ਸੁਖਵੀਰ ਸਿੰਘ ਚਾਹਲ
ਲਵਿੰਗਸਟਨ (ਕੈਲੀਫੋਰਨੀਆ)
ਫੋਨ: 209-596-6294
ਜਗਦੀਸ਼ ਕਾਲੀਰਮਨ ਮਸਾਂ 6 ਵਰ੍ਹਿਆਂ ਦਾ ਸੀ ਜਦੋਂ ਉਸ ਨੇ ਪਹਿਲਵਾਨੀ ਸ਼ੁਰੂ ਕੀਤੀ। ਉਸ ਦੇ ਪਿਤਾ ਪਦਮਸ੍ਰੀ ਮਾਸਟਰ ਚਾਂਦਗੀ ਰਾਮ ਜਿਹੜੇ ਖੁਦ ਤਕੜੇ ਪਹਿਲਵਾਨ ਸਨ, ਨੇ ਉਹਨੂੰ ਕੁਸ਼ਤੀ ਲਈ ਪ੍ਰੇਰਨਾ ਦਿੱਤੀ। ਜਗਦੀਸ਼ ਨੇ ਪਹਿਲਵਾਨੀ ਦੇ ਪੇਚ ਸਿੱਖਣ ਦੇ ਨਾਲ-ਨਾਲ ਪੜ੍ਹਾਈ ਵੀ ਕੀਤੀ ਅਤੇ ਬੀæਏæ ਦੀ ਡਿਗਰੀ ਆਪਣੇ ਲੰਗੋਟ ਨਾਲ ਟੁੰਗ ਲਈ। ਉਹਦਾ ਸੋਹਣਾ ਸੁਨੱਖਾ ਸਰੂ ਵਰਗਾ ਕੱਦ ਹੈ ਅਤੇ ਉਹਨੇ ਪਹਿਲਵਾਨੀ ਦੇ ਪਿੜ ਵਿਚ ਕੌਮੀ ਅਤੇ ਕੌਮਾਂਤਰੀ ਪੱਧਰ ‘ਤੇ ਆਪਣੀ ਵੱਖਰੀ ਪਛਾਣ ਬਣਾਈ ਹੈ। ਉਹਦਾ ਜਨਮ 9 ਨਵੰਬਰ 1975 ਨੂੰ ਹੋਇਆ ਸੀ ਅਤੇ ਅੱਜ ਕੱਲ੍ਹ ਉਹ ਚਾਂਦਗੀ ਰਾਮ ਵਿਆਮਸ਼ਾਲਾ ਸਮਿਤੀ ਸਿਵਲ ਲਾਈਨ-ਦਿੱਲੀ ਵਿਖੇ ਰਹਿੰਦਾ ਹੈ। ਉਹਦਾ ਵਿਆਹ ਪੂਨਮ ਕਾਲੀਰਮਨ ਨਾਲ 2004 ਵਿਚ ਹੋਇਆ। ਉਸ ਦੇ ਦੋ ਬੱਚੇ ਹਨ। ਬੇਟੇ ਦਾ ਨਾਂ ਅੰਸ਼ੂਮਨ ਕਾਲੀਰਮਨ ਅਤੇ ਬੇਟੀ ਦਾ ਚਿਰਾਕਸ਼ੀ ਕਾਲੀਰਮਨ ਹੈ। ਉਹਦੀ ਇੱਛਾ ਹੈ ਕਿ ਉਹਦੇ ਬੱਚੇ ਵੀ ਪਹਿਲਵਾਨ ਬਣਨ।
ਮਾਸਟਰ ਚਾਂਦਗੀ ਰਾਮ ਨੇ ਕੁਸ਼ਤੀ ਦਾ ਟ੍ਰੇਨਿੰਗ ਸੈਂਟਰ ‘ਚਾਂਦਗੀ ਰਾਮ ਵਿਆਮਸ਼ਾਲਾ’ 1975 ਵਿਚ ਖੋਲ੍ਹਿਆ ਸੀ। ਉਦੋਂ ਤੋਂ ਹੀ ਇਹ ਟ੍ਰੇਨਿੰਗ ਸੈਂਟਰ ਚੱਲ ਰਿਹਾ ਹੈ। ਪਹਿਲਾਂ ਚਾਂਦਗੀ ਰਾਮ ਇਹ ਟ੍ਰੇਨਿੰਗ ਸੈਂਟਰ ਚਲਾਉਂਦਾ ਸੀ ਅਤੇ ਉਨ੍ਹਾਂ ਦੇ 2010 ਵਿਚ ਹੋਏ ਅਕਾਲ ਚਲਾਣੇ ਤੋਂ ਬਾਅਦ ਜਗਦੀਸ਼ ਕਾਲੀਰਮਨ ਪਹਿਲਵਾਨਾਂ ਨੂੰ ਟ੍ਰੇਨਿੰਗ ਦੇ ਰਿਹਾ ਹੈ। ਮਾਸਟਰ ਚਾਂਦਗੀ ਰਾਮ ਨੇ 1970 ਵਿਚ ਬੈਂਕਾਕ ਵਿਚ ਹੋਈਆਂ ਏਸ਼ੀਅਨ ਖੇਡਾਂ ਵਿਚੋਂ ਗੋਲਡ ਮੈਡਲ ਜਿੱਤਿਆ ਸੀ। ਉਹ 2 ਵਾਰ ਰੁਸਤਮ-ਏ-ਹਿੰਦ ਅਤੇ 3 ਵਾਰ ਭਾਰਤ ਕੇਸਰੀ ਬਣੇ। ਉਨ੍ਹਾਂ ਨੂੰ ਅਰਜਨ ਅਤੇ ਪਦਮਸ੍ਰੀ ਐਵਾਰਡ ਮਿਲੇ। ਉਨ੍ਹਾਂ ਦੇ ਸਿਖਾਏ ਪਹਿਲਵਾਨਾਂ ਵਿਚ ਜਗਰੂਪ ਸਿੰਘ, ਸਤਿਆਵਾਨ, ਕਿਰਪਾ ਸ਼ੰਕਰ, ਸੰਜੇ ਕੁਮਾਰ ਅਤੇ ਸ਼ਿਕੰਦਰ ਤੋਮਰ ਸ਼ਾਮਲ ਹਨ। ਇਨ੍ਹਾਂ ਨੂੰ ਵੀ ਅਰਜਨ ਐਵਾਰਡ ਮਿਲੇ। ਵਿਆਮਸ਼ਾਲਾ ਨੂੰ ਇਸ ਗੱਲ ਦਾ ਵੀ ਮਾਣ ਹੈ ਕਿ ਉਥੋਂ ਬਹੁਤ ਸਾਰੇ ਪਹਿਲਵਾਨ ਭਾਰਤ ਕੇਸਰੀ ਬਣੇ; ਮਸਲਨ ਬੁੱਧ ਸਿੰਘ, ਸੁਰੇਸ਼ ਕੁਮਾਰ, ਸੰਜੇ ਕੁਮਾਰ, ਰਕੇਸ਼ ਪਟੇਲ, ਜਗਦੀਸ਼ ਕਾਲੀਰਮਨ ਅਤੇ ਸੋਨਿਕਾ ਕਾਲੀਰਮਨ।
ਜਗਦੀਸ਼ ਕਾਲੀਰਮਨ ਨੇ 1992 ਵਿਚ ਨੈਸ਼ਨਲ ਸਕੂਲ ਖੇਡਾਂ ਵਿਚ ਪਹਿਲਾ, ਕਾਂਸੀ ਦਾ ਤਮਗਾ ਲਿਆ। ਉਸ ਤੋਂ ਬਾਅਦ ਉਹ ਜੂਨੀਅਰ ਅਤੇ ਸੀਨੀਅਰ ਕੁਸ਼ਤੀ ਮੁਕਾਬਲਿਆਂ ਵਿਚੋਂ 2008 ਤੱਕ ਮੈਡਲ ਜਿੱਤਦਾ ਗਿਆ। ਉਹ 2 ਵਾਰ ਜੂਨੀਅਰ ਨੈਸ਼ਨਲ ਚੈਂਪੀਅਨ ਅਤੇ 3 ਵਾਰ ਸੀਨੀਅਰ ਨੈਸ਼ਨਲ ਚੈਂਪੀਅਨ ਬਣਿਆ। ਉਹਨੇ ਰਾਜੀਵ ਤੋਮਰ ਨੂੰ ਹਰਾਇਆ। ਲਗਾਤਾਰ 16 ਸਾਲ ਵਧੀਆ ਪ੍ਰਦਰਸ਼ਨ ਕੀਤਾ। ਉਹਨੇ ਕੌਮਾਂਤਰੀ ਕੁਸ਼ਤੀ ਮੁਕਾਬਲਿਆਂ ਵਿਚ ਭਾਰਤ ਦੀ ਨੈਸ਼ਨਲ ਟੀਮ ਦੀ 15 ਵਾਰ ਨੁਮਾਇੰਦਗੀ ਕੀਤੀ। ਉਸ ਦੀਆਂ ਹੋਰ ਪ੍ਰਾਪਤੀਆਂ ਦੀ ਸੂਚੀ ਬਹੁਤ ਲੰਮੀ ਹੈ:
ਜਗਦੀਸ਼ ਨੇ ਫੈਡਰੇਸ਼ਨ ਕੱਪ-2003 ਰੋਹਾ (ਮਹਾਰਾਸ਼ਟਰ) ਵਿਚੋਂ ਦੂਜਾ ਅਤੇ ਫੈਡਰੇਸ਼ਨ ਕੱਪ-2004 ਧੂਲੇ (ਮਹਾਰਾਸ਼ਟਰ) ਵਿਚੋਂ ਪਹਿਲਾਂ ਸਥਾਨ ਪ੍ਰਾਪਤ ਕੀਤਾ। ਉਸ ਨੇ 2001, 2003 ਅਤੇ 2004 ਵਿਚ ਹੋਈਆਂ ਆਲ ਇੰਡੀਆ ਪੁਲਿਸ ਗੇਮਜ਼ ਵਿਚੋਂ ਕ੍ਰਮਵਾਰ ਪਹਿਲਾ, ਦੂਜਾ ਅਤੇ ਦੂਜਾ ਸਥਾਨ ਪ੍ਰਾਪਤ ਕੀਤਾ। ਉਸ ਨੇ 2001 ਤੋਂ 2003 ਦੌਰਾਨ 5 ਵਾਰ ਭਾਰਤ ਕੇਸਰੀ ਦਾ ਖਿਤਾਬ ਜਿੱਤਿਆ। 2001 ਵਿਚ ਮੰਨਣਹਾਣਾ (ਪੰਜਾਬ) ਵਿਚ ਭਾਰਤ ਕੇਸਰੀ ਦਾ ਖਿਤਾਬ ਜਿੱਤਿਆ। ਉਥੇ ਉਹਨੇ ਪਰਮਿੰਦਰ ਡੂਮਛੇੜੀ ਨੂੰ ਅੰਕਾਂ ਦੇ ਆਧਾਰ ‘ਤੇ ਸੈਮੀਫਾਈਨਲ ਵਿਚ ਹਰਾਇਆ ਸੀ। ਇਸੇ ਸਾਲ ਇਸੇ ਟੂਰਨਾਮੈਂਟ ਵਿਚ ਉਸ ਦੀ ਭੈਣ ਸੋਨਿਕਾ ਕਾਲੀਰਮਨ ਨੇ ਵੀ ਭਾਰਤ ਕੇਸਰੀ ਦਾ ਖਿਤਾਬ ਜਿੱਤਿਆ। 2002 ਵਿਚ ਮੰਨਣਹਾਣਾ ਵਿਖੇ ਉਹ ਦੂਜੀ ਵਾਰ ਭਾਰਤ ਕੇਸਰੀ ਬਣਿਆ। ਫਾਈਨਲ ਵਿਚ ਉਸ ਦੀ ਕੁਸ਼ਤੀ ਕੈਨੇਡਾ ਦੇ ਬਲਜੀਤ ਸੈਨ ਨਾਲ ਸੀ। 2002 ਵਿਚ ਹੀ ਉਸ ਨੇ ਕੈਨੇਡਾ ਦੇ ਰਵੀ ਨੂੰ ਵੀ ਹਰਾਇਆ। 2001 ਵਿਚ ਸੁਰਿੰਦਰ ਨਾਡ ਨੂੰ ਹਰਾ ਕੇ ਹਿੰਦ ਕੇਸਰੀ (ਝੱਜਰ, ਹਰਿਆਣਾ) ਬਣਿਆ। 2002 ਵਿਚ ਗੁੜਗਾਓਂ (ਹਰਿਆਣਾ) ਵਿਚ ਭਾਰਤ ਕੇਸਰੀ ਦਾ ਕਿਤਾਬ ਜਿੱਤਿਆ। 2003 ਵਿਚ ਦਿੱਲੀ ਵਿਖੇ ਆਲ ਇੰਡੀਆ ਰਾਜੀਵ ਗਾਂਧੀ ਗੋਲਡ ਕੱਪ ਹਾਸਲ ਕੀਤਾ। 2002 ਵਿਚ ਹੀ ਭਾਰਤ ਭੀਮ ਟੂਰਨਾਮੈਂਟ (ਯੂæਪੀæ) ਵਿਚ ਪਹਿਲਾ ਸਥਾਨ ਮਿਲਿਆ। 2004 ਮਹਾਪੋਰ ਕੇਸਰੀ ਦਾ ਖਿਤਾਬ ਦੋ ਵਾਰ ਜਿੱØਤਿਆ। ਇਸ ਤੋਂ ਇਲਾਵਾ ਉਸ ਦੀਆਂ ਹੋਰ ਕੌਮੀ ਪੱਧਰ ਦੀਆਂ ਪ੍ਰਾਪਤੀਆਂ ਵੀ ਹਨ।
ਇਹੀ ਨਹੀਂ, ਜਗਦੀਸ਼ ਕਾਲੀਰਮਨ ਨੇ ਕੌਮਾਂਤਰੀ ਪੱਧਰ ‘ਤੇ 3 ਮੈਡਲ ਪ੍ਰਾਪਤ ਕੀਤੇ। 2001 ਵਿਚ ਉਜ਼ਬੇਕਿਸਤਾਨ ਦੇ ਇੰਡੀਪੈਂਡੈਂਸ ਕੱਪ ਵਿਚ ਚਾਂਦੀ ਦਾ ਤਮਗਾ ਜਿੱਤਿਆ। 2004 ਵਿਚ ਇਸਲਾਮਾਬਾਦ ਵਿਖੇ 9ਵੇਂ ਦੱਖਣੀ ਏਸ਼ੀਅਨ ਫੈਡਰੇਸ਼ਨ ਖੇਡਾਂ ਵਿਚ ਸੋਨੇ ਦਾ ਤਮਗਾ ਅਤੇ 2007 ਵਿਚ ਮਿਸਰ ਦੇ 7ਵੇਂ ਗਰਾਂ-ਪ੍ਰੀ ਇੰਟਰਨੈਸ਼ਨਲ ਟੂਰਨਾਮੈਂਟ ਵਿਚ ਕਾਂਸੀ ਦਾ ਤਮਗਾ ਜਿੱਤਿਆ। ਉਹਨੇ 5 ਵਾਰ ਗਰਾਂ-ਪ੍ਰੀ ਇੰਟਰਨੈਸ਼ਨਲ ਟੂਰਨਾਮੈਂਟ ਤੇ 2 ਵਾਰ ਸੀਨੀਅਰ ਏਸ਼ੀਅਨ ਚੈਂਪੀਅਨਸ਼ਿਪ ਵਿਚ ਹਿੱਸਾ ਲਿਆ, ਤੇ ਪੰਜਵਾਂ ਸਥਾਨ ਪ੍ਰਾਪਤ ਕੀਤਾ। ਉਹਨੇ 3 ਵਾਰ ਸੀਨੀਅਰ ਵਰਲਡ ਚੈਂਪੀਅਨਸ਼ਿਪ ਵਿਚ ਹਿੱਸਾ ਲਿਆ। 2003 ਵਿਚ ਚੌਧਰੀ ਦੇਵੀ ਲਾਲ ਗੋਲਡ ਕੱਪ ਵਰਲਡ ਕੁਸ਼ਤੀ ਟੂਰਨਾਮੈਂਟ ਵਿਚ ਹਿੱਸਾ ਲਿਆ।
