ਗੁਲਜ਼ਾਰ ਸਿੰਘ ਸੰਧੂ
ਚੰਡੀਗੜ੍ਹ- ਹਰਿਆਣਾ ਤੇ ਪੰਜਾਬ ਦੀ ਰਾਜਧਾਨੀ ਹੀ ਨਹੀਂ ਦੋਹਾਂ ਰਾਜਾਂ ਦਾ ਸਭਿਆਚਾਰਕ ਕੇਂਦਰ ਵੀ ਹੈ। ਇਸ ਨੂੰ ਸਾਹਬ ਸਿੰਘ ਦਾ ਅਦਾਕਾਰ ਰੰਗ-ਮੰਚ, ਅਨੀਤਾ ਸ਼ਬਦੀਸ਼ ਦਾ ਸੁਚੇਤਕ ਮੰਚ, ਸੰਗੀਤਾ ਗੁਪਤਾ ਦਾ ਰੂਪਕ ਕਲਾ ਮੰਚ, ਅਰੀਤ ਕੌਰ ਤੇ ਇਕੱਤਰ ਸਿੰਘ ਦਾ ਚੰਡੀਗੜ੍ਹ ਸਕੂਲ ਆਫ ਡਰਾਮਾ ਸਭਿਆਚਾਰਕ ਸਿਖਰਾਂ ਵਲ ਲਿਜਾ ਰਿਹਾ ਹੈ। ਜਦੋਂ ਇਹ ਟੋਲੀਆਂ ਪੰਜਾਬੀ ਨਾਟਕ ਪੇਸ਼ ਕਰਦੀਆਂ ਹਨ ਤਾਂ ਹਰਿਆਣਾ ਰਾਜ ਦਾ ਸਭਿਆਚਾਰਕ ਵਿਭਾਗ ਅਤੇ ਦੁਰਗਾ ਦਾਸ ਫਾਊਂਡੇਸ਼ਨ ਮੁੰਬਈ ਕਲਕੱਤਾ ਅਤੇ ਕਾਨਪੁਰ ਤੋਂ ਵਧੀਆ ਹਿੰਦੀ ਨਾਟਕ ਲਿਆ ਕੇ ਚੰਡੀਗੜ੍ਹ ਨੂੰ ਹਿੰਦੀ ਭਾਸ਼ਾ ਰੰਗ ਦੇਣ ‘ਚ ਕੋਈ ਕਸਰ ਨਹੀਂ ਛਡਦਾ। ਉਨ੍ਹਾਂ ਨੂੰ ਉਘੇ ਰੰਗ ਕਰਮੀ ਸੁਦੇਸ਼ ਸ਼ਰਮਾ ਦਾ ਭਰਵਾਂ ਸਹਿਯੋਗ ਮਿਲਦਾ ਹੈ।
ਜਿੱਥੇ ਇੱਕ ਪਾਸੇ ਦੁਰਗਾ ਦਾਸ ਫਾਊਂਡੇਸ਼ਨ ਵਰਗੀ ਅਮੀਰ ਸੰਸਥਾ ਅਤੇ ਹਰਿਆਣਾ ਰਾਜ ਦਾ ਪੂਰਾ ਸਭਿਆਚਾਰ ਵਿਭਾਗ ਚੰਡੀਗੜ੍ਹ ਪ੍ਰਸ਼ਾਸਨ ਨੂੰ ਹਿੰਦੀ ਭਾਸ਼ੀ ਰੰਗ ਦੇਣ ਵਿੱਚ ਪੱਬਾਂ ਭਾਰ ਹੈ, ਉਥੇ ਗੁਰਸ਼ਰਨ ਸਿੰਘ ਦੇ ਅਕਾਲ ਚਲਾਣੇ ਤੋਂ ਪਿਛੋਂ ਉਸ ਦੇ ਸ਼ਾਗਿਰਦਾਂ ਦੀਆਂ ਇੱਕੜ-ਦੁੱਕੜ ਨਾਟਕ ਟੋਲੀਆਂ ਇਥੇ ਪੰਜਾਬੀ ਦਾ ਝੰਡਾ ਲਹਿਰਾਂ ਰਹੀਆਂ ਹਨ। ਜੇ ਚੰਡੀਗੜ੍ਹ ਦਾ ਸਿੱਧੂ ਦਮਦਮੀ ਫਰੀਦਕੋਟ ਵਿਖੇ ਪੰਜ ਰੋਜ਼ਾ ਬਾਬਾ ਫਰੀਦ ਮੇਲੇ ਵਿਚ ਨਵਾਂ ਰੰਗ ਭਰਨ ਲਈ ਉਥੇ ਪਹੁੰਚਿਆ ਹੋਇਆ ਸੀ ਤਾਂ ਉਨ੍ਹਾਂ ਹੀ ਦਿਨਾਂ ਵਿਚ ਡਾæ ਸਾਹਬ ਸਿੰਘ ਆਪਣਾ ਨਾਟਕ Ḕਜ਼ਖਮੀ ਖੰਭਾਂ ਦੀ ਪਰਵਾਜ਼’ ਲੈ ਕੇ ਨਕੋਦਰ ਪਹੁੰਚਿਆ ਹੋਇਆ ਸੀ। ਚੰਡੀਗੜ੍ਹ ਦੀਆਂ ਨਾਟਕੀ ਅਦਾਕਾਰੀਆਂ ਵਿਚ Ḕਦਿੱਤ ਸਿੰਘ ਮਜ੍ਹਬੀ ਦੀ ਦਾਸਤਾਨ ਵਿਚ ਦਿੱਤ ਸਿੰਘ ਦਾ ਰੋਲ ਅਦਾ ਕਰ ਰਿਹਾ ਇਕੱਤਰ ਸਿੰਘ ਆਪਣੇ ਪਿੰਡ ਦੇ ਸਰਪੰਚ ਤੇ ਉਸ ਦੇ ਸਾਥੀਆਂ ਦੇ ਇਸ ਤਰ੍ਹਾਂ ਗੋਡੇ ਲਵਾਉਂਦਾ ਹੈ ਕਿ ਭਾਈ ਮੰਨਾ ਸਿੰਘ ਵਜੋਂ ਜਾਣਿਆ ਜਾਂਦਾ ਗੁਰਸ਼ਰਨ ਸਿੰਘ ਇਨ੍ਹ-ਬਿਨ੍ਹ ਅੱਖਾਂ ਦੇ ਸਾਹਮਣੇ ਆ ਜਾਂਦਾ ਹੈ। ਇਸ ਵਰ੍ਹੇ ਦੀਆਂ ਗਰਮ ਰੁੱਤ ਦੀਆਂ ਅਦਾਕਾਰੀਆਂ ਵਿਚ ਦਾਣਾ ਮੰਡੀ ਬਰਨਾਲਾ ਵਿਚ ਅਮੋਲਕ ਸਿੰਘ ਵਲੋਂ ਮਨਾਈ ਗਈ ਗੁਰਸ਼ਰਨ ਸਿੰਘ ਦੇ ਅਕਾਲ ਚਲਾਣੇ ਵਾਲੀ ਰਾਤ ਦਾ ਜਸ਼ਨ ਉਸ ਦੀ ਆਤਮਾ ਨੂੰ ਭਰਪੂਰ ਸ਼ਰਧਾਂਜਲੀ ਹੋ ਨਿਬੜਿਆ।
