ਲੋਕਾਂ ਦਾ ਭਵਿੱਖ ਦੇਖਣ-ਦੱਸਣ ਦਾ ਭੇਤ

ਗੁਰਬਚਨ ਸਿੰਘ ਭੁੱਲਰ
ਸਾਡੇ ਪਿੰਡ ਜਮਨਾ ਦਾਸ ਸਾਧ ਹੁੰਦਾ ਸੀ। ਉਹਦੇ ਹਾਣੀਆਂ ਨੂੰ ਛੱਡ ਕੇ ਸਭ ਲੋਕ ਉਹਨੂੰੰ ਬਾਬਾ ਆਖਦੇ। ਉਹਦੇ ਬਾਰੇ, ਖਾਸ ਕਰਕੇ ਔਰਤਾਂ ਵਿਚ, ਇਹ ਮਾਨਤਾ ਸੀ ਕਿ ਉਹ ਪੁੱਛਾਂ ਦਿੰਦਾ ਹੈ ਤੇ ਅਗਲੇ ਦੇ ਭਵਿੱਖ ਵਿਚ ਝਾਕ ਲੈਂਦਾ ਹੈ। ਕੁਦਰਤੀ ਸੀ, ਅਨਪੜ੍ਹਤਾ ਦੇ ਉਸ ਜ਼ਮਾਨੇ ਵਿਚ ਬਹੁਤ ਸਾਰੇ ਲੋਕ ਉਹਤੋਂ ਭਵਿੱਖ ਵੀ ਪੁਛਦੇ ਤੇ ਆਪਣੀਆਂ ਅਜੋਕੀਆਂ ਉਲਝਣਾਂ ਸੁਲਝਾ ਕੇ ਭਵਿੱਖ ਨੂੰ ਚੰਗੇਰਾ ਵੀ ਬਣਵਾਉਣਾ ਚਾਹੁੰਦੇ। ਜਦੋਂ ਮੈਂ ਵਿਦਿਆਰਥੀ ਸੀ, ਉਹਦੀ ਉਮਰ ਸੱਠ ਸਾਲ ਤੋਂ ਵੱਧ ਹੋਵੇਗੀ। ਮੈਥੋਂ ਵੱਡੇ-ਛੋਟੇ ਉਹਦੇ ਦੋ ਪੋਤੇ- ਬਲਦੇਵ ਸਿੰਘ ਤੇ ਬਾਬੂ ਸਿੰਘ ਮੇਰੇ ਹਮਸਕੂਲ ਸਨ। ਉਹਦੀ ਇਕ ਗੱਲ ਬੜੀ ਅਜੀਬ ਸੀ। ਉਹਦੇ ਮੂੰਹ ਉਤੇ ਦਾੜ੍ਹੀ-ਮੁੱਛ ਦਾ ਇਕ ਵੀ ਵਾਲ ਨਹੀਂ ਸੀ। ਇਸ ਕਰਕੇ ਉਹਦਾ ਚਿਹਰਾ ਬਹੁਤ ਵੱਖਰਾ ਜਿਹਾ ਲਗਦਾ। ਛੋਟੀਆਂ ਅੱਖਾਂ ਤੇ ਅੱਗੇ ਨੂੰ ਵਧੀ ਹੋਈ ਠੋਡੀ ਨਾਲ ਉਹ ਉਮਰੋਂ ਹੋਰ ਵੀ ਵੱਡਾ ਦਿਸਦਾ। ਉਹ ਵੱਡਾ ਸਫ਼ੈਦ ਪੱਗੜ ਬੰਨ੍ਹਦਾ। ਸਫ਼ੈਦ ਖੱਦਰ ਦੇ ਲੰਮੇ ਕੁੜਤੇ ਨਾਲ ਉਹਨੇ ਖੱਦਰ ਦੀ ਹੀ ਉਚੀ ਜਿਹੀ ਧੋਤੀ ਬੰਨ੍ਹੀ ਹੋਈ ਹੁੰਦੀ। ਸਹਾਰੇ ਵਾਸਤੇ ਉਹ ਹੱਥ ਵਿਚ ਕਿਸੇ ਦਰਖਤ ਤੋਂ ਵੱਢੀ ਹੋਈ ਸੋਟੀ ਰਖਦਾ।
ਸਾਡੇ ਪਰਿਵਾਰ ਨਾਲ ਉਹਦੀ ਖਾਸੀ ਨੇੜਤਾ ਸੀ। ਪਰ ਇਹਦਾ ਕਾਰਨ ਉਹਦਾ ਭਵਿੱਖ-ਦ੍ਰਿਸ਼ਟਾ ਹੋਣਾ ਨਹੀਂ ਸੀ। ਮੇਰੇ ਮਾਤਾ-ਪਿਤਾ ਤੇ ਚਾਚੇ ਪੱਕੇ ਅੰਮ੍ਰਿਤਧਾਰੀ ਹੋਣ ਕਰਕੇ ਅਜਿਹੀਆਂ ਗੱਲਾਂ ਵਿਚ ਉਕਾ ਹੀ ਕੋਈ ਭਰੋਸਾ ਨਹੀਂ ਸਨ ਰਖਦੇ। ਇਸ ਨੇੜਤਾ ਦਾ ਕਾਰਨ ਹੋਰ ਸੀ। ਸਾਡਾ ਘਰ ਫਿਰਨੀ ਉਤੇ ਸੀ। ਘਰ ਅੱਗੇ ਕੱਚੇ ਚੌਂਤਰੇ ਉਤੇ ਦੋ ਬਹੁਤ ਵੱਡੇ ਨਿੰਮ ਸਨ। ਇਕ ਪਾਸੇ ਕੰਧ ਨਾਲ ਪੱਕਾ ਥੜ੍ਹਾ ਬਣਿਆ ਹੋਇਆ ਸੀ ਜੀਹਦੇ ਨਾਲ ਇਕ ਖੁੰਢ ਪਿਆ ਸੀ। ਅਸੀਂ ਦੋ ਬੈਂਚ ਵੀ ਉਥੇ ਰੱਖੇ ਹੋਏ ਸਨ। ਉਸ ਬੇਸੜਕੇ ਜ਼ਮਾਨੇ ਵਿਚ ਕੱਚੇ ਚੌਂਤਰੇ ਤੋਂ ਅੱਗੋਂ ਦੀ ਜਾਂਦਾ ਰਾਹ ਕੋਈ ਇਕ ਦਰਜਨ ਪਿੰਡਾਂ ਨੂੰ ਮੰਡੀ ਫੂਲ ਨਾਲ ਜੋੜਦਾ ਸੀ। ਰਾਹੀ ਨਿੰਮਾਂ ਹੇਠ ਦਮ ਲੈਂਦੇ ਤੇ ਪਾਣੀ-ਧਾਣੀ ਪੀਂਦੇ। ਗਰਮੀਆਂ ਵਿਚ ਤਾਂ ਮੇਰੇ ਚਾਚਾ ਜੀ ਸਿਰਕੀਆਂ ਦੀ ਛਪਰੀ ਪਾ ਕੇ ਪਿਆਓ ਲਾ ਲੈਂਦੇ।
ਬਾਬਾ ਜਮਨਾ ਵਾਰੀ ਵਾਰੀ ਚੁਫੇਰੇ ਦੇ ਪਿੰਡਾਂ ਤੋਂ ਆਟੇ ਦਾ ਗਜਾ ਕਰਨ ਜਾਂਦਾ। ਜਦੋਂ ਉਹ ਕਿਸੇ ਇਧਰਲੇ ਪਿੰਡ ਜਾਂਦਾ ਤਾਂ ਮੁੜਦਾ ਹੋਇਆ ਨਿੰਮਾਂ ਹੇਠ ਦਮ ਲੈਂਦਾ ਤੇ ਜਲ ਛਕਦਾ। ਉਹ ਬੈਂਚ ਜਾਂ ਥੜ੍ਹੇ ਉਤੇ ਨਹੀਂ ਸੀ ਬੈਠਦਾ, ਥੜ੍ਹੇ ਨਾਲ ਪਏ ਖੁੰਢ ਉਤੇ ਬੈਠਦਾ। ਉਹਦੀ ਪਿੱਠ ਪਿੱਛੇ ਬੰਨ੍ਹੀ ਹੋਈ ਆਟੇ ਦੀ ਡੱਗੀ ਥੜ੍ਹੇ ਉਤੇ ਟਿਕ ਜਾਂਦੀ ਅਤੇ ਉਹ ਡੱਗੀ ਲਾਹੇ ਬਿਨਾਂ ਉਹਦੇ ਭਾਰ ਤੋਂ ਮੁਕਤ ਹੋ ਕੇ ਬੈਠ ਸਕਦਾ। ਇਉਂ ਬੈਠ ਕੇ ਉਹ ਬਹੁਤ ਖ਼ੁਸ਼ ਹੁੰਦਾ ਤੇ ਕਈ ਵਾਰ ਇਹ ਖ਼ੁਸ਼ੀ ਸਾਡੇ ਨਾਲ ਸਾਂਝੀ ਵੀ ਕਰਦਾ, “ਭਾਈ, ਥੜ੍ਹੇ ਕੋਲ ਇਹ ਖੁੰਢ ਤਾਂ ਤੁਸੀਂ ਮੇਰੀ ਖਾਤਰ ਹੀ ਰੱਖਿਆ ਹੈ!”
ਇਹ ਤਾਂ ਹੋਈ ਭੂਮਿਕਾ, ਜਿਹੜੀ ਅਸਲ ਗੱਲ ਮੈਂ ਸੁਣਾਉਣ ਲੱਗਾਂ, ਉਹ ਉਸ ਸਮੇਂ ਦੀ ਹੈ ਜਦੋਂ ਮੈਂ ਕਾਲਜ ਦਾ ਇਮਤਿਹਾਨ ਦੇ ਕੇ ਵਿਹਲਾ ਨਤੀਜਾ ਉਡੀਕ ਰਿਹਾ ਸੀ। ਇਕ ਦਿਨ ਮੈਂ ਥੜ੍ਹੇ ਉਤੇ ਇਕੱਲਾ ਬੈਠਾ ਕੋਈ ਕਿਤਾਬ ਪੜ੍ਹ ਰਿਹਾ ਸੀ। ਬਾਬਾ ਆਇਆ ਅਤੇ ਆਪਣੇ ਪੱਕੇ ਆਸਨ ਉਤੇ ਟਿਕ ਗਿਆ। ਮੈਂ ਫਤਿਹ ਬੁਲਾਈ ਤਾਂ ਉਹ ਬੋਲਿਆ, “ਲਿਆ, ਭਾਈ ਬੱਚਿਆ, ਜਲ ਛਕਾ।” ਗੜਵੀ ਵਿਚ ਬਚੇ ਹੋਏ ਪਾਣੀ ਦੇ ਛਿੱਟੇ ਉਹਨੇ ਅੱਖਾਂ ਵਿਚ ਮਾਰੇ, ਪੱਗ ਦੇ ਲਟਕਦੇ ਲੰਮੇ ਲੜ ਨਾਲ ਚਿਹਰਾ ਪੂੰਝਿਆ ਤੇ ਸੌਖਾ ਹੋ ਕੇ ਤਸੱਲੀ ਨਾਲ ਬੈਠ ਗਿਆ। ਮੈਂ ਸੋਚਿਆ, ਅੱਜ ਕੋਈ ਤੀਜਾ ਕੋਲ ਨਾ ਹੋਣ ਕਰਕੇ ਬਾਬੇ ਨੂੰ ਉਹ ਸਵਾਲ ਪੁੱਛਣ ਦਾ ਵਧੀਆ ਮੌਕਾ ਹੈ ਜੋ ਚਿਰਾਂ ਤੋਂ ਮਨ ਵਿਚ ਅਟਕਿਆ ਹੋਇਆ ਹੈ। ਮੈਂ ਬਾਬੇ ਦੇ ਨੇੜੇ ਸਰਕ ਗਿਆ, “ਬਾਬਾ ਜੀ, ਕਈ ਵਾਰ ਇਕ ਗੱਲ ਤੁਹਾਥੋਂ ਪੁੱਛਣੀ ਚਾਹੀ ਹੈ। ਇਕ ਤਾਂ ਤੁਹਾਥੋਂ ਝਿਜਕ ਆ ਜਾਂਦੀ ਹੈ, ਦੂਜੇ, ਇਥੇ ਕੋਈ ਨਾ ਕੋਈ ਹੋਰ ਬੈਠਾ ਹੁੰਦਾ ਹੈ। ਝਿਜਕ ਇਹ ਹੈ ਕਿ ਸਵਾਲ ਤੁਹਾਡੇ ਕੰਮ-ਧੰਦੇ ਤੇ ਰੁਜ਼ਗਾਰ ਬਾਰੇ ਹੈ। ਬਾਬਾ ਜੀ, ਜੇ ਤੁਹਾਨੂੰ ਮੇਰੀ ਸਹੁੰ ਦਾ ਯਕੀਨ ਹੋਵੇ, ਮੈਂ ਵਚਨ ਦਿੰਦਾ ਹਾਂ ਕਿ ਇਹ ਗੱਲ ਕਦੇ ਕਿਸੇ ਤੀਜੇ ਕੋਲ ਨਹੀਂ ਜਾਵੇਗੀ। ਬੱਸ ਪੁੱਛਾਂ ਬਾਰੇ, ਭਵਿੱਖ ਦੱਸਣ ਬਾਰੇ ਮੇਰੀ ਸੱਚ ਜਾਣਨ ਦੀ ਚਾਹਨਾ ਹੈ। ਕੀ ਤੁਸੀਂ ਸੱਚਮੁੱਚ ਲੋਕਾਂ ਦੇ ਭਵਿੱਖ ਦੇਖ ਲੈਂਦੇ ਹੋ?”