ਯੂæਪੀæ ਸਰਕਾਰ ਵੱਲੋਂ 2006 ਵਿਚ ਜਗਦੀਸ਼ ਕਾਲੀਰਮਨ ਨੂੰ ਯਸ਼ ਭਾਰਤੀ ਦਾ ਐਵਾਰਡ ਦਿੱਤਾ ਗਿਆ। 2000 ਵਿਚ ਉਹ ਯੂæਪੀæ ਪੁਲਿਸ ਵਿਚ ਸਪੋਰਟਸ ਕੋਟੇ ਉਤੇ ਸਬ ਇੰਸਪੈਕਟਰ ਲੱਗਾ। 2005 ਵਿਚ ਸੀਨੀਆਰਟੀ ਤੋਂ ਬਿਨਾਂ ਹੀ ਬਿਹਤਰੀਨ ਖੇਡ ਪ੍ਰਾਪਤੀ ਕਰ ਕੇ ਉਸ ਨੂੰ ਇੰਸਪੈਕਟਰ ਦੀ ਤਰੱਕੀ ਦਿੱਤੀ ਗਈ। ਹੁਣ ਉਹ ਯੂæਪੀæ ਪੁਲਿਸ ਵਿਚ ਲੜਕੇ ਅਤੇ ਲੜਕੀਆਂ ਦਾ ਚੀਫ਼ ਕੋਚ ਹੈ।
ਜਗਦੀਸ਼ ਕਾਲੀਰਮਨ ਨੇ ਆਪਣੇ ਪਿਤਾ ਮਾਸਟਰ ਚਾਂਦਗੀ ਰਾਮ ਦੀ ਯਾਦ ਵਿਚ ਟੂਰਨਾਮੈਂਟ ਕਰਵਾਉਣਾ ਸ਼ੁਰੂ ਕੀਤਾ। ਆਲ ਇੰਡੀਆ ਚਾਂਦਗੀ ਰਾਮ ਗੋਲਡ ਕੱਪ ਕੁਸ਼ਤੀ ਟੂਰਨਾਮੈਂਟ 2010 ਤੋਂ ਭਾਰਤੀ ਕੁਸ਼ਤੀ ਸੰਘ ਦੀ ਅਗਵਾਈ ਥੱਲੇ ਕਰਵਾਇਆ ਜਾ ਰਿਹਾ ਹੈ। ਭਾਰਤੀ ਕੁਸ਼ਤੀ ਸੰਘ ਨੇ ਇਸ ਟੂਰਨਾਮੈਂਟ ਨੂੰ ਮਾਨਤਾ ਦਿੱਤੀ ਹੋਈ ਹੈ। ਇਸ ਟੂਰਨਾਮੈਂਟ ਦਾ ਸਮੁੱਚਾ ਪ੍ਰਬੰਧ ਚਾਂਦਗੀ ਰਾਮ ਸਪੋਰਟਸ ਵੈਲਫ਼ੇਅਰ ਚੈਰੀਟੇਬਲ ਟਰੱਸਟ ਕਰਦਾ ਹੈ। ਜਗਦੀਸ਼ ਕਾਲੀਰਮਨ ਨੈਸ਼ਨਲ ਚੈਨਲ ਦੂਰਦਸ਼ਰਨ (ਡੀæਡੀæ ਸਪੋਰਟਸ) ਵਿਚ ਕੁਮੈਂਟਰੀ ਵੀ ਕਰਦਾ ਹੈ। ਉਸ ਨੇ ਖ਼ਬਰਾਂ ਦੇ ਵੱਖਰੇ-ਵੱਖਰੇ ਚੈਨਲਾਂ ‘ਤੇ ਕੁਸ਼ਤੀ ਮਾਹਿਰ ਦੇ ਤੌਰ ‘ਤੇ ਵੀ ਕੰਮ ਕੀਤਾ ਹੈ।
ਜਗਦੀਸ਼ ਕਾਲੀਰਮਨ ਦਾ ਸੁਭਾਅ ਮਿਲਣਸਾਰ ਹੈ। ਉਹ ਅਕਸਰ ਅਮਰੀਕਾ ਗੇੜਾ ਮਾਰਦਾ ਹੈ। ਉਸ ਦਾ ਕਹਿਣਾ ਹੈ ਕਿ ਪੁਰਾਣੇ ਸਮਿਆਂ ਵਿਚ ਪਹਿਲਵਾਨ ਜ਼ਿਆਦਾਤਰ ਡੰਡ-ਬੈਠਕਾਂ ਕੱਢਿਆ ਕਰਦੇ ਸਨ, ਕੁਸ਼ਤੀਆਂ ਮਿੱਟੀ ‘ਤੇ ਹੁੰਦੀਆਂ ਸਨ, ਪਰ ਹੁਣ ਬਹੁਤੇ ਟੂਰਨਾਮੈਂਟ ਮੈਟ ਉਤੇ ਕਰਵਾਏ ਜਾਂਦੇ ਹਨ; ਭਾਵੇਂ ਪਿੰਡਾਂ ਦੀਆਂ ਕਾਫ਼ੀ ਛਿੰਜਾਂ ਅਜੇ ਵੀ ਮਿੱਟੀ ‘ਤੇ ਹੁੰਦੀਆਂ ਹਨ। ਅੱਜ ਕੱਲ੍ਹ ਡੰਡ-ਬੈਠਕਾਂ ਦੀ ਜਗ੍ਹਾ ਵੇਟ ਟ੍ਰੇਨਿੰਗ ਨੇ ਲੈ ਲਈ ਹੈ। ਅਜੋਕੇ ਸਮੇਂ ਵਿਚ ਮੁਕਾਬਲਤਨ ਜ਼ਿਆਦਾ ਸਹੂਲਤਾਂ ਹਨ।
ਜਗਦੀਸ਼ ਕਾਲੀਰਮਨ ਦੇ ਭਾਣਜੇ ਦੇਵਵ੍ਰਤ ਚੌਧਰੀ ਨੇ 26 ਅਤੇ 27 ਦਸੰਬਰ 2013 ਨੂੰ ਆਲ ਇੰਡੀਆ ਚਾਂਦਗੀ ਰਾਮ ਗੋਲਡ ਕੱਪ ਟੂਰਨਾਮੈਂਟ ਵਿਚੋਂ ਭਾਰਤ ਕੇਸਰੀ ਦਾ ਖਿਤਾਬ ਜਿੱਤਿਆ। ਇਸ ਪਰਿਵਾਰ ਦੀ ਪਹਿਲਵਾਨੀ ਵਿਚ ਇਹ ਤੀਜੀ ਪੀੜ੍ਹੀ ਹੈ। ਪਹਿਲਾਂ ਮਾਸਟਰ ਚਾਂਦਗੀ ਰਾਮ, ਫਿਰ ਜਗਦੀਸ਼ ਕਾਲੀਰਮਨ ਤੇ ਸੋਨਿਕਾ ਕਾਲੀਰਮਨ ਅਤੇ ਹੁਣ ਦੇਵਵ੍ਰਤ ਚੌਧਰੀ। ਜਗਦੀਸ਼ ਕਾਲੀਰਮਨ ਦਾ ਕਹਿਣਾ ਹੈ ਕਿ ਭਾਰਤ ਸਰਕਾਰ ਨੂੰ ਵੱਧ ਤੋਂ ਵੱਧ ਕੁਸ਼ਤੀ ਟ੍ਰੇਨਿੰਗ ਸੈਂਟਰ ਖੋਲ੍ਹਣੇ ਚਾਹੀਦੇ ਹਨ ਜਿਥੋਂ ਭਾਰਤ ਦੇ ਪਹਿਲਵਾਨ ਵਧੀਆ ਟ੍ਰੇਨਿੰਗ ਲੈ ਕੇ ਏਸ਼ੀਆ, ਕਾਮਨਵੈਲਥ ਅਤੇ ਉਲੰਪਿਕ ਵਿਚ ਵੱਧ ਤੋਂ ਵੱਧ ਮੈਡਲ ਜਿੱਤ ਸਕਣ।
Leave a Reply