ਪਿਛਲੇ ਸਾਲਾਂ ਵਿਚ ਗੁਰਸ਼ਰਨ ਸਿੰਘ ਦੇ ਸ਼ਾਗਿਰਦਾਂ ਦੀਆਂ ਪੇਸ਼ਕਾਰੀਆਂ ਨੇ ਸਿੱਧ ਕਰ ਦਿੱਤਾ ਹੈ ਕਿ ਉਸ ਦੀ ਆਤਮਾ ਉਸ ਦੇ ਅਕਾਲ ਚਲਾਣੇ ਤੋਂ ਪਿੱਛੋਂ ਵੀ ਪਿੰਡਾਂ ਵਿਚ ਘੁੰਮ ਰਹੀ ਹੈ। ਭਾਵੇਂ ਦਾਣਾ ਮੰਡੀ ਬਰਨਾਲਾ ਵਾਲੇ ਜਸ਼ਨ ਵਿਚ ਅਮੋਲਕ ਸਿੰਘ ਦਾ ਇਲਾਕੇ ਦੇ ਪਿੰਡਾਂ ਤੇ ਘਰਾਂ ਵਿਚ ਜਾ ਕੇ ਹੋਣ ਵਾਲੇ ਜਸ਼ਨਾਂ ਦਾ ਸੰਦੇਸ਼ ਦੇਣਾ ਅੱਖੋਂ ਉਹਲੇ ਨਹੀਂ ਕੀਤਾ ਜਾ ਸਕਦਾ ਪਰ ਜਿਸ ਗਿਣਤੀ ਵਿਚ ਦਰਸ਼ਕ ਤੇ ਸਰੋਤੇ ਖਰਾਬ ਮੌਸਮ ਦੇ ਬਾਵਜੂਦ ਦਾਣਾ ਮੰਡੀ ਵਿਚ ਰਾਤ ਭਰ ਬੈਠੇ ਰਹੇ Ḕਭਾਈ ਮੰਨਾ ਸਿੰਘḔ ਪ੍ਰਤੀ ਸ਼ਰਧਾ ਤੋਂ ਬਿਨਾ ਸੰਭਵ ਨਹੀਂ ਸੀ। ਮੰਡੀ ਵਾਲੇ ਸਮਾਗਮ ਵਿਚ ਸੁਚੇਤਕ ਮੰਚ ਦੀ ਪੇਸ਼ਕਾਰੀ Ḕਇੱਕੋ ਮਿੱਟੀ ਦੇ ਬੁੱਤḔ ਦਾ ਪ੍ਰਭਾਵ ਵੀ ਚੰਡੀਗੜ੍ਹ ਪੇਸ਼ ਹੋਈ Ḕਦਿੱਤੂ ਮਜ੍ਹਬੀ ਦੀ ਦਾਸਤਾਨḔ ਵਰਗਾ ਹੀ ਸੀ।
ਜੇ ਇਨ੍ਹਾਂ ਅਦਾਕਾਰੀਆਂ ਵਿਚ ਗੁਰਸ਼ਰਨ ਸਿੰਘ ਦੇ ਅੰਮ੍ਰਿਤਸਰ ਵਾਲੇ ਸ਼ਾਗਿਰਦ ਕੇਵਲ ਧਾਲੀਵਾਲ ਤੇ ਉਸ ਦੀ ਸਮੁੱਚੀ ਟੀਮ ਦਾ ਯੋਗਦਾਨ ਵਿਚ ਵੀ ਗਿਣ ਲਈਏ ਤਾਂ ਹਰਿਆਣਾ ਰਾਜ ਦੇ ਸਭਿਆਚਾਰਕ ਵਿਭਾਗ ਤੇ ਦੁਰਗਾ ਦਾਸ ਫਾਊਂਡੇਸ਼ਨ ਦੇ ਸਾਂਝੇ ਯਤਨ ਵੀ ਮਾਤ ਪੈ ਜਾਂਦੇ ਹਨ।
