱਲ, ਕਰ ਫਿੱਟ ਕੈਮਰਾ।æææਤੁਰ ਪਿਆ ਵਿਚਾਰਾ।”
“ਅੱਗੇ ਫੇ’ ਸੁੱਖ ਰਹੀ?”
“ਸੁਣæææਅੱਗੇ ਤਾਂ ਚਿੜੀਆਂ ਨੂੰ ਬਾਜ਼ ਪੈਂਦੇ ਦੇਖ।æææਕੈਮਰਾ ਘੁੰਮ ਗਿਆ ਇਕ ਹੋਰ ਘਰ ‘ਤੇ।”
“ਉਥੇ ਕੀ ਹੁੰਦਾ ਸੀ?”
“ਹੋਣਾ ਸੁਆਹæææਜੋ ਘਰ-ਘਰ ਪੰਜਾਬ ਹੋਣ ਵਾਲੈ। ਉਸ ਘਰ ਮਕਾਣ ਆਈ ਹੋਈæææਲਾਸ਼ ਵਿਹੜੇ ਵਿਚ ਟੁੱਟੇ ਜਿਹੇ ਮੰਜੇ ਉਤੇ ਪਈ, ਸੱਜ ਵਿਆਹੀ ਚੂੜਾ ਭੰਨੇæææ।”
“ਉਹਨੂੰ ਕੀ ਹੋਇਆ?”
“ਕਾਲਜਾ ਫਟਦਾ ਸੀ ਜਾਗਰਾ ਵੇਖ ਕੇ। ਵਿਚਾਰੀ ਦੇ ਹਾੜ੍ਹੇ ਨਾ ਸੁਣੇ ਜਾਣ। ਕਿਸੇ ਬੇਈਮਾਨ ਵਿਚੋਲੇ ਨੇ ਗਰੀਬ ਘਰ ਦੀ ਕੁੜੀ ਵੇਖ ਕੇ ਲਾ’ਤੀ ਵਿਚਾਰੀ ਨਸ਼ੇੜੀ ਦੇ ਲੜ। ਸਮੈਕ ਪੀਂਦਾ ਸੀ। ਕੁੜੀ ਦੇ ਤਾਅਨੇ ਨਾ ਸੁਣੇ ਜਾਣ। ਆਖੇæææਜਿਨ੍ਹਾਂ ਕੰਜਰਾਂ ਨੇ ਪਿਛਲੀਆਂ ਵੋਟਾਂ ਵਿਚ ਪੀਣ ਲਾਇਆ ਸੀ, ਐਤਕੀਂ ਮਾੜੀ ਕਿਸਮਤ ਨੂੰ ਨਵੀਂ ਪਾਰਟੀ ਆਲਿਆਂ ਦੀ ਮਦੈਤ ਕਰਨ ਲੱਗ ਪਿਆ। ਰੜਕ ਪਿਆ ਅੱਖਾਂ ਵਿਚ। ਊਂ ਪੀਂਦਾ ਰਹਿੰਦਾ ਤਾਂ ਦੋ-ਚਾਰ ਸਾਲ ਕੱਟ ਜਾਣੇ ਸੀ, ਚੁਕਾ’ਤਾ ਵਿਰੋਧੀਆਂ ਨੇ ਪੁਲਿਸ ਕੋਲ, ਅਖੇ ਸਮੈਕ ਵੇਚਦਾ। ਅੱਠ ਦਿਨ ਰੱਖਿਆ ਅੰਦਰ। ਕੁੱਟ-ਕੁੱਟ ਹੱਡੀਂ ਰਾਧ ਪਾ’ਤੀ ਜਲ ਜਾਣਿਆਂ ਨੇ। ਮਰਿਆ ਕੱਲ੍ਹ ਘਰ ਸੁੱਟ ਗਏ। ਆਖੇæææਰੱਬਾ! ਤੂੰ ਹੀ ਕਰ ਕੁਛ, ਮੈਂ ਕੀ ਕਰੂੰਗੀ? ਲਾਲ ਚੁੰਨੀ ਦਾ ਰੰਗ ਰਾਤੋ-ਰਾਤ ਚਿੱਟਾ ਕਰਨ ਵਾਲਿਆ!æææਤੈਨੂੰ ਕੀ ਕਹਾਂ? ਤੇ ਨਾਲ ਹੀ ਵਿਚਾਰੀ ਨੂੰ ਗਸੀ ਪੈ ਗਈ।”
“ਯਾਰ ਧੰਨਿਆ! ਇਹ ਸੁਣ ਕੇ ਹੀ ਸਾਡਾ ਕਾਲਜਾ ਬਾਹਰ ਨੂੰ ਆਉਂਦੈਂ, ਧਰਮ ਰਾਜ ਨ੍ਹੀਂ ਕੁਛ ਬੋਲਿਆ?”