ਬਾਬਾ ਦੋ ਪਲ ਚੁੱਪ ਰਿਹਾ ਜਿਵੇਂ ਡੂੰਘੀ ਸੋਚ ਵਿਚ ਡੁੱਬ ਗਿਆ ਹੋਵੇ। ਫੇਰ ਬੋਲਿਆ, “ਭਾਈ ਬੱਚਿਆ, ਤੂੰ ਤਾਂ ਮੈਨੂੰ ਬਹੁਤ ਔਖੇ ਇਮਤਿਹਾਨ ਵਿਚ ਪਾ ਦਿੱਤਾ!”
ਮੈਂ ਹੱਥ ਜੋੜੇ, “ਨਹੀਂ, ਬਾਬਾ ਜੀ, ਇਉਂ ਨਾ ਕਹੋ। ਜੇ ਤੁਸੀਂ ਨਹੀਂ ਦੱਸਣਾ ਚਾਹੁੰਦੇ, ਮਨ ਉਤੇ ਬੋਝ ਨਾ ਪਾਓ, ਬਿਲਕੁਲ ਨਾ ਦੱਸੋ।”
“ਨਹੀਂ ਭਾਈ, ਤੂੰ ਨਿਹਚੇ ਨਾਲ ਗੱਲ ਆਬਦੇ ਤੱਕ ਰੱਖਣ ਦੀ ਸਹੁੰ ਖਾ ਕੇ ਪੁੱਛਿਆ ਹੈ,” ਬਾਬਾ ਦ੍ਰਿੜ੍ਹਤਾ ਨਾਲ ਬੋਲਿਆ, “ਪਤਾ ਨਹੀਂ ਕਿਉਂ, ਤੇਰੀ ਸਹੁੰ ਉਤੇ ਇਤਬਾਰ ਕਰਨ ਨੂੰ ਦਿਲ ਕਰਦਾ ਹੈ। ਕਿਸੇ ਉਤੇ ਬੰਦੇ ਨੂੰ ਭਰੋਸਾ ਕਰ ਹੀ ਲੈਣਾ ਚਾਹੀਦਾ ਹੈ!” ਸੱਚੀ ਗੱਲ ਹੈ, ਮੈਂ ਬਾਬੇ ਨੂੰ ਦਿੱਤੀ ਸਹੁੰ ਨਿਭਾਈ ਵੀ ਪੂਰੀ। ਅੱਜ ਇਹ ਕਿੱਸਾ ਪਹਿਲੀ ਵਾਰ ਸੁਣਾਉਣ ਲੱਗਾਂ ਜਦੋਂ ਬਾਬੇ ਨੂੰ ਇਸ ਨਾਸਮਾਨ ਮਾਤਲੋਕ ਦੀ ਥਾਂ ਸੁਰਗ ਵਿਚ ਰਹਿੰਦੇ ਲੋਕਾਂ ਦਾ ਭਵਿੱਖ ਦਸਦਿਆਂ ਅੱਧੀ ਸਦੀ ਤੋਂ ਵੱਧ ਸਮਾਂ ਹੋ ਗਿਆ ਹੈ। ਮੇਰਾ ਖਿਆਲ ਨਹੀਂ, ਸੁਰਗ ਦੀ ਖਿੜਕੀ ਵਿਚੋਂ ਦੇਖ ਰਿਹਾ ਬਾਬਾ ਵੀ ਇਹਨੂੰ ਸਹੁੰ ਤੋੜੀ ਮੰਨੇਗਾ!