ਗੁਰਸ਼ਰਨ ਸਿੰਘ ਦੇ ਯਤਨਾਂ ਨੇ ਪੰਜਾਬ ਦੇ ਪਿੰਡਾਂ ਵਿਚ ਮਾਂਦੀ ਪੈ ਰਹੀ ਕਵੀਸ਼ਰੀ, ਰਾਮ ਲੀਲ੍ਹਾ ਤੇ ਕ੍ਰਿਸ਼ਨ ਲੀਲ੍ਹਾ ਨੂੰ ਨਵੀਂ ਰੂਹ ਪ੍ਰਦਾਨ ਕੀਤੀ ਹੈ।
ਦੌਲਤ, ਸ਼ੁਹਰਤ ਤੇ ਮਲਾਲਾ ਯੂਸਫਜ਼ਾਈ: ਐਡਵਰਡ ਸਨੋਡਨ, ਪੋਪ ਤੇ ਪੂਤਨ ਦੇ ਉਪਰੋਂ ਦੀ ਛਾਲ ਮਾਰ ਕੇ ਮਲਾਲਾ ਯੂਸਫਜ਼ਾਈ ਦਾ ਛੋਟੀ ਉਮਰੇ ਨੋਬਲ ਸ਼ਾਂਤੀ ਪੁਰਸਕਾਰ ਪ੍ਰਾਪਤ ਕਰਨਾ ਬਹੁਤ ਵੱਡੀ ਖਬਰ ਹੈ ਪਰ ਇਸ ਨੇ ਮੈਨੂੰ ਥੋੜ੍ਹਾ ਉਦਾਸ ਵੀ ਕੀਤਾ ਹੈ। ਮੈਂ ਦੋ ਸਾਲ ਤੋਂ ਉਸ ਦਾ ਚਿਹਰਾ ਮੀਡੀਆ ਰਾਹੀਂ ਦੇਖਦਾ ਆ ਰਿਹਾ ਹਾਂ। ਇਨ੍ਹਾਂ ਦੋ ਸਾਲਾਂ ਦੇ ਘਟਨਾਕ੍ਰਮ ਨੇ ਉਸ ਨੂੰ ਆਪਣੀ ਉਮਰ ਨਾਲੋਂ ਦਸ ਪੰਦਰਾਂ ਵਰ੍ਹੇ ਵੱਡੀ ਕਰ ਦਿੱਤਾ ਹੈ। ਏਨੀ ਵੱਡੀ ਕਿ ਦੋ ਵਰ੍ਹੇ ਪਹਿਲਾਂ ਉਸ ਨੂੰ ਆਪਣੀ ਗੋਲੀ ਦਾ ਸ਼ਿਕਾਰ ਬਣਾਉਣ ਵਾਲੇ ਤਾਲਿਬਾਨ ਨੂੰ ਵੀ, ਜੇ ਉਨ੍ਹਾਂ ਦੇ ਦਿਲ ਵਿਚ ਭੋਰਾ ਭਰ ਵੀ ਆਤਮਾ ਹੈ, ਸ਼ਰਮ ਆ ਰਹੀ ਹੋਵੇਗੀ। ਉਸ ਦੇ ਅਜੋਕੇ ਚਿਹਰੇ ਨੇ ਮੈਨੂੰ ਸੁਦਰਸ਼ਨ ਫਾਕਿਰ ਦੀਆਂ ਹੇਠ ਲਿਖੀਆਂ ਤੁਕਾਂ ਯਾਦ ਕਰਵਾ ਦਿੱਤੀਆਂ ਹਨ,
ਯੇਹ ਦੌਲਤ ਭੀ ਲੇ ਲੋ
ਯੇਹ ਸ਼ੁਹਰਤ ਭੀ ਲੇ ਲੋ,
ਭਲੇ ਛੀਨ ਲੋ ਮੁਝ ਸੇ
ਮੇਰੀ ਜਵਾਨੀ।
ਮਗਰ ਮੁਝ ਕੋ ਲੌਟਾ ਦੋ
ਬਚਪਨ ਕਾ ਸਾਵਨ,
ਵੁਹ ਕਾਗਜ਼ ਕੀ ਕਿਸ਼ਤੀ