“ਬੋਲਿਆ ਤਾਂ ਜਾਗਰਾ ਕੁਛ ਨ੍ਹੀਂ, ਤੇਲੀਓ-ਤੇਲੀ ਹੋ ਗਿਆ। ਪਾਣੀ ਦਾ ਗਲਾਸ ਲਿਆ ਕੇ ਦਿੱਤਾ। ਦੋ ਘੁੱਟ ਹੀ ਭਰੇ ਹੋਣਗੇ, ਆਂਹਦਾæææਬੰਦ ਕਰ ਦਿਓ ਟੈਲੀਵਿਜ਼ਨ ਥੋੜ੍ਹੇ ਚਿਰ ਲਈ। ਹਾਲੇ ਬਟਨ ਦੱਬਿਆ ਹੀ ਸੀ, ਇਕ ਔਰਤ ਨਿਕਲ ਕੇ ਆ ਖੜ੍ਹੀ ਹੋਈ ਧਰਮ ਰਾਜ ਮੂਹਰੇ। ਲੱਗ ਪਈ ਉਲਰ-ਉਲਰ ਬੋਲਣ।”
“ਆਹ ਧੰਨਿਆæææਵਿਚੇ ਹੋਰ ਰੌਲਾ ਪਾ ਲਿਆ। ਇਹ ਕੀ ਗੱਲ ਹੋਈ?”
“ਜਾਗਰਾ, ਬੀਬੀ ਨੇ ਤਾਂ ਚਲਾ’ਤੇ ਅਨਾਰ ਪੂਰੇ। ਟੁੱਟ-ਟੁੱਟ ਪਵੇ। ਆਖੇæææਦੇ-ਦੇ ਸਾਨੂੰ ਹੋਰ ਫਾਹੇ। ਗੁਰੂਆਂ ਪੀਰਾਂ ਦੀ ਧਰਤੀ ‘ਤੇ ਅਨਰਥ ਹੋ ਰਿਹੈ। ਮੈਂ ਆਪਣੇ ਦੋ ਪੁੱਤ ਮਰਵਾ ਕੇ ਆਪ ਫਾਹਾ ਲੈ ਕੇ ਮਰ-ਮੁੱਕ ਕੇ ਆਈ ਆਂæææਹਵਾ ਵਿਚ ਜ਼ਹਿਰ, ਰੱਬਾæææਪਾਣੀ ਵਿਚ ਜ਼ਹਿਰ, ਖਾਣੇ ਵਿਚ ਜ਼ਹਿਰ, ਤੇਰੇ ਲੀਡਰਾਂ ਨੇ ਘੋਲ’ਤੀ ਘਰ-ਘਰ ਜ਼ਹਿਰ। ਤੇਰੇ ਜੇ ਐਨਕਾਂ ਨ੍ਹੀਂ ਲੱਗੀਆਂ, ਤਾਂ ਦੀਂਹਦਾ ਨ੍ਹੀਂæææਨਹੀਂ ਦੀਂਹਦਾ ਤਾਂ ਖੋਪੇ ਚੜ੍ਹਾ ਲੈ। ਦੋ ਪੁੱਤ-ਮਾਂ ਹੁਣੇ ਗੋਲੀਆਂ ਨਾਲ ਪਰੁੰਨ ਦਿੱਤੇ ਨੇ। ਮਾਂਵਾਂ ਦੀਆਂ ਗੋਦਾਂ ਵਿਚ ਹਲਕੇ ਹੋਏ ਇਹ ਹਾਕਮ ਲੱਤਾਂ ਮਾਰ ਰਹੇ ਨੇ। ਥੱਲੇ ਤਾਂ ਉਨ੍ਹਾਂ ਤੋਂ ਰਾਜ ਨ੍ਹੀਂ ਚੱਲਦਾ, ਪਰਜਾ ਪਿੱਟ-ਸਿਆਪੇ ਕਰ ਰਹੀ ਐ। ਲਗਦੈ, ਤੇਰਾ ਵੀ ਰਾਜ ਨ੍ਹੀਂ ਚੱਲਣਾ ਚਾਰ ਦਿਨ। ਲੋਕਾਂ ਦਾ ਵਿਸ਼ਵਾਸ ਉਠਦਾ ਜਾ ਰਿਹੈ। ਕਰ ਕੁਛ, ਨਹੀਂ ਤਾਂ ਬਗਾਵਤ ਹੋ ਜੂ। ਲੋਕੀਂ ਤੇਰੇ ਵਿਰੁਧ ਲਲਕਾਰੇ ਮਾਰਨ ਨੂੰ ਫਿਰਦੇ ਐ। ਚੁੱਕ ਲਿਆ ਹੇਠੋਂ ਸਭ ਬੇਈਮਾਨ, ਕਰਦੇ ਪੰਜਾਬ ਦਾ ਭਲਾ। ਹੁਣ ਦੇਖ ਕੀ ਰਿਹੈਂ?æææਬਈ ਬੀਬੀ ਤਾਂ ਚੁੱਪ ਨਾ ਕਰੇ।”
“ਫਿਰ ਉਹਦਾ ਕੀ ਕੀਤਾ?”
“ਉਹਨੂੰ ਉਹਦੀਆਂ ਚਾਰ ਚੁਪੈਣਾਂ ਧੂਹ ਕੇ ਲੈ ਗਈਆਂ ਅੰਦਰ, ਜਿਵੇਂ ਹੇਠਾਂ ਮਾਸਟਰਨੀਆਂ, ਨਰਸਾਂ ਵਿਚਾਰੀਆਂ ਨੂੰ ਪੁਲਿਸ ਆਲੇ ਘੜੀਸਦੇ ਆ। ਫਰਕ ਤਾਂ ਸਿਰਫ ਏਨਾ ਕੁ ਸੀ ਕਿ ਡਾਗਾਂ ਨ੍ਹੀਂ ਵੱਜਦੀਆਂ ਉਪਰ। ਊਂ ਬਈ ਧਰਮ ਰਾਜ ਦੀ ਹਾਲਤ ਬੜੀ ਪਤਲੀ ਹੋਈ ਪਈ ਸੀ।”
“ਉਹ ਤਾਂ ਖੈਰ ਹੋਣੀ ਹੀ ਸੀ, ਹੈਨ੍ਹੀਆਂ ਕਿਤੇ ਸੁਣ ਤੇ ਜਰ ਹੁੰਨੀਆਂ।”
“ਪਰ ਜਾਗਰਾ ਅੱਗੇ ਸੁਣ।”
“ਉਹ ਤਾਂ ਸੁਣਦਾ, ਆਹ ਮਾਹਟਰ ਨੀਵੀਆਂ ਪਾ ਕੇ ਬੈਠਾ, ਘੁੱਗੂ-ਵੱਟਾ ਬਣ ਕੇ। ਅੱਗੇ ਤਾਂ ਗੱਲ ਥੱਲੇ ਨ੍ਹੀਂ ਲੱਗਣ ਦਿੰਦਾ ਹੁੰਦਾæææਅੱਜ ਬੋਲਦਾ ਈ ਨ੍ਹੀਂ।”
“ਧੰਨਿਆ, ਮੈਂ ਤਾਂ ਤੈਨੂੰ ਅਮਲੀ-ਵੈਲੀ ਹੀ ਸਮਝਦਾ ਰਿਹਾ ਸਾਰੀ ਉਮਰ, ਪਰ ਤੂੰ ਤਾਂ ਧੁੰਨੀ ਤੱਕ ਸਿਆਣਾ।”
“ਦੇਖ ਲੈ ਜਾਗਰਾ ਦੇਖ ਲੈæææਬਾਜ਼ ਨ੍ਹੀਂ ਆਉਂਦਾ ਮਾਸਟਰ। ਫਿਰ ਦੰਦੀ ਵੱਢ’ਤੀ, ਅਖੇ ਸਿਆਣਾ ਧੁੰਨੀ ਤੱਕ।æææਸਿਆਣਾ ਤਾਂ ਚਲੋ ਅੱਜ ਪਹਿਲੀ ਵਾਰ ਆਖ’ਤਾæææਪਰ ਧੁੰਨੀ ਤੱਕ ਦਾ ਕੀ ਮਤਬਲ ਹੋਇਆ?”