ਉਹ ਕਹਿੰਦਾ, “ਬੱਚਿਆ, ਮੈਂ ਤੈਨੂੰ ਇਕ ਆਪਬੀਤੀ ਸੁਣਾਉਂਦਾ ਹਾਂ। ਜੋ ਮੈਂ ਦੱਸ ਦਿੱਤਾ, ਬੱਸ ਦੱਸ ਦਿੱਤਾ। ਉਸ ਪਿੱਛੋਂ ਆਪਾਂ ਕੋਈ ਸਵਾਲ-ਜਵਾਬ ਨਹੀਂ ਕਰਾਂਗੇ।…ਮੇਰੇ ਦੋ ਭਰਾ ਟੱਲੇਵਾਲ ਪਿੰਡ ਰਹਿੰਦੇ ਨੇ। ਉਹ ਸਾਧਾਂ ਵਾਲਾ ਕੰਮ ਨਹੀਂ ਕਰਦੇ, ਖੇਤੀ ਕਰਦੇ ਨੇ। ਲੋਕ ਉਨ੍ਹਾਂ ਨੂੰ ਪੁਛਦੇ ਰਹਿੰਦੇ ਨੇ, ਬਾਬਾ ਕਦੋਂ ਆਊ? ਦੋ-ਚਹੁੰ ਮਹੀਨੀਂ ਮੈਂ ਉਥੇ ਗੇੜਾ ਮਾਰ ਆਉਂਦਾ ਹਾਂ। ਪਿਛਲੇ ਸਾਲ ਗਿਆ ਤਾਂ ਇਕ ਤੀਵੀਂ ਆਈ। ਬਹੁਤ ਰੋਈ, ਬਾਬਾ, ਮੇਰੀ ਇਕੋ ਨੂੰਹ ਹੈ, ਓਸੇ ਨੂੰ ਓਪਰੀ ਛਾਇਆ ਦੇ ਦੌਰੇ ਪੈਂਦੇ ਨੇ। ਕਿਸੇ ਵੈਦ-ਹਕੀਮ ਤੋਂ ਠੀਕ ਨਹੀਂ ਹੋਈ। ਬੈਠੀ ਬੈਠੀ ਜਾਂ ਕੰਮ ਕਰਦੀ ਕਰਦੀ ਬੇਸੁਰਤ ਹੋ ਕੇ ਡਿੱਗ ਪੈਂਦੀ ਐ। ਪਾਣੀ ਦੇ ਛਿੱਟੇ ਮਾਰ ਕੇ ਤੇ ਹੱਥ-ਪੈਰ ਮਲ ਕੇ ਮਸਾਂ ਸੁਰਤ ਵਿਚ ਲਿਆਈਂਦੀ ਐ।…ਮੈਂ ਉਹਤੋਂ ਟੱਬਰ ਦੇ ਜੀਆਂ ਦੀ ਜਾਣਕਾਰੀ ਲੈ ਲਈ ਤੇ ਕਿਹਾ, ਦਿਨ ਦਾ ਇਹ ਵੇਲਾ ਠੀਕ ਨਹੀਂ ਹੁੰਦਾ, ਪਹਿਲੇ ਪਹਿਰ ਹੀ ਰੇਖ ਵਿਚ ਮੇਖ ਵਜਦੀ ਐ। ਉਹ ਕਹਿੰਦੀ, ਉਹੋ ਵੇਲਾ ਠੀਕ ਰਹੂ, ਬਾਬਾ, ਮੇਰਾ ਮਨੁੱਖ ਇਨ੍ਹਾਂ ਗੱਲਾਂ ਨੂੰ ਮੰਨਦਾ ਨਹੀਂ ਤੇ ਕਲੇਸ਼ ਪਾ ਬਹਿੰਦਾ ਐ। ਭਲਕੇ ਉਹ ਤੇ ਵੱਡਾ ਮੁੰਡਾ ਜਦੋਂ ਖੇਤ ਨੂੰ ਤੁਰ ਗਏ, ਮੈਂ ਆ ਕੇ ਤੈਨੂੰ ਲੈ ਜਾਊਂ।”
