ਪੰਜਾਬ ਦੀ ਬਿਜਲੀ ਸਪਲਾਈ ਦਾ ‘ਮੇਨ ਸਵਿੱਚ’ ਝਾਰਖੰਡ ਕੋਲ

ਚੰਡੀਗੜ੍ਹ: ਪੰਜਾਬ ਦੀ ਬਿਜਲੀ ਸਪਲਾਈ ਦਾ ‘ਮੇਨ ਸਵਿੱਚ’ ਝਾਰਖੰਡ ਕੋਲ ਹੈ ਕਿਉਂਕਿ ਸੂਬੇ ਵਿਚ ਕਿਸੇ ਵੀ ਕਾਰਨ ਜੇਕਰ ਕੋਲੇ ਦੀ ਸਪਲਾਈ ਪ੍ਰਭਾਵਿਤ ਹੁੰਦੀ ਹੈ ਤਾਂ ਪੰਜਾਬ ਹਨ੍ਹੇਰੇ ਵਿਚ ਡੁੱਬ ਸਕਦਾ ਹੈ। ਬਿਜਲੀ ਲਈ ਪੰਜਾਬ ਦੀ ਜ਼ਿਆਦਾਤਰ ਕੋਲੇ ‘ਤੇ ਟੇਕ ਹੈ ਜਦੋਂਕਿ ਸੂਬੇ ਕੋਲ ਕੁਦਰਤੀ ਸਾਧਨ ਵਜੋਂ ਪਾਣੀਆਂ ਦਾ ਖਜ਼ਾਨਾ ਹੈ ਜਿਸ ਤੋਂ ਸਸਤੀ ਬਿਜਲੀ ਤਿਆਰ ਕੀਤੀ ਜਾ ਸਕਦੀ ਹੈ ਪਰ ਇਸ ਵੱਲ ਕਿਸੇ ਵੀ ਸਰਕਾਰ ਨੇ ਬਾਹਲਾ ਧਿਆਨ ਨਹੀਂ ਦਿੱਤਾ। ਦੂਜੇ ਪਾਸੇ ਪੰਜਾਬ ਨੂੰ ਸਾਰਾ ਕੋਲਾ ਬਾਹਰੋਂ ਮੰਗਵਾਉਣਾ ਪੈਂਦਾ ਹੈ ਪਰ ਫਿਰ ਵੀ ਅਕਾਲੀ-ਭਾਜਪਾ ਸਰਕਾਰ ਥਰਮਲ ਪਲਾਂਟ ਲਾ ਕੇ ਹੀ ਬਿਜਲੀ ਦੀ ਘਾਟ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜੋ ਭਵਿੱਖ ਵਿਚ ਪੰਜਾਬੀਆਂ ਲਈ ਮੁਸੀਬਤ ਬਣ ਸਕਦੀ ਹੈ।
ਅੱਜ ਤੋਂ ਤਕਰੀਬਨ ਛੇ ਸਾਲ ਪਹਿਲਾਂ ਅਕਾਲੀਆਂ ਨੇ ਪੰਜਾਬੀਆਂ ਨਾਲ ਵਾਅਦਾ ਕੀਤਾ ਸੀ ਕਿ ਅਗਲੇ ਪੰਜ ਸਾਲਾਂ ਵਿਚ ਪੰਜਾਬ ਵਾਧੂ ਬਿਜਲੀ ਵਾਲਾ ਸੂਬਾ ਹੋਵੇਗਾ ਪਰ ਦੂਜੀ ਵਾਰ ਸੱਤਾ ਸੰਭਾਲਣ ਤੋਂ ਬਾਅਦ ਵੀ ਗਰਮੀਆਂ ਨੂੰ ਤਾਂ ਛੱਡੋ ਸਿਆਲ ਵਿਚ ਵੀ ਬਿਜਲੀ ਨਸੀਬ ਨਹੀਂ ਹੋ ਰਹੀ। ਪਿਛਲੇ ਸਮੇਂ ਵਿਚ ਝਾਰਖੰਡ ਤੋਂ ਕੋਲੇ ਦੀ ਸਪਲਾਈ ਘਟਣ ਕਰਕੇ ਬਿਜਲੀ ਦੇ ਬਲਬ ਝਮੱਕੇ ਮਾਰਨ ਲੱਗ ਪਏ ਜਿਸ ਨੂੰ ਗੰਭੀਰਤਾ ਨਾਲ ਲੈਂਦਿਆਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਝਾਰਖੰਡ ਤੋਂ ਕੋਲੇ ਦੀ ਸਪਲਾਈ ਰੁਕਣ ਨਾਲ ਗੰਭੀਰ ਬਿਜਲੀ ਸੰਕਟ ਪੈਦਾ ਹੋਣ ਦਾ ਖਦਸ਼ਾ ਜ਼ਾਹਰ ਕਰਦਿਆਂ ਝਾਰਖੰਡ ਦੇ ਮੁੱਖ ਮੰਤਰੀ ਅਰਜੁਨ ਮੁੰਡਾ ਦੇ ਨਿੱਜੀ ਦਖ਼ਲ ਦੀ ਮੰਗ ਕਰਦਿਆਂ ਆਖਿਆ ਕਿ ਉਨ੍ਹਾਂ ਦੇ ਸੂਬੇ ਵਿਚ ਚੱਲ ਰਹੇ ਸਿਆਸੀ ਸੰਘਰਸ਼ ਕਾਰਨ ਬਣੀ ਰੁਕਾਵਟ ਨੂੰ ਛੇਤੀ ਤੋਂ ਛੇਤੀ ਹੱਲ ਕਰਵਾ ਕੇ ਕੋਲੇ ਦੀ ਸਪਲਾਈ ਫੌਰੀ ਬਹਾਲ ਕੀਤੀ ਜਾਵੇ ਤਾਂ ਕਿ ਸੂਬੇ ਦੇ ਥਰਮਲ ਪਲਾਂਟਾਂ ਦੇ ਬੰਦ ਹੋਣ ਨੂੰ ਟਾਲਿਆ ਜਾ ਸਕੇ।
ਝਾਰਖੰਡ ਦੇ ਮੁੱਖ ਮੰਤਰੀ ਨੂੰ ਲਿਖੇ ਪੱਤਰ ਵਿਚ ਸ਼ ਬਾਦਲ ਨੇ ਆਖਿਆ ਕਿ ਉਹ ਆਪਣੇ ਪ੍ਰਭਾਵ ਰਾਹੀਂ ਇਸ ਮਸਲੇ ਨੂੰ ਜਲਦੀ ਸੁਲਝਾਉਣ ਤਾਂ ਕਿ ਪੰਜਾਬ ਨੂੰ ਕੋਲੇ ਦੀ ਨਿਰਵਿਘਨ ਸਪਲਾਈ ਬਣੀ ਰਹੇ ਜੋ ਇਸ ਵੇਲੇ ਚੱਲ ਰਹੇ ਸਿਆਸੀ ਸੰਘਰਸ਼ ਕਾਰਨ ਪ੍ਰਭਾਵਿਤ ਹੋਈ ਹੈ। ਉਨ੍ਹਾਂ ਕਿਹਾ ਕਿ ਝਾਰਖੰਡ ਦੇ ਕੋਲ ਬਲਾਕ ਨਾਲ ਪੰਜਾਬ ਦੇ ਥਰਮਲ ਪਲਾਂਟਾਂ ਲਈ ਕੋਲੇ ਦੀ ਵੱਡੀ ਲੋੜ ਪੂਰੀ ਹੁੰਦੀ ਹੈ। ਪੰਜਾਬ ਰਾਜ ਬਿਜਲੀ ਨਿਗਮ ਦੇ ਥਰਮਲ ਪਲਾਂਟ ਰੋਜ਼ਾਨਾ ਪੰਜ ਤੋਂ ਛੇ ਰੈਕ ਹਾਸਲ ਕਰਦੇ ਹਨ ਪਰ ਹਾਲ ਹੀ ਵਿਚ ਸਥਾਨਕ ਪੱਧਰ ‘ਤੇ ਸੰਘਰਸ਼ ਚੱਲਣ ਕਾਰਨ ਸਪਲਾਈ ਵਿਚ ਵਿਘਨ ਪਿਆ ਹੈ।
ਉਨ੍ਹਾਂ ਕਿਹਾ ਕਿ ਪੇਨਮ ਕੋਲ ਮਾਈਨਜ਼ ਲਿਮਟਿਡ ਨੇ 16 ਨਵੰਬਰ ਨੂੰ ਜਾਣਕਾਰੀ ਦਿੱਤੀ ਹੈ ਕਿ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਬਾਬੂ ਲਾਲ ਮਰਾਂਡੀ ਵੱਲੋਂ ਸਾਬਕਾ ਉਪ ਮੁੱਖ ਮੰਤਰੀ ਸਟੀਫਨ ਮਰਾਂਡੀ ਤੇ ਆਪਣੇ ਸਮਰਥਕਾਂ ਨਾਲ ਕੋਲ ਖਾਣ ਬਲਾਕ ਨੂੰ ਜਾਂਦੇ ਰਸਤੇ ‘ਤੇ ਧਰਨਾ ਸ਼ੁਰੂ ਕੀਤਾ ਗਿਆ ਹੈ ਜਿਸ ਨਾਲ ਖਾਣ ਵਾਲੇ ਸਥਾਨ ਤੋਂ ਪਾਕੁਰ ਦੇ ਰੇਲਵੇ ਸਟੇਸ਼ਨ ਨੂੰ ਕੋਲੇ ਲਿਜਾਣ ਵਿਚ ਰੁਕਵਾਟ ਬਣੀ ਹੋਈ ਹੈ। ਸੰਘਰਸ਼ਕਾਰੀਆਂ ਨੇ 20 ਨਵੰਬਰ ਦੀ ਰਾਤ ਤੋਂ ਪਾਕੁਰ ਰੇਲਵੇ ਸਟੇਸ਼ਨ ਵਾਲੇ ਪਾਸੇ ਵੀ ਧਰਨਾ ਲਾ ਦਿੱਤਾ ਜਿਸ ਨਾਲ ਰੇਲਵੇ ਰਾਹੀਂ ਕੋਲੇ ਦੀ ਸਪਲਾਈ ਵੀ ਰੁਕ ਗਈ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਕੋਲੇ ਦੀ ਖਾਣ ਵਾਲੇ ਜਾਂਦੇ ਰਾਹ ਰੁਕ ਜਾਣ ਕਾਰਨ ਖਣਨ ਲਈ ਆਵਾਜਾਈ ਵਾਸਤੇ ਡੀਜ਼ਲ ਨਹੀਂ ਮਿਲ ਸਕਿਆ ਜਿਸ ਕਾਰਨ ਕੰਮ ਵਿਚ ਰੁਕਾਵਟ ਆ ਗਈ ਹੈ। ਪੇਨਮ ਕੰਪਨੀ ਮੁਤਾਬਕ ਕੰਪਨੀ ਵੱਲੋਂ ਮੁੜ ਵਸੇਬਾ ਪੈਕੇਜ ਦੇਣ ਨਾਲ ਪ੍ਰਾਜੈਕਟ ਤੋਂ ਪ੍ਰਭਾਵਿਤ ਲੋਕ ਤੇ ਸਥਾਨਕ ਵਾਸੀ ਬੇਹੱਦ ਖੁਸ਼ ਤੇ ਸੰਤੁਸ਼ਟ ਹਨ।
ਸ਼ ਬਾਦਲ ਨੇ ਕਿਹਾ ਕਿ ਇੰਜ ਜਾਪਦਾ ਹੈ ਕਿ ਸ੍ਰੀ ਮਰਾਂਡੀ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ਕਿਉਂਕਿ ਕੰਪਨੀ ਨੇ ਭਾਰਤ ਸਰਕਾਰ ਦੀ ਖਣਨਾਂ ਦੇ ਕੰਮਕਾਜ ਦਾ ਨਿਰੀਖਣ ਕਰਨ ਵਾਲੀ ਕਮੇਟੀ ਵੱਲੋਂ ਨਿਰੀਖਣ ਤੋਂ ਬਾਅਦ ਹੀ ਸੂਬਾ ਤੇ ਕੇਂਦਰ ਸਰਕਾਰਾਂ ਵੱਲੋਂ ਪ੍ਰਵਾਨਗੀ ਦੇਣ ‘ਤੇ ਪੁਨਰਵਾਸ ਪੈਕੇਜ ਦਿੱਤਾ ਸੀ। ਮੁੱਖ ਮੰਤਰੀ ਨੇ ਕਿਹਾ ਕਿ ਪੇਨਮ ਕੰਪਨੀ ਤੇ ਸਥਾਨਕ ਪ੍ਰਸ਼ਾਸਨ ਵੱਲੋਂ ਬਾਬੂ ਲਾਲ ਮਰਾਂਡੀ ਦੇ ਸਾਰੇ ਭਰਮ-ਭੁਲੇਖੇ ਦੂਰ ਕਰਨ ਦੇ ਯਤਨ ਕੀਤੇ ਗਏ ਜਿਸ ਵਿਚ ਅਜੇ ਤੱਕ ਸਫਲਤਾ ਨਹੀਂ ਮਿਲੀ।

Be the first to comment

Leave a Reply

Your email address will not be published.