ਵੁਹ ਬਾਰਸ਼ ਕਾ ਪਾਨੀ।
ਮਾੜੀ ਗੱਲ ਇਹ ਕਿ ਬਚਪਨ ਨੂੰ ਹੂੰਝਾ ਫੇਰਨ ਵਾਲੀ ਇਹ ਸ਼ੁਹਰਤ ਸਾਹ ਲੈਂਦੀ ਵਿਖਾਈ ਨਹੀਂ ਦਿੰਦੀ। ਨੋਬਲ ਸਨਮਾਨ ਤੋਂ ਪਿੱਛੋਂ ਕੈਨੇਡਾ ਦੀ ਆਨਰੇਰੀ ਨਾਗਰਿਕਤਾ ਵੀ ਮਿਲ ਗਈ ਹੈ ਤੇ ਉਸ ਦਾ ਨਾਂ ਲੰਡਨ ਦੇ ਅਤਿਅੰਤ ਪ੍ਰਭਾਵਸ਼ਾਲੀ ਲੋਕਾਂ ਵਿਚ ਬਰਤਾਨੀਆ ਦੇ ਚਾਂਸਲਰ ਜਾਰਜ ਓਸਬਰਨ ਤੇ ਪ੍ਰਧਾਨ ਮੰਤਰੀ ਡੇਵਿਡ ਕੈਮਰਿਨ ਦੇ ਬਰਾਬਰ ਬੋਲਣ ਲੱਗ ਪਿਆ ਹੈ। ਮੈਂ ਆਪਣੇ ਦਿਲ ਨੂੰ ਤਸੱਲੀ ਦੇਣ ਲਈ ਇਸ ਖ਼ਬਰ ਦੇ ਭਾਰਤ-ਪਾਕਿ ਪੱਖ ਨੂੰ ਚੇਤੇ ਕਰਕੇ ਖੁਸ਼ ਹੋ ਲੈਂਦਾ ਹਾਂ। ਭਾਵੇਂ ਨੋਬਲ ਸਨਮਾਨ ਵਿਚ ਉਸ ਦਾ ਗੁਣਾ 60 ਸਾਲਾ ਕੈਲਾਸ਼ ਸਤਿਆਰਥੀ ਨਾਲ ਪਿਆ ਹੈ ਇਸ ਵਿਚੋਂ ਆ ਰਹੀ ਭਾਰਤ-ਪਾਕਿਸਤਾਨ ਸਾਂਝ ਦੀ ਸੁਗੰਧੀ ਮਾਨਣ ਵਾਲੀ ਹੈ। ਮਲਾਲਾ ਯੂਸਫਜ਼ਾਈ ਨੂੰ ਸੁਦਰਸ਼ਨ ਫਾਕਿਰ ਦੀਆਂ ਉਪਰੋਕਤ ਤੁਕਾਂ ਤੋਂ ਹੀ ਢਾਰਸ ਮਿਲ ਸਕਦੀ ਹੈ।
ਅੰਤਿਕਾ: (ਮਨਜਿੰਦਰ ਧਨੋਆ)
ਪੱਥਰ ਦੇ ਭਗਵਾਨ ਤਾਂ ਕੁਝ ਵੀ ਕਹਿੰਦੇ ਨਾ,
ਉਨ੍ਹਾਂ ਨੂੰ ਪੂਜਣ ਵਾਲੇ ਤੋਂ ਡਰ ਲਗਦਾ ਹੈ।
ਕੌਣ ਕਿਸੇ ਦੀ ਤੱਤੀ ਸੁਣ ਕੇ ਬਹਿੰਦਾ ਏ,
ਸਭ ਨੂੰ ਆਪਣੇ ਪਾਲੇ ਤੋਂ ਡਰ ਲਗਦਾ ਏ।
Leave a Reply