ਬਾਬੇ ਨੇ ਸਾਹ ਲਿਆ ਤੇ ਗੱਲ ਅੱਗੇ ਤੋਰੀ, “ਮੈਂ ਗਿਆ ਤਾਂ ਘਰ ਵਿਚ ਬਹੂ ਤੋਂ ਬਿਨਾਂ ਉਹ ਤੀਵੀਂ ਸੀ, ਦਸ-ਬਾਰਾਂ ਸਾਲ ਦੇ ਮੁੰਡਾ-ਕੁੜੀ ਸੀ। ਮੈਂ ਹਿਸਾਬ ਲਾਇਆ, ਬਹੂ ਤੋਂ ਬਿਨਾਂ ਤਿੰਨ ਜਣੇ ਐ ਜੋ ਘਰੋਂ ਭੇਜਣੇ ਪੈਣੇ ਐ! ਮੈਂ ਸੱਸ ਨੂੰ ਕਿਹਾ, ਤੂੰ ਕਿਸੇ ਭਾਂਡੇ ਵਿਚ ਕੁਛ ਜਲ ਨਹਿਰ ਦਾ ਪਾ। ਫੇਰ ਛੀ ਖੂਹ-ਨਲਕਿਆਂ ਦਾ ਜਲ ਪਾ ਤੇ ਇਹ ਸੱਤ-ਜਲਾ ਬਣਾ ਕੇ ਲੈ ਆ। ਮੁੰਡੇ ਨੂੰ ਮੈਂ ਸੱਤ ਬਿਰਛਾਂ ਦੀਆਂ ਡਾਹਣੀਆਂ ਤੇ ਕੁੜੀ ਨੂੰ ਸੱਤ ਗਊਆਂ ਦਾ ਗੋਹਾ ਲਿਆਉਣ ਵਾਸਤੇ ਭੇਜ ਦਿੱਤਾ। ਉਹ ਤਿੰਨੇ ਖਾਸੇ ਚਿਰ ਵਾਸਤੇ ਆਹਰ ਲੱਗ ਗਏ। ਹੁਣ ਰਹਿ ਗਏ ਛਾਇਆ ਵਾਲੀ ਬਹੂ ਤੇ ਮੈਂ।”
ਬਾਬੇ ਦੀ ਕਹਾਣੀ ਬੜੀ ਦਿਲਚਸਪ ਸੀ। ਮੈਨੂੰ ਉਸ ਵਿਚੋਂ ਸੁਜਾਨ ਸਿੰਘ ਤੇ ਵਿਰਕ ਦੀਆਂ ਕਹਾਣੀਆਂ ਵਰਗਾ ਰਸ ਆ ਰਿਹਾ ਸੀ। ਕਥਾ ਅੱਗੇ ਤੁਰੀ, “ਮੈਂ ਕਿਹਾ, ਦੇਖ ਭਾਈ, ਤੂੰ ਮੇਰੀ ਧੀ ਤੇ ਮੈਂ ਤੇਰਾ ਪਿਓ। ਮੈਨੂੰ ਸੱਚ ਸੱਚ ਦੱਸ, ਤੈਨੂੰ ਕੀ ਦੁੱਖ ਐ? ਜੇ ਭੋਰਾ ਵੀ ਓਹਲਾ ਰੱਖੇਂਗੀ, ਉਪਾਅ ਨਹੀਂ ਹੋਣਾ। ਕੁੜੀ ਕਹਿੰਦੀ, ਬਾਬਾ, ਇਨ੍ਹਾਂ ਨੇ ਵਿਆਹ ਮਗਰੋਂ ਇਕ ਵਾਰੀਂ ਵੀ ਮੈਨੂੰ ਪੇਕੀਂ ਨਹੀਂ ਭੇਜਿਆ। ਉਨ੍ਹਾਂ ਨੂੰ ਵੀ ਕਹਿ ਦਿੱਤਾ, ਸਾਡੇ ਕੋਈ ਨਾ ਆਵੇ। ਜਦੋਂ ਮੈਨੂੰ ਮਾਂ ਤੇ ਭੈਣ-ਭਾਈ ਯਾਦ ਆਉਂਦੇ ਐ, ਮੇਰੇ ਅੰਦਰੋਂ ਵਰੋਲਾ ਉਠ ਕੇ ਸਿਰ ਨੂੰ ਚੜ੍ਹ ਜਾਂਦੈ ਤੇ ਮੈਨੂੰ ਬੇਸੁਰਤੀ ਦਾ ਦੌਰਾ ਪੈ ਜਾਂਦੈ। ਮੈਂ ਪੁੱਛਿਆ, ਪਰ ਇਨ੍ਹਾਂ ਨੇ ਇਉਂ ਨਾਤਾ ਕਿਉਂ ਤੋੜ ਲਿਆ? ਉਹ ਕਹਿੰਦੀ, ਵਿਆਹੀ ਤਾਂ ਮੈਂ ਪੁੰਨ ਦੀ ਸੀ ਪਰ ਮੇਰਾ ਸ਼ਰਾਬੀ ਪਿਓ ਵੈਰੀ ਬਣ ਗਿਆ। ਟੱਬਰ ਤੋਂ ਚੋਰੀਉਂ ਇਨ੍ਹਾਂ ਤੋਂ ਮੇਰੇ ਪੈਸੇ ਲੈ ਲਏ। ਪਿੰਡ ਦੇ ਜਿਨ੍ਹਾਂ ਲੋਕਾਂ ਨੂੰ ਪਤਾ ਲੱਗਾ, ਉਨ੍ਹਾਂ ਨੇ ਵਿਆਹ ਵੇਲੇ ਭਾਨੀ ਮਾਰ ਦਿੱਤੀ, ਜੇ ਕੁੜੀ ਭੇਜੀ, ਉਹ ਫੇਰ ਪੈਸੇ ਮੰਗੂ। ਬੱਸ ਇਨ੍ਹਾਂ ਨੇ ਮੈਨੂੰ ਵਿਆਹੀ ਆਈ ਨੂੰ ਹੀ ਨਹੀਂ ਭੇਜਿਆ। ਮੈਂ ਪੁੱਛਿਆ, ਜੇ ਇਨ੍ਹਾਂ ਦਾ ਡਰ ਸੱਚਾ ਹੋਇਆ? ਉਹ ਕਹਿੰਦੀ, ਨਹੀਂ ਬਾਬਾ, ਹੁਣ ਇਹ ਐਵੇਂ ਡਰਦੇ ਐ। ਪਤਾ ਲੱਗੇ ਤੋਂ ਸਾਰੇ ਟੱਬਰ ਨੇ ਤੇ ਰਿਸ਼ਤੇਦਾਰਾਂ ਨੇ ਮੇਰੇ ਪਿਓ ਨੂੰ ਬਹੁਤ ਲਾਹਣਤਾਂ ਪਾਈਆਂ। ਨਾਲੇ ਹੁਣ ਇਹ ਮੇਰਾ ਆਬਦਾ ਘਰ ਐ, ਜੇ ਮੇਰਾ ਪਿਓ ਨਾ ਵੀ ਭੇਜੂ, ਮੈਂ ਆਪੇ ਆ ਜਾਊਂ।”
ਬਾਬਾ ਮੁਸਕਰਾਇਆ, “ਬੱਚਿਆ, ਉਹ ਤਿੰਨੇ ਆਏ ਤਾਂ ਮੈਂ ਸੱਤ ਗਊਆਂ ਦਾ ਗੋਹਾ ਸੱਤ-ਜਲੇ ਵਿਚ ਘੋਲਿਆ ਤੇ ਕੁਛ ਥਾਂ ਉਤੇ ਪੋਚਾ ਫੇਰਿਆ। ਬਾਕੀ ਨਾਲ ਸੱਤ ਡਾਹਣੀਆਂ ਡੋਬ ਡੋਬ ਸਾਰੇ ਘਰ ਵਿਚ ਛਿੱਟਾ ਦਿੱਤਾ। ਪੋਚੇ ਵਾਲੀ ਥਾਂ ਧੂਫ ਧੁਖਾ ਕੇ ਤੇ ਬਹੂ ਨੂੰ ਬਹਾ ਕੇ ਉਹਦੇ ਉਤੇ ਗਊ-ਗੋਬਰੀ ਦੇ ਛਿੱਟੇ ਮਾਰੇ। ਫੇਰ ਮੈਂ ਸੱਸ ਨੂੰ ਕਿਹਾ, ਕੁੜੀ ਨੌਂ ਦਿਨ ਕੰਨਿਆ ਬਣ ਕੇ ਰਹੇ। ਇਥੇ ਹਰ ਕੋਈ ਇਹਨੂੰ ਬਹੂ-ਬਹੂ ਕਹਿੰਦਾ ਰਹੂ, ਇਹਨੂੰ ਨੌਂ ਦਿਨ ਪੇਕੀਂ ਭੇਜ ਦਿਓ। ਸੱਸ ਨੇ ਸਿਰ ਮਾਰਿਆ, ਨਾ ਬਾਬਾ ਨਾ, ਹੋਰ ਜੋ ਮਰਜੀ ਕਰਵਾ ਲੈ, ਮੈਂ ਇਹਨੂੰ ਪੇਕੀਂ ਨਹੀਂ ਭੇਜਣਾ। ਇਹਦੇ ਪਿਓ ਨੇ ਵਿਆਹ ਤੋਂ ਪਹਿਲਾਂ ਪੈਸੇ ਗਿਣ ਕੇ ਧਰਾ ਲਏ ਸੀ, ਹੁਣ ਫੇਰ ਮੰਗਣੇ ਐ। ਮੈਂ ਕਿਹਾ, ਇਹ ਜ਼ਿੰਮੇਵਾਰੀ ਮੇਰੀ। ਇਹਦੇ ਪੇਕੇ ਪਿੰਡ ਦੀ ਪੰਚਾਇਤ ਮੇਰੀ ਬਹੁਤ ਮੰਨਦੀ ਐ। ਜੇ ਇਹਦਾ ਪਿਓ ਆਨਾ-ਕਾਨੀ ਕਰੂ, ਮੈਂ ਪੰਚਾਇਤ ਜੋੜ ਕੇ ਕੁੜੀ ਨੂੰ ਲਿਆ ਤੇਰੇ ਹਵਾਲੇ ਕਰੂੰ। ਲਓ ਜੀ, ਮੈਂ ਕਈ ਮਹੀਨਿਆਂ ਮਗਰੋਂ ਫੇਰ ਗਿਆ। ਪਤਾ ਲੱਗੇ ਤੋਂ ਸੱਸ ਆਈ। ਬਾਗੋਬਾਗ। ਕਹਿੰਦੀ, ਬਾਬਾ, ਤੇਰੀ ਕਿਰਪਾ ਨਾਲ ਅਸੀਂ ਵਸਦਿਆਂ ਵਿਚ ਹੋ ਗਏ। ਬਹੂ ਨੂੰ ਤੇਰੇ ਹਥੌਲੇ ਤੋਂ ਮਗਰੋਂ ਓਸੇ ਦਿਨ ਤੋਂ ਦੌਰਾ ਨਹੀਂ ਪਿਆ। ਨਾਲੇ ਇਹਦੇ ਪੇਕਿਆਂ ਨਾਲ ਸਾਡਾ ਆਉਣ-ਜਾਣ ਹੋ ਗਿਆ। ਸਾਰਾ ਟੱਬਰ ਚੰਗਾ ਐ, ਇਕ ਇਹਦਾ ਪਿਓ ਮਾੜਾ ਨਿਕਲਿਆ। ਉਹਦੀ ਹੁਣ ਘਰ ਵਿਚ ਸੁਣਦਾ ਕੋਈ ਨਹੀਂ। ਫੇਰ ਮੇਰੇ ਕੰਨ ਕੋਲ ਮੂੰਹ ਕਰ ਕੇ ਕਹਿੰਦੀ, ਬਾਬਾ, ਨਾਲੇ ਸੁੱਖ ਨਾਲ ਬਹੂ ਨੂੰ ਹੁਣ ਨਿੱਕਾ-ਨਿਆਣਾ ਹੋਣ ਵਾਲਾ ਐ!”
ਬਾਬੇ ਜਮਨੇ ਨੇ ਜਾਣ ਵਾਸਤੇ ਸੋਟੀ ਚੁੱਕੀ ਤੇ ਕਹਿੰਦਾ, “ਅਗਲੇ ਦਿਨ ਦੀ ਮੇਰੀ ਰੋਟੀ ਵਰਜ ਗਈ। ਘਰ ਗਏ ਨੂੰ ਸਾਰੇ ਟੱਬਰ ਨੇ ਮੁੜ ਮੁੜ ਮੇਰੇ ਪੈਰੀਂ ਹੱਥ ਲਾਏ ਤੇ ਖੀਰ-ਕੜਾਹ ਨਾਲ ਭੋਜਨ ਛਕਾਇਆ।” ਭਾਰੀ ਡੱਗੀ ਸੰਭਾਲ ਕੇ ਤੁਰਿਆ ਜਾਂਦਾ ਬਾਬਾ ਬੋਲਿਆ, “ਨਾਲੇ ਬੱਚਿਆ, ਪੰਜ-ਕਾਪੜੀ ਉਤੇ ਰੱਖ ਕੇ ਇਕੋਤਰ ਸੌ ਰੁਪਈਆ ਦਿੱਤਾ!”

Be the first to comment

Leave a Reply

Your email address will not be published.