“ਧੰਨਿਆ, ਦਰਦ ਜਦੋਂ ਧੁੰਨੀ ਹੇਠਾਂ ਹੁੰਦਾ, ਤਾਂ ਜਰ ਨ੍ਹੀਂ ਹੁੰਦਾæææ।”
“ਮੈਂ ਤੈਨੂੰ ਕਦੋਂ ਕਿਹਾ ਮੇਰੇ ਦਰਦ ਹੁੰਦਾ?”
“ਯਾਰ ਸਿਫਤ ਕਰ ਕੇ ਵੀ ਫਸ ਗਿਆæææਮੈਂ ਤਾਂ ਇਸ ਕਰ ਕੇ ਕਿਹਾ, ਪਈ ਧੁੰਨੀ ਹੇਠਾਂ ਢਿੱਡ ਹੁੰਦਾ, ਤੂੰ ਢਿੱਡੋਂ ਸਿਆਣਾ ਨਿਕਲਿਐਂ।”
“ਆਹ ਹੋਈ ਨਾ ਗੱਲ ਪਤੇ ਦੀ, ਲੈ ਬਈ ਅੱਗੇ ਸੁਣੋæææਧਰਮ ਰਾਜ ਦੇ ਦਰਬਾਰ ਵਿਚ ਪੂਰੀ ਕਾਂਵਾਂ-ਰੌਲੀ ਪੈ ਗਈ।æææਤੇ ਵਿਚੇ ਪਤਾ ਨ੍ਹੀਂ ਕਿਧਰੋਂ ਨਿਕਲ ਆਇਆ ਆਪਣਾ ਤੇਲੂ।”
“ਓ ਧੰਨਿਆ ਠੋਲੂਕਿਆਂ ਦਾ? ਉਹਨੂੰ ਤਾਂ ਮਰ ਗਏ ਨੂੰ ਬੜੇ ਸਾਲ ਹੋ ਗਏ। ਨਾਗਣੀ ਖਾਂਦਾ ਹੁੰਦਾ ਸੀ ਕਾਲੀ।”
“ਮਾਹਟਰਾ ਫਿਰ ਕਰ’ਤੀ ਲਿੱਦ। ਅਖੇ ਪੜ੍ਹਿਆ-ਲਿਖਿਆæææ?”
“ਇਹਨੂੰ ਜਾਗਰਾ ਇਹ ਨ੍ਹੀਂ ਪਤਾ, ਪਈ ਨਾਗਣੀ ਕਾਲੀ ਹੀ ਹੁੰਦੀ ਐ, ਚਿੱਟੀ ਨ੍ਹੀਂ।”
“ਉਹ ਬੁੱਧੂ ਧੰਨਿਆ, ਕੌਣ ਪੁੱਛਦਾ ਹੁਣ ਨਾਗਣੀ ਨੂੰæææਕਾਲੀ ਹੋਵੇ ਜਾਂ ਚਿੱਟੀæææਹੁਣ ਤਾਂ ਚਿੱਟੇ ਦੇ ਜੈਕਾਰੇ ਵੱਜਦੇ ਆ।”
“ਬਈ ਕਰ’ਤੀ ਫੇਰ ਸਿਆਣੀ ਗੱਲ। ਹਾਅ ਈ ਉਥੇ ਤੇਲੂ ਨੇ ਧਰਮ ਰਾਜ ਅੱਗੇ ਰੌਲੀ ਪਾ ਲਈ।”
“ਕੀ?”
“ਜਾਗਰਾ ਜਿਹੜਾ ਤੀਵੀਂ ਮੂਹਰੇ ਨ੍ਹੀਂ ਬੋਲਦਾ ਸੀ, ਉਹ ਧਰਮ ਰਾਜ ਵੱਲ ਅੱਖਾਂ ਕੱਢ-ਕੱਢ ਆਵੇ।”
“ਆਹੋ ਧੰਨਿਆæææਕਹਿੰਦੇ ਆ, ਉਥੇ ਅਮਰੀਕਾ ਵਾਂਗੂੰ ਹਰ ਕਿਸੇ ਨੂੰ ਪੂਰੀ ਗੱਲ ਕਹਿਣ ਦਾ ਹੱਕ ਐ।”
“ਲੈ ਹੁਣ ਮਾਹਟਰ ਨੇ ਵਿਚ ਅਮਰੀਕਾ ਵਾੜ’ਤਾ। ਚੁੱਪ ਰਹਿ, ਮੈਨੂੰ ਤੇਲੂ ਦੀ ਗੱਲ ਕਰਨ ਦੇ।”
“ਚੱਲ ਕਰ।”
“ਆਖਦਾæææਅਮਲੀਆਂ ਨੇ ਬੜੀਆਂ ਜਰੀਆਂ ਹੇਠਾਂæææਸਰਕਾਰਾਂ ਦੀਆਂ ਵੀ, ਤੇ ਉਪਰ ਤੇਰੀਆਂ ਵੀ। ਸਾਨੂੰ ਨਰਕ ਵਿਚ ਤੁੰਨ੍ਹਿਆ ਹੋਇਆ, ਤੇ ਸਾਨੂੰ ਲੁੱਟਣ ਤੇ ਕੁੱਟਣ ਵਾਲੇ ਜਿੱਦਣ ਵੜੇ ਨਾ ਤੇਰੇ ਮਹਿਲੀਂæææਵੇਖੀਂ ਧਰੂ ਤਾਰਾ ਚੜ੍ਹਦਾ! ਉਨ੍ਹਾਂ ਨੇ ਚੋਣਾਂ ਕਰਾਉਣੀਆਂ ਆ ਕੇæææਵੋਟਾਂ ਖੈਰ! ਉਨ੍ਹਾਂ ਨੂੰ ਤਾਂ ਅਸੀਂ ਹੁਣ ਕੀ ਪਾਉਣੀਆਂ, ਪਹਿਲਾਂ ਈ ਰੱਜੇ ਪਏ ਆਂæææਜੇ ਤੂੰ ਆਪਣੀ ਗੱਦੀ ਬਚਾਉਣੀ ਆਂæææਤਾਂ ਸਾਨੂੰ ਨਰਕ ਵਿਚੋਂ ਕੈਦੀਆਂ ਵਾਂਗ ਮੁਆਫੀ ਦੇ ਕੇ ਕੱਢ। ਨਹੀਂ ਤਾਂ ਫਿਰ ਹੋਰ ਕੋਈ ਚਾਰਾ ਨ੍ਹੀਂæææਅਸੀਂ ਬੱਕਰੇ ਵਾਂਗ ਆਉਂਦੇ ਢਾਅ ਲੈਣੇ ਆ।”
“ਬਈ ਤੇਲੂ ਏਨਾ ਤਿੱਖਾ ਹੋ ਗਿਆ?”
“ਉਹ ਤਾਂ ਲੀਡਰ ਬਣਿਆ ਫਿਰਦੈ ਉਥੇ। ਬਈ ਜਦ ਨੂੰ ਟੈਲੀਵਿਜ਼ਨ ਫੇਰ ਚੱਲ ਪਿਆ। ਇਕ ਬੁੱਢੀ ਮਾਂ ਦੁਹੱਥੜਾਂ ਮਾਰਦੀ ਆਵੇ। ਰੋਕ ਲਿਆ ਉਹਨੂੰ ਕੈਮਰੇ ਵਾਲੇ ਨੇæææਅਖੇ, ਬੀਬੀ ਕਿਥੇ ਚੱਲੀ ਆਂ? ਕਹਿਣ ਲੱਗੀ, ਮੇਰੇ ਘਰ ਵਾਲਾ ਮਰ ਗਿਆ ਪਿਛਲੇ ਸਾਲ ਸਮੈਕ ਪੀ ਕੇ, ਸਭ ਕੁਝ ਵੇਚ-ਵੱਟ ਕੇ ਖਾ ਗਿਆ, ਪਰ ਤੁਸੀਂ ਹੋ ਕੌਣ ਮੈਨੂੰ ਰੋਕੋ ਨਾ।æææਕੈਮਰੇ ਆਲਾ ਬੋਲਿਆ, ਬੀਬੀ, ਮੈਨੂੰ ਧਰਮ ਰਾਜ ਨੇ ਭੇਜਿਆæææ ਅਸੀਂ ਇਹੋ ਕੁਝ ਤਾਂ ਦੇਖਣ ਆਏ ਆਂ।æææਉਹ ਹੋਰ ਭੁੜਕ ਪਈ, ਜਾਓ ਚਲੇ ਜਾਓæææਝੂਠ ਬੋਲਦੇ ਆ, ਉਹ ਤਾਂ ਅੰਨ੍ਹਾ ਹੋ ਗਿਐ।”
“ਫੇਰ?”
“ਜਾਗਰਾ, ਉਹਨੇ ਕੈਮਰਾ ਪਿਛੇ ਨੂੰ ਘੁਮਾ ਕੇ ਵਿਖਾਇਆ, ਬੀਬੀ ਆਹ ਦੇਖ ਦੋ ਔਰਤਾਂ ਦੇ ਦੁੱਖ।æææਬਹਿ ਜਾਏ ਬੇੜਾ ਤੇਰਾæææਇਹ ਕੁੱਟ ਖਾਣ ਵਾਲੀ ਮੇਰੀ ਨੂੰਹ ਆ, ਤੇ ਹੁਣੇ ਰੰਡੀ ਹੋਈ ਦੂਜੀ ਮੇਰੀ ਧੀ ਆæææਤੇ ਨਾਲ ਹੀ ਬੇਹੋਸ਼ ਹੋ ਕੇ ਡਿੱਗ ਪਈ, ਤੇ ਉਧਰæææ?”
“æææਤੇ ਉਧਰ ਕੀ?”
“ਨਾਲੇ ਧਰਮ ਰਾਜ ਬੇਹੋਸ਼ ਹੋ ਗਿਆ। ਪੈ ਗਿਆ ਰੌਲਾ, ਪਈ ਹਰਟ ‘ਟੈਕ।æææਜਦ ਨੂੰ ਖੁੱਲ੍ਹ ਗਈ ਮੇਰੀ ਅੱਖ।”
“ਫਿਰ ਰੋਦਾਂ ਕਿਉਂ ਸੀ?”
“ਪਤਾ ਨ੍ਹੀਂ ਧਰਮ ਰਾਜ ਜਿਉਂਦਾ ਕਿ ਨਹੀਂ?”
æææਤੇ ਤਿੰਨੇ ਤਾਸ਼ ਵਾਂਗ ਖਿਲਰ ਗਏ।

Be the first to comment

Leave a Reply

Your email address will not be published.